ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਪੰਦਰਾਂ ਜੂਨ ਨੂੰ ਪਿਤਾ ਦਿਵਸ ਦਾ ਦਿਹਾੜਾ ਮਨਾਇਆ ਗਿਆ। ਫੇਸਬੁੱਕ ਅਤੇ ਟਵਿਟਰ ਉਤੇ ‘ਹੈਪੀ ਫਦਰ ਡੇ’ ਦੇ ਸੁਨੇਹੇ ਆਉਂਦੇ ਰਹੇ। ਮੈਂ ਵੀ ਆਪਣੇ ਪਿਤਾ ਜੀ ਦੀ ਫੋਟੋ ਫੇਸਬੁੱਕ ‘ਤੇ ਪਾ ਕੇ ਆਪਣੇ ਸਾਥੀਆਂ ਸੱਜਣਾਂ ਸੰਗ ਹਾਜ਼ਰੀ ਲੁਆ ਦਿੱਤੀ। ਪਿਤਾ ਜੀ ਦੀ ਫੋਟੋ ਤੱਕ ਕੇ ਮੈਂ ਸਤਾਰਾਂ ਸਾਲ ਪਿੱਛੇ ਉਥੇ ਚਲਾ ਗਿਆ ਜਿਥੋਂ ਮੈਂ ਬਾਹਰ ਆਉਣ ਲਈ ਤਰਲੋਮੱਛੀ ਹੋ ਰਿਹਾ ਸੀ। ਮੈਂ ਗਰੀਬੀ ਦੀਆਂ ਜ਼ੰਜੀਰਾਂ ਤੋਂ ਆਪ ਅਤੇ ਪਰਿਵਾਰ ਨੂੰ ਆਜ਼ਾਦ ਕਰਵਾਉਣ ਲਈ ਕੰਡਿਆਲੇ ਬਾਰਡਰ ਟੱਪਣ ਲਈ ਵੀ ਤਿਆਰ ਸੀ। ਪਿਤਾ ਜੀ ਨੂੰ ਭਾਈਆਂ ਦੇ ਬਟਵਾਰੇ ਨੇ ਝੰਜੋੜ ਸੁੱਟਿਆ ਸੀ। ਜਿਨ੍ਹਾਂ ਭਰਾਵਾਂ ਲਈ ਸਾਰੀ ਜਵਾਨੀ ਬਾਹਰ ਕੱਢ ਦਿੱਤੀ, ਉਨ੍ਹਾਂ ਨੇ ਹੀ ਪਿਤਾ ਨੂੰ ਮੱਖਣ ਦੇ ਵਾਲ ਵਾਂਗ ਸਾਰੀ ਜਾਇਦਾਦ ਅਤੇ ਖੇਤੀਬਾੜੀ ਦੇ ਸੰਦਾਂ ਵਿਚੋਂ ਬਾਹਰ ਕੱਢ ਦਿੱਤਾ ਸੀ। ਮੈਂ ਆਪਣੇ ਪਿਤਾ ਦੇ ਸਬਰ-ਸੰਤੋਖ ਨੂੰ ਸਲਾਮ ਕਰਦਾ ਹਾਂ ਜਿਸ ਨੇ ਕਹਿ ਦਿੱਤਾ, “ਕੋਈ ਨਾ, ਵਾਹਿਗੁਰੂ ਹੋਰ ਦੇਊਗਾ।” ਪਰ ਇਹ ਵੀ ਆਖਦਾ, “ਕੀ ਹੋਰ ਦੁੱਖ ਦੇਊਗਾ?” ਪਿਤਾ ਜੀ ਦਾ ਸਾਧੂ ਸੁਭਾਅ ਮੈਨੂੰ ਚੰਗਾ ਨਾ ਲੱਗਦਾ। ਮੈਂ ਕਹਿੰਦਾ, “ਤੁਸੀਂ ਆਪਣੇ ਹਿੱਸੇ ਖਾਤਰ ਭਰਾਵਾਂ ਨਾਲ ਲੜਦੇ ਕਿਉਂ ਨਹੀਂ?” ਸ਼ਰੀਕੇ ਵਾਲੇ ਵੀ ਚਾਚਿਆਂ ਦਾ ਹੱਕ ਪੂਰ ਗਏ ਸਨ।
ਮੈਨੂੰ ਚੰਗੀ ਤਰ੍ਹਾਂ ਯਾਦ ਹੈæææ ਅਕਤੂਬਰ 1997 ਦੀ ਗੱਲ ਹੈ। ਅਸੀਂ ਝੋਨੇ ਦੀ ਪਰਾਲੀ ਨੂੰ ਅੱਗ ਲਾ ਰਹੇ ਸੀ। ਛੋਟਾ ਭਰਾ ਆਥਣ ਵਾਲੀ ਚਾਹ ਲੈ ਕੇ ਆ ਗਿਆ। ਅਸੀਂ ਤੂਤ ਦੀ ਛਾਂ ਥੱਲੇ ਬੈਠ ਚਾਹ ਪੀਣ ਲੱਗ ਗਏ। ਚਾਹ ਪੀਂਦਿਆਂ ਮੈਂ ਪਿਤਾ ਜੀ ਨੂੰ ਕਿਹਾ, “ਮੈਨੂੰ ਪੈਸੇ ਦੇਵੋ, ਮੈਂ ਬਾਹਰਲੇ ਕੰਟਰੀ ਜਾਣਾ ਹੈ। ਇਥੇ ਰਹਿ ਕੇ ਆਪਣਾ ਕੁਝ ਨਹੀਂ ਬਣਨਾ।”
ਸੱਚ ਜਾਣਿਓ, ਪਿਤਾ ਜੀ ਦੇ ਜਵਾਬ ਤੋਂ ਪਹਿਲਾਂ, ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਫਿਰ ਮਨ ਨੂੰ ਟਿਕਾਣੇ ਕਰ ਕੇ ਬੋਲੇ, “ਤੈਨੂੰ ਇੱਥੇ ਰੋਟੀ ਨਹੀਂ ਮਿਲਦੀ।”
“ਗੱਲ ਰੋਟੀ ਦੀ ਨਹੀਂ ਹੈ! ਮੇਰਾ ਛੋਟਾ ਭਰਾ ਹੈ, ਭੈਣ ਹੈ। ਅੱਗਿਉਂ ਮੇਰੇ ਦੋ ਪੁੱਤਰ ਵੀ ਹਨ। ਇਨ੍ਹਾਂ ਦਾ ਭਵਿੱਖ ਬਣਾਉਣ ਲਈ ਕੁਝ ਕਰਨਾ ਹੀ ਪੈਣਾ ਹੈ। ਜੇ ਕੁਝ ਨਾ ਕੀਤਾ ਤਾਂ ਅਗਲੇ ਕੁਝ ਸਾਲਾਂ ਵਿਚ ਜਿਥੇ ਆਪਾਂ ਬੈਠੇ ਹਾਂ, ਇਹ ਖੇਤ ਆਪਣੇ ਨਹੀਂ ਰਹਿਣੇ। ਜਦੋਂ ਆਮਦਨ ਘੱਟ ਤੇ ਖਰਚੇ ਵੱਧ ਹੋਣ ਤਾਂ ਘਰੇ ਲੜਾਈ-ਕਲੇਸ਼ ਹੋਣਾ ਲਾਜ਼ਮੀ ਹੈ।” ਮੈਂ ਇਸ ਗੱਲ ਤੋਂ ਡਰਦਾ ਸੀ। ਪਿਤਾ ਜੀ ਨੇ ਆਪਣੀ ਕਮਾਈ ਵਿਚੋਂ ਜੋੜੀ ਰਕਮ ਦਾ ਹਿਸਾਬ ਲਾ ਕੇ ਤੀਹ ਹਜ਼ਾਰ ਰੁਪਏ ਦੇਣ ਦਾ ਹੁੰਗਾਰਾ ਭਰ ਲਿਆ। ਤੀਹ ਹਜ਼ਾਰ ਨਾਲ ਤਾਂ ਕੁਝ ਵੀ ਨਹੀਂ ਸੀ ਬਣਨਾ। ਹੁਣ ਜਾਂ ਤਾਂ ਜ਼ਮੀਨ ਦਾ ਕਿੱਲਾ ਬੈਅ ਹੋਣਾ ਸੀ ਜਾਂ ਫਿਰ ਕਿਸੇ ਤੋਂ ਵਿਆਜੂ ਰੁਪਏ ਲੈਣ ਪੈਣੇ ਸਨ। ਪਿਤਾ ਜੀ ਨੇ ਸਾਰੀ ਉਮਰ ਕਿਸੇ ਤੋਂ ਇਕ ਰੁਪਿਆ ਵੀ ਵਿਆਜ ‘ਤੇ ਨਹੀਂ ਸੀ ਲਿਆ, ਤੇ ਨਾ ਹੁਣ ਲੈਣਾ ਚਾਹੁੰਦੇ ਸਨ। ਉਧਰ ਮੈਨੂੰ ਮੇਰਾ ਪਿੰਡ ਤਿਹਾੜ ਜੇਲ੍ਹ ਵਾਂਗ ਜਾਪਦਾ ਸੀ, ਮੈਂ ਕਿਵੇਂ ਨਾ ਕਿਵੇਂ ਉਥੋਂ ਨਿਕਲਣਾ ਚਾਹੁੰਦਾ ਸੀ ਪਰ ਰੁਪਿਆਂ ਤੋਂ ਬਿਨਾਂ ਗੱਲ ਨਾ ਬਣੀ। ਮੇਰੇ ਅੰਦਰ, ਵਿਦੇਸ਼ ਜਾਣ ਦੀ ਪਰਵਾਜ਼ ਲਈ ਜੱਦੋਜਹਿਦ ਜਾਰੀ ਸੀ। ਪਿੰਡ ਦਾ ਕੋਈ ਵੀ ਬੰਦਾ ਕਿਸੇ ਵੀ ਦੇਸ਼ ਵਿਚੋਂ ਵਾਪਸ ਪਿੰਡ ਆਉਂਦਾ, ਤਾਂ ਮੈਂ ਉਸ ਦੀ ਦੋ ਘੰਟੇ ਚੌਂਕੀ ਜ਼ਰੂਰ ਭਰਦਾ। ਉਸ ਤੋਂ ਬਾਹਰ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ।
ਖ਼ੈਰ! ਝੋਨੇ ਦੀ ਫਸਲ ਸਾਂਭ ਕੇ ਕਣਕ ਬੀਜ ਦਿੱਤੀ। ਘਰੋਂ ਖੇਤ ਤੇ ਖੇਤੋਂ ਘਰ ਦੇ ਚੱਕਰਾਂ ਵਿਚ ਤੁਰੇ ਰਹਿੰਦੇ। ਫਿਰ ਇਕ ਦਿਨ ਮੇਰੇ ਇਟਲੀ ਰਹਿੰਦੇ ਮਿੱਤਰਾਂ ਦਾ ਫੋਨ ਆਇਆ ਜਿਨ੍ਹਾਂ ਨੇ ਇਟਲੀ ਵਾਸਤੇ ਕਿਸੇ ਏਜੰਟ ਦਾ ਨੰਬਰ ਦਿੱਤਾ। ਇਹ ਏਜੰਟ ਸਮਰਾਲੇ ਕੋਲ ਗਹਿਲੇਵਾਲਾ ਦਾ ਦਰਸ਼ਨ ਸਿੰਘ ਆੜ੍ਹਤੀਆ ਸੀ। ਉਸ ਨੂੰ ਫੋਨ ਕਰ ਕੇ ਮਿਲਿਆ, ਤਾਂ ਉਸ ਨੇ ਢਾਈ ਲੱਖ ਵਿਚ ਇਟਲੀ ਪਹੁੰਚਾਉਣ ਦੀ ਗੱਲ ਕਹੀ। ਗੱਲ ਫਿਰ ਉਥੇ ਦੀ ਉਥੇ ਸੀæææ ਰੁਪਏ ਦਾ ਪ੍ਰਬੰਧ ਕਿਵੇਂ ਕੀਤਾ ਜਾਵੇ। ਮੇਰੇ ਨਾਂ ਕੁਝ ਵੀ ਨਹੀਂ ਸੀ, ਤੇ ਪਿਤਾ ਜੀ ਨੇ ਕਿਤੇ ਦਸਤਖ਼ਤ ਕਰਨ ਲਈ ਤਿਆਰ ਨਹੀਂ ਸੀ ਹੋਣਾ। ਫਿਰ ਇਕ ਲੱਖ ਤਾਂ ਮੇਰੇ ਮਿੱਤਰ ਨੇ ਭੇਜ ਦਿੱਤਾ, ਤੇ ਇਕ ਲੱਖ ਮੈਂ ਆਪਣੇ ਸਹੁਰਿਆਂ ਤੋਂ ਲੈ ਆਇਆ। ਬਾਕੀ ਆਪ ਇਕੱਠੇ ਕਰ ਕੇ ਏਜੰਟ ਨੂੰ ਫੜਾ ਦਿੱਤੇ। ਛੇਤੀ-ਛੇਤੀ ਕਰਦਿਆਂ ਏਜੰਟਾਂ ਨੇ ਆਪਣੀ ਚਾਲ ਕੀੜੀ ਚਾਲ ਵਿਚ ਬਦਲ ਲਈ, ਤੇ ਮੈਂ ਦੋ ਮਹੀਨੇ ਦਿੱਲੀ ਬੈਠ ਕੇ ਵਾਪਸ ਪਿੰਡ ਆ ਕੇ ਝੋਨੇ ਦੀ ਫਸਲ ਸਾਂਭਣ ਲੱਗ ਪਿਆ। ਫਿਰ ਪੂਰੇ ਛੇ ਮਹੀਨਿਆਂ ਬਾਅਦ ਮੈਨੂੰ ਦਰਸ਼ਨ ਸਿੰਘ ਨੇ ਪਾਸਪੋਰਟ ਅਤੇ ਰੁਪਏ ਵਾਪਿਸ ਕਰ ਦਿੱਤੇ, ਸਿਰਫ ਪੰਜ ਹਜ਼ਾਰ ਰੁਪਇਆ ਕੱਟਿਆ। ਮੈਂ ਦਿੱਲੀਉਂ ਹੋਰ ਤਾਂ ਕੁਝ ਲਿਆਇਆ ਨਹੀਂ ਸੀ ਪਰ ਆਪਣੀ ਦਸਤਾਰ ਤੇ ਕੇਸ ਲੁਹਾ ਆਇਆ ਸੀ। ਪਿੰਡ ਵਾਲਿਆਂ ਨੇ ਟਿੱਚਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਪਿਤਾ ਜੀ ਨੇ ਕੁਝ ਨਹੀਂ ਕਿਹਾ। ਸ਼ਾਇਦ ਉਨ੍ਹਾਂ ਨੂੰ ਮੇਰੇ ਮੁੜਨ ਦੀ ਖੁਸ਼ੀ ਹੋਈ ਹੋਵੇਗੀ ਕਿਉਂਕਿ ਪਿਤਾ ਜੀ ਮੈਨੂੰ ਅੱਖਾਂ ਤੋਂ ਪਰ੍ਹੇ ਨਹੀਂ ਸੀ ਕਰਨਾ ਚਾਹੁੰਦੇ।
ਖੈਰ! ਮੈਂ ਉਦਾਸੇ ਜਿਹੇ ਮਨ ਨਾਲ ਤੁਰਿਆ ਤਾਂ ਫਿਰਦਾ ਸੀ ਪਰ ਕਿਸੇ ਮਰੀਜ਼ ਵਾਂਗ ਮੇਰਾ ਹਾਲ ਮਾੜਾ ਹੀ ਸੀ। ਇੰਜ ਚੱਕਰਾਂ ਵਿਚ ਘੁੰਮਦਿਆਂ ਮੇਰੀ ਮੁਲਾਕਾਤ ਪਿੰਡ ਦੇ ਇਕ ਬੰਦੇ ਨਾਲ ਹੋਈ ਜਿਸ ਨੇ ਸ਼ਿੱਪ ‘ਤੇ ਚੜ੍ਹਨ ਲਈ ਕਿਹਾ। ਮੈਂ ਸ਼ਿੱਪ ਬਾਰੇ ਉਕਾ ਹੀ ਅਣਜਾਣ ਸੀ। ਉਸ ਨੇ ਆਪ ਵੀ ਨਾਲ ਜਾਣ ਲਈ ਹਾਮੀ ਭਰ ਲਈ, ਰੁਪਏ ਮੇਰੇ ਹੀ ਲੱਗਣੇ ਸਨ; ਯਾਨਿ ਦੋਵਾਂ ਦਾ ਸਾਢੇ ਤਿੰਨ ਲੱਖ ਰੁਪਏ। ਮੈਂ ਵੀ ਹਾਮੀ ਭਰ ਦਿੱਤੀ। ਅਸੀਂ ਮੁਹਾਲੀ ਮੇਵਾ ਸਿੰਘ ਨੂੰ ਜਾ ਮਿਲੇ। ਉਸ ਨੇ ਪਾਸਪੋਰਟ ਫੜ ਲਏ। ਘਰੇ ਆ ਕੇ ਮੈਂ ਫਿਰ ਪਿਤਾ ਜੀ ਦੁਆਲੇ ਘੁੰਮਣ ਲੱਗਿਆ। ਪਿਤਾ ਜੀ ਲਈ ਇੰਨੇ ਰੁਪਏ ਇਕੱਠੇ ਕਰਨੇ ਮੁਸ਼ਕਲ ਸਨ, ਪਰ ਮੇਰੀ ਜ਼ਿਦ ਜ਼ਿੰਦਾਬਾਦ ਸੀ। ਦੋ-ਤਿੰਨ ਸਾਲਾਂ ਵਿਚ ਸਾਡਾ ਚਾਚਿਆਂ ਵੱਲ ਆਉਣਾ-ਜਾਣਾ ਫਿਰ ਸ਼ੁਰੂ ਹੋ ਗਿਆ ਸੀ। ਮੈਂ ਰੁਪਿਆਂ ਦਾ ਸਵਾਲ ਉਨ੍ਹਾਂ ਨੂੰ ਪਾ ਦਿੱਤਾ। ਉਹ ਦੋਵੇਂ ਹੀ ਹੱਥ ਖੜ੍ਹੇ ਕਰ ਗਏ, ਹਾਲਾਂਕਿ ਉਨ੍ਹਾਂ ਦੀ ਸਮਰੱਥਾ ਹੈ ਸੀ, ਪਰ ਪਤਾ ਨਹੀਂ ਕਿਉਂ ਉਨ੍ਹਾਂ ਜਵਾਬ ਦੇ ਦਿੱਤਾ। ਫਿਰ ਸਾਡੇ ਪਿੰਡ ਦਾ ਇਕ ਬੰਦਾ ਵਿਆਜ ‘ਤੇ ਢਾਈ ਲੱਖ ਰੁਪਏ ਦੇਣੇ ਮੰਨ ਲਿਆ। ਮੈਂ ਇਹ ਰੁਪਏ ਪਿੰਡ ਵਾਲੇ ਬੰਦੇ ਨਾਲ ਜਾ ਕੇ ਏਜੰਟ ਨੂੰ ਦੇ ਦਿੱਤੇ। ਅਗਲੇ ਦਿਨ ਮਦਰਾਸ ਤੋਂ ਸ਼ਿੱਪ ਫੜ ਲਿਆ। ਪਿਤਾ ਜੀ ਪਿੱਛੋਂ ਅੱਖਾਂ ਭਰ ਕੇ ਕਹਿੰਦੇ, ਜ਼ਿੱਦੀ ਹੱਟਿਆ ਨਹੀਂ, ਘਰ ਦੀ ਰੌਣਕ ਵੀ ਨਾਲ ਲੈ ਗਿਆ।
ਮੈਨੂੰ ਵੀ ਘਰ ਛੱਡਣਾ ਔਖਾ ਲੱਗਦਾ ਸੀ ਪਰ ਕੋਈ ਸ਼ੌਕ ਨੂੰ ਘਰੋਂ ਪੈਰ ਨਹੀਂ ਪੁੱਟਦਾ! ਮਜਬੂਰੀਆਂ ਹੀ ਪੈਰ ਪੁੱਟਣ ਲਈ ਮਜਬੂਰ ਕਰਦੀਆਂ ਹਨ। ਸ਼ਿੱਪ ਰਾਹੀਂ ਮੈਂ ਅਮਰੀਕਾ ਪਹੁੰਚ ਗਿਆ। ਇਥੇ ਆ ਕੇ ਵਿਆਜੂ ਰੁਪਏ ਮੋੜ ਕੇ ਹੋਰ ਰੁਪਏ ਜੋੜਨ ਲੱਗ ਪਿਆ। ਇਥੇ ਬੇਸ਼ੱਕ ਮੇਰੀ ਆਮਦਨ ਥੋੜ੍ਹੀ ਸੀ ਪਰ ਮੇਰੇ ਖਰਚੇ ਵੀ ਨਾਂ-ਮਾਤਰ ਸਨ। ਅੰਦਰ ਕੁਝ ਕਰਨ ਦੀ ਕਾਹਲ ਸੀ। ਰੁਪਏ ਜੋੜ ਕੇ ਪਹਿਲੀ ਵਾਰ ਪੰਜ ਕਿੱਲੇ ਜ਼ਮੀਨ ਖਰੀਦੀ। ਪਿਤਾ ਜੀ ਨੇ ਜਦੋਂ ਇਹ ਸੁਣਿਆ ਕਿ ਮੇਰੇ ਕੋਲ ਪੰਜ ਕਿੱਲੇ ਬੈਅ ਲੈਣ ਜੋਗੇ ਰੁਪਏ ਹਨ ਤਾਂ ਉਹ ਰੋ ਪਏ। ਪਿਤਾ ਜੀ ਦੇ ਸਬਰ-ਸੰਤੋਖ ਨੂੰ ਫਲ ਲੱਗ ਗਿਆ ਸੀ। ਉਨ੍ਹਾਂ ਦਾ ਸਾਧੂ ਸੁਭਾਅ ਮੈਨੂੰ ਵੀ ਚੰਗਾ ਲੱਗਣ ਲੱਗ ਪਿਆ ਸੀ। ਉਨ੍ਹਾਂ ਨੇ ਮੈਨੂੰ ਹਮੇਸ਼ਾ ਸਬਰ, ਸੰਤੋਖ ਤੇ ਨਿਮਰਤਾ ਦਾ ਪਾਠ ਪੜ੍ਹਾਇਆ ਸੀ। ਮੈਂ ਕਈ ਵਾਰ ਇਸ ਰਾਹ ਤੋਂ ਡੋਲ ਜਾਂਦਾ ਰਿਹਾ ਪਰ ਹੁਣ ਮੈਨੂੰ ਯਕੀਨ ਹੋ ਗਿਆ ਕਿ ਫਲ ਹਮੇਸ਼ਾ ਨੀਵਿਆਂ ਰੁੱਖਾਂ ਨੂੰ ਲੱਗਦੇ ਹਨ।
ਫੋਨ ਦੀ ਘੰਟੀ ਨੇ ਮੈਨੂੰ ਆਪਣੇ ਅਤੀਤ ਵਿਚੋਂ ਬਾਹਰ ਕੱਢ ਲਿਆਂਦਾ। ਮੈਂ ਫੋਨ ਸੁਣ ਕੇ ਬਾਹਰ ਨਿਕਲ ਗਿਆ। ਸੈਰ ਕਰਦਿਆਂ ਮੈਂ ਉਸੇ ਬਜ਼ੁਰਗ ਜੋੜੇ ਨੂੰ ਜਾ ਫਤਹਿ ਬੁਲਾਈ। ਅੱਜ ਉਨ੍ਹਾਂ ਦੇ ਚਿਹਰੇ ‘ਤੇ ਖੁਸ਼ੀ ਨੱਚ ਰਹੀ ਸੀ। ਬਿੱਲੂ ਨੇ ਆਉਣ ਦਾ ਪੱਕਾ ਵਾਅਦਾ ਕੀਤਾ ਸੀ। ਉਹ ‘ਮਾਂ ਦਿਵਸ’ ਉਤੇ ਤਾਂ ਨਹੀਂ ਸੀ ਆਇਆ, ਪਰ ਅੱਜ ਜ਼ਰੂਰ ਆਉਣ ਲਈ ਕਿਹਾ ਸੀ। ਬੇਬੇ ਨੇ ਚਾਹ ਬਣਾ ਲਈ। ਮੈਂ ਵੀ ਗੱਲੀਂ ਲੱਗ ਗਿਆ। ਬੇਬੇ ਪੂਰੀ ਖੁਸ਼ ਸੀ। ਮੈਨੂੰ ਵੀ ਤਸੱਲੀ ਹੋ ਗਈ ਕਿ ਚਲੋ ਅੱਜ ਬਾਪੂ ਦਾ ਪੁੱਤ ਆ ਕੇ ਬਾਪੂ ਨੂੰ ਕੋਈ ਤੋਹਫ਼ਾ ਦੇ ਜਾਊਗਾ, ‘ਮਾਂ ਦਿਵਸ’ ਉਤੇ ਦਿੱਤੇ ਜ਼ਖ਼ਮਾਂ ‘ਤੇ ਮਲ੍ਹਮ ਲਾ ਜਾਊਗਾ। ਬੇਬੇ ਨੂੰ ਪੁੱਛਿਆ ਕਿ ਅੱਜ ਐਤਵਾਰ ਹੈ, ਗੁਰਦੁਆਰੇ ਨਹੀਂ ਗਏ, ਤਾਂ ਬੇਬੇ ਨੇ ਦੱਸਿਆ ਕਿ ਉਨ੍ਹਾਂ ਨੂੰ ਸਲੀਮ ਸਵੇਰੇ ਹੀ ਮੱਥਾ ਟੇਕਣ ਲੈ ਗਿਆ ਸੀ। ਮੇਰੇ ਦਿਲ ਵਿਚ ਕਈ ਸਵਾਲ ਉਠਦੇ ਹਨ ਕਿ ਅਸੀਂ ਕਿੰਨੇ ਮਤਲਬਪ੍ਰਸਤ ਹੋ ਗਏ ਹਾਂ। ਆਪਣੇ ਮਾਪਿਆਂ ਨੂੰ ਵੀ ਮਤਲਬ ਲਈ ਹੀ ਮਿਲਦੇ ਹਾਂ ਤੇ ਆਹ ਕੋਈ ਪਾਕਿਸਤਾਨੀ ਭਾਈਜਾਨ ਬਗੈਰ ਕਿਸੇ ਮਤਲਬ ਇਸ ਬਜ਼ੁਰਗ ਜੋੜੇ ਦੀ ਸੇਵਾ ਕਰਦਾ ਹੈ।æææ
ਮੈਂ ਚਾਹ ਪੀ ਕੇ ਵਾਪਸ ਆ ਗਿਆ ਅਤੇ ਤਿਆਰ ਹੋ ਕੇ ਗੁਰਦੁਆਰੇ ਚਲਿਆ ਗਿਆ। ਸ਼ਾਮ ਨੂੰ ਪੰਜਾਬੀ ਸਾਹਿਤ ਸਭਾ (ਕੈਲੀਫੋਰਨੀਆ) ਦੀ ਮੀਟਿੰਗ ਅਤੇ ਕਵੀ ਦਰਬਾਰ ਵਿਚ ਹਾਜ਼ਰੀ ਲੁਆ ਕੇ ਵਾਪਸ ਘਰ ਆ ਗਿਆ। ਫਿਰ ਉਸ ਬਜ਼ੁਰਗ ਜੋੜੇ ਕੋਲ ਗਿਆ ਤਾਂ ਦੇਖਿਆ ਉਨ੍ਹਾਂ ਦੇ ਚਿਹਰਿਆਂ ਤੋਂ ਖੁਸ਼ੀ ਗਾਇਬ ਸੀ। ਘਰ ਵਿਚ ਚਾਰੇ ਪਾਸੇ ਉਦਾਸੀ ਛਾਈ ਹੋਈ ਸੀ। ਬੇਬੇ ਤੋਂ ਕਾਰਨ ਪੁੱਛਿਆ ਤਾਂ ਬੇਬੇ ਨੇ ਦੱਸਿਆ ਕਿ ਬਿੱਲੂ ਪੁੱਤ ਆਇਆ ਸੀ।
“ਫਿਰ ਤਾਂ ਖੁਸ਼ੀ ਦੀ ਗੱਲ ਹੋਈ, ਤੇ ਤੁਸੀਂ ਉਦਾਸੇ ਕਿਉਂ ਹੋ?” ਮੈਂ ਪੁੱਛਿਆ।
“ਪੁੱਤਰਾ! ਉਹ ਸਾਨੂੰ ਮਿਲਣ ਨਹੀਂ ਸੀ ਆਇਆ, ਨਾ ਕੋਈ ਤੋਹਫਾ ਲਿਆਇਆ ਸੀ ਸਗੋਂ ਸਾਡੇ ਹੱਥ ਵੱਢਣ ਆਇਆ ਸੀ।” ਬਜ਼ੁਰਗ ਬੋਲਿਆ।
“ਬਾਬਾ ਜੀ ਉਹ ਕਿਵੇਂ?” ਮੈਂ ਹੈਰਾਨ ਹੋ ਗਿਆ।
“ਪੁੱਤਰਾ! ਮੈਨੂੰ ਆਪਣੇ ਪਿਉ ਦੀ ਜੱਦੀ ਜਾਇਦਾਦ ਵਿਚੋਂ ਤਿੰਨ ਕਿੱਲੇ ਜ਼ਮੀਨ ਹਿੱਸੇ ਆਈ ਸੀ। ਨਾ ਮੈਂ ਇਕ ਵੀ ਸਿਆੜ ਬੈਅ ਕੀਤਾ, ਤੇ ਨਾ ਇਕ ਸਿਆੜ ਬੈਅ ਖਰੀਦਿਆ। ਤੇ ਬਿੱਲੂ ਨੇ ਵੀ ਕੋਈ ਜ਼ਮੀਨ ਦਾ ਕਿੱਲਾ ਬੈਅ ਨਹੀਂ ਲਿਆ। ਇਸ ਨੂੰ ਆਇਆਂ ਵੀ ਪੰਦਰਾਂ ਸਾਲ ਹੋ ਗਏ ਹਨ। ਚਲੋ, ਇਸ ਨੇ ਇਥੇ ਆਪਣਾ ਘਰ-ਬਾਰ ਬਣਾ ਲਿਆ ਹੈ। ਪਿੰਡ ਵਾਲੇ ਤਿੰਨ ਕਿੱਲੇ ਮੇਰਾ ਛੋਟਾ ਭਰਾ ਤੇ ਭਤੀਜੇ ਮਾਮਲੇ ‘ਤੇ ਵਾਹ ਲੈਂਦੇ ਹਨ। ਮੈਂ ਜਦੋਂ ਕਿਤੇ ਪਿੰਡ ਜਾਂਦਾ ਹਾਂ, ਤਾਂ ਆਪਣਾ ਮਾਮਲਾ ਲੈ ਕੇ ਖਰਚ ਕਰ ਲੈਂਦਾ ਹਾਂ। ਮੇਰਾ ਖੇਤ ਨਾਲ ਮੋਹ ਹੋਣ ਦੇ ਨਾਤੇ ਮੈਂ ਰੋਜ਼ ਖੇਤ ਗੇੜਾ ਮਾਰ ਆਉਂਦਾ ਹਾਂ ਪਰ ਪਿਛਲੇ ਕਈ ਸਾਲਾਂ ਤੋਂ ਬਿੱਲੂ ਨੇ ਇਹ ਰਟ ਲਾਈ ਐ ਕਿ ਉਹ ਤਿੰਨ ਕਿੱਲੇ ਵੇਚ ਕੇ ਮੈਨੂੰ ਰੁਪਏ ਡਾਲਰਾਂ ਵਿਚ ਵਟਾ ਕੇ ਦੇ ਦੇ।” ਬਾਬਾ ਬੋਲਿਆ।
“ਫਿਰ ਤੁਸੀਂ ਕੀ ਕਿਹਾ।” ਮੈਂ ਅਗਾਂਹ ਬਾਰੇ ਪੁੱਛਿਆ।
“ਪੁੱਤਰਾ! ਪੁੱਤ ਅਮਰੀਕਾ ਹੋਵੇæææ ਇਕ ਧੀ ਕੈਨੇਡਾ ਹੋਵੇæææ ਫਿਰ ਮੈਂ ਜਿਉਂਦੇ ਜੀਅ ਕਿਵੇਂ ਅਗੂੰਠਾ ਲਾ ਦੇਵਾਂ। ਮੈਨੂੰ ਤਾਂ ਕਚਹਿਰੀਆਂ ਵਿਚ ਹੀ ਦਿਲ ਦਾ ਦੌਰਾ ਪੈ ਜਾਣਾ। ਜਦੋਂ ਮੈਂ ਆਪਣੇ ਸੁਆਸਾਂ ਦੀ ਪੂੰਜੀ ਖਤਮ ਕਰ ਕੇ ਡੱਬੇ ਵਿਚ ਬੰਦ ਹੋ ਜਾਊਂਗਾ, ਫਿਰ ਭਲਾ ਦੂਜੇ ਦਿਨ ਹੀ ਜ਼ਮੀਨ ਵੇਚ ਆਵੇ। ਮੈਨੂੰ ਮੌਤ ਤੋਂ ਪਹਿਲਾਂ ਕਿਉਂ ਜਿਉਂਦੇ ਨੂੰ ਮਾਰਦਾ ਹੈ।” ਬਾਬੇ ਦਾ ਗੱਚ ਭਰ ਆਇਆ।
“ਬਾਬਾ ਜੀ! ਅੱਜ ਕੀ ਕਹਿ ਗਿਆ?” ਮੈਂ ਫਿਰ ਪੁੱਛਿਆ।
“ਪੁੱਤਰਾ! ਅੱਜ ਆਇਆ ਸੀ ਇਕੱਲਾ ਹੀ। ਨਾ ਨੂੰਹ, ਨਾ ਪੋਤੇ, ਨਾ ਪੋਤੀ ਨੂੰ ਨਾਲ ਲਿਆਇਆ। ਚਾਹ-ਪਾਣੀ ਪੀਤਾ, ਮਗਰੋਂ ਕਾਗਜ਼ ਕੱਢ ਕੇ ਕਹਿੰਦਾ, ‘ਬਾਪੂ ਇਥੇ ਅੰਗੂਠਾ ਲਾ ਦੇ।’ ਮੈਂ ਕਿਹਾ, ‘ਇਹ ਕਾਗਜ਼ ਕਿਸ ਵਾਸਤੇ ਨੇ।’ ਕਹਿੰਦਾ, ‘ਮੁਖ਼ਤਿਆਰਨਾਮਾ ਹੈ। ਮੈਂ ਆਪਣੇ ਸਾਲੇ ਦੇ ਨਾਂ ਮੁਖਤਿਆਰਨਾਮਾ ਤਿਆਰ ਕਰਵਾ ਲਿਆ ਹੈ, ਤੇ ਤੂੰ ਅੰਗੂਠਾ ਲਾ ਦੇ, ਉਹ ਜ਼ਮੀਨ ਵੇਚ ਕੇ ਮੈਨੂੰ ਪੈਸੇ ਭੇਜ ਦੇਵੇਗਾ, ਤੈਨੂੰ ਇੰਡੀਆ ਵੀ ਨਹੀਂ ਜਾਣਾ ਪੈਣਾ।’æææ ਉਸ ਦੀ ਇਸ ਗੱਲ ਨੇ ਮੇਰੇ ਸਿਰ ਸੌ ਘੜਾ ਪਾਣੀ ਦਾ ਪਾ ਦਿੱਤਾ। ਮੈਂ ਕਿਹਾ, ਚੰਗਾ ਪਿਉ ਨੂੰ ਮਿਲਣ ਆਇਆਂ।” ਬਾਬਾ ਜੀ ਦੱਸਦੇ ਗਏæææ
“ਪੁੱਤਰਾ! ਮੈਂ ਕਿਹਾ, ਜਿੰਨਾ ਚਿਰ ਮੈਂ ਜਿਉਂਦਾ ਹਾਂ, ਤੂੰ ਭੁੱਲ ਜਾ ਕਿ ਮੈਂ ਅੰਗੂਠਾ ਲਾ ਦੇਊਂਗਾ। ਮਰੇ ਤੋਂ ਬਾਅਦ ਭਲਾ ਪੈਰਾਂ ਦੇ ਅੰਗੂਠੇ ਵੀ ਲਵਾ ਲਵੀਂæææ ਅੱਗਿਉਂ ਕਹਿੰਦਾ, ਤੂੰ ਤਾਂ ਵੀਹ ਸਾਲ ਨਹੀਂ ਮਰਦਾ, ਤੇ ਮੇਰੇ ਕੋਲ ਵੀਹ ਸਾਲ ਉਡੀਕ ਨਹੀਂ ਹੋਣੀ। ਫਿਰ ਮੈਂ ਕਿਹਾ, ਜਾਂ ਤਾਂ ਜ਼ਹਿਰ ਦੀ ਪੁੜੀ ਦੇ ਜਾ, ਜਾਂ ਗੋਲੀ ਮਾਰ ਦੇ। ਫਿਰ ਮਨ ਆਈਆਂ ਕਰ ਲਈਂ।” ਬਾਬਾ ਜੀ ਉਚੀ-ਉਚੀ ਰੋ ਪਏ।
ਮੈਂ ਹੈਰਾਨ ਕਿ ਮੈਂ ਆਪਣੇ ਮਾਪਿਆਂ ਨੂੰ ਯਾਦ ਕਰ ਕੇ ਰੋਂਦਾ ਹਾਂ, ਤੇ ਬਿੱਲੂ ਆਪਣੇ ਮਾਪਿਆਂ ਨੂੰ ਮਿਲ ਕੇ ਰੁਆਉਂਦਾ ਹੈ। ਅਸੀਂ ਕਿਉਂ ਇੰਨੇ ਸੁਆਰਥੀ ਹੋ ਗਏ ਹਾਂ? ਕੀ ਸਾਨੂੰ ਯਾਦ ਭੁੱਲ ਗਿਆ ਹੈ ਕਿ ਜਿਸ ਤਰ੍ਹਾਂ ਅਸੀਂ ਆਪਣੇ ਮਾਪਿਆਂ ਨਾਲ ਕਰਦੇ ਹਾਂ, ਉਸੇ ਤਰ੍ਹਾਂ ਦਾ ਵਿਹਾਰ ਸਾਡੀ ਔਲਾਦ ਸਾਡੇ ਨਾਲ ਵੀ ਕਰੂਗੀ? ਕੀ ਦੁਨੀਆਂ ਦੀਆਂ ਸੁੱਖ-ਸਹੂਲਤਾਂ ਖਰੀਦਣ ਲਈ ਅਸੀਂ ਆਪਣੇ ਮਾਪਿਆਂ ਨੂੰ ਜਿਉਂਦਿਆਂ ਵੇਚ ਦੇਣਾ ਹੈ? ਬਜ਼ੁਰਗ ਤਾਂ ਸਾਡਾ ਸਰਮਾਇਆ ਹੁੰਦੇ ਨੇ। ਨਾ ਭੁੱਲੋ ਕਿ ਅਸੀਂ ਵੀ ਇਕ ਦਿਨ ਬੁੱਢੇ ਹੋਣਾ ਹੈ। ਬਜ਼ੁਰਗ ਤਾਂ ਪਿਆਰ ਦੇ ਭੁੱਖੇ ਹਨ। ਜਾਇਦਾਦ ਦੀ ਭੁੱਖ ਸਾਨੂੰ ਹੈ। ਔਲਾਦ ਦਾ ਭਵਿੱਖ ਬਣਾਉਂਦੇ ਹੋਏ ਆਪਣੇ ਮਾਪਿਆਂ ਦਾ ਬੁਢਾਪਾ ਨਾ ਰੋਲੋ, ਨਹੀਂ ਤਾਂ ਅੱਗੇ ਦਰਗਾਹ ਵਿਚ ਵੀ ਢੋਈ ਨਹੀਂ ਮਿਲਣੀ।
ਬਾਬਾ ਜੀ ਦਾ ‘ਪਿਤਾ ਦਿਵਸ’ ਮਾੜਾ ਰਿਹਾ ਪਰ ਮੈਂ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ। ਸ਼ਾਇਦ ਦੁੱਖ ਹੀ ਇੰਨਾ ਵੱਡਾ ਸੀ ਕਿ ਮੇਰਾ ਹੌਸਲਾ ਵੀ ਬਾਬਾ ਜੀ ਦੇ ਹੰਝੂ ਨਾ ਰੋਕ ਸਕਿਆ। ਮੈਨੂੰ ਆਪਣੇ ਪਿਤਾ ਜੀ ਯਾਦ ਆ ਗਏ। ਅੱਜ ਸਾਡੇ ਵਿਚਕਾਰ ਬੇਸ਼ੱਕ ਸੱਤ ਸਮੁੰਦਰਾਂ ਦੀ ਦੂਰੀ ਹੈ, ਪਰ ਅਸੀਂ ‘ਪਿਤਾ ਦਿਵਸ’ ਉਤੇ ਘੁੱਟ ਕੇ ਗਲਫੜੀ ਪਾਈ ਹੋਈ ਸੀ। ਪਰਮਾਤਮਾ ਕ੍ਰਿਪਾ ਕਰੇ, ਕਿਸੇ ਨਾਲ ਬਾਬਾ ਜੀ ਵਾਂਗ ਨਾ ਹੋਵੇ।
Leave a Reply