ਸੰਪੂਰਨ ਸਿੰਘ
281-635-7466
ਅਰਦਾਸ ਸਿੱਖ ਧਰਮ ਅਤੇ ਉਸ ਦੇ ਪੈਰੋਕਾਰਾਂ ਦੀ ਜ਼ਿੰਦਗੀ ਦਾ ਅਤਿਅੰਤ ਮਹੱਤਵਪੂਰਨ ਹਿੱਸਾ ਹੈ। ਸਿੱਖਾਂ ਲਈ ਇਹ ਧਾਰਮਿਕ ਪਰੰਪਰਾ ਰੱਬੀ ਹੁਕਮ ਵਾਂਗ ਹੈ ਜਿਸ ਨੂੰ ਮੰਨੇ ਜਾਂ ਕੀਤੇ ਬਿਨਾਂ ਉਸ ਦਾ ਕੋਈ ਵੀ ਕੰਮ ਨਿਰਵਿਘਨ ਸ਼ੁਰੂ ਜਾਂ ਸੰਪੂਰਨ ਹੋ ਸਕੇ, ਇਕ ਸਵਾਲੀਆ ਨਿਸ਼ਾਨ ਬਣਿਆ ਰਹਿੰਦਾ ਹੈ ਕਿਉਂਕਿ ਕਈ ਵਾਰੀ ਕਈਆਂ ਦੇ ਆਰੰਭੇ ਕਿਸੇ ਵੀ ਤਰ੍ਹਾਂ ਦੇ ਕਾਰਜ ਜੇ ਪਰੰਪਰਾਗਤ ਅਰਦਾਸ ਰਾਹੀਂ ਨਹੀਂ ਕਰਵਾਏ ਗਏ ਹੁੰਦੇ, ਤੇ ਉਹ ਨੇਪਰੇ ਨਹੀਂ ਚੜ੍ਹਦੇ ਤਾਂ ਸਬੰਧਤ ਵਿਅਕਤੀ ਜਾਂ ਪਰਿਵਾਰ ਤੇ ਉਸ ਦੇ ਆਸ ਪਾਸ ਇਹ ਭਰਮ ਪੈਦਾ ਹੋ ਜਾਂਦਾ ਹੈ ਜਾਂ ਕਰ ਦਿੱਤਾ ਜਾਂਦਾ ਹੈ। ਇਸ ਲਈ ਅਰਦਾਸ ਕਈ ਕਾਰਨਾਂ ਕਰ ਕੇ ਸਿੱਖੀ ਜੀਵਨ ਦਾ ਅਨਿਖੜਵਾਂ ਅੰਗ ਪ੍ਰਵਾਨਤ ਹੈ।
ਮੈਂ ਅਰਦਾਸ ਦੇ ਇਸ ਸੰਕਲਪ ਨੂੰ ਗੁਰੂ ਸਾਹਿਬਾਨ ਰਾਹੀਂ ਦਰਸਾਏ ਮਾਰਗ ਦਰਸ਼ਨ ਦੀ ਰੋਸ਼ਨੀ ਵਿਚ ਹੀ ਵਾਚਣ ਦਾ ਨਿਮਾਣਾ ਜਿਹਾ ਯਤਨ ਕਰਾਂਗਾ। ਜਿੰਨੀ ਕੁ ਮੇਰੀ ਤੁਛ ਬੁੱਧੀ ਹੈ (ਅਨੁਭਵ ਨਹੀਂ), ਮਹਾਂਪੁਰਸ਼ਾਂ ਦੀਆਂ ਰਚਨਾਵਾਂ ਪੜ੍ਹ ਕੇ, ਉਨ੍ਹਾਂ ਦੇ ਵਿਖਿਆਨ ਸੁਣ ਕੇ, ਜਾਂ ਉਨ੍ਹਾਂ ਦੇ ਜੀਵਨ ਅਨੁਭਵ ਸਬੰਧੀ ਜਾਣਕਾਰੀ ਹਾਸਲ ਕਰ ਕੇ ਮੈਂ ਮਹਿਸੂਸ ਕੀਤਾ ਹੈ ਕਿ ਅਰਦਾਸ ਮਨੁੱਖੀ ਹਿਰਦੇ ਦੀ ਉਹ ਵੇਦਨਾ ਜਾਂ ਤੜਫ ਹੈ ਜਿਹੜੀ ਸਬੰਧਤ ਵਿਅਕਤੀ ਦੇ ਧੁਰ ਅੰਦਰੋਂ, ਉਸ ਦੇ ਸਵਾਸਾਂ ਨੂੰ ਛੂੰਹਦੀ ਹੋਈ, ਉਸ ਦੇ ਅਥਰੂਆਂ ਨਾਲ ਭਿਜ ਕੇ, ਆਪਣੇ ਗੁਰੂ ਜਾਂ ਅਕਾਲ ਪੁਰਖ ਨੂੰ ਸਨਮੁਖ ਜਾਣ ਕੇ (ਬਾਹਰਲੀਆਂ ਨਹੀਂ ਅੰਦਰੂਨੀ ਅੱਖਾਂ ਨਾਲ) ਰੁਪਾਂਤਰਤ ਹੁੰਦੀ ਹੈ ਜੋ ਬਿਰਥੀ ਨਹੀਂ ਜਾ ਸਕਦੀ, ਨਾ ਜਾਣੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ‘ਬਿਰਥੀ ਕਦੇ ਨਾ ਹੋਵਈ ਜਨੁ ਕੀ ਅਰਦਾਸਿ’ ਠੋਸ ਤੇ ਪ੍ਰਤਖ ਗਵਾਹੀ ਹੈ। ਕਿਉਂਕਿ ਗੁਰਬਾਣੀ ਉਹ ਰੱਬੀ ਬਾਣੀ ਹੈ ਜਿਸ ਦੀ ਹਰ ਤੁਕ ਤੇ ਹਰ ਅੱਖਰ, ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਉਸ ਰੱਬੀ ਹੁਕਮ ਵਾਂਗ ਹੈ ਜਿਸ ਦੀ ਸਾਰਥਿਕਤਾ ਸਬੰਧੀ ਕਿਤੇ ਵੀ ਕੋਈ ਪ੍ਰਸ਼ਨ ਚਿੰਨ੍ਹ ਨਹੀਂ ਲਗਦਾ।
ਅਰਦਾਸ ਦੇ ਸਬੰਧ ਵਿਚ ਲਿਖਣ ਦਾ ਵਿਚਾਰ ਮੇਰੇ ਮਨ ਵਿਚ ਉਠੇ ਵਾਰ-ਵਾਰ ਇਸ ਸਵਾਲ ਨਾਲ ਪੈਦਾ ਹੋਇਆ ਕਿ ਸਮੁਚਾ ਸਿੱਖ ਜਗਤ ਅਨੇਕਾਂ ਵਾਰੀ ਗੁਰੂ ਚਰਨਾਂ ਵਿਚ ਅਰਦਾਸ ਕਰਦਾ ਹੈ। ਅਰਦਾਸ ਵਿਚ ਅਨੇਕਾਂ ਮੰਗਾਂ ਵੀ ਹੁੰਦੀਆਂ ਹਨ ਜਿਨ੍ਹਾਂ ਦੇ ਮੰਨੇ ਜਾਣ ਪ੍ਰਤੀ ਸ਼ੰਕਾ ਅਕਸਰ ਮੇਰੇ ਮਨ ਵਿਚ ਬਣਿਆ ਰਿਹਾ ਹੈ। ਕਾਰਨ ਕੀ ਹੈ? ਜਦ ਕਿ ਅਰਦਾਸ ਦੇ ਬਿਰਥਾ ਨਾ ਹੋਣ ਦੀ ਗੱਲ ਆਪ ਗੁਰੂ ਸਾਹਿਬ ਵਲੋਂ ਕੀਤੀ ਗਈ ਹੈ? ਸਾਡੀ ਅਰਦਾਸ ਅਜਿਹੀ ਵਿਲੱਖਣ ਕਿਰਤ ਹੈ ਜਿਹੜੀ ਸਮੇਂ ਦੇ ਤਕਰੀਬਨ ਸਾਰੇ ਹੀ ਮਹਾਂਪੁਰਸ਼ਾਂ ਤੇ ਪੰਥਕ ਬੁਧੀਜੀਵੀਆਂ ਦੀ ਦੂਰ ਦ੍ਰਿਸ਼ਟੀ ਵਾਲੀ ਸੂਝ ਤੇ ਅਣਥੱਕ ਮਿਹਨਤ ਦਾ ਨਤੀਜਾ ਹੈ ਜਿਸ ਦਾ ਹਰ ਲਫਜ਼ ਆਪਣੇ ਆਪ ਵਿਚ ਇਤਹਾਸ ਸਮੋਈ ਬੈਠਾ ਹੈ, ਜਾਂ ਅਤਿਅੰਤ ਡੂੰਘੇ ਇਤਿਹਾਸਕ ਤੇ ਧਾਰਮਿਕ ਅਰਥ ਰਖਦਾ ਹੈ। ਇਹੀ ਕਾਰਨ ਹੈ ਕਿ ਦੁਨੀਆਂ ਦੇ ਕਿਸੇ ਧਰਮ ਵਿਚਲੀ ਅਰਦਾਸ ਜਾਂ ਪ੍ਰਾਰਥਨਾ ਇੰਨੇ ਵਿਸ਼ਾਲ ਅਰਥ ਨਹੀਂ ਰੱਖਦੀ।
ਸਾਡੀ ਜੋ ਪੰਥ ਪ੍ਰਵਾਨਤ ਅਰਦਾਸ ਹੈ, ਉਸ ਨੂੰ ਤਿੰਨ ਹਿੱਸਿਆਂ ਵਿਚ ਰੱਖ ਕੇ ਵਿਚਾਰਿਆ ਜਾ ਸਕਦਾ ਹੈ। ਪਹਿਲਾ ਹਿੱਸਾ ਤਕਰੀਬਨ ਦਸਮ ਪਾਤਸ਼ਾਹ ਦੀ ਦੇਣ ਹੈ ਤੇ ਬਾਕੀ ਸਾਰੀ ਅਰਦਾਸ ਪੰਥਕ ਯੋਗਦਾਨ ਹੈ। ਅਰਦਾਸ ਉਸ ਇਕ ਵਾਹਿਗੁਰੂ ਦੀ ਫਤਿਹ ਨਾਲ ਆਰੰਭ ਹੁੰਦੀ ਹੈ ਤੇ ਪਰਮਾਤਮਾ ਦੇ ਸ਼ਕਤੀ ਸਰੂਪ ਦੀ ਸਹਾਇਤਾ ਦੀ ਜਾਚਨਾ ਹੈ। ਦਸਮ ਪਿਤਾ ਨੇ ਪਹਿਲੇ ਹਿੱਸੇ ਵਿਚ ਉਸ ਸਰਬਸ਼ਕਤੀਮਾਨ ਅਕਾਲ ਪੁਰਖ ਨੂੰ ਹਮੇਸ਼ਾਂ ਸਿੱਖ ਦੇ ਚੇਤੇ ਵਿਚ ਬਣੇ ਰਹਿਣ ਦੀ ਪ੍ਰੇਰਨਾ ਕੀਤੀ ਹੈ, ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਦੇ ਰੱਬੀ ਅਲੌਕਿਕ ਆਦਰਸ਼ਾਂ ਦਾ ਅੰਤਰਮੁਖੀ ਧਿਆਨ ਧਾਰਨਾ ਹੈ। ਫਿਰ ਗੁਰੂ ਅੰਗਦ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ, ਤਿੰਨੇ ਗੁਰੂ ਸਾਹਿਬਾਨ ਆਪਣੇ ਸਿੱਖ ਦੀ ਉਸ ਦੇ ਦੁਨਿਆਵੀ ਤੇ ਰੂਹਾਨੀ ਮਾਰਗ ਦੀ ਅਗਵਾਈ ਤੇ ਸਹਾਇਤਾ ਕਰਨ, ਇਹ ਜਾਚਨਾ ਕੀਤੀ ਗਈ ਹੈ। ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਤੇ ਗੁਰੂ ਹਰਿ ਰਾਇ ਪਾਤਸ਼ਾਹਾਂ ਨੂੰ ਹਮੇਸ਼ਾਂ ਆਪਣੀ ਯਾਦ ਵਿਚ ਰੱਖਣਾ ਹੈ ਤਾਂ ਜੋ ਸਿੱਖ ਉਨ੍ਹਾਂ ਆਦਰਸ਼ਾਂ ਨੂੰ ਭੁਲਾ ਨਾ ਬੈਠੇ, ਉਸ ਮਾਰਗ ਤੋਂ ਲਾਂਭੇ ਨਾ ਹੋ ਜਾਵੇ ਜਿਨ੍ਹਾਂ ਉਤੇ ਗੁਰੂ ਸਾਹਿਬਾਨ ਨੇ ਪਹਿਰਾ ਦਿਤਾ। ਗੁਰੂ ਦੇ ਸਿੱਖਾਂ ਦੇ ਸਾਰੇ ਆਤਮਕ, ਮਾਨਸਕ ਤੇ ਸਰੀਰਕ ਰੋਗ ਦੂਰ ਹੋ ਸਕਣ, ਇਸ ਲਈ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਆਪਣੀ ਅੰਤਰ-ਆਤਮਾ ਦੀ ਇਕਾਗਰਤਾ ਵਿਚ ਰੱਖਣਾ ਹੈ। ਸਿੱਖ ਦਾ ਜੀਵਨ ਸਮੂਹ ਬਖਸ਼ਿਸ਼ਾਂ ਨਾਲ ਸਦਾ ਮਾਲਾ-ਮਾਲ ਰਹੇ, ਤਦ ਹੀ ਸੰਭਵ ਹੈ ਜੇ ਬਖਸ਼ਿਸ਼ਾਂ ਦੇ ਭੰਡਾਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦੁਰ ਜੀ ਨੂੰ ਹਮੇਸ਼ਾਂ ਆਪਣੀ ਯਾਦ ਦਾ ਹਿੱਸਾ ਬਣਾਈ ਰੱਖੋ। ਅਰਦਾਸ ਵਿਚ ਦਸਵੇਂ ਗੁਰੂ ਨੂੰ ਪੰਥ ਨੇ ਸ਼ਾਮਲ ਕੀਤਾ ਜਿਨ੍ਹਾਂ ਪਾਸੋਂ ਆਪਣੇ ਖਾਲਸੇ ਦੀ ਹਰ ਤਰ੍ਹਾਂ ਹਰ ਅਵਸਥਾ ਵਿਚ ਸਹਾਇਤਾ ਮੰਗੀ ਹੈ। ਇਸ ਹਿੱਸੇ ਦੇ ਅੰਤ ਵਿਚ ਇਹ ਹੁਕਮ ਕੀਤਾ ਗਿਆ ਹੈ, ਆਦੇਸ਼ ਦਿਤਾ ਹੈ ਕਿ ਉਹ ਰੱਬੀ ਜੋਤ ਜਿਹੜੀ ਵਾਹਿਗੁਰੂ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਗੁਰੂ ਨਾਨਕ ਦੇ ਰੂਪ ਵਿਚ ਪ੍ਰਗਟ ਹੋਈ ਤੇ ਦਸ ਜਾਮਿਆਂ ਵਿਚ ਵਿਚਰਦੀ ਤੇ ਪ੍ਰਕਾਸ਼ਮਾਨ ਹੁੰਦੀ ਹੋਈ ਸਦੀਵੀ ਤੌਰ ‘ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮੋ ਗਈ ਹੈ, ਦੇ ਦਰਸ਼ਨ ਹਰ ਵੇਲੇ ਪੰਥ ਦੇ ਧਿਆਨ ਵਿਚ ਰਹਿਣ, ਉਸ ਰੱਬੀ ਬਾਣੀ ਦਾ ਪਾਠ ਸਿੱਖ ਦੀ ਅੰਤਰ-ਆਤਮਾ ਵਿਚ ਗੂੰਜਦਾ ਰਹੇ, ਦੇ ਨਾਲ ਪੰਥ ਨੂੰ ਉਸ ਵਾਹਿਗੁਰੂ ਦਾ ਉਚਾਰਨ ਕਰਨ ਦਾ ਆਦੇਸ਼ ਹੈ।
ਅਰਦਾਸ ਦੇ ਦੂਜੇ ਹਿੱਸੇ ਵਿਚ ਉਨ੍ਹਾਂ ਸਮੂਹ ਧਾਰਮਿਕ, ਇਤਿਹਾਸਕ ਹਸਤੀਆਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਸਿੱਖ ਪੰਥ ਲਈ ਅਮਿਟ ਪੈੜਾਂ ਪਾਈਆਂ ਹਨ। ਸਿੱਖ ਪੰਥ ਨੂੰ ਇਹ ਹੁਕਮ ਹੈ ਕਿ ਜਿਨ੍ਹਾਂ ਮਹਾਨ ਆਦਰਸ਼ਾਂ ਹਿਤ ਉਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਤੇ ਸਾਡੇ ਲਈ ਸਪਸ਼ਟ ਤੇ ਠੋਸ ਮਾਰਗ ਸਥਾਪਤ ਕੀਤੇ, ਉਨ੍ਹਾਂ ਨੂੰ ਅਸੀਂ ਆਪਣੇ ਧਿਆਨ ਵਿਚ ਰੱਖਣਾ ਹੈ। ਜੇ ਇਹ ਸਾਡੀ ਯਾਦ ਦਾ ਹਿੱਸਾ ਬਣੇ ਰਹਿਣਗੇ ਤਾਂ ਅਸੀਂ ਉਨ੍ਹਾਂ ਮਾਰਗਾਂ, ਉਨ੍ਹਾਂ ਆਦਰਸ਼ਾਂ ਤੋਂ ਭਟਕਾਂਗੇ ਨਹੀਂ।
ਪੰਜਾਂ ਤਖਤਾਂ ਤੇ ਸਮੂਹ ਗੁਰੂ ਘਰਾਂ ਨੂੰ ਵੀ ਹਮੇਸ਼ਾਂ ਆਪਣੇ ਧਿਆਨ ਵਿਚ ਰੱਖਦੇ ਹੋਏ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦਾ ਉਚਾਰਨ ਕਰਨਾ ਹੈ।
ਅਰਦਾਸ ਦੇ ਤੀਜੇ ਹਿੱਸੇ ਵਿਚ ਵਾਹਿਗੁਰੂ ਪਾਸੋਂ ਅਨੇਕ ਮੰਗਾਂ ਲਈ ਜੋਦੜੀਆਂ ਹਨ। ਗੁਰੂ ਚਰਨਾਂ ‘ਚ ਬੇਨਤੀ ਹੈ, ਸਾਨੂੰ ਵਾਹਿਗੁਰੂ ਸਵਾਸ-ਸਵਾਸ ਯਾਦ ਆਉਂਦਾ ਰਹੇ ਤੇ ਉਹੀ ਸਾਨੂੰ ਸਾਰੇ ਸਰੀਰਕ ਤੇ ਆਤਮਕ ਸੁੱਖਾਂ ਦੀ ਦਾਤ ਦੇਵੇ। ਖਾਲਸਾ ਜਿਥੇ ਵੀ ਹੈ ਅਤੇ ਜਿਸ ਹਾਲਤ ਵਿਚ ਵੀ ਹੈ, ਦੀ ਰਾਖੀ ਲਈ ਬੇਨਤੀ ਹੈ। ਖਾਲਸੇ ਦੀ ਦੇਗ ਤੇ ਤੇਗ ਦੀ ਫਤਿਹ ਹੋਵੇ, ਗੁਰੂ ਆਪਣੇ ਸੇਵਕਾਂ ਦੀ ਰੱਖਿਆ ਕਰੇ, ਪੰਥ ਦਾ ਬੋਲਬਾਲਾ ਬਣੇ ਰਹਿਣ ਲਈ ਸਰਬ ਸ਼ਕਤੀਮਾਨ ਵਾਹਿਗੁਰੂ ਸਹਾਇਤਾ ਕਰੇ, ਬਿਨੈ ਕੀਤੀ ਗਈ ਹੈ। ਪੰਥ ਲਈ ਸਿੱਖੀ, ਕੇਸ, ਰਹਿਤ ਬੁਧੀ ਭਰੋਸਾ ਤੇ ਸਰਵੋਤਮ ਦਾਨ, ਨਾਮਦਾਨ ਦੀ ਬਖਸ਼ਿਸ਼ ਦੀ ਜਾਚਨਾ ਕਰ ਕੇ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਸਿੱਖ ਨੂੰ ਨਵੀਂ ਰੂਹ ਤੇ ਸ਼ਕਤੀ ਬਖਸ਼ਦੇ ਹਨ। ਇਹ ਪੰਥ ਦਾ ਕੇਂਦਰ ਵੀ ਹੈ, ਕੇਂਦਰ ਨਾਲ ਜੁੜੇ ਰਹਿਣਾ ਹੀ ਸਾਡੀ ਅਧਿਆਤਮਿਕ ਜ਼ਿੰਦਗੀ ਦਾ ਆਧਾਰ ਹੈ। ਸਾਡੀਆਂ ਚੌਕੀਆਂ, ਝੰਡੇ, ਬੁੰਗੇ (ਜਿਨ੍ਹਾਂ ਦੀ ਇਤਿਹਾਸਕ ਮਹਤੱਤਾ ਹੈ) ਸਦੀਵੀ ਬਣੇ ਰਹਿਣ ਤੇ ਧਰਮ ਦਾ ਜੈਕਾਰਾ ਬੁਲੰਦ ਰਹੇ। ਫਿਰ ਸਿੱਖਾਂ ਲਈ ਮਨ ਦੀ ਗਰੀਬੀ ਦੇ ਨਾਲ ਬੇਨਤੀ ਹੈ ਕਿ ਤੇਰਾ ਖਾਲਸਾ ਸੋਝੀਵਾਨ ਵੀ ਹੋਵੇ, ਇਹ ਵੀ ਬਖਸ਼ਿਸ਼ ਕਰੀਂ। ਅਰਦਾਸ ਦੇ ਇਨ੍ਹਾਂ ਲਫ਼ਜਾਂ ਦੀ ਇਹ ਖੂਬਸੂਰਤੀ ਹੈ ਕਿ ਜਿਥੇ ਮੰਗਿਆ ਹੈ ਕਿ ਖਾਲਸਾ ਸਿਆਣਾ ਸਮਝਦਾਰ ਹੋਵੇ, ਤੇ ਇਹ ਸਮਝ ਕੇ ਕਿ ਖਾਲਸਾ ਆਪਣੀ ਸਿਆਣਪ ਸਦਕਾ ਕਿਤੇ ਹੰਕਾਰੀ ਨਾ ਬਣ ਜਾਵੇ, ਮਨ ਦੀ ਗਰੀਬੀ ਮੰਗੀ ਹੈ ਤੇ ਵਾਹਿਗੁਰੂ ਪਾਸੋਂ ਮੰਗਿਆ ਹੈ ਕਿ ਤੂੰ ਹੀ ਸਾਡੀ ਮੱਤ ਬੁਧ ਦਾ ਰਖਵਾਲਾ ਬਣ। ਫਿਰ ਬੜੀ ਹਿਰਦੇਵੇਦਕ ਜੋਦੜੀ ਹੈ ਕਿ ਪੰਥ ਦੇ ਰਖਵਾਲੇ ਅਕਾਲ ਪੁਰਖ, ਸਾਨੂੰ ਨਨਕਾਣਾ ਸਾਹਿਬ ਤੇ ਉਨ੍ਹਾਂ ਸਮੂਹ ਗੁਰੂ ਘਰਾਂ ਦੇ ਖੁਲ੍ਹੇ ਦਰਸ਼ਨਾਂ ਦੀ ਦਾਤ ਬਖਸ਼ੀਂ ਜਿਨ੍ਹਾਂ ਤੋਂ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਵਿਛੋੜੇ ਗਏ ਹਾਂ। ਉਸ ਅਕਾਲ ਪੁਰਖ ਦੀਆਂ ਅਪਾਰ ਬਖਸ਼ਿਸ਼ਾਂ ਦਾ ਜ਼ਿਕਰ ਕੀਤਾ ਹੈ ਕਿ ਉਹ ਨਿਮਾਣੇ ਦਾ ਮਾਣ ਹੈ, ਕਮਜ਼ੋਰ ਦੀ ਸ਼ਕਤੀ ਹੈ ਜਿਸ ਦਾ ਕੋਈ ਆਸਰਾ ਨਹੀਂ, ਉਸ ਦਾ ਸਹਾਰਾ ਆਪ ਅਕਾਲ ਪੁਰਖ ਹੈ। ਤੇ ਅੰਤ ਵਿਚ ਹਰ ਜਾਣੇ-ਅਨਜਾਣੇ ਹੋਈ ਭੁੱਲ ਦੀ ਮੁਆਫੀ ਲਈ ਬੇਨਤੀ ਹੈ।
ਅਰਦਾਸ ਦੇ ਸਬੰਧ ਵਿਚ ਇਸ ਨਿਮਾਣੇ ਯਤਨ ਦਾ ਪੇਰ੍ਰਨਾ ਸਰੋਤ ਇਹੀ ਤੀਜਾ ਹਿੱਸਾ ਹੈ ਜਿਸ ਵਿਚ ਪੰਥ ਲਈ ਕੁਝ ਮੰਗਿਆ ਹੈ, ਤੇ ਹਰ ਰੋਜ਼ ਅਨੇਕ ਵਾਰੀ ਮੰਗਿਆ ਜਾ ਰਿਹਾ ਹੈ। ਪੰਥ ਨੂੰ ਸਮੂਹਕ ਰੂਪ ਵਿਚ ਉਹ ਕੁਝ ਮਿਲਿਆ ਜਾਂ ਮਿਲ ਰਿਹਾ ਹੋਵੇ, ਜ਼ਿਆਦਾਤਰ ਨਜ਼ਰ ਨਹੀਂ ਆਉਂਦਾ। ਗੁਰੂ ਸਾਹਿਬ ਦੇ ਇਸ ਫਰਮਾਨ ਕਿ ‘ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ॥’ ਵਾਂਗ ਸੰਸਾਰ ਦੇ ਸਾਰੇ ਹੀ ਧਰਮਾਂ ਤੇ ਧਾਰਮਿਕ ਬੁਧ ਪੁਰਸ਼ਾਂ ਦਾ ਵੀ ਇਹੀ ਵਿਸ਼ਵਾਸ ਹੈ ਕਿ ਪ੍ਰਾਰਥਨਾ ਨਿਸਫਲ ਨਹੀਂ ਹੁੰਦੀ। ਸਾਰੇ ਧਰਮ ਹੀ ਵਖ-ਵਖ ਤਰੀਕੇ ਤੇ ਭਾਸ਼ਾਵਾਂ ਰਾਹੀਂ ਇਹ ਸਪਸ਼ਟ ਕਰਦੇ ਹਨ ਕਿ ਪਰਮਾਤਮਾ ਦੀ ਬਖਸ਼ਿਸ਼ ਦਾ ਮੀਂਹ ਹਰ ਇਕ ਉਪਰ ਬਿਨਾਂ ਕਿਸੇ ਵਿਤਕਰੇ ਦੇ ਨਿਰੰਤਰ ਬਰਸ ਰਿਹਾ ਹੈ, ਪਰ ਕੋਈ ਵਿਰਲੀ ਕਣੀ ਹੀ ‘ਸਵਾਂਤੀ ਬੂੰਦ’ ਬਣਦੀ ਹੈ। ਜੇ ਥੋੜ੍ਹਾ ਹੋਰ ਬਾਰੀਕੀ ਨਾਲ ਵਿਚਾਰੀਏ ਤਾਂ ਅਰਦਾਸ ਦੇ ਜਿਸ ਹਿੱਸੇ ਵਿਚ ਪੰਥ ਲਈ ਕੁਝ ਮੰਗਿਆ ਹੈ, ਉਸ ਦੀ ਪੂਰਤੀ ਜ਼ਿਆਦਾਤਰ ਪਹਿਲੇ ਹਿੱਸੇ ਉਪਰ ਹੀ ਨਿਰਭਰ ਕਰਦੀ ਹੈ-
ਦੁਇ ਕਰ ਜੋੜਿ ਕਰਉ ਅਰਦਾਸਿ॥
ਤੁਧੁ ਭਾਵੈ ਤਾ ਆਣਹਿ ਰਾਸਿ॥
ਅਰਦਾਸ ਵਿਚ ਉਨ੍ਹਾਂ ਦਾ ਧਿਆਨ ਧਰਨ ਦੀ ਗੱਲ ਕਹੀ ਹੈ ਜਿਨ੍ਹਾਂ ਨੇ ਸਿੱਖੀ ਨੂੰ ਕੇਸਾਂ ਸੁਆਸਾਂ ਸੰਗ ਨਿਭਾਇਆ। ਉਨ੍ਹਾਂ ਦੇ ਧਿਆਨ ਨਾਲ ਹੀ ਅਸੀਂ ਸਿੱਖੀ ਦਾਨ, ਨਾਮ ਦਾਨ ਤੇ ਭਰੋਸਾ ਦਾਨ ਦੀ ਪ੍ਰਾਪਤੀ ਕਰ ਸਕਦੇ ਹਾਂ ਪਰ ਜਦ ਬਿਪਰਨ ਕੀ ਰੀਤ ਦੇ ਧਾਰਨੀ ਬਣ ਕੇ ਭਰੋਸਾ ਹੀ ਗਵਾ ਲਿਆ ਤਾਂ ਪ੍ਰਾਪਤੀ ਦੀ ਸੰਭਾਵਨਾ ਤਾਂ ਮੱਧਮ ਪੈਣੀ ਹੀ ਹੈ।
ਦਸਮ ਪਾਤਸ਼ਾਹ ਨੇ ਖਾਲਸੇ ਨੂੰ ਸੁਚੇਤ ਤੇ ਚੇਤੰਨ ਕੀਤਾ ਸੀ ਕਿ ਜੇ ਤੂੰ ਚਾਹੁੰਦਾ ਹੈਂ ਕਿ ਮੇਰੀਆਂ ਬਖਸ਼ਿਸ਼ਾਂ ਤੇਰੇ ‘ਤੇ ਬਣੀਆਂ ਰਹਿਣ, ਤਾਂ ਤੈਨੂੰ ਮੇਰੀ ਦਰਸਾਈ ਰਹਿਤ ਤੇਰੇ ਜੀਵਨ ਵਾਂਗ ਹੀ ਪਿਆਰੀ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਦਾ ਇਹ ਵੀ ਫਰਮਾਨ ਹੈ- ਏਕੁ ਪੈਂਡਾ ਜਾਇ ਚਲਿ, ਸਤਿਗੁਰ ਕੋਟਿ ਪੈਂਡਾ ਆਗੈ ਹੋਇ ਲੇਤੁ ਹੈ॥ ਗੁਰੂ ਸਾਡੀ ਬਾਂਹ ਤਾਂ ਹੀ ਫੜੇਗਾ ਜੇ ਅਸੀਂ ਆਪਣਾ ਮੂੰਹ ਗੁਰੂ ਵੱਲ ਰੱਖਾਂਗੇ, ਆਪਣੇ ਕਦਮਾਂ ਨੂੰ ਗੁਰੂ ਦੇ ਦਰ ਵੱਲ ਤੋਰਾਂਗੇ। ਜੋ ਵੀ ਮੰਗੋ, ਸਾਫ ਮਨ ਨਾਲ ਹੀ ਮੰਗੋ; ਮਨ ਦੀ ਮਲੀਨਤਾ ਗੁਰੂ ਦੀ ਕਿਸੇ ਵੀ ਬਖਸ਼ਿਸ਼ ਲਈ ਰੋਕ ਬਣੇਗੀ। ਮਨ ਦਾ ਉਹੀ ਭਾਂਡਾ ਸ਼ੁਧ ਹੈ ਜਿਸ ਨੂੰ ਗੁਰੂ ਅਕਾਲ ਪੁਰਖ ਦੀ ਪ੍ਰਵਾਨਗੀ ਮਿਲਦੀ ਹੈ। ਖੁਦ ਗੁਰੂ ਉਪਾਅ ਵੀ ਦੱਸਦਾ ਹੈ-
ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ॥
ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ॥
ਗੁਰੂ ਦੁਆਰੈ ਹੋਇ ਸੋਝੀ ਪਾਇਸੀ॥
ਏਤੁ ਦੁਆਰੈ ਧੋਇ ਹਛਾ ਹੋਇਸੀ॥
ਭਾਂਡਾ ਅੱਛਾ ਤਾਂ ਕਰ ਲਿਆ ਪਰ ਉਹ ਮੂਧਾ ਜਿੰਨੀ ਵੀ ਦੇਰ ਮਰਜ਼ੀ ਪਿਆ ਰਹੇ, ਉਸ ਦੀ ਮਿਹਰ ਦੀ ਇਕ ਵੀ ਬੂੰਦ ਉਸ ਵਿਚ ਨਹੀਂ ਪੈਣੀ, ਉਸ ਦੀ ਮਿਹਰ ਬਖਸ਼ਿਸ਼ ਦੀ ਵਰਖਾ ਤਾਂ ਅਪਾਰ ਹੁੰਦੀ ਰਹੇਗੀ। ਅਰਦਾਸ ਦੇ ਇਸ ਹਿੱਸੇ ਵਿਚ ਜੋ ਕੁਝ ਵੀ ਮੰਗਿਆ ਹੈ, ਉਸ ਦੇ ਮਿਲਣ ਵਿਚ ਅੜਿੱਕਾ ਕੋਈ ਨਹੀਂ, ਪਰ ਆਪਣੇ ਮਨ ਦੇ ਭਾਂਡੇ ਨੂੰ ਸ਼ੁਧ ਤਾਂ ਖੁਦ ਸਿੱਖ ਪੰਥ ਨੂੰ ਆਪ ਹੀ ਕਰਨਾ ਪੈਣਾ ਹੈ; ਤਦ ਹੀ ਇਸ ਹਿੱਸੇ ਦੀ ਸਾਰਥਕਤਾ ਦੇ ਅਰਥ ਸਪਸ਼ਟ ਹੋ ਸਕਣਗੇ।
ਸਿੱਖ ਜਿਥੇ ਵੀ ਵਸਦਾ ਹੈ, ਅਰਦਾਸ ਵਿਚਲੇ ‘ਸਰਬੱਤ ਦੇ ਭਲੇ’ ਦੀ ਗੱਲ ਦੂਜੇ ਲੋਕਾਂ ਜਾਂ ਧਰਮਾਂ ਸਾਹਮਣੇ ਕਰਨ ਵਿਚ ਬੜਾ ਫ਼ਖਰ ਮਹਿਸੂਸ ਕਰਦਾ ਹੈ। ਸਰਬੱਤ ਦੇ ਭਲੇ ਦੇ ਇਹ ਲਫ਼ਜ਼ ਜਿੰਨੇ ਪਿਆਰੇ ਤੇ ਸਹੀ ਲਗਦੇ ਹਨ, ਉਨ੍ਹਾਂ ਹੀ ਕਠਿਨ ਇਨ੍ਹਾਂ ਲਫ਼ਜ਼ਾਂ ਨੂੰ ਹਕੀਕਤ ਦਾ ਰੂਪ ਦੇਣ ਦੇ ਅਰਥ ਲਗਦੇ ਹਨ। ਜਿਨ੍ਹਾਂ ਗਿਆਨੀ ਪੁਰਸ਼ਾਂ ਨੇ ‘ਸਰਬੱਤ ਦੇ ਭਲੇ’ ਦੇ ਇਨ੍ਹਾਂ ਅਤਿ ਪਿਆਰੇ ਲਫ਼ਜ਼ਾਂ ਨੂੰ ਅਰਦਾਸ ਵਿਚ ਸ਼ਾਮਲ ਕੀਤਾ, ਉਨ੍ਹਾਂ ਨੇ ਪੰਥਕ ਇਤਿਹਾਸ ਤੇ ਪੰਥਕ ਸੋਚ ਨੂੰ ਵਿਚਾਰਿਆ ਸੀ ਜਿਹੜੀ ਪ੍ਰਥਮ ਜਾਮੇ (ਗੁਰੂ ਨਾਨਕ ਸਾਹਿਬ) ਤੋਂ ਚਲਦੀ ਆ ਰਹੀ ਸੀ। ਅਰਦਾਸ ਨੂੰ ਅੰਤਮ ਰੂਪ ਦੇਣ ਵਾਲੇ ਵਿਅਕਤੀਆਂ ਵਿਚ ਸਰਬੱਤ ਦੇ ਭਲੇ ਦਾ ਸੰਕਲਪ ਸਥਾਪਤ ਸੀ ਪਰ ਮੇਰੀ ਸਮਝ ਮੁਤਾਬਕ ਸਾਡੇ ਵਿਚ ਇਨ੍ਹਾਂ ਲਫ਼ਜ਼ਾਂ ਦੀ ਸਾਰਥਕਤਾ ਨਹੀਂ ਰਹੀ। ਇਹ ਲਫ਼ਜ਼ ਸਿਰਫ਼ ਰੋਜ਼ ਪੜ੍ਹਨ ਅਤੇ ਦੁਹਰਾਉਣ ਦੀ ਬ੍ਰਾਹਮਣੀ ਮੰਤਰ ਰਟ ਤਕ ਹੀ ਸੀਮਤ ਰਹਿ ਗਏ ਹਨ। ਇਨ੍ਹਾਂ ਲਫ਼ਜ਼ਾਂ ਵਿਚ ਸਾਡੀ ਇਮਾਨਦਾਰੀ ਨਹੀਂ ਰਹੀ, ਸਿਰਫ਼ ਪਰੰਪਰਾ ਬਣ ਗਈ ਹੈ। ਜਿਹੜੀ ਕੌਮ ਖੁਦ ਆਪਣਾ ਭਲਾ ਆਪ ਨਹੀਂ ਕਰ ਸਕਦੀ, ਉਹ ਸਰਬੱਤ ਦੇ ਭਲੇ ਦੀ ਜ਼ਾਮਨ ਕਿੱਦਾਂ ਬਣ ਸਕਦੀ ਹੈ? ਜਿੰਨੀ ਦੇਰ ਤਕ ਸਿੱਖ ਆਪਣੇ ਅੰਦਰੋਂ ਆਪਣੀ ਹਉਮੈ ਦੇ ਤਿਆਗ ਉਪਰੰਤ ਆਪਣੇ ਭਰਾਵਾਂ ਨੂੰ ਇਕ ਨਹੀਂ ਸਮਝਦਾ, ਰਲ ਕੇ ਬੈਠਦਾ ਨਹੀਂ; ਉਨੀ ਦੇਰ ‘ਮਾਨਸ ਕੀ ਜਾਤਿ ਸਭੈ ਏਕੋ ਪਹਿਚਾਨਬੋ’ ਨਹੀਂ ਅਪਣਾ ਸਕਦਾ। ਮੈਂ ਇਕ ਵਾਰੀ ਕਿਸੇ ਅੰਗਰੇਜ਼ੀ ਲਿਖਤ ਬਾਰੇ ਕੋਈ ਵਿਚਾਰ ਕਿਸੇ ਪਾਸੋਂ ਸੁਣਿਆ ਸੀ ਕਿ ਅਮਰੀਕਾ ਕਿੰਨਾ ਮਤਲਬਪ੍ਰਸਤ ਦੇਸ਼ ਹੈ, ਲੋਕ ਕਿੰਨੇ ਸਵਾਰਥੀ ਹਨ ਜਿਹੜੇ ਪਰਮਾਤਮਾ ਪਾਸੋਂ ਸਮੁਚੀ ਲੋਕਾਈ ਦੇ ਭਲੇ ਦੀ ਗੱਲ ਨਹੀਂ ਕਰਦੇ, ਸਿਰਫ਼ ਆਪਣਾ ਹੀ ਭਲਾ ਮੰਗਦੇ ਹਨæææਗਾਡ ਬਲੈੱਸ ਅਮੈਰਿਕਾ”; ਪਰ ਮੈਂ ਸਮਝਦਾ ਹਾਂ, ਭਾਵੇਂ ਇਹ ਲਫ਼ਜ਼ ਸਵਾਰਥ ਜ਼ਾਹਰ ਕਰਦੇ ਹਨ ਪਰ ਘੱਟੋ-ਘੱਟ ਇਨ੍ਹਾਂ ਲਫ਼ਜ਼ਾਂ ਨੂੰ ਕਹਿਣ ਸਮੇਂ ਉਨ੍ਹਾਂ ਵਿਚ ਇਮਾਨਦਾਰੀ ਤਾਂ ਹੈ। ਸਰਬੱਤ ਦੇ ਭਲੇ ਨਾਲ ਸਬੰਧਤ ਜਿੰਨੇ ਲੋਕ ਤੇ ਜਿੰਨੀਆਂ ਸੰਸਥਾਵਾਂ ਇਨ੍ਹਾਂ ਦੀਆਂ ਕੰਮ ਕਰਦੀਆਂ ਹਨ, ਸ਼ਾਇਦ ਹੀ ਕਿਸੇ ਹੋਰ ਦੇਸ਼ ਦੀਆਂ ਹੋਣ। 2001 ਦੇ ਅੰਕੜਿਆਂ ਮੁਤਾਬਕ ਜਿੰਨਾ ਦਾਨ ਅਮਰੀਕਾ ਦੀਆਂ ਸੰਸਥਾਵਾਂ ਨੇ ਲੋਕ ਭਲਾਈ ਲਈ ਇਕੱਠਾ ਕੀਤਾ, ਉਹ ਪੂਰੇ ਹਿੰਦੋਸਤਾਨ ਦੇ ਸਾਲਾਨਾ ਬਜਟ ਨਾਲੋਂ ਜ਼ਿਆਦਾ ਸੀ। ਸਾਡੇ ਲਈ ਸਰਬੱਤ ਦਾ ਭਲਾ ਮੰਗਣਾ ਆਪਣੇ ਆਪ ਨੂੰ ਗੁੰਮਰਾਹ ਕਰਨ ਜਾਂ ਧੋਖਾ ਦੇਣ ਤੋਂ ਵਧ ਕੁਝ ਵੀ ਨਹੀਂ, ਜੇ ਅਸੀਂ ਇਨ੍ਹਾਂ ਲਫ਼ਜ਼ਾਂ ਨੂੰ ਅਮਲੀ ਰੂਪ ਦੇਣ ਲਈ ਕੋਈ ਉਪਰਾਲਾ ਨਹੀਂ ਕਰਾਂਗੇ।
ਅਰਦਾਸ ਗੁਰੂ ਦੇ ਸਨਮੁਖ ਬੇਨਤੀ ਤਾਂ ਹੈ ਹੀ, ਪਰ ਗੁਰੂ ਨਾਲ ਕੀਤੇ ਪ੍ਰਣ ਦੇ ਤੌਰ ‘ਤੇ ਵੀ ਇਸ ਦੀ ਇਤਿਹਾਸਕ ਪ੍ਰਮਾਣਿਕਤਾ ਮਿਲਦੀ ਹੈ। ਸਿੱਖ ਜੇ ਗੁਰੂ ਨਾਲ ਕੋਈ ਪ੍ਰਣ ਕਰਦਾ ਹੈ, ਤਾਂ ਨਾਲ ਹੀ ਗੁਰੂ ਪਾਸ ਬੇਨਤੀ ਵੀ ਕਰਦਾ ਹੈ ਕਿ ਉਸ ਦਾ ਪ੍ਰਣ ਨਿਭ ਸਕੇ। ਗੁਰੂ ਆਪਣੇ ਸਿੱਖ ਨੂੰ ਸਮਰੱਥਾ ਬਖਸ਼ਦਾ ਹੈ ਪਰ ਇਹ ਨਿਰਭਰ ਕਰਦਾ ਹੈ ਕਿ ਕੀਤੇ ਪ੍ਰਣ ਨੂੰ ਨਿਭਾਉਣ ਦੀ ਜਾਚਨਾ ਕਿੰਨੀ ਕੁ ਭਾਵਪੂਰਨ ਹੈ। ਬਾਬਾ ਦੀਪ ਸਿੰਘ ਨੇ ਹਰਿਮੰਦਰ ਸਾਹਿਬ ਪਹੁੰਚਣ ਦਾ ਪ੍ਰਣ ਕੀਤਾ ਸੀ। ਇਤਿਹਾਸ ਗਵਾਹ ਹੈ ਕਿ ਸਿਰ ਤੇ ਧੜ ਵੱਖ-ਵੱਖ ਹੋਣ ਦੇ ਬਾਵਜੂਦ ਆਪਣੇ ਬਿਰਦ ਦੀ ਪੈਜ ਰੱਖਣ ਲਈ ਵਾਹਿਗੁਰੂ ਵਲੋਂ ਆਪਣੇ ਸਿੱਖ ਨੂੰ ਅਲੌਕਿਕ ਸਕਤੀ ਵਰਦਾਨ ਹੋਈ ਸੀ। ਸ਼ ਸ਼ਾਮ ਸਿੰਘ ਅਟਾਰੀ ਵਾਲੇ ਦਾ ਦਿੱਤਾ ਵਚਨ ਨਿਭਿਆ ਸੀ, ਉਸ ਨੇ ਜਿੱਤ ਜਾਂ ਮੌਤ ਮੰਗੀ ਸੀ। ਜਿੱਤ ਬੇਸ਼ਕ ਨਸੀਬ ਨਹੀਂ ਹੋਈ ਪਰ ਹਾਰ ਕੇ ਘਰ ਨਹੀਂ ਮੁੜਿਆ। ਵੀਹਵੀਂ ਸਦੀ ਵਿਚ ਇਕ ਸਾਧਾਰਨ ਸਿੱਖ ਸ਼ ਦਰਸਨ ਸਿੰਘ ਫੇਰੂਮਾਨ ਨੇ ਆਦਰਸ਼ ਨੂੰ ਮਿਥ ਕੇ ਅਰਦਾਸ ਕੀਤੀ ਸੀ, ਉਸ ਦਾ ਸਰੀਰ ਤਿਲ-ਤਿਲ ਤੇ ਸਵਾਸ-ਸਵਾਸ ਮੁੱਕਿਆ ਸੀ, ਉਸ ਦਾ ਜੀਵਨ, ਬਹੁਤ ਕਠਿਨ ਸੀ ਉਸ ਦਾ ਪ੍ਰਣ, ਪਰ ਗੁਰੂ ਦੀ ਬਖਸ਼ਿਸ਼ ਸੀ ਕਿ ਉਹ ਸ਼ਹੀਦੀ ਨੂੰ ਪ੍ਰਾਪਤ ਹੋਇਆ। ਜਿਥੇ ਮਨ ਵਿਚ ਇਮਾਨਦਾਰੀ ਦੀ ਥਾਂ ਫਰੇਬ ਹੋਵੇ, ਕੋਈ ਕਪਟ ਹੋਵੇ, ਗੁਰੂ ਸਹਾਈ ਨਹੀਂ ਹੁੰਦਾ। ਇਨਸਾਨ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਕਿੰਨਾ ਵੀ ਲੋਕਪ੍ਰਿਯ ਕਿਉਂ ਨਾ ਹੋਵੇ ਪਰ ਮਨ ਵਿਚਲਾ ਫਰੇਬ ਸ਼ਹੀਦੀ ਵਰਗੀ ਦਾਤ ਪ੍ਰਾਪਤ ਨਹੀਂ ਹੋਣ ਦਿੰਦਾ।
ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਨੇ ਕਿੱਡੇ ਵੱਡੇ ਅਡੰਬਰ ਕੀਤੇ ਸੀ, ਸੰਸਾਰ ਵਿਆਪੀ ਪ੍ਰਚਾਰ ਹੋਇਆ ਸੀ ਉਨ੍ਹਾਂ ਵੱਲੋਂ ਕੀਤੀ ਅਰਦਾਸ ਦਾ। ਉਨ੍ਹਾਂ ਦੇ ਮਨਾਂ ਵਿਚ ਕਿਉਂਕਿ ਸਿਆਸੀ ਕਪਟ ਸੀ, ਇਸ ਲਈ ਗੁਰੂ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਮਰ ਤਾਂ ਉਹ ਵੀ ਗਏ ਪਰ ਸ਼ਹੀਦੀ ਉਨ੍ਹਾਂ ਦੇ ਭਾਗ ਨਹੀਂ ਬਣ ਸਕੀ ਕਿਉਂਕਿ ਗੁਰੂ ਨੇ ਉਨ੍ਹਾਂ ਦੀ ਅਰਦਾਸ ਪ੍ਰਵਾਨ ਨਹੀਂ ਸੀ ਕੀਤੀ। ਸੰਤ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸਾਥੀਆਂ ਨੂੰ ਗੁਰੂ ਉਪਰ ਦ੍ਰਿੜ ਵਿਸ਼ਵਾਸ ਸੀ। ਉਨ੍ਹਾਂ ਅਰਦਾਸ ਕੀਤੀ ਸੀ, ਗੁਰੂ ਨੇ ਬਲ ਬਖਸ਼ਿਆ ਸੀ, ਆਪਣੇ ਸਵਾਸਾਂ ਤਕ ਦੀਨ ਹੇਤ ਲੜਨ ਦਾ।
ਮੈਂ ਅਰਦਾਸ ਨਾਲ ਸਬੰਧਤ ਇਸ ਸੂਖਮ ਪੱਖ ਨੂੰ ਵੀ ਛੋਹਣਾ ਚਾਹੁੰਦਾ ਹਾਂ ਜਿਹੜਾ ਹੁਣ ਪ੍ਰਚਲਤ ਹੈ। ਇਹ ਗੱਲ ਫਿਰ ਸਪਸ਼ਟ ਕਰਨੀ ਚਾਹੁੰਦਾ ਹਾਂ ਕਿ ਅਰਦਾਸ ਗੁਰੂ ਜਾਂ ਅਕਾਲ ਪੁਰਖ ਦੇ ਰੂ-ਬਰੂ ਇਕ ਅਰਜੋਈ ਹੈ ਜਿਸ ਦਾ ਸਬੰਧ ਹਰ ਵਿਅਕਤੀ ਦੇ ਆਪਣੇ ਨਿੱਜ ਨਾਲ ਹੁੰਦਾ ਹੈ। ਅਰਦਾਸ ਬੇਸ਼ਕ ਸਮੂਹਕ ਰੂਪ ਵਿਚ ਵੀ ਹੋ ਸਕਦੀ ਹੈ ਪਰ ਉਸ ਵਿਚ ਵੀ ਹਰ ਵਿਅਕਤੀ ਦਾ ਨਿੱਜ ਹੀ ਮੁਖ ਹੁੰਦਾ ਹੈ ਕਿ ਤੁਸੀਂ ਕੀ ਤੇ ਕਿਵੇਂ ਮੰਗ ਰਹੇ ਹੋ। ਅਨੁਭਵੀ ਮਹਾਂਪੁਰਸ਼ਾਂ ਦੇ ਕਥਨ ਹਨ- ਅਰਦਾਸ ਉਧਾਰੀ ਨਹੀਂ ਹੋ ਸਕਦੀ; ਕਿਉਂ ਜੋ ਅਰਦਾਸ ਦਾ ਸਬੰਧ, ਸਬੰਧਤ ਵਿਅਕਤੀ ਦੇ ਹਿਰਦੇ ਨਾਲ ਹੈ, ਉਸ ਦੇ ਅੰਦਰੋਂ ਉਠੀ ਕਿਸੇ ਪੀੜਾ ਜਾਂ ਉਮਾਹ ਨਾਲ ਹੈ, ਉਸ ਦੀ ਅੰਤਰੀਵੀ ਭਾਵਨਾ ਨਾਲ ਹੈ ਤਾਂ ਬੇਸ਼ਕ ਕੋਈ ਦੂਜਾ ਵਿਅਕਤੀ ਉਸ ਨੂੰ ਪ੍ਰਭਾਵਸ਼ਾਲੀ ਲਫ਼ਜ਼ਾਂ ਦਾ ਜਾਮਾ ਪਹਿਨਾ ਕੇ, ਸੁਹਣੇ ਤੇ ਸੁਰੀਲੇ ਤਰੀਕੇ ਨਾਲ ਪੇਸ਼ ਤਾਂ ਕਰ ਸਕਦਾ ਹੈ, ਪਰ ਅਰਦਾਸ ਪ੍ਰਵਾਨ ਹੋਵੇ, ਕੋਈ ਤਰਕ ਨਹੀਂ ਬਣਦਾ?
ਗੁਰਦੁਆਰਿਆਂ ਵਿਚ ਭਾਈ ਸਾਹਿਬਾਨ ਜਾਂ ਗ੍ਰੰਥੀ ਸਾਹਿਬਾਨ ਸ਼ਰਧਾਲੂਆਂ ਦੇ ਕਹਿਣ ‘ਤੇ ਉਨ੍ਹਾਂ ਦੀਆਂ ਮੰਗਾਂ ਦੀ ਲੰਬੀ ਲਿਸਟ ਜ਼ਰੂਰ ਅਰਦਾਸ ਦੇ ਆਖੀਰ ਵਿਚ ਜੋੜ ਦਿੰਦੇ ਹਨ; ਅਜਿਹੀਆਂ ਕੀਤੀਆਂ ਜਾਂ ਕਰਵਾਈਆਂ ਅਰਦਾਸਾਂ ਨਾਲ ਅਸੀਂ ਆਪਣੇ ਮਨਾਂ ਦਾ ਭਰਮ ਤਾਂ ਜ਼ਰੂਰ ਪਾਲ ਲੈਂਦੇ ਹਾਂ, ਮਨਾਂ ਵਿਚ ਧਰਵਾਸ ਬੰਨ੍ਹ ਲੈਂਦੇ ਹਾਂ, ਪਰ ਅਰਦਾਸ ਦੀ ਪ੍ਰਵਾਨਗੀ ਪ੍ਰਤੀ ਯਕੀਨ ਨਹੀਂ ਆਉਂਦਾ। ਹਾਂ! ਕੁਝ ਅਜਿਹੇ ਮਹਾਂਪੁਰਸ਼ ਜਿਨ੍ਹਾਂ ਨੂੰ ਉਸ ਵਾਹਿਗੁਰੂ ਦਾ ਅਨੁਭਵ ਹੈ; ਜਿਨ੍ਹਾਂ ਆਪਣੇ ਪਿਆਰ ਭਗਤੀ, ਸਾਧਨਾ, ਧਿਆਨ ਰਾਹੀਂ ਅਕਾਲ ਪੁਰਖ ਦੇ ਮਿਲਾਪ ਦਾ ਅਗੰਮੀ ਰਸ ਮਾਣਿਆ ਹੈ, ਉਨ੍ਹਾਂ ਵਿਚ ਕਿਸੇ ਦੀ ਅਰਦਾਸ ਨੂੰ ਵਾਹਿਗੁਰੂ ਪਾਸ ਪਹੁੰਚਾਉਣ ਤੇ ਮਨਵਾਉਣ ਦੀ ਸਮਰੱਥਾ ਜ਼ਰੂਰ ਹੁੰਦੀ ਹੈ। ਇਤਿਹਾਸ ਵਿਚ ਅਨੇਕਾਂ ਗਵਾਹੀਆਂ ਹਨ।
ਅਨੁਭਵ ਪ੍ਰਾਪਤ ਮਹਾਂਪੁਰਸ਼ਾਂ ਦਾ ਇਹ ਵੀ ਮੰਨਣਾ ਹੈ ਕਿ ਧਾਰਮਿਕ ਸਥਾਨਾਂ ‘ਤੇ ਜਾਣਾ, ਗੁਰੂ ਚਰਨਾਂ ਵਿਚ ਆਪਣਾ ਸਮਾਂ ਬਿਤਾਉਣਾ, ਸੰਗਤ ਰੂਪ ਵਿਚ ਗੁਰੂ ਦੇ ਜਸ ਗਾਇਨ ਕਰਨਾ, ਬਹੁਤ ਭਾਗਾਂ ਵਾਲਿਆਂ ਦੇ ਨਸੀਬ ਵਿਚ ਹੁੰਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਅਰਦਾਸ ਕੇਵਲ ਧਾਰਮਿਕ ਸਥਾਨਾਂ ਉਪਰ ਹੀ ਸੰਭਵ ਹੈ। ਗੁਰੂ ਸਾਹਿਬਾਨ ਨੇ ਅਨੇਕ ਵਾਰੀ ਸਪਸ਼ਟ ਕੀਤਾ ਹੈ ਕਿ ਪਰਮਾਤਮਾ ਸਰਬਵਿਆਪਕ ਹੈ, ਘਟ ਘਟ ਵਿਚ ਉਸ ਦਾ ਵਾਸਾ ਹੈ- ਚਰਨ ਕਮਲ ਧਿਆਇ ਭੀਤਰਿ, ਘਟ ਘਟਹਿ ਸਵਾਮੀ ਸੂਝੈ॥ ਅਰਦਾਸ ਅਸੀਂ ਕਿਤੇ ਵੀ ਕੀਤੀ ਹੈ, ਜੇ ਉਹ ਭਾਵ-ਭਿੰਨੀ ਹੈ ਤਾਂ ਸੁਣੀ ਹੀ ਜਾਵੇਗੀ।
ਅਚਾਰੀਆ ਰਜਨੀਸ਼ ਦਾ ਵੀ ਕਥਨ ਹੈ ਕਿ ਜੇ ਤੁਹਾਡੀ ਪ੍ਰਾਰਥਨਾ ਸਹੀ ਅਰਥਾਂ ਵਿਚ ਪ੍ਰਾਰਥਨਾ ਹੈ ਤਾਂ ਜਿਥੇ ਕਿਤੇ ਵੀ ਤੁਸੀਂ ਮਨ ਵਿਚ ਅਰਦਾਸ ਦੀ ਭਾਵਨਾ ਰੱਖੋਗੇ, ਉਥੇ ਹੀ ਤੁਹਾਨੂੰ ਉਸ ਦੇ ਚਰਨ ਨਜ਼ਰ ਆਉਣਗੇ। ਬਾਦਸ਼ਾਹ ਬਾਬਰ ਦਾ ਬੇਟਾ ਹਮਾਯੂੰ ਜਦ ਆਪਣੇ ਅੰਤਮ ਪਲਾਂ ਵਿਚੋਂ ਗੁਜ਼ਰ ਰਿਹਾ ਸੀ, ਵੈਦਾਂ ਦੇ ਜਦੋਂ ਸਾਰੇ ਹੀਲੇ-ਵਸੀਲੇ ਵਿਅਰਥ ਜਾਪੇ ਤਾਂ ਖੁਦ ਬਾਬਰ ਨੇ, ਹਮਾਯੂੰ ਦੇ ਮੰਜੇ ਦੁਆਲੇ ਪਰਿਕਰਮਾ ਕਰ ਕੇ ਦੁਆ (ਅਰਦਾਸ) ਕੀਤੀ ਸੀ ਕਿ ਹੇ ਖੁਦਾ! ਮੇਰੇ ਬੇਟੇ ਦੀ ਜਾਨ ਬਖਸ਼, ਬੇਸ਼ਕ ਉਸ ਦੀ ਜਗ੍ਹਾ ਮੈਨੂੰ ਮੌਤ ਆ ਜਾਵੇ। ਇਤਿਹਾਸਕ ਸੱਚਾਈ ਹੈ ਕਿ ਬਾਬਰ ਬਿਮਾਰ ਪੈ ਗਿਆ ਤੇ ਹਮਾਯੂੰ ਤੰਦਰੁਸਤ ਹੋਣਾ ਸ਼ੁਰੂ ਹੋ ਗਿਆ। ਬਾਬਰ ਦੀ ਮੌਤ ਹੋਈ, ਤੇ ਹਮਾਯੂੰ ਮੁਗਲ ਸਲਤਨਤ ਦਾ ਦੂਜਾ ਬਾਦਸ਼ਾਹ ਬਣਿਆ। ਉਸ ਨੇ ਇਹ ਦੁਆ ਕਿਸੇ ਮਸੀਤ ਜਾਂ ਕਿਸੇ ਵੱਡੇ ਮੁੱਲਾਂ ਕਾਜ਼ੀ ਪਾਸੋਂ ਨਹੀਂ ਸੀ ਕਰਵਾਈ। ਕੌਰਵਾਂ ਨੇ ਜਦ ਭਰੇ ਦਰਬਾਰ ਵਿਚ ਦ੍ਰੋਪਤੀ ਨੂੰ ਬੇਪਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਅੰਦਰੋਂ ਉਠੀ ਪੁਕਾਰ ਨੂੰ ਪਰਮਾਤਮਾ ਦੇ ਦਰ ਪ੍ਰਵਾਨਗੀ ਮਿਲੀ ਸੀ ਤੇ ਉਸ ਦੀ ਪਤ ਦੀ ਰਾਖੀ ਹੋਈ ਸੀ- ਬਸਤ੍ਰ ਛੀਨਤ ਦ੍ਰੋਪਦੀ ਰੱਖੀ ਲਾਜ। ਇਸੇ ਤਰ੍ਹਾਂ ਪ੍ਰਹਲਾਦ, ਭਗਤ ਕਬੀਰ, ਭਗਤ ਨਾਮਦੇਵ, ਭਗਤ ਰਵੀਦਾਸ, ਧੰਨਾ ਭਗਤ ਆਦਿ ਮਿਸਾਲਾਂ ਹਨ।
ਮੈਂ ਇਹ ਗੱਲ ਸਪਸ਼ਟ ਕਰਨੀ ਚਾਹਾਂਗਾ ਕਿ ਇਸ ਅਤਿ ਸੂਖਮ ਤੇ ਸੰਜੀਦਾ ਵਿਸ਼ੇ ਨੂੰ ਛੋਹਣਾ ਪੰਥ ਵਿਚ ਵਿਵਾਦ ਪੈਦਾ ਕਰਨਾ ਨਹੀਂ, ਕਿਉਂਕਿ ਪੰਥ ਤਾਂ ਅੱਗੇ ਹੀ ਅਨੇਕਾਂ ਬੇਅਰਥ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਮੈਂ ਤਾਂ ਸਿਰਫ਼ ਇਹੀ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਅਤਿਅੰਤ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੀ ਕਿਰਤ ਨੂੰ ਕੇਵਲ ਰਸਮ ਸਮਝ ਕੇ ਨਹੀਂ, ਸਗੋਂ ਉਸ ਦੇ ਅੰਤਰੀਵੀ ਭਾਵਾਂ ਨਾਲ ਇਕ ਸੁਰ ਹੋ ਕੇ ਉਸ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ। ਅਰਦਾਸ ਤਾਂ ਇਕ ਅਨੁਭਵ ਹੈ ਜਿਸ ਨੂੰ ਜੀਵਿਆ ਜਾਣਾ ਚਾਹੀਦਾ ਹੈ; ਇਹ ਕੋਈ ਅਜਿਹੀ ਕਲਾ ਨਹੀਂ ਹੈ ਜੋ ਸਿੱਖੀ ਤੇ ਪੜ੍ਹੀ ਜਾ ਸਕਦੀ ਹੋਵੇ। ਫਿਰ ਵੀ ਜੇ ਕੋਈ ਭੁੱਲ ਹੋਈ ਹੋਵੇ ਜੋ ਧਾਰਮਿਕ ਪੱਖ ਤੋਂ ਕਿਸੇ ਨੂੰ ਠੇਸ ਪਹੁੰਚਾਏ, ਜਾਂ ਮੇਰੇ ਪਾਸੋਂ ਜਾਣੇ-ਅਨਜਾਣੇ ਕੁਝ ਅਜਿਹਾ ਲਿਖਿਆ ਗਿਆ ਹੋਵੇ ਜੋ ਪੰਥਕ ਸੋਚ ਮੁਤਾਬਕ ਸਹੀ ਨਹੀਂ, ਤਾਂ ਉਸ ਨੂੰ ਆਪਣੀ ਤੁਛ ਬੁੱਧੀ ਦਾ ਨਤੀਜਾ ਸਮਝ ਕੇ ਪੰਥ ਪਾਸੋਂ ਮੁਆਫੀ ਦੀ ਜਾਚਨਾ ਕਰਦਾ ਹਾਂ।
Leave a Reply