ਸਿਰੜੀ ਤੇ ਸੁਹਿਰਦ ਕਵਿਤਰੀ ਦੇਵਿੰਦਰ ਕੌਰ ਗੁਰਾਇਆ

-ਡਾæ ਸੁਰਿੰਦਰ ਸ਼ਾਂਤ
ਪੰਜਾਬੀ ਕਵਿਤਰੀਆਂ ਵਿਚ ਨਵਾਂ ਨਾਂ ਦੇਵਿੰਦਰ ਗੁਰਾਇਆ ਪੰਜਾਬੀ ਕਾਵਿ ਲਈ ਸ਼ੁਭ ਸ਼ਗਨ ਹੈ। ਸੰਸਾਰ ਕਾਵਿ ਦੇ ਅਨੁਰੂਪ ਹੀ ਪੰਜਾਬੀ ਕਾਵਿ ਦਾ ਮੁਹਾਂਦਰਾ ਹਾਲਾਤ ਅਨੁਸਾਰ ਬਦਲ ਰਿਹਾ ਹੈ। ਅਜੋਕੀ ਕਵਿਤਾ ਵਿਚਾਰਧਾਰਾ ਦੀ ਨਿਰੀ ਸਾਖੇਪ ਪੇਸ਼ਕਾਰੀ ਨਹੀਂ, ਸਗੋਂ ਅਨੁਭਵ ਦੇ ਵਿਸ਼ਾਲ ਸੰਸਾਰ ਤੋਂ ਉਪਜਿਆ ਪ੍ਰਵਾਹ ਹੈ। ਦੇਵਿੰਦਰ ਅੱਜ ਕੱਲ੍ਹ ਅਮਰੀਕਾ ਰਹਿੰਦੀ ਹੈ ਜਿਥੇ ਵੱਖ-ਵੱਖ ਸੋਚਾਂ-ਵਿਚਾਰਾਂ ਵਾਲੇ ਲੋਕ ਵੱਖ-ਵੱਖ ਵਿਸ਼ੇਸ਼ਣ ਵਰਤਦੇ ਹਨ, ਪਰ ਇਕ ਗੱਲ ‘ਤੇ ਸਾਰੇ ਇਕਮਤ ਹੁੰਦੇ ਹਨ ਕਿ ਉਸ ਦੇਸ਼ ਦੀ ਚਕਾਚੌਂਧ, ਵਿਕਾਸ ਅਤੇ ਸਭਿਆਚਾਰਕ ਦਿਖ ਨੇ ਅਤੇ ਉਸ ਦੇ ਸੰਸਾਰ ਰਾਜਨੀਤੀ ਵਿਚ ਦਬਦਬੇ ਵਾਲੇ ਰੋਲ ਨੇ ਉਥੇ ਪੁੱਜੇ ਪਰਵਾਸੀਆਂ ਦੀਆਂ ਅੰਦਰਲੀਆਂ ਬਿਰਤੀਆਂ ਅਤੇ ਜਜ਼ਬਾਤ ਨੂੰ ਜਾਂ ਤਾਂ ਮਧੋਲ ਸੁੱਟਿਆ ਹੈ, ਜਾਂ ਵੱਖਰਾ ਮੁਹਾਣ ਮੋੜ ਦਿੱਤਾ ਹੈ। ਉਹ ਐਸਾ ਸਮੁੰਦਰ ਹੈ ਜਿਥੇ ਦੇਰ ਸਵੇਰ ਹਰ ਪਰਵਾਸੀ ਉਥੋਂ ਦਾ ਵਾਸੀ ਬਣਦਾ-ਬਣਦਾ ਆਪਣੀ ਹੋਂਦ ਨੂੰ ਪੂਰੀ ਤਰ੍ਹਾਂ ਗੁਆ ਬੈਠਾ ਹੈ, ਪਰ ਕੁਝ ਸਿਰੜੀ ਅਤੇ ਸੁਹਿਰਦ ਲੋਕ ਆਪਣੀ ਸੋਚ ਅਤੇ ਮੁਹਾਵਰੇ ਨੂੰ ਨਾ ਤਾਂ ਖੁੰਢਾ ਹੋਣ ਦਿੰਦੇ ਹਨ, ਤੇ ਨਾ ਹੀ ਕਿਸੇ ਵਿਗਾੜ ਦਾ ਸ਼ਿਕਾਰ ਹੋਣ ਦਿੰਦੇ ਹਨ। ਕੁਝ ਕਵੀ/ਲੇਖਕ ਸਿਰਫ ਰੁਦਨ ਤੱਕ ਸੀਮਤ ਰਹਿੰਦੇ ਹਨ, ਤੇ ਆਪਣੀ ਮਿੱਟੀ ਨੂੰ ਯਾਦ ਕਰਦੇ ਹਨ। ਕੋਈ ਵਿਰਲਾ ਟਾਵਾਂ ਪੂਰੇ ਜਲੌਅ ਵਿਚ ਰਹਿੰਦਾ ਹੋਇਆ ਸੰਘਰਸਸ਼ੀਲ ਰਹਿੰਦਾ ਹੈ। ਅਜਿਹਾ ਲੇਖਕ ਪਰਵਾਸੀ ਲੇਖਕਾਂ ਦੀ ਨਿੱਕੀ ਜਿਹੀ ਕਤਾਰ ਜਾਂ ਤੰਗ ਜਿਹੇ ਖਾਨੇ ਵਿਚ ਨਹੀਂ ਪੈਂਦਾ, ਸਗੋਂ ਮੁੱਖਧਾਰਾਈ ਕਾਵਿ ਪ੍ਰਵਾਹ ਦਾ ਅੰਗ ਬਣਦਾ ਹੈ। ਦੇਵਿੰਦਰ ਅਜਿਹੇ ਹੀ ਕਵੀਆਂ/ਕਵਿਤਰੀਆਂ ‘ਚੋਂ ਇਕ ਹੈ ਜੋ ਅਮਰੀਕਾ ਪੁੱਜ ਕੇ ਪੰਜਾਬੀ ਸਰੋਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਜਿਉਂ ਦੀ ਤਿਉਂ ਪਛਾਣਦੀ ਹੈ ਅਤੇ ਕਾਵਿ-ਅਨੁਭਵ ਵਿਚ ਲਿਆਉਣ ਦਾ ਯਤਨ ਕਰ ਰਹੀ ਹੈ।
ਉਹਦੇ ਕਾਵਿ ਸੰਗ੍ਰਿਹ ‘ਕੱਚੇ ਕੋਠੇ’ ਵਿਚਲੀਆਂ ਵਧੇਰੇ ਕਵਿਤਾਵਾਂ ਕਵਿਤਰੀ ਦੇ ਆਪਣੇ ਅਨੁਭਵ ਦਾ ਸਹਿਜ ਪ੍ਰਗਟਾਵਾ ਹਨ। ਇਸ ਪੁਸਤਕ ਦੀ ਪਹਿਲੀ ਹੀ ਕਵਿਤਾ ‘ਮਾਸਟਰ ਪੀਸ’ ਕਵਿਤਾ ਕਹੀ ਜਾ ਸਕਦੀ ਹੈ। ਔਰਤ ਦਾ ਸਮਾਜਕ ਰੁਤਬਾ ਕੀ ਹੈ? ਪਰਿਵਾਰ ਵਿਚ ਉਸ ਦਾ ਸਥਾਨ ਕੀ ਹੈ? ਉਸ ਤੋਂ ਬਗੈਰ ਕਿਵੇਂ ਸਾਰਾ ਸਮਾਜਕ ਤਾਣਾ-ਬਾਣਾ ਬਿਖਰ ਜਾਂਦਾ ਹੈ? ਕਿਵੇਂ ਘਰ ਖੋਲ਼ਾ ਹੋ ਜਾਂਦਾ ਹੈ ਉਸ ਦੇ ਬਗੈਰ। ਇਹ ਕਵਿਤਾ ਦੇਵਿੰਦਰ ਦੇ ਅੰਤਹਕਰਨ ਦਾ ਸ਼ਾਬਦਿਕ ਪ੍ਰਗਟਾਵਾ ਹੈ ਜੋ ਕਵੀ ਮਨ ਦੀ ਆਵਾਜ਼ ਨਾ ਰਹਿ ਕੇ ਸਮੂਹ ਲੋਕਮਨ ਦੀ ਆਵਾਜ਼ ਹੋ ਨਿਬੜਿਆ ਹੈ,
ਮੈਂ ਕੱਚੇ ਕੋਠੇ ਦੀ ਛੱਤ ਹਾਂ
ਹਰ ਮੌਸਮ ਹੰਢਾਇਆ ਮੈਂ
ਕਦੀ ਧੁੱਪਾਂ ਨੇ ਉਖੇੜਿਆ
ਕਦੀ ਬੁਛਾੜਾਂ ਨੇ ਰੋੜ੍ਹਿਆ
ਪਰ ਮੇਰੀ ਹੋਂਦ ਨਾ ਮਰੀ।
ਮੈਂ ਡਿੱਗੀ, ਟੁੱਟੀ ਤੇ ਖਿੰਡੀ
ਮੁੜ ਛੱਤ ਬਣ ਗਈ।
ਮੈਂ ਕੱਚੇ ਕੋਠੇ ਦੀ ਛੱਤ ਹਾਂ।
ਇਹ ਨਾਰੀਤਵ ਦੀ ਮਹਾਨਤਾ ਅਤੇ ਉਸ ਦੀ ਸਦੀਵੀ ਮੌਲਿਕਤਾ ਵੱਲ ਵੀ ਸੰਕੇਤ ਕਰਦੀ ਹੈ। ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਕਵਿਤਾਵਾਂ ਹਨ ਜੋ ਨਾਰੀ ਨਾਲ ਜੁੜੇ ਸਰੋਕਾਰਾਂ ਦੀ ਤਰਜਮਾਨੀ ਕਰਦੀਆਂ ਹਨ। ‘ਵੇਸਵਾ’ ਅਜਿਹੀ ਹੀ ਕਵਿਤਾ ਹੈ ਜੋ ਔਰਤ ਦੀ ਮਜਬੂਰੀ ਤੇ ਬੇਵਸੀ ਨੂੰ ਪ੍ਰਗਟ ਕਰਦੀ ਹੈ, ਉਸ ਦੀ ਨਿਰਾਸ਼ਾ ਤੇ ਮਾਯੂਸੀ ਨੂੰ ਪੇਸ਼ ਕਰਦੀ ਹੈ, ਪਰ ਨਾਲ ਹੀ ਮਰਦ ਉਸ ਦੀ ਖਾਮੋਸ਼ੀ ਨੂੰ ਜਿੱਲਤ ਵਿਚ ਬਦਲ ਕੇ ਉਸ ਨੂੰ ਅਤਿ ਨੀਵਾਣਾਂ ਵੱਲ ਧੱਕਦਾ ਦੱਸਿਆ ਹੈ। ਆਪ ਫਿਰ ਉਹ ਸੁੱਚੇ ਦਾ ਸੁੱਚਾ ਘੋੜਾ ਰਹਿੰਦਾ ਹੈ। ‘ਐ ਮਨੁੱਖ’ ਵੀ ਅਜਿਹੀ ਹੀ ਕਵਿਤਾ ਹੈ ਜਿਸ ਵਿਚ ਸਮਾਜਕ ਮਰਿਆਦਾ ਨੂੰ ਲੰਘ ਕੇ ਮਰਦ ਸਾਰੇ ਰਿਸ਼ਤਿਆਂ ਨੂੰ ਤਹਿਸ-ਨਹਿਸ ਕਰ ਦਿੰਦਾ ਹੈ। ਧੀ, ਭੈਣ, ਮਾਂ ਦੇ ਰਿਸ਼ਤੇ ਉਸ ਲਈ ਅਰਥਹੀਣ ਹੋ ਜਾਂਦੇ ਹਨ। ‘ਮੇਰੀ ਕਵਿਤਾ’ ਵਿਚ ਦੇਵਿੰਦਰ ਨੇ ‘ਮੈਂ’ ਨੂੰ ਸੰਬੋਧਨ ਹੁੰਦਿਆਂ ਇਸਤਰੀਤਵ ਦੇ ਧੁਰ ਅੰਦਰ ਝਾਤ ਪਾਈ ਹੈ।
ਕਵਿਤਰੀ ਅਮਰੀਕਾ ਜਾ ਕੇ ਵੀ ਪਿੰਡ ਦੀਆਂ ਯਾਦਾਂ ਨੂੰ ਉਂਜ ਹੀ ਆਪਣੇ ਸੀਨੇ ਵਿਚ ਸਮੋਈ ਬੈਠੀ ਹੈ। ਉਹ ਉਨ੍ਹਾਂ ਪਲਾਂ-ਛਿਣਾਂ ਨੂੰ ਕਵਿਤਾਵਾਂ ਰਾਹੀਂ ਫੜਨ ਦਾ ਯਤਨ ਕਰਦੀ ਹੈ ਜੋ ਉਸ ਨੇ ਆਪਣੇ ਪਿੰਡ ਦੀਆਂ ਜੂਹਾਂ ਵਿਚ ਗੁਜ਼ਾਰੇ। ‘ਪਿੰਡ ਛੱਡ ਆਏ’, ‘ਬਾਪ’, ‘ਸਾਡੇ ਕਰਮ ਜੋ ਲਿਖੇ’, ‘ਮਿੱਟੀਏ ਨੀ ਮਾਫ ਕਰੀਂ’, ‘ਉਹ ਦਿਨ ਕਿਥੇ ਗਏ’ ਆਦਿ ਕਈ ਕਵਿਤਾਵਾਂ ਅਜਿਹੇ ਹੀ ਅਹਿਸਾਸ ਨੂੰ ਮੂਰਤੀਮਾਨ ਕਰਦੀਆਂ ਹਨ ਜਿਨ੍ਹਾਂ ਵਿਚ ਆਰਥਕ ਤੇ ਸਮਾਜਕ ਸੰਘਰਸ਼ ਕਰਦਿਆਂ ਪਿੱਛਲਝਾਤ ਰਾਹੀਂ ਅਤੀਤ ਨੂੰ ਵਧੀਆ ਢੰਗ ਰਾਹੀਂ ਚਿਤਰਿਆ ਗਿਆ ਹੈ। ਪਰਾਏ ਦੇਸ਼ ਵਿਚ ਰਹਿੰਦਿਆਂ ਪਰਾਏ ਧਨ ਦਾ ਅਹਿਸਾਸ ਸਦਾ ਹੀ ਸਤਾਉਂਦਾ ਹੈ। ਨਾਲ ਹੀ ਆਪਣੀ ਮਿੱਟੀ ਵਿਚੋਂ ਪੁੱਟੇ ਜਾਣ ਦੀ ਪੀੜਾ ਵੀ ਅੰਤਰਮਨ ਨੂੰ ਹਲੂਣਦੀ ਹੈ ਅਤੇ ਪੀੜਤ ਕਰਦੀ ਹੈ। ਕਵਿਤਰੀ ਆਪਣੇ ਤੇ ਪਰਾਏ ਦੇਸ਼ ਦੀ ਫਿਜ਼ਾ, ਵਿਤਕਰੇ, ਵਿਹਾਰ, ਧਾਰਮਕ ਵਖਰੇਵੇਂ ਤੇ ਸ਼ੋਸ਼ਣ ਦੇ ਵੱਖ-ਵੱਖ ਤਰੀਕਿਆਂ ਨੂੰ ਪੇਸ਼ ਕਰਦਿਆਂ ਬੜਾ ਕਾਵਿਮਈ ਮਾਹੌਲ ਸਿਰਜਦੀ ਹੈ। ਉਸ ਦੀਆਂ ਇਹ ਕਵਿਤਾਵਾਂ ਪਰਵਾਸ ਦੇ ਦਰਦ ਦਾ ਪ੍ਰਗਟਾਵਾ ਹਨ। ਉਸ ਦੇ ਕੁਝ ਗੀਤ ਵੀ ਬੜੇ ਪਿਆਰੇ ਹਨ ਜਿਨ੍ਹਾਂ ਵਿਚ ਲੈਅ ਹੈ, ਰਸ ਹੈ, ਸੰਗੀਤ ਹੈ ਤੇ ਵਿਚਾਰਾਂ ਦੀ ਸੁੰਦਰ ਪੇਸ਼ਕਾਰੀ ਹੈ। ਇਨ੍ਹਾਂ ਵਿਚ ਭਾਵੁਕਤਾ ਹੈ ਪਰ ਚੇਤਨਾ ਵੀ ਬਰਾਬਰ ਤੁਰਦੀ ਹੈ। ਉਸ ਨੇ ਕਵਿਤਾ ਵਿਚਲੇ ਬਿੰਬ ਤੇ ਪ੍ਰਤੀਕ ਪੇਂਡੂ ਰਹਿਤਲ ਵਿਚੋਂ ਸਿਰਜੇ ਹਨ,
ਅਜੇ ਤਾਂ ਛੱਜ ਛੋਪਿਆਂ ਦਾ ਭਰਿਆ,
ਇਕ ਵੀ ਪੂਣੀ ਕੱਤੀ ਨਾ।
ਅਜੇ ਤਾਂ ਤੱਕਲਾ ਵਿੰਗਾ ਟੇਢਾ,
ਮਾਲ ਚਰਖੇ ਦੀ ਵੱਟੀ ਨਾ।
ਅਜੇ ਤਾਂ ਮੁੰਨਾ ਠੁਕਵਾਉਣ ਲਈ,
ਤਰਖਾਣਾਂ ਦੇ ਘਰ ਜਾਣਾ।
ਅਜੇ ਚਰਮਖਾਂ ਬੁਣਨ ਲਈ
ਬੇਲੇ ਤੋਂ ਕਾਹੀ ਮੰਗਵਾਣੀ।
ਕਲਾਤਮਿਕਤਾ ਕਵਿਤਰੀ ਦਾ ਅਤਿ ਸੁੰਦਰ ਗੁਣ ਹੈ ਜਿਹੜਾ ਉਸ ਦੀਆਂ ਕਵਿਤਾਵਾਂ ਨੂੰ ਹੋਰ ਸ਼ਿੱਦਤ ਨਾਲ ਪੜ੍ਹਨ ਲਈ ਮਜਬੂਰ ਕਰਦਾ ਹੈ। ਉਸ ਦੇ ਗੀਤ ‘ਚੀਰੇ ਵਾਲਾ’, ‘ਇਕ ਕੁੜੀ’, ‘ਮੈਂ ਕੰਮੀਆਂ ਦੀ ਲਗਰ’, ‘ਜਾਣ ਵਾਲੇ ਦੀ ਯਾਦ ਵਿਚ’, ‘ਲਾ ਲੈ ਚੁੰਨੀ ਨੂੰ ਕਿਨਾਰੀ’ ਆਦਿ ਵਧੀਆ ਗੀਤ ਹਨ।
ਵਿਦੇਸ਼ ਪੁੱਜ ਕੇ ਵਧੀਆ ਵਸੇਬੇ ਲਈ ਯਤਨਸ਼ੀਲ ਪੰਜਾਬੀਆਂ ਜਾਂ ਹੋਰ ਕੌਮਾਂ ਦੇ ਲੋਕਾਂ ਲਈ ਆਰਥਕ ਸੰਘਰਸ਼ ਜੰਗ ਤੋਂ ਘੱਟ ਨਹੀਂ ਜਿਹੜੀ ਦੇਵਿੰਦਰ ਨੂੰ ਵੀ ਲੜਨੀ ਪਈ। ਇਹ ਜੰਗ ਕੇਵਲ ਅਮਰੀਕਾ ਵਿਚ ਹੀ ਨਹੀਂ ਲੜੀ ਜਾ ਰਹੀ, ਸਗੋਂ ਸਾਰੇ ਦੇਸ਼ਾਂ ਵਿਚ ਥੁੜ੍ਹਾਂ ਮਾਰੇ ਲੋਕ ਆਪਣੀ ਹੋਂਦ ਬਚਾਉਣ ਲਈ ਲੜ ਰਹੇ ਹਨ। ਉਂਜ ਆਪਣੀ ਮਿੱਟੀ ‘ਚੋਂ ਆਪਣੇ-ਆਪ ਨੂੰ ਪੁੱਟ ਕੇ ਕਿਸੇ ਬੇਗਾਨੀ ਮਿੱਟੀ ਵਿਚ ਜੜ੍ਹਾਂ ਮਜ਼ਬੂਤੀ ਨਾਲ ਲਾਉਣੀਆਂ ਸੌਖਾ ਕਾਰਜ ਨਹੀਂ। ਕਵਿਤਰੀ ਨੇ ਐਸੀਆਂ ਕਈ ਕਵਿਤਾਵਾਂ ਲਿਖੀਆਂ ਹਨ। ਵਖਰੇਵਿਆਂ, ਵਿਤਕਰਿਆਂ ਤੇ ਵਿਖਾਵਿਆਂ ਵਾਲੇ ਇਸ ਦੇਸ਼ ਵਿਚ ਹਰ ਵਿਦੇਸ਼ੀ ਬਾਸ਼ਿੰਦੇ ਨੂੰ ਜੋ ਜੱਦੋਜਹਿਦ ਕਰਨੀ ਪੈਂਦੀ ਹੈ, ਇਨ੍ਹਾਂ ਦੇਸ਼ਾਂ ਵਿਚ ਬਜ਼ੁਰਗਾਂ ਦੀ ਜੋ ਬਦਤਰ ਹਾਲਤ ਹੈ, ਉਸ ਦਾ ਬੜਾ ਯਥਾਰਥਕ ਤੇ ਮਾਰਮਿਕ ਚਿਤਰਨ ਦੇਵਿੰਦਰ ਨੇ ਆਪਣੀਆਂ ਕਵਿਤਾਵਾਂ ਵਿਚ ਪੇਸ਼ ਕੀਤਾ ਹੈ,
ਪਤਾ ਲੱਗਾ ਹੀ ਨਹੀਂ
ਕਦ ਉਮਰ ਢਲ ਗਈ
ਰੱਬਾ! ਇਹ ਕੀ ਕਹਿਰ ਕਮਾ ਦਿੱਤਾ।
ਕੱਢ ਕੇ ਮਾਸਟਰ ਬੈਡਰੂਮ ‘ਚੋਂ ਸੋਫੇ ਵਾਂਗੂ,
‘ਬਾਪੂ’ ਬੇਸਮੈਂਟ ਵਿਚ ਟਿਕਾ ਦਿੱਤਾ।
ਇਥੇ ਵੰਡਣ ਨੂੰ ਕਰਜ਼ੇ ਤੋਂ ਬਿਨਾਂ ਕੁਝ ਨਹੀਂ,
ਪਰ ਵੰਡਣ ਦੀ ਰੀਤ ਨੂੰ ਕਾਇਮ ਰੱਖਿਆ।
ਮਾਂ ਰਹੀ ਏ ਬੱਚੇ ਖਿਡਾਉਣ ਜੋਗੀ,
ਸਬਜ਼ੀ ਲਿਆਉਣ ਲਈ ਪੁੱਤਾਂ ਨੇ ਪਿਉ ਰੱਖਿਆ।
ਰਿਸ਼ਤਿਆਂ ਦੀ ਟੁੱਟ-ਭੱਜ, ਨੈਤਿਕਤਾ ਵਿਚ ਪੈ ਰਹੀਆਂ ਤਰੇੜਾਂ, ਸਫੈਦ ਹੋ ਰਿਹਾ ਖੂਨ, ਪੈਸੇ ਲਈ ਅੰਨ੍ਹੀ ਦੌੜ, ਆਪਣੀ ਹਉਂ ਨੂੰ ਪੱਠੇ ਪਾਉਣ ਦੀ ਕ-ਰੁਚੀ, ਤਿੜਕਦਾ ਆਪਾ ਅਤੇ ਧਿੰਗੋਜ਼ੋਰੀ ਦਾ ਉਤਰ ਹਰ ਥਾਂ ਪੈਰ ਪਸਾਰ ਰਿਹਾ ਹੈ। ਕਵਿਤਰੀ ਨੇ ਇਨ੍ਹਾਂ ਸਭ ਵਿਸ਼ਿਆਂ ਨੂੰ ਜਜ਼ਬ ਕਰ ਕੇ ਕਵਿਤਾ ਵਿਚ ਢਾਲਣ ਦਾ ਯਤਨ ਕੀਤਾ ਹੈ,
ਧੀਆਂ ਭੈਣਾਂ ਬਣ ਗਈਆਂ,
ਲੇਬਲ ਬਾਜ਼ਾਰ ਦਾ।
ਆਉ! ਨੰਗੇ ਜਿਸਮਾਂ ਨੂੰ,
ਪਾ ਕੇ ਕਫ਼ਨ ਢੱਕ ਦੇਈਏ।
ਇਸ ਸ਼ਹਿਰ ਨੂੰ ਪਾਵੋ ਲਾਅਨਤਾਂ,
ਫਿਟਕਾਰੋ ਵੇ ਕੋਈ।
ਇਸ ਦੀ ਹੋਂਦ ਵਿਚ
ਸਤਿਅਮ ਦਾ ਸੰਸਕਾਰ ਕਿਉਂ ਨਹੀਂ?
ਉਸ ਦੀਆਂ ਕਵਿਤਾਵਾਂ ਵਿਚ ਸ਼ਹਿਰ, ਦਹਿਸ਼ਤ, ਰਿਸ਼ਤਿਆਂ ਦਾ ਨਿੱਘ, ਔਰਤ, ਧੀਆਂ, ਮੇਰੀ ਕਥਾ, ਮੰਡੀਕਰਨ ਆਦਿ ਬੜੇ ਤੀਬਰ ਰੂਪ ਵਿਚ ਉਘੜਦੇ ਹਨ ਅਤੇ ਕਵਿਤਰੀ ਨੇ ਇਨ੍ਹਾਂ ਸਬੰਧੀ ਆਪਣੇ ਵਿਚਾਰਾਂ ਦੀ ਸੁੰਦਰ ਪੇਸ਼ਕਾਰੀ ਕੀਤੀ ਹੈ।
ਦੇਵਿੰਦਰ ਕੋਲ ਕਵਿਤਾ ਕਹਿਣ ਦੀ ਜੁਗਤ ਹੈ ਅਤੇ ਸਮਝ ਵੀ। ਆਉਣ ਵਾਲੇ ਸਮੇਂ ਵਿਚ ਉਸ ਕੋਲੋਂ ਹੋਰ ਵੀ ਵਧੀਆ ਪੁਸਤਕਾਂ ਦੀ ਆਸ ਹੈ।

ਦੇਵਿੰਦਰ ਕੌਰ ਗੁਰਾਇਆ ਦੀਆਂ ਕਵਿਤਾਵਾਂ

ਸਾਹਾਂ ‘ਤੇ ਪਹਿਰੇ
ਅਸੀਂ ਜੀਵਿਆ ਹੀ ਕਦ ਹੈ
ਆਪਣੇ ਹਾਣ ਦਾ ਹੋ ਕੇ?
ਬਸ ਗੁਜ਼ਰ ਕੀਤੀ ਏ
ਕਦੀ ਹੱਸ ਕੇ ਕਦੀ ਰੋ ਕੇ।

ਅਸੀਂ ਲੱਖ ਆਖੀਏ ਉਸ ਨੂੰ
ਸਾਹਾਂ ‘ਤੇ ਪਹਿਰੇ ਨਾ ਲਾਇਆ ਕਰ
ਪਰ ਉਹ ਵਿੰਨ੍ਹੇ ਹਵਾਵਾਂ ਨੂੰ
ਪੈਰੀਂ ਕੰਡੇ ਪਰੋ ਕੇ।

ਹਨੇਰੇ ਦੇ ਡਰੋਂ ਬਾਲ ਕੇ
ਘਰ ਦੀਵਾ ਰੱਖਦੇ ਹਾਂ
ਪਰ ਦਿਲ ਦੇ ਦਰਾਜਾਂ ਤੋਂ
ਰੱਖੀਏ ਚਾਨਣ ਲਕੋ ਕੇ।

ਅਸੀਂ ਤੇ ਕਸਮ ਖਾਧੀ ਸੀ
ਝੱਖੜਾਂ ਤੋਂ ਝੁੱਗੀਆਂ ਬਚਾਵਾਂਗੇ
ਪਰ ਖਿੰਡ ਰਹੇ ਹਾਂ ਖੁਦ ਹੀ
ਤੀਲ੍ਹਾ-ਤੀਲ੍ਹਾ ਹੋ ਕੇ।

ਸਾਡੇ ਦਿਲ ਵਰਗਾ
ਸਾਨੂੰ ਸਾਡੇ ਦਿਲ ਵਰਗਾ
ਕੋਈ ਦਿਲਦਾਰ ਨਹੀਂ ਮਿਲਿਆ।
ਪਿਆਰ ਤੇ ਮਿਲਿਆ ਏ
ਇਜ਼ਹਾਰ ਨਹੀਂ ਮਿਲਿਆ।
ਸਾਨੂੰ ਸਾਡੇ ਦਿਲ ਵਰਗਾæææ।

ਜੋ ਸਾਡੀ ਸ਼ਾਇਰੀ ਲਈ
ਗੱਲ ਐਸੀ ਕਰ ਜਾਵੇ।
ਇਕ-ਇਕ ਅੱਖਰ ‘ਤੇ
ਲੱਖ ਵਾਰੀ ਮਰ ਜਾਵੇ।
ਸ਼ਬਦਾਂ ਦੀ ਮਹਿਫਿਲ ਨੂੰ
ਫਨਕਾਰ ਨਹੀਂ ਮਿਲਿਆ।
ਸਾਨੂੰ ਸਾਡੇ ਦਿਲ ਵਰਗਾæææ।

ਹਿੰਮਤ ਸੀ ਸੂਰਜ ਨੂੰ
ਅੱਖੀਆਂ ਵਿਚ ਭਰ ਲਈਏ।
ਚੰਦ ਦੀ ਧਰਤੀ ਤੋਂ
ਮੁੱਠ ਚਾਨਣ ਫੜ ਲਈਏ
ਰਹੀਆਂ ਰਾਹਾਂ ਵਿਚ ਖਿੱਤੀਆਂ
ਤੇ ਸ਼ਾਹ ਸਵਾਰ ਨਹੀਂ ਮਿਲਿਆ।

ਸਾਨੂੰ ਆਪਣੇ ਖੁਦ ਉਤੇ
ਤੇ ਬੜਾ ਭਰੋਸਾ ਏ।
ਕਿਸ ਨੂੰ ਸਜਦਾ ਕਰੀਏ
ਚਹੁੰ ਦਰਾਂ ‘ਤੇ ਧੋਖਾ ਏ।
ਐਵੇਂ ਰੱਬ ਰੱਬ ਕਰਦੇ ਆਂ
ਦੀਦਾਰ ਨਹੀਂ ਮਿਲਿਆ।
ਸਾਨੂੰ ਸਾਡੇ ਦਿਲ ਵਰਗਾæææ।

ਦੁੱਖ ਆਪਣੇ ਹਿੱਸੇ ਦੇ
ਅਸੀਂ ਸਾਂਭ ਕੇ ਰੱਖਦੇ ਹਾਂ।
ਦੁਨੀਆਂ ਦੇ ਮੇਲੇ ਵਿਚ
ਹੱਸ ਹੱਸ ਕੇ ਨੱਚਦੇ ਹਾਂ।
ਸਾਡੇ ਜਿਹਾਂ ਜ਼ਿੰਦਗੀ ਨੂੰ
ਕੋਈ ਕਿਰਦਾਰ ਨਹੀਂ ਮਿਲਿਆ।
ਸਾਨੂੰ ਸਾਡੇ ਦਿਲ ਵਰਗਾæææ।

ਕੀ ਕਰੀਏ ਇੱਜ਼ਤਾਂ ਨੂੰ
ਕੀ ਕਰੀਏ ਮਾਂਵਾਂ ਨੂੰ।
ਸੁੰਨੇ ਰਾਹ ਅਖਲਾਕਾਂ ਦੇ
ਲੱਭਦੇ ਨੇ ਹਾਣਾਂ ਨੂੰ।
ਦਿਲ ਦੀਆਂ ਪਗਡੰਡੀਆਂ ਨੂੰ
ਕੋਈ ਰਾਹਗਾਰ ਨਹੀਂ ਮਿਲਿਆ।
ਸਾਨੂੰ ਸਾਡੇ ਦਿਲ ਵਰਗਾ
ਕੋਈ ਦਿਲਦਾਰ ਨਹੀਂ ਮਿਲਿਆ।

ਸ਼ਹਿਰ
ਇਸ ਸ਼ਹਿਰ ਦੀਆਂ ਕੰਧਾਂ
ਚੁੱਪ ਕਿਉਂ ਨੇ?
ਇਨ੍ਹਾਂ ਕੰਧਾਂ ਵਿਚ
ਕੋਈ ਦਰਾੜ ਕਿਉਂ ਨਹੀਂ?

ਇਸ ਸ਼ਹਿਰ ਦੀਆਂ ਖਿੜਕੀਆਂ
ਬੰਦ ਕਿਉਂ ਨੇ?
ਇਨ੍ਹਾਂ ਖਿੜਕੀਆਂ ‘ਚੋਂ
ਆਉਂਦੀ ਆਵਾਜ਼ ਕਿਉਂ ਨਹੀਂ?

ਇਸ ਸ਼ਹਿਰ ਦੇ ਲੋਕ
ਲਾਸ਼ਾਂ ਕਿਉਂ ਨੇ?
ਇਨ੍ਹਾਂ ਦੇ ਬੁੱਲਾਂ ‘ਤੇ
ਵਕਤ ਦੀ ਪੁਕਾਰ ਕਿਉਂ ਨਹੀਂ?

ਇਸ ਸ਼ਹਿਰ ਦੀ ਹਰ ਚੀਜ਼
ਫ਼ਰੇਬ ਕਿਉਂ ਹੈ?
ਇਸ ਸ਼ਹਿਰ ਵਿਚ
ਕਿਸੇ ‘ਤੇ ਇਤਬਾਰ ਕਿਉਂ ਨਹੀਂ?

ਇਸ ਸ਼ਹਿਰ ਦੀ ਹਰ ਔਰਤ
ਇਸ਼ਤਿਹਾਰ ਕਿਉਂ ਹੈ?
ਇਸ ਦੇ ਸਿਰ ‘ਤੇ
ਜੱਗ ਜਨਣੀ ਦਾ ਤਾਜ ਕਿਉਂ ਨਹੀਂ?

ਇਸ ਸ਼ਹਿਰ ਨੂੰ ਪਾਵੋ ਲਾਹਣਤਾਂ
ਫਿਟਕਾਰੋ ਵੇ ਕੋਈ,
ਇਸ ਦੀ ਹੋਂਦ ਵਿਚ
ਸਭਿਅਤਾ ਦਾ ਸੰਸਕਾਰ ਕਿਉਂ ਨਹੀਂ?

ਇਸ ਸ਼ਹਿਰ ਨੂੰ ਦੇਵੋ ਵਾਸਤਾ
ਚੰਦ ਸੂਰਜਾਂ ਦਾ,
ਇਸ ਸ਼ਹਿਰ ਵਿਚ
ਸ਼ਰਮ-ਹਯਾ ਕਿਉਂ ਨਹੀਂ?

ਔਰਤ
ਮੈਂ ਕਦੀ ਮਾਂ, ਕਦੀ ਭੈਣ
ਕਦੀ ਮਹਿਬੂਬ ਹਾਂ ਤੇਰੀ।

ਪਰ ਹਰ ਹਾਲ ਵਿਚ ਔਰਤ ਹਾਂ
ਤੇਰੀ ਹੋਂਦ ਤੇਰੀ ਹਮਸਫ਼ਰ।

ਹੰਢਾਉਣ ਤੇ ਚੱਖਣ ਲਈ
ਬਾਜ਼ਾਰ ਦੀ ਵਸਤੂ ਨਹੀਂ,
ਮੈਂ ਕਿਨਾਰੇ ਦੀ ਦਿਸ਼ਾ
ਪਗਡੰਡੀ ਹਾਂ ਮੰਜ਼ਿਲ ਹਾਂ।

ਸਮੇਂ ਦੀਆਂ ਬੰਦਸ਼ਾਂ
ਮਾਰਾਂ ‘ਚ ਪਿਸਦੀ,
ਕੁੰਦਨ ਹੋ ਗਈ ਹਾਂ
ਸਿਰਜਣ ਲਈ ਕੁਝ ਨਵਾਂ।

ਫ਼ਰਜ਼ਾਂ ਨੂੰ ਪਾਲਦੀ
ਰਿਸ਼ਤਿਆਂ ਨਾਲ ਨਿਭਦੀ,
‘ਗੁਰਾਇਆ’ ਹੋ ਤ੍ਰਿਕਾਲ ਵੀ
ਧਰਤੀ ਬ੍ਰਹਿਮੰਡ ਹਾਂ।

ਮੰਡੀਕਰਨ
ਉਹ ਮੇਰੇ ਹੀ ਉਜੜੇ
ਘਰ ਦਾ ਮਲਬਾ ਏ
ਜਿਸ ਨੂੰ ਹੂੰਝ ਕੇ
ਇਕ ਪਾਸੇ ਲਾ ਦਿੱਤਾ।

ਉਹ ਮੇਰੇ ਆਪਣੇ ਹੀ
ਸਭਿਆਚਾਰ ਦਾ ਵਿਨਾਸ਼ ਏ
ਜਿਸ ਨੂੰ ਕਰ ਕੇ ਨੰਗਾ
ਉੱਨਤੀ ਦਾ ਨਾਂ ਦਿੱਤਾ।

ਮੇਰੀ ਨਜ਼ਰ ਦਾ ਧੋਖਾ
ਮੇਰੀ ਖੁੰਢੀ ਸੋਚ ਏ
ਜਿਸ ਨੂੰ ਸ਼ਹੁਰਤ ਦਾ
ਫਿਰ ਚੂਨਾ ਲਾ ਦਿੱਤਾ।

ਉਹ ਮੇਰੀ ਕਾਇਰਤਾ ਏ
ਮੇਰੀ ਖੁਦ ਦੀ ਖੁਦਗਰਜ਼ੀ
ਜਿਸ ਨੂੰ ਵਰਗਲਾ ਕੇ
ਮੰਡੀ ਵਿਚ ਬਿਠਾ ਦਿੱਤਾ।

ਉਹ ਮੇਰੇ ਹੀ ਵਿਕ
ਜਾਣ ਦੀ ਮਨਸ਼ਾ ਏ
ਜਿਸ ਦਾ ਦੋਸ਼ ਦੁਸ਼ਮਣ
ਸਿਰ ਹੈ ਲਾ ਦਿੱਤਾ।

ਆਓ! ਚੰਗੀ ਤਰ੍ਹਾਂ ਛੋਹ ਕੇ
ਦੇਖੀਏ ਅਸੀਂ ਜ਼ਿੰਦਾ ਵੀ ਹਾਂ
ਜਿਨ੍ਹਾਂ ਆਪਣੇ ਜਿਸਮ ਨੂੰ
ਐਟਮ ਹੈ ਬਣਾ ਦਿੱਤਾ।

ਗੁਰਾਇਆ ਮੈਂ ਦੇਖ ਲਈ
ਤੇਰੇ ਉਠਣ ਦੀ ਲਾਲਸਾ
ਤਾਹੀਂ ਪਿੰਡ ਦੀਆਂ ਫਿਰਨੀਆਂ
ਨੂੰ ਵਾਹਣੀਂ ਰਲਾ ਦਿੱਤਾ।
-ਦੇਵਿੰਦਰ ਕੌਰ ਗੁਰਾਇਆ
ਵਰਜੀਨੀਆ।
ਫੋਨ: 571-315-9543

Be the first to comment

Leave a Reply

Your email address will not be published.