ਤੁਹਫਾ

-ਦਰਸ਼ਨ ਸਿੰਘ
“ਬੱਲੀ ਵੀਰ ਜੀ ਕਹਿੰਦੇ ਸਨ, ਮੈਨੂੰ ਜ਼ਰੂਰ ਮਿਲ ਕੇ ਜਾਈਂ”, ਸ਼ਮਿੰਦਰ ਦੇ ਅੰਦਰ ਵੜਦਿਆਂ ਹੀ ਰਜਵੰਤ ਨੇ ਸੁਨੇਹਾ ਦਿੱਤਾ।
ਸ਼ਮਿੰਦਰ ਹੁਣੇ-ਹੁਣੇ ਲੰਡਨ ਤੋਂ ਉਡ ਕੇ ਪਹੁੰਚੀ ਸੀ। ਉਹਨੇ ਪੰਦਰਾਂ ਦਿਨ ਏਥੇ ਉਹਦੇ ਕੋਲ ਹੀ ਟਿਕਣਾ ਸੀ। ਉਹ ਉਹਨੂੰ ਹਰ ਸਾਲ ਦਿੱਲੀ ਬੁਲਾਂਦੀ ਸੀ। ਉਹਦੀ ਪੱਕੀ ਸਹੇਲੀ ਸੀ। ਅੱਜ ਦੀ ਹੀ ਨਹੀਂ, ਉਸ ਸਮੇਂ ਦੀ ਸੀ ਜਦੋਂ ਉਹ ਪੰਜਵੀਂ ਜਮਾਤੇ ਇਕੱਠੀਆਂ ਪੜ੍ਹਦੀਆਂ ਹੁੰਦੀਆਂ ਸਨ। ਕਈ ਸਾਲ ਉਹ ਉਹਦੀ ਨਨਾਣ ਵੀ ਰਹੀ ਸੀ। ਸ਼ਮਿੰਦਰ ਦਾ ਉਹਦੇ ਬੱਲੀ ਵੀਰ ਜੀ ਨਾਲ ਵਿਆਹ ਹੋਇਆ ਰਿਹਾ ਸੀ। ਦੋਵਾਂ ਨੂੰ ਮਿਲਾਇਆ ਵੀ ਉਹਨੇ ਹੀ ਸੀ। ਪਰ ਪਿਛਲੇ ਪੰਜਾਂ ਵਰ੍ਹਿਆਂ ਤੋਂ ਉਹ ਉਹਦੀ ਸਿਰਫ ਸਹੇਲੀ ਸੀ, ਭਰਜਾਈ ਨਹੀਂ ਸੀ। ਉਹਦੇ ਵੀਰ ਤੇ ਸ਼ਮਿੰਦਰ ਦਾ ਤਲਾਕ ਹੋ ਚੁੱਕਾ ਸੀ।
“ਕੀ ਕਰਾਂਗੀ ਮਿਲ ਕੇ?” ਸ਼ਮਿੰਦਰ ਨੇ ਪਰਸ ਸੋਫੇ ‘ਤੇ ਸੁੱਟਦਿਆਂ ਪੁੱਛਿਆ, “ਅੱਗੇ ਬੜਾ ਮਿਲ ਲਿਐ। ਤੈਨੂੰ ਪਤੈ ਇਥੇ ਮੈਂ ਉਨ੍ਹਾਂ ਨੂੰ ਮਿਲਣ ਨਹੀਂ ਆਉਂਦੀ। ਮੈਨੂੰ ਹੋਰ ਕੰਮ ਹੁੰਦੇ ਨੇ।”
“ਸ਼ੰਮੀ, ਪਤੈ ਮੈਨੂੰ। ਚੰਗੀ ਤਰ੍ਹਾਂ ਪਤੈ। ਪਰ ਹਰਜ਼ ਕੀ ਏ ਮਿਲਣ ‘ਚ। ਏਨੀ ਖਾਹਿਸ਼ ਕਰਦੇ ਨੇ। ਅੱਗੇ ਵੀ ਤਾਂ ਮਿਲੀ ਏਂ। ਕੀ ਘਸ ਗਿਆ ਸੀ ਤੇਰਾ? ਅੱਧਾ ਘੰਟਾ ਕੋਲ ਬਹਿ ਆ ਜਾ ਕੇ। ਕਹਿੰਦੇ ਸਨ, ਸ਼ੰਮੀ ਨੂੰ ਕੋਈ ਤੁਹਫਾ ਵੀ ਦੇਣੈ।”
“ਰੱਜੋ, ਮੈਨੂੰ ਨਹੀਂ ਚਾਹੀਦੇ ਉਨ੍ਹਾਂ ਦੇ ਤੁਹਫੇ। ਬੜੇ ਲੈ ਚੁੱਕੀ ਹਾਂ। ਅਜੀਬ ਬੰਦੇ ਨੇ। ਅਜੇ ਤੱਕ ਇਹ ਨਹੀਂ ਸਮਝੇ ਕਿ ਮੈਂ ਹੁਣ ਉਨ੍ਹਾਂ ਦੀ ਕੁਝ ਨਹੀਂ ਲਗਦੀ”, ਸ਼ਮਿੰਦਰ ਨੇ ਖਿਝ ਕੇ ਕਿਹਾ।
ਸ਼ਮਿੰਦਰ ਪਿਛਲੇ ਕਈ ਸਾਲਾਂ ‘ਚ ਕਈ ਵਾਰੀ ਲੰਡਨ ਤੋਂ ਦਿੱਲੀ ਆਈ ਸੀ। ਅੱਜ ਸ਼ਾਇਦ ਚੌਥੀ ਜਾਂ ਪੰਜਵੀਂ ਵਾਰੀ ਸੀ। ਹਰ ਵਾਰੀ ਹੀ ਉਹਨੂੰ ਮਿਲਣ ਦੀ ਫਰਮਾਇਸ਼ ਪਈ ਸੀ ਤੇ ਹਰ ਵਾਰੀ ਹੀ ਉਹਨੂੰ ਕੋਈ ਨਾ ਕੋਈ ਕੀਮਤੀ ਤੁਹਫਾ ਦਿੱਤਾ ਗਿਆ ਸੀ। ਤੁਹਫਾ ਉਹ ਲੈ ਕੇ ਰਜਵੰਤ ਕੋਲ ਛੱਡ ਜਾਂਦੀ ਰਹੀ ਸੀ, ਇਹ ਕਹਿੰਦੀ ਹੋਈ ਕਿ ਆਪਣੇ ਵੀਰ ਜੀ ਨੂੰ ਮੋੜ ਦਈਂ। ਮੈਂ ਨਹੀਂ ਰੱਖ ਸਕਦੀ।
“ਵੇਖ ਸ਼ੰਮੀ, ਵੀਰ ਜੀ ਬੜੇ ਬੀਮਾਰ ਨੇ। ਸ਼ੂਗਰ ਵਧੀ ਹੋਈ ਏ। ਪਿੰਡੇ ‘ਤੇ ਕੋਈ ਰੈਸ਼ ਨਿਕਲ ਪਈ ਏ। ਲੇਟੇ ਰਹਿੰਦੇ ਨੇ। ਮਿਲ ਲੈ, ਮੇਰੇ ਲਈ ਹੀ ਮਿਲ ਲੈ। ਉਨ੍ਹਾਂ ਲਈ ਨਾ ਸਹੀ।”
“ਠੀਕ ਏ, ਮਿਲ ਲਾਂਗੀ ਕਿਸੇ ਦਿਨ। ਪਰ ਕਹਿ ਦਈਂ, ਤੁਹਫਾ ਮੈਂ ਕੋਈ ਨਹੀਂ ਲੈਣਾ। ਉਨ੍ਹਾਂ ਦੇ ਪਹਿਲੇ ਦਿੱਤੇ ਵੀ ਏਥੇ ਹੀ ਪਏ ਨੇ।”
ਦਸ ਵਰ੍ਹੇ ਪਹਿਲਾਂ ਸ਼ਮਿੰਦਰ ਨੇ ਬਲਜੀਤ ਨਾਲ ਬੜੇ ਜ਼ੋਰ ਨਾਲ ਵਿਆਹ ਕੀਤਾ ਸੀ। ਸਭ ਦੀ ਮਰਜ਼ੀ ਦੇ ਖਿਲਾਫ। ਵਿਆਹ ਕੇ ਉਹਨੂੰ ਉਹ ਲੰਡਨ ਲੈ ਗਈ ਸੀ। ਵਿਆਹ ਕੁਝ ਸਾਲ ਠੀਕ ਰਿਹਾ, ਫੇਰ ਡੋਲਣ ਲੱਗਾ। ਸ਼ਮਿੰਦਰ ਨੇ ਵੇਖਿਆ, ਬਲਜੀਤ ਦਾ ਇਕੱਲੀ ਉਹਦੇ ਨਾਲ ਮਨ ਨਾ ਭਰਦਾ। ਉਹਨੂੰ ਹੋਰਨਾਂ ਔਰਤਾਂ ਦੀ ਝਾਕ ਵੀ ਰਹਿੰਦੀ ਸੀ। ਇਕ ਦਿਨ ਤੰਗ ਆ ਉਹਨੇ ਉਹਨੂੰ ਆਪਣੇ ਸਾਹਮਣੇ ਬਿਠਾਇਆ ਤੇ ਪੁੱਛਿਆ।
“ਇਹ ਦੱਸੋ, ਮੇਰੇ ‘ਚ ਕੁਝ ਕਮੀ ਏ?”
“ਨਹੀਂ ਤੂੰ ਤਾਂ ਪੂਰੀਆਂ ਨਾਲੋਂ ਵੀ ਪੂਰੀ ਏਂ।”
“ਤਾਂ ਫੇਰ ਸੁਣੋ”, ਸ਼ਮਿੰਦਰ ਨੇ ਸਖਤੀ ਨਾਲ ਕਿਹਾ, “ਧਿਆਨ ਨਾਲ। ਅੱਜ ਤੋਂ ਬਾਅਦ ਜੇ ਤੁਸੀਂ ਕਿਸੇ ਹੋਰ ਔਰਤ ਪਿੱਛੇ ਲੱਗੇ ਤਾਂ ਤੁਹਾਡੀ ਮੇਰੀ ਖਤਮ। ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੀ।”
ਬਲਜੀਤ ਡਰ ਗਿਆ। ਆਪਣੇ ਆਪ ਨੂੰ ਹੋੜਨ ਲੱਗਾ। ਪਰ ਉਹਦੇ ਅੰਦਰਲੀ ਕੋਈ ਕਲਾ ਖਰਾਬ ਸੀ। ਸੁਹਣੀ ਰੰਨ ਨੂੰ ਵੇਖ ਉਹਦਾ ਆਪਣੇ ਆਪ ‘ਤੇ ਕਾਬੂ ਨਹੀਂ ਸੀ ਰਹਿੰਦਾ। ਸ਼ਮਿੰਦਰ ਹੋਰ ਨਾ ਜਰ ਸਕੀ। ਉਹਨੇ ਬਲਜੀਤ ਨੂੰ ਛੱਡ ਦਿੱਤਾ ਤੇ ਉਹਨੂੰ ਵਾਪਸ ਦਿੱਲੀ ਘੱਲ ਦਿੱਤਾ। ਪਿੱਛੋਂ ਹੋਰ ਵਿਆਹ ਨਾ ਕੀਤਾ। ਏਧਰ ਬਲਜੀਤ ਵੀ ਛੜਾ ਰਿਹਾ।
ਸ਼ਮਿੰਦਰ ਤੇ ਬਲਜੀਤ ਦਾ ਰਿਸ਼ਤਾ ਤਾਂ ਟੁੱਟ ਗਿਆ, ਪਰ ਸ਼ਮਿੰਦਰ ਤੇ ਰਜਵੰਤ ਦਾ ਸਹੇਲਪੁਣਾ ਨਾ ਟੁੱਟਿਆ। ਰਜਵੰਤ ਭਰਾ ਨੂੰ ਨਹੀਂ ਸੀ ਛੱਡ ਸਕਦੀ, ਪਰ ਉਹਨੇ ਸਹੇਲੀ ਨੂੰ ਵੀ ਨਾ ਛੱਡਿਆ। ਉਹਨੂੰ ਉਹ ਦਿੱਲੀ ਸੱਦਦੀ ਰਹਿੰਦੀ ਤੇ ਆਪਣੇ ਕੋਲ ਰੱਖਦੀ। ਆਉਣ ‘ਤੇ ਹਰ ਵਾਰੀ ਕਹਿੰਦੀ, ਉਹਦੇ ਵੀਰ ਜੀ ਉਹਨੂੰ ਮਿਲਣਾ ਚਾਹੁੰਦੇ ਨੇ। ਹਰ ਵਾਰੀ ਸ਼ਮਿੰਦਰ ਔਖਿਆਂ-ਸੌਖਿਆਂ ਮਿਲ ਆਉਂਦੀ। ਕੁਝ ਲੈ ਵੀ ਆਉਂਦੀ। ਲਿਆ ਕੇ ਰਜਵੰਤ ਕੋਲ ਛੱਡ ਜਾਂਦੀ।
ਐਤਕੀਂ ਉਹਨੂੰ ਫੇਰ ਕੌੜਾ ਘੁੱਟ ਭਰਨਾ ਪੈਣਾ ਸੀ। ਉਹਦੀ ਵੱਢੀ ਰੂਹ ਨਹੀਂ ਸੀ ਕਰ ਰਹੀ। ਪਰ ਸਹੇਲੀ ਦਾ ਦਿਲ ਉਹਨੂੰ ਰੱਖਣਾ ਹੀ ਪੈਣਾ ਸੀ। ਸੋਚਣ ਲੱਗੀ, ਕਦੋਂ ਜਾਵੇ। ਸ਼ਾਇਦ ਕੁਝ ਦਿਨਾਂ ਬਾਅਦ, ਜਦੋਂ ਉਹ ਆਪਣੇ ਆਪ ਨੂੰ ਮੁਲਾਕਾਤ ਲਈ ਤਿਆਰ ਕਰ ਲਵੇ। ਇਨ੍ਹਾਂ ਸੋਚਾਂ ‘ਚ ਹੀ ਉਹਨੂੰ ਆਪਣੀਆਂ ਏਸ ਤੋਂ ਪਹਿਲੀਆਂ ਮਜ਼ਬੂਤ ਮੁਲਾਕਾਤਾਂ ਯਾਦ ਆਉਣ ਲੱਗੀਆਂ।
ਤਲਾਕ ਤੋਂ ਬਾਅਦ ਪਹਿਲੀ ਵਾਰੀ ਉਹ ਦਿੱਲੀ ਆਈ ਸੀ ਤੇ ਉਹਨੂੰ ਅੱਜ ਵਾਂਗ ਹੀ ਮਿਲਣ ਦੀ ਫਰਮਾਇਸ਼ ਪਈ ਸੀ। ਉਹਨੂੰ ਆਪਣੇ ਆਪ ਨੂੰ ਤਿਆਰ ਕਰਨ ‘ਚ ਬੜੇ ਦਿਨ ਲੱਗੇ। ਉਹ ਖੁਦ ਨੂੰ ਪੁੱਛਦੀ ਰਹੀ, ਉਹ ਕਿਉਂ ਉਸ ਬੰਦੇ ਦੇ ਮੱਥੇ ਲੱਗੇ, ਜਿਹਨੂੰ ਉਹਨੇ ਛੱਡ ਦਿੱਤਾ ਹੋਵੇ? ਉਹਦੇ ਤੁਹਫੇ ਕਿਉਂ ਲਵੇ? ਤੁਹਫਾ ਬੰਦਾ ਉਸ ਤੋਂ ਲੈ ਸਕਦਾ ਏ, ਜਿਹਨੂੰ ਅੱਗੋਂ ਉਹ ਕੁਝ ਦੇ ਸਕਦਾ ਹੋਵੇ। ਉਹ ਬਲਜੀਤ ਨੂੰ ਕੁਝ ਵੀ ਨਹੀਂ ਸੀ ਦੇ ਸਕਦੀ। ਪਰ ਸ਼ਾਇਦ ਬਲਜੀਤ ਉਹਨੂੰ ਏਡੀ ਕੰਜੂਸ ਨਹੀਂ ਸੀ ਸਮਝਦਾ। ਏਡੀ ਪੱਕੀ ਪੀਡੀ ਵੀ ਨਹੀਂ ਸੀ ਸਮਝਦਾ। ਸ਼ਾਇਦ ਉਹ ਸਮਝਦਾ ਸੀ ਕਿ ਉਹ ਭਰਮ ਜਾਏਗੀ। ਦਵਾਲ ਹੋ ਜਾਏਗੀ ਕੋਈ ਮੌਕਾ ਆਉਣ ‘ਤੇ। ਏਸ ਮੁਲਾਕਾਤ ‘ਚੋਂ ਸ਼ਾਇਦ ਉਹ ਇਹੀਉ ਮੌਕਾ ਭਾਲਦਾ ਸੀ।
ਸ਼ਮਿੰਦਰ ਮਿਲਣ ਉਸ ਦਿਨ ਗਈ, ਜਦੋਂ ਉਹਨੇ ਰਾਤੀਂ ਵਾਪਸ ਲੰਡਨ ਉਡ ਜਾਣਾ ਸੀ। ਸਵੇਰੇ ਨਾਸ਼ਤੇ ਤੋਂ ਬਾਅਦ।
ਬਲਜੀਤ ਦਾ ਛੋਟਾ ਜਿਹਾ ਫਲੈਟ ਸੀ। ਦੋ ਹੀ ਕਮਰੇ ਸਨ। ਇਕ ਬਹਿਣ-ਖਲੋਣ ਵਾਲਾ ਤੇ ਇਕ ਸੌਣ ਵਾਲਾ। ਬੜੇ ਸਾਫ ਕੀਤੇ ਹੋਏ ਸਨ। ਆਪ ਬਲਜੀਤ ਨੇ ਫਿਰੋਜ਼ੀ ਪਗੜੀ ਬੰਨ੍ਹੀ ਹੋਈ ਸੀ। ਇਹ ਰੰਗ ਸ਼ਮਿੰਦਰ ਨੂੰ ਬੜਾ ਚੰਗਾ ਲਗਦਾ ਸੀ। ਉਹਦੇ ਆਪਣੇ ਬੜੇ ਕੱਪੜੇ ਫਿਰੋਜ਼ੀ ਰੰਗ ਦੇ ਸਨ। ਅੱਜ ਵੀ ਉਹਨੇ ਫਿਰੋਜ਼ੀ ਚੁੰਨੀ ਲਈ ਹੋਈ ਸੀ।
ਫਿਰੋਜ਼ੀ ਪੱਗ ਵੇਖ ਉਹ ਕੁਝ ਚਿੜ ਪਈ ਸੀ। ਬਹਿੰਦਿਆਂ ਹੀ ਸਮਝਾਣ ਲੱਗ ਪਈ, “ਵੇਖੋ, ਹੁਣ ਐਵੇਂ ਮਿਲਣ-ਮਿਲਾਣ ਦੀ ਜਿੱਦ ਨਾ ਕਰਿਆ ਕਰੋ। ਮੈਂ ਆ ਗਈ ਹਾਂ, ਏਸ ਕਰਕੇ ਕਿ ਰੱਜੋ ਨੇ ਬੜਾ ਜ਼ੋਰ ਲਾਇਐ। ਮੈਂ ਉਹਦਾ ਕਿਹਾ ਨਹੀਂ ਮੋੜ ਸਕੀ। ਵੈਸੇ, ਸਾਡੇ ਮਿਲਣ ਦਾ ਮਤਲਬ ਕੋਈ ਨਹੀਂ।”
“ਅਸੀਂ ਮਤਲਬ ਕੀ ਕੱਢਣੈ?” ਬਲਜੀਤ ਨੇ ਗੱਲ ਗੰਵਾਣੀ ਚਾਹੀ, “ਜੇ ਕੁਝ ਮਿੰਟ ਬਹਿਲਾਂਗੇ, ਪਿਆਲਾ ਚਾਹ ਦਾ ਪੀਲਾਂਗੇ ਤਾਂ ਕਿਸੇ ਦਾ ਜਾਣਾ ਕੁਝ ਨਹੀਂ। ਤੇਰੀ ਫਲਾਈਟ ਵੀ ਠੀਕ ਵਕਤ ‘ਤੇ ਹੀ ਨਿਕਲੇਗੀæææ।”
ਸ਼ਮਿੰਦਰ ਨੂੰ ਮਜ਼ਾਕ ਚੰਗਾ ਨਾ ਲੱਗਾ। ਉਹ ਬਹਿ ਗਈ। ਚਾਹ ਵੀ ਸੁਰਕਣ ਲੱਗੀ, ਪਰ ਉਹਨੂੰ ਗੱਲ ਕਰਨ ਨੂੰ ਕੋਈ ਨਾ ਅਹੁੜੀ। ਉਹ ਆਪਣੀ ਲੇਟ ਨਾ ਹੋਣ ਵਾਲੀ ਫਲਾਈਟ ਨੂੰ ਹੀ ਲੈ ਬੈਠੀ।
“ਬੇਸ਼ੱਕ ਲੇਟ ਹੋ ਜਾਏ, ਪਰ ਹੋਵੇ ਕਿਸੇ ਹੋਰ ਏਅਰਲਾਈਨ ਦੀ। ਏਅਰੋਫਲੇਟ ‘ਤੇ ਜਾਣ ਨੂੰ ਦਿਲ ਨਹੀਂ ਕਰਦਾ। ਆਉਂਦੀ ਵਾਰੀ ਵੀ ਬੜੀ ਔਖੀ ਹੋਈ ਸੀ। ਸਵਾਰੀਆਂ ਨੂੰ ਇੰਜ ਸਮਝਦੇ ਨੇ ਜਿਵੇਂ ਪਿੰਡੋਂ ਆਏ ਗਰੀਬ ਰਿਸ਼ਤੇਦਾਰ ਹੋਣ। ਅੱਜ ਵੀ ਮਾਸਕੋ ਏਅਰਪੋਰਟ ‘ਤੇ ਦੋ ਘੰਟੇ ਉਡੀਕਣਾ ਪਏਗਾ। ਬੁਰਾ ਹਾਲ ਹੁੰਦੈ ਓਥੇ। ਬਹਿਣ ਨੂੰ ਥਾਂ ਨਹੀਂ ਮਿਲਦੀ। ਅੱਗੋਂ ਮੈਂ ਕਦੀ ਏਸ ਏਅਰਲਾਈਨ ‘ਤੇ ਨਹੀਂ ਜਾਣਾ।”
“ਬਿਲਕੁਲ ਨਹੀਂ ਜਾਣਾ ਚਾਹੀਦਾ”, ਬਲਜੀਤ ਨੇ ਹਾਮੀ ਭਰੀ, “ਯਾਦ ਈ, ਮੈਂ ਤੈਨੂੰ ਕਦੀ ਵੀ ਏਸ ਏਅਰਲਾਈਨਜ਼ ਦੀ ਟਿਕਟ ਨਹੀਂ ਸੀ ਲੈਣ ਦਿੱਤੀ। ਅਸੀਂ ਹਮੇਸ਼ਾ ਬ੍ਰਿਟਿਸ਼ ਏਅਰਵੇਜ਼ ‘ਤੇ ਜਾਂਦੇ ਸਾਂ। ਅੱਗੋਂ ਬ੍ਰਿਟਿਸ਼ ਏਅਰਵੇਜ਼ ‘ਤੇ ਹੀ ਆਇਆ ਕਰ।”
ਏਸ ਪਿੱਛੋਂ ਹਵਾਈ ਕੰਪਨੀਆਂ ‘ਤੇ ਹਵਾਈ ਸਫਰ ਦੀਆਂ ਹੀ ਗੱਲਾਂ ਹੁੰਦੀਆਂ ਰਹੀਆਂ। ਇਨ੍ਹਾਂ ਗੱਲਾਂ ‘ਚ ਹੀ ਸ਼ਮਿੰਦਰ ਦਾ ਛੁੱਟੀ ਲੈਣ ਦਾ ਵਕਤ ਹੋ ਗਿਆ। ਉਹਨੂੰ ਉਠਦੀ ਵੇਖ ਬਲਜੀਤ ਅੰਦਰ ਗਿਆ ਤੇ ਇਕ ਡੱਬਾ ਚੁੱਕ ਲਿਆਇਆ। ਡੱਬੇ ਨੂੰ ਖੋਲ੍ਹਦਿਆਂ ਕਹਿਣ ਲੱਗਾ, “ਮੇਰਾ ਇਕ ਦੋਸਤ ਕਾਂਚੀਪੁਰਮ ਗਿਆ ਸੀ। ਉਥੋਂ ਇਕ ਸਾੜ੍ਹੀ ਲਿਆਇਐ। ਸੁੱਚੀ ਰੇਸ਼ਮ ਤੇ ਸੁੱਚੇ ਤਿੱਲੇ ਦੀ। ਇਹ ਤੂੰ ਲੈ ਜਾæææ।”
“ਮੈਂ ਬਿਲਕੁਲ ਨਹੀਂ ਲਾਂਗੀ।” ਸ਼ਮਿੰਦਰ ਨੇ ਬੜੇ ਜ਼ੋਰ ਨਾਲ ਨਾਂਹ ਕੀਤੀ। “ਸਾੜ੍ਹੀ ਮੈਂ ਬੰਨ੍ਹਦੀ ਹੀ ਨਹੀਂ।”
“ਓਥੇ ਵਿਆਹ ਸ਼ਾਦੀ ਵੇਲੇ ਬੰਨ੍ਹ ਲਈਂ। ਬੜੇ ਮੌਕੇ ਹੁੰਦੇ ਨੇ।”
ਬਲਜੀਤ ਦੇ ਤੇਵਰ ਵੇਖ ਸ਼ਮਿੰਦਰ ਬਹਿਸ ‘ਚ ਨਾ ਪਈ। ਉਹਨੇ ਡੱਬਾ ਚੁੱਕਿਆ ਤੇ ਬਾਹਰ ਨਿਕਲ ਗਈ। ਘਰ ਆ ਕੇ ਡੱਬਾ ਰਜਵੰਤ ਨੂੰ ਫੜਾ ਦਿੱਤਾ, ਇਹ ਕਹਿੰਦਿਆਂ, “ਰੱਜੋ, ਇਹ ਸਾੜ੍ਹੀ ਆਪਣੇ ਵੀਰ ਜੀ ਨੂੰ ਮੋੜ ਦਈਂ। ਮੈਂ ਨਹੀਂ ਲੈਣੀ।”
ਰਜਵੰਤ ਨੇ ਵੀ ਕਿਹਾ, “ਕਦੀ ਵਿਆਹ ਢੰਗ ਵੇਲੇ ਪਾ ਲਈਂ। ਫਿਰੋਜ਼ੀ ਰੰਗ ਏ। ਇਹ ਰੰਗ ਤੈਨੂੰ ਸੱਜਦੈ।”
ਸ਼ਮਿੰਦਰ ਤਪ ਪਈ ਤੇ ਬੋਲੀ, “ਆਪਣੇ ਵੀਰ ਜੀ ਨੂੰ ਸਮਝਾ। ਇਨ੍ਹਾਂ ਤਿਲਾਂ ‘ਚ ਤੇਲ ਕੋਈ ਨਹੀਂ। ਸਾੜ੍ਹੀ ਸਾਡੀ ਟੁੱਟੀ ਨਹੀਂ ਗੰਢ ਸਕਦੀ। ਮੇਰਾ ਬੂਹਾ ਦੋਵੇਂ ਪਾਸਿਉਂ ਬੰਦ ਏ। ਵੱਡਾ ਸਾਰਾ ਤਾਲਾ ਲੱਗਾ ਹੋਇਐ। ਸੁੱਚੀ ਰੇਸ਼ਮ ਤੇ ਸੁੱਚਾ ਤਿੱਲਾ ਇਹ ਤਾਲਾ ਨਹੀਂ ਖੋਲ੍ਹ ਸਕਦਾæææ।”
“ਚਲ ਭਾਈ, ਇਕ ਤਾਲਾ ਹੋਰ ਲਾ ਲੈ। ਛੱਡ ਜਾ ਸਾੜ੍ਹੀ ਏਥੇ। ਕੋਈ ਹੋਰ ਬੰਨ੍ਹ ਲਏਗਾ।”
ਰਜਵੰਤ ਨੇ ਸ਼ਮਿੰਦਰ ਹੱਥੋਂ ਡੱਬਾ ਫੜ ਲਿਆ।
ਜਦੋਂ ਸ਼ਮਿੰਦਰ ਅਗਲੀ ਵੇਰ ਆਈ ਸੀ, ਦਸੰਬਰ ਦਾ ਅਖੀਰਲਾ ਹਫਤਾ ਸੀ। ਦਿੱਲੀ ‘ਚ ਸਾਹੇ ਸਨ। ਇਕ ਅਖਬਾਰ ਨੇ ਅੰਦਾਜ਼ਾ ਲਾਇਆ ਸੀ ਕਿ ਐਤਵਾਰੇ ਦਿੱਲੀ ‘ਚ ਪੰਝੀ ਹਜ਼ਾਰ ਵਿਆਹ ਹੋਣੇ ਹਨ। ਪਤਾ ਨਹੀਂ ਇਸ ਗਿਣਤੀ ‘ਚ ਰਲਾਇਆ ਗਿਆ ਸੀ ਕਿ ਨਹੀਂ, ਇਕ ਵਿਆਹ ਰਜਵੰਤ ਦੀ ਨਨਾਣ ਦੀ ਧੀ ਦਾ ਵੀ ਧਰਿਆ ਪਿਆ ਸੀ। ਸ਼ਮਿੰਦਰ ਇਹ ਵਿਆਹ ਵੇਖਣ ਆਈ ਸੀ।
ਆਉਂਦਿਆਂ ਹੀ ਰਜਵੰਤ ਨੇ ਉਸ ਨੂੰ ਕਿਹਾ, “ਮੌਕਾ ਤਾਂ ਖੁਸ਼ੀ ਦਾ ਏ, ਪਰ ਬੱਲੀ ਵੀਰ ਜੀ ਬੜੇ ਉਦਾਸ ਰਹਿੰਦੇ ਨੇ। ਹੋਰ ਤਾਂ ਹੋਰ, ਅੱਜ ਕੱਲ੍ਹ ਗਾਣੇ ਵੀ ਨਹੀਂ ਸੁਣਦੇ। ਐਫ਼ ਐਮæ ਰੇਡੀਓ ਵੀ ਨਹੀਂ ਲਾਉਂਦੇ। ਕਹਿੰਦੇ ਨੇ, ਅੰਦਰ ਕੁਝ ਹੋ ਗਿਐ। ਗਾਣਾ ਕੀ ਕਰੇਗਾ। ਇਕ ਵਾਰੀ ਮਿਲ ਆ ਨਾ ਜਾ ਕੇ। ਤੈਨੂੰ ਯਾਦ ਕਰਦੇ ਸਨæææ।”
“ਏਥੇ ਵਿਆਹ ‘ਚ ਮੁਲਾਕਾਤ ਹੋ ਹੀ ਜਾਏਗੀ।”
“ਇਹ ਮੁਲਾਕਾਤ ਥੋੜ੍ਹੀ ਹੋਏਗੀ। ਉਨ੍ਹਾਂ ਦੀ ਤਸੱਲੀ ਨਹੀਂ ਹੋਣੀ। ਪਤਾ ਨਹੀਂ, ਵਿਆਹ ‘ਤੇ ਆਉਣਗੇ ਵੀ ਕਿ ਨਹੀਂ। ਸਿਹਤ ਬਹੁਤੀ ਠੀਕ ਨਹੀਂ ਨਾ ਰਹਿੰਦੀæææ।”
“ਸੋਚਾਂਗੀ।”
“ਸ਼ੰਮੀ, ਸੋਚ ਨਾ, ਮਿਲ ਆ ਨਾ ਜਾ ਕੇ। ਤੇਰਾ ਕੁਝ ਖੋਹ ਨਹੀਂ ਲੈਣਗੇ। ਤੇਰੇ ਲਈ ਕੁਝ ਲੈ ਕੇ ਵੀ ਰੱਖਿਆ ਹੋਇਆ ਏæææ।”
ਸ਼ਮਿੰਦਰ ਦਾ ਹਾਸਾ ਨਿਕਲ ਪਿਆ।
ਅਖੀਰ ਜਦੋਂ ਸ਼ਮਿੰਦਰ, ਬਲਜੀਤ ਨੂੰ ਮਿਲਣ ਪੁੱਜੀ, ਉਹਨੂੰ ਬਾਹਰੋਂ ਹੀ ਅੰਦਰ ਲੱਗੇ ਹੋਏ ਗਾਣੇ ਦੀ ਆਵਾਜ਼ ਸੁਣਾਈ ਦਿੱਤੀ। ਮਤਲਬ ਸੀ, ਗਾਣੇ ਬੰਦ ਨਹੀਂ ਸਨ ਹੋਏ। ਪਹਿਲਾਂ ਵਾਂਗ ਹੀ ਚਲ ਰਹੇ ਸਨ।
“æææਪਿਆਰ ਕੋ ਪਿਆਰ ਹੀ ਰਹਿਣੇ ਦੋ, ਕੋਈ ਨਾਮ ਨਾ ਦੋ।”
ਸ਼ਮਿੰਦਰ ਦਾ ਸੁਆਗਤ ਏਸ ਤੁਕ ਨੇ ਕੀਤਾ।
ਬਲਜੀਤ ਕੋਲ ਬਹਿੰਦਿਆਂ ਹੀ ਉਹ ਏਸ ਗਾਣੇ ਦੀ ਤਾਰੀਫ ਕਰਨ ਲੱਗੀ, “ਇਹ ਗਾਣਾ ਠੀਕ ਹੀ ਕਹਿੰਦੈ। ਜੇ ਪਿਆਰ ਹੋਵੇ ਤਾਂ ਬੰਦਾ ਉਹਨੂੰ ਅੰਦਰ ਰੱਖੇ। ਉਹਦੇ ‘ਤੇ ਕੋਈ ਲੇਬਲ ਨਾ ਲਾਵੇ।”
“ਮੈਨੂੰ ਵੀ ਇੰਜ ਹੀ ਲੱਗਾ ਸੀ, ਜਦੋਂ ਮੈਂ ਇਹ ਗਾਣਾ ਪਹਿਲੀ ਵਾਰ ਸੁਣਿਆ ਸੀ”, ਬਲਜੀਤ ਨੇ ਇਕ ਤਰ੍ਹਾਂ ਪ੍ਰੋੜ੍ਹਤਾ ਕੀਤੀ, “ਪਰ ਹੁਣ ਇੰਜ ਨਹੀਂ ਲਗਦਾ। ਸੱਚਾ ਤੇ ਡੂੰਘਾ ਪਿਆਰ ਆਪਣਾ ਹੱਕ ਮੰਗਦੈ। ਲੇਬਲ ਲਾਏ ਬਿਨਾਂ ਨਹੀਂ ਰਹਿੰਦਾ।”
ਸ਼ਮਿੰਦਰ ਚੁੱਪ ਰਹੀ। ਅੱਗੋਂ ਗੱਲ ਨਾ ਚੁੱਕੀ ਜਾਂਦੀ ਵੇਖ ਬਲਜੀਤ ਨੇ ਵੀ ਸੇਧ ਬਦਲ ਦਿੱਤੀ। ਉਹ ਪੁਰਾਣੇ ਗਾਣਿਆਂ ਦੀਆਂ ਸਿਫਤਾਂ ਕਰਨ ਲੱਗ ਪਿਆ ਤੇ ਅੱਜਕੱਲ੍ਹ ਦੇ ਗਾਣਿਆਂ ਦੀ ਪੜਚੋਲ।
“ਅੱਜਕੱਲ੍ਹ ਤਾਂ ਬੱਸ ਨੱਚਣ-ਟੱਪਣ ਵਾਲਾ ਗਾਣਾ ਏ। ਇਹਦਾ ਮਤਲਬ ਏ, ਜਿਹੜਾ ਬੰਦਾ ਕੁਝ ਵੱਡੀ ਉਮਰ ਦਾ ਹੋਵੇ, ਉਹ ਗਾਣਾ ਗਾਏ ਹੀ ਨਾ। ਉਹਦੇ ਤੋਂ ਨੱਚਿਆ ਟੱਪਿਆ ਤਾਂ ਜਾ ਨਹੀਂ ਸਕਦਾ।”
ਸ਼ਮਿੰਦਰ ਨੇ ਫੇਰ ਗੱਲ ਨਾ ਚੁੱਕੀ। ਏਨਾ ਹੀ ਕਿਹਾ, “ਗਾਣੇ ਆਪਣੇ ਵਕਤ ਦੇ ਹੁੰਦੇ ਨੇ। ਜੋ ਪਹਿਲੋਂ ਪਸੰਦ ਕੀਤੇ ਜਾਂਦੇ ਸਨ, ਉਹ ਅੱਜ ਨਹੀਂ ਕੀਤੇ ਜਾਂਦੇ। ਨਵੀਂ ਪੀੜ੍ਹੀ ਬੜੀ ਨੱਚਣੀ-ਟੱਪਣੀ ਏæææ।”
ਸ਼ਮਿੰਦਰ ਖਾਨਾਪੂਰੀ ਕਰਨ ਆਈ ਸੀ। ਉਹਨੇ ਛੇਤੀ ਨਾਲ ਚਾਹ ਮੁਕਾਈ। ਇਕ ਬਿਸਕੁਟ ਵੀ ਟੁਕ ਲਿਆ ਤੇ ਉਠਣ ਲੱਗੀ।
ਬਲਜੀਤ ਨੇ ਨਾਲ ਲੱਗੇ ਮੇਜ਼ ਦਾ ਦਰਾਜ਼ ਖਿੱਚਿਆ ਤੇ ਵਿਚੋਂ ਇਕ ਫਿਰੋਜ਼ੀ ਮਖਮਲ ਦੀ ਡੱਬੀ ਕੱਢੀ। ਉਹਦੇ ‘ਚੋਂ ਸੋਨੇ ਦਾ ਇਕ ਕੜਾ ਕੱਢਿਆ ਤੇ ਉਹਨੂੰ ਸ਼ਮਿੰਦਰ ਵਲ ਕਰਦਿਆਂ ਕਹਿਣ ਲੱਗਾ, “ਸ਼ੰਮੀ, ਇਹ ਤੇਰੇ ਲਈ ਕੜਾ ਏ। ਰੱਜੋ ਨੇ ਵਿਆਹ ਤੇ ਆਪਣੇ ਲਈ ਬਣਵਾਇਆ ਸੀ। ਮੈਂ ਵੇਖਿਆ, ਮੈਨੂੰ ਚੰਗਾ ਲੱਗਾ। ਮੈਂ ਕਿਹਾ, ਇਕ ਸ਼ੰਮੀ ਲਈ ਵੀ ਬਣਵਾ ਲੈ। ਉਹਨੂੰ ਬੜਾ ਸੱਜੇਗਾ। ਹੁਣ ਨਾਂਹ ਨਾ ਕਰੀਂ। ਸਾਲ ਪਿੱਛੋਂ ਆਈ ਏ। ਤੈਨੂੰ ਖਾਲੀ ਹੱਥ ਨਹੀਂ ਟੋਰ ਸਕਦਾ।”
“ਵੇਖੋ”, ਸ਼ਮਿੰਦਰ ਕੁਝ ਤਪ ਕੇ ਬੋਲੀ, “ਇਹ ਖਾਲੀ ਹੱਥ ਵਾਲੀ ਗੱਲ ਝੂਠੀ ਜੇ। ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ। ਨਾ ਤੁਹਾਡਾ ਦੇਣਾ ਬਣਦਾ ਏ, ਨਾ ਮੇਰਾ ਲੈਣਾ। ਤੁਹਾਡਾ ਇਹ ਕੜਾ ਮੈਂ ਨਹੀਂ ਲੈ ਸਕਦੀ।”
ਸ਼ਮਿੰਦਰ ਨੇ ਮੂੰਹ ਬਾਹਰਲੇ ਬੂਹੇ ਵਲ ਕਰ ਲਿਆ। ਬਲਜੀਤ ਉਹਦੇ ਅੱਗੇ ਆਣ ਖਲੋਤਾ ਤੇ ਜ਼ਿੱਦ ਕਰਨ ਲੱਗਾ, “ਸ਼ੰਮੀ, ਕੜਾ ਤੈਨੂੰ ਲੈਣਾ ਹੀ ਪਏਗਾ। ਬਣਿਆ ਈ ਤੇਰੇ ਲਈ ਏ। ਮੇਚ ਵੀ ਤੇਰੇæææ।”
ਸ਼ਮਿੰਦਰ ਹੱਥੋਪਾਈ ਨਹੀਂ ਸੀ ਕਰਨਾ ਚਾਹੁੰਦੀ। ਉਹਨੇ ਡੱਬਾ ਫੜ ਲਿਆ ਤੇ ਪਰਸ ‘ਚ ਰੱਖ ਲਿਆ।
ਵਾਪਸ ਪੁਹੰਚੀ। ਉਹਨੇ ਕੜਾ ਕੱਢਿਆ ਤੇ ਵੇਖਿਆ। ਸੋਨੇ ਦਾ ਸੀ। ਉਤੇ ਮੀਨੇ ਦਾ ਬੜਾ ਸੁਹਣਾ ਕੰਮ ਸੀ। ਉਹਨੂੰ ਏਸ ਤਰ੍ਹਾਂ ਦਾ ਕੰਮ ਬੜਾ ਚੰਗਾ ਲਗਦਾ ਸੀ। ਇਹਦਾ ਬਲਜੀਤ ਨੂੰ ਪਤਾ ਸੀ। ਉਹਨੇ ਕੜਾ ਵਾਪਸ ਡੱਬੀ ‘ਚ ਪਾ ਦਿੱਤਾ ਤੇ ਰਜਵੰਤ ਨੂੰ ਫੜਾ ਦਿੱਤਾ। ਨਾਲ ਤਾੜ ਕੇ ਕਿਹਾ, “ਇਹ ਫੜ ਸਾਂਭ ਇਹਨੂੰ। ਜਦੋਂ ਅਸੀਂ ਵਿਆਹੇ ਹੁੰਦੇ ਸਾਂ, ਤੇਰੇ ਵੀਰ ਜੀ ਨੇ ਮੈਨੂੰ ਕਦੀ ਵੀ ਕੋਈ ਏਡੀ ਸੁਹਣੀ ਚੀਜ਼ ਨਹੀਂ ਸੀ ਦਿੱਤੀ। ਮੈਨੂੰ ਲਗਦੈ, ਮੈਨੂੰ ਭਰਮਾਣਾ ਚਾਹੁੰਦੇ ਨੇ, ਕੀਮਤੀ ਚੀਜ਼ਾਂ ਦੇ ਕੇ। ਮੈਂ ਨਹੀਂ ਲੈ ਸਕਦੀ। ਮੋੜ ਦਈਂ ਉਨ੍ਹਾਂ ਨੂੰ। ਰੱਖਣ ਉਥੇ, ਜਿੱਥੇ ਸਾੜ੍ਹੀ ਰੱਖੀ। ਸੁੱਚੀ ਰੇਸ਼ਮ ਤੇ ਸੁੱਚੇ ਤਿੱਲੇ ਵਾਲੀ।”
ਰਜਵੰਤ ਨੇ ਡੱਬੀ ਚੁੱਪ-ਚਾਪ ਫੜ ਲਈ। ਉਹਨੂੰ ਉਹਦੇ ਨਜ਼ਰ ਦਾ ਪਹਿਲੋਂ ਹੀ ਅਨੁਮਾਨ ਸੀ।
ਅਗਲੇ ਸਾਲ ਰਜਵੰਤ ਦੇ ਵਿਆਹ ਦੀ ਪੰਝੀਵੀਂ ਵਰ੍ਹੇਗੰਢ ਸੀ। ਵੱਡਾ ਮੌਕਾ ਸੀ। ਸ਼ਮਿੰਦਰ ਦਿੱਲੀ ਪੁੱਜੀ। ਉਸ ਨੇ ਪੁੱਜਣਾ ਹੀ ਸੀ, ਭਾਵੇਂ ਵਰ੍ਹੇਗੰਢ ਭਰ ਗਰਮੀਆਂ ‘ਚ ਹੁੰਦੀ। ਰੱਬੋਂ ਉਹ ਦਸੰਬਰ ‘ਚ ਸੀ। ਏਸ ਲਈ ਉਹਨੂੰ ਤਪਸ਼ਾਂ ਨਾ ਝਾਗਣੀਆਂ ਪਈਆਂ।
ਹਮੇਸ਼ਾ ਵਾਂਗ ਹੀ ਰਜਵੰਤ ਨੇ ਉਹਨੂੰ ਆਪਣੇ ਵੀਰ ਜੀ ਦੀ ਦੱਸ ਪਾਉਣ ‘ਚ ਢਿੱਲ ਨਾ ਕੀਤੀ। ਮਿਲਦਿਆਂ ਹੀ ਕਹਿਣ ਲੱਗੀ, “ਤੈਨੂੰ ਉਡੀਕ ਰਹੇ ਨੇ ਉਹ ਵੀ। ਬੜਾ ਚਾਅ ਕਰਦੇ ਨੇ। ਤੇਰੇ ਲਈ ਕੁਝ ਖਾਸ ਖਰੀਦ ਕੇ ਰੱਖਿਆ ਹੋਇਆ ਏ।”
ਸ਼ਮਿੰਦਰ ਅੱਗੋਂ ਭੜਕ ਪਈ, “ਰੱਜੋ, ਤੂੰ ਉਨ੍ਹਾਂ ਨੂੰ ਸਮਝਾਉਂਦੀ ਕਿਉਂ ਨਹੀਂ, ਮੈਂ ਹੁਣ ਉਨ੍ਹਾਂ ਦੀ ਬੀਵੀ ਨਹੀਂ, ਨਾ ਹੀ ਉਨ੍ਹਾਂ ਦੀ ਪ੍ਰੇਮਿਕਾ ਹਾਂ। ਮੈਂ ਉਨ੍ਹਾਂ ਦਾ ਖਾਸ-ਆਮ ਕੁਝ ਨਹੀਂ ਲੈ ਸਕਦੀ। ਸਮਝਾ ਨਾ, ਅਸੀਂ ਫੇਰ ‘ਕੱਠੇ ਨਹੀਂ ਹੋ ਸਕਦੇ। ਬੜਾ ਪਾਣੀ ਲੰਘ ਗਿਐ ਸਾਡੇ ਪੁਲਾਂ ਹੇਠੋਂæææ।”
“ਸ਼ੰਮੀ, ਆਪ ਸਮਝਾ ਨਾ। ਮੇਰੇ ਸਮਝਾਇਆਂ ਨਹੀਂ ਸਮਝਦੇ। ਮਿਲ ਲੈ ਨਾ ਜਾ ਕੇ। ਉਡੀਕ ਰਹੇ ਨੇ।”
ਸ਼ਮਿੰਦਰ ਨੂੰ ਪਤਾ ਸੀ, ਰਜਵੰਤ ਨੇ ਉਹਨੂੰ ਆਪਣੇ ਵੀਰ ਜੀ ਨਾਲ ਮਿਲਾ ਕੇ ਰਹਿਣਾ ਸੀ। ਇਹ ਮੂੰਹ ਰੱਖਣੀ ਉਹਨੂੰ ਕਰਨੀ ਹੀ ਪੈਣੀ ਸੀ। ਉਹਨੇ ਕਹਿ ਦਿੱਤਾ, ਕਦੀ ਮਿਲ ਲਾਂਗੀ ਜਾ ਕੇ।
ਜਦੋਂ ਉਹ ਬਲਜੀਤ ਦੇ ਘਰ ਪੁੱਜੀ, ਉਹ ਆਪਣੇ ਸੌਣ ਵਾਲੇ ਕਮਰੇ ‘ਚ ਲੇਟਿਆ ਹੋਇਆ ਸੀ। ਸ਼ਮਿੰਦਰ ਨੇ ਵਜ੍ਹਾ ਪੁੱਛੀ ਤਾਂ ਕਹਿਣ ਲੱਗਾ, “ਤਬੀਅਤ ਅੱਜਕੱਲ੍ਹ ਠੀਕ ਨਹੀਂ ਰਹਿੰਦੀ। ਡਾਕਟਰ ਕਹਿੰਦੈ, ਜਿਗਰ ਖਰਾਬ ਏ। ਦੰਦ ਵੀ ਤੰਗ ਕਰ ਰਹੇ ਨੇ।”
“ਠੀਕ ਕਰਾਉ ਨਾ।”
“ਕਰਾ ਰਿਹਾ ਹਾਂ। ਅੱਜ ਸ਼ੰਮੀ, ਚਾਹ ਵੀ ਤੈਨੂੰ ਆਪ ਬਣਾਣੀ ਪਵੇਗੀ। ਬਹਾਦਰ ਭੱਜ ਗਿਐ। ਇਨ੍ਹਾਂ ਨੇਪਾਲੀਆਂ ਦਾ ਕੋਈ ਭਰੋਸਾ ਨਹੀਂ। ਕਹਿੰਦੇ ਨੇ, ਨੇਪਾਲੀ ਬੜੇ ਵਫਾਦਾਰ ਹੁੰਦੇ ਨੇ। ਬਿਲਕੁਲ ਝੂਠ ਏ। ਤੋਤਾ-ਚਸ਼ਮ ਨੇ। ਚੋਰ ਉਚੱਕੇ ਨੇ। ਕਿਸੇ ਦੇ ਸਕੇ ਨਹੀਂæææ।” ਬਲਜੀਤ ਭੱਜ ਗਏ ਬਹਾਦਰ ‘ਤੇ ਵਰ੍ਹਨ ਲੱਗ ਪਿਆ।
ਸ਼ਮਿੰਦਰ ਨੇ ਹਾਸਾ ਆਉਂਦਾ-ਆਉਂਦਾ ਰੋਕਿਆ। ਆਪਣੇ ਆਪ ਨੂੰ ਕਹਿਣ ਲੱਗੀ, “ਵੇਖ ਜਿਹੜੇ ਆਪ ਵਫਾਦਾਰ ਨਹੀਂ, ਦੂਜਿਆਂ ਤੋਂ ਵਫਾਦਾਰੀ ਮੰਗਦੇ ਨੇ।”
ਸ਼ਮਿੰਦਰ ਰਸੋਈ ‘ਚੋਂ ਚਾਹ ਬਣਾ ਕੇ ਲੈ ਆਈ। ਬਲਜੀਤ ਕੰਧ ਨਾਲ ਢਾਸਣਾ ਲਾ ਕੇ ਪੀਣ ਲੱਗਾ। ਪੀਂਦਿਆਂ-ਪੀਂਦਿਆਂ ਬੋਲਿਆ, “ਰੱਜੋ ਨੂੰ ਕੀ ਸੁੱਝੀ ਏ? ਵਿਆਹ ਦੀ ਵਰ੍ਹੇਗੰਢ ਮਨਾਣ ਲੱਗੀ ਏ। ਸਾਡੇ ਦੇਸ਼ ‘ਚ ਇਹ ਕਿਹੜਾ ਵੱਡੀ ਗੱਲ ਏ। ਸਾਡੇ ਬੀ ਜੀ ਨੇ ਆਪਣੇ ਵਿਆਹ ਦੀ ਸੱਠਵੀਂ ਵਰ੍ਹੇਗੰਢ ਮਨਾਈ ਸੀ। ਜੇ ਪੂਰੇ ਨਾ ਹੁੰਦੇ ਤਾਂ ਹੋਰ ਕਈ ਵਰ੍ਹੇਗੰਢਾਂ ਮਨਾਉਂਦੇ।”
“ਆਪੋ-ਆਪਣਾ ਸ਼ੌਂਕ ਹੁੰਦੈ,” ਸ਼ਮਿੰਦਰ ਨੇ ਸਹਿਜ ਸੁਭਾ ਆਖਿਆ, “ਮਨਾਵੇ, ਜੋ ਵੀ ਚੰਗਾ ਲੱਗੇ। ਵੈਸੇ ਪੰਝੀਵੀਂ ਵਰ੍ਹੇਗੰਢ ਹੁਣ ਇੰਡੀਆ ‘ਚ ਵੀ ਏਡੀ ਆਮ ਚੀਜ਼ ਨਹੀਂæææ।”
ਸ਼ਮਿੰਦਰ ਅੱਧਾ ਕੁ ਘੰਟਾ ਬੈਠੀ। ਉਨਾ ਚਿਰ ਵਰ੍ਹੇਗੰਢਾਂ ਦੀਆਂ ਗੱਲਾਂ ਹੀ ਹੁੰਦੀਆਂ ਰਹੀਆਂ। ਜਦੋਂ ਚੱਲਣ ਲੱਗੀ ਤਾਂ ਬਲਜੀਤ ਨੇ ਕਿਹਾ, ਉਹ ਸਾਹਮਣੀ ਅਲਮਾਰੀ ‘ਚੋਂ ਇਕ ਉਨਾਬੀ ਡੱਬਾ ਚੁੱਕ ਲਿਆ। ਸ਼ਮਿੰਦਰ ਨੇ ਡੱਬਾ ਲਿਆ ਕੇ ਬਲਜੀਤ ਨੂੰ ਫੜਾ ਦਿੱਤਾ। ਡੱਬਾ ਵੱਡਾ ਸਾਰਾ ਸੀ। ਬਲਜੀਤ ਨੇ ਖੋਲ੍ਹਿਆ। ਵਿਚੋਂ ਛੋਟੀ ਜਿਹੀ ਗੁਟ ਘੜੀ ਨਿਕਲੀ। ਜਿੱਡਾ ਡੱਬਾ ਵੱਡਾ ਸੀ, ਘੜੀ ਓਡੀ ਹੀ ਛੋਟੀ। ਘੜੀ ਨੂੰ ਸ਼ਮਿੰਦਰ ਵਲ ਕਰਦਿਆਂ ਕਹਿਣ ਲੱਗਾ, “ਇਹ ਘੜੀ ਮੈਂ ਅਖਬਾਰ ‘ਚ ਐਸ਼ਵਰਿਆ ਦੇ ਗੁੱਟ ‘ਤੇ ਬੱਝੀ ਵੇਖੀ ਸੀ। ਬੜੇ ਵਧੀਆ ਸਵਿੱਸ ਬਰੈਂਡ ਦੀ ਘੜੀ ਏ। ਮੈਨੂੰ ਲੱਗਾ, ਤੇਰੇ ਗੁੱਟ ‘ਤੇ ਬੱਝੀ ਉਵੇਂ ਹੀ ਲੱਗੇਗੀ, ਜਿਵੇਂ ਐਸ਼ਵਰਿਆ ਦੇ ਗੁੱਟ ‘ਤੇ ਬੱਝੀ। ਮੈਂ ਤੇਰੇ ਲਈ, ਖਰੀਦ ਲਈæææ।”
“ਮੇਰੇ ਕੋਲ ਘੜੀ ਹੈ”, ਸ਼ਮਿੰਦਰ ਨੇ ਗੱਲ ਪੂਰੀ ਨਾ ਹੋਣ ਦਿੱਤੀ। “ਬੜੀ ਪੁਰਾਣੀ। ਵਫਾਦਾਰ ‘ਤੇ ਭਰੋਸੇਯੋਗ। ਮੈਂ ਹੋਰ ਕੋਈ ਘੜੀ ਨਹੀਂ ਬੰਨ੍ਹਣੀ।”
“ਚਲ ਕਦੀ-ਕਦੀ ਬੰਨ੍ਹ ਲਿਆ ਕਰੀਂ। ਬੜੀ ਸੁਹਣੀ ਲੱਗੇਗੀ। ਖਲੋਤੀ ਪਾਸਿਉਂ ਤੂੰ ਵੀ ਐਸ਼ਵਰਿਆ ਹੀ ਲਗਣੀ ਏਂæææ।”
ਸ਼ਮਿੰਦਰ ਬਹਿਸ ‘ਚ ਨਾ ਪਈ। ਉਹਨੇ ਘੜੀ ਫੜ ਲਈ ਤੇ ਆ ਕੇ ਰਜਵੰਤ ਦੇ ਹਵਾਲੇ ਕਰ ਦਿੱਤੀ। ਉਹਨੂੰ ਆਖ ਦਿੱਤਾ, “ਰੱਜੋ, ਇਹ ਆਪਣੇ ਵੀਰ ਜੀ ਨੂੰ ਮੋੜ ਦਈਂ। ਮੈਂ ਇਹ ਨਹੀਂ ਬੰਨ੍ਹਣੀ। ਮੈਂ ਕਿਉਂ ਬੰਨ੍ਹਾਂ ਉਨ੍ਹਾਂ ਦੀ ਦਿੱਤੀ ਘੜੀ। ਸਮਝਾ ਉਨ੍ਹਾਂ ਨੂੰ। ਮੈਂ ਬੜੀ ਜ਼ਿੱਦੀ ਔਰਤ ਹਾਂ। ਜ਼ਿੱਦ ਕਰਕੇ ਹੀ ਮੈਂ ਉਨ੍ਹਾਂ ਨਾਲ ਵਿਆਹ ਕੀਤਾ ਸੀ ਤੇ ਜ਼ਿੱਦ ਕਰਕੇ ਹੀ ਮੈਂ ਤਿਲਾਂਜਲੀ ਲਈ ਸੀ। ਮੈਂ ਫੇਰ ਨਹੀਂ ਅਪਨਾ ਸਕਦੀ ਉਨ੍ਹਾਂ ਨੂੰ, ਭਾਵੇਂ ਘੜੀਆਂ ਦੀ ਦੁਕਾਨ ਖਰੀਦ ਲਿਆਉਣ।”
“ਸ਼ੰਮੀ, ਤੂੰ ਆਪ ਕਿਉਂ ਨਹੀਂ ਸੀ ਸਮਝਾਇਆ? ਮੇਰੇ ਵੱਡੇ ਵੀਰ ਨੇ ਉਹ। ਮੈਂ ਡਾਂਟ ਨਹੀਂ ਸਕਦੀ ਉਨ੍ਹਾਂ ਨੂੰ।”
“ਸਮਝਾਵਾਂ ਉਨ੍ਹਾਂ ਨੂੰ ਜਿਹੜੇ ਸਮਝ ਸਕਣ।”
“ਚਲ ਕੋਈ ਗੱਲ ਨਹੀਂ। ਘੜੀ ਵਾਪਸ ਕਰ ਦਿਆਂਗੀ ਉਨ੍ਹਾਂ ਨੂੰ। ਸ਼ਾਇਦ ਮੈਨੂੰ ਹੀ ਦੇ ਦੇਣ। ਮੈਂ ਬੰਨ੍ਹਾਂਗੀ, ਸ਼ੌਂਕ ਨਾਲ।”
“ਤੂੰ ਜਾਣ ਤੇ ਤੇਰਾ ਵੱਡਾ ਵੀਰ ਤੇ ਉਹਦੀ ਘੜੀ।” ਸ਼ਮਿੰਦਰ ਨੇ ਗੱਲ ਮੁਕਾ ਦਿੱਤੀ ਸੀ।
ਐਤਕੀਂ ਵੀ ਉਹਨੂੰ ਮਿਲਣ ਦਾ ਸੁਨੇਹਾ ਮਿਲਿਆ ਸੀ। ਸ਼ਮਿੰਦਰ ਬੜਾ ਚਿਰ ਟਾਲਦੀ ਰਹੀ। ਅਖੀਰ ਇਕ ਦਿਨ ਉਹਨੂੰ ਰਜਵੰਤ ਨੇ ਤਿਆਰ ਕਰ ਹੀ ਲਿਆ। ਟੁਰਨ ਲੱਗੀ ਨੂੰ ਕਹਿਣ ਲੱਗੀ, “ਤੁਹਫਾ ਉਨ੍ਹਾਂ ਤੇਰੇ ਲਈ ਐਤਕੀਂ ਵੀ ਖਰੀਦਿਆ ਹੋਇਐ। ਵਿਚਾਰੇ ਰਹਿ ਨਹੀਂ ਸਕਦੇ। ਲੈ ਲਈਂ ਜੋ ਦੇਣ। ਬਹਿਸ ‘ਚ ਨਾ ਪਈ। ਉਹ ਬਹਿਸਣ ਜੋਗੇ ਨਹੀਂ ਏਸ ਵੇਲੇ। ਮੈਨੂੰ ਦੇ ਦਈਂ ਭਾਵੇਂ ਵਾਪਸ ਆ ਕੇ।”
ਸ਼ਮਿੰਦਰ ਗਈ। ਬਲਜੀਤ ਆਪਣੇ ਸੌਣ ਵਾਲੇ ਕਮਰੇ ‘ਚ ਪਿਆ ਸੀ। ਸ਼ਮਿੰਦਰ ਓਥੇ ਹੀ ਚਲੀ ਗਈ।
ਉਹਨੇ ਵੇਖਿਆ, ਬਲਜੀਤ ਦਾ ਹਾਲ ਮਾੜਾ ਸੀ। ਕਮਜ਼ੋਰ ਹੋਇਆ ਪਿਆ ਸੀ। ਅਗਲੇ ਦੋ ਦੰਦ ਭੁਰੇ ਪਏ ਸਨ। ਸਿਰ ਉਤੇ ਇਕ ਪਗੜੀ ਨੁਮਾ ਟੋਪੀ ਲਈ ਹੋਈ ਸੀ। ਸ਼ਮਿੰਦਰ ਨੂੰ ਵੇਖ ਉਹ ਕਹਿਣ ਲੱਗਾ, “ਐਤਕੀਂ ਤੈਨੂੰ ਚਾਹ ਆਪ ਨਹੀਂ ਬਣਾਣੀ ਪਏਗੀ। ਬਹਾਦਰ ਮੁੜ ਆਇਆ ਸੀ। ਏਥੋਂ ਜਿਸ ਥਾਂ ਗਿਆ ਸੀ, ਓਥੇ ਉਹਦਾ ਦਿਲ ਨਹੀਂ ਸੀ ਲੱਗਾ।æææਓਏ ਬਹਾਦਰ।” ਬਲਜੀਤ ਨੇ ਨੌਕਰ ਨੂੰ ਆਵਾਜ਼ ਦਿੱਤੀ, “ਚਾਹ ਲਿਆ ਭਾਈ, ਮੇਮ ਸਾਹਿਬ ਆ ਗਏ ਨੇ।”
ਸਿਹਤ ਦਾ ਪੁੱਛੇ ਜਾਣ ‘ਤੇ ਉਹ ਦੱਸਣ ਲੱਗਾ, “ਡਾਕਟਰ ਨੇ ਬੜੀਆਂ ਪਾਬੰਦੀਆਂ ਲਾ ਦਿੱਤੀਆਂ ਨੇ। ਥਿੰਦਾ ਬੰਦ ਏ। ਸਿਰਫ ਉਬਲੀਆਂ ਸਬਜ਼ੀਆਂ ਖਾਣੀਆਂ ਨੇ। ਤਲਿਆ ਹੋਇਆ ਬੰਦ ਏ। ਵਿਸਕੀ ਬੰਦ ਏ। ਮਿਰਚ-ਮਸਾਲਾ ਬੰਦ ਏ। ਮਿਰਚ-ਮਸਾਲਾ ਸਿਰਫ ਖਾਣੇ ‘ਚ ਹੀ ਰਹਿ ਗਿਆ ਸੀ, ਉਹ ਵੀ ਡਾਕਟਰ ਨੇ ਬੰਦ ਕਰ ਦਿੱਤਾ।”
ਸ਼ਮਿੰਦਰ ਨੇ ਗੱਲ ਨਾ ਚੁੱਕੀ। ਚੁੱਪ ਰਹੀ। ਵੈਸੇ ਵੀ ਉਹ ਬਹੁਤਾ ਸੁਣ ਰਹੀ ਸੀ, ਬੋਲ ਘੱਟ ਰਹੀ ਸੀ।
ਚਾਹ ਆ ਗਈ। ਬਲਜੀਤ ਨੇ ਕੰਧ ਨਾਲ ਢਾਸਣਾ ਲਾ ਲਿਆ ਤੇ ਬੋਲੀ ਗਿਆ, “ਕੱਲ੍ਹ ਮੈਨੂੰ ਇਕ ਮੇਰਾ ਪੁਰਾਣਾ ਕੁਲੀਗ ਮਿਲਣ ਆਇਆ। ਵਿਚਾਰਾ ਮੁਸੀਬਤ ‘ਚ ਸੀ। ਉਹਨੇ ਆਖਿਆ ਕਿ ਉਹਦੀ ਐਮæਏæ ਫਾਇਨਲ ‘ਚ ਪੜ੍ਹਦੀ ਧੀ ਇਕ ਮੁੰਡੇ ਨਾਲ ਵਿਆਹ ਕਰਾਣਾ ਚਾਹੁੰਦੀ ਸੀ। ਪਿਆਰ ਹੋ ਗਿਆ ਸੀ ਉਹਨੂੰ। ਮੇਰੇ ਕੁਲੀਗ ਨੇ ਮੁੰਡੇ ਦਾ ਪਤਾ ਕਰਾਇਆ। ਉਹ ਕਿਸੇ ਹੋਰ ਕੁੜੀ ‘ਤੇ ਮਰਦਾ ਸੀ। ਕੁਲੀਗ ਨੇ ਵਿਆਹ ਤੋਂ ਨਾਂਹ ਕਰ ਦਿੱਤੀ। ਧੀ ਦਾ ਦਿਲ ਟੁੱਟ ਗਿਆ। ਵਿਚਾਰੀ ਫਾਈਨਲ ਦੇ ਇਮਤਿਹਾਨ ‘ਚ ਨਾ ਬਹਿ ਸਕੀ। ਉਹਦਾ ਸਾਲ ਮਾਰਿਆ ਗਿਆ।”
“ਏਡੀ ਕੋਈ ਗੱਲ ਨਹੀਂ। ਅਗਲੇ ਸਾਲ ਬਹਿ ਜਾਏਗੀ”, ਸ਼ਮਿੰਦਰ ਦੇ ਮੂੰਹੋਂ ਨਿਕਲਿਆ, “ਜ਼ਿੰਦਗੀ ਗੁਆਣ ਨਾਲੋਂ ਸਾਲ ਗੁਆਣਾ ਚੰਗੈ।”
“ਮੈਂ ਸ਼ੰਮੀ, ਓਦੋਂ ਦਾ ਇਕ ਪਾਸੇ ਪਿਆਰ ਬਾਰੇ ਹੀ ਸੋਚ ਰਿਹਾਂ।” ਪਤਾ ਨਹੀਂ ਕਿਉਂ, ਬਲਜੀਤ ਗੱਲ ਆਪਣੇ ‘ਤੇ ਲੈ ਆਇਆ, “ਵੈਸੇ ਇਕ ਪਾਸੇ ਪਿਆਰ ‘ਚ ਵੀ ਕੀ ਮਾੜਾ ਏ। ਪਿਆਰ ਈ ਨਾ। ਪਿਆਰ ਨੇਅਮਤ ਏ, ਭਾਵੇਂ ਇਕ ਪਾਸੇ ਹੋਵੇæææ।”
“ਨੇਹਮਤ ਨਹੀਂ, ਸ਼ਰਾਪ ਏ।”
“ਨਹੀਂ ਸ਼ੰਮੀ, ਤੂੰ ਇਹਨੂੰ ਉਸ ਤਰ੍ਹਾਂ ਨਹੀਂ ਸਮਝ ਰਹੀ, ਜਿਵੇਂ ਮੈਂ ਸਮਝ ਰਿਹਾਂ। ਜੇ ਬੰਦਾ ਕਿਸੇ ਨੂੰ ਪਿਆਰ ਕਰਦਾ ਹੋਏ ਤੇ ਅੱਗੋਂ ਉਸ ਤੋਂ ਕੋਈ ਆਸ ਨਾ ਰੱਖਦਾ ਹੋਵੇ ਤਾਂ ਕੀ ਹਰਜ਼ ਏ? ਇਹ ਤਾਂ ਏਸ ਤਰ੍ਹਾਂ ਹੀ ਏ ਨਾ ਕਿ ਕੋਈ ਆਪਣੇ ਘਰ ਦੀਵਾ ਬਾਲ ਕੇ ਬਹਿ ਜਾਵੇ। ਉਹਦਾ ਦੀਵਾ ਕਿਸੇ ਹੋਰ ਦੇ ਘਰ ਤਾਂ ਹਨੇਰਾ ਨਹੀਂ ਕਰਦਾ।”
ਸ਼ਮਿੰਦਰ ਫੇਰ ਵੀ ਸਹਿਮਤ ਨਾ ਹੋਈ। ਕਹਿਣ ਲੱਗੀ, “ਇਸ ਤਰ੍ਹਾਂ ਦੇ ਦੀਵੇ ਸਿਰਫ ਕਿਤਾਬਾਂ ‘ਚ ਬਲਦੇ ਨੇ। ਉਹ ਵੀ ਪੁਰਾਣੀਆਂ ਕਿਤਾਬਾਂ ‘ਚ। ਪਿਆਰ ਆਸ਼ਕਾਰ ਹੋਣਾ ਚਾਹੁੰਦੈ। ਤੁਹਾਡਾ ਇਹ ਦੀਵਾ ਹਨੇਰਿਆਂ ਲਈ ਖਤਰਾ ਬਣ ਜਾਂਦੈ।”
ਬਲਜੀਤ ਨੂੰ ਅੱਜ ਅਜੀਬ ਫੁਰਨੇ ਫੁਰ ਰਹੇ ਸਨ। ਉਚੀਆਂ ਗੱਲਾਂ ਕਰ ਰਿਹਾ ਸੀ। ਉਹ ਚੁੱਪ ਨਾ ਹੋਇਆ, ਬੋਲਦਾ ਗਿਆ। ਸ਼ਮਿੰਦਰ ਸੁਣਦੀ ਰਹੀ। ਫੇਰ ਬੇਧਿਆਨ ਹੋ ਗਈ। ਕੁਝ ਦੇਰ ਬਾਅਦ ਘੜੀ ਵੇਖਣ ਲੱਗੀ। ਉਹੀਉ ਆਪਣੀ ਵਫਾਦਾਰ ਘੜੀ। ਇਥੋਂ ਛੁੱਟੀ ਦਾ ਵਕਤ ਹੋਣ ਵਾਲਾ ਸੀ।
ਬਲਜੀਤ ਨੇ ਆਪਣੀ ਲਗਾਮ ਕੱਸ ਲਈ ਤੇ ਉਹਨੂੰ ਆਖਿਆ, “ਅਲਮਾਰੀ ‘ਚ ਇਕ ਪੁੜੀ ਜਿਹੀ ਪਈ ਏ। ਕੱਢ ਲਿਆ। ਤੇਰੇ ਲਈ ਕੁਝ ਏ।” ਸ਼ਮਿੰਦਰ ਨੇ ਅਲਮਾਰੀ ‘ਚੋਂ ਇਕ ਪੈਕੇਟ ਜਿਹਾ ਕੱਢਿਆ ਤੇ ਬਲਜੀਤ ਨੂੰ ਫੜਾ ਦਿੱਤਾ। ਪੁਰਾਣੇ ਅਖਬਾਰ ‘ਚ ਕੁਝ ਗੋਲ-ਮੋਲ ਵਲ੍ਹੇਟਿਆ ਹੋਇਆ ਸੀ।
“ਇਹ ਤੇਰੇ ਲਈ ਇਕ ਤੁਹਫਾ ਏ”, ਬਲਜੀਤ ਨੇ ਪੈਕੇਟ ਉਹਦੇ ਵਲ ਕਰਦਿਆਂ ਕਿਹਾ, “ਲੈ-ਲੈ, ਭਾਵੇਂ ਘਰ ਜਾ ਕੇ ਰੱਜੋ ਕੋਲ ਛੱਡ ਜਾਈਂ। ਬਹਿਸ ਨਾ ਕਰੀਂ। ਮੇਰੇ ‘ਚ ਬਹਿਸ ਦੀ ਤਾਕਤ ਨਹੀਂ। ਆਪੇ ਹੀ ਖੋਲ੍ਹ ਲੈ।”
ਸ਼ਮਿੰਦਰ ਨੇ ਕਾਗਜ਼ ਲਾਹਿਆ। ਕਈ ਤੈਹਾਂ ਸਨ। ਵਿਚੋਂ ਦਰਜਨ ਕੁ ਚੂੜੀਆਂ ਨਿਕਲੀਆਂ। ਅੱਧੀਆਂ ਸ਼ਾਹ ਕਾਲੀਆਂ। ਅੱਧੀਆਂ ਸਾਵੀਆਂ। ਗੂਹੜੀਆਂ। ਬਰੀਕ-ਬਰੀਕ। ਕੱਚ ਦੀਆਂ। ਜਿਹੋ ਜਿਹੀਆਂ ਉਹ ਕਦੀ ਕੰਵਾਰੀ ਹੁੰਦਿਆਂ ਪਾਉਂਦੀ ਹੁੰਦੀ ਸੀ। ਤਿੜਕ ਪੈਣ ਵਾਲੀਆਂ।
ਉਹਨੂੰ ਹੈਰਾਨ ਹੁੰਦੀ ਵੇਖ ਬਲਜੀਤ ਦੱਸਣ ਲੱਗਾ, “ਇਕ ਦਿਨ ਮੈਂ ਹਨੂਮਾਨ ਮੰਦਿਰ ਅੱਗੋਂ ਲੰਘ ਰਿਹਾ ਸਾਂ। ਮੰਗਲਵਾਰ ਸੀ। ਬੜੀ ਭੀੜ ਸੀ। ਮੈਂ ਉਥੋਂ ਖਰੀਦੀਆਂ ਸਨ।”
ਸ਼ਮਿੰਦਰ ਚਿਟਕੀ ਪਈ ਸੀ। ਉਹਨੇ ਜਿਵੇਂ ਕੁਝ ਨਹੀਂ ਸੀ ਸੁਣਿਆ। ਉਹ ਚੂੜੀਆਂ ਵਲ ਵੇਖ ਰਹੀ ਸੀ। ਮਸਕੀਨ ਜਿਹੀਆਂ ਸਨ। ਨਿਆਸਰੀਆਂ ਜਿਹੀਆਂ। ਪੋਲੇ ਜਿਹੇ ਫੜਨ ਵਾਲੀਆਂ। ਬਹੁਤਾ ਲਿਸ਼ਕ ਵੀ ਨਹੀਂ ਸਨ ਰਹੀਆਂ। ਸਸਤੀਆਂ ਸਨ। ਦਸ ਪੰਦਰਾਂ ਰੁਪਈਆਂ ਦੀਆਂ ਹੋਣਗੀਆਂ। ਪਤਾ ਨਹੀਂ, ਕਦੋਂ ਦੀਆਂ ਪਈਆਂ ਸਨ। ਹੁਣ ਤੱਕ ਸਬੂਤੀਆਂ ਕਿਵੇਂ ਰਹੀਆਂ ਸਨ।
ਬਲਜੀਤ ਚੁੱਪ ਸੀ ਤੇ ਸ਼ਮਿੰਦਰ ਵਲ ਵੇਖ ਰਿਹਾ ਸੀ। ਸ਼ਮਿੰਦਰ ਨੂੰ ਸਿਰਫ ਚੂੜੀਆਂ ਹੀ ਦਿਸ ਰਹੀਆਂ ਸਨ। ਉਹਨੂੰ ਲੱਗਾ, ਉਹ ਕੁਝ ਕਹਿ ਰਹੀਆਂ ਸਨ। ਸ਼ਾਇਦ ਉਹ ਸੁਣ ਰਹੀ ਲਗਦੀ ਸੀ, “ਅਸੀਂ ਨਿਮਾਣੀਆਂ ਹਾਂ। ਨਿਰਫਲ ਹਾਂ। ਸਾਡਾ ਕੁਝ ਖਾਸ ਮੁੱਲ ਨਹੀਂ। ਠਹਿਰ ਕੇ ਟੁੱਟ ਸਕਦੀਆਂ ਹਾਂ। ਅਸੀਂ ਭਰਮਾਉਂਦੀਆਂ ਨਹੀਂ। ਸਿਰਫ ਸੁਹਣੀਆਂ ਲਗਦੀਆਂ ਹਾਂ। ਛਣਕਦੀਆਂ ਹਾਂ।”
ਚੂੜੀਆਂ ਨੇ ਕਿਹਾ ਸੀ ਜਾਂ ਨਹੀਂ, ਪਰ ਸ਼ਮਿੰਦਰ ਨੇ ਸੁਣਿਆ ਜ਼ਰੂਰ ਸੀ। ਉਹਦੇ ਭਾਣੇ ਉਹ ਅਜੇ ਵੀ ਚੁੱਪ ਨਹੀਂ ਸਨ ਹੋਈਆਂ। ਬੋਲੀ ਜਾ ਰਹੀਆਂ ਸਨ, “ਅਸੀਂ ਚਿੰਨ੍ਹ ਹਾਂ, ਇਕ ਪਾਸੇ ਪਿਆਰ ਦੀਆਂ। ਉਸ ਦੀਵੇ ਦੀਆਂ, ਜਿਹੜਾ ਇਕੱਲਵਾਂਝੇ ਬਲਦਾ ਏ, ਜਿਹੜਾ ਦੂਜਿਆਂ ਦੇ ਹਨ੍ਹੇਰੇ ‘ਚ ਗਲਬਾ ਨਹੀਂ ਪਾਉਣਾ ਚਾਹੁੰਦਾæææ।”
ਸ਼ਮਿੰਦਰ ਨੇ ਬਲਜੀਤ ਵਲ ਵੇਖਿਆ ਤੇ ਕਿਹਾ, “ਮੈਨੂੰ ਚੜ੍ਹਾ ਦਿਓ।”
ਬਲਜੀਤ ਦਾ ਉਦਾਸ ਮੂੰਹ ਲਿਸ਼ਕ ਪਿਆ। ਉਹਨੇ ਸ਼ਮਿੰਦਰ ਦੀ ਅੱਗੇ ਕੀਤੀ ਬਾਂਹ ‘ਚ ਕਾਲੀਆਂ ਤੇ ਸਾਵੀਆਂ ਚੂੜ੍ਹੀਆਂ ਆਪੋ ‘ਚ ਰਲਾ ਕੇ ਚੜ੍ਹਾ ਦਿੱਤੀਆਂ। ਉਹ ਮਾੜਾ ਜਿਹਾ ਚਮਕੀਆਂ। ਮਾੜਾ ਜਿਹੀਆਂ ਛਣਕੀਆਂ। ਛਣਕ ਸ਼ਮਿੰਦਰ ਦੇ ਘਰੋਂ ਨਿਕਲ ਜਾਣ ਬਾਅਦ ਵੀ ਸੁਣੀਂਦੀ ਰਹੀ।
ਘਰ ਜਾ ਕੇ ਸ਼ਮਿੰਦਰ ਨੇ ਬਲਜੀਤ ਦਾ ਇਹ ਤੁਹਫਾ ਰਜਵੰਤ ਨੂੰ ਵਾਪਸ ਨਾ ਕੀਤਾ।

Be the first to comment

Leave a Reply

Your email address will not be published.