ਬਰੈਂਪਟਨ ਦੀ ਬਹਾਰ ਦੇ ਰੰਗ

Ḕਬਰੈਂਪਟਨ ਦੀ ਬਹਾਰ ਦੇ ਰੰਗḔ ਵਿਚ ਪ੍ਰਿੰਸੀਪਲ ਸਰਵਣ ਸਿੰਘ ਨੇ ਕੈਨੇਡਾ ਦੇ ਖੂਬਸੂਰਤ ਸ਼ਹਿਰ ਬਰੈਂਪਟਨ ਦਾ ਅੱਗਾ-ਪਿੱਛਾ ਫਰੋਲਦਿਆਂ ਨਾਲ ਹੀ ਪੰਜਾਬੀਆਂ ਬਾਰੇ ਗੱਲਾਂ ਕੀਤੀਆਂ ਹਨ। ਇਸ ਵਿਚ ਇਤਿਹਾਸ ਅਤੇ ਵਰਤਮਾਨ ਦੇ ਰੰਗ ਇਕੋ ਵੇਲੇ ਝਾਤੀਆਂ ਮਾਰਦੇ ਹਨ। ਬਰੈਂਪਟਨ ਦੇ ਸਹਿਜ ਨੂੰ ਲੇਖਕ ਨੇ ਪੰਜਾਬੀ ਸ਼ਾਇਰਾਂ ਦੀਆਂ ਰਚਨਾਵਾਂ ਨਾਲ ਯਾਦ ਕੀਤਾ ਹੈ। ਇਉਂ ਪ੍ਰਿੰਸੀਪਲ ਸਰਵਣ ਸਿੰਘ ਦੀ ਹਰ ਲਿਖਤ ਵਾਂਗ ਇਹ ਰਚਨਾ ਵੀ ਸਤਰੰਗੀ ਪੀਂਘ ਵਰਗਾ ਨਜ਼ਾਰਾ ਬੰਨ੍ਹਦੀ ਹੈ। ਪੜ੍ਹਦਿਆਂ-ਪੜ੍ਹਦਿਆਂ ਅਹਿਸਾਸ ਹੁੰਦਾ ਹੈ ਜਿਵੇਂ ਥਾਂ-ਪੁਰ-ਥਾਂ ਰੰਗ-ਬਰੰਗੇ ਝਰਨੇ ਫੁੱਟ ਰਹੇ ਹੋਣ। ਸ਼ਬਦਾਂ ਦੀ ਜੜਤ ਜਿਵੇਂ ਸਾਰੰਗੀ ਦੀਆਂ ਤਾਰਾਂ ਉਤੇ ਕੋਈ ਗਵੱਈਆ ਗਜ ਫੇਰ ਰਿਹਾ ਹੋਵੇ। ਪੰਜਾਬੀ ਵਾਰਤਕ ਵਿਚ ਇਸ ਤਰ੍ਹਾਂ ਦਾ ਵੇਗ ਬਹੁਤ ਘੱਟ ਪੜ੍ਹਨ ਨੂੰ ਮਿਲਦਾ ਹੈ। -ਸੰਪਾਦਕ

ਪ੍ਰਿੰਸੀਪਲ ਸਰਵਣ ਸਿੰਘ
ਫੋਨ : 905-799-1661
ਆਓ ਸਾਡੇ ਸ਼ਹਿਰ ਦੀ ਬਹਾਰ ਵੇਖ ਲਓ,
ਹਰ ਪਾਸੇ ਖਿੜੀ ਗੁਲਜ਼ਾਰ ਵੇਖ ਲਓ।
ਬਰੈਂਪਟਨ ਵਿਚ ਇੰਨੇ ਫੁੱਲ ਹਨ ਕਿ ਉਨ੍ਹਾਂ ਦਾ ਹਾਰ ਸਾਰੀ ਧਰਤੀ ਨੂੰ ਪਾਇਆ ਜਾ ਸਕਦੈ। ਬਰੈਂਪਟਨ ਨਾਲ ਪੰਜਾਬੀਆਂ ਦਾ ਹੁਣ ਖ਼ਾਸ ਰਿਸ਼ਤਾ ਬਣ ਗਿਐ। ਜਿਵੇਂ ਭਾਰਤ ਵਿਚ ਪੰਜਾਬੀ ਬੋਲਣ ਵਾਲਿਆਂ ਦਾ ਸਭ ਤੋਂ ਵੱਡਾ ਸ਼ਹਿਰ ਦਿੱਲੀ ਤੇ ਪਾਕਿਸਤਾਨ ਦਾ ਲਾਹੌਰ ਹੈ, ਉਵੇਂ ਕੈਨੇਡਾ ਵਿਚ ਪੰਜਾਬੀ ਬੋਲਣ ਵਾਲਿਆਂ ਦਾ ਸਭ ਤੋਂ ਵੱਡਾ ਸ਼ਹਿਰ ਬਰੈਂਪਟਨ ਹੈ। ਇਸ ਦੀ ਪੰਜਵਾਂ ਹਿੱਸਾ ਆਬਾਦੀ ਪੰਜਾਬੀ ਬੋਲਦੀ ਹੈ। ਮਈ-ਜੂਨ ਬਰੈਂਪਟਨ ਵਿਚ ਬਹਾਰ ਦੇ ਮਹੀਨੇ ਹੁੰਦੇ ਹਨ। ਇਨ੍ਹੀਂ ਦਿਨੀਂ ਰੁੱਖ ਬੂਟੇ ਮੌਲਦੇ ਤੇ ਅਨੇਕਾਂ ਰੰਗਾਂ ਦੇ ਫੁੱਲ ਖਿੜਦੇ ਹਨ। ਚਾਰ-ਚੁਫੇਰੇ ਰੰਗਾਂ ਦੀ ਲੀਲ੍ਹਾ ਰਚੀ ਜਾਂਦੀ ਹੈ ਤੇ ਚੌਗਿਰਦਾ ਮਹਿਕ ਉਠਦਾ ਹੈ। ਇਸੇ ਮਹਿਕ ਵਿਚ ਪੰਜਾਬੀਆਂ ਦੇ ਘਰਾਂ ਵਿਚ ਲੱਗਦੇ ਤੜਕਿਆਂ ਦੀ ਕਰਾਰੀ ਮਹਿਕ ਰਲ ਜਾਂਦੀ ਹੈ। ਸੈਰ ਕਰਦੇ ਸੱਜਣ ਸਰਸ਼ਾਰ ਨਾ ਹੋਣ ਤਾਂ ਹੋਰ ਕੀ ਹੋਣ!
ਮੈਂ 2001 ਤੋਂ ਇਸੇ ਸ਼ਹਿਰ ਵਿਚ ਰਹਿੰਨਾਂ ਜਿਸ ਕਰ ਕੇ ਇਸ ਦੀ ਬਹਾਰ ਦਾ ਅੱਖੀਂ ਡਿੱਠਾ ਦਰਸ਼ਕ ਹਾਂ। ਟੋਰਾਂਟੋ ਖੇਤਰ ਦਾ ਇਹ ਸ਼ਹਿਰ ਕੈਨੇਡਾ ਦਾ ਨੌਵਾਂ ਵੱਡਾ ਸ਼ਹਿਰ ਗਿਣਿਆ ਜਾਂਦਾ ਹੈ। ਇਹ 1852 ਵਿਚ ਛੋਟੇ ਜਿਹੇ ਪਿੰਡ ਵਜੋਂ ਵਜੂਦ ਵਿਚ ਆਇਆ ਸੀ। ਉਦੋਂ ਇਥੇ ਫਸਲਾਂ ਦੀ ਉਪਜ ਦਾ ਮੇਲਾ ਲੱਗਾ ਸੀ। ਮੇਲੇ ਦੀ ਵੇਚ-ਵੱਟ ਪਿਛੋਂ ਕੁਝ ਬੰਦੇ ਇਥੇ ਹੀ ਟਿਕ ਗਏ। ਇਸ ਦਾ ਨਾਂ ਇੰਗਲੈਂਡ ਦੇ ਨਿੱਕੇ ਜਿਹੇ ਕਸਬੇ ਦੇ ਨਾਂ ਉਤੇ ਬਰੈਂਪਟਨ ਰੱਖਿਆ ਗਿਆ। ਸੰਭਵ ਹੈ, ਇਥੇ ਵਸਣ ਵਾਲੇ ਬੰਦੇ ਇੰਗਲੈਂਡ ਦੇ ਕਸਬੇ ਬਰੈਂਪਟਨ ਤੋਂ ਆਏ ਹੋਣ। ਇਹ ਉਵੇਂ ਹੀ ਹੈ ਜਿਵੇਂ ਮਾਝੇ, ਮਾਲਵੇ ਤੇ ਦੁਆਬੇ ‘ਚੋਂ ਬਾਰ ਵਿਚ ਗਏ ਬੰਦਿਆਂ ਨੇ ਚੱਕਾਂ ਦੇ ਨਾਂ ਆਪੋ ਆਪਣੇ ਪਿੰਡਾਂ ਦੇ ਨਾਂਵਾਂ ਨਾਲ ਜੋੜ ਲਏ ਸਨ।
1858 ਵਿਚ ਜਦੋਂ ਪੰਜਾਬ ਅੰਗਰੇਜ਼ਾਂ ਦੇ ਅਧੀਨ ਆ ਚੁੱਕਾ ਸੀ ਤੇ ਭਾਰਤ ਵਿਚ ਗਦਰ ਦੇ ਦਿਨ ਸਨ, ਉਦੋਂ ਬਰੈਂਪਟਨ ਵਿਚ ਕੇਵਲ 50 ਜਣਿਆਂ ਦਾ ਵਸੇਬਾ ਸੀ। 1869 ਤਕ ਇਥੇ 1800 ਜੀਅ ਰਹਿਣ ਲੱਗੇ। 1971 ਤਕ ਬਰੈਂਪਟਨ ਦੀ ਆਬਾਦੀ 41211, 1981 ਤਕ 149030 ਅਤੇ 1991 ਵਿਚ 234445 ਹੋ ਗਈ। ਪੰਜਾਬੀ ਇਥੇ 70ਵਿਆਂ ‘ਚ ਆਉਣੇ ਸ਼ੁਰੂ ਹੋਏ ਜੋ ਤੀਹ-ਚਾਲੀ ਸਾਲਾਂ ‘ਚ ਸਾਰੇ ਬਰੈਂਪਟਨ ‘ਚ ਛਾ ਗਏ। 2011 ਦੀ ਜਨਸੰਖਿਆ ਅਨੁਸਾਰ ਬਰੈਂਪਟਨ ਦੀ ਆਬਾਦੀ 523911 ਸੀ ਜਿਸ ਵਿਚ 33% ਗੋਰੇ, 39% ਦੱਖਣੀ ਏਸ਼ਿਆਈ ਤੇ 13% ਕਾਲੇ ਹਨ। ਇਨ੍ਹਾਂ ਵਿਚ ਇਸਾਈ 50%, ਸਿੱਖ 19%, ਹਿੰਦੂ 12% ਤੇ ਮੁਸਲਮਾਨ 7% ਹਨ। 51% ਬਰੈਂਪਟਨੀਆਂ ਦੀ ਮਾਤ ਭਾਸ਼ਾ ਅੰਗਰੇਜ਼ੀ ਹੈ ਤੇ 18% ਦੀ ਮਾਂ ਬੋਲੀ ਪੰਜਾਬੀ। ਇਨ੍ਹਾਂ ਦੋ ਭਾਸ਼ਾਵਾਂ ਤੋਂ ਬਾਅਦ ਜਿਹੜੀਆਂ ਗਿਣਨਯੋਗ ਨੌਂ ਭਾਸ਼ਾਵਾਂ ਹੋਰ ਹਨ ਜਿਨ੍ਹਾਂ ਦੀ ਫੀਸਦੀ 1æ5 ਤੋਂ 2æ8 ਤਕ ਹੈ। ਇਸ ਫੀਸਦੀ ਤੋਂ ਜਾਪਦਾ ਹੈ ਕਿ ਪੰਜਾਬ ਵਾਂਗ ਸਾਰੇ ਪੰਜਾਬੀਆਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਨਹੀਂ ਲਿਖਾਈ। ਉਂਜ ਬਰੈਂਪਟਨ ਦੇ ਇਕ ਚੌਥਾਈ ਵਸਨੀਕ ਪੰਜਾਬੀ ਮੂਲ ਦੇ ਹਨ ਜਿਨ੍ਹਾਂ ਵਿਚ ਪਾਕਿਸਤਾਨੀ ਪੰਜਾਬੀ ਵੀ ਹਨ। ਪਤਾ ਨਹੀਂ ਪਰਦੇਸਾਂ ਵਿਚ ਵਸ ਕੇ ਵੀ ਕੁਝ ਪੰਜਾਬੀ ਆਪਣੀ ਮਾਤ ਭਾਸ਼ਾ ਉਰਦੂ, ਹਿੰਦੀ ਤੇ ਅੰਗਰੇਜ਼ੀ ਕਿਉਂ ਲਿਖਵਾਉਂਦੇ ਹਨ?
ਕੈਨੇਡਾ ਦਾ ਇਕ ਹੋਰ ਸ਼ਹਿਰ ਸਰੀ ਵੀ ਪੰਜਾਬੀਆਂ ਦੀ ਚੋਖੀ ਵਸੋਂ ਵਾਲਾ ਹੈ ਪਰ ਉਸ ਦੀ ਆਬਾਦੀ ਹੁਣ ਦੇ ਬਰੈਂਪਟਨ ਤੋਂ ਘੱਟ ਹੈ। ਸਰੀ ‘ਚ ਸਿੱਖਾਂ ਦੀ ਵਸੋਂ 16æ3% ਹੈ। ਓਂਟਾਰੀਓ ਸੂਬੇ ਵਿਚ ਬਰੈਂਪਟਨ ਤੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਸੱਰੀ ਪੰਜਾਬੀਆਂ ਦੇ ਵੱਡੇ ਸ਼ਹਿਰ ਹਨ। ਇਨ੍ਹਾਂ ਸ਼ਹਿਰਾਂ ਵਿਚ ਪੰਜਾਬੀ ਦੇ ਅਨੇਕਾਂ ਅਖ਼ਬਾਰ ਛਪਦੇ ਅਤੇ ਦਰਜਨਾਂ ਰੇਡੀਓ ਤੇ ਟੀæਵੀæ ਦੇ ਪੰਜਾਬੀ ਪ੍ਰੋਗਰਾਮ ਚਲਦੇ ਹਨ। ਕਈ ਦੁਕਾਨਾਂ ਦੇ ਬੋਰਡ ਵੀ ਗੁਰਮੁਖੀ ਵਿਚ ਲਿਖੇ ਦਿਸਦੇ ਹਨ। ਪਾਰਕਾਂ ਵਿਚ ਪੰਜਾਬੀ ਬਾਬਿਆਂ ਦੀਆਂ ਸੱਥਾਂ ਜੁੜਦੀਆਂ ਤੇ ਕਮਿਊਨਿਟੀ ਹਾਲਾਂ ‘ਚ ਮਹਿਫ਼ਲਾਂ ਲੱਗਦੀਆਂ ਹਨ। ਤਾਸ਼ ਦੀਆਂ ਖੇਡਾਂ ਸਰਾਂ ਮੰਗਣ, ਬੇਗੀ ਬਾਦਸ਼ਾਹ ਕੁੱਟ ਤੇ ਸੀਪ ਬਗੈਰਾ ਖੇਡੀਆਂ ਜਾਂਦੀਆਂ ਹਨ। ਗੱਲਾਂ-ਬਾਤਾਂ ਵਿਚ ਪੰਜਾਬ ਪੰਜਾਬ ਹੀ ਹੁੰਦੀ ਹੈ। ਅਨੇਕਾਂ ਗੁਰਦੁਆਰੇ ਹਨ ਜਿਥੇ ਕਥਾ ਕੀਰਤਨ ਤੇ ਅਨੰਦ ਕਾਰਜਾਂ ਦਾ ਵਾਰ ਨਹੀਂ ਆਉਂਦਾ। ਨਗਰ ਕੀਰਤਨਾਂ ਸਮੇਂ ਤਾਂ ਸੰਗਤਾਂ ਦਾ ਹੜ੍ਹ ਹੀ ਆ ਜਾਂਦਾ ਹੈ। ਗੋਰੇ ਹੈਰਾਨ ਹੁੰਦੇ ਹਨ ਕਿ ਏਡਾ ਕਟਕ ਕਿਥੋਂ ਆ ਚੜ੍ਹਿਆ? ਗਾਉਣ ਵਾਲਿਆਂ ਦੇ ਅਖਾੜੇ ਤੇ ਕਬੱਡੀ ਦੇ ਟੂਰਨਾਮੈਂਟ ਹਜ਼ਾਰਾਂ ਲੋਕ ਵੇਖਦੇ ਹਨ। ਤੀਆਂ ਦੇ ਮੇਲਿਆਂ ਵਿਚ ਵੀ ਤੀਵੀਆਂ ਦਾ ਧੱਕਾ ਪੈਂਦੈ। ਬਰੈਂਪਟਨ ਹੁਣ ਇੰਜ ਹੀ ਲੱਗਦੈ ਜਿਵੇਂ ਮੋਗਾ-ਜਲੰਧਰ ਹੋਵੇ।
ਬਰੈਂਪਟਨ ਸ਼ਹਿਰ 267 ਵਰਗ ਕਿਲੋਮੀਟਰ ਵਿਚ ਫੈਲਿਆ ਹੋਇਐ। ਇਥੋਂ ਦੇ ਮੈਂਬਰ ਪਾਰਲੀਮੈਂਟ ਤੇ ਮੈਂਬਰ ਪ੍ਰਾਵਿੰਸ ਪਾਰਲੀਮੈਂਟ ਵਧੇਰੇ ਕਰ ਕੇ ਪੰਜਾਬੀ ਮੂਲ ਦੇ ਬੰਦੇ ਹੀ ਬਣਦੇ ਹਨ ਜਦ ਕਿ ਬਰੈਂਪਟਨ ਦੀਆਂ ਕੌਂਸਲ/ਪੰਚਾਇਤੀ ਚੋਣਾਂ ਪੰਜਾਬੀ ਆਪਸ ਵਿਚ ਲੜ ਕੇ ਹਾਰ ਜਾਂਦੇ ਹਨ। ਬਰੈਂਪਟਨ ਕੌਂਸਲ ਦੀਆਂ ਦਰਜਨ ਸੀਟਾਂ ‘ਚੋਂ ਪੰਜਾਬੀ ਕੈਨੇਡੀਅਨਾਂ ਨੇ ਕਦੇ ਇਕ ਤੋਂ ਵੱਧ ਸੀਟ ਨਹੀਂ ਜਿੱਤੀ!
ਬਰੈਂਪਟਨ ਨੂੰ ਪਹਿਲਾਂ ਪਿੰਡ ਤੇ ਫਿਰ ਕਸਬਾ ਕਿਹਾ ਜਾਂਦਾ ਸੀ। ਹੁਣ ਬਰੈਂਪਟਨ ਨੂੰ ਸਿਟੀ ਆਫ਼ ਫਲਾਵਰਜ਼ ਕਿਹਾ ਜਾਂਦਾ ਹੈ। ਇਸ ਸ਼ਹਿਰ ਦਾ ਲੋਗੋ ਵੀ ਖਿੜਿਆ ਹੋਇਆ ਫੁੱਲ ਹੈ। ਇੰਗਲੈਂਡ ਦੇ ਸ਼ਹਿਰ ਡੋਰਕਿੰਗ ਤੋਂ ਐਡਵਰਡ ਡੇਲ ਨਾਂ ਦਾ ਅੰਗਰੇਜ਼ ਉਦੋਂ ਇਥੇ ਆਇਆ ਜਦੋਂ ਇਸ ਪਿੰਡ ਦੀ ਆਬਾਦੀ ਹਜ਼ਾਰ ਤੋਂ ਵੀ ਘੱਟ ਸੀ। ਉਸ ਨੇ 1863 ਵਿਚ ਇਥੇ ਫੁੱਲਾਂ ਦੀ ਪਹਿਲੀ ਨਰਸਰੀ ਲਾਈ। ਇਥੋਂ ਦੀ ਧਰਤੀ ਤੇ ਪੌਣ ਪਾਣੀ ਫੁੱਲਾਂ ਦੇ ਅਨੁਕੂਲ ਸੀ। ਨਰਸਰੀ ਦਾ ਨਾਂ ਰੱਖਿਆ ਗਿਆ ਚਿਮਨੀ। ਚਿਮਨੀ ਕੰਪਨੀ ਰੁਜ਼ਗਾਰ ਦਾ ਵੱਡਾ ਸਾਧਨ ਬਣ ਗਈ ਤੇ ਇਹਦੇ ਫੁੱਲ ਬੂਟੇ ਸਾਰੇ ਉਤਰੀ ਅਮਰੀਕਾ ਵਿਚ ਜਾਣ ਲੱਗੇ। ਫੁੱਲ ਬੂਟੇ ਉਗਾਉਣ ਤੇ ਵੇਚਣ ਵਾਲੀ ਚਿਮਨੀ ਕੰਪਨੀ ਐਸੀ ਚੜ੍ਹੀ ਕਿ ਉਸ ਨੇ 140 ਗਰੀਨ ਹਾਊਸ ਤੇ 48 ਗਰਮ ਰੁੱਤ ਦੀਆਂ ਨਰਸਰੀਆਂ ਚਾਲੂ ਕਰ ਲਈਆਂ। ਫੁੱਲਾਂ ਦੀ ਬਹਾਰ ਤਾਂ ਫਿਰ ਆਉਣੀ ਹੀ ਸੀ। ਇਕ ਸੀਜ਼ਨ ਵਿਚ ਹੀ ਦੋ ਕਰੋੜ ਫੁੱਲ ਬੂਟਿਆਂ ਦਾ ਵਣਜ ਵਪਾਰ ਹੋਣ ਲੱਗਾ।
ਬਰੈਂਪਟਨ ਦੀਆਂ ਚਾਰ ਰੁੱਤਾਂ ਬਹਾਰ, ਗਰਮੀ, ਪਤਝੜ ਤੇ ਸਰਦੀ ਦੀਆਂ ਹਨ। ਗਰਮੀ ਵੱਧ ਤੋਂ ਵੱਧ 38 ਡਿਗਰੀ ਸੈਲਸੀਅਸ ਤਕ ਚਲੀ ਜਾਂਦੀ ਹੈ ਤੇ ਸਰਦੀ ਮਨਫ਼ੀ 38 ਡਿਗਰੀ ਤਕ ਡਿੱਗ ਪੈਂਦੀ ਹੈ। ਤੇਰਾਂ ਸਾਲਾਂ ਤੋਂ ਮੈਂ ਗਰਮੀਆਂ ਕੈਨੇਡਾ ਵਿਚ ਬਿਤਾ ਰਿਹਾਂ ਤੇ ਸਰਦੀਆਂ ਪੰਜਾਬ ਵਿਚ। ਬਰੈਂਪਟਨ ਦਾ ਸਿਆਲ ਇਥੇ ਵਸਣ ਵਾਲੇ ਬੁੱਢੇ ਬੁੱਢੀਆਂ ਨੂੰ ਅੰਦਰੀਂ ਤਾੜੀ ਰੱਖਦੈ ਜਿਸ ਨੂੰ ਮਿੱਠੀ ਜੇਲ੍ਹ ਵੀ ਕਿਹਾ ਜਾ ਸਕਦੈ। ਮੈਂ ਇਸ ਜੇਲ੍ਹ ਤੋਂ ਅਜੇ ਤਕ ਬਚਿਆ ਆ ਰਿਹਾਂ।
ਐਤਕੀਂ ਚੜ੍ਹਦੇ ਦਸੰਬਰ ਦਾ ਗਿਆ ਮਾਰਚ ਦੇ ਅਖ਼ੀਰ ਵਿਚ ਕੈਨੇਡਾ ਮੁੜਿਆ ਤਾਂ ਟੋਰਾਂਟੋ ਏਅਰਪੋਰਟ ਤੋਂ ਬਾਹਰ ਨਿਕਲਦਿਆਂ ਠੰਢੀ ਸੀਤ ਹਵਾ ਨੇ ਸੁਆਗਤ ਕੀਤਾ। ਫਗਵਾੜੇ ਤੋਂ ਦਿੱਲੀ ਏਅਰ ਪੋਰਟ ਦੀ ਬੱਸ ਚੜ੍ਹਨ ਸਮੇਂ ਇੰਨੀ ਗਰਮੀ ਸੀ ਕਿ ਕੈਨੇਡਾ ਜਾ ਕੇ ਪਾਉਣ ਵਾਲੀ ਜੈਕਟ ਬੱਸ ਦੇ ਉਤਲੇ ਰਖਣੇ ਵਿਚ ਰੱਖ ਦਿੱਤੀ। ਦਿੱਲੀ ਏਅਰਪੋਰਟ ਉਤੇ ਇਸ ਕਰ ਕੇ ਕੱਢਣੀ ਭੁੱਲ ਗਿਆ ਕਿ ਗਰਮੀ ਨੇ ਚੇਤਾ ਹੀ ਭੁਲਾ ਦਿੱਤਾ। ਜੈਕਟ ਦਾ ਚੇਤਾ ਟੋਰਾਂਟੋ ਦੀ ਠੰਢੀ ਸੀਤ ਹਵਾ ਨੇ ਕਰਾਇਆ। ਘਰ ਤਕ ਜਾਂਦਿਆਂ ਆਲੇ ਦੁਆਲੇ ਬਰਫ਼ ਦੇ ਢੇਰ ਲੱਗੇ ਵੇਖੇ। ਪੰਜਾਬ ਵਿਚ ਸਵੇਰੇ ਸ਼ਾਮ ਦੀ ਸੈਰ ਘੱਟ ਹੀ ਖੁੰਝੀ ਸੀ ਪਰ ਬਰੈਂਪਟਨ ਵਿਚ ਆਮ ਹੀ ਨਾਗੇ ਪੈਣ ਲੱਗੇ। ਦਿਨ-ਦਿਹਾਰ ਬਾਹਰ ਨਿਕਲਦੇ ਤਾਂ ਸੁੱਕੇ ਰੁੱਖ, ਸੁੱਕੀਆਂ ਝਾੜੀਆਂ, ਸੁੱਕਾ ਘਾਹ ਤੇ ਕਈ ਥਾਂਈਂ ਬਰਫ਼ ਦੇ ਭੰਨੇ ਦਰੱਖਤ ਦਿਸਦੇ। ਬਰੈਂਪਟਨ ਜਿਸ ਦੀ ਬਹਾਰ ਬਾਰੇ ਗੱਲ ਤੋਰੀ ਹੈ ਸਿਆਲ ‘ਚ ਅਸਲੋਂ ਨਿਰਜਿੰਦ ਲੱਗਦੈ। ਉਪਰੋਂ ਉਜਾੜ ਬੀਆਬਾਨ!
ਫਿਰ ਜਿਵੇਂ ਮਾਰਚ ਵਿਚ ਪੰਜਾਬ ਦੀ ਪ੍ਰਕਿਰਤੀ ਮਹਿਕ ਉਠਦੀ ਹੈ, ਮਈ ‘ਚ ਓਂਟਾਰੀਓ ਸੂਬੇ ਦੀ ਪ੍ਰਕਿਰਤੀ ਵੀ ਪੁੰਗਰਨ ਲੱਗਦੀ ਹੈ। ਦਿਨਾਂ ਵਿਚ ਹੀ ਬਰੈਂਪਟਨ ਵਰਗੇ ਸ਼ਹਿਰ ਹਰੇ ਘਾਹ ਤੇ ਰੰਗ-ਬਰੰਗੇ ਫੁੱਲਾਂ ਦੇ ਵੇਸ ਪਹਿਨ ਲੈਂਦੇ ਹਨ। ਮੈਂ ਕਈ ਵਾਰ ਹੈਰਾਨ ਹੁੰਨਾਂ ਕਿ ਇੰਨੇ ਰੰਗ ਕਿਧਰੋਂ ਆ ਜਾਂਦੇ ਹਨ! ਰੁੱਖਾਂ ਦੀਆਂ ਟਾਹਣੀਆਂ ‘ਚੋਂ ਹਰੀਆਂ ਕਚੂਰ ਪੱਤੀਆਂ ਫੁੱਟ ਪੈਂਦੀਆਂ ਹਨ, ਘਰਾਂ ਦੇ ਅਗੇਰੇ ਪਿਛੇਰੇ ਦਾ ਸੁੱਕਾ ਮੁਰਝਾਇਆ ਘਾਹ ਹਰਾ ਭਰਾ ਹੋ ਜਾਂਦੈ, ਸੈਰ ਕਰਨ ਵਾਲੀਆਂ ਟ੍ਰੇਲਾਂ ਦਾ ਆਲਾ-ਦੁਆਲਾ ਹਰਿਆਵਲ ਨਾਲ ਸ਼ਿਗਾਰਿਆ ਜਾਂਦੈ, ਝੀਲਾਂ ਵਿਚ ਸਫੈਦ ਬੱਤਖਾਂ ਤੈਰਨ ਲੱਗਦੀਐਂ ਅਤੇ ਆਲ੍ਹਣਿਆਂ ਵਿਚ ਪੰਛੀ ਚਹਿਕਣ ਤੇ ਅੰਬਰ ਉਤੇ ਉਡਾਰੀਆਂ ਭਰਨ ਲੱਗਦੇ ਨੇ। ਬਾਗ ਬਗੀਚੇ ਫੁੱਲਾਂ ਨਾਲ ਲੱਦੇ ਜਾਂਦੇ ਨੇ। ਧਨੀ ਰਾਮ ਚਾਤ੍ਰਿਕ ਦੀ ਕਵਿਤਾ- ਪੁੰਗਰੀਆਂ ਵੇਲਾਂ ਵੱਲਾਂ ਰੁੱਖੀਂ ਚੜ੍ਹੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ, ਵਾਲਾ ਦ੍ਰਿਸ਼ ਸਾਹਵੇਂ ਆ ਖੜ੍ਹਦੈ। ਸਵੱਖਤੇ ਸੈਰ ਕਰਦਿਆਂ ਰੱਖਾਂ ਦੇ ਰੁੱਖਾਂ ਵਿਚ ਜਨੌਰਾਂ ਦੀ ਚਹਿਚਿਹਾਟ ਸੁਣਦਿਆਂ ਵਾਰਸ ਦੀ ਹੀਰ ਦਾ ਬੈਂਤ ਯਾਦ ਆ ਜਾਂਦੈ,
ਚਿੜੀ ਚੂਕਦੀ ਨਾਲ ਉਠ ਤੁਰੇ ਪਾਂਧੀ,
ਪਈਆਂ ਦੁੱਧਾਂ ਦੇ ਵਿਚ ਮਧਾਣੀਆਂ ਨੀ।
ਹੋਈ ਸੁਬਹਾ ਸਾਦਿਕ ਜਦੋਂ ਆਣ ਰੋਸ਼ਨ,
ਤਦੋਂ ਲਾਲੀਆਂ ਆਣ ਚਿਚਲਾਣੀਆਂ ਨੀ।
ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ,
ਸੈਆਂ ਭੂਈਂ ਨੂੰ ਜਿਨ੍ਹਾਂ ਨੇ ਲਾਣੀਆਂ ਨੀ।
ਘਰਬਾਰਨਾਂ ਚੱਕੀਆਂ ਝੋਤੀਆਂ ਨੀ,
ਜਿਨ੍ਹਾਂ ਤਉਣਾਂ ਗੁੰਨ੍ਹ ਪਕਾਣੀਆਂ ਨੀ।
ਕਾਰੋਬਾਰ ਵਿਚ ਹੋਇਆ ਜਹਾਨ ਸਾਰਾ,
ਚਰਖੇ ਕੱਤਦੀਆਂ ਉਠ ਸਵਾਣੀਆਂ ਨੀæææ।
ਬਰੈਂਪਟਨ ਵਿਚ ਫੁੱਲ ਸਿਰਫ਼ ਬਾਗਾਂ ਤੇ ਪਾਰਕਾਂ ਵਿਚ ਹੀ ਨਹੀਂ, ਇਹ ਘਰਾਂ ਦੇ ਦਰਾਂ ਮੂਹਰੇ ਵੀ ਬੇਸ਼ੁਮਾਰ ਹਨ। ਚੌਂਕਾਂ ‘ਚ ਫੁੱਲ, ਗਮਲਿਆਂ ‘ਚ ਫੁੱਲ, ਪਾਰਕਾਂ ‘ਚ ਫੁੱਲ ਤੇ ਛੰਭਾਂ ਕਿਨਾਰੇ ਫੁੱਲ। ਕੋਲੋਂ ਦੀ ਲੰਘਦਿਆਂ ਮੋਹਨ ਸਿੰਘ ਦੀ ਕਵਿਤਾ ਦਾ ਬੰਦ ਯਾਦ ਆ ਜਾਂਦੈ,
ਇਕ ਦਿਨ ਮੈਂ ਫੁਲਵਾੜੀ ਵਿਚੋਂ
ਲੰਘ ਰਿਹਾ ਸਾਂ ‘ਕੱਲਾ।
ਕੰਡੇ ਇਕ ਗੁਲਾਬੀ ਫੁੱਲ ਦੇ
ਬਹਿ ਗਏ ਫੜ ਕੇ ਪੱਲਾ।
ਨਾ ਕਰ ਐਡੀ ਕਾਹਲੀ ਰਾਹੀਆ
ਪਲ ਦਾ ਪਲ ਖਲੋਵੀਂ,
ਖ਼ੁਸ਼ਬੂਆਂ ਦੇ ਢੋਏ ਬਾਝੋਂ
ਜਾਣ ਨਹੀਂ ਦੇਣਾ ਮੱਲਾ!
ਤੇ ਨਾਲ ਹੀ ਯਾਦ ਆਉਂਦਾ ਭਾਈ ਵੀਰ ਸਿੰਘ ਦਾ ਲਿਖਿਆ ਫੁੱਲਾਂ ਦਾ ਤਰਲਾ,
ਡਾਲੀ ਨਾਲੋਂ ਤੋੜ ਨਾ ਸਾਨੂੰ
ਅਸਾਂ ਹੱਟ ਮਹਿਕ ਦੀ ਲਾਈ
ਲੱਖ ਗਾਹਕ ਜੇ ਸੁੰਘੇ ਆ ਕੇ
ਖਾਲੀ ਇਕ ਨਾ ਜਾਈ
ਤੂੰ ਜੇ ਇਕ ਤੋੜ ਕੇ ਲੈ ਗਿਓਂ
ਇਕ ਜੋਗਾ ਰਹਿ ਜਾਸਾਂ
ਉਹ ਵੀ ਪਲਕ ਝਲਕ ਦਾ ਮੇਲਾ
ਰੂਪ ਮਹਿਕ ਨੱਸ ਜਾਈ
ਇਕ ਦਿਨ ਮੈਂ ਬਰੈਂਪਟਨ ਦੀ ਬਹਾਰ ਦੇ ਰੰਗ ਨੋਟ ਕਰਨ ਲੱਗਾ ਤਾਂ ਰੰਗਾਂ ਦੀ ਵੰਨਗੀ ਵੇਖ ਕੇ ਦੰਗ ਰਹਿ ਗਿਆ। ਨੋਟ ਕੀਤੇ ਰੰਗ ਗਿਣੇ ਤਾਂ ਆਪਣੀ ਮਾਂ ਬੋਲੀ ਦੀ ਅਮੀਰੀ ‘ਤੇ ਵੀ ਮਾਣ ਹੋਇਆ ਕਿ ਪੰਜਾਬੀ ਵਿਚ ਹਰ ਫੁੱਲਪਤੀ ਦੇ ਰੰਗ ਦਾ ਨਾਂ ਮੌਜੂਦ ਹੈ।
ਉਹ ਰੰਗ ਕੁਝ ਇਸ ਤਰ੍ਹਾਂ ਦੇ ਸਨ: ਹਰਾ, ਨੀਲਾ, ਪੀਲਾ, ਕੇਸਰੀ, ਕਪਾਹੀ, ਕਾਲਾ, ਸਰਦਈ, ਅੰਗੂਰੀ, ਅੰਬਰੀ, ਕਥੱਈ, ਊਦਾ, ਬਲੰਭਰੀ, ਦਾਲਚੀਨੀ, ਮੂੰਗੀਆ, ਤੋਤੇਰੰਗਾ, ਅੰਡਰਈ, ਫ਼ਿਰੋਜ਼ੀ, ਦਾਖੀ, ਬਦਾਮੀ, ਬਿਸਕੁਟੀ, ਲਾਜਵਰੀ, ਮੋਤੀਆ, ਕੱਦੂਮੋਤੀਆ, ਚਿੱਟਾ, ਬਡਮੋਤੀਆ, ਪਿਆਜ਼ੀ, ਹਵਾ ਪਿਆਜ਼ੀ, ਅਸਮਾਨੀ, ਭਗਵਾ, ਮਹਿੰਦੀਰੰਗਾ, ਘੁੱਗੀਰੰਗਾ, ਤਰਬੂਜ਼ੀਆ, ਸਰ੍ਹੋਂਫੁੱਲਾ, ਬੈਂਗਣੀ, ਸੁਨਹਿਰੀ, ਗੇਰੂਆ, ਗ਼ੁਲਾਨਾਰੀ, ਉਨਾਭੀ, ਜਾਮਣੀ, ਲਾਲ, ਗੁਲਾਬੀ, ਸਲੇਟੀ, ਸੁਰਮਈ, ਘਿਉਕਪੂਰੀ, ਕਾਸ਼ਨੀ, ਜੋਗੀਆ, ਅੰਬਰਸੀਆ, ਖਾਕੀ, ਚਾਂਦੀਰੰਗਾ, ਤਾਂਬੇਰੰਗਾ, ਸੰਧੂਰੀ, ਗਾਜਰੀ, ਸੰਤਰੀ, ਲਸੂੜੀਆ, ਸੁਰਖ਼, ਲਾਖਾ, ਬੱਗਾ, ਬੂਰਾ, ਸਾਵਾ, ਕਬੂਤਰੀ, ਚਿਤਕਬਰਾ, ਗ਼ੁਲਾਬਾਸੀ, ਮੋਰਪੰਖੀਆ, ਕੋਕਾ ਕੋਲਾ, ਮਟਮੈਲਾ, ਸ਼ਬਨਮੀ, ਸੰਦਲੀ, ਰੱਤਾ, ਲੂਸਣੀ, ਗੁਲਮੋਹਰੀ, ਯਾਕੂਤੀ, ਸ਼ਰਬਤੀ, ਸੂਹਾ, ਨਸਵਾਰੀ, ਕਿਰਮਚੀ।æææ ਇਥੇ ਬੱਸ ਨਹੀਂ, ਪੰਜਾਬੀ ਵਿਚ ਰੰਗਾਂ ਦੇ ਨਾਂ ਹੋਰ ਵੀ ਹਨ ਜਿਨ੍ਹਾਂ ਦਾ ਜ਼ਿਕਰ ਬਰੈਂਪਟਨ ਦੀ ਪਤਝੜ ਦੇ ਰੰਗ ਗਿਣਾਉਂਦਿਆਂ ਕਰਾਂਗੇ। ਬਰੈਂਪਟਨ ਦੀ ਪਤਝੜ ਵੀ ਇਸ ਦੀ ਬਹਾਰ ਵਾਂਗ ਰੰਗਾਂ ਦੀ ਛਹਿਬਰ ਹੁੰਦੀ ਹੈ।

Be the first to comment

Leave a Reply

Your email address will not be published.