ਚੰਡੀਗੜ੍ਹ: ਕਾਂਗਰਸ ਹਾਈਕਮਾਂਡ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਦੀ ਹੋਈ ਅਣਕਿਆਸੀ ਹਾਰ ਦੇ ਕਾਰਨਾਂ ਦੀ ਘੋਖ ਕਰਨ ਲਈ ਬਣਾਈ ਗਈ ਤੱਥ ਖੋਜ ਕਮੇਟੀ ਨੇ ਪੰਜਾਬ ਦੇ ਵੱਖ-ਵੱਖ ਆਗੂਆਂ ਨਾਲ ਮੀਟਿੰਗਾਂ ਕਰਕੇ ਹਾਰ ਦੇ ਕਾਰਨਾਂ ਦੀ ਜਾਣਕਾਰੀ ਲੈਣ ਦਾ ਯਤਨ ਕੀਤਾ ਹੈ। ਇਨ੍ਹਾਂ ਮੀਟਿੰਗਾਂ ਵਿਚ ਪੰਜਾਬ ਕਾਂਗਰਸ ਦੇ ਹਾਰੇ ਤੇ ਜਿੱਤੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਦੀ ਧੜੇਬੰਦੀ ਮੁਤਾਬਕ ਹੀ ਆਪਣੇ ਵਿਚਾਰ ਰੱਖੇ ਗਏ ਜਿਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਹਾਈਕਮਾਂਡ ਦੀ ਇਸ ਕਮੇਟੀ ਨੂੰ ਰਾਹ ਦੇਣ ਦੇ ਮੂਡ ਵਿਚ ਨਹੀਂ ਹਨ।
ਹਿਮਾਚਲ ਪ੍ਰਦੇਸ਼ ਦੇ ਮੰਤਰੀ ਧਨੀ ਰਾਮ ਸ਼ਾਂਡਿਲ ਦੀ ਅਗਵਾਈ ਹੇਠ ਤੱਥ ਖੋਜ ਕਮੇਟੀ ਨੇ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨਾਲ ਬੰਦ ਕਮਰਾ ਮੀਟਿੰਗ ਕਰਕੇ ਹਾਰ ਦੇ ਕਾਰਨਾਂ ਦਾ ਜਾਇਜ਼ਾ ਲਿਆ ਸੀ। ਇਹ ਕਮੇਟੀ ਪਹਿਲਾਂ ਹੀ ਇਥੇ ਕਾਂਗਰਸ ਭਵਨ ਵਿਚ ਦੋ ਦਿਨ ਪੰਜਾਬ ਦੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਚਲਾ ਚੁੱਕੀ ਹੈ। ਪਹਿਲਾਂ ਇਸ ਕਮੇਟੀ ਅੱਗੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਹਾਰੇ ਪ੍ਰਤਾਪ ਸਿੰਘ ਬਾਜਵਾ, ਫਰੀਦਕੋਟ ਤੋਂ ਹਾਰੇ ਜੋਗਿੰਦਰ ਸਿੰਘ ਪੰਜਗਰਾਈਂ, ਫਤਿਹਗੜ੍ਹ ਸਾਹਿਬ ਤੋਂ ਹਾਰੇ ਸਾਧੂ ਸਿੰਘ ਧਰਮਸੋਤ, ਹੁਸ਼ਿਆਰਪੁਰ ਤੋਂ ਹਾਰੇ ਮਹਿੰਦਰ ਸਿੰਘ ਕੇæਪੀæ, ਖਡੂਰ ਸਾਹਿਬ ਤੋਂ ਹਾਰੇ ਹਰਮਿੰਦਰ ਸਿੰਘ ਗਿੱਲ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਹਾਰੇ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਪੇਸ਼ ਹੋ ਕੇ ਹਾਰ ਦੇ ਕਾਰਨਾਂ ਦੀ ਜਾਣਕਾਰੀ ਦੇ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਕਾਂਗਰਸ ਹਾਈਕਮਾਂਡ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੰਤਰੀ ਧਨੀ ਰਾਮ ਸ਼ਾਂਡਿਲ ਦੀ ਅਗਵਾਈ ਹੇਠ ਬਣਾਈ ਤੱਥ ਖੋਜ ਕਮੇਟੀ ਦੀ ਜ਼ਿੰਮੇਵਾਰੀ ਸਿਰਫ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਹਾਰੇ ਤੇ ਜਿੱਤੇ ਉਮੀਦਵਾਰਾਂ ਨਾਲ ਮੀਟਿੰਗਾਂ ਕਰ ਕੇ ਹਾਰ ਦੇ ਕਾਰਨਾਂ ਦਾ ਪਤਾ ਕਰਨਾ ਸੀ। ਸ੍ਰੀ ਸ਼ਾਂਡਿਲ ਨੇ ਪਹਿਲੇ ਦੌਰ ਦੀਆਂ ਮੀਟਿੰਗਾਂ ਦੌਰਾਨ ਕਿਹਾ ਸੀ ਕਿ ਉਹ ਹਾਰੇ ਤੇ ਜਿੱਤੇ ਕਾਂਗਰਸੀ ਉਮੀਦਵਾਰਾਂ ਨਾਲ ਮੀਟਿੰਗਾਂ ਕਰ ਕੇ ਇਕ ਮਹੀਨੇ ਵਿਚ ਆਪਣੀ ਰਿਪੋਰਟ ਹਾਈਕਮਾਂਡ ਨੂੰ ਸੌਂਪਣਗੇ। ਇਸ ਪ੍ਰਕਿਰਿਆ ਦੌਰਾਨ ਅਚਨਚੇਤ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਨੌਂ ਜੂਨ ਨੂੰ ਇਸ ਕਮੇਟੀ ਨੂੰ ਦਿੱਲੀ ਤਲਬ ਕਰ ਲਿਆ ਸੀ। ਕਮੇਟੀ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪਣੀ ਪੜਤਾਲੀ ਪ੍ਰਕਿਰਿਆ ਨੂੰ ਇਕਦਮ ਨਵਾਂ ਮੋੜ ਦੇ ਦਿੱਤਾ ਹੈ।
ਇਸ ਨੇ ਆਪਣੀ ਪੜਤਾਲ ਦਾ ਦਾਇਰਾ ਲੋਕ ਸਭਾ ਚੋਣਾਂ ਦੇ ਮਹਿਜ਼ ਕਾਂਗਰਸੀ ਉਮੀਦਵਾਰਾਂ ਤੱਕ ਸੀਮਤ ਰੱਖਣ ਦੀ ਥਾਂ ਇਸ ਵਿਚ ਕਾਂਗਰਸ ਦੇ ਸਮੂਹ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਵੀ ਲੈ ਲਿਆ ਹੈ ਜਿਸਦੇ ਪਹਿਲੇ ਦੌਰ ਵਜੋਂ ਕਮੇਟੀ ਨੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਅਮਰੀਕ ਸਿੰਘ ਢਿੱਲੋਂ ਤੇ ਗੁਰਚਰਨ ਸਿੰਘ ਬੋਪਾਰਾਏ ਨਾਲ ਮੀਟਿੰਗਾਂ ਕੀਤੀਆਂ ਹਨ।
ਕਮੇਟੀ ਨੇ ਮੋਗਾ ਜ਼ਿਲ੍ਹੇ ਦੇ ਪ੍ਰਧਾਨ ਦਰਸ਼ਨ ਸਿੰਘ ਬਰਾੜ, ਮੋਗਾ ਵਿਧਾਨ ਸਭਾ ਹਲਕੇ ਤੋਂ ਚੋਣ ਹਾਰੇ ਵਿਜੈ ਸਾਥੀ ਤੇ ਧਰਮਕੋਟ ਤੋਂ ਚੋਣ ਹਾਰੇ ਕਾਕਾ ਲੋਹਗੜ੍ਹ ਨਾਲ ਮੀਟਿੰਗਾਂ ਕੀਤੀਆਂ ਹਨ। ਪਤਾ ਲੱਗਾ ਹੈ ਕਿ ਹੁਣ ਤੱਥ ਖੋਜ ਕਮੇਟੀ ਮੁੜ ਜ਼ਿਲ੍ਹਾ ਪ੍ਰਧਾਨਾਂ ਤੇ ਵਿਧਾਇਕਾਂ ਨਾਲ ਮੀਟਿੰਗਾਂ ਦਾ ਗੇੜ ਸ਼ੁਰੂ ਕਰੇਗੀ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕਮੇਟੀ ਪੰਜਾਬ ਕਾਂਗਰਸ ਦੀ ਫੁੱਟ ਦੀ ਜੜ੍ਹ ਨੂੰ ਫੜਨ ਲਈ ਲੰਮਾ ਸਮਾਂ ਲਗਾ ਸਕਦੀ ਹੈ। ਉਂਜ ਪੰਜਾਬ ਵਿਚ ਆ ਰਹੀਆਂ ਵਿਧਾਨ ਸਭਾ ਦੀਆਂ ਦੋ ਜ਼ਿਮਨੀ ਚੋਣਾਂ ਤੋਂ ਪਹਿਲਾਂ ਕਮੇਟੀ ਆਪਣੀ ਰਿਪੋਰਟ ਨੂੰ ਮੁਕੰਮਲ ਕਰ ਸਕਦੀ ਹੈ। ਸੂਤਰਾਂ ਮੁਤਾਬਕ ਕਮੇਟੀ ਦੀ ਇਸ ਪ੍ਰਕਿਰਿਆ ਦੌਰਾਨ ਵੀ ਧੜੇਬੰਦੀ ਦੀ ਲਕੀਰ ਕਾਇਮ ਹੈ। ਹਰੇਕ ਉਮੀਦਵਾਰ, ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਸ਼ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚੱਲ ਰਹੀ ਧੜੇਬੰਦੀ ਦੇ ਆਧਾਰ ‘ਤੇ ਹੀ ਆਪਣੇ ਵਿਚਾਰ ਕਮੇਟੀ ਅੱਗੇ ਰੱਖ ਰਿਹਾ ਹੈ।
Leave a Reply