ਮੋਦੀ ਸਰਕਾਰ ਦਾ ਪੌਣਾ ਮਹੀਨਾ: ਇਬਤਦਾਏ ਇਸ਼ਕ ਹੈ, ਰੋਤਾ ਹੈ ਕਿਆ…!

-ਜਤਿੰਦਰ ਪਨੂੰ
‘ਅੱਛੇ ਦਿਨæææ?’
‘æææਆਨੇ ਵਾਲੇ ਹੈਂ!’
ਹੁਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਹਿਲੇ ਕੁਝ ਭਾਸ਼ਣਾਂ ਵਿਚ ‘ਅੱਛੇ ਦਿਨ ਆਨੇ ਵਾਲੇ ਹੈਂ’ ਕਹਿਣ ਤੋਂ ਬਾਅਦ ਇਨ੍ਹਾਂ ਸ਼ਬਦਾਂ ਨੂੰ ਚੋਣ-ਨਾਹਰੇ ਵਜੋਂ ਚੁੱਕਿਆ ਸੀ। ਕਿਉਂਕਿ ਇਹ ਸ਼ਬਦ ਕਈ ਭਾਸ਼ਣਾਂ ਦਾ ਹਿੱਸਾ ਬਣ ਚੁੱਕੇ ਸਨ, ਭਾਜਪਾ ਦੀ ਰਿਜ਼ਰਵ ਫੌਜ ਗਿਣੇ ਜਾਂਦੇ ਆਰ ਐਸ ਐਸ ਦੇ ਕਾਡਰ ਨੇ ਸਾਰਿਆਂ ਤੋਂ ਪਹਿਲਾਂ ਇਸ ਨੂੰ ਉਛਾਲਿਆ ਤੇ ਫਿਰ ਨਰਿੰਦਰ ਮੋਦੀ ਨੇ ਹਰ ਸਟੇਜ ਉਤੇ ਜਾ ਕੇ ਇਹ ਨਾਹਰਾ ਲਾਉਣਾ ਸ਼ੁਰੂ ਕਰ ਦਿੱਤਾ ਸੀ, ‘ਅੱਛੇ ਦਿਨæææ?’ ਜਵਾਬ ਵਿਚ ਸਾਹਮਣੇ ਬੈਠੀ ਭੀੜ ਹੁੰਗਾਰਾ ਭਰ ਦੇਂਦੀ ਸੀ, ‘æææਆਨੇ ਵਾਲੇ ਹੈਂ!’ ਨਾਹਰਾ ਹੁਣ ਵੀ ਇਹੋ ਹੈ, ਪਰ ਹੁਣ ਇਹ ਭਾਜਪਾ ਵਾਲੇ ਨਹੀਂ ਲਾਉਂਦੇ, ਦੂਸਰੇ ਲੋਕ ਵਿਅੰਗ ਦੀ ਸੁਰ ਵਿਚ ਲਾਉਣ ਲੱਗ ਪਏ ਹਨ।
ਅਸੀਂ ਇਹੋ ਜਿਹੇ ਨਾਹਰਿਆਂ ਦਾ ਜਲੂਸ ਨਿਕਲਦਾ ਕਈ ਵਾਰੀ ਵੇਖਿਆ ਹੈ। ਜਦੋਂ ਸੋਨੀਆ ਗਾਂਧੀ ਨੇ ਨਾਹਰਾ ਦਿੱਤਾ ਸੀ ਕਿ ‘ਕਾਂਗਰਸ ਕਾ ਹਾਥ, ਆਮ ਆਦਮੀ ਕੇ ਸਾਥ’, ਤਾਂ ਚੋਣਾਂ ਜਿੱਤਣ ਪਿੱਛੋਂ ਉਹ ਨਾਹਰਾ ਵੀ ਇੱਕ ਵਿਅੰਗ ਦਾ ਪ੍ਰਤੀਕ ਬਣ ਗਿਆ ਸੀ। ਖਾਸ ਕਰ ਕੇ ਉਦੋਂ ਇਹ ਨਾਹਰਾ ਬੜਾ ਉਛਾਲਿਆ ਗਿਆ ਸੀ, ਜਦੋਂ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੇ ਚਹੇਤੇ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਨੇ ਇਹ ਸਕੀਮ ਪੇਸ਼ ਕਰ ਦਿੱਤੀ ਸੀ ਕਿ ਰੋਜ਼ ਦੇ ਅਠਾਈ ਰੁਪਏ ਖਰਚ ਸਕਣ ਵਾਲਾ ਆਮ ਆਦਮੀ ਗਰੀਬ ਨਹੀਂ ਗਿਣਨਾ ਚਾਹੀਦਾ। ਜਿਸ ਦਫਤਰ ਵਿਚ ਉਹ ਬੈਠਦਾ ਸੀ, ਉਸ ਦੇ ਇੱਕ ਬਾਥਰੂਮ ਦੇ ਨਵੀਨੀਕਰਨ ਉਤੇ ਆਮ ਆਦਮੀ ਦੇ ਦਿੱਤੇ ਟੈਕਸਾਂ ਦੀ ਕਮਾਈ ਦੇ ਸੱਤਰ ਲੱਖ ਰੁਪਏ ਤੋਂ ਵੱਧ ਰੋੜ੍ਹ ਦੇਣ ਵਾਲੇ ਆਹਲੂਵਾਲੀਏ ਦੀ ਇਸ ਮਸ਼ਕਰੀ ਦਾ ਮਨਮੋਹਨ ਸਿੰਘ ਨੇ ਵੀ ਸਾਥ ਦੇ ਦਿੱਤਾ ਤਾਂ ਲੋਕ ਕਹਿਣ ਲੱਗ ਪਏ ਸਨ ਕਿ ਕਾਂਗਰਸ ਦਾ ਹੱਥ ਆਮ ਆਦਮੀ ਦੇ ਗਲ਼ ਨੂੰ ਪੈ ਗਿਆ ਹੈ। ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ, ਭਾਜਪਾ ਨੇ ਇਸ ਦਾ ਵਿਰੋਧ ਬਾਕੀ ਸਾਰਿਆਂ ਤੋਂ ਤਿੱਖਾ ਕੀਤਾ ਸੀ, ਕਰਨਾ ਵੀ ਚਾਹੀਦਾ ਸੀ ਪਰ ਬਾਅਦ ਵਿਚ ਇਹ ਗੁੰਝਲ ਖੁੱਲ੍ਹ ਗਈ ਕਿ ਉਨ੍ਹਾਂ ਦੇ ਸਭ ਤੋਂ ਵੱਡੇ ਲੀਡਰ ਨਰਿੰਦਰ ਮੋਦੀ ਵਾਲੀ ਗੁਜਰਾਤ ਸਰਕਾਰ ਇਸ ਤੋਂ ਵੀ ਘੱਟ ਪੈਸਿਆਂ ਨਾਲ ਆਮ ਆਦਮੀ ਦਾ ਬੁੱਤਾ ਸਰ ਗਿਆ ਮੰਨਦੀ ਹੈ। ਏਦਾਂ ਦੇ ਡਰਾਮੇ ਕਾਂਗਰਸ ਅਤੇ ਭਾਜਪਾ ਦੋਵਾਂ ਨੇ ਕਈ ਵਾਰੀ ਕੀਤੇ ਹੋਏ ਹਨ ਤੇ ਹੁਣ ਵੀ ਹੋਈ ਜਾਂਦੇ ਹਨ।
ਸਾਡੇ ਪੰਜਾਬ ਵਿਚ ਵੀ ਨਾਹਰਿਆਂ ਦਾ ਜਲੂਸ ਨਿਕਲਦਾ ਵੇਖਿਆ ਜਾ ਚੁੱਕਾ ਹੈ। ਅਠਾਰਾਂ ਸਾਲ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਲੁਧਿਆਣੇ ਵਿਚ ਇੱਕ ਰੈਲੀ ਵਿਚ ਇਹ ਨਾਹਰਾ ਦਿੱਤਾ ਸੀ ਕਿ ਪੰਜਾਬ ਵਿਚ ‘ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ’ ਦੇਵਾਂਗੇ। ਜਦੋਂ ਰਾਜ ਆਇਆ ਤਾਂ ਸਾਰਾ ਕੁਝ ਲੋਕਾਂ ਲਈ ਮਾਰੂ ਸਾਬਤ ਹੋਣ ਲੱਗ ਪਿਆ। ਲੋਕਾਂ ਨੇ ਉਦੋਂ ਹਰ ਮਾੜੀ ਗੱਲ ਬਾਰੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਹ ‘ਮਹਾਰਾਜਾ ਰਣਜੀਤ ਸਿੰਘ ਦਾ ਰਾਜ’ ਹੈ। ਅਗਲੀ ਵਾਰੀ ਚੋਣਾਂ ਵਿਚ ਉਸੇ ਬਾਦਲ ਨੇ ਜਦੋਂ ਇਹ ਨਾਹਰਾ ਦੇ ਦਿੱਤਾ ਕਿ ‘ਰਾਜ ਨਹੀਂ, ਸੇਵਾ ਕਰਾਂਗੇ’, ਕੁਝ ਦੇਰ ਪਿੱਛੋਂ ਲੋਕਾਂ ਨੂੰ ਪੁਲਿਸ ਦੀ ਕੁੱਟ ਪੈਂਦੀ ਦੀਆਂ ਖਬਰਾਂ ਦੇ ਨਾਲ ਥਾਣਿਆਂ ਵਿਚ ਲੋਕਾਂ ਨੂੰ ਕੁੱਟਣ ਲਈ ਰੱਖੇ ਹੋਏ ਪਟੇ ਦੀ ਫੋਟੋ ਛਾਪੀ ਜਾਣ ਲੱਗ ਪਈ ਸੀ, ਜਿਸ ਦੇ ਉਤੇ ਲਿਖਿਆ ਹੁੰਦਾ ਸੀ, ‘ਆਓ ਤੁਹਾਡੀ ਸੇਵਾ ਕਰੀਏ।Ḕ
ਹੁਣ ਭਾਰਤ ਦੇ ਉਨ੍ਹਾਂ ਚੈਨਲਾਂ ਉਤੇ ਵਿਅੰਗ ਨਾਲ ‘ਅੱਛੇ ਦਿਨ ਆਨੇ ਵਾਲੇ ਹੈਂ’ ਦੀ ਕੈਪਸ਼ਨ ਲਾ ਕੇ ਸਮਾਚਾਰ ਪੜ੍ਹੇ ਜਾਣ ਲੱਗ ਪਏ ਹਨ, ਜਿਹੜੇ ਪਹਿਲਾਂ ਭਾਜਪਾ ਵਾਲੇ ਪਾਸਿਓਂ ਕਾਂਗਰਸ ਨਾਲੋਂ ਵੱਧ ਮਿਲਦੇ ਇਸ਼ਤਿਹਾਰਾਂ ਕਾਰਨ ਇਹੋ ਸ਼ਬਦ ‘ਅੱਛੇ ਦਿਨ ਆਨੇ ਵਾਲੇ ਹੈ’ ਭਾਜਪਾ ਦੇ ਪ੍ਰਚਾਰ ਲਈ ਵਿਖਾਇਆ ਕਰਦੇ ਸਨ। ਜਦੋਂ ਵੀਹ ਜੂਨ ਦੇ ਦਿਨ ਭਾਰਤ ਸਰਕਾਰ ਨੇ ਰੇਲਾਂ ਦੇ ਕਿਰਾਏ ਵਧਾ ਦਿੱਤੇ, ਅਤੇ ਇੱਕ-ਦਮ ਚੌਦਾਂ ਫੀਸਦੀ ਤੋਂ ਵੀ ਵੱਧ ਵਧਾ ਦਿੱਤੇ, ਤਾਂ ‘ਅੱਛੇ ਦਿਨ ਆਨੇ ਵਾਲੇ ਹੈਂḔ ਦੀ ਕੈਪਸ਼ਨ ਹੋਰ ਜ਼ਿਆਦਾ ਚਮਕਣ ਲੱਗ ਪਈ। ਇਹ ਇੱਕ ਮਾਮਲਾ ਹੈ, ਸਿਰਫ ਇੱਕੋ ਨਹੀਂ ਹੈ। ਜਦੋਂ ਇਸ ਸਰਕਾਰ ਨੇ ਕਮਾਨ ਸੰਭਾਲੀ ਅਤੇ ਸਿਰਫ ਦੋ ਦਿਨ ਬਾਅਦ ਡੀਜ਼ਲ ਦਾ ਭਾਅ ਪੰਜਾਹ ਪੈਸੇ ਵਧ ਗਿਆ ਸੀ, ਉਦੋਂ ਵੀ ਮੀਡੀਏ ਨੇ ਇਹੋ ਕੈਪਸ਼ਨ ਚਮਕਾਈ ਸੀ ਕਿ ‘ਅੱਛੇ ਦਿਨ ਆਨੇ ਵਾਲੇ ਹੈਂ।’ ਕਾਰਨ ਇਸ ਦੇ ਪਿੱਛੇ ਇਹ ਸੀ ਕਿ ਭਾਜਪਾ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਡੀਜ਼ਲ ਦੇ ਮੁੱਲ ਵਿਚ ਸਰਕਾਰ ਦੇ ਸਰਚਾਰਜ ਅਤੇ ਡਿਊਟੀਆਂ ਨਾ ਹੋਣ ਤਾਂ ਇਹ ਦਸ ਰੁਪਏ ਲੀਟਰ ਸਸਤਾ ਮਿਲ ਸਕਦਾ ਹੈ, ਪਰ ਖੁਦ ਅੱਗੇ ਆ ਕੇ ਸਸਤਾ ਕਰਨ ਦੀ ਥਾਂ ਡੀਜ਼ਲ ਦਾ ਭਾਅ ਵਧਾ ਦਿੱਤਾ ਸੀ, ਭਾਵੇਂ ਪੰਜਾਹ ਪੈਸੇ ਹੀ ਵਧਾਇਆ ਸੀ। ਹੁਣ ਰੇਲ ਕਿਰਾਇਆਂ ਵਿਚ ਵੀ ਅਸਲ ਵਾਧਾ ਦਸ ਫੀਸਦੀ ਦੇ ਕਰੀਬ ਹੈ, ਪਰ ਇਸ ਨਾਲ ਸਰਚਾਰਜ ਪਾ ਕੇ ਇਹ ਸਾਢੇ ਚੌਦਾਂ ਫੀਸਦੀ ਦੇ ਨੇੜੇ ਬਣ ਜਾਂਦਾ ਹੈ ਤੇ ਇਸ ਵਿਚ ਅਗਲੀ ਗੱਲ ਇਹ ਕਿ ਬੱਕਰੀ ਅਤੇ ਬਘਿਆੜ ਦੋਵਾਂ ਨੂੰ ਇੱਕੋ ਕੁੰਡੀ ਪਾਈ ਗਈ ਹੈ। ਕਿਸੇ ਵੀ ਰੇਲ ਮੰਤਰੀ ਨੇ ਕਿਰਾਏ ਵਧਾਉਣੇ ਹੋਣ ਤਾਂ ਆਮ ਕਰ ਕੇ ਉਹ ਇਹ ਗੱਲ ਉਚੇਚ ਨਾਲ ਕਹਿੰਦਾ ਹੈ ਕਿ ਸਹਿੰਦੀ ਹੈਸੀਅਤ ਵਾਲੇ ਲੋਕਾਂ ਦੀ ਲੋੜ ਵਾਲੀ ਏਅਰ ਕੰਡੀਸ਼ਨਡ ਅਤੇ ਫਸਟ ਕਲਾਸ ਉਤੇ ਵੱਧ ਭਾਰ ਪਾਇਆ ਹੈ ਤੇ ਗਰੀਬ ਲੋਕਾਂ ਨੂੰ ਬਹੁਤੇ ਭਾਰ ਤੋਂ ਬਚਾ ਲਿਆ ਹੈ, ਪਰ ਮੋਦੀ ਸਰਕਾਰ ਨੇ ਦੋਵਾਂ ਨੂੰ ਇੱਕੋ ਜਿਹੇ ‘ਅੱਛੇ ਦਿਨ’ ਦਿਖਾ ਦਿੱਤੇ ਹਨ। ਪਿਛਲੇ ਹਫਤੇ ਤੋਂ ਛਾਲਾਂ ਮਾਰ ਕੇ ਵਧ ਰਹੀ ਮਹਿੰਗਾਈ ਇਸ ਕਿਰਾਏ ਵਾਧੇ ਨਾਲ ਹੋਰ ਵਧ ਜਾਵੇਗੀ, ਇਸ ਲਈ ਨਹੀਂ ਕਿ ਸਫਰ ਕਰ ਰਹੇ ਲੋਕਾਂ ਦੀ ਜੇਬ ਹੌਲੀ ਹੋਣੀ ਹੈ, ਸਗੋਂ ਇਸ ਲਈ ਕਿ ਸਾਮਾਨ ਦੀ ਢੋਆ-ਢੁਆਈ ਦਾ ਕਿਰਾਇਆ ਵੀ ਵਧ ਗਿਆ ਹੈ ਤੇ ਜਦੋਂ ਉਸ ਦੀ ਢੁਆਈ ਦਾ ਖਰਚਾ ਵਧੇਗਾ, ਉਸ ਨਾਲ ਚੀਜ਼ਾਂ ਵੀ ਹੋਰ ਮਹਿੰਗੀਆਂ ਹੋਣਗੀਆਂ।
ਰੇਲ ਕਿਰਾਏ ਵਿਚ ਵਾਧੇ ਦਾ ਐਲਾਨ ਆਇਆ ਤਾਂ ਲੋਕਾਂ ਨੇ ਦੁਹਾਈ ਪਾ ਦਿੱਤੀ। ਭਾਜਪਾ ਦੇ ਬੁਲਾਰਿਆਂ ਵੱਲੋਂ ਤੱਤੇ-ਘਾਅ ਦਿੱਤਾ ਗਿਆ ਜਵਾਬ ਇਹ ਸੀ ਕਿ ਕਿਰਾਇਆ ਵਧਾਇਆ ਨਹੀਂ ਗਿਆ, ਸਾਨੂੰ ਵਧਾਉਣਾ ਪੈ ਗਿਆ ਹੈ, ਕਿਉਂਕਿ ਕਾਂਗਰਸ ਲੀਡਰਸ਼ਿਪ ਨੇ ਲੋਕਾਂ ਦੇ ਨਾਰਾਜ਼ ਹੋਣ ਤੋਂ ਡਰਦੀ ਨੇ ਪਿਛਲੇ ਪੰਜ ਸਾਲ ਵਧਾਇਆ ਨਹੀਂ ਸੀ ਅਤੇ ਰੇਲਵੇ ਦੇ ਵਿਕਾਸ ਲਈ ਵਧਾਉਣਾ ਪੈਣਾ ਸੀ। ਉਨ੍ਹਾਂ ਦੇ ਇਸ ਜਵਾਬ ਦੀ ਸ਼ਾਮ ਤੱਕ ਫੂਕ ਨਿਕਲ ਗਈ, ਸਗੋਂ ਅਗਲੀ ਗੱਲ ਵੀ ਸਾਹਮਣੇ ਆ ਗਈ, ਜਿਸ ਦਾ ਜਵਾਬ ਦੇਣਾ ਉਨ੍ਹਾਂ ਲਈ ਔਖਾ ਹੋ ਗਿਆ। ਗੱਲ ਤਾਂ ਇਹ ਵੀ ਗਲਤ ਸੀ ਕਿ ਕਾਂਗਰਸ ਸਰਕਾਰ ਨੇ ਵਧਾਇਆ ਨਹੀਂ ਸੀ, ਹਾਲੇ ਦੋ ਸਾਲ ਪਹਿਲਾਂ ਵਧਾਇਆ ਗਿਆ ਸੀ, ਅਗਲੀ ਗੱਲ ਇਹ ਹੋਈ ਕਿ ਜਿਸ ਦਲੀਲ ਨਾਲ ਉਦੋਂ ਭਾਜਪਾ ਆਗੂ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਿਰਾਏ ਵਧਾਉਣ ਦਾ ਵਿਰੋਧ ਕੀਤਾ ਸੀ, ਉਹ ਸਾਰੀ ਦਲੀਲ ਹੁਣ ਮੋਦੀ ਸਾਹਿਬ ਦੇ ਆਪਣੇ ਉਤੇ ਫਿੱਟ ਬੈਠ ਰਹੀ ਸੀ।
ਮਾਰਚ 2012 ਵਿਚ ਦੋ ਗੱਲਾਂ ਲਿਖ ਕੇ ਨਰਿੰਦਰ ਮੋਦੀ ਨੇ ਰੇਲ ਕਿਰਾਏ ਵਧਣ ਦਾ ਵਿਰੋਧ ਕੀਤਾ ਸੀ। ਇੱਕ ਤਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲਿਖੀ ਚਿੱਠੀ ਵਿਚ ਮੋਦੀ ਨੇ ਇਹ ਲਿਖਿਆ ਸੀ ਕਿ ਰੇਲ ਕਿਰਾਏ ਵਿਚ ਵਾਧਾ ਤੁਸੀਂ ਉਦੋਂ ਕੀਤਾ ਹੈ, ਜਦੋਂ ਮਹਿੰਗਾਈ ਬੇਕਾਬੂ ਹੋਈ ਪਈ ਹੈ। ਐਨ ਇਹੋ ਹਾਲਤ ਹੁਣ ਵੀ ਹੈ। ਸਿਰਫ ਪੰਦਰਾਂ ਦਿਨਾਂ ਵਿਚ ਬਾਜ਼ਾਰ ਦੀ ਹਰ ਚੀਜ਼ ਤੇਜ਼ੀ ਨਾਲ ਵਧੀ ਤੇ ਕੇਂਦਰ ਦੇ ਮੰਤਰੀਆਂ ਵਿਚੋਂ ਕੁਝ ਦੇ ਮੂੰਹੋਂ ਇਹ ਨਿਕਲ ਗਿਆ ਹੈ ਕਿ ਮਹਿੰਗਾਈ ਅਜੇ ਹੋਰ ਵਧਣੀ ਹੈ। ਜਦੋਂ ਦੇਸ਼ ਵਿਚ ਮਹਿੰਗਾਈ ਦਾ ਉਛਾਲਾ ਆਇਆ ਪਿਆ ਹੈ, ਉਦੋਂ ਵਧੇ ਰੇਲ ਕਿਰਾਏ ਮੁਸਾਫਰਾਂ ਦੇ ਨਾਲ ਸਮਾਨ ਦੀ ਢੁਆਈ ਨੂੰ ਵੀ ਮਹਿੰਗਾ ਕਰਨਗੇ ਤੇ ਮਹਿੰਗਾਈ ਹੋਰ ਵਧਾ ਦੇਣਗੇ।
ਦੂਸਰੀ ਗੱਲ ਉਦੋਂ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੂੰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਆਖੀ ਸੀ ਕਿ ਇਹ ਕਿਰਾਏ ਤੁਸੀਂ ਉਦੋਂ ਵਧਾਏ ਹਨ, ਜਦੋਂ ਪਾਰਲੀਮੈਂਟ ਦੇ ਸਮਾਗਮ ਦੀ ਤਰੀਕ ਮਿੱਥੀ ਜਾ ਚੁੱਕੀ ਹੈ ਤੇ ਰੇਲ ਬਜਟ ਪੇਸ਼ ਕੀਤਾ ਜਾਣ ਵਾਲਾ ਹੈ। ਜਦੋਂ ਤੁਸੀਂ ਪਹਿਲਾਂ ਹੀ ਕਿਰਾਏ ਵਿਚ ਵਾਧਾ ਕਰ ਲਿਆ ਤਾਂ ਬਜਟ ਵਿਚ ਪਾਰਲੀਮੈਂਟ ਦੇ ਸਾਹਮਣੇ ਕੀ ਪੇਸ਼ ਕਰੋਗੇ? ਇਹ ਤੁਹਾਡੀ ਸਰਕਾਰ ਦਾ ਲੋਕਾਂ ਨਾਲ ਧੋਖਾ ਜਾਪਦਾ ਹੈ। ਅਜੋਕੀ ਹਾਲਤ ਕੀ ਹੈ? ਹੁਣ ਵੀ ਪਾਰਲੀਮੈਂਟ ਦੇ ਬਜਟ ਸਮਾਗਮ ਦੀ ਤਰੀਕ ਮਿੱਥੀ ਜਾਣ ਦੇ ਪਿੱਛੋਂ ਰੇਲ ਕਿਰਾਏ ਵਧਾਉਣ ਦਾ ਕੰਮ ਕੀਤਾ ਗਿਆ ਹੈ। ਇਸ ਪਾਰਲੀਮੈਂਟ ਸਮਾਗਮ ਵਿਚ ਵੀ ਆਮ ਬਜਟ ਤੋਂ ਇੱਕ ਦਿਨ ਪਹਿਲਾਂ ਰੇਲ ਬਜਟ ਪੇਸ਼ ਕੀਤਾ ਜਾਣਾ ਹੈ। ਜਦੋਂ ਹੁਣੇ ਭਾਜਪਾ ਦੀ ਅਗਵਾਈ ਵਾਲੀ ਇਸ ਸਰਕਾਰ ਨੇ ਰੇਲਾਂ ਦੇ ਕਿਰਾਏ ਵਧਾ ਦਿੱਤੇ ਹਨ ਤਾਂ ਉਸ ਦੇ ਰੇਲਵੇ ਬਜਟ ਨੂੰ ਪਾਰਲੀਮੈਂਟ ਦੇ ਮੂਹਰੇ ਪੇਸ਼ ਕਰਨ ਦੀ ਲੋੜ ਕੀ ਰਹਿ ਗਈ?
ਫਿਰ ਮਾਮਲਾ ਸਿਰਫ ਰੇਲ ਕਿਰਾਏ ਦਾ ਨਹੀਂ, ਕਈ ਹੋਰ ਗੱਲਾਂ ਵੀ ਹਨ, ਜਿਨ੍ਹਾਂ ਦੇ ਜ਼ਿਕਰ ਨਾਲ ਲੋਕ ਮਜ਼ਾਕ ਕਰਦੇ ਹਨ ਕਿ ‘ਅੱਛੇ ਦਿਨ ਆਨੇ ਵਾਲੇ ਹੈਂ।’ ਇਨ੍ਹਾਂ ਸਕੀਮਾਂ ਦਾ ਸਾਰਾ ਕੱਚ-ਸੱਚ ਅਜੇ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ ਪਰ ਜਿਹੜੇ ਇਸ਼ਾਰੇ ਮਿਲ ਰਹੇ ਹਨ, ਉਹ ਅਟਲ ਬਿਹਾਰੀ ਵਾਜਪਾਈ ਸਰਕਾਰ ਵੇਲੇ ਦੇ ‘ਅੱਛੇ ਦਿਨ’ ਮੁੜ ਕੇ ਦੁਹਰਾਏ ਜਾਣ ਦਾ ਡਰਾਵਾ ਦੇ ਰਹੇ ਹਨ, ਜਿਸ ਦੀ ਸਭ ਤੋਂ ਵੱਧ ਮਾਰ ਬਜ਼ੁਰਗਾਂ ਨੂੰ ਪਈ ਸੀ।
ਭਾਰਤ ਦੇ ਮੱਧ ਵਰਗ ਦੇ ਲੋਕਾਂ ਨੂੰ ਚੇਤਾ ਕਰਾਉਣ ਦੀ ਲੋੜ ਨਹੀਂ ਕਿ ‘ਯੂਨਿਟ ਟਰੱਸਟ ਆਫ ਇੰਡੀਆ’ ਦੇ ਨਾਲ ਵਾਜਪਾਈ ਸਰਕਾਰ ਵੇਲੇ ਕੀ ਵਾਪਰਿਆ ਸੀ? ਨੌਕਰੀ ਪੇਸ਼ਾ ਲੋਕਾਂ ਵੱਲੋਂ ਬੁੱਢੇ ਵਾਰੇ ਦਿਨ ਕੱਟਣ ਵਾਲੀ ਸਭ ਤੋਂ ਵੱਧ ਭਰੋਸੇ ਦੀ ਪ੍ਰਤੀਕ ‘ਯੂ ਐਸ 64’ ਸਕੀਮ ਵਿਚ ਪੈਸਾ ਲਾਇਆ ਜਾਂਦਾ ਰਿਹਾ ਤੇ ਸੈਂਤੀ ਸਾਲ ਇਸ ਦੇਸ਼ ਵਿਚ ਕਈ ਰੰਗਾਂ ਦੀਆਂ ਸਰਕਾਰਾਂ ਦੇ ਬਦਲਣ ਦੇ ਬਾਵਜੂਦ ਕਦੀ ਅੜਿੱਕਾ ਨਹੀਂ ਸੀ ਪਿਆ। ਵਾਜਪਾਈ ਸਰਕਾਰ ਦੇ ਵਕਤ ਜਦੋਂ ਇਹ ਸਕੀਮ ਧੜੰਮ ਕਰ ਕੇ ਡਿੱਗ ਪਈ, ਇਸ ਵਿਚ ਪੈਸਾ ਲਾਉਣ ਵਾਲੇ ਵੱਖੋ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਦੀ ਇੱਕ ਮੀਟਿੰਗ ਵਿਚ ਸਾਨੂੰ ਕੁਝ ਪੱਤਰਕਾਰਾਂ ਨੂੰ ਵੀ ਸੱਦਿਆ ਗਿਆ ਸੀ ਤੇ ਭਾਜਪਾ ਦੇ ਕੁਝ ਆਗੂ ਵੀ ਸਨ। ਉਥੇ ਬੈਠੇ ਬਾਬੇ ਆਖਦੇ ਸਨ ਕਿ ਘਰ ਜਾਂ ਬੈਂਕ ਵਿਚ ਪੈਸੇ ਰੱਖੇ ਹੋਣ ਤਾਂ ਬੱਚੇ ਮੰਗ ਲੈਂਦੇ ਹਨ ਤੇ ਘਰਾਂ ਵਿਚ ਸਰਵਣ-ਪੁੱਤਰ ਜੰਮਣ ਦਾ ਯੁੱਗ ਹੁਣ ਰਿਹਾ ਨਹੀਂ। ਇਸ ਸਕੀਮ ਵਿਚ ਲੱਗੇ ਪੈਸੇ ਨਾਲ ਸਾਨੂੰ ਦੋ ਰੋਟੀਆਂ ਦੀ ਆਸ ਸੀ, ਵਾਜਪਾਈ ਸਰਕਾਰ ਨੇ ਉਹ ਵੀ ਖੋਹ ਲਈ ਹੈ। ਅੰਦਰ ਬੈਠੇ ਭਾਜਪਾ ਆਗੂ ਸਮਝਾਉਣੀਆਂ ਦਿੰਦੇ ਸਨ, ਪਰ ਬਾਹਰ ਆਏ ਉਹੋ ਭਾਜਪਾ ਆਗੂ ਸਾਡੇ ਕੋਲ ਇਹ ਗੱਲ ਮੰਨਦੇ ਸਨ ਕਿ ਇਹ ਸਕੀਮ ਭਾਜਪਾ ਗੱਠਜੋੜ ਦੇ ਜੜ੍ਹੀਂ ਬੈਠ ਜਾਵੇਗੀ। ਅਗਲੀ ਵਾਰੀ ਹੋਇਆ ਵੀ ਇਹੋ ਸੀ। ਹੁਣ ਦਿੱਲੀ ਤੋਂ ਆਉਂਦੇ ਅਵਾੜੇ ਦੱਸਦੇ ਹਨ ਕਿ ਨਵੀਂ ਸਰਕਾਰ ਦੇ ਅੰਦਰ ਵੀ ਕੁਝ ਲੋਕ ਇਹੋ ਜਿਹੇ ਨੁਸਖੇ ਸੋਚੀ ਜਾ ਰਹੇ ਹਨ, ਜਿਨ੍ਹਾਂ ਤੋਂ ਲੱਗਦਾ ਹੈ ਕਿ ਲੋਕਾਂ ਲਈ ‘ਅੱਛੇ ਦਿਨ ਆਨੇ ਵਾਲੇ ਹੈਂ।’
ਜਿਵੇਂ ਉਸ ਯੂਨਿਟ ਦੀ ਸੱਟ ਮੱਧ ਵਰਗ ਦੇ ਲੋਕਾਂ ਨੂੰ ਕਿਸੇ ਵੀ ਹੋਰ ਤੋਂ ਵੱਧ ਪਈ ਸੀ, ਮੋਦੀ ਸਰਕਾਰ ਜਿਸ ਰਾਹ ਚੱਲ ਪਈ ਹੈ, ਸੱਟ ਹੁਣ ਫਿਰ ਉਸੇ ਮੱਧ ਵਰਗ ਨੂੰ ਪੈ ਰਹੀ ਹੈ, ਉਸੇ ਮੱਧ ਵਰਗ ਦੇ ਲੋਕਾਂ ਨੂੰ, ਜਿਹੜੇ ਨਰਿੰਦਰ ਮੋਦੀ ਦੇ ਮਗਰ ਬੜੇ ਚਾਅ ਨਾਲ ਹੁੰਗਾਰਾ ਭਰਿਆ ਕਰਦੇ ਸਨ ਕਿ ‘ਅੱਛੇ ਦਿਨ ਆਨੇ ਵਾਲੇ ਹੈਂ।’ ਉਰਦੂ ਦਾ ਸ਼ੇਅਰ ਹੈ ਕਿ ‘ਇਬਤਦਾਏ ਇਸ਼ਕ ਹੈ, ਰੋਤਾ ਹੈ ਕਿਆ? ਆਗੇ-ਆਗੇ ਦੇਖੀਏ, ਹੋਤਾ ਹੈ ਕਿਆ?’ ਵਿਚਾਰੇ ਮੱਧ ਵਰਗ ਦੇ ਲੋਕ ਜਦੋਂ ਵੀ ਮਾਰ ਖਾਂਦੇ ਹਨ, ਉਸੇ ਕੋਲੋਂ ਖਾਂਦੇ ਹਨ, ਜਿਸ ਉਤੇ ਇਹ ਬਹੁਤਾ ਭਰੋਸਾ ਕਰਦੇ ਹਨ। ਇਸ ਵਾਰ ਇਹ ਮਾਰ ਮੋਦੀ ਸਰਕਾਰ ਕੋਲੋਂ ਪੈਣ ਲੱਗੀ ਹੈ, ਜਾਂ ਇਹ ਕਹਿਣਾ ਵੱਧ ਠੀਕ ਹੋਵੇਗਾ ਕਿ ਪੈਣੀ ਸ਼ੁਰੂ ਹੋ ਗਈ ਹੈ।

Be the first to comment

Leave a Reply

Your email address will not be published.