ਗੁਲਜ਼ਾਰ ਸਿੰਘ ਸੰਧੂ
ਦੂਜੀ ਵੱਡੀ ਜੰਗ ਤੋਂ ਪਿੱਛੋਂ ਜੇ ਕੋਈ ਚੀਜ਼ ਨਕਲੀ ਦਿਖਾਈ ਦਿੰਦੀ ਸੀ ਤਾਂ ਉਸ ਨੂੰ ਅਸੀਂ ਜਪਾਨੀ ਮਾਲ ਕਹਿੰਦੇ ਸਾਂ। ਪਿਛਲੇ ਦਿਨਾਂ ਵਿਚ ਮੈਂ ਜਪਾਨ ਦੀ ਮੁਢਲੀ ਕਵਿਤਾ ਦਾ ਪੰਜਾਬੀ ਅਨੁਵਾਦ ਪੜ੍ਹਿਆ ਤਾਂ ਜਾਪਿਆ ਜਿਵੇਂ ਉਹ ਸਾਡੇ ਹੀ ਮੁਢਲੇ ਕਵੀਆਂ ਦੀ ਰਚਨਾ ਹੈ। ਇਸ ਦੀ ਸ਼ਿਲਪਕਾਰੀ, ਪ੍ਰਕ੍ਰਿਤੀ ਵਰਣਨ ਤੇ ਯਥਾਰਥ ਬਿਲਕੁਲ ਸਾਡੇ ਵਰਗਾ ਹੈ। ਬਹੁਤੀਆਂ ਕਵਿਤਾਵਾਂ ਵਿਚ ਅਸਲੀ ਦੁਨੀਆਂ ਦਾ ਸਰੋਦੀ ਵਰਣਨ ਹੈ।
ਪਿਆਰ ਦੀਆਂ ਸੋਚਾਂ ਪੁੰਗਰੀ ਜਾਂਦੀਆਂ
ਘਾਹ ਵਾਂਗ ਘਣੀਆਂ, ਟਹਿ ਟਹਿ ਕਰਦੀਆਂ।
ਘਾਹ ਨੂੰ ਜਿੰਨਾ ਵੱਢੋ, ਖੋਹੋ, ਖੁਰਚੋ
ਇਹ ਹੋਰ-ਹੋਰ ਪੁੰਗਰੀ ਜਾਂਦਾ ਏ।
—
ਮੇਰੇ ਜਿਹਾ ਪਿਆਰ ਕੌਣ ਰਚਾਉਂਦਾ ਏ!
ਮੈਂ ਸੁੱਕੀ ਜਾਂਦੀ ਹਾਂ, ਖੁਰੀ ਜਾਂਦੀ ਹਾਂ
ਕਮਰਬੰਦ ਹੁਣ ਤੀਹਰਾ ਬੰਨ੍ਹਾਂਗੀ।
—
ਜੇ ਮੈਂ ਮਰ ਜਾਵਾਂ, ਲੱਦ ਜਾਵਾਂ
ਤਾਂ ਮੇਰੇ ਮਨ ‘ਚ ਟਿਕਾਅ ਆ ਜਾਵੇਗਾ।
ਜਿਹੋ ਜਿਹਾ ਮੈਂ ਜੀਂਦੀ ਹਾਂ,
ਸੂਰਜ ਕਦ ਚੜ੍ਹਿਆ ਤੇ ਕਦ ਲੱਥਾ,
ਨਾ ਜਾਣਾ, ਪਿਆਰ ਨੇ ਮੈਨੂੰ ਏਨਾ ਵਿੰਨ੍ਹਿਆ ਏ
ਆਪਣੇ ਜੰਮੇ ਬਾਲਕ ਜਾਂ ਸ਼ਰਾਬ ਦੇ ਪ੍ਰਭਾਵ ਵੀ ਕੋਈ ਵਖਰੇ ਨਹੀਂ ਚਿੱਤਰੇ ਗਏ,
ਨਾ ਚਾਂਦੀ, ਨਾ ਸੋਨਾ,
ਜਾਂ ਬਹੁਮੁੱਲੇ ਹੀਰੇ
ਉਸ ਵੱਡੇ ਖਜ਼ਾਨੇ ਵਰਗੇ ਨੇ,
ਤੇ ਇਹ ਖਜ਼ਾਨਾ ਏ
ਤੁਹਾਡਾ ਆਪਣਾ ਜੰਮਿਆ ਬੱਚਾ।
—
ਹੈ ਨਾ ਤਰਸਯੋਗ ਗੱਲ!
ਦਾਰੂ ਬੰਦੇ ਨੇ ਪੀਤੀ ਨਹੀਂ
ਤੇ ਸਿਆਣਾ ਬਣ ਬਣ ਬਹਿੰਦਾ ਏ।
ਜਪਾਨੀ ਕਵੀਆਂ ਦਾ ਜੀਵਨ ਦਰਸ਼ਨ ਵੀ ਸਾਡੇ ਵਾਲਾ ਹੀ ਹੈ, Ḕਦੋ ਪੈਰ ਘਟ ਤੁਰਨਾ ਪਰ ਤੁਰਨਾ ਮੜਕ ਦੇ ਨਾਲḔ,
ਜੇ ਮੈਂ ਇਹ ਜੀਵਨ
ਪਲ ਪਲ ਖੁਸ਼ੀ ਨਾਲ ਹੰਢਾਉਂਦਾ ਹਾਂ
ਤਾਂ ਅਗਲੇ ਜੀਵਨ ਦੀ ਕੀ ਚਿੰਤਾ
ਕੀੜਾ ਬਣਾ ਜਾਂ ਪੰਖੇਰੂ!
—
ਮੁਟਿਆਰਾਂ ਪੈਰ ਪੁੱਟਦੀਆਂ ਨਵੇਂ ਘਰ ਜਾਂਦੀਆਂ
ਮੋਤੀਆ ਜੜੇ ਕੰਗਣ ਛਣ-ਛਣ ਕਰਦੇ,
ਹੀਰੇ ਵਰਗਾ ਇਕ ਗੱਭਰੂ ਆਉਂਦਾ
ਆਉਣ ਦਿਓ! ਬਈ ਗੱਭਰੂ ਨੂੰ ਅੰਦਰ ਆਉਣ ਦਿਓ।
—
ਮਰਦ: ਜੇ ਬਿਜਲੀ ਕੜਕਦੀ ਏ
ਅੰਬਰ ‘ਚ ਬੱਦਲ ਆਂਦੇ ਨੇ ਵਰ੍ਹ ਪੈਂਦੇ ਨੇ
ਤਾਂ ਤੈਨੂੰ ਮੇਰੇ ਕੋਲ ਰੁਕਣਾ ਪਏਗਾ।
ਇਸਤਰੀ: ਪਰ ਜੇ ਬਿਜਲੀ ਕੜਕੀ ਨਾ
ਤੇ ਬੱਦਲ ਵੀ ਵਰ੍ਹੇ ਨਾ
ਮੈਂ ਰੁਕਾਂਗੀ ਤੇਰੇ ਕੋਲ, ਤੂੰ ਆਖ ਤੇ ਸਹੀ।
ਬਸੰਤ ਬਹਾਰ ਅਤੇ ਪਤਝੜ ਦਾ ਰੰਗ ਵੀ ਕੋਈ ਘੱਟ ਸੁੰਦਰ ਨਹੀਂ ਹੈ,
ਬਸੰਤ ਦੇ ਖੇਤਾਂ ਵਿਚ
ਮੈਂ ਬਨਫਸ਼ੇ ਦੇ ਫੁੱਲ ਤੋੜਨ ਆਇਆ ਸਾਂ,
ਖੇਤਾਂ ਦਾ ਅਜਿਹਾ ਚਾਅ ਚੜ੍ਹਿਆ
ਕਿ ਰਾਤ ਭਰ ਓਥੇ ਹੀ ਲੰਮਾ ਪੈ ਰਿਹਾ।
—
ਇਹ ਨਹੀਂ ਹੁੰਦਾ ਕਿ ਬਸੰਤ
ਕੁਝ ਪਿੰਡਾਂ ‘ਚ ਆਵੇ ਤੇ ਦੂਜਿਆਂ ‘ਚ ਆਵੇ ਨਾ,
ਪਰ ਇਹ ਕਿਉਂ ਹੁੰਦਾ ਏ
ਕਿ ਫੁੱਲ ਕਿਤੇ ਖੜੇ ਨੇ ਤੇ ਕਿਤੇ ਆਏ ਹੀ ਨਹੀਂ।
—
ਤੂੰ ਕਿਹਾ ਕਿ ਮੈਂ ਹੁਣੇ ਆਉਂਦੀ ਹਾਂ
ਤੇ ਮੈਂ ਪਤਝੜ ਦੀ ਰਾਤ ਤੈਨੂੰ ਉਡੀਕੀ ਗਿਆ,
ਪਰ ਸਵੇਰ ਦੀ ਠਰੀ ਲੋਅ ‘ਚ
ਕੱਲਾ ਚੰਨ ਹੀ ਮੈਨੂੰ ਮਿਲਣ ਆਇਆ।
—
ਕੀ ਚੰਨ ਨੂੰ ਸਾਨੂੰ ਏਦਾਂ ਤਿਹਾਏ ਛਡ ਕੇ
ਕਾਹਲੀ ਕਾਹਲੀ ਛਿਪ ਜਾਣਾ ਚਾਹੀਦਾ ਏ?
ਉਹ ਪਰਬਤਾਂ ਦੇ ਕਿੰਗਰੇ! ਪਿਛਾਂਹ ਹਟ,
ਤੇ ਚੰਨ ਨੂੰ ਲਹਿਣੋ ਰੋਕ ਲੈ!
ਹੁਣ ਮੇਰੀ ਉਮਰ ਦੇ ਬੰਦਿਆਂ ਦਾ ਮਨ-ਪਸੰਦ ਤੇ ਅੰਤਮ ਟੋਟਕਾ,
ਜੇ ਬੰਦੇ ਦੇ ਕੰਨੀਂ ਪੈ ਜਾਵੇ
ਬੁਢਾਪਾ ਆਉਂਦਾ ਏ!
ਤਾਂ ਉਹ ਕੁੰਡੀ ਲਾ ਸਕਦਾ ਏ
ਤੇ ਆਖ ਸਕਦਾ ਏ
Ḕਘਰ ਕੋਈ ਨਹੀਂ।Ḕ
ਜਿਸ ਦੇਸ਼ ਦੀ ਕਵਿਤਾ ਏਨੀ ਦੁੱਧ ਧੋਤੀ ਤੇ ਜਾਨਦਾਰ ਹੋਵੇ ਉਨ੍ਹਾਂ ਦੀ ਕੋਈ ਉਪਜ ਨਕਲੀ ਕਿਵੇਂ ਹੋ ਸਕਦੀ ਹੈ। ਜੰਗ ਦੇ ਦਿਨਾਂ ਵਿਚ ਸਾਡੀ ਨਜ਼ਰ ਹੀ ਜੰਗਾਲੀ ਹੋਈ ਸੀ।
ਮੈਨੂੰ ਜਪਾਨ ਦੀ ਕਵਿਤਾ ਦੇ ਇਹ ਟੋਟਕੇ ਪੰਜਾਬੀ ਅਕਾਡਮੀ, ਦਿੱਲੀ ਦੇ ਦੋ-ਮਾਸਕ ਰਸਾਲੇ ਸਮਰਦਸ਼ੀ ਦੇ ਮਾਰਚ-ਅਪਰੈਲ ਅੰਕ ਵਿਚੋਂ ਮਿਲੇ ਹਨ। ਪੂਰਾ ਅੰਕ ਜਪਾਨੀ ਕਵਿਤਾ ਨਾਲ ਮਾਲਾ ਮਾਲ ਹੈ ਤੇ ਇਸ ਕਵਿਤਾ ਦਾ ਪੰਜਾਬੀ ਅਨੁਵਾਦ ਪ੍ਰੋæ ਇੰਦੇ ਨੇ ਕੀਤਾ ਹੈ।
ਅੰਗਰੇਜ਼ਾਂ ਦੀ ਦਿੱਤੀ ਅੰਗਰੇਜ਼ੀ ਭਾਸ਼ਾ ਇੱਕ ਦਾਤ: ਸਾਡੀ ਰਿਸ਼ਤੇਦਾਰੀ ਵਿਚ ਇੱਕ ਬਜ਼ੁਰਗ ਹੈ ਬੰਤਾ ਸਿੰਘ। ਉਸ ਨੇ ਹੋਰ ਵਰ੍ਹੇ-ਖੰਡ ਤਾਈਂ ਸੌ ਸਾਲ ਦਾ ਹੋ ਜਾਣਾ ਹੈ। ਸਿਹਤ ਠੀਕ ਹੈ। ਪਰ ਹੁਣ ਆਪਣੀ ਜ਼ਿੰਦਗੀ ਦੇ ਕੁਝ ਤੱਥ ਦੁਹਰਾਉਣ ਲਗ ਪਿਆ ਹੈ। ਬਿਆਸਾ ਵਾਲੇ ਰਾਧਾਸੁਆਮੀਆਂ ਦਾ ਪੈਰੋਕਾਰ ਹੋਣ ਕਾਰਨ ਬਹੁਤੇ ਤੱਥ ਉਸ ਡੇਰੇ ਦੀ ਉਸਤਤ ਵਿਚ ਹੁੰਦੇ ਹਨ। ਪਰ ਗੋਰੀ ਸਰਕਾਰ ਵਲੋਂ ਦਿੱਤੀਆਂ ਰੇਲ ਗੱਡੀਆਂ ਤੇ ਨਹਿਰਾਂ ਵੀ ਉਸ ਦੇ ਚੇਤੇ ਵਿਚ ਉਕਰੀਆਂ ਹੋਈਆਂ ਹਨ। ਉਸ ਦਾ ਮੱਤ ਹੈ ਕਿ ਜੇ ਅੰਗਰੇਜ਼ ਨਹਿਰਾਂ ਨਾ ਪੁੱਟਦੇ ਤਾਂ ਪੰਜਾਬ ਦੀ ਕਿਸਾਨੀ ਰੁਲ ਜਾਣੀ ਸੀ। ਅਤੇ ਜੇ ਉਹ ਰੇਲ ਗੱਡੀਆਂ ਦਾ ਜਾਲ ਨਾ ਵਿਛਾਉਂਦੇ ਤਾਂ ਦੇਸ਼ ਦਾ ਏਨਾ ਵਿਕਾਸ ਨਹੀਂ ਸੀ ਹੋਣਾ ਜਿੰਨਾ ਰੇਲਾਂ ਕਾਰਨ ਹੋਇਆ ਤੇ ਇਨ੍ਹਾਂ ਤੋਂ ਵੀ ਵੱਡਾ ਤੱਥ ਇਹ ਕਿ ਉਨ੍ਹਾਂ ਦੀ ਦਿੱਤੀ ਅੰਗਰੇਜ਼ੀ ਭਾਸ਼ਾ ਨੇ ਸਾਡੇ ਦੇਸ਼ ਨੂੰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਬੰਨ੍ਹਿਆ ਹੋਇਆ ਹੈ। ਜੇ ਭਾਰਤੀਆਂ ਨੂੰ ਅੰਗਰੇਜ਼ੀ ਨਾ ਆਉਂਦੀ ਹੁੰਦੀ ਤਾਂ ਇਸ ਦੇਸ਼ ਨੇ ਹੁਣ ਤੱਕ ਖਿੰਡ ਪੁੰਡ ਜਾਣਾ ਸੀ।
ਲੰਘੇ ਸਪਤਾਹ ਇਕ ਪੂਰਾ ਦਿਨ ਬੰਤਾ ਸਿੰਘ ਨੂੰ ਸਾਡੇ ਘਰ ਰਹਿਣਾ ਪਿਆ। ਮੈਂ ਨੋਟ ਕੀਤਾ ਕਿ ਐਤਕੀਂ ਦੀ ਫੇਰੀ ਸਮੇਂ ਉਹ ਅੰਗਰੇਜ਼ਾਂ ਦੀ ਦੇਣ ਨੂੰ ਵੀ ਰਾਧਾਸੁਆਮੀਆਂ ਦੀ ਦੇਣ ਦੇ ਬਰਾਬਰ ਹੀ ਤੋਲ ਰਹੇ ਸਨ। ਖਾਸ ਕਰਕੇ ਅੰਗਰੇਜ਼ੀ ਦੇ ਗਿਆਨ ਤੋਂ ਉਪਜੀ ਏਕਤਾ ਨੂੰ। ਉਹ ਰੇਡੀਓ, ਟੀ ਵੀ ਅਤੇ ਸਮਾਚਾਰ ਪੱਤਰ ਨਹੀਂ ਪੜ੍ਹ ਦੇਖ ਸਕਦੇ। ਪਰ ਆਪਣੇ ਕੱਢੇ ਤੱਥਾਂ ਉਤੇ ਪਹਿਰਾ ਦਿੰਦੇ ਹਨ। ਇਸ ਵਾਰੀ ਉਨ੍ਹਾਂ ਦੇ ਕੱਢੇ ਤੱਥਾਂ ਵਿਚੋਂ ਜਿਸ ਤੱਥ ਨੇ ਮੈਨੂੰ ਪ੍ਰਭਾਵਤ ਕੀਤਾ, ਉਹ ਅੰਗਰੇਜ਼ੀ ਭਾਸ਼ਾ ਰਾਹੀਂ ਪ੍ਰਾਪਤ ਹੋਈ ਏਕਤਾ ਵਾਲਾ ਸੀ। ਮੈਂ ਇਹ ਤੱਥ ਮੋਦੀ ਸਰਕਾਰ ਦੇ ਕੰਨੀਂ ਪਾਉਣਾ ਚਾਹੁੰਦਾ ਹਾਂ ਜਿਹੜੀ ਦੇਸ਼ ਦੇ ਨਾਜ਼ੁਕ ਮੋਢਿਆਂ ਨੂੰ ਹਿੰਦੀ ਭਾਸ਼ਾ ਤੇ ਭਾਰ ਨਾਲ ਦਬਾਉਣਾ ਚਾਹੁੰਦੇ ਹਨ। ਹੈ ਕੋਈ ਸੁਣਦਾ?
ਅੰਤਿਕਾ:
(ਸਿਮਰਜੀਤ ਸਿੰਮੀ ਦੀ ਕਵਿਤਾ ḔਰੜਕḔ)
ਅੱਜ ਮੁੱਦਤਾਂ ਬਾਅਦ
ਮੁਹੱਬਤ ਦੀ ਰੜਕ
ਦਿਲ ‘ਚ ਉਠੀ,
ਜਿਵੇਂ ਕੋਈ ਪੁਰਾਣੀ ਸੱਟ
ਪੁਰੇ ਦੀ ਵਾਅ ਨਾਲ
ਚਮਕਦੀ ਏ।
ਸੋਚਿਆ ਸੀ
ਜੰਗਲ ਦੀ ਅੱਗ
ਬੁੱਝ ਗਈ ਹੋਊ ਹੁਣ ਤੱਕ
ਪਰ ਨਹੀਂ,
ਇਹ ਤਾਂ ਧੁਖਦੀ ਏ ਹਾਲੇ ਵੀ।
Leave a Reply