ਬਲਜੀਤ ਬਾਸੀ
ਪ੍ਰੋæ ਹਰਪਾਲ ਸਿੰਘ ਪੰਨੂ ਪੰਜਾਬੀ ਦੇ ਉਨ੍ਹਾਂ ਵਾਰਤਕ ਲੇਖਕਾਂ ਵਿਚੋਂ ਹੈ ਜਿਨ੍ਹਾਂ ਦੀ ਜਦ ਵੀ ਕੋਈ ਲਿਖਤ ਮਿਲ ਜਾਵੇ, ਮੈਂ ਪੜ੍ਹੇ ਬਗੈਰ ਛੱਡ ਨਹੀਂ ਸਕਦਾ। ਉਹ ਕੁਝ ਇਕ ਛੋਹਾਂ ਨਾਲ ਆਪਣੀ ਸਮੱਗਰੀ ਵਿਚ ਸਜੀਵਤਾ ਭਰ ਦਿੰਦੇ ਹਨ। ਫਿਰ ਅਨੁਭਵ ਦੇ ਪ੍ਰੋੜ ਹਨ ਤੇ ਕਿਸੇ ਪ੍ਰਕਾਰ ਦੇ ਪੂਰਵਆਗ੍ਰਿਹਾਂ ਨੂੰ ਆਪਣੀ ਲਿਖਤ ਤੇ ਹਾਵੀ ਨਹੀਂ ਹੋਣ ਦਿੰਦੇ। ਇਹ ਗੱਲ ਮੈਂ ਇਸ ਕਰਕੇ ਨਹੀਂ ਕਰ ਰਿਹਾ ਕਿ 7 ਜੂਨ ਦੇ Ḕਪੰਜਾਬ ਟਾਈਮਜ਼Ḕ ਵਿਚ ਉਨ੍ਹਾਂ ਮੇਰਾ ਜ਼ਿਕਰ ਕੀਤਾ ਹੈ ਬਲਕਿ ਇਹ ਮੇਰਾ ਬਹਾਨਾ ਬਣਿਆ ਹੈ। ਉਂਜ ਇਸ ਵਿਚ ਮੇਰੇ ਲਈ ਕੁਝ ਚੁਣੌਤੀਆਂ ਵੀ ਸੁੱਟੀਆਂ ਗਈਆਂ ਹਨ। Ḕਗਰੀਬ ਨਹੀਂ, ਅਜੀਬ ਬਿਆਨḔ ਦੇ ਸਿਰਲੇਖ ਹੇਠਲੀ ਇਸ ਛੋਟੀ ਜਿਹੀ ਲਿਖਤ ‘ਚੋਂ ਕੁਝ ਟੂਕਾਂ ਪੇਸ਼ ਕਰਦਾ ਹਾਂ, “ਉਰਦੂ ਪੰਜਾਬੀ, ਹਿੰਦੀ ਵਿਚ ਕੁਝ ਮੁਹਾਵਰੇ ਅਜਿਹੇ ਹਨ ਜਿਨ੍ਹਾਂ ਦਾ ਕੋਈ ਪਿਛੋਕੜ ਜ਼ਰੂਰ ਹੋਵੇਗਾ ਪਰ ਹੁਣ ਪਤਾ ਨਹੀਂ, ਜਿਵੇਂ ਫੱਟੇ ਚੱਕ ਦਿੱਤੇ, ਮਾਇਨੇ ਕਮਾਲ ਕਰ ਦਿੱਤੀ, ਪਰ ਫੱਟੇ ਕਿਸ ਨੇ, ਕਿਸ ਦੇ, ਕਿਹੜੇ ਚੱਕੇ ਹਨ, ਕਿਸ ਦੇ ਚੱਕੇ ਸਨ, ਕਦੋਂ ਚੱਕੇ ਸਨ, ਪਤਾ ਨਹੀਂ। ਇਸ ਤਰ੍ਹਾਂ ਪੱਤੇ ਤੋੜ ਗਿਆ ਦਾ ਮਤਲਬ ਹੈ ਭੱਜ ਗਿਆ ਪਰ ਪੱਤਿਆਂ ਦਾ ਭੱਜਣ ਨਾਲ ਕੀ ਸਬੰਧ ਹੋਇਆ? ਇਕ ਮੁਹਾਵਰਾ ਹੈ-ਨੌਂ ਦੋ ਗਿਆਰਾਂ ਹੋਣਾ, ਯਾਨਿ ਭੱਜ ਗਏ। ਨੌਂ ਦੋ ਗਿਆਰਾਂ ਦਾ ਭੱਜਣ ਨਾਲ ਕੀ ਤਅਲੁਕ? ਅੱਟੇ-ਸੱਟੇ ਨਹੀਂ ਲਾਉਣੇ। ਜਿਸ ਨੂੰ ਇਨ੍ਹਾਂ ਮੁਹਾਵਰਿਆ ਦੇ ਪਿਛੋਕੜ ਦਾ ਪਤਾ ਹੈ, ਜ਼ਰੂਰ ਦੱਸੇ। Ḕਦੋ ਟੁੱਕ ਜਵਾਬ ਦੇਹḔ ਦੋ ਟੁੱਕ ਮਾਇਨੇ ḔਹਾਂḔ ਹੈ ਜਾਂ Ḕਨਾਂਹ।Ḕ ਵਿਚਕਾਰਲਾ ਨਹੀਂ।æææ ਪ੍ਰੋæ ਜੀæ ਐਸ਼ ਰਿਆਲ ਇਹੋ ਜਿਹੇ ਸਵਾਲਾਂ ਦਾ ਜਵਾਬ ਲੱਭ ਲਿਆ ਕਰਦੇ ਸਨ, ਹੁਣ ਉਨ੍ਹਾਂ ਦੀ ਥਾਂ ਬਲਜੀਤ ਬਾਸੀ ਫਰਜ਼ ਨਿਭਾ ਰਹੇ ਹਨ।”
ਅੱਗੇ ਜਾ ਕੇ ਉਨ੍ਹਾਂ ਕੁਝ ਖਬਰਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅਜੀਬੋ-ਗਰੀਬ ਕਹਿੰਦੇ ਹਾਂ। ਮਸਲਨ ਕੰਟੇਨਰਾਂ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਬਾਹਰਲੇ ਦੇਸ਼ਾਂ ਵਿਚ ਅਕਾਲ ਤਖਤ ਵਲੋਂ ਭੇਜਣ ਦੀ ਇਜਾਜ਼ਤ ਤੇ ਅਨੇਕਾਂ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਇਸ ਨੂੰ ਗ੍ਰੰਥ ਸਾਹਿਬ ਦੀ ਬੇਹੁਰਮਤੀ ਸਮਝਦਿਆਂ ਜ਼ਬਰਦਸਤ ਰੋਸ ਪ੍ਰਗਟ ਕਰਨਾ। ਅਗਲੀ ਖਬਰ ਦੋ ਅਧਿਆਪਕਾਂ ਨੂੰ ਮਾਲਤੀ ਦੇਵੀ ਪੁਰਸਕਾਰ ਦੇਣ ਸਬੰਧੀ ਹੈ। ਪੁਰਸਕਾਰ ਦੀ ਰਾਸ਼ੀ, ਮਾਣ ਪੱਤਰ ਦੇਣ ਵਾਲਿਆਂ ਦੇ ਨਾਮ ਅਤੇ ਸਨਮਾਨ ਦੇ ਸਥਾਨ ਤਾਂ ਛਪੇ ਹਨ ਪਰ ਇਹ ਨਹੀਂ ਦੱਸਿਆ ਕਿ ਸਨਮਾਨਿਤ ਮਾਸਟਰਨੀਆਂ ਕੌਣ ਹਨ? ਇਕ ਹੋਰ ਵਾਕਿਆ ਦੱਸਿਆ ਹੈ ਜਿਸ ਵਿਚ ਕਿਸੇ ਰਿਟਾਇਰ ਹੋਣ ਵਾਲੇ ਅਧਿਆਪਕ ਦਾ ਪੂਰਾ ਸਨਮਾਨ ਕੀਤਾ ਗਿਆ ਪਰ ਪਾਰਟੀ ਵਿਚ ਪੇਸ਼ ਕੀਤੀ ਸਾਰੀ ਮਿਠਾਈ ਉਤੇ ਪ੍ਰਬੰਧਕ ਤੇ ਹੋਰ ਸੱਜਣ ਹੀ ਟੁੱਟ ਪਏ, ਵਿਦਾਇਗੀ ਲੈ ਰਹੇ ਅਧਿਆਪਕ ਨੂੰ ਇਕ ਸਮੋਸਾ ਵੀ ਨਹੀਂ ਜੁੜਿਆ। ਲੇਖਕ ਅਨੁਸਾਰ ਅਜਿਹੀਆਂ ਘਟਨਾਵਾਂ, ਖਬਰਾਂ ਆਦਿ ਨੂੰ ਅਜੀਬੋ-ਗਰੀਬ ਕਿਹਾ ਜਾਂਦਾ ਹੈ। ਇਹ ਅਜੀਬ ਤਾਂ ਹਨ ਪਰ ਗਰੀਬ ਨਹੀਂ। ਗਰੀਬ ਸ਼ਬਦ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ।
ਗਰੀਬਾਂ ਦੀ ਬੇਇਜ਼ਤੀ ਕਰਨ ਦੇ ਹੋਰ ਬਥੇਰੇ ਢੰਗ ਹਨ। ਇਸ ਪ੍ਰਸੰਗ ਵਿਚ ਪਹਿਲਾਂ ਮੈਂ ਦੋ-ਤਿੰਨ ਗੱਲਾਂ ਕਰਨੀਆਂ ਚਾਹੁੰਦਾ ਹਾਂ। ਪਹਿਲੀ ਇਹ ਕਿ ਪੰਨੂ ਸਾਹਿਬ ਵਲੋਂ ਪੇਸ਼ ਕੀਤੇ ਮੁਹਾਵਰੇ, ਵਾਕੰਸ਼ ਜਾਂ ਸ਼ਬਦ ਜੁੱਟਾਂ ਵਿਚੋਂ ਮੈਂ ਕਈਆਂ ਦਾ ਪਿਛੋਕੜ ਦੱਸਣ ਦੇ ਸਮਰੱਥ ਹਾਂ ਪਰ ਹਾਲ ਦੀ ਘੜੀ ਇਕ ਬਾਰੇ ਹੀ ਗੱਲ ਕੀਤੀ ਜਾਵੇਗੀ। ਉਨ੍ਹਾਂ ਸ਼ਰਤ ਲਾਈ ਕਿ ਅੱਟੇ-ਸੱਟੇ ਨਹੀਂ ਲਾਉਣੇ। ਸ਼ਬਦਾਂ ਦੀ ਵਿਉਤਪਤੀ ਦੇ ਯਤਨ ਵਿਚ ਤੱਥਾਂ ਅਤੇ ਅੱਟੇ-ਸੱਟੇ ਦੋਵਾਂ ਤੋਂ ਕੰਮ ਲਿਆ ਜਾਂਦਾ ਹੈ। ਅਨੁਮਾਨ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਕੋਈ ਵੀ ਵਿਉਤਪਤੀ ਨਵੇਂ ਤੱਥ ਸਾਹਮਣੇ ਆ ਜਾਣ ਨਾਲ ਰੱਦ ਹੋ ਸਕਦੀ ਹੈ। ਦੇਖਣਾ ਇਹ ਹੁੰਦਾ ਹੈ ਕਿ ਅੱਟਾ-ਸੱਟਾ ਤਰਕਸੰਗਤ ਤੇ ਪੁਖਤਾ ਜਾਪਦਾ ਹੈ। ਪੰਨੂ ਸਾਹਿਬ ਨੇ ਅਜੀਬ ਦੇ ਨਾਲ ਗਰੀਬ ਸ਼ਬਦ ਲੱਗ ਕੇ ਬਣੇ ਅਜੀਬੋ-ਗਰੀਬ ਸ਼ਬਦ ਨਾਲ ਗਰੀਬ ਸ਼ਬਦ ਦੀ ਬੇਇਜ਼ਤੀ ਅਤੇ ਬਦਨਾਮੀ ਹੋਈ ਮਹਿਸੂਸ ਕੀਤੀ ਹੈ। ਬੰਦਾ ਖੁਦ ਗਰੀਬ-ਪੱਖੀ ਹੀ ਨਹੀਂ ਗਰੀਬੀ ਜੜ੍ਹੋਂਂ ਖਤਮ ਕਰਨ ਦੇ ਹੱਕ ਵਿਚ ਹੈ। ਸੋ, ਆਪਾਂ ਗਰੀਬ ਦਾ ਇਹ ਹਾਲ ਨਹੀਂ ਹੋਣ ਦੇਵਾਂਗੇ, ਗਰੀਬ ਨੂੰ ਵਾਹ ਲਗਦੀ ਇਨਸਾਫ ਦੁਆਉਣ ਦਾ ਜਤਨ ਕਰਾਂਗੇ।
ਪਹਿਲਾਂ ਅਜੀਬ ਸ਼ਬਦ ਲੈਂਦੇ ਹਾਂ। ਸਭ ਜਾਣਦੇ ਹੀ ਹਨ ਕਿ ਇਸ ਦਾ ਮਤਲਬ ਅਦਭੁਤ, ਅਨੋਖਾ, ਵਿਚਿੱਤਰ, ਨਿਰਾਲਾ, ਵਿਲੱਖਣ ਆਦਿ ਹੁੰਦਾ ਹੈ। ਅਜਬ ਵੀ ਇਸੇ ਦਾ ਰੂਪ ਹੈ, ਗੁਰੂ ਰਾਮਦਾਸ ਸਾਹਿਬ ਨੇ ਤਾਂ ਪਰਮਾਤਮਾ ਦੇ ਕੰਮਾਂ ਨੂੰ ਹੀ ਅਜਬ ਕਿਹਾ ਹੈ, “ਅਜਬ ਕੰਮ ਕਰਤੇ ਹਰਿ ਕੇਰੇ॥” ਇਹ ਸ਼ਬਦ ਮੂਲ ਰੂਪ ਵਿਚ ਅਰਬੀ ਤੋਂ ਆਇਆ ਹੈ। ਅਜਬ ਤੋਂ ਹੋਰ ਵੀ ਕਈ ਸ਼ਬਦ ਬਣੇ ਹਨ ਜਿਨ੍ਹਾਂ ਵਿਚੋਂ ਇਕ ਹੈ-ਅਜੂਬਾ ਅਰਥਾਤ ਅਜੀਬ ਗੁਣ ਧਾਰਨ ਕਰਨ ਵਾਲੀ ਚੀਜ਼। ਦੁਨੀਆਂ ਦੇ ਸੱਤ ਅਜੂਬੇ ਇਸ ਕਰਕੇ ਕਹੇ ਜਾਂਦੇ ਹਨ ਕਿਉਂਕਿ ਇਨ੍ਹਾਂ ਜਿਹੀ ਅਜੀਬ ਚੀਜ਼ ਹੋਰ ਕੋਈ ਨਹੀਂ ਹੈ। ਇਸੇ ਦਾ ਅਰਬੀ ਵਿਚ ਬਹੁਵਚਨ ਬਣਿਆ ਹੈ-ਅਜਾਇਬ ਅਰਥਾਤ ਬਹੁਤੀਆਂ ਚੀਜ਼ਾਂ ਨੂੰ ਅਜੀਬ ਦਰਸਾਉਣਾ ਹੋਵੇ ਤਾਂ ਅਜਾਇਬ ਕਿਹਾ ਜਾਵੇਗਾ। ਇਸੇ ਤੋਂ ਅਜਾਇਬ ਘਰ ਸ਼ਬਦ ਬਣਿਆ ਕਿਉਂਕਿ ਇਸ ਇਮਾਰਤ ਵਿਚ ਅਜੀਬ-ਅਜੀਬ ਚੀਜ਼ਾਂ ਰੱਖੀਆਂ ਜਾਂਦੀਆਂ ਹਨ ਜਾਂ ਕਹਿ ਲਵੋ ਉਹ ਚੀਜ਼ਾਂ ਜਿਹੜੀਆਂ ਸਾਡੇ ਆਮ ਜੀਵਨ ਵਿਚ ਅਨੁਭਵ-ਗੋਚਰੇ ਨਹੀਂ ਆਉਂਦੀਆਂ। ਉਂਜ ਮੈਨੂੰ ਥੋੜ੍ਹਾ ਜਿਹਾ ਤੁਅੱਜਬ ਹੁੰਦਾ ਹੈ ਕਿ ਅਸੀਂ ਅਜਾਇਬ ਸ਼ਬਦ ਦੀ ਵਰਤੋਂ ਖਾਸ ਨਾਮ ਦੇ ਅੰਸ਼ ਵਜੋਂ ਵੀ ਵਰਤ ਲੈਂਦੇ ਹਾਂ ਜਿਵੇਂ ਅਜਾਇਬ/ਅਜੈਬ ਸਿੰਘ। ਇਹ ਨਾਂ ਅਟਪਟਾ ਇਸ ਲਈ ਵੀ ਲਗਦਾ ਹੈ ਕਿ ਜਿਵੇਂ ਪਹਿਲਾਂ ਦੱਸਿਆ, ਅਜਾਇਬ ਬਹੁ-ਵਚਨੀ ਸ਼ਬਦ ਹੈ। ਇਸ ਨਾਲੋਂ ਤਾਂ ਅਜੀਬ ਸਿੰਘ ਹੀ ਰੱਖ ਲੈਂਦੇ ਬਚਿੱਤਰ ਸਿੰਘ ਵੀ ਤਾਂ ਹੈ। ਨਾਲ ਹੀ ਇਹ ਵੀ ਦੱਸ ਦੇਈਏ ਕਿ ਪਿਛੇ ਵਰਤਿਆ ਸ਼ਬਦ ਤੁਅੱਜਬ ਜਿਸ ਦਾ ਅਰਥ ਹੈਰਾਨੀ, ਅਚੰਭਾ ਹੁੰਦਾ ਹੈ, ਵੀ ਅਰਬੀ ਵਿਆਕਰਣ ਅਨੁਸਾਰ ਅਜਬ ਤੋਂ ਹੀ ਬਣਿਆ ਹੈ। ਅਜਬ ਸ਼ਬਦ ਸਾਮੀ ਹੈ ਤੇ ਇਸ ਦਾ ਧਾਤੂ ਹੈ ਅ-ਜ-ਬ। ਇਸ ਵਿਚ ਅਨੋਖੇਪਣ ਦਾ ਭਾਵ ਹੈ। ਹੋਰ ਸਾਮੀ ਭਾਸ਼ਾਵਾਂ ਵਿਚ ਇਸ ਧਾਤੂ ਤੋਂ ਬਣੇ ਹੋਰ ਸ਼ਬਦ ਵੀ ਹਨ ਪਰ ਇਥੇ ਉਨ੍ਹਾਂ ਦਾ ਜ਼ਿਕਰ ਕੁਥਾਵਾਂ ਹੋਵੇਗਾ ਕਿਉਂਕਿ ਉਹ ਪੰਜਾਬੀ ਵਿਚ ਨਹੀਂ ਆਏ।
ਹੁਣ ਆਈਏ ਗਰੀਬ ਸ਼ਬਦ ‘ਤੇ। ਅਜੀਬ ਦੀ ਤਰ੍ਹਾਂ ਗਰੀਬ ਸ਼ਬਦ ਵੀ ਸਾਮੀ ਮੂਲ ਦਾ ਹੈ ਤੇ ਹੋਰ ਸਾਮੀ ਭਾਸ਼ਾਵਾਂ ਵਿਚ ਇਸ ਤੋਂ ਬਣੇ ਸ਼ਬਦ ਮਿਲਦੇ ਹਨ। ਤੁਅੱਜਬ ਵਾਲੀ ਇਕ ਹੋਰ ਗੱਲ ਹੈ ਕਿ ਇਸ ਸ਼ਬਦ ਦੇ ਧਾਤੂ ਗ-ਰ-ਬ ਵਿਚ ਦੂਰ ਜਾਣ, ਛੁਪਣ, ਵਾਂਝੇ ਹੋਣ ਦਾ ਭਾਵ ਹੈ। ਅਸਲ ਵਿਚ ਦੂਰ ਜਾਣ ਵਿਚ ਵੀ ਛੁਪਣ, ਅਸਤ ਹੋਣ ਦੇ ਭਾਵ ਹਨ। ਸਰੋਤਾਂ ਅਨੁਸਾਰ ਇਸ ਦੇ ਪ੍ਰਾਚੀਨ ਹਿਬਰੂ ਰੂਪ ਕਾਲੇਪਣ, ਹਨੇਰਾ, ਪੱਛਮ ਦੇ ਭਾਵ ਹਨ। ਅਰਬ ਦੇ ਪਛਮ ਵਿਚ ਜਿਥੇ ਅਰਬ ਦੇ ਦ੍ਰਿਸ਼ਟੀਕੋਣ ਤੋਂ ਸੂਰਜ ਛੁਪਦਾ ਹੈ, ਅਫਰੀਕਾ ਕਹਾਉਂਦਾ ਹੈ ਤੇ ਇਥੇ ਕਾਲੇ ਲੋਕ ਵਸਦੇ ਹਨ ਜਿਨ੍ਹਾਂ ਨੂੰ ਆਮ ਆਮ ਭਾਸ਼ਾ ਵਿਚ ਹਬਸ਼ੀ ਕਿਹਾ ਜਾਂਦਾ ਹੈ। ਇਹ ਲੋਕ ਗੋਰੇ ਦੇਸ਼ਾਂ ਦੀ ਤਰ੍ਹਾਂ ਅਰਬ ਦੇਸ਼ਾਂ ਵਿਚ ਵੀ ਕਿਸੇ ਸਮੇਂ ਖਰੀਦੇ ਜਾਂਦੇ ਸਨ। ਸੋ, ਗਰਬ ਧਾਤੂ ਦੇ ਛੁਪਣ, ਅਸਤ ਹੋਣ ਦੇ ਭਾਵ ਤੋਂ ਪੱਛਮ ਦੇ ਭਾਵ ਪੈਦਾ ਹੋਏ, ਪੱਛਮ ਦੇ ਲੋਕ (ਅਫਰੀਕੀ) ਕਿਉਂਕਿ ਕਾਲੇ ਸਨ ਇਸ ਲਈ ਇਸ ਵਿਚ ਕਾਲੇਪਣ ਦਾ ਭਾਵ ਆਇਆ ਤੇ ਅੱਗੋਂ ਕਿਉਂਕਿ ਇਹ ਲੋਕ ਗਲਾਮਾਂ ਦੀ ਹੈਸੀਅਤ ਵਾਲੇ ਸਨ, ਇਸ ਲਈ ਇਸ ਧਾਤੂ ਤੋਂ ਬਣੇ ਸ਼ਬਦ ਗਰਬਿ ਵਿਚ ਨਿਰਧਨ, ਮਸਕੀਨ ਸਨ ਦੇ ਅਰਥ ਸਮਾ ਗਏ। ਇਥੇ ਗੁਰਬਾ ਸ਼ਬਦ ਵੀ ਵਿਚਾਰਿਆ ਜਾ ਸਕਦਾ ਹੈ। ਅਸੀਂ ਦੇਖਿਆ ਹੈ ਕਿ ਗਰਬ ਧਾਤੂ ਵਿਚ ਵੰਚਿਤ ਹੋਣ ਦੇ ਭਾਵ ਹਨ। ਸੋ ਜਿਹੜਾ ਵਿਅਕਤੀ ਦੂਰ-ਦੁਰਾਡੇ ਦੇ ਸਫਰ ਕਰਦਾ ਹੈ, ਉਸ ਦਾ ਹਾਲ ਮੰਦਾ ਹੀ ਹੁੰਦਾ ਹੈ। ਉਹ ਸਹੂਲਤਾਂ ਤੋਂ ਵਾਂਝਾ ਹੋਇਆ ਦਿਸਦਾ ਹੈ। ਇਸ ਕਰਕੇ ਅਜਿਹੇ ਦੇਸ਼ ਤੋਂ ਭਟਕੇ ਬੰਦੇ ਲਈ ਗਰੀਬ-ਗੁਰਬਾ ਸ਼ਬਦ ਪ੍ਰਚਲਿਤ ਹੋਇਆ।
ਬਹੁਤ ਸਾਰੇ ਪਾਠਕ ਜਾਣਦੇ ਹੋਣਗੇ ਕਿ ਪੱਛਮ ਨੂੰ ਅਰਬੀ ਫਾਰਸੀ ਵਿਚ ਮਗਰਬ ਵੀ ਕਿਹਾ ਜਾਂਦਾ ਹੈ। ਅਰਬੀ ਵਿਚ ਕਿਸੇ ਸ਼ਬਦ ਦੇ ਅੱਗੇ “ਮ” ਅਗੇਤਰ ਲੱਗ ਕੇ ਬਹੁਤ ਸਾਰੇ ਸ਼ਬਦ ਬਣ ਜਾਂਦੇ ਹਨ ਜਿਵੇਂ ਕਤਲ ਤੋਂ ਮਕਤਲ, ਜ਼ੁਲਮ ਤੋਂ ਮਜ਼ਲੂਮ, ਜਲਸ ਤੋਂ ਮਜਲਿਸ ਆਦਿ। ਮਗਰਬ ਵੀ ਇਸੇ ਤਰ੍ਹਾਂ ਗਰਬ ਧਾਤੂ ਤੋਂ ਬਣਿਆ ਜਿਸ ਦੇ ਅਰਥ ਅਸੀਂ ਪਹਿਲਾਂ ਛੁਪਣਾ ਆਦਿ ਦੱਸ ਚੁੱਕੇ ਹਾਂ। ਸੋ, ਮਗਰਿਬ ਉਹ ਹੋਇਆ ਜਿੱਥੇ ਸੂਰਜ ਛਿਪਦਾ ਹੈ। ਜੋ ਦੇਸ਼ ਛੱਡ ਕੇ ਰੁਜ਼ਗਾਰ ਦੀ ਖਾਤਿਰ ਦੂਰ ਜਾਂਦਾ ਹੈ, ਪਰਦੇਸ ਜਾਂਦਾ ਹੈ, ਉਹ ਮੂਲ ਰੂਪ ਵਿਚ ਗਰੀਬ ਹੀ ਹੋਵੇਗਾ। ਮੁਢਲੇ ਤੌਰ ‘ਤੇ ਗਰੀਬ ਸ਼ਬਦ ਵਿਚ ਪਰਦੇਸੀ, ਅਜਨਬੀ, ਘੁਮੱਕੜ ਆਦਿ ਦੇ ਭਾਵ ਸਨ। ਜੋ ਅਜਨਬੀ ਬਣ ਗਿਆ, ਦੂਰ ਦੇਸ਼ ਦਾ ਹੋ ਗਿਆ, ਉਸ ਵਿਚ ਅਜਨਬੀ ਗੁਣ ਹੋਣਗੇ। ਉਹ ਆਮ ਲੋਕਾਂ ਦੀ ਤਰ੍ਹਾਂ ਨਹੀਂ ਹੋਵੇਗਾ, ਅਨੋਖਾ ਹੋਵੇਗਾ, ਵਿਚਿੱਤਰ ਹੋਵੇਗਾ ਜਾਂ ਕਹੋ ਅਜੀਬ ਹੋਵੇਗਾ। ਇਥੋਂ ਹੀ ਸ਼ਬਦ ਜੁੱਟ ਬਣ ਗਿਆ ਅਜੀਬੋ-ਗਰੀਬ (ਅਜੀਬ-ਓ-ਗਰੀਬ) ਅਰਥਾਤ ਪਰਦੇਸੀ ਜਾਂ ਅਜਨਬੀ ਦੀ ਤਰ੍ਹਾਂ ਅਜੀਬ। ਗਰੀਬ ਸ਼ਬਦ ਤੋਂ ਹੀ ਗਰੀਬਖਾਨਾ ਬਣ ਗਿਆ ਅਰਥਾਤ ਆਪਣੇ ਵਧੀਆ ਘਰ ਨੂੰ ਵੀ ਨਿਮਰਤਾ ਸਹਿਤ ਗਰੀਬ ਦੀ ਰਿਹਾਇਸ਼ ਕਹਿਣਾ। ਬਹੁਤ ਸਾਰੇ ਅਰਬੀ ਨਾਂਵਾਂ ਵਿਚ ਵੀ ਗਰੀਬ ਸ਼ਬਦ ਲਗਦਾ ਹੈ। ਪੰਜਾਬ ਵਿਚ ਵੀ ਤਾਂ ਗਰੀਬ ਸਿੰਘ, ਗਰੀਬੂ ਹੁੰਦੇ ਹਨ। ਇਹ ਤੁਹਾਡੇ ਸੋਚਣ ‘ਤੇ ਹੈ ਕਿ ਤੁਸੀਂ ਇਸ ਵਿਚ ਗਰੀਬ ਸ਼ਬਦ ਦੇ ਕਿਹੜੇ ਅਰਥ ਲੈਣੇ ਹਨ।
Leave a Reply