ਬੂਟਾ ਸਿੰਘ
ਫੋਨ: 91-94634-74342
ਪੱਛਮੀ ਬੰਗਾਲ ਦੇ ਜੰਮਪਲ, ਚੋਟੀ ਦੇ ਮਾਓਵਾਦੀ ਆਗੂ ਕਾਮਰੇਡ ਸੁਸ਼ੀਲ ਰਾਏ ਨੇ ਚੜ੍ਹਦੀ ਜਵਾਨੀ ‘ਚ ਜੰਗੇ-ਆਜ਼ਾਦੀ ਦੇ ਜਾਂਬਾਜ਼ ਇਨਕਲਾਬੀਆਂ ਦੇ ਆਜ਼ਾਦੀ ਦੇ ਅਧੂਰੇ ਸੁਪਨੇ ਨੂੰ ਸਾਕਾਰ ਕਰਨ ਅਤੇ ਇਸ ਨਾ-ਬਰਾਬਰੀ ਤੇ ਨੰਗੀ ਬੇਇਨਸਾਫ਼ੀ ‘ਤੇ ਆਧਾਰਤ ਨਿਜ਼ਾਮ ਨੂੰ ਉਖਾੜ ਕੇ, ਇਸ ਦੀ ਥਾਂ ਇਨਸਾਨ ਦੇ ਜਿਉਣ ਦੇ ਕਾਬਲ ਸਮਾਜ ਉਸਾਰਨ ਲਈ ਇਨਕਲਾਬੀ ਜੱਦੋ-ਜਹਿਦ ਦਾ ਬਿਖੜਾ ਰਾਹ ਅਖ਼ਤਿਆਰ ਕੀਤਾ ਸੀ। ਇਨਕਲਾਬ ਦੇ ਇਸ ਬਿਖੜੇ ਰਸਤੇ ਉਪਰ ਚੱਲਦਿਆਂ ਆਪਣੇ ਪੰਜ ਦਹਾਕੇ ਲੰਮੇ ਅਡੋਲ ਸਫ਼ਰ ਦੀ ਸ਼ਾਨਦਾਰ ਵਿਰਾਸਤ ਅਗਲੀ ਪੀੜ੍ਹੀ ਦੇ ਹਵਾਲੇ ਕਰ ਕੇ ਉਹ 19 ਜੂਨ 2014 ਨੂੰ ਸਦੀਵੀ ਵਿਛੋੜਾ ਦੇ ਗਿਆ। ਇਕ ਮਹਾਨ ਦੇਸ਼ ਭਗਤ ਇਨਕਲਾਬੀ ਪਰਿਵਾਰ ਵਿਚ ਜਨਮ ਲੈਣ ਕਾਰਨ ਇਨਕਲਾਬੀ ਸਿਆਸਤ ਦੀ ਗੁੜਤੀ ਉਸ ਨੂੰ ਵਿਰਸੇ ‘ਚ ਮਿਲੀ ਸੀ, ਤੇ ਹਰ ਤਰ੍ਹਾਂ ਦੇ ਜਬਰ-ਜ਼ੁਲਮ ਦਾ ਮੁਕਾਬਲਾ ਕਰਦਿਆਂ ਪੂਰੀ ਹਯਾਤੀ ਇਸੇ ਰਾਹ ਉਪਰ ਡਟੇ ਰਹਿ ਕੇ ਇਨਕਲਾਬੀ ਰਵਾਇਤ ਉਸ ਨੇ ਆਖ਼ਰੀ ਸਾਹਾਂ ਤਕ ਨਿਭਾ ਕੇ ਵੀ ਦਿਖਾ ਦਿੱਤੀ ਜੋ ਆਪਣੇ-ਆਪ ਵਿਚ ਇਕ ਵਿਰਲੀ ਮਿਸਾਲ ਹੈ।
ਦਿਨੇਸ਼ ਚੰਦਰ ਗੁਪਤਾ ਅੰਗਰੇਜ਼ਾਂ ਦੇ ਬਸਤੀਵਾਦੀ ਰਾਜ ਦੇ ਜ਼ਮਾਨੇ ‘ਚ ਬੰਗਾਲ ਦਾ ਬੜਾ ਮਸ਼ਹੂਰ ਇਨਕਲਾਬੀ ਹੋਇਆ ਹੈ। ਉਹ ਉਨ੍ਹਾਂ ਯੁਗ-ਪਲਟਾਊ ਨੌਜਵਾਨਾਂ ਵਿਚੋਂ ਸਿਰਕੱਢ ਨਾਂ ਸੀ ਜੋ ਸੁਭਾਸ਼ ਚੰਦਰ ਬੋਸ ਵਲੋਂ ਮਹਾਤਮਾ ਗਾਂਧੀ ਦੀ ਸਮਝੌਤਾਪ੍ਰਸਤ ਨੀਤੀ ਨੂੰ ਰੱਦ ਕਰ ਕੇ ਬਣਾਈ ਜਥੇਬੰਦੀ ‘ਬੰਗਾਲ ਵਲੰਟੀਅਰਜ਼’ ਵਿਚ ਸ਼ਾਮਲ ਹੋਏ ਅਤੇ ਜਿਨ੍ਹਾਂ ਨੇ ਮੌਤ ਨੂੰ ਮਖੌਲਾਂ ਕਰਦਿਆਂ ਅੰਗਰੇਜ਼ ਰਾਜ ਉਪਰ ਵਦਾਣੀ ਸੱਟਾਂ ਮਾਰਨ ਲਈ ਇਨਕਲਾਬੀ ਢੰਗ ਅਖ਼ਤਿਆਰ ਕਰਨ ‘ਤੇ ਜ਼ੋਰ ਦਿੱਤਾ। ਦਿਨੇਸ਼ ਤੇ ਉਸ ਦੇ ਸਾਥੀ, ਸੁਭਾਸ਼ ਚੰਦਰ ਬੋਸ ਦੇ ਇਸ ਪ੍ਰੋਗਰਾਮ ਤੱਕ ਹੀ ਮਹਿਦੂਦ ਨਹੀਂ ਰਹੇ। ਉਨ੍ਹਾਂ ਨੇ ਇਸ ਤੋਂ ਵੀ ਅੱਗੇ ਵਧ ਕੇ ਅੰਗਰੇਜ਼ ਬਸਤੀਵਾਦੀ ਰਾਜ ਵਿਰੁੱਧ ਜਾਨ-ਹੂਲਵੀਂ ਲੜਾਈ ਲੜਨ ਲਈ ਇਨਕਲਾਬੀ ਐਸੋਸੀਏਸ਼ਨ ਬਣਾਈ ਅਤੇ ਮਿਦਨਾਪੁਰ ਤੇ ਹੋਰ ਇਲਾਕਿਆਂ ਦੇ ਨੌਜਵਾਨਾਂ ਨੂੰ ਹਥਿਆਰਾਂ ਦੀ ਸਿਖਲਾਈ ਦੇ ਕੇ ਜੰਗੇ-ਆਜ਼ਾਦੀ ਲਈ ਤਿਆਰ ਕੀਤਾ। ਇਸੇ ਸਿਖਲਾਈ ਅਤੇ ਇਨਕਲਾਬੀ ਜਜ਼ਬੇ ਦਾ ਹੀ ਕ੍ਰਿਸ਼ਮਾ ਸੀ ਕਿ ਦਿਨੇਸ਼ ਚੰਦਰ ਗੁਪਤਾ ਨੇ ਜਿਨ੍ਹਾਂ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਇਨਕਲਾਬੀ ਬਣਾਇਆ, ਉਨ੍ਹਾਂ ਨੇ ਉਪਰੋਥਲੀ ਤਿੰਨ ਜ਼ਿਲ੍ਹਾ ਮੈਜਿਸਟਰੇਟਾਂ- ਡੁਗਲਸ, ਬਰਜ ਅਤੇ ਪੈਡੀ, ਉਪਰ ਹਮਲੇ ਕਰ ਕੇ ਉਨ੍ਹਾਂ ਨੂੰ ਮਾਰ ਮੁਕਾਇਆ ਸੀ।
ਫਿਰ ਇਨਕਲਾਬੀ ਐਸੋਸੀਏਸ਼ਨ ਨੇ ਜੇਲ੍ਹਾਂ ਦੇ ਆਈæਜੀæ (ਇੰਸਪੈਕਟਰ ਜਨਰਲ) ਕਰਨਲ ਐੱਨæਐੱਸ਼ ਸਿੰਪਸਨ ਨੂੰ ਮਾਰਨ ਅਤੇ ਅੰਗਰੇਜ਼ ਹਕੂਮਤ ਦੇ ਸੈਕਟਰੀਏਟ, ਕਲਕੱਤਾ ਦੇ ਡਲਹੌਜ਼ੀ ਸਕੇਅਰ ਸਥਿਤ ਰਾਈਟਰਜ਼ ਬਿਲਡਿੰਗ ਜੋ 1947 ਤੋਂ ਪਿੱਛੋਂ ਪੱਛਮੀ ਬੰਗਾਲ ਦੀ ਹਕੂਮਤ ਦਾ ਸਦਰ-ਮੁਕਾਮ ਹੈ, ਉਪਰ ਹਮਲਾ ਕਰ ਕੇ ਅੰਗਰੇਜ਼ ਰਾਜ ਦੀਆਂ ਨੀਂਹਾਂ ਹਿਲਾਉਣ ਦਾ ਫ਼ੈਸਲਾ ਕੀਤਾ। ਚੇਤੇ ਰਹੇ ਕਿ ਇਹ ਚੌਕ ਉਸ ਲਾਰਡ ਡਲਹੌਜ਼ੀ ਨੂੰ ਸਮਰਪਿਤ ਹੈ ਜੋ 1847 ਤੋਂ 1856 ਤਕ ਹਿੰਦੁਸਤਾਨ ਦਾ ਗਵਰਨਰ ਜਨਰਲ ਰਿਹਾ ਅਤੇ ਬਸਤੀਵਾਦ ਰਾਜ ਨੂੰ ਪੱਕਾ ਕਰਨ ਲਈ ਹਿੰਦੁਸਤਾਨ ਦੇ ਲੋਕਾਂ ਉਪਰ ਅਕਹਿ ਜ਼ੁਲਮ ਢਾਹੁਣ ਦਾ ਸਿਹਰਾ ਜਿਸ ਨੂੰ ਜਾਂਦਾ ਹੈ। 8 ਦਸੰਬਰ 1930 ਨੂੰ ਦਿਨੇਸ਼ ਗੁਪਤਾ ਅਤੇ ਉਸ ਦੇ ਸਾਥੀ ਬਿਨੋਏ ਬਾਸੂ ਤੇ ਬਾਦਲ ਗੁਪਤਾ ਯੂਰਪੀ ਭੇਸ ਵਟਾ ਕੇ ਰਾਈਟਰਜ਼ ਬਿਲਡਿੰਗ ਵਿਚ ਜਾ ਵੜੇ ਅਤੇ ਇਮਾਰਤ ਦੀ ਬਾਲਕੋਨੀ ਵਿਚ ਸਿੰਪਸਨ ਨੂੰ ਗੋਲੀਆਂ ਮਾਰ ਕੇ ਥਾਏਂ ਮਾਰ ਦਿੱਤਾ। ਇਸ ਪਿੱਛੋਂ ਉਥੇ ਤਾਇਨਾਤ ਪੁਲਿਸ ਨਾਲ ਹੋਏ ਗਹਿ-ਗੱਚ ਮੁਕਾਬਲੇ ਵਿਚ ਬਾਦਲ ਗੁਪਤਾ ਨੇ ਪੁਲਿਸ ਦੇ ਹੱਥ ਨਾ ਆਉਣ ਦਾ ਪ੍ਰਣ ਪੂਰਾ ਕਰਦਿਆਂ ਸਾਈਨਾਈਡ ਖਾ ਕੇ ਜਾਨ ਦੇ ਦਿੱਤੀ, ਜਦਕਿ ਦਿਨੇਸ਼ ਅਤੇ ਬਿਨੋਏ ਨੇ ਖ਼ੁਦ ਨੂੰ ਗੋਲੀ ਮਾਰ ਲਈ। ਦੋਵੇਂ ਜ਼ਖ਼ਮੀ ਇਨਕਲਾਬੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 13 ਦਸੰਬਰ 1930 ਨੂੰ ਬਿਨੋਏ ਵੀ ਹਸਪਤਾਲ ਵਿਚ ਜ਼ਿੰਦਗੀ-ਮੌਤ ਦੀ ਲੜਾਈ ਲੜਦਿਆਂ ਸ਼ਹੀਦਾਂ ਦੀ ਕਤਾਰ ਵਿਚ ਜਾ ਸ਼ਾਮਲ ਹੋਇਆ।
ਇਹ ਜ਼ਖ਼ਮੀ ਦਿਨੇਸ਼ ਗੁਪਤਾ ਸੀ ਜਿਸ ਉਪਰ ਅੰਗਰੇਜ਼ ਹਕੂਮਤ ਦੀ ਜੰਗਲੀ ਅਦਾਲਤ ਵਿਚ ਮੁਕੱਦਮਾ ਚਲਾਇਆ ਗਿਆ। ਮੁਕੱਦਮੇ ਦੇ ਫ਼ੈਸਲੇ ਅਨੁਸਾਰ 7 ਜੁਲਾਈ 1931 ਨੂੰ ਇਸ ਇਨਕਲਾਬੀ ਨੂੰ ਅਲੀਪੁਰ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ। ਉਸ ਦੀ ਉਮਰ ਉਦੋਂ ਮਹਿਜ਼ 19 ਸਾਲ 7 ਮਹੀਨੇ ਦੀ ਸੀ। ਇਨ੍ਹਾਂ ਜਾਂਬਾਜ਼ ਇਨਕਲਾਬੀਆਂ ਦੀ ਸ਼ਾਨਾਮੱਤੀ ਸ਼ਹਾਦਤ ਦੇ ਸਤਿਕਾਰ ਵਿਚ 1947 ਤੋਂ ਪਿੱਛੋਂ ਡਲਹੌਜ਼ੀ ਸਕੇਅਰ ਖੇਤਰ ਦਾ ਨਾਂ ਬਦਲ ਕੇ ਬਸਤੀਵਾਦੀ ਰਾਜ ਦਾ ਚਿੰਨ੍ਹ ਮਿਟਾ ਦਿੱਤਾ ਗਿਆ ਅਤੇ ਇਸ ਦਾ ਨਾਂ ਬੀæਬੀæਡੀæ ਬਾਗ਼ (ਬਿਨੋਏ-ਬਾਦਲ-ਦਿਨੇਸ਼ ਬਾਗ਼) ਰੱਖਿਆ ਗਿਆ।
1947 ਦੀ ਸੱਤਾ ਬਦਲੀ ਨਾਲ ਸੱਤਾਧਾਰੀ ਹੋਏ ‘ਕਾਲੇ ਅੰਗਰੇਜ਼ਾਂ’ ਦੇ ਦਾਅਵੇ ਅਤੇ ਵਾਅਦੇ ਅਸਲ ਹਕੀਕਤ ਨੂੰ ਛੁਪਾ ਨਹੀਂ ਸੀ ਸਕਦੇ। ਹਕੀਕਤ ਇਹ ਸੀ ਕਿ ਸੱਤਾ ਬਦਲੀ ਅਤੇ ਡਲਹੌਜ਼ੀ ਚੌਕ ਦਾ ਨਾਂ ਬਦਲ ਕੇ ਨੌਜਵਾਨ ਇਨਕਲਾਬੀਆਂ ਬਿਨੋਏ-ਬਾਦਲ-ਦਿਨੇਸ਼ ਦੇ ਨਾਂ ‘ਤੇ ਰੱਖ ਦੇਣਾ ਬੇਸ਼ੁਮਾਰ ਇਨਕਲਾਬੀਆਂ ਅਤੇ ਹੋਰ ਦੇਸ਼ਭਗਤਾਂ ਦੇ ਖ਼ਵਾਬਾਂ ਦੀ ਆਜ਼ਾਦੀ ਨਹੀਂ ਸੀ। ਬੰਗਾਲ ਦੇ ਅਗਲੀ ਪੀੜ੍ਹੀ ਦੇ ਜਿਨ੍ਹਾਂ ਤਬਦੀਲੀਪਸੰਦ ਨੌਜਵਾਨਾਂ ਨੇ ਆਜ਼ਾਦੀ ਦੇ ਉਸ ਧੂਮ-ਧੜੱਕੇ ਦਰਮਿਆਨ ਇਸ ਹਕੀਕਤ ਨੂੰ ਸਮਝਿਆ, ਉਨ੍ਹਾਂ ਵਿਚ ਦਿਨੇਸ਼ ਗੁਪਤਾ ਦਾ ਭਤੀਜਾ ਸੁਸ਼ੀਲ ਰਾਏ ਵੀ ਸੀ ਜਿਸ ਨੇ ਅਗਲੇ ਦਹਾਕਿਆਂ ਵਿਚ ਸਿਰਮੌਰ ਕਮਿਊਨਿਸਟ ਇਨਕਲਾਬੀ ਆਗੂ ਬਣ ਕੇ ਉਭਰਨਾ ਸੀ।
ਜਦੋਂ 1962 ‘ਚ ਹਿੰਦ-ਚੀਨ ਦਾ ਯੁੱਧ ਹੋਇਆ, ਉਦੋਂ ਨੌਜਵਾਨ ਸੁਸ਼ੀਲ ਰਾਏ ਬੰਗਾਲ ਦੀ ਊਸ਼ਾ ਪੱਖਾ ਫੈਕਟਰੀ ਵਿਚ ਨੌਕਰੀ ਕਰ ਰਿਹਾ ਸੀ। ਉਥੇ ਉਹ ਕਮਿਊਨਿਸਟ ਲਹਿਰ ਦੇ ਸੰਪਰਕ ਵਿਚ ਆਇਆ ਅਤੇ ਇਸ ਫੈਕਟਰੀ ਵਿਚ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਜੋ ਹੜਤਾਲ ਛੇ ਮਹੀਨੇ ਤਕ ਚੱਲੀ ਅਤੇ ਆਖ਼ਿਰ ਜੇਤੂ ਹੋਈ, ਉਸ ਦੌਰਾਨ ਇਹ ਨੌਜਵਾਨ ਖਾੜਕੂ ਮਜ਼ਦੂਰ ਆਗੂ ਬਣ ਕੇ ਉਭਰਿਆ। ਇਹ ਆਲਮੀ ਅਤੇ ਇਸੇ ਤਰ੍ਹਾਂ ਹਿੰਦੁਸਤਾਨ ਦੀ ਕਮਿਊਨਿਸਟ ਲਹਿਰ ਵਿਚ ਵਿਚਾਰਧਾਰਕ ਭੇੜ ਅਤੇ ਤਰਥੱਲੀਆਂ ਦਾ ਦੌਰ ਸੀ। ਸੁਸ਼ੀਲ ਰਾਏ ਐੱਸ਼ਏæ ਡਾਂਗੇ ਦੀ ਰਵਾਇਤੀ ਕਮਿਊਨਿਸਟ ਲੀਡਰਸ਼ਿਪ ਤੋਂ ਬਾਗ਼ੀ ਉਨ੍ਹਾਂ ਖਾੜਕੂ ਕਮਿਊਨਿਸਟ ਸਫ਼ਾਂ ਨਾਲ ਸੀ ਜਿਹੜੇ ਸਮਝੌਤੇਬਾਜ਼ ਸਿਆਸਤ ਦੀ ਥਾਂ ਆਰ-ਪਾਰ ਦੀ ਇਨਕਲਾਬੀ ਲੜਾਈ ਦੇ ਹਾਮੀ ਸਨ। ਇਸੇ ਸਿਆਸੀ ਅਮਲ ਵਿਚ ਕਮਿਊਨਿਸਟ ਲਹਿਰ ਦੇ ਦੋਫਾੜ ਹੋਣ ‘ਤੇ 1964 ‘ਚ ਉਹ ਸੀæਪੀæਐੱਮæ ਵਿਚ ਸਰਗਰਮ ਹੋ ਗਿਆ। ਜਦੋਂ ਸੀæਪੀæਐੱਮæ ਦੀ ਲੀਡਰਸ਼ਿਪ ਯੁਗ-ਪਲਟਾਊ ਏਜੰਡਾ ਨੂੰ ਤਿਲਾਂਜਲੀ ਦੇ ਕੇ ਸਥਾਪਤੀ ਦਾ ਹਿੱਸਾ ਬਣ ਗਈ ਅਤੇ ਸਿਲੀਗੁੜੀ ਦੇ ਕਮਿਊਨਿਸਟ ਇਨਕਲਾਬੀਆਂ ਨੇ ਨਕਸਲਬਾੜੀ ਬਗ਼ਾਵਤ ਛੇੜ ਦਿੱਤੀ, ਤਾਂ ਇਸ ਸਫ਼ਬੰਦੀ ਦੇ ਸਵਾਲ ‘ਤੇ 1968 ‘ਚ ਸੁਸ਼ੀਲ ਰਾਏ ਨੇ ਸੀæਪੀæਐੱਮæ ਨਾਲੋਂ ਨਾਤਾ ਤੋੜ ਲਿਆ। ਉਹ ਨੌਕਰੀ ਤਿਆਗ ਕੇ ਪੇਸ਼ੇਵਰ ਇਨਕਲਾਬੀ ਬਣ ਗਿਆ ਅਤੇ ਪਿੰਡਾਂ ਵਿਚ ਲਹਿਰ ਉਸਾਰਨ ਦੇ ਕਾਜ ਨੂੰ ਸਮਰਪਿਤ ਹੋ ਗਿਆ। ਇਹ ਉਸ ਦੀ ਜ਼ਿੰਦਗੀ ਦਾ ਐਸਾ ਫ਼ੈਸਲਾਕੁਨ ਮੋੜ ਸੀ ਜਿੱਥੋਂ ਉਸ ਨੇ ਇਨਕਲਾਬੀ ਰਾਹ ਫੜ ਕੇ ਮੁੜ ਕੇ ਪੂਰੀ ਜ਼ਿੰਦਗੀ ਪਿਛੇ ਮੁੜ ਕੇ ਨਹੀਂ ਦੇਖਿਆ।
ਅਗਲੇ ਦਹਾਕਿਆਂ ਵਿਚ ਉਹ ਪਹਿਲਾਂ ਅਹਿਮ ਮਾਓਵਾਦੀ ਆਗੂ ਬਣ ਕੇ ਉਭਰਿਆ ਅਤੇ ਆਖ਼ਿਰ ਮਾਓਵਾਦੀ ਕਮਿਊਨਿਸਟ ਕੇਂਦਰ (ਐੱਮæਸੀæਸੀæ) ਦੇ ਜਨਰਲ ਸਕੱਤਰ ਦੇ ਸਿਰਮੌਰ ਆਗੂ ਅਹੁਦੇ ‘ਤੇ ਪਹੁੰਚਿਆ। ਸਤੰਬਰ 2004 ‘ਚ ਐੱਮæਸੀæਸੀæ ਅਤੇ ਸੀæਪੀæਆਈæ (ਐੱਮæਐੱਲ਼-ਪੀਪਲਜ਼ ਵਾਰ) ਦਾ ਰਲੇਵਾਂ ਕਰ ਕੇ ਸੀæਪੀæਆਈæ(ਮਾਓਵਾਦੀ) ਬਣਾਉਣ ਵਾਲੇ ਮੁੱਖ ਆਗੂਆਂ ਵਿੱਚ ਸੁਸ਼ੀਲ ਰਾਏ ਦੀ ਸਿਰਕੱਢ ਭੂਮਿਕਾ ਸੀ। 1990 ਤੋਂ ਲੈ ਕੇ ਉਦੋਂ ਤਾਈਂ ਉਹ ਕਲਕੱਤਾ-ਹਾਵੜਾ-ਹੁਗਲੀ ਸਨਅਤੀ ਖੇਤਰ ਅੰਦਰ ਮਜ਼ਦੂਰ ਜਮਾਤ ਵਿਚ ਵਿਚਾਰਧਾਰਕ-ਸਿਆਸੀ ਕੰਮ ਜੁਟਿਆ ਹੋਇਆ ਸੀ ਜਦੋਂ 22 ਮਈ 2005 ਨੂੰ ਉਸ ਨੂੰ ਅਚਾਨਕ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਪਿੱਛੋਂ ਹੀ ਪੁਲਿਸ ਅਧਿਕਾਰੀਆਂ ਨੂੰ ਉਸ ਦੀ ਆਗੂ ਹੈਸੀਅਤ ਮਾਲੂਮ ਹੋਈ।
ਇਸ ਤੋਂ ਅੱਗੇ ਫਰਜ਼ੀ ਕੇਸਾਂ ਅਤੇ ਅਮੁੱਕ ਜੇਲ੍ਹਬੰਦੀ ਦਾ ਉਹ ਸਿਲਸਿਲਾ ਸ਼ੁਰੂ ਹੋਇਆ ਜੋ ਅੰਗਰੇਜ਼ ਬਸਤੀਵਾਦੀ ਰਾਜ ਦੇ ਸਮੇਂ ਤੋਂ ਹੀ ਇਨਕਲਾਬੀਆਂ ਦੀ ਹੋਣੀ ਚਲਿਆ ਆ ਰਿਹਾ ਹੈ। ਹੁਣ ਇਕ ਕਮਿਊਨਿਸਟ ਇਨਕਲਾਬੀ ਨੂੰ ਜੇਲ੍ਹ ਵਿਚ ਸਾੜਨ ਵਾਲੀ ‘ਕਮਿਊਨਿਸਟ’ ਹਕੂਮਤ ਸੀ। ਉਸ ਉਪਰ ਕਈ ਸੂਬਿਆਂ ਵਿਚ ਦਰਜਨਾਂ ਫਰਜ਼ੀ ਕੇਸ ਪਾ ਕੇ 2005 ਤੋਂ ਲੈ ਕੇ 2012 ਤਕ ਵੱਖ-ਵੱਖ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦ ਰੱਖਿਆ ਗਿਆ। ਸੀæਪੀæਐੱਮæ ਦੀ ਖੱਬਾ ਮੋਰਚਾ ਸਰਕਾਰ ਵਲੋਂ ਉਸ ਦੇ ਪਰਿਵਾਰ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਦੀਆਂ ਅਪੀਲਾਂ ਨੂੰ ਹਕਾਰਤ ਨਾਲ ਰੱਦ ਕਰਦਿਆਂ ਉਸ ਦੀ ਗੰਭੀਰ ਹਾਲਤ ਦੇ ਬਾਵਜੂਦ ਬਿਨਾਂ ਇਲਾਜ ਉਸ ਨੂੰ ਜੇਲ੍ਹ ਵਿਚ ਸਾੜਿਆ ਗਿਆ ਅਤੇ ਸੁਚੇਤ ਤੌਰ ‘ਤੇ ਮੌਤ ਦੇ ਮੂੰਹ ਧੱਕਿਆ ਗਿਆ। ਕਈ ਜਾਨਲੇਵਾ ਬਿਮਾਰੀਆਂ ਨਾਲ ਉਸ ਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਬੁੱਧੀਜੀਵੀਆਂ ਵਲੋਂ ਉਸ ਦੇ ਇਲਾਜ ਲਈ ਵਾਰ-ਵਾਰ ਆਵਾਜ਼ ਉਠਾਈ ਗਈ ਜਿਸ ਦੇ ਦਬਾਅ ਤਹਿਤ ਉਸ ਨੂੰ ਪਹਿਲਾਂ ਰਾਂਚੀ ਮੈਡੀਕਲ ਕਾਲਜ ਤੇ ਫਿਰ ਦਿੱਲੀ ਏਮਜ਼ ਵਿਚ ਦਾਖ਼ਲ ਕਰਵਾਇਆ ਗਿਆ। 7 ਸਾਲ ਬਿਨਾਂ ਇਲਾਜ, ਅਣਮਨੁੱਖੀ ਹਾਲਾਤ ਵਿਚ ਜੇਲ੍ਹਬੰਦ ਰਹਿਣ ਕਾਰਨ ਉਸ ਦਾ ਨਾਕਾਰਾ ਜਿਸਮ ਹੁਣ ਤੰਦਰੁਸਤ ਹੋਣਾ ਸੰਭਵ ਨਹੀਂ ਸੀ। ਆਖ਼ਿਰ ਜ਼ਿੰਦਗੀ-ਮੌਤ ਦੀ ਲੜਾਈ ਲੜਦਿਆਂ ਏਮਜ਼ ਵਿਚ 19 ਜੂਨ 2014 ਨੂੰ ਕਾਮਰੇਡ ਸੁਸ਼ੀਲ ਰਾਏ ਦੱਬੇ-ਕੁਚਲੇ ਅਵਾਮ ਦੀ ਮੁਕਤੀ ਦਾ ਸੁਪਨਾ ਅੱਖਾਂ ਵਿਚ ਸੰਜੋਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ।
10 ਜੁਲਾਈ 2006 ਨੂੰ ਪ੍ਰੈਜ਼ੀਡੈਂਸੀ ਜੇਲ੍ਹ ਕੋਲਕਾਤਾ ਤੋਂ ਉਦੋਂ ਦੇ ਖੱਬਾ ਮੋਰਚਾ ਸਰਕਾਰ ਦੇ ਮੁੱਖ ਮੰਤਰੀ ਬੁੱਧਾਦੇਵ ਭੱਟਾਚਾਰੀਆ ਦੇ ਨਾਂ ਖੁੱਲ੍ਹਾ ਖ਼ਤ ਲਿਖ ਕੇ ਇਨਕਲਾਬ ਦੇ ਬੁਨਿਆਦੀ ਸਿਧਾਂਤਾਂ ਨੂੰ ਬੁਲੰਦ ਕਰਨ ਅਤੇ ਅਖੌਤੀ ਕਮਿਊਨਿਸਟਾਂ ਦੀਆਂ ਸਮਝੌਤਾਬਾਜ਼ ਨੀਤੀਆਂ ਦੀ ਬੇਲਿਹਾਜ਼ ਤੇ ਬੇਖ਼ੌਫ਼ ਆਲਚੋਨਾ ਹੋ ਕੇ ਕਰਨ ਅਤੇ ਕਮਿਊਨਿਸਟ ਇਖ਼ਲਾਕ ਦੇ ਪੱਖ ਤੋਂ ਰਵਾਇਤੀ ਕਮਿਊਨਿਸਟ ਲਹਿਰ ਦੀ ਕਾਰਗੁਜ਼ਾਰੀ ਬਾਰੇ ਤਿੱਖੇ ਸਵਾਲ ਉਠਾਉਣ ਦਾ ਜੇਰਾ ਸੁਸ਼ੀਲ ਰਾਏ ਵਰਗਾ ਬੁਲੰਦ ਇਖ਼ਲਾਕ ਕਮਿਊਨਿਸਟ ਹੀ ਕਰ ਸਕਦਾ ਸੀ। ਜਦੋਂ ਉਹ ਜੇਲ੍ਹਬੰਦੀ ਦੌਰਾਨ ਪਲ-ਪਲ ਮੌਤ ਵੱਲ ਵਧ ਰਿਹਾ ਸੀ, ਉਦੋਂ ਉਸ ਨੇ ‘ਇੰਡੀਅਨ ਐਕਸਪ੍ਰੈੱਸ’ ਨਾਲ ਲੰਮੀ ਗੱਲਬਾਤ ਵਿਚ ਮਰਹੂਮ ਮਾਓਵਾਦੀ ਆਗੂ ਕਿਸ਼ਨਜੀ ਦੀ ਅਗਵਾਈ ਹੇਠ ਬੰਗਾਲ ਵਿਚ ਮਾਓਵਾਦੀ ਲਹਿਰ ਦੀਆਂ ਕਮਜ਼ੋਰੀਆਂ ਦੀ ਬੇਬਾਕ ਹੋ ਕੇ ਆਲੋਚਨਾ ਵੀ ਕੀਤੀ ਸੀ ਅਤੇ ਮਾਓਵਾਦੀ ਪਾਰਟੀ ਦੇ ਨਵ-ਜਮਹੂਰੀ ਇਨਕਲਾਬ ਦੇ ਬੁਨਿਆਦੀ ਪ੍ਰੋਗਰਾਮ ਦੀ ਪੁਰਜੋਸ਼ ਪੈਰਵਾਈ ਕੀਤੀ ਸੀ। ਉਸ ਦੀ ਮਿਸਾਲੀ ਜ਼ਿੰਦਗੀ ਕਮਿਊਨਿਸਟ ਅਕੀਦੇ, ਇਨਕਲਾਬੀ ਜਜ਼ਬੇ ਅਤੇ ਬੁਲੰਦ ਇਖ਼ਲਾਕ ਦੀ ਸਾਕਾਰ ਮੂਰਤ ਸੀ। ਅੱਜ ਦੇ ਗੰਭੀਰ ਚੁਣੌਤੀ ਵਾਲੇ ਹਾਲਾਤ ਵਿਚ ਸੁਸ਼ੀਲ ਰਾਏ ਵਰਗੇ ਕੱਦਾਵਰ ਆਗੂ ਅਤੇ ਇਨਕਲਾਬੀ ਸਿਧਾਂਤਕਾਰ ਦਾ ਦੇਹਾਂਤ ਹਿੰਦੁਸਤਾਨ ਦੀ ਸਮਾਜੀ ਬਦਲਾਅ ਦੀ ਇਨਕਲਾਬੀ ਜੱਦੋ-ਜਹਿਦ ਲਈ ਸੱਚੀਂ ਹੀ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਫਿਰ ਵੀ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਉਸ ਦੀ ਵਾਰਿਸ ਇਨਕਲਾਬੀ ਲਹਿਰ ਅੱਜ ਦੀਆਂ ਬੇਮਿਸਾਲ ਚੁਣੌਤੀਆਂ ਨੂੰ ਸਰ ਕਰਦਿਆਂ ਕਿਸ ਰਫ਼ਤਾਰ ਨਾਲ ਅੱਗੇ ਵਧਦੀ ਹੈ? ਸਵਾਲ ਇਹ ਹੈ ਕਿ ਦਿਨੇਸ਼ ਗੁਪਤਾ ਅਤੇ ਸੁਸ਼ੀਲ ਰਾਏ ਦੀਆਂ ਇਨਕਲਾਬੀ ਪੀੜ੍ਹੀਆਂ ਦੇ ਅੱਜ ਦੇ ਵਾਰਿਸ ਇਨਕਲਾਬੀ ਪਰੰਪਰਾ ਨੂੰ ਸਮਕਾਲ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅੱਗੇ ਆਉਣ ਪੱਖੋਂ ਉਸੇ ਮਿਆਰ ਦੀ ਇਨਕਲਾਬੀ ਸ਼ਿੱਦਤ ਦਿਖਾਉਂਦੇ ਹਨ ਜਾਂ ਨਹੀਂ?
Leave a Reply