ਬੁੱਢਾ ਜੋਹੜ ਵਿਦਿਅਕ ਟਰੱਸਟ ਦਾ ਆਗੂ ਪੰਥ ਵਿਚੋਂ ਛੇਕਿਆ

ਅੰਮ੍ਰਿਤਸਰ: ਰਾਜਸਥਾਨ ਦੇ ਬੁੱਢਾ ਜੋਹੜ ਵਿਦਿਅਕ ਟਰੱਸਟ ਦੇ ਆਗੂ ਬਲਦੇਵ ਸਿੰਘ ਨੂੰ ਅਕਾਲ ਤਖ਼ਤ ਤੋਂ ਜਾਰੀ ਹੁਕਮਾਂ ਨੂੰ ਅਣਡਿੱਠਾ ਕਰਨ ਦੇ ਦੋਸ਼ ਹੇਠ ਸਿੱਖ ਪੰਥ ਵਿਚੋਂ ਖਾਰਜ ਕਰ ਦਿੱਤਾ ਗਿਆ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਲਏ ਗਏ ਫ਼ੈਸਲੇ ਤਹਿਤ ਤਨਖ਼ਾਹੀਆ ਕਰਾਰ ਦਿੱਤੇ ਗਏ ਦੋ ਹੋਰ ਮੈਂਬਰਾਂ ਨੂੰ ਅਗਲੀ ਇਕੱਤਰਤਾ ਸਮੇਂ ਅਕਾਲ ਤਖ਼ਤ ‘ਤੇ ਹਾਜ਼ਰ ਹੋ ਕੇ ਭੁੱਲ ਬਖਸ਼ਾਉਣ ਦਾ ਇਕ ਹੋਰ ਮੌਕਾ ਦਿੱਤਾ ਗਿਆ ਹੈ।
ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਹੋਈ ਇਕੱਤਰਤਾ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ ਸ਼ਾਮਲ ਹੋਏ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਕਾਲ ਤਖ਼ਤ ਦੀ ਫ਼ਸੀਲ ਤੋਂ ਬਲਦੇਵ ਸਿੰਘ ਨੂੰ ਪੰਥ ਵਿਚੋਂ ਛੇਕਣ ਬਾਰੇ ਹੁਕਮਨਾਮਾ ਸੁਣਾਇਆ। ਉਨ੍ਹਾਂ ਸਿੱਖ ਸੰਗਤ ਨੂੰ ਆਦੇਸ਼ ਦਿੱਤਾ ਕਿ ਜਦੋਂ ਤੱਕ ਬਲਦੇਵ ਸਿੰਘ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਆਪਣੀ ਭੁੱਲ ਨਹੀਂ ਬਖਸ਼ਾਉਂਦਾ, ਉਸ ਨਾਲ ਰੋਟੀ-ਬੇਟੀ ਦੀ ਸਾਂਝ ਤੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਮੇਲ-ਮਿਲਾਪ ਨਾ ਕੀਤਾ ਜਾਵੇ। ਉਨ੍ਹਾਂ ਟਰੱਸਟ ਦੇ ਦੋ ਮੈਂਬਰਾਂ ਨਿਰੰਜਨ ਸਿੰਘ ਤੇ ਪਰਮਜੀਤ ਸਿੰਘ ਨੂੰ ਇਕ ਹੋਰ ਮੌਕਾ ਦਿੰਦਿਆਂ ਕਿਹਾ ਹੈ ਕਿ ਉਹ ਅਗਲੀ ਇਕੱਤਰਤਾ ਵਿਚ ਆਪਣੀ ਭੁੱਲ ਬਖਸ਼ਾਉਣ ਲਈ ਪੇਸ਼ ਹੋਣ। ਇਨ੍ਹਾਂ ਵਿਚੋਂ ਨਿਰੰਜਨ ਸਿੰਘ ਵਧੇਰੇ ਬਿਮਾਰ ਹੈ ਜਦੋਂਕਿ ਪਰਮਜੀਤ ਸਿੰਘ ਵਿਦੇਸ਼ ਗਿਆ ਹੋਇਆ ਹੈ।
ਬੁੱਢਾ ਜੋਹੜ ਟਰੱਸਟ ਦੇ ਝਗੜੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਟਰੱਸਟ ਦੀਆਂ ਦੋਹਾਂ ਧਿਰਾਂ ਨੂੰ ਅਕਾਲ ਤਖ਼ਤ ਨੂੰ ਸਮਰਪਤ ਹੁੰਦਿਆਂ ਆਪੋ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਲਈ ਆਦੇਸ਼ ਕੀਤਾ ਸੀ। ਇਕ ਧਿਰ ਦੇ ਮੈਂਬਰਾਂ ਨੇ ਆਪਣੇ ਅਸਤੀਫ਼ੇ ਦੇ ਦਿੱਤੇ ਹਨ ਜਦੋਂਕਿ ਦੂਜੀ ਧਿਰ ਦੇ ਮੈਂਬਰਾਂ ਨੇ ਅਸਤੀਫ਼ੇ ਨਹੀਂ ਦਿੱਤੇ ਸਨ ਤੇ ਅੜੀ ‘ਤੇ ਕਾਇਮ ਸਨ। ਸਿੱਟੇ ਵਜੋਂ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਉਹ ਤਨਖਾਹ ਲਵਾਉਣ ਲਈ ਪੇਸ਼ ਨਹੀਂ ਹੋਏ। ਇਸੇ ਲਈ ਉਨ੍ਹਾਂ ਵਿਚੋਂ ਇਕ ਨੂੰ ਪੰਥ ਵਿਚੋਂ ਛੇਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰਸਟ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਮਰਪਤ ਕਮੇਟੀ ਨੂੰ ਕੰਮ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਜਥੇਦਾਰ ਨੇ ਕਿਹਾ ਅਕਾਲ ਤਖ਼ਤ ਤੋਂ ਵੀ ਸਮੇਂ-ਸਮੇਂ ‘ਤੇ ਨੁਮਾਇੰਦੇ ਭੇਜੇ ਜਾਣਗੇ, ਜੋ ਟਰਸਟ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕਰਦੇ ਰਹਿਣਗੇ। ਟਰਸਟ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਟਰਸਟ ਦੇ ਹਿਸਾਬ-ਕਿਤਾਬ ਨੂੰ ਨੋਟਿਸ ਬੋਰਡ ‘ਤੇ ਦਰਸਾਉਣ ਤਾਂ ਜੋ ਕਾਰਜ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਇਆ ਜਾ ਸਕੇ।
_______________________________________________
ਪਟਨਾ ਸਾਹਿਬ ਵਿਵਾਦ ਲਈ ਦੋਵੇਂ ਧਿਰਾਂ ਜ਼ਿੰਮੇਵਾਰ
ਤਖ਼ਤ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਚੱਲ ਰਹੇ ਵਿਵਾਦ ਬਾਰੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਪ੍ਰਬੰਧਕੀ ਕਮੇਟੀ ਤੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ।
ਉਨ੍ਹਾਂ ਦੱਸਿਆ ਕਿ ਗਿਆਨੀ ਇਕਬਾਲ ਸਿੰਘ ਕਹਿਣ ਦੇ ਬਾਵਜੂਦ ਇਸ ਮਾਮਲੇ ਨੂੰ ਪੁਲਿਸ ਤੇ ਅਦਾਲਤ ਵਿਚ ਲੈ ਕੇ ਗਏ ਹਨ, ਜੋ ਉਚਿਤ ਨਹੀਂ ਹੈ। ਇਸੇ ਤਰ੍ਹਾਂ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਨਾ ਕਰਨ ਤੇ ਕਿਸੇ ਨੂੰ ਅਹੁਦੇ ਤੋਂ ਹਟਾਉਣ ਜਾਂ ਰੱਖਣ ਦੇ ਆਦੇਸ਼ ਦਿਤੇ ਗਏ ਪਰ ਪ੍ਰਬੰਧਕੀ ਕਮੇਟੀ ਵੱਲੋਂ ਆਦੇਸ਼ਾਂ ਨੂੰ ਅਣਦੇਖਿਆਂ ਕਰਕੇ ਮੀਟਿੰਗ ਦਾ ਐਲਾਨ ਕੀਤਾ ਗਿਆ ਤੇ ਮੀਟਿੰਗ ਵਿਚ ਨਵੀਂ ਨਿਯੁਕਤੀ ਤੇ ਬਰਖ਼ਾਸਤਗੀ ਦਾ ਏਜੰਡਾ ਰੱਖਿਆ ਗਿਆ ਸੀ। ਉਨ੍ਹਾਂ ਆਖਿਆ ਕਿ ਮੀਟਿੰਗ ਦਾ ਕੋਰਮ ਪੂਰਾ ਨਾ ਹੋਣ ਕਾਰਨ ਐਨ ਆਖਰੀ ਮੌਕੇ ਮੀਟਿੰਗ ਮੁਲਤਵੀ ਕੀਤੀ ਗਈ ਹੈ ਜਦੋਂਕਿ ਇਸ ਬਾਰੇ ਅਕਾਲ ਤਖ਼ਤ ਵਿਖੇ ਕੋਈ ਜਾਣਕਾਰੀ ਨਹੀਂ ਭੇਜੀ ਗਈ ਸੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੋ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਵੀ ਮੈਂਬਰ ਹਨ, ਵੱਲੋਂ ਕੀਤੀ ਗਈ ਮੀਟਿੰਗ ਵਿਚ ਉਨ੍ਹਾਂ ਵੱਲੋਂ ਲਏ ਗਏ ਫ਼ੈਸਲਿਆਂ ਬਾਰੇ ਉਨ੍ਹਾਂ ਕੋਈ ਉੱਤਰ ਨਹੀਂ ਦਿੱਤਾ। ਦੱਸਣਯੋਗ ਹੈ ਕਿ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਬਰਖ਼ਾਸਤ ਕੀਤੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਮੁੜ ਬਹਾਲ ਕਰਨ ਤੇ ਨਵ ਨਿਯੁਕਤ ਵਧੀਕ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਦੀ ਨਿਯੁਕਤੀ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਸੀ।

Be the first to comment

Leave a Reply

Your email address will not be published.