ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਸਾਹਮਣੇ ਜ਼ੋਰ-ਸ਼ੋਰ ਨਾਲ ਧਰਨਾ ਦੇਣ ਆਏ ਕਾਂਗਰਸੀ ਵਿਧਾਇਕਾਂ ਨੂੰ ਮੁੱਖ ਮੰਤਰੀ ਨੇ ਆਪਣੇ ਜਾਦੂਈ ਅੰਦਾਜ਼ ਨਾਲ ਕੁਝ ਮਿੰਟਾਂ ਵਿਚ ਹੀ ਸ਼ਾਂਤ ਕਰਕੇ ਤੋਰ ਦਿੱਤਾ। ਕਾਂਗਰਸੀ ਵਿਧਾਇਕ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਦੀ ਸੈਕਟਰ-2 ਸਥਿਤ ਸਰਕਾਰੀ ਰਿਹਾਇਸ਼ (ਕੋਠੀ ਨੰਬਰ 46) ਵਿਖੇ ਇਕੱਠੇ ਹੋਏ। ਸ੍ਰੀ ਜਾਖੜ ਦੀ ਰਿਹਾਇਸ਼ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨਾਲ ਹੀ ਹੈ। ਚੰਡੀਗੜ੍ਹ ਪੁਲਿਸ ਨੇ ਸਵੇਰ ਤੋਂ ਹੀ ਸਮੁੱਚੇ ਸ਼ਹਿਰ ਦੀ ਨਾਕਾਬੰਦੀ ਕੀਤੀ ਹੋਈ ਸੀ ਤੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ (ਕੋਠੀ ਨੰਬਰ 45) ਦੇ ਚੁਫੇਰੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਸਨ।
ਸੂਤਰਾਂ ਮੁਤਾਬਕ ਸ਼ ਬਾਦਲ ਨੇ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਨੂੰ ਪਹਿਲਾਂ ਹੀ ਗੱਲਬਾਤ ਲਈ ਸੱਦਾ ਭੇਜ ਦਿੱਤਾ ਸੀ ਜਿਸ ਕਰਕੇ ਡੀæਸੀæ ਵੱਲੋਂ ਇਸ ਖੇਤਰ ਵਿਚ ਧਾਰਾ 144 ਲਾਉਣ ਦੇ ਬਾਵਜੂਦ ਪੁਲਿਸ ਨੇ ਕਾਂਗਰਸੀਆਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ। ਇਸ ਦੌਰਾਨ ਸ੍ਰੀ ਜਾਖੜ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕ ਹੱਥਾਂ ਵਿਚ ਮੰਗਾਂ ਦੀਆਂ ਤਖਤੀਆਂ ਫੜ ਕੇ ਸ਼ ਬਾਦਲ ਦੀ ਕੋਠੀ ਵੱਲ ਵਧੇ ਤੇ ‘ਮਜੀਠੀਆ ਨੂੰ ਗ੍ਰਿਫ਼ਤਾਰ ਕਰੋ’ ਤੇ ‘ਪੰਜਾਬ ਮਾਰੂ ਬਾਦਲ ਸਰਕਾਰ ਮੁਰਦਾਬਾਦ’ ਆਦਿ ਦੇ ਨਾਅਰੇ ਲਾਏ। ਪਹਿਲਾਂ ਹੀ ਮਿਥੇ ਪ੍ਰੋਗਰਾਮ ਤਹਿਤ ਪੁਲਿਸ ਨੇ ਕਾਂਗਰਸੀਆਂ ਨੂੰ ਰੋਕਣ ਤੋਂ ਗੁਰੇਜ਼ ਕੀਤਾ ਤੇ ਵਿਧਾਇਕ ਪੌਣੇ ਬਾਰਾਂ ਵਜੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਗੇਟ ਅੱਗੇ ਦਰੀ ਵਿਛਾ ਕੇ ਧਰਨਾ ਮਾਰ ਕੇ ਬੈਠ ਗਏ। ਦੋ ਮਿੰਟਾਂ ਬਾਅਦ ਹੀ ਸ਼ ਬਾਦਲ ਗੇਟ ਤੋਂ ਬਾਹਰ ਆ ਗਏ ਤੇ ਕਾਂਗਰਸੀਆਂ ਦੇ ਨਾਅਰਿਆਂ ਦੀ ਆਵਾਜ਼ ਹੋਰ ਉੱਚੀ ਹੋ ਗਈ ਪਰ ਉਹ ਸ਼ਾਂਤ ਚਿਤ ਖੜ੍ਹੇ ਰਹੇ। ਇਸ ਮੌਕੇ ਸ਼ ਬਾਦਲ ਵਿਧਾਇਕਾਂ ਨੂੰ ਰਿਹਾਇਸ਼ ਅੰਦਰ ਆ ਕੇ ਗੱਲ ਕਰਨ ਲਈ ਕਹਿ ਕੇ ਅੰਦਰ ਚਲੇ ਗਏ ਪਰ ਕਾਂਗਰਸੀ ਆਗੂ ਅੰਦਰ ਜਾਣ ਲਈ ਰਾਜ਼ੀ ਨਾ ਹੋਏ। ਸ਼ ਬਾਦਲ ਮੁੜ ਬਾਹਰ ਆਏ ਤੇ ਸ੍ਰੀ ਜਾਖੜ ਨੇ ਪ੍ਰਾਪਰਟੀ ਟੈਕਸ ਰੱਦ ਕਰਨ, ਕਿਸਾਨਾਂ ਦੇ ਗੰਨੇ ਦੀ ਕਰੋੜਾਂ ਰੁਪਏ ਦੀ ਅਦਾਇਗੀ ਰਿਲੀਜ਼ ਕਰਨ, ਨਸ਼ਿਆਂ ਨੂੰ ਠੱਲ੍ਹ ਪਾਉਣ ਤੇ ਦਲਿਤ ਵਰਗ ਦੀਆਂ ਪੈਨਸ਼ਨਾਂ ਤੇ ਸ਼ਗਨ ਦੀਆਂ ਅਦਾਇਗੀਆਂ ਸਮੇਤ ਵਿਦਿਆਰਥੀਆਂ ਦੇ ਵਜ਼ੀਫੇ ਜਾਰੀ ਕਰਨ ਦੀਆਂ ਮੰਗਾਂ ਪੰਜਾਬ ਵਿਧਾਨ ਸਭਾ ਦੇ 15 ਜੁਲਾਈ ਨੂੰ ਸ਼ੁਰੂ ਹੋ ਰਹੇ ਸੈਸ਼ਨ ਤੋਂ ਪਹਿਲਾਂ ਮੰਨਣ ਦੀ ਮੰਗ ਕੀਤੀ। ਸ੍ਰੀ ਜਾਖੜ ਨੇ ਸ਼ ਬਾਦਲ ਨੂੰ ਮਿਹਣਾ ਮਾਰਿਆ ਕਿ ਪੰਜਾਬ ਸਰਕਾਰ ਪਹਿਲਾਂ ਦੋਸ਼ ਲਾਉਂਦੀ ਸੀ ਕਿ ਯੂæਪੀæਏæ ਸਰਕਾਰ ਦੀਆਂ ਹਦਾਇਤਾਂ ‘ਤੇ ਪ੍ਰਾਪਰਟੀ ਟੈਕਸ ਲਾਇਆ ਹੈ ਪਰ ਹੁਣ ਤਾਂ ਉਨ੍ਹਾਂ ਦੇ ਭਾਈਵਾਲਾ ਦੀ ਸਰਕਾਰ ਹੈ। ਇਸ ਦੇ ਜਵਾਬ ਵਿਚ ਸ਼ ਬਾਦਲ ਨੇ ਕਾਂਗਰਸੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜਦੋਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਪ੍ਰਾਪਰਟੀ ਟੈਕਸ ਨਾ ਲਾਉਣ ਦੀ ਸੂਰਤ ਵਿਚ ਇਕ ਕੌਡੀ ਵੀ ਗਰਾਂਟ ਦੇਣ ਤੋਂ ਨਾਂਹ ਕੀਤੀ ਸੀ ਤਾਂ ਉਨ੍ਹਾਂ ਨੂੰ ਮਜਬੂਰੀ ਵਿਚ ਇਹ ਕਦਮ ਚੁੱਕਣਾ ਪਿਆ ਸੀ।
ਮੁੱਖ ਮੰਤਰੀ ਨੇ ਆਪਣੇ ਅੰਦਾਜ਼ ਵਿਚ ਕਿਹਾ ਕਿ ਉਨ੍ਹਾਂ ਨੇ ਤਾਂ ਕਾਂਗਰਸੀ ਵਿਧਾਇਕਾਂ ਨੂੰ ਕੋਠੀ ਅੰਦਰ ਆ ਕੇ ਚਾਹ ਦੇ ਕੱਪ ਉੱਤੇ ਮੰਗਾਂ ਵਿਚਾਰਨ ਦਾ ਸੱਦਾ ਦਿੱਤਾ ਸੀ ਪਰ ਸ਼ਾਇਦ ਆਪਣੀਆਂ ਸਿਆਸੀ ਮਜਬੂਰੀਆਂ ਕਾਰਨ ਸ੍ਰੀ ਜਾਖੜ ਅੰਦਰ ਆਉਣ ਤੋਂ ਝਿਜਕ ਗਏ ਹਨ। ਇਸ ਮੌਕੇ ਉਨ੍ਹਾਂ ਕਾਂਗਰਸੀਆਂ ਦੇ ਨਾਅਰਿਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਸ਼ ਬਾਜਵਾ ਉਨ੍ਹਾਂ ਨੂੰ ਸਬੂਤਾਂ ਸਮੇਤ ਕਿਸੇ ਵੀ ਅਕਾਲੀ ਆਗੂ ਦੀ ਡਰੱਗ ਮਾਫੀਏ ਨਾਲ ਮਿਲੀਭੁਗਤ ਹੋਣ ਦੇ ਸਬੂਤ ਦੇਣਗੇ ਤਾਂ ਉਹ ਤੁਰੰਤ ਉਸ ਦੀ ਪੜਤਾਲ ਕਰਵਾਉਣਗੇ। ਐਵੇਂ ਕਿਸੇ ਨੂੰ ਫੜ ਕੇ ਜੇਲ੍ਹ ਵਿਚ ਸੁੱਟਣ ਦਾ ਉਨ੍ਹਾਂ ਕੋਲ ਅਧਿਕਾਰ ਨਹੀਂ ਹੈ। ਇਸ ਮਾਮਲੇ ਵਿਚ ਉਨ੍ਹਾਂ ਦਾ ਇਕ ਮੰਤਰੀ ਸਰਵਣ ਸਿੰਘ ਫਿਲੌਰ ਅਸਤੀਫਾ ਵੀ ਦੇ ਚੁੱਕਾ ਹੈ।
Leave a Reply