ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਅੰਗਰੇਜ਼ੀ ਭਾਸ਼ਾ ਦੀ ਇਕ ਕਹਾਵਤ ਵਿਚ ਚੁੱਪ ਦੀ ਤੁਲਨਾ ਸੋਨੇ ਨਾਲ ਕੀਤੀ ਗਈ ਹੈ; ਭਾਵ ਜਿਤਨੀ ਬੇਸ਼ਕੀਮਤੀ ਸੋਨੇ ਦੀ ਧਾਤ, ਉਤਨੀ ਹੀ ਅਮੁੱਲੀ ਚੁੱਪ। ਸਾਡੀ ਮਾਂ-ਬੋਲੀ ਪੰਜਾਬੀ ਦੇ ਇਕ ਮੁਹਾਵਰੇ ਵਿਚ ਵੀ ਚੁੱਪ ਨੂੰ ਸੌ ਸੁੱਖਾਂ ਦੀ ਦਾਤੀ ਮੰਨਿਆ ਗਿਆ ਹੈ। ਬੰਦੇ ਦੇ ਸਰੀਰ ਦੀ ਸਿਰਜਣਾ ਕਰਨ ਵੇਲੇ ਕਾਦਰ ਨੇ ਵੀ ਸ਼ਾਇਦ ਇਸੇ ਕਰ ਕੇ ਦੋ ਅੱਖਾਂ, ਦੋ ਕੰਨਾਂ ਅਤੇ ਦੋ ਨਾਸਿਕਾਵਾਂ ਦੀ ਬਨਿਸਬਤ ਜੀਭ ਇੱਕੋ ਹੀ ਲਗਾਈ ਤਾਂ ਕਿ ਮਨੁੱਖ ਦੇਖੇ, ਸੁਣੇ ਅਤੇ ਸੁੰਘੇ ਬੇਸ਼ੱਕ ਜ਼ਿਆਦਾ ਪਰ ਬੋਲੇ ਘੱਟ। ਗੁਰਬਾਣੀ ਵਾਕ ‘ਬੋਲਤ ਬੋਲਤ ਬਢਹਿ ਵਿਕਾਰਾ’ ਵਿਚ ਵੀ ਵਿਕਾਰਾਂ ਜਾਂ ਝਗੜਿਆਂ ਦਾ ਮੂਲ ਕਾਰਨ ‘ਜ਼ਿਆਦਾ ਬੋਲਣ’ ਨੂੰ ਹੀ ਦੱਸਿਆ ਗਿਆ ਹੈ। ਚੁੱਪ/ਖਾਮੋਸ਼ ਰਹਿਣ ਵਾਲੇ ਬੰਦੇ ਬੜੇ ਹੀ ਗਹਿਰ-ਗੰਭੀਰ ਹੁੰਦੇ ਨੇ। ਉਨ੍ਹਾਂ ਦੀ ਚੁੱਪ ਪਿੱਛੇ ਗਹਿਰਾ ਚਿੰਤਨ ਖੜ੍ਹਾ ਹੁੰਦਾ ਹੈ। ਯਾਦ ਰਹੇ, ਇੱਥੇ ਸੁਭਾਵਿਕ ਚੁੱਪ ਦੀ ਗੱਲ ਹੋ ਰਹੀ ਹੈ, ‘ਸਾਜਿਸ਼ੀ ਚੁੱਪ’ ਦੀ ਨਹੀਂ।
ਅਖਬਾਰੀ ਖੇਤਰ ਵੱਲ ਵੀ ਨਜ਼ਰ ਮਾਰ ਕੇ ਦੇਖ ਲਓ। ਜਿਹੜਾ ਕੋਈ ਸਿਆਸੀ ਜਾਂ ਧਾਰਮਿਕ ਆਗੂ ਕਦੇ ਕਦਾਈਂ ਹੀ ਇਕ-ਅੱਧ ਬਿਆਨ ਦਿੰਦਾ ਹੋਵੇ, ਲੋਕ ਉਸ ਦੀਆਂ ਕਹੀਆਂ ਗੱਲਾਂ ਨੂੰ ਅਖ਼ਬਾਰਾਂ ‘ਚੋਂ ਲੱਭ-ਲੱਭ ਕੇ ਪੜ੍ਹਦੇ ਹਨ। ਕਹਿੰਦੇ ਨੇ, ਜਦੋਂ ਅਮਰੀਕੀ ਵਿਗਿਆਨੀ ਨਿਊਟਨ ਨੂੰ ਸੈਨੇਟ ਦਾ ਮੈਂਬਰ ਬਣਾਇਆ ਗਿਆ ਸੀ, ਪੂਰੀ ‘ਟਰਮ’ ਦੌਰਾਨ ਹਾਊਸ ਵਿਚ ਉਸ ਨੂੰ ਸਿਰਫ਼ ਇਕ ਵਾਰ ਹੀ ਇਹ ਕਹਿੰਦਿਆਂ ਸੁਣਿਆ ਗਿਆ, “ਅਹੁ ਤਾਕੀ ਬੰਦ ਕਰ ਦਿਓ, ਠੰਢੀ ਹਵਾ ਅੰਦਰ ਆ ਰਹੀ ਹੈ!” ਸੈਨੇਟ ਵਿਚ ਉਹ ਕੀ ਬੋਲਦਾ? ਉਸ ਦਾ ਦਿਮਾਗ ਤਾਂ ਆਪਣੀ ਪ੍ਰਯੋਗਸ਼ਾਲਾ ਵਿਚ ਹੀ ਘੁੰਮਦਾ ਰਹਿੰਦਾ ਹੋਵੇਗਾ। ਪਿਆਰ ਦੇ ਮਾਮਲੇ ਵਿਚ ਤਾਂ ਚਿੰਤਕਾਂ ਨੇ ਬੋਲਣ, ਭਾਵ ਜ਼ੁਬਾਂ ਨੂੰ ਬਿਲਕੁਲ ਹੀ ਮਨਫੀ ਕਰ ਦਿੱਤਾ ਹੈ। ਉਹ ਕਹਿੰਦੇ ਨੇ, ਪਿਆਰ ਦੇ ਇਜ਼ਹਾਰ ਲਈ ਜ਼ੁਬਾਨ ਦਾ ਕੋਈ ਬਹੁਤਾ ਕੰਮ ਨਹੀਂ,
ਨਜ਼ਰ ਸੇ ਭੀ ਸੁਨਤੇ ਹੈਂ ਦਿਲ ਕਾ ਅਫ਼ਸਾਨਾ,
ਜ਼ੁਬਾਂ ਹੀ ਮੌਕੂਫ ਨਹੀਂ ਗੁਫ਼ਤਗੂ ਕੇ ਲੀਏ।
ਭੁੱਖੀ ਬਿੱਲੀ ਅਤੇ ਕਾਂ ਵਾਲੀ ਕਹਾਣੀ ਵਿਚ ਜੇ ਮਾਸ ਦੀ ਬੋਟੀ ਮੂੰਹ ਵਿਚ ਲਈ ਬੈਠਾ ਕਾਂ, ਬਿੱਲੀ ਮੂੰਹੋਂ ਆਪਣੀਆਂ ਸਿਫ਼ਤਾਂ ਸੁਣ ਕੇ ਚੁੱਪ ਵੱਟੀ ਰੱਖਦਾ, ਤਾਂ ਤਰੱਦਦ ਨਾਲ ‘ਥਿਆਈ ਮਾਸ ਦੀ ਬੋਟੀ ਤੋਂ ਵਿਰਵਾ ਨਾ ਹੁੰਦਾ। ਜਿਹੜੇ ਗਰਜਦੇ ਹੁੰਦੇ ਨੇ, ਉਹ ਵਰ੍ਹਦੇ ਨਹੀਂ ਹੁੰਦੇ। ਇਸ ਅਖਾਣ ਵਿਚ ਅਸਿੱਧੇ ਢੰਗ ਨਾਲ ਖਾਮੋਸ਼ ਰਹਿਣ ਵਾਲਿਆਂ ਦੀ ਹੀ ਉਪਮਾ ਕੀਤੀ ਗਈ ਹੈ।
ਆਪਣੇ ਮੁਰਸ਼ਦ ਅੱਗੇ ‘ਥੱਈਆ ਥੱਈਆ’ ਕਰ ਕੇ ਨੱਚਣ ਵਾਲੇ ਸੂਫੀ ਫਕੀਰ ਸਾਈਂ ਬੁੱਲ੍ਹੇ ਸ਼ਾਹ, ਭਾਵੇਂ ਐਲਾਨੀਆ ਕਹਿੰਦਾ ਹੈ ਕਿ ਮੂੰਹ ਆਈ ਬਾਤ ਨਾ ਰਹਿੰਦੀ ਹੈ, ਲੇਕਿਨ ਇਸੇ ਕਾਫੀ ਵਿਚ ਜਦ ਉਹ ਗੁੱਝਾ ਇਸ਼ਾਰਾ ਕਰਦਾ ਹੈ ਕਿ ਸੱਚ ਆਖਾਂ ਤਾਂ ਭਾਂਬੜ ਮਚਦਾ ਹੈ, ਤਾਂ ਉਸ ਦਾ ਮੰਤਵ ਖਾਮੋਸ਼ੀ ਧਾਰਨ ਕਰਨ ਨੂੰ ਤਰਜੀਹ ਦੇਣਾ ਹੀ ਹੋਵੇਗਾ। ਇਸ ਅਲਬੇਲੇ ਸੂਫੀ ਬਾਬੇ ਦੀ ਜ਼ਿੰਦਗੀ ਦੇ ਇਕ ਵਾਕਿਆ ਤੋਂ ਚੁੱਪ ਦੀ ਸੋਭਾ ਪ੍ਰਗਟ ਹੁੰਦੀ ਹੈ,
ਕਿਹਾ ਜਾਂਦਾ ਹੈ ਕਿ ਰੋਜ਼ਿਆਂ ਦੇ ਦਿਨਾਂ ਵਿਚ ਜਦੋਂ ਸਾਰਾ ਮੁਸਲਿਮ ਜਗਤ, ਦਿਨ ਵੇਲੇ ਬੁੱਲ੍ਹਾਂ ਨੂੰ ਪਾਣੀ ਛੁਹਾਣਾ ਵੀ ‘ਮਕਰੂਹ’ ਸਮਝਦਾ ਹੈ, ਬੁੱਲ੍ਹੇ ਨੇ ਖਾਣ ਵਾਸਤੇ ਗਾਜਰਾਂ ਮੰਗਵਾ ਲਈਆਂ। ਉਸ ਦੇ ਸੰਗੀ ਸਾਥੀ ਬਾਹਰ ਬੈਠੇ ਬੇਫਿਕਰ ਹੋ ਕੇ ਗਾਜਰਾਂ ਖਾਣ ਲੱਗ ਪਏ। ਉਹ ਖੁਦ ਆਪਣੇ ਹੁਜਰੇ ਵਿਚ ਬੈਠਾ ਗਾਜਰਾਂ ਖਾਣ ਲੱਗਾ। ਕੋਲ ਵਗਦੇ ਰਾਹ ਤੋਂ ਕੁਝ ਮੁਸਲਮਾਨ ਘੋੜ-ਸਵਾਰ ਗੁਜ਼ਰੇ। ਅਚਾਨਕ ਉਨ੍ਹਾਂ ਦੀ ਨਜ਼ਰ ਸ਼ੱਰ੍ਹੇਆਮ ਗਾਜਰਾਂ ਖਾ ਰਹੇ ਬੁੱਲ੍ਹੇ ਦੇ ਮੁਰੀਦਾਂ ‘ਤੇ ਪੈ ਗਈ। ਘੋੜਿਆਂ ਦੀਆਂ ਵਾਗਾਂ ਇਨ੍ਹਾਂ ਵੱਲ ਮੋੜ ਕੇ ਉਹ ਗੁੱਸੇ ਨਾਲ ਗੜ੍ਹਕੇ,
“ਕੌਣ ਹੁੰਦੇ ਓ ਤੁਸੀਂ?”
“ਜੀ, ਮੁਸਲਮਾਨ।”
ਮੁਸਲਮਾਨ ਲਫ਼ਜ਼ ਸੁਣਦਿਆਂ ਹੀ ਉਹ ਮੁਰੀਦਾਂ ਦੀ ਭੁਗਤ ਸੰਵਾਰਨ ਲੱਗ ਪਏ।
“ਤੁਹਾਨੂੰ ਹਯਾ ਨਾ ਆਈ ਭੋਰਾ, ਰੋਜ਼ਿਆਂ ਵਿਚ ਖਾਣ-ਪੀਣ ਲੱਗਿਆਂ?æææ ਕਿਉਂ ਇਸਲਾਮ ਦੀ ਤੌਹੀਨ ਕਰ ਰਹੇ ਓ?”
ਉਨ੍ਹਾਂ ਦੀ ਕੁੱਟ-ਫਾਂਟ ਕਰਨ ਤੋਂ ਬਾਅਦ ਉਥੋਂ ਤੁਰਨ ਲੱਗਿਆਂ ਰਾਹਗੀਰਾਂ ਦੇ ਮਨ ‘ਚ ਆਈ ਕਿ ਕਿਉਂ ਨਾ ਇਨ੍ਹਾਂ ਬੇਸ਼ਊਰੇ ਮੁਸਲਮਾਨਾਂ ਦਾ ਪੀਰ ਵੀ ਦੇਖ ਚੱਲੀਏ, ਉਹ ਕਿਹੀ ਕੁ ਖਸਲਤ ਦਾ ਮਾਲਕ ਹੈ। ਇਹ ਸੋਚ ਕੇ ਜਦੋਂ ਉਹ ਹੁਜਰੇ ਦੇ ਅੰਦਰ ਵੜੇ ਤਾਂ ਉਹ ਬੁੱਲ੍ਹੇ ਸ਼ਾਹ ਨੂੰ ਵੀ ਗਾਜਰਾਂ ਖਾ ਰਿਹਾ ਦੇਖ ਕੇ ਦੰਗ ਰਹਿ ਗਏ। ਉਹ ਕੜਕ ਕੇ ਬੋਲੇ, “ਕੌਣ ਹੁੰਦਾ ਏਂ ਤੂੰ?”
“æææ æææ।”
ਬੁੱਲ੍ਹੇ ਵੱਲੋਂ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਕ੍ਰੋਧ ਨਾਲ ਅੱਗ ਬਗੂਲੇ ਹੁੰਦਿਆਂ ਕਈ ਵਾਰ ‘ਕੌਣ ਹੁੰਦਾ ਏਂ ਤੂੰ?’ ਪੁੱਛਿਆ ਪਰ ਬੁੱਲ੍ਹਾ ਬਿਨਾਂ ਉਨ੍ਹਾਂ ਵੱਲ ਦੇਖਿਆਂ ਮਸਤੀ ਨਾਲ ਗਾਜਰਾਂ ਖਾਈ ਗਿਆ। ਮੁਸਲਮਾਨ ਮੁਸਾਫਰ ਉਸ ਨੂੰ ‘ਕੋਈ ਸਿਰ-ਫਿਰਿਆ ਪਾਗਲ’ ਸਮਝ ਕੇ ਆਪਣੇ ਰਾਹ ਲੱਗੇ। ਸਰੀਰ ‘ਤੇ ਲੱਗੀਆਂ ਸੱਟਾਂ ਮਲਦੇ ਮੁਰੀਦ ਹੁਜਰੇ ਅੰਦਰ ਵੜੇ ਤਾਂ ਕਿ ਦੇਖ ਸਕਣ ਕਿ ਬੁੱਲ੍ਹੇ ਦਾ ਕੀ ਹਸ਼ਰ ਹੋਇਆ ਹੋਵੇਗਾ!
“ਸਾਈਂ ਜੀ, ਸਾਡਾ ਤਾਂ ਉਨ੍ਹਾਂ ਮੁਸਾਫਰਾਂ ਨੇ ਕੁੱਟ-ਕੁੱਟ ਹੁਲੀਆ ਵਿਗਾੜ ਦਿੱਤਾ। ਤੁਸੀਂ ਵੀ ਤਾਂ ਗਾਜਰਾਂ ਖਾ ਰਹੇ ਸੀ, ਤੁਹਾਨੂੰ ਉਨ੍ਹਾਂ ਕੁਝ ਵੀ ਨਾ ਆਖਿਆ। ਇਹ ਕੀ ਕਾਰਨ ਹੋਇਆ?”
“ਤੁਹਾਨੂੰ ਗਾਜਰਾਂ ਖਾਂਦਿਆਂ ਨੂੰ ਉਨ੍ਹਾਂ ਕੁਝ ਪੁੱਛਿਆ ਵੀ ਸੀ?”
ਬੁੱਲ੍ਹੇ ਸ਼ਾਹ ਦੇ ਸਾਵਲ ‘ਚ ਮੁਰੀਦਾਂ ਨੇ ਸਾਰਾ ਹਾਲ ਕਹਿ ਸੁਣਾਇਆ।
ਜਦੋਂ ਉਨ੍ਹਾਂ ਦੱਸਿਆ ਕਿ ‘ਕੌਣ ਹੁੰਦੇ ਓ ਤੁਸੀਂ?’ ਦੇ ਜਵਾਬ ਵਿਚ ਅਸੀਂ ਕਿਹਾ, ‘ਮੁਸਲਮਾਨ’।æææ ਸੁਣਦਿਆਂ ਸਾਰ ਬੁੱਲ੍ਹਾ ਖਿੜ-ਖਿੜਾ ਕੇ ਹੱਸ ਪਿਆ, “ਤਦੇ ਕੁੱਟ ਖਾਧੀæææ ਜਦੋਂ ਕੁਝ ਬਣੇ ਅਤੇ ਬੋਲੇ। ਮੈਂ ਤਾਂ ਨਾ ਕੁਝ ਬਣਿਆ, ਤੇ ਨਾ ਹੀ ਬੋਲਿਆ।”
ਗੁਰਬਾਣੀ ਵਿਚ ਆਉਂਦੀ ਇਕ ਪੰਕਤੀ ‘ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁੱਪ॥’ ਦਾ ਅਰਥ ਵੈਸੇ ਬੁੱਲ੍ਹੇ ਸ਼ਾਹ ਵਾਲੀ ਚੁੱਪ ਵਾਲਾ ਨਹੀਂ। ਗੁਰੂ ਸਾਹਿਬਾਨ ਨੇ ਉਸੇ ਹਾਲਤ ਵਿਚ ਚੁੱਪ ਧਾਰਨੀ ਬਿਹਤਰ ਕਹੀ ਹੈ, ਜਿਥੇ ਝੋਟੇ ਅੱਗੇ ਬੀਨ ਵਜਾਉਣ ਵਾਲੀ ਹਾਲਤ ਬਣੀ ਹੋਈ ਹੋਵੇ, ਜਾਂ ਫਿਰ ਉਥੇ ਵੀ ਚੁੱਪ ਹੀ ਭਲੀ ਮੰਨੀ ਜਾ ਸਕਦੀ ਹੈ ਜਿਥੇ ਭਾਈ ਗੁਰਦਾਸ ਦੇ ਕਥਨ ‘ਬੋਲ਼ੇ ਅੱਗੇ ਗਾਵੀਐ ਭੈਰਉ ਸੋ ਗਉੜੀ’ ਮੁਤਾਬਿਕ ਗਊ-ਗਧੇ ਦਾ ਫਰਕ ਹੀ ਮਿਟ ਗਿਆ ਹੋਵੇ; ਜਦ ਕਿ ਹੋ ਰਿਹਾ ਜ਼ੁਲਮ ਦੇਖ ਕੇ, ਚੁੱਪ ਵੱਟਣ ਨੂੰ ਗੁਰਮਤਿ ਨੇ ਕਾਇਰਤਾ ਆਖਿਆ ਹੈ।
ਇਤਿਹਾਸਕ ਗਾਥਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਗੁਰੂ ਅਰਜਨ ਦੇਵ ਜੀ ਪਾਸ ਕੁਝ ਸੰਤ ਕਵੀ ਆਪੋ-ਆਪਣੀਆਂ ਰਚਨਾਵਾਂ ਲੈ ਕੇ ਆਏ ਤਾਂ ਕਿ ਉਨ੍ਹਾਂ ਨੂੰ ਵੀ ਇਸ ਅਧਿਆਤਮਕ ਖਜ਼ਾਨੇ ਵਿਚ ਸ਼ਾਮਲ ਕਰਵਾਇਆ ਜਾ ਸਕੇ। ਕਿਹਾ ਜਾਂਦਾ ਹੈ ਕਿ ਜਦੋਂ ਪੀਲੂ, ਕਾਹਨਾ ਅਤੇ ਛੱਜੂ ਦੀਆਂ ਰਚਨਾਵਾਂ ਸੁਣ ਕੇ, ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ, ਤਦ ਉਨ੍ਹਾਂ ਸੰਤਾਂ ਦੇ ਚੌਥੇ ਸਾਥੀ ਸ਼ਾਹ ਹੁਸੈਨ ਨੇ ਮੌਕੇ ਮੁਤਾਬਕ ਗੁੱਝੀ ਰਮਜ਼ ਵਾਲੀਆਂ ਤੁਕਾਂ ਬੋਲੀਆਂ,
ਚੁੱਪ ਵੇ ਅੜਿਆ ਚੁੱਪ!
ਇੱਥੇ ਬੋਲਣ ਦੀ ਨਹੀਂ ਜਾ’ ਵੇ ਅੜਿਆ!!
ਕਹਿ ਤਾਂ ਸੌਖਿਆ ਈ ਹੋ ਜਾਂਦਾ ਹੈ ਕਿ ਇਕ ਚੁੱਪ ਸੌ ਸੁੱਖ! ਪਰ ਚੁੱਪ ਵੱਟ ਕੇ ਸੌ ਸੁੱਖ ਪ੍ਰਾਪਤ ਕਰਨੇ ਖਾਲਾ ਜੀ ਦਾ ਵਾੜਾ ਨਹੀਂ। ਕਹਿੰਦੇ ਨੇ, ਕਿਸੇ ਘਰ ਵਿਚ ਨੂੰਹ-ਸੱਸ ਦੀ ਹਰ ਰੋਜ਼ ਲੜਾਈ ਹੁੰਦੀ ਸੀ। ਜੇ ਨੂੰਹ ਦੋ ਗੱਲਾਂ ਦਾ ਜਵਾਬ ਦਿੰਦੀ, ਤਾਂ ਕੁਪੱਤੀ ਸੱਸ ਅੱਗਿਉਂ ਗਰਮਾ-ਗਰਮ ਚਾਰ ਹੋ ਛੱਡਦੀ। ਇੰਜ ਘਰ ਵਿਚ ਦੋਹਾਂ ਦੇ ਆਪਸ ਵਿਚੀਂ ਸਿੰਗ ਫਸੇ ਹੀ ਰਹਿੰਦੇ। ਕਿਸੇ ਸਹੇਲੀ ਦੀ ਸਲਾਹ ਮੰਨ ਕੇ ਨੂੰਹ ਰਾਣੀ ਕਿਸੇ ਚੇਲੇ ਕੋਲੋਂ ‘ਮੰਤਰ’ ਲੈਣ ਗਈ ਤਾਂ ਕਿ ਘਰ ਵਿਚ ਰਹਿੰਦੇ ਕਲੇਸ਼ ਦਾ ਕੋਈ ਉਪਾਅ ਹੋ ਸਕੇ। ਵਹਿਮਾਂ-ਭਰਮਾਂ ਦੀ ਪੱਟੀ ਹੋਈ ਇਸ ਬੀਬੀ ਨੂੰ ਚਲਾਕ ਚੇਲੇ ਨੇ ਛੰਗਣ-ਮੰਗਣ ਜਿਹੇ ਕਰਦਿਆਂ ਤਬੀਤ ਬਣਾ ਕੇ ਦਿੱਤਾ। ਲਓ ਜੀ, ਤਬੀਤ ਨੇ ਐਸੀ ‘ਕਰਾਮਾਤ’ ਦਿਖਾਈ ਕਿ ਘਰ ਵਿਚ ਸ਼ਾਂਤੀ ਵਰਤ ਗਈ! ਅੰਧ-ਵਿਸ਼ਵਾਸੀ ਲੋਕ ਤਬੀਤ ਦੇਣ ਵਾਲੇ ਚੇਲੇ ਦੀ ਜੈ-ਜੈਕਾਰ ਕਰਨ ਲੱਗ ਪਏ ਪਰ ਪਿੰਡ ਦੀ ਤਰਕਸ਼ੀਲ ਬੁੱਧੀ ਵਾਲੀ ਇਕ ਮਾਤਾ ਨੇ ਨੂੰਹ ਕੋਲੋਂ ਸਾਰੇ ਵੇਰਵੇ ਲੈ ਕੇ ‘ਸ਼ਾਂਤੀ ਵਰਤਾਉਣ’ ਵਾਲੇ ਤਬੀਤ ਦਾ ਗੁੱਝਾ ਰਾਜ਼ ਜੱਗ ਜ਼ਾਹਰ ਕਰ ਦਿੱਤਾ।
ਤਬੀਤ ਬਣਾ ਕੇ ਚੇਲੇ ਨੇ ਨੂੰਹ ਨੂੰ ਇਹ ਹਦਾਇਤ ਵੀ ਕੀਤੀ ਸੀ ਕਿ ਇਸ ਨੂੰ ਸਦਾ ਆਪਣੇ ਖੀਸੇ ਵਿਚ ਰੱਖਣਾ, ਜਦੋਂ ਵੀ ਸੱਸ ਕੋਈ ਉਲਟੀ-ਸਿੱਧੀ ਗੱਲ ਕਰੇ, ਉਸੇ ਵੇਲੇ ਇਹ ਤਬੀਤ ਮਲਕ ਦੇਣੀ ਮੋਹਰਲੇ ਦੰਦਾਂ ਵਿਚ ਫਸਾ ਲੈਣਾ। ਜਿਉਂ-ਜਿਉਂ ਸੱਸ ਕੁ-ਬਚਨ ਬੋਲੇ, ਤਿਉਂ-ਤਿਉਂ ਤੂੰ ਦੰਦਾਂ ਨਾਲ ਤਬੀਤ ਨੂੰ ਚੱਕ ਮਾਰੀ ਜਾਈਂ। ਜਦ ਇੰਜ ਨੂੰਹ ਦਾ ਮੂੰਹ ਬੰਦ ਰਹਿਣ ਲੱਗਾ ਤਾਂ ਸੱਸ ਨੇ ਵੀ ਹੌਲੀ-ਹੌਲੀ ਮੰਦਾ-ਚੰਗਾ ਬੋਲਣਾ ਬੰਦ ਕਰ ਦਿੱਤਾ। ਜੁਗਤਿ ਨਾਲ ਨੂੰਹ ਨੂੰ ਚੁੱਪ ਕਰਵਾ ਕੇ, ਉਸ ਦੀ ਝੋਲੀ ਵਿਚ ਸੌ ਸੁੱਖ ਪਾ ਦਿੱਤੇ।
ਮੂੰਹ ‘ਚੋਂ ਨਿਕਲੇ ਹੋਏ ਕੁਝ ਬੋਲ ਹੀ ਅੰਦਰਲੇ ਦਾ ਪ੍ਰਗਟਾਵਾ ਕਰ ਦਿੰਦੇ ਹਨ। ਪੜ੍ਹੇ-ਲਿਖੇ ਵਿਦਵਾਨਾਂ ਵਿਚ ਚੁੱਪ-ਚਾਪ ਬੈਠਣ ਵਾਲੇ ਅਨਪੜ੍ਹਾਂ ਦੀ ਵੀ ਇੱਜ਼ਤ ਬਣ ਜਾਂਦੀ ਹੈ। ਆਪਣੇ ਪਿੰਡ ਦੇ ਜਿਸ ਸਕੂਲ ਵਿਚ ਮੈਂ ਪੜ੍ਹਦਾ ਰਿਹਾ ਹਾਂ, ਉਦੋਂ ਉਹ ਮਿਡਲ ਹੀ ਹੁੰਦਾ ਸੀ। ਇਕ ਵਾਰ ਉਸ ਸਕੂਲ ਵਿਚ ਹਲਕੇ ਦਾ ਐਮæਐਲ਼ਏæ ਪਧਾਰਿਆ। ਦੋ-ਤਿੰਨ ਪਿੰਡਾਂ ਦੀਆਂ ਪੰਚਾਇਤਾਂ ਵੀ ਆਈਆਂ ਹੋਈਆਂ ਸਨ। ਸਾਡੇ ਪਿੰਡ ਦਾ ਸੂਝਵਾਨ ਸਰਪੰਚ ਐਮæਐਲ਼ਏæ ਨੂੰ ਮੁਖਾਤਿਬ ਹੋ ਕੇ ਕਹਿਣ ਲੱਗਾ ਕਿ ਸਰਦਾਰ ਜੀ, ਸਾਡੇ ਇਸ ਸਕੂਲ ਨੂੰ ਅਪ-ਗ੍ਰੇਡ ਕਰ ਕੇ ਹਾਈ ਸਕੂਲ ਬਣਾ ਦਿਓ ਤਾਂ ਕਿ ਇਸ ਇਲਾਕੇ ਦੇ ਵਿਦਿਆਰਥੀਆਂ ਨੂੰ ਨੌਵੀਂ-ਦਸਵੀਂ ਕਰਨ ਵਾਸਤੇ ਜਾਡਲੇ ਨਾ ਜਾਣਾ ਪਵੇ। ਸਰਪੰਚ ਨੂੰ ਵਿਚੋਂ ਹੀ ਟੋਕਦਿਆਂ ਇਕ ਹੋਰ ਅਨਪੜ੍ਹ ਸਰਪੰਚ ਬੋਲਿਆ, “ਕਿਆ ਸਰਪੰਚਾ! ਤੂੰ ਤਾਂ ਨੇੜੇ ਈ ਬਹਿ ਗਿਐਂ।æææ ਸਰਦਾਰ ਹੁਣੀ ਸਬੱਬ ਨਾਲ ਆਏ ਹੋਏ ਐ। ਦਸਵੀਂ-ਦੁਸਵੀਂ ਨਹੀਂ, ਸਕੂਲ ਹੁਣ ‘ਕੱਠਾ ਈ ਤੇਰ੍ਹਵੀਂ-ਚੌਧਵੀਂ ਤੱਕ ਦਾ ਬਣਵਾ ਲਓ।”
ਇਕੱਠ ਵਿਚ ਬੈਠੇ ਸਾਰੇ ਜਣੇ ਹੱਸ-ਹੱਸ ਦੋਹਰੇ ਹੋ ਗਏ। ਹੁਣ ਦੱਸੋ, ਇਹੋ ਜਿਹੀ ਹਾਸੋ-ਹੀਣੀ ਕਰਵਾਉਣ ਨਾਲੋਂ ਸ਼ਾਹ ਹੁਸੈਨ ਦੀ ਨਸੀਹਤ ‘ਚੁੱਪ ਵੇ ਅੜਿਆ ਚੁੱਪ’ ਪੱਲੇ ਨਹੀਂ ਬੰਨ੍ਹ ਲੈਣੀ ਚਾਹੀਦੀ। ਸਾਡੇ ਸਮਿਆਂ ਦਾ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਹਨੇਰਿਆਂ ਕੋਲ ਸੱਚ ਸੁਣਨ ਦਾ ਜੇਰਾ ਨਾ ਹੋਣ ਕਾਰਨ ਚੁੱਪ ਤਾਂ ਰਹਿਣਾ ਚਾਹੁੰਦਾ ਹੈ, ਪਰ ਜਦੋਂ ਉਸ ਨੂੰ ‘ਸ਼ਮ੍ਹਾਂਦਾਨਾਂ’ ਦੀ ਯਾਦ ਆਉਂਦੀ ਹੈ ਤਾਂ ਉਹ ਚੁੱਪ ਤੋੜਨ ਦੀ ਦਲੇਰੀ ਕਰਦਾ ਹੈ। ਜਾਗਦੀ ਜ਼ਮੀਰ ਵਾਲਾ ਸ਼ਾਇਰ ਜੁ ਹੋਇਆ! ਕੁਝ ਅਜਿਹੇ ਵਿਚਾਰ ਹੀ ਡਾæ ਅਲਾਮਾ ਇਕਬਾਲ ਪ੍ਰਗਟਾਉਂਦਾ ਹੈ,
ਚੁੱਪ ਨਾ ਰਹ ਸਕਾ ਹਜ਼ਰਤੇ ਯਜ਼ਦਾਂ ਮੇਂ ਭੀ ਇਕਬਾਲ
ਕਰਵਾਏ ਕੋਈ ਬੰਦਾ-ਏ-ਗੁਸਤਾਖ ਕਾ ਮੂੰਹ ਬੰਦ।
Leave a Reply