ਦੂਰ ਦੇਸ਼ ਇਰਾਕ ਵਿਚ ਸ਼ੀਆ ਅਤੇ ਸੁੰਨੀਆਂ ਦੀ ਫਿਰਕੇਦਾਰਾਨਾ ਲੜਾਈ ਦਾ ਸੇਕ ਪੰਜਾਬ ਉਤੇ ਵੀ ਪਿਆ ਹੈ। ਆਪਣੇ ਪਰਿਵਾਰ ਪਾਲਣ ਖਾਤਰ ਪੰਜਾਬ ਦੇ ਕਈ ਬਾਸ਼ਿੰਦੇ ਇਸ ਦੇਸ਼ ਗਏ ਹੋਏ ਹਨ। ਦੱਸਣਾ ਬਣਦਾ ਹੈ ਕਿ ਇਰਾਕ ਉਦੋਂ ਤੋਂ ਹੀ ਡੂੰਘੀ ਬਦ-ਅਮਨੀ ਵਿਚੋਂ ਲੰਘ ਰਿਹਾ ਹੈ ਜਦੋਂ ਤੋਂ (2003) ਉਥੇ ਸੱਦਾਮ ਹੁਸੈਨ ਦਾ ਤਖਤਾ ਪਲਟ ਕੇ ਨਵੀਂ ਸਰਕਾਰ ਕਾਇਮ ਕੀਤੀ ਗਈ ਸੀ। ਅਮਰੀਕਾ ਨੇ ਸੱਦਾਮ ਹੁਸੈਨ ਦਾ ਤਖਤਾ ਇਹ ਕਹਿ ਕੇ ਪਲਟਾਇਆ ਸੀ ਕਿ ਉਸ ਨੇ ਅਤਿਅੰਤ ਘਾਤਕ ਰਸਾਇਣੀ ਹਥਿਆਰ ਜਮ੍ਹਾਂ ਕੀਤੇ ਹੋਏ ਹਨ ਜੋ ਉਸ ਖਿੱਤੇ ਦੇ ਦੇਸ਼ਾਂ ਲਈ ਹੀ ਨਹੀਂ, ਸਗੋਂ ਸਮੁੱਚੀ ਲੋਕਾਈ ਲਈ ਖਤਰਾ ਹਨ। ਇਹ ਗੱਲ ਵੱਖਰੀ ਹੈ ਕਿ ਇਰਾਕ ਉਤੇ ਅਮਰੀਕੀ ਕਬਜ਼ੇ ਤੋਂ ਬਾਅਦ ਅੱਜ ਤੱਕ ਵੀ ਇਰਾਕ ਵਿਚੋਂ ਅਜਿਹੇ ਹਥਿਆਰ ਨਹੀਂ ਮਿਲੇ ਹਨ। ਅਮਰੀਕੀ ਦਖਲ ਤੋਂ ਬਾਅਦ ਇਰਾਕ ਵਿਚ ਸ਼ੀਆ ਸ਼ਾਸਕ ਸੱਤਾ ਵਿਚ ਆਏ ਸਨ। ਉਨ੍ਹਾਂ ਨੇ ਫਿਰ ਸੱਤਾ ਆਪਣੇ ਹਿਸਾਬ ਨਾਲ ਹੀ ਚਲਾਉਣੀ ਸੀ; ਸੋ, ਛੇਤੀ ਹੀ ਸੁੰਨੀ ਫਿਰਕੇ ਨਾਲ ਸਬੰਧਤ ਲੋਕ ਹਾਸ਼ੀਏ ਉਤੇ ਧੱਕੇ ਗਏ। ਇਹ ਗੱਲ ਤਾਂ ਹੁਣ ਅਮਰੀਕਾ ਨੇ ਵੀ ਨੋਟ ਕੀਤੀ ਹੈ ਕਿ ਸ਼ੀਆ ਸ਼ਾਸਕ ਇਰਾਕ ਦੇ ਸਮੁੱਚੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਿਚ ਅਸਫਲ ਰਹੇ ਹਨ। ਅੱਜ ਕੱਲ੍ਹ ਇਰਾਕ ਦੀ ਕਮਾਨ ਪ੍ਰਧਾਨ ਮੰਤਰੀ ਨੂਰੀ ਅਲ-ਮਲਿਕੀ ਦੇ ਹੱਥ ਹੈ ਅਤੇ ਸਭ ਦਾ ਨਿਸ਼ਾਨਾ ਉਹੀ ਬਣੇ ਹੋਏ ਹਨ। ਇਹ ਉਹੀ ਆਗੂ ਹੈ ਜੋ ਸੱਦਾਮ ਹੁਸੈਨ ਦਾ ਕੱਟੜ ਵਿਰੋਧੀ ਹੁੰਦਾ ਸੀ ਅਤੇ ਸੱਦਾਮ ਦਾ ਤਖਤਾ ਪਲਟਣ ਤੋਂ ਬਾਅਦ ਉਸ ਨੂੰ ਉਚੇਚੇ ਤੌਰ ‘ਤੇ ਇਰਾਕ ਸੱਦ ਕੇ ਸੱਤਾ ਸੌਂਪੀ ਗਈ ਸੀ। ਉਸ ਨੇ ਸੱਦਾਮ ਨੂੰ ਦਿੱਤੀ ਫਾਂਸੀ ਦੀ ਸਜ਼ਾ ਉਤੇ ਨਜ਼ਰਸਾਨੀ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਹੁਣ ਅੱਲਾ ਨੂੰ ਵੀ ਇਹੀ ਮਨਜ਼ੂਰ ਹੈ, ਪਰ ਪਿਛਲੇ ਇਕ ਦਹਾਕੇ ਦੌਰਾਨ ਉਹ ਦੇਸ਼ ਨੂੰ ਸੰਕਟ ਵਿਚੋਂ ਉਭਾਰਨ ਵਿਚ ਬੁਰੀ ਤਰ੍ਹਾਂ ਅਸਫਲ ਰਿਹਾ ਹੈ। ਦੇਸ਼ ਵਿਚ ਫਿਰਕੂ ਤਣਾਅ ਤਾਂ ਵਧਿਆ ਹੀ ਹੈ; ਆਰਥਿਕ, ਸਮਾਜਕ ਤੇ ਹੋਰ ਖੇਤਰਾਂ ਵਿਚ ਵੀ ਦੇਸ਼ ਬਹੁਤ ਪਛੜ ਰਿਹਾ ਹੈ। ਕਿਸੇ ਵੀ ਮੁਹਾਜ਼ ‘ਤੇ ਇਰਾਕ ਅੱਜ ਤੱਕ ਪੈਰਾਂ ਸਿਰ ਨਹੀਂ ਹੋ ਸਕਿਆ। ਇਸੇ ਕਰ ਕੇ ਸੰਜੀਦਾ ਲੋਕ ਇਹ ਸਵਾਲ ਅਕਸਰ ਪੁੱਛਦੇ ਹਨ ਕਿ ਇਰਾਕ ਨੂੰ ਤਬਾਹੀ ਤੋਂ ਸਿਵਾ ਹੋਰ ਮਿਲਿਆ ਕੀ ਹੈ? ਇਸੇ ਕਰ ਕੇ ਇਹ ਅੰਕੜੇ ਆਮ ਛਪਦੇ ਹਨ ਕਿ ਅਮਰੀਕੀ ਅਤੇ ਹੋਰ ਪੱਛਮੀ ਮੁਲਕਾਂ ਦੀਆਂ ਵੱਡੀਆਂ ਕੰਪਨੀਆਂ ਕਿਸ ਤਰ੍ਹਾਂ ਇਰਾਕ ਵਿਚ ਆਪਣਾ ਕਾਰੋਬਾਰ ਵਧਾ ਰਹੀਆਂ ਹਨ ਅਤੇ ਮੋਟੀ ਕਮਾਈ ਵੀ ਕਰ ਰਹੀਆਂ ਹਨ।
ਸੱਦਾਮ ਹੁਸੈਨ ਦਾ ਸਬੰਧ ਇਰਾਕ ਦੇ ਘੱਟ-ਗਿਣਤੀ ਸੁੰਨੀ ਫਿਰਕੇ ਨਾਲ ਸੀ। ਉਦੋਂ ਪੱਛਮੀ ਆਗੂਆਂ ਨੇ ਸੱਦਾਮ ਹੁਸੈਨ ਦੇ ਖਿਲਾਫ ਸ਼ੀਆ ਆਗੂਆਂ ਨੂੰ ਪੂਰੀ ਹੱਲਸ਼ੇਰੀ ਦਿੱਤੀ। ਉਥੇ ਅਸਲ ਵਿਚ ਮਾਮਲਾ ਸ਼ੀਆ-ਸੁੰਨੀ ਝੇੜਿਆਂ ਨਾਲੋਂ ਵੀ ਜ਼ਿਆਦਾ ਤੇਲ ਕਾਰੋਬਾਰ ਦਾ ਸੀ। ਦਰਅਸਲ ਪੱਛਮੀ ਦੇਸ਼ਾਂ ਦੀ ਨਿਗ੍ਹਾ ਏਸ਼ੀਆ ਦੇ ਇਸ ਖਿੱਤੇ ਵਾਲੇ ਦੇਸ਼ਾਂ ਉਤੇ ਸਦਾ ਹੀ ਰਹੀ ਹੈ ਜਿਥੇ ਤੇਲ ਦੇ ਅਥਾਹ ਖੂਹ ਹਨ। ਇਨ੍ਹਾਂ ਤੇਲ ਭੰਡਾਰਾਂ ਨਾਲ ਹੀ ਇਨ੍ਹਾਂ ਦੇਸ਼ਾਂ ਦੀ ਸਮੁੱਚੀ ਆਰਥਿਕਤਾ ਜੁੜੀ ਹੋਈ ਹੈ। ਇਹ ਤੱਥ ਹੁਣ ਜੱਗ-ਜ਼ਾਹਿਰ ਹੈ ਕਿ ਸੱਦਾਮ ਹੁਸੈਨ ਤੋਂ ਅਮਰੀਕੀ ਕਾਰੋਬਾਰੀਆਂ ਨੂੰ ਜਿੰਨਾ ਕਾਰੋਬਾਰ ਇਰਾਕ ਵਿਚ ਮਿਲਿਆ ਹੈ, ਹੋਰ ਕਿਸੇ ਨੂੰ ਨਹੀਂ। ਸਮੁੱਚੇ ਇਰਾਕ ਨੂੰ ਭੰਨ੍ਹ-ਢਾਹ ਕੇ ਨਵੇਂ ਸਿਰਿਉਂ ਵਿਉਂਤਬੰਦੀ ਕੀਤੀ ਗਈ ਅਤੇ ਇਸ ਵਿਉਂਤਬੰਦੀ ਵਿਚ ਅਮਰੀਕੀਆਂ ਦਾ ਅਹਿਮ ਯੋਗਦਾਨ ਰਿਹਾ। ਇਰਾਕ ਵਿਚ ਪਹਿਲਾਂ ਵੀ ਉਸਾਰੀ ਦਾ ਕੰਮ ਵਾਹਵਾ ਚੱਲਦਾ ਰਿਹਾ ਹੈ ਅਤੇ ਉਦੋਂ ਵੀ ਪੰਜਾਬੀ ਕਾਮੇ ਉਥੇ ਕੰਮ ਖਾਤਰ ਪਰਵਾਸੀ ਬਣਦੇ ਰਹੇ ਹਨ। ਉਂਜ, ਹੁਣ ਇਰਾਕ ਦੇ ਬਹਾਨੇ ਜਿਹੜਾ ਸਵਾਲ ਪੰਜਾਬ ਬਾਰੇ ਉਭਰ ਕੇ ਸਾਹਮਣੇ ਆਇਆ ਹੈ, ਉਹ ਇਹ ਹੈ ਕਿ ਲੋਕ ਕਿਨ੍ਹਾਂ ਹਾਲਾਤ ਵਿਚ ਪਰਦੇਸ ਜਾਣ ਲਈ ਮਜਬੂਰ ਹਨ? ਕਿਸ ਤਰ੍ਹਾਂ ਅਖੌਤੀ ਏਜੰਟ ਉਨ੍ਹਾਂ ਦੀ ਲੁੱਟ ਕਰਦੇ ਹਨ। ਹੁਣ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਏਜੰਟ ਕਾਮਿਆਂ ਨੂੰ ਕਿਸੇ ਹੋਰ ਦੇਸ਼ ਪਹੁੰਚਾਉਣ ਦਾ ਲਾਰਾ ਲਾ ਕੇ ਇਰਾਕ ਵਿਚ ਉਤਾਰ ਆਏ। ਕਾਮਿਆਂ ਨੂੰ ਉਥੇ ਅੱਪੜ ਕੇ ਹੀ ਪਤਾ ਲੱਗਿਆ ਕਿ ਉਨ੍ਹਾਂ ਨੂੰ ਹੁਣ ਹਿੰਸਾ ਦੀ ਮਾਰ ਸਹਿ ਰਹੇ ਇਰਾਕ ਵਿਚ ਕੰਮ ਕਰਨਾ ਪੈਣਾ ਹੈ। ਉਧਰ ਪੰਜਾਬ ਦੀਆਂ ਸਭ ਸਿਆਸੀ ਧਿਰਾਂ ਦਾ ਹਾਲ ਇਹ ਹੈ ਕਿ ਸੰਕਟ ਦੇ ਇਨ੍ਹਾਂ ਹਾਲਾਤ ਵਿਚ ਵੀ ਸਿਆਸਤ ਕਰਨ ਤੋਂ ਬਾਜ ਨਹੀਂ ਆਈਆਂ। ਅਜਿਹੇ ਹਾਲਾਤ ਵਿਚ ਸਭ ਤੋਂ ਪਹਿਲਾ ਕੰਮ ਫੌਰੀ ਰਾਹਤ ਅਤੇ ਭਰੋਸੇ ਦਾ ਹੁੰਦਾ ਹੈ, ਪਰ ਪਿਛਲੇ ਦਿਨਾਂ ਦੌਰਾਨ ਹੋ ਰਹੀਆਂ ਸਰਗਰਮੀਆਂ ਦੱਸਦੀਆਂ ਹਨ ਕਿ ਸਿਆਸੀ ਲੀਡਰ ਇਸ ਮਸਲੇ ਬਾਰੇ ਕਿੰਨੇ ਕੁ ਗੰਭੀਰ ਹਨ। ਹੁਣ ਤੱਕ ਕਿਸੇ ਨੇ ਵੀ ਪੰਜਾਬ ਵਿਚੋਂ ਹੋ ਰਹੇ ਉਜਾੜੇ (ਪਰਵਾਸ) ਦੇ ਕਾਰਨਾਂ ਵੱਲ ਝਾਤੀ ਮਾਰਨ ਦੀ ਲੋੜ ਨਹੀਂ ਸਮਝੀ। ਕਦੀ ਕੋਈ ਚਰਚਾ ਨਹੀਂ ਕੀਤੀ ਗਈ ਕਿ ਹੱਥੀਂ ਕੰਮ ਛੱਡਣ ਵਾਲੇ ਪੰਜਾਬੀ ਆਖਰਕਾਰ ਕਿਉਂ ਪਰਵਾਸੀ ਹੋਣ ਲਈ ਕਤਾਰਾਂ ਬੰਨ੍ਹੀ ਖੜ੍ਹੇ ਹਨ। ਠੀਕ ਹੈ ਕਿ ਪਰਵਾਸ, ਪੰਜਾਬੀਆਂ ਦੀਆਂ ਜੜ੍ਹਾਂ ਵਿਚ ਵੱਸਿਆ ਹੋਇਆ ਹੈ ਅਤੇ ਤਰੱਕੀ ਖਾਤਰ ਬੰਦਾ ਕਿਤੇ ਵੀ ਜਾਣ ਲਈ ਤਤਪਰ ਰਹਿੰਦਾ ਹੈ; ਪਿਛਲੀ ਤਕਰੀਬਨ ਇਕ ਸਦੀ ਦੌਰਾਨ ਪੰਜਾਬੀਆਂ ਨੇ ਸੰਸਾਰ ਦੇ ਵੱਖ-ਵੱਖ ਦੇਸ਼ ਵੱਡੀ ਪੱਧਰ ਉਤੇ ਗਾਹੇ ਹਨ ਅਤੇ ਤਕਰੀਬਨ ਹਰ ਖੇਤਰ ਵਿਚ ਮੱਲਾਂ ਵੀ ਮਾਰੀਆਂ ਹਨ, ਪਰ ਇਸ ਪਰਵਾਸ ਦਾ ਮੁੱਢਲਾ ਅਤੇ ਮੁੱਖ ਮਸਲਾ ਰੋਜ਼ੀ-ਰੋਟੀ ਹੀ ਤਾਂ ਹੈ। ਕੁਝ ਪੱਛਮੀ ਮੁਲਕਾਂ ਵਿਚ ਪੰਜਾਬੀ ਭਾਵੇਂ ਵਸੇਬੇ ਲਈ ਜਾਂਦੇ ਹਨ ਪਰ ਇਰਾਕ ਸਮੇਤ ਹੋਰ ਏਸ਼ੀਆਈ ਦੇਸ਼ਾਂ ਵਿਚ ਜਾਣ ਦਾ ਮਕਸਦ ਰੋਜ਼ੀ-ਰੋਟੀ ਹੀ ਹੁੰਦਾ ਹੈ। ਹੁਣ ਇਰਾਕ ਵਿਚ ਜਿਹੜੇ ਕਾਮੇ ਫਸੇ ਹੋਏ ਹਨ, ਉਨ੍ਹਾਂ ਵਿਚੋਂ ਤਕਰੀਬਨ ਸਾਰੇ ਹੀ ਕਿਰਤੀਆਂ ਦੀ ਜਮਾਤ ਵਿਚੋਂ ਹਨ। ਇਹ ਲੋਕ ਆਪੋ-ਆਪਣੇ ਪਰਿਵਾਰਾਂ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਖਾਤਰ ਹੀ ਉਥੇ ਗਏ ਸਨ। ਹੁਣ ਸਵਾਲਾਂ ਦਾ ਸਵਾਲ ਹੈ ਕਿ ਪੰਜਾਬ ਦੇ ਸਮੁੱਚੇ ਕਿਰਤੀਆਂ ਨੂੰ ਸੰਕਟ ਤੋਂ ਨਿਜਾਤ ਕਿਵੇਂ ਮਿਲੇਗੀ?
Leave a Reply