ਗੁਰੂਘਰ ਅਤੇ ਸਿਆਸਤ

ਪਹਿਲਾਂ ਯੂਬਾ ਸਿਟੀ (ਅਮਰੀਕਾ) ਅਤੇ ਹੁਣ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਵਿਚ ਹੋਈਆਂ ਝੜਪਾਂ ਨੇ ਸਿੱਖ ਭਾਈਚਾਰੇ ਨੂੰ ਇਕ ਵਾਰ ਫਿਰ ਧਰਮ ਦੇ ਨਾਂ ਹੇਠ ਕੀਤੀ ਜਾਂਦੀ ਨਿਰੋਲ ਸਿਆਸਤ ਬਾਰੇ ਸੋਚਣ ਲਾ ਦਿੱਤਾ ਹੈ। ਇਨ੍ਹਾਂ ਲੜਾਈਆਂ ਦਾ ਮੁੱਖ ਕਾਰਨ ਗੁਰਦੁਆਰਾ ਪ੍ਰਬੰਧਾਂ ਉਤੇ ਕਬਜ਼ਾ ਕਰਨਾ ਹੁੰਦਾ ਹੈ। ਅਜਿਹੇ ਉਪੱਦਰਾਂ ਨੇ ਦੇਸ਼-ਵਿਦੇਸ਼ ਵਿਚ ਸਿੱਖ ਭਾਈਚਾਰੇ ਦੀ ਬਹੁਤ ਹੇਠੀ ਕਰਵਾਈ ਹੈ ਪਰ ਸਬੰਧਤ ਧਿਰਾਂ ਇਸ ਸਭ ਕਾਸੇ ਤੋਂ ਅਜੇ ਵੀ ਕੋਈ ਸਬਕ ਸਿੱਖਣ ਲਈ ਤਿਆਰ ਨਹੀਂ ਹਨ। ਇਸ ਦਾ ਸਿਰਫ ਇਕ ਹੀ ਕਾਰਨ ਹੈ, ਉਹ ਇਹ ਕਿ ਗੁਰਦੁਆਰੇ ਹੁਣ ਧਰਮ ਪ੍ਰਚਾਰ ਜਾਂ ਚੇਤਨਾ ਕੇਂਦਰਾਂ ਦੀ ਥਾਂ ਮਹਿਜ਼ ਸਿਆਸਤ ਦਾ ਅਖਾੜਾ ਬਣ ਕੇ ਰਹਿ ਗਏ ਹਨ। ਜਿਹੜਾ ਧੜਾ ਇਕ ਵਾਰ ਪ੍ਰਬੰਧਾਂ ਉਤੇ ਕਾਬਜ਼ ਹੋ ਜਾਂਦਾ ਹੈ, ਉਹ ਹਰ ਹੀਲੇ ਅਤੇ ਹਰ ਹਾਲ ਪ੍ਰਬੰਧ ਆਪਣੇ ਕਬਜ਼ੇ ਵਿਚ ਹੀ ਰੱਖਣਾ ਚਾਹੁੰਦਾ ਹੈ। ਸਿਰਫ ਇਸੇ ਹੀ ਕਾਰਨ ਸ਼ਿਕਾਗੋ ਦੇ ਗੁਰਦੁਆਰਾ ਪੈਲਾਟਾਈਨ ਦੇ ਪ੍ਰਬੰਧਕਾਂ ਨੇ ਗੁਰੂਘਰ ਦਾ ਕੋਈ ਤਿੰਨ ਲੱਖ ਡਾਲਰ ਵਕੀਲਾਂ ਦੇ ਲੇਖੇ ਲਾ ਦਿਤਾ। ਇਹ ਸਿਆਸਤ ਕਰਦਿਆਂ ਉਹ ਸਿੱਖੀ ਦਾ ਉਹ ਸੁਨੇਹਾ ਵੀ ਵਿਸਾਰ ਦਿੰਦਾ ਹੈ ਜਿਸ ਵਿਚ ਸਰਬੱਤ ਦੇ ਭਲੇ ਨੂੰ ਸਦਾ ਕੇਂਦਰ ਵਿਚ ਰੱਖਿਆ ਜਾਂਦਾ ਹੈ। ਗੁਰਦੁਆਰਾ ਰਕਾਬਗੰਜ ਵਾਲੀ ਝੜਪ ਦਾ ਮਸਲਾ ਸਿੱਧਾ ਇਨ੍ਹਾਂ ਨੁਕਤਿਆਂ ਨਾਲ ਹੀ ਜੁੜਿਆ ਹੋਇਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਐਕਟ ਵਿਚ ਸੋਧ ਦਾ ਯਤਨ ਕਰ ਰਹੀ ਹੈ। ਇਸ ਸੋਧ ਤਹਿਤ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਚੋਣ ਇਕ ਤਾਂ ਸਿੱਧੀ ਹੋਵੇਗੀ ਅਤੇ ਦੂਜੇ ਦੋ ਸਾਲ ਦੀ ਥਾਂ ਚਾਰ ਸਾਲਾਂ ਲਈ ਹੋਵੇਗੀ। ਇਸ ਸੋਧ ਨੂੰ ਦਿੱਲੀ ਦੀ ਸੂਬਾ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਅਗਾਂਹ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਾਰਵਾਈ ਕਰਨੀ ਹੈ। ਇਹ ਸੋਧ ਦਿੱਲੀ ਗੁਰਦੁਆਰਾ ਕਮੇਟੀ ਦੇ ਸੱਤਾਧਾਰੀ ਸਰਨਾ ਧੜੇ ਵੱਲੋਂ ਲਿਆਂਦੀ ਜਾ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਸ ਦਾ ਤਿੱਖਾ ਵਿਰੋਧ ਕਰ ਰਿਹਾ ਹੈ ਜਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਆਪ ਚਿਰਾਂ ਤੋਂ ਕਬਜ਼ਾ ਕੀਤਾ ਹੋਇਆ ਹੈ। ਗੁਰਦੁਆਰੇ ਵਿਚ ਹਿੰਸਕ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਚੱਲੀ ਹੈ ਜੋ ਹੁਣ ਤੱਕ ਵੀ ਜਾਰੀ ਹੈ, ਤੋਂ ਉਕਾ ਨਹੀਂ ਜਾਪਦਾ ਕਿ ਇਨ੍ਹਾਂ ਦਾ ਸਿੱਖੀ ਜਾਂ ਸਿੱਖੀ ਦੇ ਸੁਨੇਹੇ ਨਾਲ ਕੋਈ ਸਰੋਕਾਰ ਹੈ। ਸਿਆਸੀ ਮੁਫਾਦ ਸਿੱਖੀ ਦੇ ਸੁਨੇਹੇ ਨੂੰ ਦਰੜ ਕੇ ਅਗਾਂਹ ਲੰਘ ਗਏ ਜਾਪਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਤਾਂ ਇਸ ਮਾਮਲੇ ਵਿਚ ਬਾਦਲਾਂ ਦੇ ਹੱਕ ਵਿਚ ਨਿਤਰਨਾ ਹੀ ਸੀ, ਅਕਾਲ ਤਖਤ ਦੇ ਜਥੇਦਾਰ ਨੇ ਵੀ ਇਸ ਮਾਮਲੇ ਵਿਚ ਤੁਰੰਤ ਦਖਲ ਦਿੰਦਿਆਂ ਜਾਂਚ ਲਈ ਕਮੇਟੀ ਬਣਾ ਦਿੱਤੀ ਹੈ। ਇਸ ਬਿਆਨਬਾਜ਼ੀ ਵਿਚ ਦਿੱਲੀ ਦੀ ਕਾਂਗਰਸੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਵੀ ਕੁੱਦ ਪਈ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਜੋ ਹਾਲ ਹੀ ਵਿਚ ਹੋਈਆਂ ਝੜਪਾਂ ਵਿਚ ਫੱਟੜ ਵੀ ਹੋ ਗਏ ਸਨ, ਨੇ ਆਪਣੀ ਸਾਰੀ ਤਾਕਤ ਝੋਕੀ ਹੋਈ ਹੈ। ਇਥੇ ਜ਼ਿਕਰ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਦੇ ਪਿਤਾ ਅਤੇ ਦਿੱਲੀ ਦੇ ਕਹਿੰਦੇ-ਕਹਾਉਂਦੇ ਆਗੂ ਰਹੇ ਸੰਤੋਖ ਸਿੰਘ ਜੀæਕੇæ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਖਾਸ-ਮ-ਖਾਸ ਰਹੇ ਹਨ। ਸਿੱਖ ਆਗੂਆਂ ਦੀ ਸਿਆਸੀ ਪੈਂਠ ਲਈ ਕੀਤੀਆਂ ਚਾਰਾਜੋਈਆਂ ਦਾ ਇਹੀ ਉਹ ਨੁਕਤਾ ਹੈ ਜੋ ਅੱਜ ਦੇ ਹਾਲਾਤ ਮੁਤਾਬਕ ਵੱਧ ਘੋਖ ਦੀ ਮੰਗ ਕਰਦਾ ਹੈ। ਦਰਅਸਲ ਇਹ ਮਸਲਾ ਹੁਣ ਇੰਨਾ ਪੇਚੀਦਾ ਬਣ ਗਿਆ ਹੈ ਕਿ ਕਿਸੇ ਨੂੰ ਵੀ ਇਸ ਮਸਲੇ ਦੀ ਤੰਦ ਨਹੀਂ ਲੱਭ ਰਹੀ। ਧਾਰਮਿਕ ਮਾਮਲਿਆਂ ਵਿਚ ਸਿਆਸਤ ਦੇ ਘੜਮੱਸ ਨੇ ਸਿੱਖੀ ਦੇ ਅਸਲ ਸਰੋਕਾਰਾਂ ਦੇ ਰਾਹ ਵੀ ਰੋਕ ਲਏ ਹੋਏ ਹਨ।
ਇਸ ਮਾਮਲੇ ਵਿਚ ਕੁਝ ਸਿੱਖ ਵਿਦਵਾਨਾਂ ਦੇ ਬਿਆਨਾਂ ਨੇ ਰਾਹ ਦਿਖਾਇਆ ਹੈ ਹਾਲਾਂਕਿ ਵਿਦਵਾਨਾਂ ਦੀ ਇਹ ਆਵਾਜ਼ ਸਿਆਸਤ ਦੇ ਰੌਲੇ ਵਿਚ ਦਬ ਕੇ ਰਹਿ ਗਈ ਹੈ। ਇਨ੍ਹਾਂ ਸਿੱਖ ਵਿਦਵਾਨਾਂ ਨੇ ਗੁਰਦੁਆਰਾ ਪ੍ਰਬੰਧਾਂ ਵਿਚ ਸਿਆਸੀ ਦਖਲ ਨੂੰ ਮੰਦਭਾਗਾ ਕਰਾਰ ਦਿੱਤਾ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਧਾਰਮਿਕ ਮਾਮਲਿਆਂ ਵਿਚ ਸਿਆਸੀ ਦਖਲ ਤੁਰੰਤ ਬੰਦ ਹੋਣਾ ਚਾਹੀਦਾ ਹੈ। ਇਨ੍ਹਾਂ ਮੁਤਾਬਕ ਇਸ ਦਖਲ ਕਰ ਕੇ ਹੀ ਗੁਰਦੁਆਰਿਆਂ ਵਿਚ ਹਿੰਸਕ ਝੜਪਾਂ ਹੁੰਦੀਆਂ ਹਨ ਅਤੇ ਭਾਈਚਾਰੇ ਦੀ ਬਦਨਾਮੀ ਹੁੰਦੀ ਹੈ। ਵਿਦਵਾਨਾਂ ਨੇ ਦੋ ਮਾਰਚ ਨੂੰ ਗੁਰਦੁਆਰਾ ਬਾਲਾ ਸਾਹਿਬ ਵਿਚ ਹੋਈ ਝੜਪ ਦਾ ਵੀ ਚੇਤਾ ਕਰਵਾਇਆ ਹੈ। ਦੱਸਣਾ ਜ਼ਰੂਰੀ ਹੈ ਕਿ ਗੁਰਦੁਆਰਾ ਬਾਲਾ ਸਾਹਿਬ ਦਾ ਮਾਮਲਾ ਵੀ ਅਕਾਲ ਤਖਤ ਦੇ ਵਿਚਾਰ ਅਧੀਨ ਹੈ ਪਰ ਅਜੇ ਤੱਕ ਇਸ ਮਾਮਲੇ ਵਿਚ ਕੋਈ ਪ੍ਰਗਤੀ ਨਹੀਂ ਹੋਈ ਹੈ। ਹੁਣ ਜਦੋਂ ਦਿੱਲੀ ਗੁਰਦੁਆਰਾ ਚੋਣਾਂ ਹੀ ਨਹੀਂ, ਦੇਸ਼ ਦੀਆਂ ਲੋਕ ਸਭਾ ਚੋਣਾਂ ਸਿਰ ਉਤੇ ਹਨ ਤਾਂ ਸਾਰੀਆਂ ਧਿਰਾਂ ਇਕ ਦਮ ਸਰਗਰਮ ਹੋ ਗਈਆਂ ਹਨ। ਇਨ੍ਹਾਂ ਮਾਮਲਿਆਂ ਦੇ ਨਾਲ ਹੀ ਸਿੱਖ ਵਿਦਵਾਨਾਂ ਨੇ ਇਕ ਹੋਰ ਅਹਿਮ ਮਸਲਾ ਵੀ ਛੇੜਿਆ ਹੈ, ਜਿਸ ਵੱਲ ਜ਼ਰਾ ਵੱਧ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਵਿਦਵਾਨਾਂ ਦੀ ਰਾਏ ਮੁਤਾਬਕ ਖੂਨੀ ਝੜਪਾਂ ਦਾ ਸਬੰਧ ਗੋਲਕ ਨਾਲ ਵੀ ਜੁੜਦਾ ਹੈ। ਗੋਲਕ ਬਾਰੇ ਪਹਿਲਾਂ ਵੀ ਕੁਝ ਵਿਦਵਾਨਾਂ ਦੀ ਰਾਏ ਆਈ ਸੀ ਕਿ ਗੁਰਦੁਆਰਿਆਂ ਵਿਚ ਵਧੇਰੇ ਸਿਆਸੀ ਦਖਲ ਦੇ ਮੱਦੇਨਜ਼ਰ ਸਿੱਖ ਸੰਗਤ ਨੂੰ ਹੁਣ ਇਨ੍ਹਾਂ ਲੜਾਈਆਂ ਦਾ ਹੱਲ ਆਪ ਕੱਢਣ ਲਈ ਮਾਇਆ ਚੜ੍ਹਾਉਣ ਦਾ ਅਮਲ ਬੰਦ ਕਰਨਾ ਚਾਹੀਦਾ ਹੈ। ਸੁਘੜ ਸੰਗਤ ਨੇ ਵੀ ਇਨ੍ਹਾਂ ਲੜਾਈਆਂ ਦਾ ਅਸਲ ਕਾਰਨ ਮਾਇਆ ਨੂੰ ਮੰਨਿਆ ਹੈ ਅਤੇ ਮਾਇਆ ਚੜ੍ਹਾਉਣ ਦੇ ਮਾਮਲੇ ਬਾਰੇ ਸੋਚਣ ਦਾ ਸੱਦਾ ਦਿੱਤਾ ਸੀ। ਅੱਜ ਦੇ ਲੋਭੀ ਲੀਡਰਾਂ ਦੀਆਂ ਕਾਰਗੁਜ਼ਾਰੀਆਂ ਕਾਰਨ ਹੀ ਸੰਗਤ ਦੇ ਮਨਾਂ ਵਿਚ ਸੋਚ ਦੀ ਇਹ ਲੜੀ ਤੁਰੀ ਹੈ। ਇਹ ਕੋਈ ਮਸਲੇ ਦਾ ਹੱਲ ਤਾਂ ਨਹੀਂ ਪਰ ਸੰਗਤ ਦੀ ਇਹ ਸੋਚ ਅਤੇ ਸਰਗਰਮੀ ਸਿਆਸੀ ਆਗੂਆਂ ਨੂੰ ਕੁਝ ਸੋਚਣ ਅਤੇ ਆਪਣੀ ਸਿਆਸਤ ਨੂੰ ਸਹੀ ਪਾਸੇ ਲਿਜਾਣ ਲਈ ਮਜਬੂਰ ਤਾਂ ਕਰ ਹੀ ਸਕਦੀ ਹੈ। ਹੁਣ ਸੰਗਤ ਨੂੰ ਇਸ ਪਾਸੇ ਤਿੱਖੀ ਸਰਗਰਮੀ ਕਰਨ ਦੀ ਲੋੜ ਹੈ।

Be the first to comment

Leave a Reply

Your email address will not be published.