ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਵਿਚ ਧੋਬੀ ਪਟਕਾ ਖਾਣ ਮਗਰੋਂ ਸੱਤਾ ਧਿਰ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਿਲਾਂ ਲਗਾਤਾਰ ਵਧ ਰਹੀਆਂ ਹਨ। ਇਕ ਪਾਸੇ ਅਕਾਲੀ ਦਲ ਦੇ ਅੰਦਰ ਹੀ ਬਾਦਲ ਪਰਿਵਾਰ ਦੇ ਦਬਦਬੇ ਵਿਰੁੱਧ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ, ਦੂਜੇ ਪਾਸੇ ਭਾਈਵਾਲ ਪਾਰਟੀ ਭਾਜਪਾ ਨੇ ਵੀ ਖੁੱਲ੍ਹ ਕੇ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਨੇ ਲੋਕ ਸਭਾ ਚੋਣਾਂ ਵਿਚ ਹਾਰ ਲਈ ਭਾਜਪਾ ਨੇ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚਾਹੇ ਭਾਜਪਾ ਤੇ ਅਕਾਲੀ ਦਲ ਦੇ ਨਹੁੰ-ਮਾਸ ਵਾਲੇ ਰਿਸ਼ਤੇ ਦੇ ਦਾਅਵੇ ਕਰ ਰਹੇ ਹਨ ਪਰ ਭਾਜਪਾ ਦੀਆਂ ਤਿੱਖੀਆਂ ਟਿੱਪਣੀਆਂ ਨੇ ਬਹੁਤ ਕੁਝ ਸਪਸ਼ਟ ਕਰ ਦਿੱਤਾ ਹੈ। ਗੱਠਜੋੜ ਵਿਚ ਇਹ ਤਰੇੜਾਂ ਦਿੱਲੀ ਤੱਕ ਵੀ ਪਹੁੰਚਣਗੀਆਂ ਜਿਸ ਨਾਲ ਬਾਦਲਾਂ ਦੇ ਸੁਫਨੇ ਚਕਨਾਚੂਰ ਹੋ ਸਕਦੇ ਹਨ। ਸ਼ ਬਾਦਲ ਨੂੰ ਉਮੀਦ ਹੈ ਕਿ ਕੇਂਦਰ ਵਿਚ ਐਨæਡੀæਏæ ਦੀ ਸਰਕਾਰ ਬਣਨ ਨਾਲ ਉਹ ਆਪਣੀ ਹਰ ਗੱਲ ਮਨਵਾਉਣ ਵਿਚ ਸਫਲ ਹੋਣਗੇ ਪਰ ਪੰਜਾਬ ਭਾਜਪਾ ਦੇ ਤੇਵਰਾਂ ਤੋਂ ਲੱਗਦਾ ਹੈ ਕਿ ਉਨ੍ਹਾਂ ਦੀ ਇਹ ਇੱਛਾ ਪੂਰੀ ਹੋਣੀ ਔਖੀ ਹੈ।
ਭਾਜਪਾ ਹਾਈ ਕਮਾਨ ਵੱਲੋਂ ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਮਾੜੇ ਨਤੀਜਿਆਂ ਤੇ ਪਾਰਟੀ ਦੀ ਕਾਰਗੁਜ਼ਾਰੀ ਦੀ ਪੜਚੋਲ ਲਈ ਬਣਾਈ ਗਈ ਕਮੇਟੀ ਨੇ ਆਪਣੀ ਰਿਪੋਰਟ ਸ਼ਾਂਤਾ ਕੁਮਾਰ ਨੂੰ ਸੌਂਪ ਦਿੱਤੀ ਹੈ। ਇਹ ਕਮੇਟੀ ਸੀਨੀਅਰ ਭਾਜਪਾ ਆਗੂ ਬਲਰਾਮਜੀ ਦਾਸ ਟੰਡਨ ਦੀ ਅਗਵਾਈ ਹੇਠ ਬਣਾਈ ਗਈ ਸੀ। ਰਿਪੋਰਟ ਵਿਚ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ। ਪੰਜਾਬ ਵਿਚ ਮੋਦੀ ਲਹਿਰ ਦੇ ਬੇਅਸਰ ਸਾਬਤ ਹੋਣ ਲਈ ਸਰਕਾਰ ਦੀ ਕਾਰਗੁਜ਼ਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਚ ਰੇਤਾ, ਬੱਜਰੀ, ਸ਼ਰਾਬ ਤੇ ਸੁਵਿਧਾ ਕੇਂਦਰ ਵੀ ਮਾਫੀਏ ਦੇ ਕਬਜ਼ੇ ਹੇਠ ਚਲੇ ਗਏ ਹਨ। ਇਸੇ ਕਾਰਨ ਆਮ ਆਦਮੀ ਪਿਸ ਰਿਹਾ ਹੈ। ਰਾਜ ਵਿਚ ਨਸ਼ਿਆਂ ਦੇ ਪਸਾਰ ਲਈ ਵੀ ਮੌਜੂਦਾ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਤੇ ਸਰਕਾਰ ਦੇ ਲਾਪ੍ਰਵਾਹੀ ਵਾਲੇ ਰਵੱਈਏ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਸਾਧਾਰਨ ਵਿਅਕਤੀ ਲਈ ਵਿਆਹ-ਸ਼ਾਦੀਆਂ ਕਰਨੀਆਂ ਵੀ ਮੁਸ਼ਕਿਲ ਹੋ ਗਈਆਂ ਹਨ ਕਿਉਂਕਿ ਮੈਰਿਜ ਪੈਲੇਸ ਵੀ ਮਾਫੀਆ ਦੇ ਕੰਟਰੋਲ ਹੇਠ ਚਲੇ ਗਏ ਹਨ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਿਉਂਸਪਲ ਕਮੇਟੀਆਂ ਤੇ ਕਾਰਪੋਰੇਸ਼ਨਾਂ ਦੇ ਖੇਤਰਾਂ ਵਿਚ 8 ਫ਼ੀਸਦੀ ਅਸ਼ਟਾਮ ਡਿਊਟੀ ਤੇ ਦਿਹਾਤੀ ਖੇਤਰਾਂ ਲਈ 5 ਫ਼ੀਸਦੀ ਅਸ਼ਟਾਮ ਡਿਊਟੀ ਰੱਖ ਕੇ ਸ਼ਹਿਰੀ ਖੇਤਰਾਂ ਨਾਲ ਵਿਤਕਰਾ ਕੀਤਾ ਗਿਆ ਹੈ ਤੇ ਵਪਾਰੀ ਖੇਤਰ ਨੂੰ ਵੈਟ ਦਾ ਰਿਫੰਡ ਮਹੀਨਿਆਂ ਬੱਧੀ ਲੇਟ ਕਰ ਕੇ ਵਪਾਰੀ ਵਰਗ ਨੂੰ ਨਿਰਾਸ਼ ਕਰ ਦਿੱਤਾ ਗਿਆ ਹੈ। ਸਰਕਾਰ ਦੀਆਂ ਨੀਤੀਆਂ ਕਾਰਨ ਰਾਜ ਨੂੰ ਸਨਅਤਾਂ ਲਾਉਣ ਲਈ ਮਾਫਕ ਨਹੀਂ ਸਮਝਿਆ ਜਾ ਰਿਹਾ ਜਿਸ ਕਾਰਨ ਰਾਜ ਵਿਚ ਪੂੰਜੀ ਨਿਵੇਸ਼ ਬੰਦ ਹੋ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਜ ਦੀ ਮਾਲੀ ਸਥਿਤੀ ਖਰਾਬ ਹੋਣ ਕਾਰਨ ਮਿਉਂਸਪਲ ਕਮੇਟੀਆਂ ਦੇ ਮੁਲਾਜ਼ਮਾਂ ਨੂੰ ਕਈ-ਕਈ ਮਹੀਨੇ ਤਨਖ਼ਾਹ ਨਹੀਂ ਮਿਲ ਰਹੀ ਤੇ ਮਿਉਂਸਪਲ ਖੇਤਰਾਂ ਵਿਚ ਸੜਕਾਂ ‘ਤੇ ਟਾਕੀਆਂ ਲਾਉਣ ਲਈ ਵੀ ਫ਼ੰਡ ਨਹੀਂ ਹਨ ਜਦੋਂਕਿ ਬਜ਼ੁਰਗਾਂ, ਵਿਧਵਾਵਾਂ ਆਦਿ ਨੂੰ ਪੈਨਸ਼ਨਾਂ ਵੀ ਕਈ-ਕਈ ਮਹੀਨੇ ਪਛੜ ਕੇ ਮਿਲ ਰਹੀਆਂ ਹਨ। ਰਿਪੋਰਟ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਦੱਸਦਿਆਂ ਕਿਹਾ ਗਿਆ ਹੈ ਕਿ ਪ੍ਰਸ਼ਾਸਨ ‘ਤੇ ਕੰਟਰੋਲ ਕਮਜ਼ੋਰ ਹੋਣ ਕਾਰਨ ਆਮ ਆਦਮੀ ਨੂੰ ਕਿਤੇ ਵੀ ਇਨਸਾਫ਼ ਮਿਲਣਾ ਮੁਸ਼ਕਿਲ ਬਣ ਗਿਆ ਹੈ ਜਿਸ ਕਾਰਨ ਪੰਜਾਬ ਵਿਚ ਭਾਜਪਾ ਨੂੰ ਸਥਾਨਕ ਪੱਧਰ ‘ਤੇ ਸਰਕਾਰ ਵਿਚ ਭਾਈਵਾਲ ਹੋਣ ਕਾਰਨ ਵੱਡੇ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਰਿਪੋਰਟ ਵਿਚ ਮੌਜੂਦਾ ਭਾਜਪਾ ਮੰਤਰੀਆਂ ਦੀ ਕਾਰਗੁਜ਼ਾਰੀ ‘ਤੇ ਵੀ ਟਿੱਪਣੀ ਕੀਤੀ ਗਈ ਤੇ ਆਉਂਦੇ ਸਮੇਂ ਲਈ ਸੁਧਾਰ ਬਾਰੇ ਵੀ ਕੁਝ ਤਜਵੀਜ਼ਾਂ ਦਿੱਤੀਆਂ ਗਈਆਂ। ਬਾਦਲ ਕੈਬਨਿਟ ਵਿਚ ਭਾਜਪਾ ਦੇ ਚਾਰ ਮੰਤਰੀ ਹਨ। ਭਾਜਪਾ ਕੋਲ ਉਦਯੋਗ ਤੇ ਤਕਨੀਕੀ ਸਿੱਖਿਆ), ਕਿਰਤ ਤੇ ਜੰਗਲਾਤ, ਸਿਹਤ ਤੇ ਸਮਾਜਕ ਸੁਰੱਖਿਆ ਤੇ ਸਥਾਨਕ ਸਰਕਾਰ ਤੇ ਮੈਡੀਕਲ ਸਿੱਖਿਆ ਵਿਭਾਗ ਹਨ। ਇਸ ਤੋਂ ਇਲਾਵਾ ਤਿੰਨ ਮੁੱਖ ਸੰਸਦੀ ਸਕੱਤਰ ਤੇ ਡਿਪਟੀ ਸਪੀਕਰ ਦਾ ਅਹੁਦਾ ਭਾਜਪਾ ਕੋਲ ਹੈ।
ਉਧਰ, ਸੁਖਬੀਰ ਸਿੰਘ ਬਾਦਲ ਦੇ ਹੱਥ ਪਾਰਟੀ ਦੀ ਕਮਾਨ ਆਉਣ ਤੋਂ ਬਾਅਦ ਨੁੱਕਰੇ ਲੱਗੇ ਟਕਸਾਲੀ ਆਗੂ ਵੀ ਆਵਾਜ਼ ਬੁਲੰਦ ਕਰਨ ਲੱਗੇ ਹਨ। ਪਾਰਟੀ ਦੇ ਚੋਣਾਂ ਵਿਚ ਪ੍ਰਦਰਸ਼ਨ ਦਾ ਲੇਖਾ-ਜੋਖਾ ਕਰਨ ਲਈ ਲੰਘੇ ਦਿਨੀਂ ਹੋਈ ਮੀਟਿੰਗ ਵਿਚ ਕਈ ਟਕਸਾਲੀ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਕਾਰਜਸ਼ੈਲੀ ‘ਤੇ ਸਵਾਲ ਉਠਾਏ।
ਦਰਅਸਲ ਵਿਦੇਸ਼ ਤੋਂ ਵਾਪਰਕ ਪ੍ਰਬੰਧਨ ਦੀ ਡਿਗਰੀ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕੰਪਨੀ ਵਾਂਗ ਚਲਾ ਰਹੇ ਹਨ। ਉਹ ਪਾਰਟੀ ਦੇ ਪ੍ਰਧਾਨ ਵਜੋਂ ਨਹੀਂ ਬਲਕਿ ਸੀæਈæਓæ ਵਾਂਗ ਕੰਮ ਕਰਦੇ ਹਨ। ਇਸ ਤੋਂ ਟਕਸਾਲੀ ਆਗੂ ਕਾਫੀ ਖਫਾ ਸਨ ਪਰ ਸੁਖਬੀਰ ਬਾਦਲ ਦੀ ਅਗਵਾਈ ਹੇਠ ਹਾਸਲ ਕੀਤੀਆਂ ਲਗਾਤਾਰ ਜਿੱਤਾਂ ਕਰਕੇ ਉਹ ਕੁਝ ਵੀ ਬੋਲਣ ਤੋਂ ਅਸਮਰੱਥ ਸਨ। ਇਹ ਪਹਿਲਾ ਮੌਕਾ ਹੈ, ਜਦੋਂ ਟਕਸਾਲੀ ਆਗੂਆਂ ਨੇ ਆਵਾਜ਼ ਚੁੱਕੀ ਹੈ। ਟਕਸਾਲੀ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪਾਰਟੀ ਪੰਥਕ ਏਜੰਡੇ ਤੋਂ ਦੂਰ ਚਲੀ ਗਈ ਹੈ ਜਿਸ ਦਾ ਖਮਿਆਜ਼ਾ ਚੋਣਾਂ ਵਿਚ ਭੁਗਤਣਾ ਪਿਆ।
ਇਸ ਵਾਰ ਲੋਕ ਸਭਾ ਚੋਣਾਂ ਵਿਚ ਨਵੀਂ ਬਣੀ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਨੂੰ ਵੱਡਾ ਖੋਰਾ ਲਾਇਆ ਤੇ ਸਾਢੇ ਚੌਵੀ ਫੀਸਦੀ ਵੋਟ ਹਾਸਲ ਕਰਕੇ ਵੱਡੀ ਤੀਜੀ ਧਿਰ ਵਜੋਂ ਉਭਰੀ ਹੈ। ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਮਸਾਂ ਸਾਢੇ ਛੱਬੀ ਫੀਸਦੀ ਵੋਟਾਂ ਹੀ ਮਿਲੀਆਂ ਤੇ ਬਠਿੰਡੇ ਹਲਕੇ ਤੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਸਿਰਫ 19000 ਵੋਟਾਂ ਦੇ ਫਰਕ ਨਾਲ ਹੀ ਜਿੱਤ ਹਾਸਲ ਕਰ ਸਕੀ।
ਸ਼੍ਰੋਮਣੀ ਅਕਾਲੀ ਦਲ ਨੇ ਵੀ ਮੰਨਿਆ ਹੈ ਕਿ ਚੋਣਾਂ ਵਿਚ ਮਾੜੇ ਪ੍ਰਦਰਸ਼ਨ ਦਾ ਕਾਰਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਰਹੀ। ਚੋਣਾਂ ਵਿਚ ਰੇਤਾ ਬਜਰੀ, ਨਸ਼ਾ ਤਸਕਰੀ, ਬੇਲੋੜੇ ਟੈਕਸ ਤੇ ਅਮਨ ਕਾਨੂੰਨ ਦੀ ਮਾੜੀ ਹਾਲਤ ਵੱਡੇ ਮੁੱਦੇ ਬਣੇ ਰਹੇ। ਪਾਰਟੀ ਪਹਿਲੀ ਵਾਰ ਪੰਥਕ ਮੁੱਦਿਆਂ ‘ਤੇ ਵੀ ਘਿਰੀ ਹੋਈ ਮਹਿਸੂਸ ਹੋਈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਤੋਂ ਚੋਣ ਲੜਦਿਆਂ ਅਜਿਹੇ ਮੁੱਦੇ ਉਭਾਰੇ ਜਿਨ੍ਹਾਂ ਦਾ ਜਵਾਬ ਦੇਣਾ ਅਕਾਲੀ ਦਲ ਲਈ ਔਖਾ ਹੋ ਗਿਆ। ਇਨ੍ਹਾਂ ਪੰਥਕ ਮੁੱਦਿਆਂ ‘ਤੇ ਕੈਪਟਨ ਦੀ ਬਿਆਨਬਾਜ਼ੀ ਤੇ ਬਾਦਲਾਂ ਦੀ ਚੁੱਪ ਅਕਾਲੀ ਦਲ ਲਈ ਘਾਤਕ ਸਿੱਧ ਹੋਈ।
Leave a Reply