ਐਸ਼ ਅਸ਼ੋਕ ਭੌਰਾ
ਜ਼ਿੰਦਗੀ ਦੇ ਜੋੜ ਮੇਲੇ ਦਾ ਅਨੰਦ ਇਸ ਗੱਲ ਵਿਚ ਹੁੰਦਾ ਹੈ ਕਿ ਤੁਸੀਂ ਇਹ ਮੇਲਾ ਮਨਾ ਕਿਨ੍ਹਾਂ ਲੋਕਾਂ ਨਾਲ ਰਹੇ ਹੋ। ਅੰਬਾਂ ਦੇ ਬਾਗ ਵਿਚੋਂ ਗੁਜ਼ਰਦਿਆਂ ਆਵਾਜ਼ਾਂ ਚਮਗਿੱਦੜਾਂ ਦੀਆਂ ਨਹੀਂ, ਕੋਇਲਾਂ ਦੀਆਂ ਹੀ ਆਉਣੀਆਂ ਹੁੰਦੀਆਂ ਹਨ। ਲੰਬਾ ਸਮਾਂ ਖੁਦ ਅਧਿਆਪਕ ਰਿਹਾ ਹੋਣ ਕਰ ਕੇ ਮੇਰੀ ਬਹਿਣੀ-ਉਠਣੀ ਵਿਚ ਸਾਹਿਤਕਾਰਾਂ ਤੋਂ ਵੀ ਵੱਧ ਸਿੱਖਿਆ ਸ਼ਾਸਤਰੀ, ਵਿਗਿਆਨੀ ਤੇ ਪ੍ਰੋਫੈਸਰ ਸ਼ਾਮਲ ਰਹੇ ਹਨ। ਪੜ੍ਹਾਉਣ ਵਾਲਿਆਂ ਨੂੰ ਜੇ ਉਥੇ ਪੜ੍ਹਾਉਣ ਦਾ ਮੌਕਾ ਮਿਲ ਜਾਵੇ, ਜਿਥੋਂ ਉਹ ਪੜ੍ਹੇ ਹੁੰਦੇ ਹਨ ਤਾਂ ਸੁਆਦ ਖੋਏ ਦੀ ਖੀਰ ਵਰਗਾ ਹੋ ਜਾਂਦਾ ਹੈ। ਬਹੁਤੇ ਲੋਕ ਸਕੂਲ ਤੋਂ ਕਾਲਜ ਵੱਲ ਜਾਂਦੇ ਹਨ, ਪਰ ਮੈਂ ਸਰਕਾਰੀ ਤੇ ਪੱਕੀ ਨੌਕਰੀ ਦੇ ਲਾਲਚ ਵਿਚ ਕਾਲਜ ਤੋਂ ਸਕੂਲ ਵੱਲ ਪਰਤ ਆਇਆ ਸਾਂ।
ਕਪੂਰਥਲੇ ਜ਼ਿਲ੍ਹੇ ਦਾ ਸਨਅਤੀ ਸ਼ਹਿਰ ਫਗਵਾੜਾ ਜੇæਸੀæਟੀæ ਕੱਪੜਾ ਮਿੱਲ ਨਾਲੋਂ ਵੀ ਜੇæਸੀæਟੀæ ਫੁੱਟਬਾਲ ਕਰ ਕੇ ਮਸ਼ਹੂਰ ਹੈ। ਪਹਿਲਵਾਨ ਕਸ਼ਮੀਰਾ ਸਿੰਘ ਦੇ ਪੜ੍ਹਾਉਣ ਕਰ ਕੇ ਅਤੇ ਉਹਦੇ ਪੁੱਤਰ ਸੰਨੀ ਗਿੱਲ ਦੇ ਘੁਲਣ ਕਰ ਕੇ ਇਸ ਸ਼ਹਿਰ ਨਾਲ ਵਾਸਤਾ ਰਿਹਾ ਹੈ। ਇਹ ਸ਼ਹਿਰ ਮੈਨੂੰ ਇਸ ਕਰ ਕੇ ਵੀ ਨਹੀਂ ਭੁੱਲਦਾ ਕਿਉਂਕਿ ਉਥੇ ਕਦੇ ਅਮਰ ਸਿੰਘ ਚਮਕੀਲੇ ਤੇ ਅਮਰਜੋਤ ਦਾ ਵਿਆਹ ਹੱਥੀਂ ਕਰਵਾਇਆ ਸੀ। ਜਦੋਂ ਪੂਰੇ ਪੰਜਾਬ ਵਿਚ ਸਿਰਫ ਨੌਂ ਬਹੁ-ਤਕਨੀਕੀ ਕਾਲਜ ਸਨ, ਉਦੋਂ ਮੈਂ ਇਸੇ ਸ਼ਹਿਰ ਵਿਚੋਂ ਮਕੈਨੀਕਲ ਵਿਚ ਇੰਜੀਨੀਅਰਿੰਗ ਕੀਤੀ ਸੀ। ਮੇਰੇ ਸਾਥੀਆਂ ਵਿਚੋਂ ਰਾਕੇਸ਼ ਕੁਮਾਰ ਏਅਰ ਇੰਡੀਆ ਵਿਚ ਹੈ, ਜਸਪਾਲ ਸਿੰਘ ਪਲਾਹਾ ਕੈਨੇਡਾ ਵਿਚ, ਰਣਬੀਰ ਜੀæਐਨæਏæ ਦਾ ਮਾਲਕ ਹੈ, ਹਰਬੰਸ ਬੱਧਣ ਨਿਊ ਯਾਰਕ ਹੈ, ਪਰਮਿੰਦਰ ਨਰ ਜਪਾਨ ਦੀ ਜੂਕੀ ਕੰਪਨੀ ਵਿਚ, ਜਗਮੋਹਨ ਐਚæਐਮæਟੀæ ਵਿਚ ਹੈ। ਬਲਜੀਤ ਸਿੰਘ ਉਭੀ ਮੇਰੇ ਕਾਲਜ, ਰਾਮਗੜ੍ਹੀਆ ਪਾਲੀਟੈਕਨਿਕ ਵਿਚ ਮਕੈਨੀਕਲ ਵਿਭਾਗ ਦਾ ਮੁਖੀ ਹੈ। ਡੀæਏæਵੀæ ਸੰਸਥਾਵਾਂ ਤੋਂ ਬਾਅਦ ਸਭ ਤੋਂ ਵੱਧ ਵਿਦਿਅਕ ਸੰਸਥਾਵਾਂ ਚਲਾਉਣ ਵਾਲੀ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਫਗਵਾੜੇ ਵਿਚ ਸੀ, ਤੇ ਸ਼ਮਸ਼ੇਰ ਸੰਧੂ ਨੇ ਬੀæਐਡ ਉਥੋਂ ਹੀ ਕੀਤੀ ਹੈ।
ਕਈ ਸਾਲਾਂ ਬਾਅਦ ਇਸ ਕਾਲਜ ਦੇ ਦੀਦਾਰ ਕਰਨ ਦਾ ਮੌਕਾ ਮਿਲਿਆ। ਨਰੇਂਦਰ ਮੋਦੀ ਨੇ ਤਾਂ ਸੰਸਦ ਵਿਚ ਮੱਥਾ ਟੇਕਿਆ ਪੰਜ ਸਾਲਾਂ ਲਈ, ਪਰ ਮੇਰੇ ਲਈ ਅਨੇਕਾਂ ਇੰਜੀਨੀਅਰਾਂ ਵਾਂਗ ਇਹ ਸੰਸਦ ਹੀ ਸੀ। ਮੱਥਾ ਟੇਕ ਕੇ ਅੰਦਰ ਪ੍ਰਵੇਸ਼ ਕੀਤਾ। ਪਤਾ ਲੱਗਾ ਕਿ ਕੈਲੀਫੋਰਨੀਆ ਵੱਸਣ ਵਾਲੇ ਨਾਮਵਰ ਸ਼ਾਇਰ ਕੁਲਵਿੰਦਰ ਦਾ ਹਮ-ਜਮਾਤੀ ਬੰਗਿਆ ਵਾਲਾ ਰਾਜੇਸ਼ ਵਰਮਾ ਪ੍ਰਿੰਸੀਪਲ ਬਣ ਗਿਆ ਹੈ। ਉਹ ਤਾਂ ਉਸ ਦਿਨ ਛੁੱਟੀ ‘ਤੇ ਸੀ, ਪਰ ਬਲਜੀਤ ਉਭੀ ਨੂੰ ਮਕੈਨੀਕਲ ਵਿਭਾਗ ਦੇ ਮੁਖੀ ਵਜੋਂ ਵੇਖ ਕੇ ਚਾਅ ਚੜ੍ਹ ਗਿਆ। ਅਸੀਂ ਕਿੰਨਾ ਚਿਰ ਗਲਵੱਕੜੀ ਹੋਏ ਰਹੇ। ਕਿੰਨੀਆਂ ਸਾਰੀਆਂ ਖੁਸ਼ੀਆਂ ਯਾਦਾਂ ਦੀ ਢੋਲਕੀ ਨਾਲ ਨੱਚਦੀਆਂ ਰਹੀਆਂ। ਬਲਜੀਤ ਨੂੰ ਯਾਦ ਸੀ ਕਿ ਪ੍ਰੋæ ਅਜੀਤ ਚੱਗਰ ਨੇ ਉਦੋਂ ਕਾਲਜ ਮੈਗਜ਼ੀਨ ‘ਵਿਸ਼ਵਾਕ੍ਰਿਤੀ’ ਦਾ ਵਿਦਿਆਰਥੀ ਸੰਪਾਦਕ ਮੈਨੂੰ ਬਣਾਇਆ ਸੀ, ਤੇ ਕਾਲਜ ਦੇ ਕਰੀਬ ਹਰ ਸਾਹਿਤਕ ਸਮਾਗਮ ਵਿਚ ਮੈਂ ਮੋਹਰੀ ਹੁੰਦਾ ਸੀ। ਹੋਸਟਲ ਹੁਣ ਉਹ ਨਹੀਂ ਰਿਹਾ, ਕੰਟੀਨ ਪਹਿਲਾਂ ਵਾਲੀ ਥਾਂ ਨਹੀਂ ਰਹੀ, ਸਾਨੂੰ ਪੜ੍ਹਾਉਣ ਵਾਲੇ ਪ੍ਰੋਫੈਸਰ ਲਗਭਗ ਸੇਵਾਮੁਕਤ ਹੋ ਗਏ ਸਨ। ਬਲਜੀਤ ਖੁਸ਼ ਸੀ ਕਿ ਹੁਣ ਨਵੇਂ ਵਿਗਿਆਨਕ ਯੁੱਗ ਦੇ ਨਵੇਂ ਕੋਰਸ ਆਉਣ ਨਾਲ ਬਹੁਤ ਟ੍ਰੇਡਾਂ ਹੋ ਗਈਆਂ ਹਨ ਪਰ ਦੁਖੀ ਵੀ ਸੀ ਕਿ ਕਦੇ ਜਿਸ ਪਾਲੀਟੈਕਨਿਕ ਦਾ ਮਾਹੌਲ ਸਕੂਲਾਂ ਵਰਗਾ ਹੁੰਦਾ ਸੀ, ਕੋਈ ਵੀ ਵਿਦਿਆਰਥੀ ਅੱਧੀ ਛੁੱਟੀ ਤੋਂ ਸਿਵਾ ਬਾਹਰ ਟਹਿਲਦਾ ਨਹੀਂ ਸੀ ਦਿਸਦਾ, ਹੁਣ ਸਾਰਾ ਦਿਨ ਰੌਣਕਾਂ ਲੱਗੀਆਂ ਰਹਿੰਦੀਆਂ ਨੇ। ਪ੍ਰੋਫੈਸਰਾਂ ਤੇ ਵਿਦਿਆਰਥੀਆਂ ਵਿਚਕਾਰ ਸਤਿਕਾਰ ਵਾਲੀ ਕੰਧ ਡਿਗ ਰਹੀ ਹੈ। ਚੀਰਦੀ ਠੰਢ ਵਿਚ ਦੋ ਵਾਰ ਬਿਸਕੁਟਾਂ ਤੇ ਨਮਕੀਨ ਨਾਲ ਗਰਮ ਕਾਫੀ ਤਾਂ ਪੀ ਲਈ ਸੀ, ਪਰ ਪੜ੍ਹਨ ਵੇਲੇ ਜਿਸ ਕਾਲਜ ਤੋਂ ਭੱਜਣ ਨੂੰ ਜੀਅ ਕਰਦਾ ਸੀ, ਉਥੋਂ ਹੁਣ ਬਾਹਰ ਨਿਕਲਣ ਦਾ ਦੁੱਖ ਸਤਾ ਰਿਹਾ ਸੀ।
ਬਹੁਤ ਦੇਰ ਬਲਜੀਤ ਉਭੀ ਤੇ ਲੈਕਚਰਾਰ ਸੁਰਿੰਦਰਜੀਤ ਨਾਲ ਗੱਲਾਂ ਹੁੰਦੀਆਂ ਰਹੀਆਂ; ਉਸੇ ਦਫਤਰ ਵਿਚ ਜਿਥੇ ਸਾਡੇ ਵੇਲੇ ਇੰਡਸਟਰੀਅਲ ਮੈਨੇਜਮੈਂਟ ਪੜ੍ਹਾਉਣ ਵਾਲੇ ਐਸ਼ਐਮæ ਬੱਤਾ ਤੇ ਗੱਜਣ ਸਿੰਘ ਬੈਠਦੇ ਸਨ। ਕਦੇ ਇਸੇ ਵਿਸ਼ੇ ਵਿਚੋਂ ਮੈਂ ਕਾਲਜ ਵਿਚੋਂ ਸਭ ਵੱਧ ਅੰਕ ਲੈਣ ਦਾ ਰਿਕਾਰਡ ਬਣਾਇਆ ਸੀ। ਚਿੱਤ ਹੋਰ ਵੀ ਰਾਜ਼ੀ ਹੋ ਗਿਆ ਕਿ ਇਸ ਕਾਲਜ ਨੇ ਅੰਗਰੇਜ਼ੀ ਦੀਆਂ ਇੰਜੀਨੀਅਰਿੰਗ ਕਿਤਾਬਾਂ ਦਰਮਿਆਨ ਮੇਰੀਆਂ ਸਾਹਿਤਕ ਪੁਸਤਕਾਂ ‘ਗੱਲੀਂ-ਬਾਤੀਂ’ ਅਤੇ ‘ਨੈਣ-ਨਕਸ਼’ ਵੀ ਸਜਾ ਕੇ ਰੱਖੀਆਂ ਹੋਈਆਂ ਸਨ, ਤੇ ਕਾਲਜ ਅਤੇ ਰਾਮਗੜ੍ਹੀਆ ਕੌਂਸਲ ਵੀ ਜਾਣਦੀ ਹੈ ਕਿ ਅਸ਼ੋਕ ਕਾਲਜ ਵਿਚ ਪੜ੍ਹਿਆ ਤਾਂ ਇੰਜੀਨੀਅਰਿੰਗ ਸੀ ਪਰ ਖੌਰੇ ਸਾਹਿਤਕਾਰ ਕਿਵੇਂ ਬਣ ਗਿਆ? ਬਲਜੀਤ ਤੋਂ ਵਿਛੜ ਕੇ ਫਿਰ ਮੈਂ ਕਿੰਨਾ ਚਿਰ ਆਪਣੇ ਭਤੀਜੇ ਬਿੰਦੂ ਨਾਲ ਉਸ ਬੋਹੜ ਹੇਠ ਬੈਠਾ ਰਿਹਾ ਜਿਥੇ ਕਦੇ ਮੋਹਨ ਸਿੰਘ ਭੱਗੜ (ਐਸ਼ਐਫ਼ਆਈæ), ਮੋਹਨ ਸਿੰਘ ਕੰਡਿਆਣਾ (ਹੁਣ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ) ਤੇ ਕਾਮਰੇਡ ਕੁਲਵੰਤ ਸਿੰਘ ਸੰਧੂ ਰੈਲੀਆਂ ਤੇ ਹੜਤਾਲਾਂ ਕਰਦੇ ਸਨ। ਅੱਖਾਂ ਭਰ ਆਈਆਂ ਕਿ ਕਾਲਜ ਦੇ ਵਿਹੜੇ ਵਿਚ ਲੱਗੀ ਬੋਹੜ, ਲੱਗੀ ਹੀ ਰਹੇਗੀ; ਅਸੀਂ ਜਵਾਨੀ ਤੋਂ ਬੁਢਾਪੇ ਵੱਧ ਧੱਕੇ ਗਏ ਹਾਂ!
ਉਸੇ ਦਿਨ ਹੀ ਪ੍ਰਿੰਸੀਪਲ ਕਮਲਜੀਤ ਕੌਰ ਛੀਨਾ ਦੇ ਮੁਹੱਬਤ ਭਰੇ ਬੁਲਾਵੇ ‘ਤੇ ਲੜਕੀਆਂ ਦੇ ਗੁਰੂ ਨਾਨਕ ਕਾਲਜ ਬੰਗਾ ਪਹੁੰਚਿਆ। ਇਹ ਕਾਲਜ ਮੇਰੇ ਉਸੇ ਸਕੂਲ ਦੇ ਪਿਛਵਾੜੇ ਸੀ ਜਿਥੇ ਮੈਂ ਦਸ ਸਾਲ ਪੜ੍ਹਾਉਂਦਾ ਰਿਹਾ। ਉਦੋਂ ਸੜਕ ਤੋਂ ਗੁਜ਼ਰਦੀਆਂ ਕੁੜੀਆਂ ਨੇ ਕਿਤੇ ਮੈਨੂੰ ਸਕੂਲ ਤੋਂ ਬਾਹਰ ਖੜ੍ਹਿਆਂ ਵੇਖ ਲੈਣਾ ਤਾਂ ਰੁਕ ਕੇ ਪੁੱਛਣਾ, ‘ਸਰ ਰਾਤੀਂ ਤੁਸੀਂ ਜਲੰਧਰ ਟੈਲੀਵਿਜ਼ਨ ਤੋਂ ਲਿਸ਼ਕਾਰਾ ਪ੍ਰੋਗਰਾਮ ਪੇਸ਼ ਕਰ ਰਹੇ ਸੀ’, ਪਰ ਇਸ ਵਾਰ ਐਮæਏæ ਕਰ ਰਹੀਆਂ ਵਿਦਿਆਰਥਣਾਂ ਦੇ ਰੂ-ਬ-ਰੂ ਪਹਿਲੀ ਵਾਰ ਹੋ ਰਿਹਾ ਸਾਂ।
ਜਿਸ ਤਰ੍ਹਾਂ ਦੀ ਆਓ-ਭਗਤ ਹੋ ਰਹੀ ਸੀ, ਮੈਨੂੰ ਲਗਦਾ ਸੀ ਕਿ ਲੀਡਰਾਂ ਨੂੰ ਤਾਂ ਵਹਿਮ ਹੀ ਹੈ ਕਿ ਲੋਕ ਉਨ੍ਹਾਂ ਦੇ ਨਾਲ ਨੇ। ਪ੍ਰਿੰਸੀਪਲ ਕਮਲਜੀਤ ਪਿਛਲੇ ਵਰ੍ਹੇ ਸਾਡੇ ਰੇਡੀਓ ਸਟੇਸ਼ਨ ਚੜ੍ਹਦੀ ਕਲਾ ‘ਤੇ ਵੀ ਕੈਲੀਫੋਰਨੀਆ ਆ ਕੇ ਗਈ ਸੀ। ਕਾਫੀ ਦੇਰ ਦਫ਼ਤਰ ਵਿਚ ਗੱਲਬਾਤ ਹੁੰਦੀ ਰਹੀ। ਮੈਂ ਦੱਸਿਆ ਕਿ ਇਸ ਕਾਲਜ ਦੇ ਸੁੰਦਰ ਬਗੀਚੇ ਵਿਚ ਬੜੀ ਦੇਰ ਪਹਿਲਾਂ ਬੱਚਿਆਂ ਦੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ‘ਛਾਈਆਂ ਮਾਈਆਂ’ ਦੀ ਸ਼ੂਟਿੰਗ ਕਮਲਜੀਤ ਨੀਲੋਂ ਨਾਲ ਕਰਿਆ ਕਰਦੇ ਸਾਂ। ਨਾਲ ਹੀ ਮੈਂ ਦੱਸਿਆ ਕਿ ਮੈਂ ਕਾਲਜ ਦੀਆਂ ਖੇਡ ਪ੍ਰਾਪਤੀਆਂ ਬਾਰੇ ‘ਪੰਜਾਬੀ ਟ੍ਰਿਬਿਊਨ’ ਵਿਚ ਲਿਖਦਾ ਰਿਹਾਂ ਤੇ ਕਾਲਜ ਦੇ ਪੰਜਾਬੀ ਵਿਭਾਗ ਦੀ ਮੁਖੀ ਰਹਿਣ ਵਾਲੀ ਅਦਾਕਾਰਾ ਤੇ ਨਾਟਕਕਾਰਾ ਦਵਿੰਦਰ ਸੰਧੂ ਮੇਰੇ ਨਜ਼ਦੀਕੀ ਤੇ ਹਮਦਰਦਾਂ ਵਿਚੋਂ ਇਕ ਸੀ। ਇਕ ਪੁੱਤਰ ਦੀ ਅਚਾਨਕ ਮੌਤ ਨਾਲ ਉਹ ਉਖੜ ਗਈ ਸੀ। ਕੁੱਖ ਵਿਚ ਧੀਆਂ ਮਾਰਨ ਵਾਲਾ ਉਹਦਾ ਲੜੀਵਾਰ ਬਹੁਤ ਚਰਚਿਤ ਰਿਹਾ ਸੀ।
ਕਾਲਜ ਦੀ ਪਹਿਲੀ ਮੰਜ਼ਿਲ ਦੇ ਖੁੱਲ੍ਹੇ ਹਾਲ ‘ਚ ਚੱਲੇ ਕਰੀਬ ਦੋ ਘੰਟੇ ਦੇ ਪ੍ਰੋਗਰਾਮ ਵਿਚ ਸੱਤਰ ਕੁ ਵਿਦਿਆਰਥਣਾਂ ਹਾਜ਼ਰ ਸਨ, ਵਧੇਰੇ ਐਮæਏæ ਕਰਨ ਵਾਲੀਆਂ। ਮੇਰੀਆਂ ਦੋ ਪੁਸਤਕਾਂ ਵਿਚੋਂ ਕਈ ਲੇਖ ਲੜਕੀਆਂ ਨੇ ਪੜ੍ਹੇ ਹੋਏ ਸਨ। ਪ੍ਰਿੰਸੀਪਲ ਕਮਲਜੀਤ ਨੇ ਮੇਰੇ ਬਾਰੇ ਵਿਸਥਾਰ ਨਾਲ ਦੱਸਿਆ। ਬਹੁਤੀਆਂ ਲੜਕੀਆਂ ਹੈਰਾਨ ਸਨ ਕਿ ਸਾਂਝੀ ਕੰਧ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਮੈਂ ਇਕ ਦਹਾਕਾ ਪੜ੍ਹਾ ਕੇ ਗਿਆ ਹਾਂ। ਇਸ ਮਿਲਣੀ ਤੋਂ ਬਾਅਦ ਮੈਨੂੰ ਲੱਗਿਆ ਕਿ ਲੜਕੀਆਂ, ਮੁੰਡਿਆਂ ਨਾਲੋਂ ਕਿਤੇ ਸੁਹਿਰਦ ਤੇ ਸੁਚੇਤ ਹਨ। ਮੇਰੇ ਅੱਧੇ ਘੰਟੇ ਦੇ ਭਾਸ਼ਣ ਨੂੰ ਉਨ੍ਹਾਂ ਨੀਝ ਤੇ ਰੀਝ ਨਾਲ ਸੁਣਿਆ, ਤੇ ਫਿਰ ਗੰਭੀਰ ਸੁਆਲਾਂ ਨਾਲ ਰੂ-ਬ-ਰੂ ਨੂੰ ਹੋਰ ਰੌਚਕ ਬਣਾ ਦਿੱਤਾ। ਆਸਾ ਰਾਮ ਸਾਧ ਬਾਰੇ ਜਦੋਂ ਮੈਂ ‘ਅਗਨਬਾਣ’ ਵਿਚੋਂ ਚਾਰ ਸਤਰਾਂ ਸੁਣਾਈਆਂ:
ਸਵਰਗ ਨਰਕ ਦੇ ਕੁੰਡ ਨੂੰ ਮਾਰੋ ਗੋਲੀ,
ਆਪਾਂ ਲਈਏ ਉਸਾਰ ਇਕ ਧਾਮ ਬਾਪੂ।
ਲੋਕਾਂ ਭੋਲਿਆਂ ਨੂੰ ਪਤਾ ਕੀ ਰੱਬ ਹੁੰਦਾ,
ਵੰਡਿਆ ਕਰਾਂਗੇ ਓਸ ਦਾ ਨਾਮ ਬਾਪੂ।æææ
æææਤਾਂ ਉਨ੍ਹਾਂ ਦਿਨ ਵਿਚ ਬਦਨਾਮੀ ਦੀ ਸਿਖ਼ਰ ‘ਤੇ ਪੁੱਜੇ ਬਾਪੂ ਬਾਰੇ ਵੱਜੀਆਂ ਤਾੜੀਆਂ ਤੋਂ ਲਗਦਾ ਸੀ, ਕੁੜੀਆਂ ਵਿਚ ਅਜਿਹੇ ਲੋਕਾਂ ਬਾਰੇ ਕਿੰਨਾ ਗੁੱਸਾ ਸੀ।
ਪੜ੍ਹਾਉਣ ਦੇ ਅਨੰਦ ਤੋਂ ਇਹ ਕਿਤੇ ਵੱਡਾ ਅਨੰਦ ਸੀ।
ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਜਾਓ ਤਾਂ ਵਿਚਕਾਰ ਜਿਹੇ ਪਿੰਡ ਆਉਂਦਾ ਹੈ ਪੋਜੇਵਾਲ, ਪਰ ਇਹ ਸਰਾਂ ਕਰ ਕੇ ਵੱਧ ਮਸ਼ਹੂਰ ਹੈ। ਪਹਾੜੀਆਂ ਸ਼ੁਰੂ ਹੋਣ ਤੋਂ ਪਹਿਲਾਂ ਇਹ ਗੋਦ ‘ਚ ਵਸਿਆ ਪਿੰਡ ਹੈ। ਕਦੇ ਉਜਾੜ ਬੀਆਵਾਨ ਹੁੰਦਾ ਸੀ ਪਰ ਪਿਛਲੇ ਵੀਹ ਸਾਲਾਂ ਵਿਚ ਬੜੀ ਤਰੱਕੀ ਹੋਈ ਹੈ। ਇਸ ਹਲਕੇ ਵਿਚ ਬਹੁਤੀ ਬਰਾਦਰੀ ਗੁੱਜਰ ਹੈ ਤੇ ਅਕਾਲੀ ਦਲ ਦੇ ਆਗੂ ਤੇ ਪਾਰਲੀਮਾਨੀ ਸਕੱਤਰ ਚੌਧਰੀ ਨੰਦ ਲਾਲ ਬਲਾਚੌਰ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਜਿੱਤਣ ਕੇ ਹਲਕੇ ਦੀ ਅਗਵਾਈ ਕਰ ਰਹੇ ਹਨ। ਇਹ ਲੋਕ ਸੰਤ ਗਰੀਬ ਦਾਸ ਭੂਰੀ ਵਾਲਿਆਂ ਦੀ ਚਲੀ ਆਉਂਦੀ ਸੰਪਰਦਾਇ ਦੇ ਸ਼ਰਧਾਲੂ ਹਨ। ਪੋਜੇਵਾਲ ਜਿਸ ਕਾਲਜ ਦੀ ਉਸਾਰੀ ਇਸ ਸੰਪਰਦਾਇ ਵੱਲੋਂ ਕਰਵਾਈ ਗਈ ਸੀ, ਉਸ ਨੂੰ ਬਾਅਦ ਵਿਚ ਪੰਜਾਬ ਸਰਕਾਰ ਨੇ ਆਪਣੇ ਹੱਥਾਂ ਵਿਚ ਲੈ ਕੇ ਇਸ ਦਾ ਨਾਂ ਸੰਤ ਗਰੀਬ ਦਾਸ ਭੂਰੀਵਾਲੇ ਸਰਕਾਰੀ ਕਾਲਜ ਰੱਖ ਦਿੱਤਾ ਸੀ। ਉਥੇ ਅੱਜ ਕੱਲ੍ਹ ਕਾਰਜਕਾਰੀ ਪ੍ਰਿੰਸੀਪਲ ਸਾਹਿਤਕ ਝੱਸ ਰੱਖਣ ਵਾਲੇ ਸਾਡੇ ਪੁਰਾਣੇ ਮਿੱਤਰ ਬਿੱਕਰ ਸਿੰਘ ਹਨ, ਤੇ ਗਜ਼ਲਗੋ ਸੰਧੂ ਵਰਿਆਣਵੀ ਉਥੋਂ ਹੀ ਅੰਗਰੇਜ਼ੀ ਵਿਸ਼ੇ ਦਾ ਪ੍ਰੋਫੈਸਰ ਰਿਟਾਇਰ ਹੋਇਆ ਹੈ।
ਸੰਧੂ ਖਾਲਸਾ ਸਕੂਲੇ ਕਵੀ ਦਰਬਾਰ ਵਿਚ ਬੰਗੇ ਮਿਲਿਆ ਤਾਂ ਕਹਿਣ ਲੱਗਾ, “ਪ੍ਰਿੰਸੀਪਲ ਬਿੱਕਰ ਸਿੰਘ ਚੇਤੇ ਕਰਦੇ ਸਨ ਕਿ ਉਨ੍ਹਾਂ ਤੇ ਅਸ਼ੋਕ ਨੇ ਨੌਕਰੀ ਵੇਲੇ ਗੜ੍ਹਸ਼ੰਕਰ ਤੋਂ ਇਕੱਠਿਆਂ ਬੜਾ ਸਫ਼ਰ ਕੀਤਾ ਹੈ, ਅੱਜ ਕੱਲ੍ਹ ਅਮਰੀਕਾ ਤੋਂ ਆਇਆ ਹੋਇਐ, ਉਹਨੂੰ ਲਿਆਓ ਬੱਚਿਆਂ ਨੂੰ ਮਿਲਾਉਂਦੇ ਆਂ, ਬੜਾ ਕੁਝ ਪੱਲੇ ਪਊ।”
ਮੈਂ ਕਿਹਾ, “ਸੰਧੂ ਸਾਹਿਬ, ਤੁਸੀਂ ਸੇਵਾ ਮੁਕਤ ਨ੍ਹੀਂ ਹੋ ਗਏ?”
“ਹੋ ਤਾਂ ਗਿਆ ਪਰ ਅੰਗਰੇਜ਼ੀ ਦੀ ਪੋਸਟ ਖਾਲੀ ਹੋਣ ਕਰ ਕੇ ਮੈਨੂੰ ਕਾਲਜ ਫੰਡ ਵਿਚੋਂ ਰੱਖਿਆ ਹੋਇਐ।”
ਖ਼ੈਰ! ਸੰਧੂ ਨਾਲ ਤੈਅ ਪ੍ਰੋਗਰਾਮ ਅਨੁਸਾਰ ਮੈਂ ਆਪਣੇ ਸ਼ਾਇਰ ਮਿੱਤਰ ਅਵਤਾਰ ਸਿੰਘ ਸੰਧੂ ਨੂੰ ਨਾਲ ਲੈ ਕੇ ਕਾਲਜ ਗਿਆ ਤਾਂ ਪਤਾ ਲੱਗਾ ਕਿ ਮੈਂ ਭਾਵੇਂ ਅਮਰੀਕਾ ਚਲਾ ਗਿਆ ਸਾਂ ਪਰ ਲੋਕ ਨਾ ਹਾਲੇ ਮੈਨੂੰ ਭੁੱਲੇ ਸਨ, ਨਾ ਮੇਰੀਆਂ ਲਿਖ਼ਤਾਂ ਨੂੰ, ਤੇ ਨਾ ਹੀ ਸ਼ੌਂਕੀ ਮੇਲੇ ਨੂੰ। ਕਾਲਜ ਦੇ ਵੱਡੇ ਹਾਲ ਵਿਚ ਹੋਏ ਇਸ ਰੂ-ਬ-ਰੂ ਪ੍ਰੋਗਰਾਮ ਵਿਚ ਵੱਡੀ ਗਿਣਤੀ ‘ਚ ਹਾਜ਼ਰ ਵਿਦਿਆਰਥੀਆਂ ਵਿਚੋਂ ਕਈਆਂ ਨੇ ਮੈਥੋਂ ਸ਼ੌਂਕੀ ਮੇਲੇ ਦੇ ਉਜੜਨ ਬਾਰੇ ਵੀ ਸਵਾਲ ਪੁੱਛੇ। ਹਾਲ ਦੀ ਵੱਡੀ ਸਟੇਜ ਦੇ ਪਿੱਛੇ ਕੰਪਿਊਟਰ ਸਕਰੀਨ ‘ਤੇ ਲਿਖੇ ਸ਼ਬਦ ਤਾਂ ਚੰਗੇ ਸਨ ਪਰ ਕਦੇ ਇਹ ਨਹੀਂ ਸੋਚਿਆ ਸੀ ਕਿ ‘ਲੇਖਕ’ ਸ਼ਬਦ ਨਾਲ ‘ਪਰਵਾਸੀ’ ਵੀ ਲਿਖਿਆ ਜਾਵੇਗਾ। ਇਹ ਮੱਠਾ-ਮੱਠਾ ਦਰਦ ਕਦੇ-ਕਦੇ ਵਤਨ ਗਏ ‘ਤੇ ਅਕਸਰ ਹੋਣ ਲਗਦਾ ਹੈ ਜਦੋਂ ਅਖ਼ਬਾਰਾਂ ਵਾਲੇ ਮੇਰੀਆਂ ਖ਼ਬਰਾਂ ਨਾਲ ਇੱਦਾਂ ਕਰਦੇ ਹਨ। ਪ੍ਰੋæ ਸੁਰਿੰਦਰ ਪਾਲ ਨੇ ਮੰਚ ਸੰਚਾਲਨ ਕੀਤਾ। ਮੈਂ ਹੈਰਾਨ ਸਾਂ ਕਿ ਜਿਸ ਨੂੰ ਮੈਂ ਜਾਣਦਾ ਨਹੀਂ ਸਾਂ, ਉਹ ਮੈਨੂੰ ਸਾਰੇ ਦੇ ਸਾਰੇ ਨੂੰ ਕਿਵੇਂ ਜਾਣਦਾ ਸੀ। ਸੁਰਿੰਦਰ ਪਾਲ ਨੇ ਮੇਰੀਆਂ ਤੀਹ ਵਰ੍ਹਿਆਂ ਦੀਆਂ ਲਿਖਤਾਂ ਤੇ ਸਰਗਰਮੀਆਂ ਦਾ ਉਲੇਖ ਬਹੁਤ ਕਮਾਲ ਨਾਲ ਕੀਤਾ ਸੀ। ਅਵਤਾਰ ਸੰਧੂ ਨੇ ਮੇਰੇ ਬਾਰੇ ਕਾਵਿ ਚਿੱਤਰ ਤਰੰਨੁਮ ਵਿਚ ਪੇਸ਼ ਕੀਤਾ ਤੇ ਸੰਧੂ ਵਰਿਆਣਵੀ ਨੇ ਸਾਰੀਆਂ ਯਾਦਾਂ ਖੱਟ ਵਾਂਗ ਸਜਾ ਦਿੱਤੀਆਂ। ਪ੍ਰਿੰਸੀਪਲ ਬਿੱਕਰ ਸਿੰਘ ਦੇ ਬੋਲਾਂ ਵਿਚ ਮੇਰੇ ਪੰਜਾਬ ਛੱਡਣ ਦਾ ਦਰਦ ਛਲਕ ਪਿਆ। ਸਟਾਫ ਵਿਚੋਂ ਪ੍ਰੋæ ਧਰਮ ਕੌਰ, ਪ੍ਰੋæ ਰਜਿੰਦਰ ਸਿੰਘ, ਪ੍ਰੋæ ਸਰਬਜੀਤ ਕੌਰ, ਪ੍ਰੋæ ਅਸ਼ਵਨੀ ਕੁਮਾਰ, ਪ੍ਰੋæ ਸਰਿਤਾ ਦੇਵੀ, ਪ੍ਰੋæ ਮਨੀਸ਼ ਦੇਵ, ਪ੍ਰੋæ ਮੀਨਾਕਸ਼ੀ ਸ਼ਰਮਾ, ਪ੍ਰੋæ ਰਵਿੰਦਰ ਕੌਰ ਤੇ ਪ੍ਰੋæ ਸਤਿਨਾਮ ਸਿੰਘ ਹਾਜ਼ਰ ਸਨ।
ਸਾਹਿਤਕ ਕਿਤਾਬਾਂ ਦਾ ਸੈਟ ਤੇ ਲੋਈ ਚਲੋ ਮਾਣ ਲਈ ਕਾਫੀ ਸੀ, ਪਰ ਕਾਲਜ ਵੱਲੋਂ ਸਵਾਗਤ ਦਾ ਜੋ ਸਨਮਾਨ ਦਿੱਤਾ ਗਿਆ ਸੀ, ਉਹ ਹਰਫ-ਬਿਆਨੀ ਤੋਂ ਬਾਹਰ ਹੈ। ਸ਼ਾਇਦ ਆਪਣੀ ਅੱਧੀ ਸਦੀ ਦੀ ਉਮਰ ਦਾ ਸਭ ਤੋਂ ਜਜ਼ਬਾਤੀ ਭਾਸ਼ਣ ਮੈਂ ਇਸੇ ਸਰਕਾਰੀ ਕਾਲਜ ਵਿਚ ਦਿੱਤਾ ਸੀ, ਤੇ ਇਸ ਸਵਾਲ ਦਾ ਜਵਾਬ ਦੇਣ ਵੇਲੇ ਮੈਂ ਰੋਣਹਾਕਾ ਹੋ ਗਿਆ ਸਾਂ ਕਿ “ਤੁਸੀਂ ਹੁਣ ‘ਅਜੀਤ’ ਵਿਚੋਂ ਗਾਇਬ ਕਿਉਂ ਹੋ ਗਏ ਹੋ?”
ਲਗਦਾ ਨਹੀਂ, ਕਦੀ ਵਾਰ ਸਿਰਨਾਵਾਂ ਠੀਕ ਹੁੰਦਾ, ਡਾਕੀਆ ਗਲਤ ਹੋ ਜਾਂਦਾ ਹੈ।
Leave a Reply