ਬਲਜੀਤ ਬਾਸੀ
ਪਿੰਡ ਦੇ ਖਾਲਸਾ ਹਾਈ ਸਕੂਲ ਦੀ ਪੰਜਵੀਂ ਜਮਾਤ ਵਿਚ ਦਾਖਿਲ ਹੋਇਆਂ ਅਜੇ ਕੁਝ ਦਿਨ ਹੀ ਹੋਏ ਸਨ ਕਿ ਸਾਰੀ ਛੁੱਟੀ ਵੇਲੇ ਸਕੂਲ ਦੇ ਗੇਟ ਤੋਂ ਬਾਹਰ ਆਉਂਦਿਆਂ ਇਕ ਵੱਡੀ ਜਮਾਤ ਦੇ ਮੇਰੀ ਹੀ ਗਲੀ ਦੇ ਮੁੰਡੇ ਫੀਰੀ ਚਾਊਂ ਨੇ ਮੈਨੂੰ ਸਰਸਰੀ ਜਿਹਾ ਕਿਹਾ, “ਕਹਿ ਟੋਪੀ।” ਵੱਡਿਆਂ ਦਾ ਕਿਹਾ ਤਾਂ ਮੰਨਣਾ ਹੀ ਸੀ। ਸੋ, ਆਪਾਂ ਭੋਲੇਭਾਅ ḔਟੋਪੀḔ ਆਖ ਦਿੱਤਾ। ਉਸ ਨੇ ਸਿਰ ਫੇਰਿਆ, “ਇਸ ਤਰ੍ਹਾਂ ਨਹੀਂ, ਜ਼ਰਾ ਉਚੀ ਆਵਾਜ਼ ਵਿਚ।”
ਮੈਂ ਸੋਚਿਆ, ਹਾਸਾ ਮਜ਼ਾਕ ਕਰ ਰਿਹਾ ਹੈ, ਕੋਈ ਬਾਅਦ ਵਿਚ ਚੁਟਕਲਾ ਸੁਣਾਏਗਾ। ਮੈਂ ਉਚੀ ਦੇਣੀ ḔਟੋਪੀḔ ਸ਼ਬਦ ਪੁਕਾਰ ਦਿੱਤਾ। ਕੀ ਦੇਖਦਾ ਹਾਂ ਕਿ ਸਾਡੇ ਤੋਂ ਅੱਗੇ ਥੋੜ੍ਹੀ ਵਿਥ ‘ਤੇ ਤੁਰੇ ਜਾਂਦੇ ਇਕ ਸਫਾ ਚੱਟ ਹਿੰਦੂ ਅਧਿਆਪਕ, ਜਿਸ ਨੇ ਚਿੱਟੀ ਪਗੜੀ ਬੰਨ੍ਹੀ ਹੋਈ ਸੀ ਤੇ ਜਿਸ ਦਾ ਲੜ ਬਹੁਤ ਹੀ ਲਮਕਵਾਂ ਛੱਡਿਆ ਹੋਇਆ ਸੀ, ਪਿਛੇ ਮੁੜ ਕੇ ਸਾਡੇ ਵੱਲ ਨੀਝ ਨਾਲ ਦੇਖਣ ਲੱਗ ਪਿਆ। ਫਿਰ ਉਹ ਕਾਹਲੀ ਕਾਹਲੀ ਤੁਰਨ ਲੱਗ ਪਿਆ। ਉਸ ਨੇ ਦੁਪਹਿਰ ਦੀ ਗਰਮੀ ਵਿਚ ਦੋ ਤਿੰਨ ਕੋਹ ਦੂਰ ਹੋਰ ਪਿੰਡ ਤੁਰ ਕੇ ਜਾਣਾ ਸੀ।
ਅਗਲਾ ਦਿਨ, ਪੰਜਾਬੀ ਦਾ ਖੁਸ਼ਮਾਹੌਲ ਪੀਰੀਅਡ। ਪੰਜਾਬੀ ਪੜ੍ਹਨਾ ਤਾਂ ਆਪਾਂ ਨੂੰ ਬਚਪਨ ਤੋਂ ਹੀ ਚੰਗਾ ਲਗਦਾ ਸੀ। ਫਿਰ ਗਿਆਨੀ ਤਾਂ ਬਹੁਤ ਗਾਲੜੀ ਤੇ ਖੁਸ਼ਤਬੀਅਤ ਵਾਲੇ ਅਧਿਆਪਕ ਹੁੰਦੇ ਹਨ। ਇਕ ਹੋਰ ਵੱਡੀ ਕਲਾਸ ਦਾ ਮੁੰਡਾ, Ḕਮੇ ਆਈ ਕਮ ਇਨ ਸਰḔ ਬੋਲ ਕੇ ਸਾਡੀ ਕਲਾਸ ਵਿਚ ਆਇਆ। ਉਸ ਨੇ ਗਿਆਨੀ ਜੀ ਨੂੰ ਕਿਹਾ ਕਿ ਨੌਵੀਂ ਜਮਾਤ ਵਿਚ ਪੜ੍ਹਾ ਰਹੇ ਲਾਲ ਚੰਦ ਜੀ ਨੇ ਬਲਜੀਤ ਸਿੰਘ ਨੂੰ ਬੁਲਾਇਆ ਹੈ। “ਕੌਣ ਹੈ ਬਈ ਬਲਜੀਤ ਸਿੰਘ, ਖੜਾ ਹੋਵੇ।” ਆਪਾਂ ਹੀ ਹੋਣਾ ਸੀ। ਗਿਆਨੀ ਜੀ ਨੇ ਮੈਨੂੰ ਉਸ ਮੁੰਡੇ ਨਾਲ ਤੁਰ ਜਾਣ ਦਾ ਇਸ਼ਾਰਾ ਕੀਤਾ। ਕੀ ਗੱਲ ਹੋ ਸਕਦੀ ਹੈ? ਪੰਜਵੀਂ ਜਮਾਤ ਦੇ ਮੁੰਡੇ ਲਈ ਨੌਵੀਂ ਜਮਾਤ ਦੇ ਕਮਰੇ ਵਿਚ ਵੜਨ ਦਾ ਹੌਸਲਾ ਕਰਨਾ ਵੀ ਭਵਸਾਗਰ ਤਰਨ ਦੇ ਬਰਾਬਰ ਹੁੰਦਾ ਹੈ। ਮੇਰੀ ਦੇਹੀ ਵਿਚ ਕੰਬਣਵਾਈ ਛਿੜ ਪਈ। ਪਰ ਹੋਣੀ ਤਾਂ ਹੋਣੀ ਸੀ ਤੇ ਮੈਂ ਹੋਣੀ ਦੇ ਦਰਪੇਸ਼ ਸਾਂ। ਪਤਾ ਨਹੀਂ ਮੈਂ ਕਿਵੇਂ ਪੈਰ ਘਸੀਟਦਾ ਅੰਦਰ ਪੁੱਜਿਆ ਹੋਵਾਂਗਾ, ਨਾਲ ਲਿਜਾ ਰਿਹਾ ਮੁੰਡਾ ਤਾਂ ਕੋਈ ਗੀਤ ਹੀ ਗਾਈ ਜਾਵੇ। ਨੌਵੀਂ ਕਲਾਸ ਦੇ ਕਮਰੇ ਵਿਚ ਦਾਖਿਲ ਹੋਇਆ ਤਾਂ ਕੀ ਦੇਖਦਾ ਹਾਂ ਸਾਹਮਣੇ ਪੱਗ ਦਾ ਲੰਬਾ ਲੜ ਛੱਡਣ ਵਾਲਾ ਕੱਲ੍ਹ ਵਾਲਾ ਅਧਿਆਪਕ ਭਰਿਆ ਪੀਤਾ ਕਦੇ ਕਮਰੇ ਦੇ ਇਕ ਪਾਸੇ ਤੇ ਕਦੇ ਦੂਜੇ ਪਾਸੇ ਘੁੰਮ ਰਿਹਾ ਸੀ। ਜਿਵੇਂ ਫਿਲਮਾਂ ਵਿਚ ਬਾਪ ਕਮਰੇ ਦੀਆਂ ਘੁੰਮਣਘੇਰੀਆਂ ਕੱਢਦਾ ਹੈ ਜਦ ਉਸ ਨੂੰ ਪਤਾ ਲਗਦਾ ਹੈ ਕਿ ਉਸ ਦੀ ਲਾਡਲੀ ਕਿਸੇ ਮੁੰਡੇ ਦੇ ਇਸ਼ਕ ਵਿਚ ਮਸਤ ਹੈ। ਮੇਰੇ ਜਾਂਦੇ ਸਾਰ ਹੀ ਮਾਸਟਰ ਜੀ ਠਠੰਬਰ ਗਏ ਤੇ ਆਅ ਦੇਖਿਆ ਨਾ ਤਾਅ, ਮੈਨੂੰ ਘਸੀਟ ਕੇ ਪੁਛਣ ਲੱਗੇ, “ਕਲ੍ਹ ਛੁੱਟੀ ਵੇਲੇ ਟੋਪੀ ਤੂੰ ਹੀ ਕਿਹਾ ਸੀ?” ਮੇਰੇ ਕੋਲ ਸਵੀਕਾਰ ਕਰਨ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਸੀ। ਮੇਰੇ ਵਲੋਂ Ḕਹਾਂ ਜੀḔ ਕਹਿਣ ਦੀ ਦੇਰ ਸੀ ਕਿ ਉਸ ਨੇ ਵੱਟ ਕੇ ਥੱਪੜ ਮਾਰਿਆ। ਪਜਾਮੇ ਵਿਚ ਪਿਸ਼ਾਬ ਦੀ ਧਾਰ ਤਾਂ ਉਦੋਂ ਹੀ ਨਿਕਲ ਗਈ ਪਰ ਉਸ ਨੇ ਪੂਰਾ ਮਸਾਨਾ ਖਾਲੀ ਕਰਨ ਲਈ ਦੋ ਤਿੰਨ ਹੂਰੇ ਵੀ ਜੜ੍ਹ ਦਿੱਤੇ। ਛੇਤੀ ਹੀ ਉਸ ਨੇ ਮੇਰਾ ਗਿੱਲਾ ਹੋਇਆ ਪਜਾਮਾ ਦੇਖਿਆ ਤਾਂ Ḕਦਫਾ ਹੋḔ ਕਹਿੰਦਿਆਂ ਮੈਨੂੰ ਦਰਵਾਜ਼ੇ ਦਾ ਰਾਹ ਦਿਖਾਇਆ। ਮੈਂ ਪਿਸ਼ਾਬ ਨਿਕਲਣ ਵਾਲੀ ਥਾਂ ਤੋਂ ਪਜਾਮੇ ਨੂੰ ਘੁੱਟ ਕੇ ਫੜਿਆ ਹੋਇਆ ਸੀ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੇਰੇ ਟੋਪੀ ਕਹਿਣ ਦਾ ਇਸ ਕੁੱਟਮਈ ਸਲੂਕ ਨਾਲ ਕੀ ਤਾਅਲੁਕ ਸੀ। ਇਸ ਹਾਲਤ ਵਿਚ ਮੈਂ ਆਪਣੀ ਕਲਾਸ ਵਿਚ ਵੀ ਨਹੀਂ ਸੀ ਜਾ ਸਕਦਾ। ਅਜੇ ਇਸ ਸੋਚ ਵਿਚ ਹੀ ਪਿਆ ਸਾਂ ਕਿ ਮੈਨੂੰ ਸਾਹਮਣੇ ਸਕੂਲ ਦੇ ਪੀਟੀ ਸਾਹਿਬ ਦਿਖਾਈ ਦਿੱਤੇ ਜੋ ਮੇਰੇ ਇਕ ਤਰ੍ਹਾਂ ਚਾਚਾ ਜੀ ਹੀ ਲਗਦੇ ਸਨ। ਸਾਡੇ ਘਰ ਦਾ ਵਿਹੜਾ ਸਾਂਝਾ ਹੈ। ਉਨ੍ਹਾਂ ਨੇ ਮੇਰੀ ਹੌਲਨਾਕ ਹਾਲਤ ਦਾ ਕਾਰਨ ਪੁਛਿਆ ਤੇ ਮੈਂ ਜ਼ਾਰ ਜ਼ਾਰ ਰੋਂਦਿਆਂ ਸਾਰੀ ਆਪਬੀਤੀ ਸੁਣਾ ਦਿੱਤੀ। ਉਨ੍ਹਾਂ ਦੀ ਖਰਬੁਜ਼ੇ ਵਰਗੀ ਦਾਅੜੀ ਗੁੱਸੇ ਅਤੇ ਹਾਸੇ ਦੇ ਰਲਵੇਂ ਮਿਲਵੇਂ ਭਾਵਾਂ ਨਾਲ ਓਤ-ਪੋਤ ਹੋਈ ਕੰਬਣ ਲੱਗੀ। ਫਿਰ ਉਨ੍ਹਾਂ ਹਦਾਇਤ ਕੀਤੀ ਕਿ ਜਾਹ ਹੌਲੀ ਹੌਲੀ ਘਰ ਨੂੰ ਚਲਾ ਜਾਹ ਮੈਂ ਆਪੇ ਤੇਰੇ ਕਲਾਸ ਟੀਚਰ ਅਤੇ ਕੁੱਟਣ ਵਾਲੇ ਟੀਚਰ ਨਾਲ ਗੱਲ ਕਰਾਂਗਾ। ਮੈਂ ਫਸਲੋ ਫਸਲੀ ਘਰ ਵੱਲ ਨੂੰ ਤੁਰ ਪਿਆ, ਪਾਜਾਮਾ ਰਾਹ ਵਿਚ ਸੁੱਕ ਗਿਆ ਸੀ।
ਗੱਲ ਦੀ ਤਹਿ ਵਿਚ ਜਾਈਏ। ਸਾਡੇ ਪਿੰਡ ਦਾ ਖਾਲਸਾ ਹਾਈ ਸਕੂਲ ਜਲੰਧਰ ਜ਼ਿਲ੍ਹੇ ਵਿਚ ਸ਼ਾਇਦ ਸਭ ਤੋਂ ਪੁਰਾਣਾ ਹੈ। ਸਕੂਲ ਵਿਚ ਲੱਗਣ ਵਾਲੇ ਅਧਿਆਪਕ ਤੋਂ ਪ੍ਰਬੰਧਕੀ ਕਮੇਟੀ ਦੀ ਮੰਗ ਹੁੰਦੀ ਸੀ ਕਿ ਉਹ ਭਾਵੇਂ ਮੋਨਾ ਹਿੰਦੂ ਹੀ ਹੋਵੇ, ਪਰ ਸਿਰ ‘ਤੇ ਪੱਗ ਜ਼ਰੂਰ ਬੰਨ੍ਹੇ। ਲਾਲਾ ਸੰਤ ਰਾਮ ਇਸ ਸਕੂਲ ਦਾ ਇਕ ਮੁਖ ਅਧਿਆਪਕ ਰਿਹਾ ਹੈ ਜੋ ਹਿੰਦੂ ਸੀ ਤੇ ਬਹੁਤ ਲੰਮਾ ਚਿਰ ਸਕੂਲ ਦੀ ਸੇਵਾ ਕਰਦਾ ਰਿਹਾ ਰਿਹਾ। ਉਸ ਨੇ ਪੂਰੇ ਸੇਵਾ ਕਾਲ ਦੌਰਾਨ ਸਿਰ ‘ਤੇ ਚਿੱਟੇ ਰੰਗ ਦੀ ਪਗੜੀ ਬੰਨ੍ਹੀ ਰੱਖੀ। ਇਹ ਅਧਿਆਪਕ ਬਹੁਤ ਹੀ ਮਿਹਨਤੀ ਅਤੇ ਹਰਮਨਪਿਆਰਾ ਸੀ। ਟੋਪੀ ਸ਼ਬਦ ਤੋਂ ਖਿਝਣ ਵਾਲਾ ਅਧਿਆਪਕ ਵੀ ਹਿੰਦੂ ਸੀ ਜੋ ਨਿਯੁਕਤੀ ਤੋਂ ਕੁਝ ਸਮੇਂ ਬਾਅਦ ਤੱਕ ਟੋਪੀ ਪਹਿਨਦਾ ਰਿਹਾ। ਪੱਗਾਂ ਵਾਲੇ ਅਧਿਆਪਕਾਂ ਦਰਮਿਆਨ ਵਿਦਿਆਰਥੀਆਂ ਨੂੰ ਉਸ ਦੀ ਟੋਪੀ ਵਚਿਤਰ ਜਿਹੀ ਲਗਦੀ ਸੀ। ਇਸ ਲਈ ਇਸ ਦਾ ਨਾਂ ਪੈ ਗਿਆ-ਲਾਲ ਚੰਦ ਟੋਪੀ ਜਾਂ ਸਿਰਫ ਟੋਪੀ। ਬਾਅਦ ਵਿਚ ਭਾਵੇਂ ਉਸ ਨੇ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਪਰ ਵਿਦਿਆਰਥੀਆਂ ਵਿਚ ਉਸ ਦਾ ਕੁ-ਨਾਂ ਟੋਪੀ ਹੀ ਚਲਦਾ ਰਿਹਾ। ਹੁਣ ਤੁਹਾਨੂੰ ਮੇਰੇ ਦੁਖਾਂਤ ਦੀ ਸਮਝ ਆ ਗਈ ਹੋਵੇਗੀ। ਮੇਰੇ ਤੋਂ ਸੀਨੀਅਰ ਫੀਰੀ ਚਾਊਂ ਨੇ ਮੈਨੂੰ ਫਸਾਉਣ ਲਈ ਮੈਥੋਂ ਟੋਪੀ ਕਹਾਇਆ ਜਿਸ ਸ਼ਬਦ ਤੇ ਲਾਲ ਚੰਦ ਬਹੁਤ ਤਮਕਿਆ। ਇਕ ਵਿਦਿਆਰਥੀ ਦੀ ਕੀ ਮਜਾਲ ਕਿ ਉਹ ਅਧਿਆਪਕ ਦਾ ਇਸ ਤਰ੍ਹਾਂ ਨਿਰਾਦਰ ਕਰੇ। ਲਾਲ ਚੰਦ ਹਿਸਾਬ ਦਾ ਮਾਸਟਰ ਸੀ। ਇਸ ਦੀ ਇਕ ਵਿਸ਼ੇਸ਼ਤਾ ਇਹ ਸੀ ਕਿ ਇਹ ਹਰ ਰੋਜ਼ ਕਲਾਸ ਵਿਚ ਦਾਤਣਾਂ, ਪੈਨਸਿਲਾਂ, ਰਬੜਾਂ, ਪ੍ਰਕਾਰਾਂ ਆਦਿ ਲੈ ਆਉਂਦਾ ਤੇ ਵਿਦਿਆਰਥੀਆਂ ਨੂੰ ਦੁਕਾਨ ਤੋਂ ਸਸਤੇ ਭਾਅ ‘ਤੇ ਖਰੀਦਣ ਲਈ ਪ੍ਰੇਰਦਾ। ਵਿਦਿਆਰਥੀ ਵਿਚਾਰੇ ਕੁੱਟ ਤੋਂ ਡਰਦੇ ਖਰੀਦਦੇ ਰਹਿੰਦੇ।
ਹਰ ਸਕੂਲ ਵਿਚ ਵਿਦਿਆਰਥੀਆਂ ਨੇ ਲਗਭਗ ਸਾਰੇ ਅਧਿਆਪਕਾਂ ਦੇ ਨਾਂ ਰੱਖੇ ਹੁੰਦੇ ਹਨ। ਕੋਈ ਵਿਦਿਆਰਥੀ ਅਧਿਆਪਕਾਂ ਨੂੰ ਦਿਲੋਂ ਸਤਿਕਾਰ ਨਹੀਂ ਕਰਦਾ। ਬਹੁਤ ਕੁਟਣ ਵਾਲੇ ਅਧਿਆਪਕਾਂ ਦੇ ਤਾਂ ਕਈ ਵਾਰੀ ਚਲ ਵਸਣ ਦੀ ਵੀ ਸੋਚੀ ਜਾਂਦੀ ਹੈ। ਮੇਰੇ ਸਕੂਲ ‘ਚ ਪੜ੍ਹਦੇ ਵਕਤ ਇਕ ਨਵਾਂ ਅਧਿਆਪਕ ਆਇਆ। ਪਤਾ ਨਹੀਂ ਕੀ ਗੱਲ ਹੋ ਗਈ ਕਿ ਇਸ ਦਾ ਨਾਂ ਹੀ ਨਵਾਂ ਮਾਸਟਰ ਚੱਲ ਪਿਆ। ਉਹ ਵਿਚਾਰਾ ਵੀਹ ਸਾਲ ਪੜ੍ਹਾਅ ਕੇ ਬੁਢਾ ਹੋ ਕੇ ਰਿਟਾਇਰ ਹੋ ਗਿਆ ਪਰ ਉਸ ਦਾ ਨਾਂ ਨਵਾਂ ਮਾਸਟਰ ਹੀ ਚਲਦਾ ਰਿਹਾ। ਡਰਾਇੰਗ ਮਾਸਟਰ ਦਾ ਨਾਂ ਡਰੈਂਗਾ ਚਲਦਾ ਸੀ ਜਿਸ ਨੇ ਪੰਜਵੀਂ ਜਮਾਤ ਦੇ ਪੂਰੇ ਸਾਲ ਦੌਰਾਨ ਸਾਨੂੰ ਤਿਰੰਗਾ ਝੰਡਾ, ਕੱਚ ਦਾ ਗਲਾਸ ਅਤੇ ਬੈਂਗਣ ਦੇ ਚਿੱਤਰ ਬਣਾਉਣੇ ਹੀ ਸਿਖਾਏ। ਹਿੰਦੀ ਵਾਲਾ ਕਮਜ਼ੋਰ ਤੇ ਬੁਢਾ ਜਿਹਾ Ḕਹੜਾਮੀ ਸੜਾਮੀḔ ਹਮੇਸ਼ਾ ਝੋਲੇ ਵਿਚ ਇਕ ਅਰਲੀ ਰਖਦਾ ਤੇ ਜੇ ਕਿਸੇ ਤੋਂ ਹਿੰਦੀ ਦਾ ਸ਼ਬਦ ਨਾ ਬੋਲਿਆ ਜਾਂਦਾ ਤਾਂ ਅਰਲੀ ਦੀ ਮਾਰ ਪੈਂਦੀ। ਕਈ ਤਕੜੇ ਮੁੰਡੇ ਤਾਂ ਹੱਥ ‘ਤੇ ਅਰਲੀ ਦੀ ਮਾਰ ਪੈਂਦੇ ਹੀ ਉਸ ਨੂੰ ਘੁਟ ਕੇ ਫੜ ਲੈਂਦੇ। ਕਈ ਹੱਥ ਇਕ ਦਮ ਪਰੇ ਕਰ ਲੈਂਦੇ ਤਾਂ ਅਰਲੀ ਉਲਟਾ ਟੀਚਰ ਦੇ ਪੱਟਾਂ ‘ਤੇ ਹੀ ਜਾ ਲਗਦੀ। ਵਿਚਾਰੇ ਕੋਲ ਇਹ ਕਹਿਣ ਤੋਂ ਬਿਨਾਂ ਕੋਈ ਚਾਰਾ ਨਾ ਹੁੰਦਾ, “ਹੜਾਮੀਆਂ ਸੜਾਮੀਆਂ ਤੇਰੇ ਸਿਰ ਵਿਚ ਜੂਆਂ ਪੈਣ।”
Leave a Reply