ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ

ਡਾæ ਗੁਰਨਾਮ ਕੌਰ, ਕੈਨੇਡਾ
ਇਹ ਸਲੋਕ ਦੂਸਰੀ ਨਾਨਕ ਜੋਤਿ ਗੁਰੂ ਅੰਗਦ ਦੇਵ ਜੀ ਦਾ ਹੈ। ਇਸ ਸਲੋਕ ਵਿਚ ਦੱਸਿਆ ਹੈ ਕਿ ਅਸਲੀ ਇੱਜ਼ਤ ਉਹ ਹੀ ਹੈ ਜੋ ਅਕਾਲ ਪੁਰਖ ਵੱਲੋਂ ਬਖਸ਼ਿਸ਼ ਹੁੰਦੀ ਹੈ ਅਤੇ ਇਸ ਇੱਜ਼ਤ ਦਾ ਕੋਈ ਕੁਝ ਵੀ ਵਿਗਾੜ ਨਹੀਂ ਸਕਦਾ। ਗੁਰੂ ਸਾਹਿਬ ਅਕਾਲ ਪੁਰਖ ਵੱਲੋਂ ਕੁਦਰਤਿ ਵਿਚ ਬਖਸ਼ਿਸ਼ ਕੀਤੇ ਮਾਣ ਦੀਆਂ ਉਦਾਹਰਣਾਂ ਰਾਹੀਂ ਸਮਝਾਉਂਦੇ ਹਨ ਕਿ ਅੱਗ ਵਿਚ ਕੁਦਰਤੀ ਸੇਕ ਹੈ ਇਸ ਲਈ ਪਾਲਾ ਜਾਂ ਠੰਢ ਅੱਗ ਦਾ ਕੀ ਵਿਗਾੜ ਸਕਦਾ ਹੈ, ਇਸੇ ਤਰ੍ਹਾਂ ਸੂਰਜ ਰੋਸ਼ਨੀ ਦਾ ਭੰਡਾਰ ਹੈ ਅਤੇ ਰਾਤ ਆਪਣੀ ਕਾਲਖ ਨਾਲ ਸੂਰਜ ਦਾ ਕੋਈ ਨੁਕਸਾਨ ਨਹੀਂ ਕਰ ਸਕਦੀ। ਹਨੇਰਾ ਚੰਦਰਮਾ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, ਹਵਾ ਅਤੇ ਪਾਣੀ ਦੀ ਕੋਈ ਜਾਤਿ ਨਹੀਂ ਹੁੰਦੀ, ਇਸ ਲਈ ਜਾਤ-ਪਾਤ ਦੀ ਭਿੱਟ ਇਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੀ-ਭਾਵ ਇਹ ਕੁਦਰਤੀ ਤੱਤ ਮਨੁੱਖ ਦੀ ਕੀਤੀ ਅਜਿਹੀ ਵੰਡ ਤੋਂ ਉਤੇ ਹਨ। ਇਸੇ ਤਰ੍ਹਾਂ ਧਰਤੀ ਵਿਚੋਂ ਪੈਦਾ ਹੋਈਆਂ ਚੀਜ਼ਾਂ ਉਸ ਦਾ ਕੁਝ ਨਹੀਂ ਵਿਗਾੜ ਸਕਦੀਆਂ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਜੋ ਇੱਜ਼ਤ ਅਤੇ ਸਤਿਕਾਰ ਅਕਾਲ ਪੁਰਖ ਦੀ ਬਖਸ਼ਿਸ਼ ਵਜੋਂ ਪ੍ਰਾਪਤ ਹੈ, ਉਸ ਦੇ ਦਰਵਾਜ਼ੇ ਤੋਂ ਮਿਲਿਆ ਹੋਇਆ ਹੈ, ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਉਹ ਹੀ ਅਸਲੀ, ਸੱਚੀ ਇੱਜ਼ਤ ਅਤੇ ਸਤਿਕਾਰ ਹੈ। ਇਸ ਲਈ ਮਨੁੱਖ ਨੂੰ ਅਕਾਲ ਪੁਰਖ ਦੇ ਦਰੋਂ ਮਿਲਣ ਵਾਲੇ ਸਤਿਕਾਰ ਅਤੇ ਇੱਜ਼ਤ ਪ੍ਰਾਪਤ ਕਰਨ ਲਈ ਜਤਨ ਕਰਨਾ ਚਾਹੀਦਾ ਹੈ ਕਿਉਂ ਕਿਉਹ ਸਦੀਵੀ ਹੈ,
ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ॥
ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ॥
ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ॥
ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ॥੨॥ (ਪੰਨਾ ੧੫੦)
ਗੁਰਮਤਿ ਮਾਰਗ ਨਾਮ ਦਾ ਮਾਰਗ ਹੈ ਜਿਸ ਵਿਚ ਮਨੁੱਖ ਨੂੰ ਸੱਚੇ ਮਨ ਨਾਲ ਉਸ ਅਕਾਲ ਪੁਰਖ ਦਾ ਨਾਮ ਸਿਮਰਨ, ਉਸ ਦੇ ਗੁਣਾਂ ਦਾ ਗਾਇਨ ਕਰਨ ਅਤੇ ਉਸ ਦੀ ਕਿਰਪਾ ਦਾ ਪਾਤਰ ਹੋਣ ਲਈ ਉਦਮ ਕਰਨ ਦਾ ਆਦੇਸ਼ ਕੀਤਾ ਹੈ। ਇਸ ਪਉੜੀ ਵਿਚ ਵੀ ਗੁਰੂ ਨਾਨਕ ਸਾਹਿਬ ਉਸ ਅਕਾਲ ਪੁਰਖ ਦੇ ਅਚਰਜ ਰੂਪ ਤੋਂ ਕੁਰਬਾਨ ਜਾਂਦੇ ਹਨ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ, ਹੇ ਅਕਾਲ ਪੁਰਖ ਮੈਂ ਤੇਰੇ ਅਸਚਰਜ ਰੂਪ ਦੀ ਵਡਿਆਈ ਕਰਦਾ ਹਾਂ ਭਾਵ ਮੈਂ ਤੈਨੂੰ ਸਦਾ ḔਸੁਬਹਾਨੁḔ (ਆਖ ਆਖ ਕੇ) ਵਡਿਆਉਂਦਾ ਹਾਂ।
ਗੁਰੂ ਸਾਹਿਬ ਅੱਗੇ ਅਕਾਲ ਪੁਰਖ ਦੀ ਵਡਿਆਈ ਦੱਸਦੇ ਹਨ ਕਿ ਉਹ ਹੀ ਸਦੀਵੀ ਕਾਇਮ ਰਹਿਣ ਵਾਲੀ ਹਸਤੀ ਅਤੇ ਸਭ ਦਾ ਮਾਲਕ ਹੈ, ਸੰਸਾਰ ਦੇ ਹੋਰ ਜੀਵ ਉਸ ਦੀ ਰਚਨਾ ਹਨ ਇਸ ਲਈ ਜੰਮਦੇ ਅਤੇ ਮਰਦੇ ਰਹਿੰਦੇ ਹਨ। ਜਿਹੜੇ ਜੀਵ ਉਸ ਅਕਾਲ ਪੁਰਖ ਕੋਲੋਂ ਉਸ ਦੇ ਸੱਚੇ ਨਾਮ ਦਾ ਦਾਨ ਮੰਗਦੇ ਹਨ, ਉਹ ਉਸ ਅਕਾਲ ਪੁਰਖ ਵਰਗੇ ਹੀ ਹੋ ਜਾਂਦੇ ਹਨ (ਗੁਰਬਾਣੀ ਵਿਚ ਦੱਸਿਆ ਹੈ ਕਿ ਮਨੁੱਖ ਜਿਸ ਕਿਸਮ ਦੇ ਇਸ਼ਟ ਨੂੰ ਧਿਆਉਂਦਾ ਹੈ, ਉਸ ਦਾ ਵਿਅਕਤਿਤਵ ਉਹੋ ਜਿਹਾ ਹੀ ਬਣ ਜਾਂਦਾ ਹੈ-ਜੈਸਾ ਸੇਵੈ ਤੈਸੋ ਹੋਇ)। ਗੁਰੂ ਦੇ ਸ਼ਬਦ ਰਾਹੀਂ ਉਨ੍ਹਾਂ ਨੂੰ ਅਕਾਲ ਪੁਰਖ ਦੇ ਹੁਕਮ ਦੀ ਸਮਝ ਆ ਜਾਂਦੀ ਹੈ, ਇਸ ਲਈ ਉਨ੍ਹਾਂ ਨੂੰ ਸ਼ਬਦ ਦੀ ਬਰਕਤ ਸਦਕਾ ਅਕਾਲ ਪੁਰਖ ਦਾ ਅਟੱਲ ਹੁਕਮ ਚੰਗਾ ਲਗਦਾ ਹੈ, ਅਰਥਾਤ ਉਹ ਅਕਾਲ ਪੁਰਖ ਦੇ ਸਦੀਵੀ ਵਰਤ ਰਹੇ ਹੁਕਮ ਨੂੰ ਮਿੱਠਾ ਕਰਕੇ ਮੰਨਦੇ ਹਨ। ਉਸ ਅਕਾਲ ਪੁਰਖ ਦੇ ਹੁਕਮ ਨੂੰ ਮੰਨਣ ਨਾਲ ਉਨ੍ਹਾਂ ਨੂੰ ਅਕਾਲ ਪੁਰਖ ਪਾਸੋਂ ਅਸਲੀਅਤ ਦੀ ਸੋਝੀ ਅਤੇ ਉਚੀ ਟਿਕੀ ਹੋਈ ਸੁਰਤਿ ਦੀ ਪ੍ਰਾਪਤੀ ਹੁੰਦੀ ਹੈ। ਕਹਿਣ ਤੋਂ ਭਾਵ ਹੈ ਕਿ ਮਨੁੱਖ ਨੂੰ ਗੁਰੂ ਦੇ ਸ਼ਬਦ ਰਾਹੀਂ ਅਕਾਲ ਪੁਰਖ ਦੇ ਹੁਕਮ ਦੀ ਸਮਝ ਆਉਂਦੀ ਹੈ, ਅਸਲੀਅਤ ਦੀ ਸੋਝੀ ਪ੍ਰਾਪਤ ਹੁੰਦੀ ਹੈ ਅਤੇ ਉਨ੍ਹਾਂ ਦੀ ਸੁਰਤਿ ਪਰਮਾਤਮ-ਸੁਰਤਿ ਨਾਲ ਇਕਸੁਰ ਹੋ ਜਾਂਦੀ ਹੈ। ਅਕਾਲ ਪੁਰਖ ਦੀ ਮਿਹਰ ਸਦਕਾ ਉਨ੍ਹਾਂ ਦੇ ਮੱਥੇ ਦਾ ਲੇਖ ਸੋਹਣਾ ਲਿਖਿਆ ਜਾਂਦਾ ਹੈ ਅਰਥਾਤ ਮੱਥੇ ਦੇ ਭਾਗ ਜਾਗ ਪੈਂਦੇ ਹਨ ਅਤੇ ਇਹ ਲੇਖ ਕਿਸੇ ਦਾ ਮਿਟਾਇਆ ਮਿਟਦਾ ਨਹੀਂ ਹੈ। ਪਰਮਾਤਮਾ ਦੇ ਨਾਮ ਦੇ ਮਨਣ ਰਾਹੀਂ ਉਸ ਪਰਵਰਦਗਾਰ ਦੀ ਮਿਹਰ ਹੁੰਦੀ ਹੈ ਅਤੇ ਮਨੁੱਖ ਨੂੰ ਉਚੇ ਗਿਆਨ ਅਤੇ ਧਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਨੂੰ ਕੋਈ ਖੋਹ ਜਾਂ ਮਿਟਾ ਨਹੀਂ ਸਕਦਾ। ਉਹ ਅਕਾਲ ਪੁਰਖ ਬੇਅੰਤ ਦਾਤਾਂ ਦੇਣ ਵਾਲਾ ਹੈ, ਉਸ ਦੀਆਂ ਬਖਸ਼ਿਸ਼ਾਂ ਦਾ ਕੋਈ ਅੰਤ ਨਹੀਂ ਹੈ, ਉਹ ਮਨੁੱਖ ਨੂੰ ਹਰ ਰੋਜ਼ ਬੇਅੰਤ ਦਾਤਾਂ ਦਿੰਦਾ ਹੈ ਅਤੇ ਦਿੰਦਾ ਹੀ ਰਹਿੰਦਾ ਹੈ, ਇਹ ਇੱਕ ਅਮੁੱਕ ਸਿਲਸਿਲਾ ਹੈ।
ਗੁਰੂ ਨਾਨਕ ਸਾਹਿਬ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਤੋਂ ਉਹ ਉਹੀ ਦਾਤ ਮੰਗਦੇ ਹਨ ਜੋ ਉਸ ਅਕਾਲ ਪੁਰਖ ਨੂੰ ਚੰਗੀ ਲੱਗਦੀ ਹੈ ਅਰਥਾਤ ਉਸ ਦੀ ਰਜ਼ਾ ਵਿਚ ਚੱਲਣ ਦੀ ਦਾਤ ਸਭ ਤੋਂ ਵੱਡੀ ਦਾਤ ਹੈ। ਉਸ ਦੀ ਰਜ਼ਾ ਵਿਚ ਰਹਿਣਾ ਹੀ ਸਭ ਤੋਂ ਵੱਡੀ ਬਖਸ਼ਿਸ਼ ਹੈ,
ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ॥
ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ॥
ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ॥
ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ॥
ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ॥
ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ॥
ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਬਾਇਆ॥
ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ॥੨੬॥ (ਪੰਨਾ ੧੫੦)
ਅਗਲੇ ਸਲੋਕ ਵਿਚ ਗੁਰੂ ਅੰਗਦ ਦੇਵ ਜੀ ਗੁਰੂ ਦੇ ਉਪਦੇਸ਼ ਰਾਹੀਂ ਪ੍ਰਾਪਤ ਸਿੱਖਿਆ ਦੀ ਅਹਿਮੀਅਤ ਬਿਆਨ ਕਰਦੇ ਹਨ ਕਿ ਜਿਨ੍ਹਾਂ ਦੇ ਸਿਰ ‘ਤੇ ਗੁਰੂ ਦਾ ਹੱਥ ਹੈ, ਭਾਵ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਰਾਹੀਂ ਗਿਆਨ ਪ੍ਰਾਪਤ ਕਰ ਲਿਆ ਹੈ, ਉਸ ਗਿਆਨ ਸਦਕਾ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਦੇ ਹਨ ਅਤੇ ਸਿਫਤਿ-ਸਾਲਾਹ ਸਦਕਾ ਸੱਚ ਵਿਚ ਲੀਨ ਹੋ ਗਏ ਹਨ, ਉਨ੍ਹਾਂ ਨੂੰ ਹੋਰ ਕਿਸੇ ਵੀ ਕਿਸਮ ਦੀ ਸਿੱਖਿਆ ਦੀ ਜ਼ਰੂਰਤ ਨਹੀਂ ਰਹਿੰਦੀ।
ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ॥
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ॥੧॥ (ਪੰਨਾ ੧੫੦)
ਇਸ ਤੋਂ ਅਗਲਾ ਸਲੋਕ ਗੁਰੂ ਨਾਨਕ ਦੇਵ ਜੀ ਦਾ ਹੈ ਜਿਸ ਵਿਚ ਉਨ੍ਹਾਂ ਨੇ ਅਕਾਲ ਪੁਰਖ ਦੀ ਮਿਹਰ ਦੀ ਗੱਲ ਕੀਤੀ ਹੈ ਕਿ ਬੁੱਧ-ਵਿਵੇਕ ਉਸੇ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਨੂੰ ਅਕਾਲ ਪੁਰਖ ਆਪ ਬਖਸ਼ਿਸ਼ ਕਰਦਾ ਹੈ। (ਗੁਰਬਾਣੀ ਵਿਚ ਚੰਗੀ ਮੱਤ ਲਈ, ਉਚੇਰੀ ਬੁੱਧੀ ਲਈ ਅਕਾਲ ਪੁਰਖ ਅੱਗੇ Ḕਦੀਜੈ ਬੁਧਿ ਬਿਬੇਕਾḔ ਰਾਹੀਂ ਅਰਦਾਸ ਕੀਤੀ ਗਈ ਹੈ)।
ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਜਿਸ ਮਨੁੱਖ ਨੂੰ ਅਕਾਲ ਪੁਰਖ ਆਪ ਮਤਿ ਦਿੰਦਾ ਹੈ, ਉਸ ਨੂੰ ਹੀ ਮਤਿ ਦੀ ਪ੍ਰਾਪਤੀ ਹੁੰਦੀ ਹੈ। ਜਿਸ ਮਨੁੱਖ ਨੂੰ ਅਕਾਲ ਪੁਰਖ ਆਪ ਸੋਝੀ ਦਿੰਦਾ ਹੈ ਉਸ ਨੂੰ ਹੀ ਜ਼ਿੰਦਗੀ ਦੀ ਸਮਝ ਲੱਗਦੀ ਹੈ ਕਿ ਇਸ ਜੀਵਨ-ਸਫਰ ਨੂੰ ਕਿਵੇਂ ਸਫਲਾ ਕਰਨਾ ਹੈ। ਜੇ ਇਹ ਸੋਝੀ ਜਾਂ ਬੁੱਧੀ ਹੋਵੇ ਨਾ ਪਰ ਇਸ ਦੀ ਪ੍ਰਾਪਤੀ ਬਾਰੇ ਆਖੀ ਜਾਈਏ, ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ। ਅਜਿਹਾ ਮਨੁੱਖ ਆਪਣੇ ਅਮਲੀ ਜੀਵਨ ਵਿਚ ਮਾਇਆ ਵਿਚ ਹੀ ਸੜਦਾ ਰਹਿੰਦਾ ਹੈ। ਉਹ ਅਕਾਲ ਪੁਰਖ ਇਸ ਸੰਸਾਰ ਦੇ ਸਾਰੇ ਜੀਅ-ਜੰਤ ਆਪ ਹੀ ਆਪਣੇ ਹੁਕਮ ਵਿਚ ਪੈਦਾ ਕਰਦਾ ਹੈ ਅਤੇ ਸਾਰੇ ਜੀਵਾਂ ਬਾਰੇ ਵਿਚਾਰਾਂ ਵੀ ਆਪ ਹੀ ਕਰਦਾ ਹੈ ਅਤੇ ਉਹ ਆਪ ਹੀ ਜਾਣਦਾ ਹੈ ਕਿ ਕਿਸ ਨੂੰ ਕੀ ਦੇਣਾ ਹੈ। ਜਿਸ ਮਨੁੱਖ ਨੂੰ ਉਸ ਸਦੀਵੀ ਅਤੇ ਅਵਿਨਾਸ਼ੀ ਅਕਾਲ ਪੁਰਖ ਪਾਸੋਂ ਮਤਿ ਅਤੇ ਬੁਧਿ ਦੀ ਦਾਤ ਮਿਲਦੀ ਹੈ, ਉਸ ਦੇ ਹਰ ਤਰ੍ਹਾਂ ਦੇ ਸ਼ੰਕੇ ਨਵਿਰਤ ਹੋ ਜਾਂਦੇ ਹਨ, ਉਸ ਦੇ ਮਨ ਦੀ ਭਟਕਣ ਦੂਰ ਹੋ ਜਾਂਦੀ ਹੈ,
ਆਪਿ ਬੁਝਾਏ ਸੋਈ ਬੂਝੈ॥
ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ॥
ਕਹਿ ਕਹਿ ਕਥਨਾ ਮਾਇਆ ਲੂਝੈ॥
ਹੁਕਮੀ ਸਗਲ ਕਰੇ ਆਕਾਰ॥
ਆਪੇ ਜਾਣੈ ਸਰਬ ਵੀਚਾਰ॥
ਅਖਰ ਨਾਨਕ ਅਖਿਓ ਆਪਿ॥
ਲਹੈ ਭਰਾਤਿ ਹੋਵੈ ਜਿਸੁ ਦਾਤਿ॥੨॥ (ਪੰਨਾ ੧੫੦)
ਗੁਰਮਤਿ ਦਰਸ਼ਨ ਅਨੁਸਾਰ ਸਿੱਖ ਧਰਮ ਦਾ ਇਲਹਾਮ ਗੁਰੂ ਜੋਤਿ ਅਤੇ ਗੁਰੂ ਜੁਗਤਿ ਰਾਹੀਂ ਹੋਇਆ ਹੈ। ਗੁਰੂ ਸਾਹਿਬਾਨ ਨੂੰ ਰੱਬ ਨਾਲ ਆਪਣੀ ਇਕਸੁਰਤਾ ਦੇ ਪਲਾਂ ਵਿਚ ਸਤਿ ਦਾ ਜੋ ਅਨੁਭਵ ਹੋਇਆ, ਉਸ ਦਾ ਪ੍ਰਗਟਾਵਾ ਉਨ੍ਹਾਂ ਨੇ ਆਪਣੀ ਬੋਲੀ ਵਿਚ ਸ਼ਬਦ ਦੇ ਰੂਪ ਵਿਚ, ਬਾਣੀ ਦੇ ਰੂਪ ਵਿਚ ਕੀਤਾ ਹੈ। ਇਸੇ ਲਈ ਸ਼ਬਦ ਨੂੰ, ਬਾਣੀ ਨੂੰ ਧੁਰੋਂ ਆਈ ਮੰਨਿਆ ਗਿਆ ਹੈ ਜਿਸ ਦੇ ਪ੍ਰਕਾਸ਼ਨ ਦਾ ਮਾਧਿਅਮ ਗੁਰੂ ਜੋਤਿ ਅਤੇ ਗੁਰੂ ਜੁਗਤਿ ਹੈ। ਇਹ ਇੱਕ ਲਗਾਤਾਰ ਅਮਲ ਹੈ ਜੋ ਬਾਨੀ ਗੁਰੂ ਨਾਨਕ ਦੇਵ ਤੋਂ ਲੈ ਕੇ ਦਸਵੇਂ ਅਤੇ ਆਖਰੀ ਸਰੀਰਕ ਗੁਰੂ ਗੋਬਿੰਦ ਸਿੰਘ ਤੱਕ ਨਿਰੰਤਰਤਾ ਵਿਚ ਹੈ। ਇਸ ਦਾ ਆਗਾਜ਼ ਗੁਰੂ ਨਾਨਕ ਸਾਹਿਬ ਦੇ Ḕਵੇਈਂ ਨਦੀ ਪ੍ਰਵੇਸ਼Ḕ ਤੋਂ ਮੰਨਿਆ ਜਾਂਦਾ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਨਾਲ ਲੰਬੇ ਸਮੇਂ ਵਿਚ ਪੂਰਾ ਹੁੰਦਾ ਹੈ। ਇਸੇ ਲਈ ਦਸ ਗੁਰੂ ਸਾਹਿਬਾਨ ਵਿਚ ਇੱਕੋ ਜੋਤਿ ਪਰਵਾਨ ਕੀਤੀ ਗਈ ਹੈ।
ਸ਼ਬਦ ਨੂੰ, ਬਾਣੀ ਨੂੰ ਸਦੀਵੀ ਪਰਵਾਨ ਕੀਤਾ ਗਿਆ ਹੈ ਜਦ ਕਿ ਸਰੀਰ ਬਿਨਸਣਹਾਰ ਹੈ। ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਹੀ ਗੁਰੂ ਹੈ ਜੋ ਸਰਬ ਸਮਿਆਂ ਵਾਸਤੇ ਮਨੁੱਖ ਦੀ ਅਗਵਾਈ ਕਰਨ ਦੇ ਸਮਰੱਥ ਹੈ। ਇਹ ਦਰਜਾ ਬਾਣੀ ਨੂੰ ਬਾਕਾਇਦਾ ਪਰੰਪਰਕ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੁੰ ਗੁਰਗੱਦੀ ਦੇ ਕੇ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬ ਸਮਿਆਂ ਵਾਸਤੇ ਸਿੱਖਾਂ ਦਾ ਗੁਰੂ ਹੈ ਜਿਸ ਤੋਂ ਅਗਵਾਈ ਲੈਣੀ ਹੈ। ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਨੇ ਇਲਹਾਮ ਦੇ ਇਸੇ ਸਿੱਖ ਸਿਧਾਂਤ ਦਾ ਇਜ਼ਹਾਰ ਕੀਤਾ ਹੈ। ਗੁਰੂ ਨਾਨਕ ਸਾਹਿਬ ਨੇ ਇਸ ਪਉੜੀ ਵਿਚ ਆਪਣੇ ਆਪ ਨੂੰ ਅਕਾਲ ਪੁਰਖ ਦਾ ਢਾਢੀ ਕਿਹਾ ਹੈ। ਢਾਢੀ ḔਵਾਰḔ ਗਾਉਣ ਵਾਲੇ ਨੂੰ ਕਹਿੰਦੇ ਹਨ।
ਗੁਰੂ ਸਾਹਿਬ ਅਨੁਸਾਰ ਮੈਂ ਵਿਹਲਾ ਸੀ ਜਿਸ ਕੋਲ ਕੰਮ ਨਹੀਂ ਸੀ। ਅਕਾਲ ਪੁਰਖ ਨੇ ਮੈਨੂੰ ਆਪਣਾ ਢਾਢੀ ਬਣਾ ਕੇ ਅਸਲ ਕੰਮ ਲਾ ਦਿੱਤਾ। ਮੈਨੂੰ ਪਰਮਾਤਮਾ ਵੱਲੋਂ ਹੁਕਮ ਹੋਇਆ ਹੈ ਕਿ ਭਾਵੇਂ ਰਾਤ ਹੋਵੇ, ਭਾਵੇਂ ਦਿਨ-ਹਰ ਸਮੇਂ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਦੇ ਰਹਿਣਾ ਹੈ, ਉਸ ਦੇ ਗੁਣਾਂ ਦਾ ਜਸ ਗਾਉਂਦੇ ਰਹਿਣਾ ਹੈ। ਜਦੋਂ ਮੈਂ ਢਾਢੀ ਉਸ ਦੀ ਸਿਫਤਿ-ਸਾਲਾਹ ਵਿਚ ਲੱਗਾ ਹੋਇਆ ਸੀ ਤਾਂ ਮੈਨੂੰ ਅਕਾਲ ਪੁਰਖ ਨੇ ਆਪਣੀ ਹਜ਼ੂਰੀ ਵਿਚ, ਆਪਣੇ ਮਹਿਲ ਵਿਚ ਬੁਲਾਇਆ। ਉਸ ਨੇ ਮੈਨੂੰ ਆਪਣੀ ਸੱਚੀ ਸਿਫਤਿ-ਸਾਲਾਹ ਰੂਪੀ ਸਿਰੋਪਾਉ ਦੀ ਬਖਸ਼ਿਸ਼ ਕੀਤੀ। ਮੈਨੂੰ ਅਕਾਲ ਪੁਰਖ ਦਾ ਸਦੀਵੀ ਕਾਇਮ ਰਹਿਣ ਵਾਲਾ, ਆਤਮਕ ਜੀਵਨ ਦੇਣ ਵਾਲਾ ਨਾਮ ਭੋਜਨ ਰੂਪ ਵਿਚ ਉਸ ਅਕਾਲ ਪੁਰਖ ਪਾਸੋਂ ਪ੍ਰਾਪਤ ਹੋਇਆ। ਜਿਸ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਇਹ ਨਾਮ ਰੂਪੀ ਅੰਮ੍ਰਿਤ ਦਾ ਭੋਜਨ ਰੱਜ ਕੇ ਖਾਧਾ ਹੈ, ਉਸ ਨੇ ਸੁਖ ਪਾਇਆ ਹੈ, ਅਨੰਦ ਪ੍ਰਾਪਤ ਕੀਤਾ ਹੈ। ਮੈਂ ਉਸ ਦਾ ਢਾਢੀ ਜਿਉਂ ਜਿਉਂ ਉਸ ਦੇ ਨਾਮ ਦੀ ਸਿਫਤਿ ਕਰਦਾ ਹਾਂ, ਉਸ ਦੇ ਗੁਣਾਂ ਦਾ ਗਾਇਨ ਕਰਦਾ ਹਾਂ, ਅਕਾਲ ਪੁਰਖ ਦੇ ਦਰ ਤੋਂ ਮਿਲੇ ਇਸ ਨਾਮ ਭੋਜਨ ਨੂੰ ਛਕਦਾ ਹਾਂ ਤਿਵੇਂ ਤਿਵੇਂ ਇਸ ਦਾ ਅਨੰਦ ਪ੍ਰਾਪਤ ਕਰਦਾ ਹਾਂ।
ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਉਸ ਸੱਚੇ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਕੇ, ਉਸ ਦਾ ਜੱਸ ਗਾ ਕੇ ਉਸ ਪੂਰਨ ਅਕਾਲ ਪੁਰਖ ਨੂੰ ਪਾ ਲਈਦਾ ਹੈ, ਉਸ ਦੀ ਪ੍ਰਾਪਤੀ ਹੁੰਦੀ ਹੈ,
ਹਉ ਢਾਢੀ ਵੇਕਾਰੁ ਕਾਰੈ ਲਾਇਆ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ॥
ਢਾਢੀ ਸਚੈ ਮਹਲਿ ਖਸਮਿ ਬੁਲਾਇਆ॥
ਸਚੀ ਸਿਫਤਿ ਸਾਲਾਹ ਕਪੜਾ ਪਾਇਆ॥
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ॥
ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ॥
ਢਾਢੀ ਕਰੇ ਪਸਾਉ ਸਬਦੁ ਵਜਾਇਆ॥
ਨਾਨਕ ਸਚੁ ਸਾਲਾਹਿ ਪੂਰਾ ਪਾਇਆ॥੨੭॥ (ਪੰਨਾ ੧੫੦)
ਇਸੇ ਸਿਧਾਂਤ ਦੀ ਵਿਆਖਿਆ ਸਿੱਖ ਧਰਮ ਦੇ ਪਹਿਲੇ ਵਿਦਵਾਨ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਕੀਤੀ ਹੈ। ਭਾਈ ਗੁਰਦਾਸ ਪਹਿਲੀ ਵਾਰ ਦੀ 24ਵੀਂ ਪਉੜੀ ਵਿਚ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਦੇ ਦਰਵਾਜ਼ੇ ਤੋਂ ਬਖਸ਼ਿਸ਼ ਪ੍ਰਾਪਤ ਹੋਈ। ਉਸ ਤੋਂ ਪਿੱਛੋਂ ਫਿਰ ਉਨ੍ਹਾਂ ਨੇ ਉਦਮ ਕੀਤਾ, ਨਾਮ ਦੀ ਕਮਾਈ ਕੀਤੀ। ਗੁਰੂ ਬਾਬੇ ਨੇ ਸਾਦਾ ਭੋਜਨ ਕੀਤਾ ਅਤੇ ਆਪਣਾ ਸਾਦਾ ਵਿਛਾਉਣਾ ਕੀਤਾ ਅਰਥਾਤ ਆਪਣੀਆਂ ਨਿਜੀ ਜ਼ਰੂਰਤਾਂ ਨੂੰ ਬਹੁਤ ਸੀਮਤ ਰੱਖਿਆ ਅਤੇ ਸਾਦਾ ਜੀਵਨ ਨਿਰਬਾਹ ਕੀਤਾ।
ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਨਾਮ ਅਭਿਆਸ ਦੀ ਤਪੱਸਿਆ ਕੀਤੀ, ਮਿਹਨਤ ਕੀਤੀ ਅਤੇ ਉਨ੍ਹਾਂ ਦੇ ਵੱਡੇ ਭਾਗਾਂ ਕਾਰਨ, ਬੁਲੰਦ ਕਿਸਮਤ ਸਦਕਾ ਉਨ੍ਹਾਂ ਦੀ ਸੁਰਤਿ ਅਕਾਲ ਪੁਰਖ ਨਾਲ ਇਕਸੁਰ ਹੋ ਗਈ। ਇਸ ਇਕਸੁਰਤਾ ਵਿਚ ਬਾਬਾ ਸੱਚਖੰਡ ਭਾਵ ਅਕਾਲ ਪੁਰਖ ਦੇ ਦਰਬਾਰ ਵਿਚ ਪਹੁੰਚਿਆ ਜਿੱਥੇ ਉਸ ਨੂੰ ਅਕਾਲ ਪੁਰਖ ਪਾਸੋਂ ਨਾਮ ਦਾ ਖਜ਼ਾਨਾ ਅਤੇ ਹਲੀਮੀ ਦੀ ਬਖਸ਼ਿਸ਼ ਹੋਈ। ਇਸ ਪ੍ਰਾਪਤੀ ਦੇ ਪਿੱਛੋਂ ਬਾਬੇ ਨੇ ਜਦੋਂ ਧਿਆਨ ਲਗਾਇਆ ਤਾਂ ਉਨ੍ਹਾਂ ਨੂੰ ਇਹ ਸੰਸਾਰ ਦੁੱਖ ਵਿਚ ਜਲਦਾ ਨਜ਼ਰ ਆਇਆ। ਗੁਰੂ ਦੀ ਅਗਵਾਈ ਨਾ ਹੋਣ ਕਰਕੇ ਸਾਰੀ ਲੋਕਾਈ ਦੁੱਖ ਵਿਚ ਕੁਰਲਾ ਰਹੀ ਸੀ ਅਤੇ ਲੋਕਾਈ ਨੂੰ ਇਸ ਦੁੱਖ ਵਿਚੋਂ ਨਿਕਲਣ ਦਾ ਕੋਈ ਰਸਤਾ ਨਜ਼ਰ ਨਹੀਂ ਸੀ ਆ ਰਿਹਾ। ਸੰਸਾਰ ਨੂੰ ਦੁੱਖ ਵਿਚੋਂ ਪਾਰ ਹੋਣ ਦਾ ਰਸਤਾ ਦੱਸਣ ਲਈ ਬਾਬੇ ਨੇ ਉਦਾਸੀਆਂ ਵਾਲਾ ਵੇਸ ਧਾਰਨ ਕਰ ਲਿਆ, ਉਦਾਸੀ ਦੀ ਰੀਤ ਸ਼ੁਰੂ ਕੀਤੀ ਅਤੇ ਦੁਨੀਆਂ ਦਾ ਸੁਧਾਰ ਕਰਨ ਵਾਸਤੇ ਨਿਕਲ ਤੁਰਿਆ,
ਪਹਿਲਾ ਬਾਬੇ ਪਾਯਾ ਬਖਸੁ ਦਰਿ ਪਿਛੋਦੇ ਫਿਰਿ ਘਾਲਿ ਕਮਾਈ।
ਰੇਤੁ ਅੱਕੁ ਆਹਾਰੁ ਕਰਿ ਰੋੜਾ ਕੀ ਗੁਰ ਕੀਅ ਵਿਛਾਈ।
ਭਾਰੀ ਕਰੀ ਤਪਸਿਆ ਵਡੇ ਭਾਗਿ ਹਰਿ ਸਿਉ ਬਣਿ ਆਈ।
ਬਾਬਾ ਪੈਧਾ ਸਚਿ ਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ।
ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਬਾਝੁ ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ॥੨੪॥

1 Comment

Leave a Reply

Your email address will not be published.