ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆਰ-ਪਾਰ ਦਾ ਮਸਲਾ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਹਰਿਆਣਾ ਲਈ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਨੂੰ ਲੈ ਕੇ ਸਿੱਖ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਇਹ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ 6 ਜੁਲਾਈ ਨੂੰ ਕੈਥਲ ਵਿਖੇ ਹੋ ਰਹੀ ਸਿੱਖ ਕਨਵੈਨਸ਼ਨ ਵਿਚ ਐਲਾਨ ਕਰ ਸਕਦੇ ਹਨ। ਇਕ ਪਾਸੇ ਵੱਖਰੀ ਕਮੇਟੀ ਦੀ ਮੰਗ ਕਰ ਰਹੇ ਹਰਿਆਣਾ ਦੇ ਸਿੱਖ ਸ੍ਰੀ ਹੁੱਡਾ ਦੇ ਇਹ ਹੁੰਗਾਰੇ ਤੋਂ ਕਾਫੀ ਉਤਸ਼ਾਹਤ ਹਨ ਪਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਦੇ ਦਖ਼ਲ ਨਾਲ ਇਸ ਕਵਾਇਦ ਨੂੰ ਰੁਕਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ।
ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਦੀ ਅਗਵਾਈ ਹੇਠ ਕਾਇਮ ਕਮੇਟੀ ਦੀ ਰਿਪੋਰਟ ਮਿਲਣ ਤੋਂ ਬਾਅਦ ਕਾਨੂੰਨੀ ਸਲਾਹ ਲਈ ਜਾ ਚੁੱਕੀ ਹੈ। ਰਿਪੋਰਟ ਦੇ ਆਧਾਰ ‘ਤੇ ਸੂਬੇ ਦੇ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਫ਼ੈਸਲਾ ਕੀਤਾ ਜਾਵੇਗਾ। ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਹੈ ਤੇ ਸ੍ਰੀ ਹੁੱਡਾ ਵੱਖਰੀ ਕਮੇਟੀ ਦਾ ਐਲਾਨ ਕਰ ਕੇ ਅਗਲੀਆਂ ਚੋਣਾਂ ਲਈ ਸਿੱਖਾਂ ਦੀਆਂ ਵੋਟਾਂ ਪੱਕੀਆਂ ਕਰਨ ਦੀ ਤਾਕ ਵਿਚ ਹਨ।
ਕਾਂਗਰਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਚੋਣ ਮਨੋਰਥ ਪੱਤਰ ਵਿਚ ਵੱਖਰੀ ਕਮੇਟੀ ਦੇ ਗਠਨ ਦਾ ਵਾਅਦਾ ਕੀਤਾ ਸੀ। ਵੱਖਰੀ ਕਮੇਟੀ ਦੀ ਮੰਗ ਲਈ ਸੰਘਰਸ਼ ਕਰ ਰਹੇ ਸਿੱਖ ਆਗੂ ਦੀਦਾਰ ਸਿੰਘ ਨਲਵੀ ਨੇ ਕਿਹਾ ਹੈ ਕਿ ਸਰਕਾਰ ਦਾ ਵੱਖਰੀ ਕਮੇਟੀ ਬਣਾਉਣ ਤੋਂ ਬਗ਼ੈਰ ਛੁਟਕਾਰਾ ਨਹੀਂ ਹੋ ਸਕਦਾ। ਅਕਾਲੀ ਦਲ ਤੇ ਸ਼ੋਮਣੀ ਕਮੇਟੀ ਭਾਵੇਂ ਇਸ ਦਾ ਵਿਰੋਧ ਕਰ ਰਹੇ ਹਨ ਪਰ ਮਹਾਰਾਸ਼ਟਰ, ਬਿਹਾਰ, ਦਿੱਲੀ ਤੇ ਉਤਰਾਖੰਡ ਵਿਚ ਪਹਿਲਾਂ ਹੀ ਵੱਖਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਨ। ਹਰਿਆਣਾ ਵਿਚ 72 ਗੁਰਦੁਆਰੇ ਹਨ ਜਿਨ੍ਹਾਂ ਦੀ ਸਾਲਾਨਾ ਆਮਦਨ 180 ਕਰੋੜ ਰੁਪਏ ਹੈ।
ਕਾਬਲੇਗੌਰ ਹੈ ਕਿ ਹਰਿਆਣਾ ਦੇ ਸਿੱਖਾਂ ਵੱਲੋਂ ਪੰਜਾਬ ਰਾਜ ਪੁਨਰਗਠਨ ਐਕਟ 1966 ਦੀ ਧਾਰਾ 72 ਦੇ ਸੈਕਸ਼ਨ 3 ਤਹਿਤ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕੀਤੀ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੀਆਂ ਚੋਣਾਂ ਵਿਚ 11 ਵਿਚੋਂ ਸੱਤ ਮੈਂਬਰ ਵੱਖਰੀ ਕਮੇਟੀ ਪੱਖੀ ਜਿੱਤ ਗਏ ਸਨ ਤੇ ਇਸ ਮੰਗ ਨੇ ਜ਼ੋਰ ਫੜ ਲਿਆ ਸੀ ਪਰ ਅਗਲੀਆਂ ਚੋਣਾਂ ਵਿਚ ਖ਼ਾਤਾ ਵੀ ਨਹੀਂ ਖੁੱਲ੍ਹ ਸਕਿਆ। ਇਸ ਵਾਰ ਦੀਆਂ ਗੁਰਦੁਆਰਾ ਚੋਣਾਂ ਦੋਵਾਂ ਧੜਿਆਂ ਨੇ ਅੱਡ ਅੱਡ ਹੋ ਕੇ ਲੜੀਆਂ ਸਨ। ਉਂਝ ਦੋਵਾਂ ਧੜਿਆਂ ਦੇ ਉਮੀਦਵਾਰਾਂ ਦੀਆਂ ਵੋਟਾਂ ਮਿਲਾ ਕੇ ਜੇਤੂ ਉਮੀਦਵਾਰ ਨਾਲੋਂ ਵਧੇਰੇ ਬਣਦੀਆਂ ਹਨ।
ਉਧਰ, ਲੋਕ ਸਭਾ ਵਿਚ ਕਾਂਗਰਸ ਦੇ ਉਪ ਨੇਤਾ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਲਈ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਨੂੰ ਕਿਹਾ ਹੈ ਕਿ ਉਹ ਹਰਿਆਣਾ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਣ। ਕੈਪਟਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਿਹਾ ਕਿ ਉਹ ਹਰਿਆਣਾ ਵਿਚ ਵੱਖਰੀ ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰਨ ਬਾਰੇ ਉਨ੍ਹਾਂ ਦੀ ਮਜ਼ਬੂਰੀਆਂ ਨੂੰ ਸਮਝਦੇ ਹਨ ਕਿਉਂਕਿ ਉਹ ਹੋਰ ਕੁਝ ਕਰ ਵੀ ਨਹੀਂ ਸਕਦੇ।
ਵੇਲੇ ਦੀ ਨਜ਼ਾਕਤ ਨੂੰ ਵੇਖਦਿਆਂ ਜਥੇਦਾਰ ਅਵਤਾਰ ਸਿੰਘ ਨੇ ਹਰਿਆਣਾ ਦੇ ਸਿੱਖ ਆਗੂਆਂ ਦੀਦਾਰ ਸਿੰਘ ਨਲਵੀ ਤੇ ਜਗਦੀਸ਼ ਸਿੰਘ ਝੀਂਡਾ ਨੂੰ ਸੱਦਾ ਦਿੱਤਾ ਹੈ ਕਿ ਉਹ ਕਾਂਗਰਸ ਦੀ ਸ਼ਹਿ ‘ਤੇ ਵੱਖਰੀ ਕਮੇਟੀ ਬਣਾਉਣ ਲਈ ਜਿੱਦ ਛੱਡਦਿਆਂ ਗਿਲੇ-ਸ਼ਿਕਵੇ ਦੂਰ ਕਰਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਦਿੱਲੀ ਕਮੇਟੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਵੱਖਰੀ ਕਮੇਟੀ ਬਣਾਉਣ ਲਈ ਬਹੁਤ ਉਤਾਵਲੇ ਹਨ। ਉਨ੍ਹਾਂ ਕਾਂਗਰਸ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਅੰਦਾਜ਼ੀ ਤੋਂ ਬਾਜ਼ ਆਵੇ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿਚ ਵੱਡਾ ਝਟਕਾ ਲੱਗਣ ਮਗਰੋਂ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਿੱਖ ਵੋਟਰਾਂ ਨੂੰ ਲਭਾਉਣ ਦੀ ਤਾਕ ਵਿਚ ਹਨ। ਹਰਿਆਣਾ ਦੇ ਸਿੱਖ ਕਾਫੀ ਸਮੇਂ ਤੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰ ਰਹੇ ਹਨ ਪਰ ਲੰਮੀ ਜੱਦੋ-ਜਹਿਦ ਮਗਰੋਂ ਵੀ ਉਨ੍ਹਾਂ ਦੀ ਇਹ ਮੰਗ ਪੂਰੀ ਨਹੀਂ ਹੋਈ। ਹਰਿਆਣਾ ਦੀ ਹੁੱਡਾ ਸਰਕਾਰ ਨੇ ਇਕ ਵਾਰ ਪਹਿਲਾਂ ਵੀ ਸਿੱਖਾਂ ਦੀ ਇਹ ਮੰਗ ਪੂਰੀ ਕਰਨ ਲਈ ਤਿਆਰੀ ਖਿੱਚੀ ਸੀ ਪਰ ਐਨ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਕੋਲ ਪਹੁੰਚ ਕਰਕੇ ਹਰਿਆਣਾ ਸਰਕਾਰ ਦੀ ਇਸ ਕਵਾਇਦ ਨੂੰ ਰੁਕਵਾ ਦਿੱਤਾ ਸੀ।
ਹਰਿਆਣਾ ਕਾਂਗਰਸ ਨੇ 2005 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਚੋਣ ਮੈਨੀਫੈਸਟੋ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ ਪਰ ਸਰਕਾਰ ਬਣਨ ‘ਤੇ ਕਾਂਗਰਸ ਨੇ ਇਸ ਮਸਲੇ ਨੂੰ ਲਟਕਾ ਦਿੱਤਾ। ਉਸ ਵੇਲੇ ਮੁੱਖ ਮੰਤਰੀ ਹੁੱਡਾ ਨੇ ਸਿੱਖਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਦੀ ਥਾਂ 22 ਅਗਸਤ, 2005 ਨੂੰ ਕਮੇਟੀ ਦਾ ਗਠਨ ਕਰ ਦਿੱਤਾ। ਇਸ ਕਮੇਟੀ ਦਾ ਚੇਅਰਮੈਨ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੂੰ ਲਾਇਆ ਗਿਆ ਪਰ ਕਮੇਟੀ ਨੇ ਸਾਢੇ ਅੱਠ ਸਾਲਾਂ ਬਾਅਦ ਪਿਛਲੇ ਦਿਨੀਂ ਰਿਪੋਰਟ ਪੇਸ਼ ਕੀਤੀ ਹੈ।
ਇਸ ਮਗਰੋਂ 2010 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਮੁੜ ਕਾਂਗਰਸ ਨੇ ਸਿੱਖ ਨੂੰ ਇਹ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਸ੍ਰੀ ਹੁੱਡਾ ਮੁੜ ਮੁੱਖ ਮੰਤਰੀ ਬਣਨ ਵਿਚ ਸਫਲ ਰਹੇ ਤੇ ਸਿੱਖਾਂ ਨਾਲ ਕੀਤੇ ਵਾਅਦੇ ਮੁਤਾਬਕ ਵੱਖਰੀ ਕਮੇਟੀ ਬਣਾਉਣ ਲਈ ਸਰਗਰਮੀ ਵਿਖਾਈ ਪਰ ਹਾਈਕਮਾਨ ਦੇ ਦਾਬੇ ਕਰਕੇ ਉਹ ਸਫਲ ਨਾ ਹੋ ਸਕੇ। ਇਸ ਵਾਅਦਾ ਖਿਲਾਫੀ ਕਰਕੇ ਸਿੱਖ ਵੋਟਰ ਹੁੱਡਾ ਸਰਕਾਰ ਤੋਂ ਨਰਾਜ਼ ਹੋ ਗਏ। ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਵਿਚ ਕਾਂਗਰਸ ਖਾਤਾ ਵੀ ਨਾ ਖੋਲ੍ਹ ਸਕੀ। ਹੁਣ ਅਗਲੇ ਸਾਲ ਸੂਬੇ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਜਿਸ ਕਰਕੇ ਹੁੱਡਾ ਸਰਕਾਰ ਇਕ ਵਾਰ ਮੁੜ ਸਿੱਖਾਂ ਨੂੰ ਲਭਾਉਣ ਦੇ ਕਾਰਜ ਵਿਚ ਜੁੱਟ ਗਈ ਹੈ। ਹਰਿਆਣਾ ਦੇ ਕੁੱਲ 90 ਵਿਧਾਨ ਸਭਾ ਹਲਕਿਆਂ ਵਿਚੋਂ 36 ‘ਤੇ ਸਿੱਖ ਵੋਟਰਾਂ ਦਾ ਚੰਗਾ ਪ੍ਰਭਾਵ ਹੈ ਜਦਕਿ ਚਾਰ ਲੋਕ ਸਭਾ ਸੀਟਾਂ ‘ਤੇ ਜਿੱਤ ਹਾਰ ਦਾ ਫੈਸਲਾ ਸਿੱਖ ਵੋਟਰਾਂ ਦੇ ਹੱਥ ਹੈ। ਇਸ ਗੱਲ ਦੀ ਸਮਝ ਕਾਂਗਰਸ ਨੂੰ ਚੰਗੀ ਤਰ੍ਹਾਂ ਆ ਗਈ ਹੈ।

Be the first to comment

Leave a Reply

Your email address will not be published.