ਪੰਜਾਬ ਦੀ ਪੀੜ-ਪੰਜਾਬ 1984

ਪੰਜਾਬੀ ਫਿਲਮ Ḕਪੰਜਾਬ 1984Ḕ ਦੀ ਪਹਿਲੇ ਦਿਨ ਹੀ ਰਿਕਾਰਡ ਕਮਾਈ ਨੇ ਦਰਸਾ ਦਿੱਤਾ ਕਿ ਲੋਕ ਇਹ ਫਿਲਮ ਦੇਖਣ ਲਈ ਕਿੰਨੇ ਉਤਸਕ ਸਨ। ਆਮ ਰਿਵਾਜ ਦੇ ਉਲਟ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਵਿਸ਼ੇਸ਼ ਸ਼ੋਅ (ਪ੍ਰੀਮੀਅਰ ਸ਼ੋਅ) ਵੀ ਨਹੀਂ ਸੀ ਰੱਖਿਆ ਗਿਆ। ਆਮ ਦਰਸ਼ਕਾਂ ਦੀ ਰਾਏ ਵੱਲ ਧਿਆਨ ਧਰੀਏ ਤਾਂ ਸਭ ਦੰਗ ਹੀ ਰਹਿ ਗਏ ਸਨ ਕਿ ਦਲਜੀਤ ਦੁਸਾਂਝ ਵਰਗਾ ਗਾਇਕ ਇਸ ਤਰ੍ਹਾਂ ਦੀ ਫਿਲਮ ਵੀ ਬਣਾ ਸਕਦਾ ਹੈ! ਅਸਲ ਵਿਚ ਇਸ ਫਿਲਮ ਦੇ ਪਟਕਥਾ ਲੇਖਕ ਅਤੇ ਨਿਰਦੇਸ਼ਕ ਅਨੁਰਾਗ ਸਿੰਘ ਨੇ ਜਿਸ ਤਰ੍ਹਾਂ ਪੰਜਾਬ ਵਿਚ ਝੁੱਲੀ ਹਿੰਸਾ ਦੀ ਹਨੇਰੀ ਨੂੰ ਪਰਦੇ ਉਤੇ ਪੇਸ਼ ਕਰਨ ਦਾ ਯਤਨ ਕੀਤਾ ਹੈ, ਉਸ ਨੇ ਹਰ ਕਿਸੇ ਦੀ ਦੁਖਦੀ ਰਗ ਉਤੇ ਹੱਥ ਰੱਖ ਦਿੱਤਾ। 1984 ਤੋਂ ਬਾਅਦ ਜਿਸ ਤਰ੍ਹਾਂ ਸਿੱਖ ਅਤੇ ਸਮੁੱਚੇ ਪੰਜਾਬ ਦੀ ਮਾਨਸਿਕਤਾ ਜ਼ਖਮੀ ਹੋਈ ਪਈ ਸੀ, ਉਸ ਦੀਆਂ ਬੜੀਆਂ ਅਣਗਿਣਤ ਕਹਾਣੀਆਂ ਹਨ ਅਤੇ ਹਰ ਕਹਾਣੀ ਆਪੋ-ਆਪਣੇ ਕੋਣ ਤੋਂ ਸੱਚੀ ਹੈ। ਉਹ ਅਜਿਹਾ ਦੌਰ ਸੀ ਜਦੋਂ ਬੰਦੇ ਦਾ ਬੰਦੇ ਤੋਂ ਹੀ ਭਰੋਸਾ ਉਠ ਗਿਆ ਸੀ ਅਤੇ ਆਪਾ-ਧਾਪੀ ਹੀ ਜ਼ਿੰਦਗੀ ਦੀ ਇਕੋ-ਇਕ ਸਚਾਈ ਜਾਪਣ ਲੱਗ ਪਈ ਸੀ। ਅਨੁਰਾਗ ਸਿੰਘ ਨੇ ਫਿਲਮ ਦੀ ਕਹਾਣੀ ਨੂੰ ਕਿਸੇ ਇਕ ਕਹਾਣੀ ਉਤੇ ਕੇਂਦਰਤ ਕਰਨ ਦੀ ਥਾਂ ਆਮ ਮਨੁੱਖ ਦੇ ਸੀਨੇ ਉਤੇ ਚੱਲੇ ਬਰਛਿਆਂ ਦਾ ਦਰਦ ਇਸ ਫਿਲਮ ਵਿਚ ਭਰਿਆ।æææ ਤੇ ਇਹ ਦਰਦ ਕਿਸੇ ਇਕ ਧਿਰ ਦਾ ਨਹੀਂ ਸੀ। ਅਨੁਰਾਗ ਸਿੰਘ ਦਾ ਇਹ ਕਹਿਣਾ ਭਾਵੇਂ ਬਹੁਤਾ ਜਾਇਜ਼ ਨਹੀਂ ਲਗਦਾ ਕਿ ਇਹ ਫਿਲਮ ਕਿਸੇ ਖਾਸ ਸਿਆਸੀ ਧਿਰ ਦੇ ਦ੍ਰਿਸ਼ਟੀਕੋਣ ਤੋਂ ਨਹੀਂ ਬਣਾਈ ਗਈ, ਪਰ ਇੰਨਾ ਸੱਚ ਜ਼ਰੂਰ ਹੈ ਕਿ ਉਸ ਵੇਲੇ ਦੀ ਸਿਆਸਤ ਕਾਰਨ ਆਮ ਬੰਦੇ ਨਾਲ ਜੋ ਕੁਝ ਬੀਤਿਆ, ਉਸ ਦੀ ਝਲਕ ਇਸ ਫਿਲਮ ਵਿਚ ਬਾਖੂਬ ਨਜ਼ਰੀਂ ਪੈਂਦੀ ਹੈ।
ਫਿਲਮ ਵਿਚ ਮੁੱਖ ਰੋਲ ਕਿਰਨ ਖੇਰ, ਦਲਜੀਤ ਦੁਸਾਂਝ, ਪਵਨ ਮਲਹੋਤਰਾ, ਸੋਨਮ ਬਾਜਵਾ, ਰਾਣਾ ਰਣਬੀਰ ਆਦਿ ਦਾ ਹੈ। ਦਲਜੀਤ ਦੁਸਾਂਝ ਅਤੇ ਅਨੁਰਾਗ ਸਿੰਘ ਨੇ ਪਹਿਲਾਂ ਜਿਸ ਤਰ੍ਹਾਂ ਦੀਆਂ ਚੁਟਕਲਾਨੁਮਾ ਫਿਲਮਾਂ ਬਣਾਈਆਂ ਹਨ, ਉਸ ਦੇ ਮੁਕਾਬਲੇ ਇਹ ਫਿਲਮ ਬਹੁਤ ਜ਼ਿਆਦਾ ਗੰਭੀਰ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਦਲਜੀਤ ਨੇ ਤਾਂ ਪਹਿਲਾਂ ਨਾਲੋਂ ਐਨ ਉਲਟ ਕਿਰਦਾਰ ਫਿਲਮ ਵਿਚ ਨਿਭਾਇਆ ਹੈ। ਬਾਅਦ ਵਿਚ ਉਸ ਨੇ ਜਿੰਨੀਆਂ ਵੀ ਇੰਟਰਵਿਊ ਦਿੱਤੀਆਂ, ਉਨ੍ਹਾਂ ਵਿਚ ਵੀ ਗਹਿਰ-ਗੰਭੀਰ ਦਿਸਣ ਦੀ ਪੂਰੀ ਵਾਹ ਲਾਈ। ਇਕ ਇੰਟਰਵਿਊ ਵਿਚ ਤਾਂ ਦਲਜੀਤ ਨੇ ਇਹ ਵੀ ਕਹਿ ਦਿੱਤਾ- “ਮੈਂ ਤਾਂ ਅਨੁਰਾਗ ਭਾਅਜੀ ਨੂੰ ਕਿਹਾ ਕਿ ਉਹ Ḕਜੱਟ ਤੇ ਜੂਲੀਅਟḔ ਵਰਗੀਆਂ ਫਿਲਮਾਂ ਦਾ ਨਹੀਂ ਸਗੋਂ Ḕਪੰਜਾਬ 1984Ḕ ਵਰਗੀਆਂ ਫਿਲਮਾਂ ਦੇ ਪੱਧਰ ਦਾ ਡਾਇਰੈਕਟਰ ਹੈ।” ਕਹਿਣ ਦਾ ਭਾਵ ਦਲਜੀਤ ਖੁਦ ਵੀ ਇਹ ਸਵੀਕਾਰ ਕਰ ਰਿਹਾ ਹੈ ਕਿ ਉਸ ਦੀਆਂ ਪਹਿਲੀਆਂ ਫਿਲਮ ਸੱਚ-ਮੁੱਚ ਰੱਦ ਕਰਨ ਵਾਲੀਆਂ ਹਨ। ਇਸ ਫਿਲਮ ਵਿਚ ਕਿਰਨ ਖੇਰ ਨੇ ਮਾਂ ਦੇ ਕਿਰਦਾਰ ਵਿਚ ਪੂਰੀ ਜਾਨ ਭਰ ਦਿੱਤੀ। ਹਾਂ, ਕਿਰਨ ਖੇਰ ਦੇ ਮਾਮਲੇ ਵਿਚ ਨਿਰਦੇਸ਼ਕ ਜ਼ਰੂਰ ਮਾਰ ਖਾ ਗਿਆ ਹੈ। ਉਹ ਕਿਰਨ ਨੂੰ ਪੇਂਡੂ ਮਾਂ ਦੇ ਰੂਪ ਵਿਚ ਨਹੀਂ ਦਿਖਾ ਸਕਿਆ। ਜਿਸ ਤਰ੍ਹਾਂ ਦੀ ਦਿੱਖ ਇਸ ਫਿਲਮ ਵਿਚ ਕਿਰਨ ਖੇਰ ਦੀ ਹੈ, ਉਹ ਬਹੁਤ ਜ਼ੋਰ ਲਾ ਕੇ ਵੀ ਹਜ਼ਮ ਨਹੀਂ ਹੁੰਦੀ। ਖੈਰ! ਉਸ ਦੀ ਅਦਾਕਾਰੀ ਅਤੇ ਅੰਦਾਜ਼ ਨੇ ਗੱਲ ਪੂਰੀ ਬਣਾ ਦਿੱਤੀ। ਉਸ ਦੇ ਘਰਵਾਲੇ ਅਨੁਪਮ ਖੇਰ ਨੇ ਤਾਂ ਭਾਵੇਂ ਉਸ ਦੀ ਅਦਾਕਾਰੀ ਨੂੰ ਆਸਕਰ ਪੱਧਰ ਦੀ ਅਦਾਕਾਰੀ ਕਹਿਣ ਤੱਕ ਛਾਲ ਮਾਰ ਦਿੱਤੀ ਹੈ, ਪਰ ਸੱਚ-ਮੁੱਚ ਕਿਰਨ ਖੇਰ ਨੇ ਆਪਣੀ ਅਦਾਕਾਰੀ ਨਾਲ ਸਭ ਦਾ ਮਨ ਮੋਹਿਆ ਹੈ। ਸੋਨਮ ਬਾਜਵਾ ਕੋਲ ਕਰਨ ਲਈ ਭਾਵੇਂ ਬਹੁਤਾ ਕੁਝ ਨਹੀਂ ਸੀ, ਪਰ ਉਸ ਨੇ ਆਪਣੇ ਕਿਰਦਾਰ ਨਾਲ ਪੂਰਾ ਨਿਆਂ ਕੀਤਾ। ਪਵਨ ਮਲਹੋਤਰਾ ਵੀ ਠੀਕ ਰਿਹਾ। ਉਸ ਵਰਗੇ ਅਦਾਕਾਰ ਦਾ ਪੰਜਾਬੀ ਫਿਲਮ ਵਿਚ ਕੰਮ ਕਰਨਾ ਹੀ ਮਾਣ ਵਾਲੀ ਗੱਲ ਹੈ।
ਰਹੀ ਗੱਲ ਪੰਜਾਬ ਦੇ ਸਿਧਾਂਤਕ ਮਸਲੇ ਦੀ, ਫਿਲਮ ਦੇ ਤਿੰਨ ਕਿਰਦਾਰ ਖਾੜਕੂ ਸਫਾਂ ਵਿਚ ਰਲਦੇ ਹਨ, ਪਰ ਤਿੰਨਾਂ ਦਾ ਹੀ ਸਿੱਖ ਸੰਘਰਸ਼ ਨਾਲ ਸਿੱਧਾ ਸਬੰਧ ਨਹੀਂ। ਇਥੋਂ ਹੀ ਫਿਲਮ ਦੀ ਕਹਾਣੀ ਪੰਜਾਬ ਸੰਕਟ ਦੀਆਂ ਉਹ ਪਰਤਾਂ ਫਰੋਲਦੀ ਹੈ, ਜੋ ਅੱਜ ਤੱਕ ਪੰਜਾਬੀ ਜਿਊੜਿਆਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਪੰਜਾਬ ਪੁਲਿਸ ਦਾ ਜੋ ਕਿਰਦਾਰ ਇਸ ਫਿਲਮ ਵਿਚ ਪੇਸ਼ ਹੋਇਆ ਹੈ, ਉਸ ਦੇ ਸਹੀ ਹੋਣ ਬਾਰੇ ਤਾਂ ਕਿਸੇ ਦੀਆਂ ਦੋ ਰਾਵਾਂ ਨਹੀਂ ਹੋਣਗੀਆਂ, ਕਿਉਂਕਿ ਉਸ ਦੌਰ ਵਿਚ ਪੁਲਿਸ ਨੇ ਹੀ ਤਾਂ ਸਭ ਤੋਂ ਵੱਧ ਚੰਮ ਦੀਆਂ ਚਲਾਈਆਂ ਸਨ। ਇਸ ਫਿਲਮ ਨੇ ਪੰਜਾਬ ਦੀ ਜਿਹੜੀ ਕਹਾਣੀ ਸੁਣਾਈ ਹੈ, ਉਸ ਦੀਆਂ ਬਹੁਤ ਸਾਰੀਆਂ ਪਰਤਾਂ ਹਨ। ਹਰ ਪਰਤ ਦਾ ਪਰਦਾ ਚੁੱਕਿਆਂ ਰਿਸਦੇ ਜ਼ਖਮ ਦਿਸਣੇ ਸ਼ੁਰੂ ਹੋ ਜਾਂਦੇ ਹਨ। ਇਹ ਅਸਲ ਵਿਚ ਸਾਡੇ ਸਮਿਆਂ ਦਾ ਉਹ ਸੰਤਾਪ ਸੀ ਜਿਸ ਨੇ ਸਾਰੀ ਉਮਰ ਪੰਜਾਬ ਦੇ ਹਰ ਜੀਅ ਨੂੰ ਪ੍ਰੇਸ਼ਾਨ ਕਰੀ ਰੱਖਣਾ ਹੈ।
____________________________________________
ਸਿਨੇਮਾ ਤੇ ਪੰਜਾਬ ਸੰਤਾਪ
ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ਵਿਚ ਪੰਜਾਬ ਸੰਕਟ ਦਾ ਗਾਹੇ-ਬਗਾਹੇ ਜ਼ਿਕਰ ਆਉਂਦਾ ਰਿਹਾ ਹੈ, ਪਰ ਪਿਛਲੇ ਕੁਝ ਸਮੇਂ ਤੋਂ ਸਿਨੇਮਾ ਵਿਚ ਪੰਜਾਬ ਦੇ ਉਨ੍ਹਾਂ ਲਹੂ-ਲੁਹਾਣ ਦੋ ਦਹਾਕਿਆਂ ਬਾਰੇ ਵਾਹਵਾ ਚਰਚਾ ਹੋਣ ਲੱਗੀ ਹੈ ਜਿਨ੍ਹਾਂ ਨੇ ਪੰਜਾਬੀਆਂ ਨੂੰ ਇਕ ਤਰ੍ਹਾਂ ਨਾਲ ਉਜਾੜ-ਉਖਾੜ ਹੀ ਦਿੱਤਾ ਸੀ। ਉਂਝ ਵੀ ਪਿਛਲੇ ਕੁਝ ਸਮੇਂ ਤੋਂ ਪੰਜਾਬ, ਫਿਲਮ ਨਿਰਮਾਣ ਦਾ ਗੜ੍ਹ ਬਣ ਰਿਹਾ ਹੈ। ਹਿੰਦੀ ਫਿਲਮਾਂ ਦੀ ਸ਼ੂਟਿੰਗ ਹੁਣ ਪੰਜਾਬ ਵਿਚ ਹੁੰਦੀ ਦੇਖੀ ਜਾ ਸਕਦੀ ਹੈ। ਪੰਜਾਬ ਸੰਕਟ ਨਾਲ ਸਿੱਧੀ ਸਬੰਧਤ ਫਿਲਮ ḔਮਾਚਿਸḔ ਨਾਮਵਰ ਫਿਲਮਸਾਜ਼ ਅਤੇ ਸ਼ਾਇਰ ਗੁਲਜ਼ਾਰ ਨੇ 1996 ਵਿਚ ਬਣਾਈ ਸੀ। ਉਦੋਂ ਅਜੇ 90ਵਿਆਂ ਦੇ ਸ਼ੁਰੂ ਵਿਚ ਪੰਜਾਬ ਵਿਚ ਹਿੰਸਾ ਦਾ ਦੌਰ ਅਜੇ ਖਤਮ ਹੀ ਹੋਇਆ ਸੀ। ਇੰਨੇ ਨੇੜਲੇ ਸਮੇਂ ਬਾਰੇ ਫਿਲਮ ਰਾਹੀਂ ਟਿੱਪਣੀ ਕਰਨੀ ਕੋਈ ਸੌਖਾ ਕੰਮ ਨਹੀਂ ਹੁੰਦਾ ਪਰ ਫਿਲਮ ਵਿਚ ਗੁਲਜ਼ਾਰ ਨੇ ਆਪਣੀ ਸੰਵੇਦਨਸ਼ੀਲਤਾ ਵਾਲਾ ਰੰਗ ਛੱਡਿਆ। ਫਿਲਮ ਅਜਿਹੇ ਨੌਜਵਾਨਾਂ ਦੀ ਕਹਾਣੀ ਹੈ ਜੋ ਬਦਲੇ ਦੀ ਅੱਗ ਵਿਚ ਭੁੱਜ ਰਹੇ ਹਨ। ਇਹ ਸਾਧਾਰਨ ਨੌਜਵਾਨ ਆਖਰਕਾਰ ਕਿਸ ਤਰ੍ਹਾਂ ਹੱਥਾਂ ਵਿਚ ਬੰਦੂਕਾਂ ਲੈ ਤੁਰੇ, ਇਹ ਸਵਾਲ ਛੱਡਣ ਵਿਚ ਫਿਲਮਸਾਜ਼ ਕਾਮਯਾਬ ਰਹਿੰਦਾ ਹੈ।
ਇਕ ਹੋਰ ਹਿੰਦੀ ਫਿਲਮ ḔਹਵਾਏਂḔ ਪੰਜਾਬ ਸੰਕਟ ਨਾਲ ਸਬੰਧਤ ਹੈ। ਇਹ ਫਿਲਮ ਭਾਵੇਂ ਹਿੰਦੀ ਵਿਚ ਬਣੀ ਸੀ ਪਰ ਇਸ ਨੂੰ ਬਣਾਉਣ ਵਾਲੇ ਅਤੇ ਇਸ ਵਿਚ ਅਦਾਕਾਰੀ ਕਰਨ ਵਾਲੇ ਤਕਰੀਬਨ ਸਾਰੇ ਕਲਾਕਾਰ ਪੰਜਾਬੀ ਹੀ ਸਨ। ਇਸ ਫਿਲਮ ਵਿਚ 1984 ਵਿਚ ਸਿੱਖਾਂ ਦੇ ਕਤਲੇਆਮ ਤੋਂ ਬਆਦ ਦੇ ਹਾਲਾਤ ਬਾਰੇ ਚਰਚਾ ਕੀਤੀ ਗਈ ਹੈ। ਇਹ ਫਿਲਮ 2003 ਵਿਚ ਆਈ ਸੀ ਅਤੇ ਇਸ ਫਿਲਮ ਦਾ ਨਿਰਦੇਸ਼ਕ ਪਟਕਥਾ ਲੇਖਕ ਤੇ ਨਾਇਕ ਅਮਿਤੋਜ ਮਾਨ ਸਨ। ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਇਸ ਫਿਲਮ ਵਿਚ ਅਹਿਮ ਕਿਰਦਾਰ ਨਿਭਾਇਆ ਸੀ ਤੇ ਇਸ ਬਾਰੇ ਖੂਬ ਚਰਚਾ ਹੋਈ ਸੀ।
ਪੰਜਾਬ ਸੰਕਟ ਬਾਰੇ ਬਣਾਈ ਤੀਜੀ ਅਹਿਮ ਫ਼ਿਲਮ Ḕਦੇਸ ਹੋਇਆ ਪਰਦੇਸḔ ਹੈ। ਇਹ ਫਿਲਮ ਫਿਲਮਸਾਜ਼ ਮਨੋਜ ਪੁੰਜ ਨੇ ਬਣਾਈ ਸੀ ਅਤੇ ਇਹ 2004 ਵਿਚ ਸਿਨੇਮਿਆਂ ਵਿਚ ਦਿਖਾਈ ਗਈ ਸੀ। ਇਸ ਫ਼ਿਲਮ ਦੀ ਕਹਾਣੀ 1984 ਤੋਂ ਬਾਅਦ ਦੇ ਸਮੇਂ ਨਾਲ ਸਬੰਧਤ ਹੈ। ਫ਼ਿਲਮ ਪੰਜਾਬ ਅਤੇ ਅਮਰੀਕਾ, ਦੋ ਥਾਈਂ ਵਾਪਰਦੀ ਹੈ। ਫ਼ਿਲਮ ਬਣਾਉਣ ਵਾਲਿਆਂ ਦਾ ਇਹ ਦਾਅਵਾ ਸੀ ਕਿ ਇਹ ਫਿਲਮ ਸੱਚੀ ਘਟਨਾ ਉਤੇ ਆਧਾਰਤ ਹੈ। ਪੰਜਾਬ ਸੰਕਟ ਬਾਰੇ ਜਿਹੜੀ ਫਿਲਮ ਸਭ ਤੋਂ ਵੱਧ ਚਰਚਿਤ ਹੋਈ, ਉਹ ਸੀ Ḕਸਾਡਾ ਹੱਕḔ। ਇਹ ਫ਼ਿਲਮ ਭਾਰਤ ਤੋਂ ਬਾਹਰ 5 ਅਪਰੈਲ 2013 ਅਤੇ ਭਾਰਤ ਵਿਚ 10 ਮਈ 2013 ਨੂੰ ਰਿਲੀਜ਼ ਹੋਈ। ਮਨਦੀਪ ਬੈਨੀਪਾਲ ਇਸ ਫਿਲਮ ਦੇ ਨਿਰਦੇਸ਼ਕ ਸਨ। ਫ਼ਿਲਮ ਦੀ ਕਹਾਣੀ, ਪਟਕਥਾ ਅਤੇ ਸੰਵਾਦ ਕੁਲਜਿੰਦਰ ਸਿੰਘ ਸਿੱਧੂ ਦੇ ਸਨ। Ḕਸਾਡਾ ਹੱਕḔ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿਚ ਘਿਰ ਗਈ ਸੀ। ਇਹ ਫਿਲਮ ਅਸਲ ਵਿਚ ਹੱਕ ਉਭਾਰਨ ਦਾ ਇਕ ਜਰੀਆ ਹੋ ਨਿਬੜੀ।
ਇਸ ਤੋਂ ਬਿਨਾਂ ਮਨਿੰਦਰ ਕਾਂਗ ਦੀ ਮਸ਼ਹੂਰ ਕਹਾਣੀ ḔਭਾਰḔ ਦੇ ਆਧਾਰ Ḕਤੇ ਬਣੀ ਫ਼ਿਲਮ ḔਭਾਰḔ ਦੀ ਵੀ ਖੂਬ ਚਰਚਿਤ ਹੋਈ। ਸ਼ੁਭਆਸ਼ੀਸ਼ ਭੁਟਾਨੀ ਵੱਲੋਂ ਨਿਰਦੇਸ਼ਤ ਫਿਲਮ Ḕਕੁਸ਼Ḕ ਸਿੱਖ ਕਤਲੇਆਮ ਦਾ ਦਰਦ ਬਿਆਨ ਕਰਦੀ ਹੈ। ਫਿਲਮਸਾਜ਼ ਪ੍ਰਿੰਸ ਕੁਲਵਿੰਦਰ ਸਿੰਘ ਦੀ ਫਿਲਮ Ḕਲੈਦਰ ਲਾਈਫ਼Ḕ ਅਤੇ ਰਾਜ ਕਾਕੜਾ ਦੀ ਫਿਲਮ Ḕਕੌਮ ਦੇ ਹੀਰੇḔ ਨੇ ਵੀ ਪੰਜਾਬ ਸੰਕਟ ਬਾਰੇ ਗੱਲਾਂ ਛੇੜੀਆਂ। ਫਿਲਮਸਾਜ਼ ਰਾਜੀਵ ਸ਼ਰਮਾ ਦੀ ਫਿਲਮ Ḕ47 ਤੋਂ 84Ḕ ਨੇ ਸਿੱਖ ਕਤਲੇਆਮ ਨੂੰ ਵਿਸ਼ਾ ਬਣਾ ਕੇ ਪੰਜਾਬ ਦੀ ਸਿਆਸਤ ਬਾਰੇ ਬਾਤ ਪਾਈ।

Be the first to comment

Leave a Reply

Your email address will not be published.