ਸ਼ੁਕਰ ਹੈ ਉਹ ਨਹੀਂ ਮੋਈ

ਕਾਨਾ ਸਿੰਘ ਦੇ ਇਸ ਲੇਖ (ਸ਼ੁਕਰ ਹੈ ਉਹ ਨਹੀਂ ਮੋਈ) ਵਿਚ ਜੀਅ-ਜੀਵ-ਜੰਤ ਨਾਲ ਪਿਆਰ ਅਤੇ ਇਸਰਾਰ ਦੀ ਕਥਾ ਬੜੀ ਦਿਲਚਸਪ ਹੈ। ਉਹ ਆਪਣੀਆਂ ਰਚਨਾਵਾਂ ਵਿਚ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ-ਕਰਦੀ ਬੜੀ ਰਸਦਾਰ, ਸੁਘੜ, ਚੁਸਤ ਲਿਖਤ ਸਿਰਜ ਦਿੰਦੀ ਹੈ। ਉਹਨੇ ਸ਼ਾਇਰੀ ਵੀ ਕੀਤੀ ਹੈ ਅਤੇ ਕਹਾਣੀਆਂ ਵੀ ਲਿਖੀਆਂ ਹਨ। ਬਾਲ ਰਚਨਾਵਾਂ ਵੀ ਸਾਹਿਤ ਦੀ ਝੋਲੀ ਪਾਈਆਂ ਹਨ। ਹੋਰ ਵੀ ਕਈ ਕੁਝ, ਨਿੱਕ-ਸੁੱਕ; ਪਰ ਉਹਦੀ ਨਸਰ (ਵਾਰਤਕ) ਦਾ ਰੰਗ ਨਿਰਾਲਾ ਹੈ। ਬੁੱਲੇ ਸ਼ਾਹ ਜਿਵੇਂ ਨੱਚ-ਨੱਚ ਫਾਵਾਂ ਹੋ ਰਿਹਾ ਹੋਵੇ! ਰਚਨਾ ਵਿਚ ਲੋਹੜੇ ਦਾ ਸੇਕ ਅਤੇ ਨਾਲ ਹੀ ਰਵਾਨੀ। ਪਤਾ ਹੀ ਨਹੀਂ ਲਗਦਾ ਕਿ ਉਸ ਦੀ ਆਪਣੀ ਕਹਾਣੀ ਕਦੋਂ ਸਰਬੱਤ ਦੀ ਕਥਾ ਬਣ ਜਾਂਦੀ ਹੈ। ‘ਸ਼ੁਕਰ ਹੈ ਉਹ ਨਹੀਂ ਮੋਈ’ ਵਿਚ ਮਾਨਵੀ ਤਰੰਗਾਂ ਦਾ ਜਲੌਅ ਸਰਸ਼ਾਰ ਕਰਦਾ ਜਾਂਦਾ ਹੈ। -ਸੰਪਾਦਕ

ਕਾਨਾ ਸਿੰਘ
ਫੋਨ: 91-95019-44944
ਸਵੇਰ ਦੇ ਸੱਤ ਵੱਜੇ। ਚਾਹ ਦੀ ਪਿਆਲੀ ਹੱਥ ਵਿਚ ਫੜੀ ਮੈਂ ਘਰ ਦੇ ਮੂਹਰਲੇ ਵਿਹੜੇ ਦੇ ਬਾਹਰਵਾਰ ਵਾਲੀ ਬਗੀਚੀ ਵਿਚ ਵੜੀ। ਕੰਧ ਨਾਲ ਜੁੜੇ ਹੋਏ ਅਨਾਰ ਦਾ ਰੁੱਖ ਫੁੱਲੋ-ਫੁੱਲ ਸੀ, ਲਾਲ ਟਹਿਕਦੇ ਫੁੱਲ। ਵਿਹੜੇ ਦੀ ਚਾਰਦੀਵਾਰੀ ਦੀ ਕੰਧ ਉਪਰ ਚੜ੍ਹੀ ਹੋਈ ਮਨੀ-ਪਲਾਂਟ ਦੀ ਵੇਲ ਦੇ ਹੇਠਾਂ ਵਲ ਮੁੜੇ ਹੋਏ ਕੁੱਪੇ ਦੀ ਸ਼ਕਲ ਦੇ ਚੌੜੇ ਜਿਹੇ ਪੱਤੇ ਨੇ ਮੇਰਾ ਧਿਆਨ ਖਿੱਚਿਆ।æææ ਹੈਂ! ਇਹ ਕੀ? ਇਸ ਨੂੰ ਕੀੜਾ ਲੱਗ ਗਿਆ?
ਮੈਂ ਪੱਤਾ ਉਧੇੜਨ ਦੀ ਕੀਤੀ, ਤੇ ਹੈਰਾਨ ਰਹਿ ਗਈ। ਵਿਚ ਆਲ੍ਹਣਾ ਟਿਕਿਆ ਹੋਇਆ ਸੀ; ਰੂੰ, ਤੀਲੀਆਂ, ਫੰਗਾਂ ਤੇ ਇਕ-ਦੋ ਕਾਤਰਾਂ ਨਾਲ ਗੁੰਦਿਆ ਹੋਇਆ ਨਿੱਕਾ ਜਿਹਾ ਆਲ੍ਹਣਾ।
‘ਇਹ ਗਲਹਿਰੀ ਦਾ ਆਲ੍ਹਣਾ ਹੈ ਬੀਬੀ ਜੀ’, ਵਿਹੜੇ ਵਿਚ ਝਾੜੂ ਮਾਰ ਰਹੀ ਬਬਿਤਾ ਨੇ ਦੱਸਿਆ। ਮਾਲੀ ਪਰਿਵਾਰ ਦੀ ਬਬਿਤਾ ਰੁੱਖਾਂ, ਫਲਾਂ ਅਤੇ ਪੰਛੀਆਂ ਦੀ ਵਾਹਵਾ ਪਛਾਣ ਰੱਖਦੀ ਹੈ।
ਇੰਨਾ ਨੀਵਾਂ ਆਲ੍ਹਣਾ? ਇਹ ਤਾਂ ਧਰਤੀ ਤੋਂ ਮਸਾਂ ਤਿੰਨ ਕੁ ਫੁੱਟ ਦੀ ਉਚਾਈ ‘ਤੇ ਹੀ ਪਾਇਆ ਹੋਇਆ ਸੀ, ਕਿਸੇ ਬਾਲਕ ਜਾਂ ਕੁੱਤੇ-ਬਿੱਲੇ ਦੀ ਅਸਾਨ ਪਹੁੰਚ ਵਿਚ। ਇਹ ਕਿੰਨਾ ਕੁ ਮਹਿਫ਼ੂਜ਼ ਹੋਣਾ ਸੀ ਭਲਾ?æææ ਮੈਂ ਸੋਚਦੀ ਰਹੀ।
ਬੁਲਬੁਲਾਂ ਅਕਸਰ ਹੀ ਸਾਡੇ ਘਰ ਦੇ ਅਨਾਰ ਅਤੇ ਨਿੰਬੂ ਦੇ ਰੁੱਖਾਂ ਉਪਰ ਆਲ੍ਹਣੇ ਪਾਂਦੀਆਂ ਰਹਿੰਦੀਆਂ ਹਨ ਪਰ ਇੰਨੇ ਨੀਵੇਂ ਤਾਂ ਨਹੀਂ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸਾਡੀ ਦੋਸਤੀ ਦੀ ਸਰੀਰਕ ਭਾਸ਼ਾ ਤੋਂ ਪੰਛੀ-ਜਨੌਰ ਭਲੀ-ਭਾਂਤ ਵਾਕਿਫ ਹੁੰਦੇ ਹਨ।

ਸਾਡੇ ਮੁੰਬਈਆ ਘਰ ਦੇ ਸੌਣ-ਸੁੱਫ਼ੇ ਦੇ ਖੱਬੇ ਕੋਨੇ ਦੀ ਬਰੈਕਟ ਉਪਰ ਪਈਆਂ ਸਾਡੀਆਂ ਪਰਿਵਾਰਕ ਤਸਵੀਰਾਂ ਪਿੱਛੇ ਚਿੜੀ-ਚਿੜੇ ਨੇ ਘਰ ਪਾ ਲਿਆ। ਉਹ ਬੋਟਾਂ ਦੇ ਪਰੋਟ ਨੂੰ ਪਾਲ-ਪੂਰ ਤੇ ਉਡਾ ਕੇ ਮੁੜ-ਮੁੜ ਉਥੇ ਹੀ ਨਵਾਂ ਆਲ੍ਹਣਾ ਉਸਾਰ ਲੈਂਦੇ। ਮੈਂ ਉਨ੍ਹਾਂ ਦੇ ਹਰ ਪੂਰ ਦੀ ਉਡਾਰੀ ਮਗਰੋਂ ਬਰੈਕਟ ਦੀ ਸਾਫ਼-ਸੁਫ਼ਾਈ ਕਰ ਕੇ ਮੁੜ ਉਸੇ ਤਰ੍ਹਾਂ ਕੰਧ ਤੋਂ ਵਿੱਥ ਪਾ ਕੇ ਤਸਵੀਰਾਂ ਟਿਕਾ ਦਿੰਦੀ। ਚਿੜੀ-ਚਿੜਾ ਸਾਡੀ ਹਾਜ਼ਰੀ ਵਿਚ ਖਾਣੇ ਦੀ ਮੇਜ਼ ਉਤੇ ਮੇਰੇ ਵਲੋਂ ਜਾਣ-ਬੁਝ ਕੇ ਖਿਲਾਰੇ ਹੋਏ ਦਾਲ, ਚੌਲ, ਡਬਲਰੋਟੀ, ਬਾਜਰਾ ਜਾਂ ਰੋਟੀ ਦੇ ਭੋਰ ਚੁਗਦੇ ਰਹਿੰਦੇ। ਫਿਰ ਵੀ ਉਨ੍ਹਾਂ ਦਾ ਆਲ੍ਹਣਾ ਫਰਸ਼ ਤੋਂ ਘਟੋ-ਘਟ ਛੇ ਫੁੱਟ ਉਚਾ ਤਾਂ ਹੁੰਦਾ ਹੀ ਸੀ। ਦੂਜੇ, ਸਾਡਾ ਉਹ ਘਰ ਉਸ ਇਮਾਰਤ ਦੀ ਪਹਿਲੀ ਮੰਜ਼ਿਲ ਉਤੇ ਹੋਣ ਕਾਰਨ ਸੱਪ-ਸੜੁੰਗੇ ਦੀ ਪਹੁੰਚ ਤੋਂ ਵੀ ਦੂਰ ਹੁੰਦਾ ਸੀ।
ਇਹ ਆਲ੍ਹਣਾ ਬੇ-ਹੱਦ ਨੀਵਾਂ ਸੀ, ਸ਼ੱਰ੍ਹੇਆਮ ਅਤੇ ਘਰ ਦੀ ਸੁਰੱਖਿਆ ਤੋਂ ਐਨ ਬਾਹਰ। ਅਨਰਥ ਕਰ ਬੈਠੀ ਸਾਂ ਮੈਂ ਆਲ੍ਹਣਾ ਉਧੇੜ ਕੇ, ਅਣਜਾਣ ਹੀ। ਆਲ੍ਹਣਾ ਮੇਰੇ ਹੱਥ ਵਿਚ ਸੀ ਤੇ ਮੈਂ ਉਦਾਸ।
‘ਤੁਸੀਂ ਇਹਨੂੰ ਕੰਧ ਦੀ ਮੋਰੀ ਵਿਚ ਅਡੋਲ ਹੀ ਟਿਕਾ ਦਿਓ ਬੀਬੀ ਜੀ। ਗਾਲ੍ਹੜ ਆਪੇ ਹੀ ਇਹਨੂੰ ਕਿਧਰੇ ਹੋਰ ਲੈ ਜਾਵੇਗੀ।’ ਬਬਿਤਾ ਨੇ ਸਲਾਹ ਦਿੱਤੀ ਪਰ ਮੈਨੂੰ ਸ਼ੱਕ ਸੀ।
ਉਹ ਦਿਨ, ਦੂਜਾ ਤੇ ਤੀਜਾ ਵੀ। ਆਲ੍ਹਣਾ ਉਥੇ ਹੀ ਪਿਆ ਰਿਹਾ। ਉਂਜ ਦਾ ਉਂਜ। ਮੀਂਹ ਵਿਚ ਭਿੱਜ ਵੀ ਗਿਆ। ਸੁੱਟਣਾ ਪਿਆ।
ਗਲਹਿਰੀ ਥਣਧਾਰੀ ਜੀਵ ਹੈ। ਸ਼ਰਮੀਲੀ ਜਿਹੀ। ਉਹ ਭੋਜਨ ਲਕੋ ਕੇ ਖਾਂਦੀ ਹੈ। ਜ਼ਰੂਰ ਆਪਣੇ ਬੋਟਾਂ ਨੂੰ ਦੁੱਧ ਵੀ ਲੁਕ ਕੇ ਹੀ ਚੁੰਘਾਂਦੀ ਹੋਵੇਗੀ। ਚਿੜੀਆਂ ਦੇ ਬੋਟ ਤਾਂ ਅਕਸਰ ਹੀ ਵੇਖਣ ਨੂੰ ਮਿਲ ਜਾਂਦੇ ਹਨ ਪਰ ਗਲਹਿਰੀ ਦੇ ਕਦੇ ਨਹੀਂ ਵੇਖੇ। ਦੋ ਗਲਹਿਰੀਆਂ ਇਕੱਠੀਆਂ ਜਾਂ ਆਹਮੋ-ਸਾਹਮਣੇ ਮਿਲਦੀਆਂ ਤਾਂ ਆਮ ਹੀ ਦਿਸਦੀਆਂ ਪਰ ਉਹ ਪੰਛੀਆਂ ਵਾਂਗ ਟੋਲੀਆਂ ਵਿਚ ਨਹੀਂ ਵਿਚਰਦੀਆਂ। ਉਨ੍ਹਾਂ ਨੂੰ ਏਕਾਂਤ ਪਸੰਦ ਹੈ। ਗਿਰੀਆਂ, ਬੀਜ, ਦਾਣੇ, ਫਲ, ਦਾਲਾਂ, ਚੌਲ ਜਾਂ ਖੁੰਬਾਂ ਕੁਝ ਵੀ ਖਾ ਲੈਂਦੀ ਹੈ ਗਾਲ੍ਹੜ।
ਸਦਾ ਫੁਰਤੀਲੀ, ਕੁੱਦਦੀ-ਫੁਦਕਦੀ, ਦੌੜਦੀ ਅਰ ਰੁੱਖਾਂ ‘ਤੇ ਚੜ੍ਹਦੀ-ਲਹਿੰਦੀ ਗਾਲ੍ਹੜ ਅਕਸਰ ਹੀ ਵੇਖ ਲਈਦੀ ਹੈ। ਸਰਲ ਤੇ ਸਹਿਜ ਭੋਲੀ-ਭਾਲੀ ਜਿਹੀ ਜਿੰਦੜੀ। ਹਿੰਸਕ ਜਾਂ ਲੜਾਕੂ ਤਾਂ ਬਿਲਕੁਲ ਨਹੀਂ।
ਗਾਲ੍ਹੜਾਂ ਮੈਨੂੰ ਬਹੁਤ ਚੰਗੀਆਂ ਲਗਦੀਆਂ ਹਨ। ਅੱਖਾਂ ਵਿਚ ਅੱਖਾਂ ਪਾ ਕੇ ਮੂੰਹ ਹਿਲਾਂਦੀਆਂ ਜਿਵੇਂ ਕੁਝ ਕਹਿ ਰਹੀਆਂ ਹੋਣ। ਅਨਾਰ ਦੇ ਰੁੱਖ ਹੇਠਾਂ ਕੰਧ ਦੇ ਬਨੇਰੇ ਉਪਰ ਮੈਂ ਅਕਸਰ ਹੀ ਕੱਚੇ-ਪੱਕੇ ਦਾਣੇ, ਰੋਟੀ ਦਾ ਭੋਰ, ਮੂੰਗਫਲੀ ਜਾਂ ਖੋਪੇ ਦੀ ਗਿਰੀ ਦੇ ਟੋਟਿਆਂ ਦਾ ਚੋਗਾ ਬਖੇਰ ਦਿੰਦੀ ਹਾਂ। ਚਿੜੀਆਂ ਕਾਂਵਾਂ ਤੋਂ ਇਲਾਵਾ ਗਾਲ੍ਹੜਾਂ ਵੀ ਮੂੰਹ ਮਾਰਦੀਆਂ ਰਹਿੰਦੀਆਂ ਨੇ। ਉਹ ਆਪਣੇ ਹਿੱਸੇ ਦਾ ਖਾਜਾ ਮੂੰਹ ਵਿਚ ਨੱਪੀ ਦੌੜ ਜਾਂਦੀਆਂ ਨੇ ਸ਼ਾਇਦ ਛਿਪ ਕੇ ਟੁੱਕਣ ਲਈ ਪਰ ਇਕ ਗਾਲ੍ਹੜ ਨੇ ਇਸ ਪੱਖੋਂ ਵੀ ਮੈਨੂੰ ਹੈਰਾਨ ਕਰ ਦਿੱਤਾ ਹੈ। ਉਹ ਗੌਰੀ ਦੇ ਦੁੱਧ ਦੇ ਬਾਟੇ ਵਿਚੋਂ ਨਿਧੜਕ ਦੁੱਧ ਡੀਕਦੀ ਹੈ। ਉਸ ਦਾ ਨਾਂ ਮੈਂ ਗੁੱਲੋ ਪਾ ਦਿੱਤਾ ਹੈ।
ਗੌਰੀ ਗਲੀ ਦੀ ਕੁੱਤੀ ਹੈ, ਦੁੱਧ-ਚਿੱਟੀ। ਉਹਨੇ ਬਦੋਬਦੀ ਹੀ ਮੈਨੂੰ ਆਪਣਾ ਬਣਾ ਲਿਆ ਹੈ। ਉਹ ਰੋਜ਼ ਮੇਰੇ ਕੋਲੋਂ ਦੁੱਧ-ਡਬਲਰੋਟੀ ਛਕਦੀ ਹੈ, ਦੋਇ ਵੇਲੇ। ਦੋ-ਤਿੰਨ ਘਰਾਂ ਦੀ ਲਾਡਲੀ। ਕੋਈ ਉਹਨੂੰ ਤੁਲਸੀ ਕਰ ਕੇ ਬੁਲਾਂਦਾ ਹੈ ਤੇ ਕੋਈ ਬਰਫੀ।
ਗੁੱਲੋ, ਗਾਲ੍ਹੜ ਗੌਰੀ ਨਾਲ ਮਿਲ ਕੇ ਦੁੱਧ ਪੀਂਦੀ ਹੈ ਘੁੱਟੋ-ਘੁੱਟ। ਨਿੱਸਲ ਪਈ ਗੌਰੀ ਦੀ ਪਿੱਠ ਉਪਰ ਗੁੱਲੋ ਦੌੜਦੀ ਰਹਿੰਦੀ ਹੈ ਤੇ ਗੌਰੀ ਇੰਜ ਪਈ ਰਹਿੰਦੀ ਹੈ ਜਿਵੇਂ ਗੁਦਗੁਦੀ ਮਾਣ ਰਹੀ ਹੋਵੇ। ਕਦੇ-ਕਦੇ ਗੌਰੀ ਗਲਹਿਰੀ ਨੂੰ ਇਸ ਤਰ੍ਹਾਂ ਪੰਜੇ ਵਿਚ ਭਰ ਲੈਂਦੀ ਹੈ ਜਿਵੇਂ ਉਹਨੂੰ ਥਪਥਪਾ ਕੇ ਸੁਆ ਰਹੀ ਹੋਵੇ। ਇਹ ਸਾਰੀ ਖੇਡ ਮੈਂ ਆਪਣੇ ਘਰ ਦੇ ਪਿਛਲੇ ਬੂਹੇ ਅੱਗੇ ਵਾਪਰਦੀ ਵੇਖਦੀ ਹਾਂ ਜਦ ਕਿ ਇਹ ਆਲ੍ਹਣਾ ਮੈਂ ਆਪਣੇ ਦੋ-ਗਲੀਏ ਘਰ ਦੇ ਮੂਹਰਲੇ ਬੂਹੇ ਦੇ ਬਾਹਰ ਦੀ ਬਗੀਚੀ ਦੇ ਕੰਧ ਨਾਲ ਲਿਪਟੇ ਹੋਏ ਮਨੀਪਲਾਂਟ ਦੇ ਪੱਤੇ ਨਾਲ ਪਿਆ ਹੋਇਆ ਪਾਇਆ ਸੀ। ਇਹ ਗੁੱਲੋ ਦਾ ਨਹੀਂ ਹੋਣਾ। ਜ਼ਰੂਰ ਇਹ ਦੂਜੀ ਗਾਲ੍ਹੜ ਦਾ ਹੋਵੇਗਾ ਜੋ ਸਵੇਰੇ-ਸਵੇਰੇ ਅਖ਼ਬਾਰ ਚੁੱਕਣ ਵੇਲੇ ਮੇਰੇ ਮੱਥੇ ਲੱਗਦੀ ਹੈ, ਸੁੱਚੇ ਮੂੰਹ ਲੈਣ ਵਾਲੇ ਮੇਰੇ ਭਿੱਜੇ ਬਦਾਮਾਂ ਦੀਆਂ ਗਿਰੀਆਂ ਵਿਚੋਂ ਇਕ ਗਿਰੀ ਦੀ ਭਾਈਵਾਲ।
ਬੰਦਾ ਹੋਵੇ ਜਾਂ ਜੀਵ, ਹਰ ਕੋਈ ਆਪਣੀ ਹੀ ਮੁਸ਼ੱਕਤ ਨਾਲ ਹਾਸਲ ਕੀਤੀ ਹੋਈ ਵਸਤੂ ਦੀ ਕਦਰ ਕਰਦਾ ਹੈ। ਕਿਧਰੇ ਮੇਰੇ ਲਾਡ-ਪਿਆਰ ਦੀਆਂ ਸ਼ੁਆਵਾਂ ਹੀ ਉਸ ਗਲਹਿਰੀ ਦੀ ਲਾਪ੍ਰਵਾਹੀ ਦਾ ਕਾਰਨ ਨਾ ਬਣ ਗਈਆਂ ਹੋਣ!
ਚਲੋ ਚੰਗਾ ਹੀ ਹੋਇਆ। ਇੰਨਾ ਨੀਵਾਂ ਆਲ੍ਹਣਾ ਕਿੰਨਾ ਕੁ ਸੁਰੱਖਿਅਤ ਹੋਣਾ ਸੀ। ਹੋਰ ਪਾ ਲਵੇਗੀ। ਮੈਂ ਮਨ ਨੂੰ ਸਮਝਾਣਾ ਚਾਹਿਆ ਪਰ ਨਾ ਮੰਨਿਆ ਮੇਰਾ ਮਨ। ਬੀਤੇ ਦੀ ਇਕ ਘਟਨਾ ਉਨੀ ਹੀ ਤੀਖਣਤਾ ਨਾਲ ਉਦਾਸ ਕਰ ਗਈæææ।

ਮਹੀਨਾ ਅਕਤੂਬਰ ਦਾ, ਤੇ ਸੰਨ 1973
ਦੀਪੀ ਪੁੱਤਰ ਪੰਜ ਸਾਲ ਦਾ ਤੇ ਸੰਨੀ ਨੌਂ ਦਾ। ਅਸੀਂ ਦੁਸਹਿਰੇ ਦੀਆਂ ਛੁੱਟੀਆਂ ਮਨਾਉਣ ਦਿੱਲੀ ਸਾਂ, ਮੇਰੇ ਪੇਕੇ ਘਰ।
ਹਰ ਮਾਪਾ ਆਪਣੀ ਔਲਾਦ ਨੂੰ ਆਪਣੇ ਬੀਤੇ ਦੀਆਂ ਗਲੀਆਂ ਵਿਚੋਂ ਲੰਘਾਉਣ ਦਾ ਇਛੁੱਕ ਹੁੰਦਾ ਹੈ। ਮੈਂ ਵੀ ਸਾਂ। ਛੁੱਟੀਆਂ ਦੌਰਾਨ ਆਪਣੇ ਕਿਸ਼ੋਰ ਭਣੇਵੇਂ ਅਵਤਾਰ ਉਰਫ ਤਾਰੀ ਨੂੰ ਨਾਲ ਲੈ ਕੇ ਮੈਂ ਬੱਚਿਆਂ ਨਾਲ ਲਾਲ ਕਿਲ੍ਹਾ, ਹਮਾਯੂੰ ਦਾ ਮਕਬਰਾ ਅਤੇ ਗੁਰਦੁਆਰਾ ਸੀਸ ਗੰਜ, ਬੰਗਲਾ ਸਾਹਿਬ ਅਤੇ ਰਕਾਬ ਗੰਜ ਸਣੇ ਬਿਰਲਾ ਮੰਦਿਰ ਆਦਿ ਵਖਾਣ ਮਗਰੋਂ ਇਕ ਦਿਨ ਤਾਲ ਕਟੋਰਾ ਬਾਗ਼ ਵਲ ਵੀ ਲੈ ਤੁਰੀ।
ਨਿੱਘਾ ਨਿੱਘਾ ਮੌਸਮ। ਬਾਗ਼ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਤਾਰੀ ਨੇ ਬਾਲ-ਖਿਡੌਣੇ ਵੇਚਣ ਵਾਲੇ ਰਾਹ ਜਾਂਦੇ ਫਰੇਰੇ ਕੋਲੋਂ ਬੱਚਿਆਂ ਨੂੰ ਗੁਲੇਲਾਂ ਖਰੀਦ ਦਿੱਤੀਆਂ। ਨਵੀਂ ਖੇਡ ਤੇ ਨਵਾਂ ਉਮਾਹ। ਨਿਸ਼ਾਨੇਬਾਜ਼ੀ ਲਈ ਚਾਂਭਲੇ ਹੋਏ ਬੱਚੇ ਕਦੇ ਕਿਸੇ ਪੰਛੀ ਨੂੰ ਨਿਸ਼ਾਨਾ ਸਾਧਦੇ ਤੇ ਕਦੇ ਕਿਸੇ ਅੰਬੀ ਨੂੰ।
ਜੇ ਨਿੱਕਾ ਕਿਸੇ ਪਾਸਿਉਂ ਵਧੇਰੇ ਹੁਸ਼ਿਆਰ ਹੋਵੇ ਤਾਂ ਵੱਡੇ ਦੀ ਈਰਖਾ ਸੁਭਾਵਕ ਹੀ ਹੈ। ਦੀਪੀ ਦੀ ਨਿਸ਼ਾਨੇਬਾਜ਼ੀ ਚੰਗੇਰੀ ਹੋਣ ਕਾਰਨ ਖੱਬੂ ਸੰਨੀ ਔਖਾ ਹੋ ਰਿਹਾ ਸੀ। ਕੁਝ ਤਾਰੀ ਵੀ ਦੀਪੀ ਨੂੰ ਵੱਧ ਹੱਲਾਸ਼ੇਰੀ ਦੇ ਰਿਹਾ ਸੀ।
‘ਦੀਪੀ, ਹੁਣ ਤੂੰ ਚੰਪਾ ਦੇ ਉਸ ਤ੍ਰਿਫੁੱਲੇ ਗੁੱਛੇ ਨੂੰ ਨਿਸ਼ਾਨਾ ਬਣਾ।’ ਤਾਰੀ ਨੇ ਆਖਿਆ।
ਦੀਪੀ ਨੇ ਨਿਸ਼ਾਨਾ ਸਾਧਿਆ। ਪੂਰੀ ਇਕਾਗਰਤਾ ਨਾਲ। ਰੋੜਾ ਟਹਿਣੀ ਨੂੰ ਲੱਗ ਕੇ ਕੁਝ ਕਦਮਾਂ ‘ਤੇ ਆਣ ਡਿੱਗਿਆ, ਪਰ ਇਹ ਕੀ?
ਨਿਮੋਲੀ ਟੁਕਦੀ ਗਾਲ੍ਹੜ ਚਿੱਤ ਪੈ ਗਈ। ਅਸੀਂ ਦੌੜ ਕੇ ਉਸ ਕੋਲ ਪੁੱਜੇ।æææ ਉਹ ਮਰ ਗਈ ਸੀ।
‘ਤੂੰ ਗਲਹਿਰੀ ਮਾਰ ਦਿੱਤੀ।’ ਸੰਨੀ ਚੀਕਿਆ।
ਡਰ, ਪੀੜ ਤੇ ਪਛਤਾਵੇ ਨਾਲ ਨਪੀੜਿਆ ਮਾਸੂਮ ਦੀਪੀ ਅਤੇ ਸਾਹਮਣੇ ਪਈ ਨਿਰਜਿੰਦ ਗਲਹਿਰੀ! ਅਸੀਂ ਸਾਰੇ ਸਕਤੇ ਵਿਚ।
‘ਨਹੀਂ ਬੇਟੇ, ਇਹ ਤਾਂ ਸਬੱਬ ਦੀ ਹੋਣੀ ਹੈ। ਗਲਹਿਰੀ ਮਰ ਗਈ ਹੈ ਪਰ ਤੂੰ ਨਹੀਂ ਮਾਰੀ। ਤੂੰ ਤਾਂ ਚੰਪਾ ਦੇ ਫੁੱਲ ਦਾ ਨਿਸ਼ਾਨਾ ਸਾਧਿਆ ਸੀ। ਇਸ ਵਿਚ ਤੇਰਾ ਕੋਈ ਕਸੂਰ ਨਹੀਂ।’
ਮੈਂ ਦੀਪੀ ਦੇ ਸਦਮੇ ਨੂੰ ਘਟਾਉਣ ਦਾ ਜਤਨ ਕੀਤਾ। ਦੁਖੀ ਤਾਂ ਮੈਂ ਵੀ ਸਾਂ ਅੰਦਰੋ-ਅੰਦਰ, ਪਰ ਭਾਣਾ ਵਰਤ ਚੁੱਕਿਆ ਸੀ ਤੇ ਹੁਣ ਉਸ ਪੀੜ-ਨਪੀੜੇ ਬਾਲਕ ਨੂੰ ਦੋਸ਼ੀ ਭਾਵਨਾ ਤੋਂ ਮੁਕਤ ਕਰਨ ਦਾ ਮਸਲਾ ਸੀ।æææ ਪਿਕਨਿਕ ਬਰਬਾਦ ਹੋ ਗਈ।
ਟੈਨਸ਼ਨ ਕਾਰਨ ਹਮੇਸ਼ਾਂ ਦੀਪੀ ਨੂੰ ਮਾਈਗਰੇਨ ਦਾ ਦੌਰਾ ਪੈ ਜਾਂਦਾ ਸੀ।æææ ਉਸ ਦਿਨ ਵੀ ਸਿਰ-ਪੀੜ ਨਾਲ ਉਸ ਦਾ ਬੁਰਾ ਹਾਲ ਹੋਇਆ। ਅਗਲੇ ਕੁਝ ਦਿਨ ਉਹ ਖ਼ਾਮੋਸ਼ ਅਤੇ ਨਿਸੱਤਾ ਜਿਹਾ ਰਿਹਾ। ਜੰਗਪੁਰੇ ਸਥਿਤ ਨਾਨਕੇ ਘਰ ਦੇ ਵਿਹੜੇ ਦੀ ਮਿੱਠੀ ਨਿੰਮ ਦੇ ਰੁੱਖ ਉਪਰ ਚੜ੍ਹਦੀ-ਲਹਿੰਦੀ ਗਾਲੜ੍ਹ ਨੂੰ ਤੱਕਦਿਆਂ ਹੀ ਪੀੜ-ਵਲਿੱਸਾ ਦੀਪੀ ਮੇਰੇ ਵਲ ਵੇਖਦਾ। ਅੱਖ ਮਿਲਦਿਆਂ ਹੀ ਸਾਡੇ ਵਿਚਕਾਰ ਦਰਦ ਦੀ ਲਹਿਰ ਲੰਘ ਜਾਂਦੀ।
ਸਾਡਾ ਮੁੰਬਈਆ ਘਰ ਤਾਂ ਸੀ ਹੀ ਸਾਗਰ-ਤੱਟ ਉਤੇ। ਸ਼ਾਮੀ ਗਵਾਲੀਅਰ ਪੈਲੇਸ ਬੰਗਲੇ ਦੇ ਵਿਸ਼ਾਲ ਦਲਾਨ ਵਿਚਲੇ ਨਾਰੀਅਲ, ਚੀਕੂ ਅਤੇ ਜਾਮੁਨ ਦੇ ਰੁੱਖਾਂ ਉਪਰ ਦੁੜੰਗਦੀਆਂ ਗਾਲੜ੍ਹਾਂ ਵੇਖਦਿਆਂ ਹੀ ਹੱਸਦਾ-ਖੇਡਦਾ ਦੀਪੀ ਚੁੱਪ ਕਰ ਜਾਂਦਾ। ਮਾਂ-ਪੁੱਤਰ ਦੀਆਂ ਨਜ਼ਰਾਂ ਮਿਲਦੀਆਂ।
‘ਸੌਰੀ ਮੰਮੀ’, ਜਿਵੇਂ ਦੀਪੀ ਆਖ ਰਿਹਾ ਹੋਵੇ।
‘ਤੂੰ ਨਿਰਦੋਸ਼ ਹੈਂ ਮੇਰੇ ਬੱਚੇ’, ਮੈਂ ਜਿਵੇਂ ਉਸ ਨੂੰ ਦਿਲਾਸਾ ਦੇ ਰਹੀ ਹੋਵਾਂ। ਉਹ ਨਿੱਕੀ ਜਿਹੀ ਸੁਹਲ, ਨਿਰਜਿੰਦ ਜਿੰਦੜੀ ਸਦਾ ਮਾਂ-ਪੁੱਤ ਦੇ ਦਰਮਿਆਨ ਰਹੀ।

ਬੱਚਿਆਂ ਨੂੰ ਮਾਪਿਆਂ ਦੇ ਬਚਪਨ ਦੀਆਂ ਕਹਾਣੀਆਂ ਵਿਚ ਬੜੀ ਦਿਲਚਸਪੀ ਹੁੰਦੀ ਹੈ। ਮੇਰੇ ਦੁਆਲੇ ਵੀ ਹੋ ਜਾਣਾ ਦੋਹਾਂ ਪੁੱਤਰਾਂ ਨੇ, ਤੇ ਮੈਂ ਛੋਹ ਲੈਣੀ ਬਾਲ-ਉਮਰ ਦੀ ਕੋਈ ਆਪ ਬੀਤੀæææ
‘ਨਿੱਕੀ ਜਿਹੀ ਸਾਂ ਮੈਂ। ਸੁਣਦੀ ਸਾਂ ਕਿ ਚੁਰਾਸੀ ਲੱਖ ਜੂਨਾਂ ਮਗਰੋਂ ਹੀ ਜੀਵ ਨੂੰ ਮਨੁੱਖਾ ਜੀਵਨ ਨਸੀਬ ਹੁੰਦਾ ਹੈ। ਸੱਪਾਂ, ਠੂਹਿਆਂ, ਚੂਹੇ, ਬਿੱਲੀਆਂ ਅਤੇ ਕੀੜੇ-ਮਕੌੜਿਆਂ ਨੂੰ ਵੇਖ ਕੇ ਮੈਨੂੰ ਡਾਢਾ ਤਰਸ ਆਉਂਦਾ ਕਿ ਕਦੋਂ ਉਨ੍ਹਾਂ ਦੀਆਂ ਜੂਨਾਂ ਕੱਟਣਗੀਆਂ ਤੇ ਕਦੋਂ ਉਨ੍ਹਾਂ ਨੂੰ ਬੰਦੇ ਦੀ ਜੂਨ ਮਿਲੇਗੀ। ਚੂਹੇ ਬਿੱਲੀ ਤਾਂ ਮੇਰੇ ਵੱਸ ਦਾ ਰੋਗ ਨਹੀਂ ਸਨ, ਪਰ ਕੀੜੀਆਂ ਦੀਆਂ ਕਤਾਰਾਂ ਨੂੰ ਜਾਂਦਿਆਂ ਵੇਖ ਕੇ ਮੈਨੂੰ ਖ਼ਿਆਲ ਆਉਂਦਾ ਕਿ ਘੱਟੋ-ਘੱਟ ਇਨ੍ਹਾਂ ਦੀ ਤਾਂ ਇਕ ਜੂਨ ਮੈਂ ਘਟਾਅ ਹੀ ਸਕਦੀ ਹਾਂ, ਤੇ ਫੇਰ ਮੈਂ ਮਿੱਧਣ ਲੱਗਦੀ ਕੀੜੀਆਂ ਨੂੰ ਆਪਣੇ ਪੈਰਾਂ ਨਾਲ਼ææ।’ ਮੈਂ ਗੱਲ ਛੇੜਦੀ।
‘ਤੇ ਮਾਂ, ਇਸ ਪਾਪ ਦਾ ਤੈਨੂੰ ਕੋਈ ਪਛਤਾਵਾ ਨਹੀਂ?’ ਬੱਚੇ ਪੁੱਛਦੇ।
‘ਨਹੀਂ ਮੇਰੇ ਬੱਚਿਓ, ਮੇਰਾ ਉਹ ਕਰਮ ਉਸ ਉਮਰ ਦੀ ਨਾ-ਸਮਝੀ ਕਾਰਨ ਸੀ। ਆਪਣੇ ਬਾਲ-ਬੁੱਧ ਮੁਤਾਬਕ ਕੀੜੀਆਂ ਦਾ ਘਾਣ ਕਰ ਕੇ ਮੈਂ ਉਨ੍ਹਾਂ ‘ਤੇ ਉਪਕਾਰ ਕਰ ਰਹੀ ਹੁੰਦੀ ਸਾਂ। ਹਾਂ, ਪਰ ਅੱਜ ਜੇ ਮੈਂ ਸਿਰਫ਼ ਅਤੇ ਸਿਰਫ਼ ਅਨੰਦ ਲੈਣ ਲਈ ਕਿਸੇ ਦੀ ਜਾਨ ਲੈ ਲਵਾਂ ਤਾਂ ਉਹ ਗੁਨਾਹ ਹੋਵੇਗਾæææ।’
ਇਉਂ ਗਾਹੇ-ਬਗਾਹੇ ਮੈਂ ਅਸਿੱਧੇ ਤੌਰ ‘ਤੇ ਦੀਪੀ ਦੇ ਚੇਤੇ ਵਿਚ ਘਰ ਕਰ ਗਈ ਦੋਸ਼ੀ ਭਾਵਨਾ ਤੋਂ ਉਸ ਨੂੰ ਮੁਕਤ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ।
‘ਫੁੱਲ-ਫਲ; ਪੰਛੀ-ਜਨੌਰ; ਕੀੜੇ-ਮਕੌੜੇ ਸਭ ਸਾਡੇ ਮਿੱਤਰ ਹਨ, ਅੱਖ ਦਾ ਨਜ਼ਾਰਾ ਤੇ ਰੂਹ ਦਾ ਸਕੂਨ। ਸਭ ਆਪੋ ਆਪਣੀ ਔਕਾਤ ਅਤੇ ਕਰਤਬ ਮੁਤਾਬਕ ਸਾਡਾ ਭਲਾ ਕਰਦੇ ਹਨ। ਇਨ੍ਹਾਂ ਦੀ ਸੁਰੱਖਿਆ ਦੇ ਅਸੀਂ ਜ਼ਿੰਮੇਵਾਰ ਹਾਂæææ।’ ਕਦੇ-ਕਦੇ ਆਪਣੀ ਰੌਂ ਵਿਚ ਬੋਲਦਿਆਂ ਮੇਰੀ ਨਜ਼ਰ ਅਚਾਨਕ ਦੀਪੀ ਉਤੇ ਜਾ ਪੈਂਦੀ। ਅੱਖ ਨਾਲ ਅੱਖ ਮਿਲਦੀ। ਬੀਤੇ ਦੀ ਉਹ ਮੋਈ ਹੋਈ ਗਲਹਿਰੀ ਸਾਡੇ ਦਰਮਿਆਨ ਆ ਖਲੋਂਦੀ। ਦੀਪੀ ਦਾ ਚਿਹਰਾ ਕੁਮਲਾ ਜਾਂਦਾ। ਮੈਂ ਗੱਲ ਦਾ ਰੁਖ ਬਦਲ ਲੈਂਦੀ।
ਪੰਜਵੀਂ ‘ਚ ਪੜ੍ਹਦਾ ਦਸ-ਗਿਆਰਾਂ ਸਾਲ ਦਾ ਦੀਪੀ ਕੁਝ ਦਿਨਾਂ ਤੋਂ ਚੁੱਪ-ਚੁੱਪ ਸੀ। ਖਾਵੇ ਪੀਵੇ ਵੀ ਘੱਟ। ਸਮਝ ਨਾ ਆਵੇ ਕਿਉਂ। ਇਕ ਸ਼ਾਮ ਉਸ ਦਾ ਜਮਾਤੀ ਮਨੋਜ ਆ ਨਿਕਲਿਆ।
ਦੀਪੀ ਘਰ ਨਹੀਂ ਸੀ।
‘ਆਂਟੀ ਜੀ, ਜਿੰਮੀ ਮਰ ਗਿਆ।’ ਮਨੋਜ ਨੇ ਦੱਸਿਆ।
‘ਜਿੰਮੀ ਕੌਣ?’
‘ਤੁਸੀਂ ਨਹੀਂ ਜਾਣਦੇ ਜਿੰਮੀ ਕੁੱਤੇ ਬਾਰੇ? ਰੋਜ਼ ਹੀ ਤਾਂ ਦੀਪੀ ਉਸ ਨੂੰ ਆਪਣਾ ਟਿਫ਼ਨ ਖੁਆਉਂਦਾ ਸੀ। ਅੱਧੀ ਛੁੱਟੀ ਹੁੰਦਿਆਂ ਹੀ ਉਹ ਦੀਪੀ ਕੋਲ ਆ ਜਾਂਦਾ। ਲੰਗੜਾ ਸੀ ਜਿੰਮੀ, ਮਰਦੂਦ ਜਿਹਾ। ਅਸੀਂ ਸਾਰੇ ਉਸ ਨੂੰ ਦੀਪੀ ਦਾ ਛੋਟਾ ਭਾਈ ਆਖ ਕੇ ਛੇੜਦੇ ਸਾਂ। ਜਿੰਮੀ ਸੜਕ ਪਾਰ ਕਰ ਕੇ ਦੀਪੀ ਵੱਲ ਦੌੜਦਾ ਆ ਰਿਹਾ ਸੀ ਕਿ ਸਕੂਲ ਦੇ ਗੇਟ ਸਾਹਵੇਂ ਤੇਜ਼ ਰਫਤਾਰ ਗੱਡੀ ਹੇਠਾਂ ਆ ਕੇ ਮਰ ਗਿਆæææ।’
ਪਿਛਲੇ ਕੁਝ ਦਿਨਾਂ ਤੋਂ ਦੀਪੀ ਦਾ ਟਿਫ਼ਨ ਉਂਜ ਦਾ ਉਂਜ ਹੀ ਵਾਪਸ ਆ ਰਿਹਾ ਸੀ ਸਕੂਲੋਂ। ਸੋæææ ਇਹ ਸੀ ਕਾਰਨ ਉਸ ਦੀ ਉਦਾਸੀ ਦਾ।
‘ਫੇਰ ਮਰ ਗਈ ਗਲਹਿਰੀ’, ਮੈਂ ਹੌਕਾ ਭਰਿਆ।

ਅਤਿਵਾਦ ਦਾ ਝੱਖੜ ਝੁੱਲਿਆ। ਸਤਾਰਾਂ ਵਰ੍ਹਿਆਂ ਦੇ ਕਿਸ਼ੋਰ ਦੀਪੀ ਨੂੰ ਨਾਲ ਲਈ ਮੁੰਬਈ ਨੂੰ ਛੱਡ ਕੇ ਮੈਂ ਮੁਹਾਲੀ ਆ ਟਿਕੀ। ਅਗਲੇਰੀ ਪੜ੍ਹਾਈ ਦੇ ਨਾਲ-ਨਾਲ ਦੀਪੀ ਨੇ ਹੋਟਲ ਵਿਚ ਰਿਸੈਪਸ਼ਨਿਸਟ ਦੀ ਨੌਕਰੀ ਫੜ ਲਈ ਅਤੇ ਮੈਂ ਯੋਗ ਤੇ ਹੋਮਿਓਪੈਥੀ ਦੇ ਕਿੱਤਿਆਂ ਨਾਲ ਸਬੰਧਤ ਘਰ ਵਿਚ ‘ਗਰੋ ਯੰਗ ਹੈਲਥ ਕੇਅਰ’ ਨਾਂ ਦਾ ਕੇਂਦਰ ਖੋਲ੍ਹ ਕੇ ਨਾਲੋ-ਨਾਲ ਸਾਹਿਤਕ ਸਭਾਵਾਂ ਵਿਚ ਵੀ ਸ਼ਾਮਲ ਹੋਣ ਲੱਗੀ। ਦੀਪੀ ਹੀ ਮੈਨੂੰ ਆਪਣੀ ਮੋਟਰਸਾਈਕਲ ‘ਤੇ ਪਿੱਛੇ ਬਿਠਾ ਕੇ ਸਭ ਥਾਈਂ ਲੈਣ-ਛੱਡਣ ਜਾਂਦਾ।
ਟੈਗੋਰ ਥਿਏਟਰ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣ ਮਗਰੋਂ ਘਰ ਪਰਤਦਿਆਂ ਰਾਤੀਂ ਬੂਹਾ ਖੋਲ੍ਹ ਕੇ ਬਰਾਂਡੇ ਵਿਚ ਵੜੇ ਹੀ ਸਾਂ ਕਿ ਮੇਰੇ ਸੌਣ ਸੁੱਫ਼ੇ ਦੇ ਬੂਹੇ ਅੱਗੇ ਅਹਿੱਲ ਪਈ ਕਿਰਲੀ ਤੱਕੀ। ਪੂਛ ਕੱਟੀ ਹੋਈ ਸੀ। ਸਾਹ ਲੈਂਦੀ ਵੀ ਨਾ ਜਾਪੇ।
‘ਮਰ ਗਈ ਹੈ ਸ਼ਾਇਦ।’ ਮੈਂ ਆਖਿਆ।
ਬਚਪਨ ਵਿਚ ਕੋਹੜ ਕਿਰਲੀ ਨੂੰ ਵੇਖ ਕੇ ਮੈਨੂੰ ਬੜੀ ਕ੍ਰਹਿਤ ਆਉਂਦੀ। ਜੇ ਭੋਜਨ ਕਰਦੀ ਦੀ ਨਜ਼ਰ ਪੈ ਜਾਵੇ ਤਾਂ ਮੇਰਾ ਖਾਣਾ ਵੀ ਵਿਚੇ ਰਹਿ ਜਾਂਦਾ।æææ ਜੇ ਮੇਰਾ ਵੱਸ ਚੱਲੇ ਤਾਂ ਮੈਂ ਦੁਨੀਆਂ ਦੀਆਂ ਸਾਰੀਆਂ ਕਿਰਲੀਆਂ ਖ਼ਤਮ ਕਰ ਦਿਆਂ, ਮੈਂ ਸੋਚਦੀ ਪਰ ਜਦੋਂ ਮੇਰੀ ਗੋਦੀ ਦਾ ਪਲੇਠਾ-ਬਾਲ, ਸੰਨੀ ਰਿਹਾੜ ਕਰਦਾ-ਕਰਦਾ ਅਚਾਨਕ ਕੰਧ ਉਤੇ ਤੁਰਦੀ ਕਿਰਲੀ ਵੇਖਦਿਆਂ ਹੀ ਉਸ ਵੱਲ ਸ਼ਿਸ਼ਤ ਲਾਈ ਚੁੱਪ ਕਰ ਜਾਂਦਾ ਤਾਂ ਮੈਨੂੰ ਉਹ ਸੰਨੀ ਦਾ ਬਾਲ-ਖਿਡੌਣਾ ਜਾਪਣ ਲੱਗਦੀ ਅਤੇ ਉਸ ਲਈ ਮੇਰੇ ਮਨ ਦੀ ਰਾਖਵੀਂ ਨਫ਼ਰਤ ਕੁਝ ਕੁਝ ਮਨਫ਼ੀ ਹੋਣ ਲੱਗਦੀ। ਫਿਰ ਵੀ ਕਿਰਲੀ ਤਾਂ ਕਿਰਲੀ ਹੀ ਹੈ। ਬਚਪਨ ਤੋਂ ਹੀ ਦੁੱਧ-ਡਿੱਗੀ ਕਿਰਲੀ ਦੇ ਜ਼ਹਿਰ ਨਾਲ ਹੋਈਆਂ ਮੌਤਾਂ ਦੀਆਂ ਦੁਰਘਟਨਾਵਾਂ ਸੁਣ-ਸੁਣ ਕੇ ਉਸ ਵੱਲ ਵੇਖਦਿਆਂ ਹੀ ਮੇਰਾ ਦਿਲ ਦਹਿਲ ਜਾਣਾ ਸੁਭਾਵਕ ਸੀ।
ਦੀਪੀ ਨੇ ਝਾੜੂ ਦੀ ਤੀਲੀ ਨਾਲ ਕਿਰਲੀ ਨੂੰ ਹਿਲਾਇਆ। ਕਿਰਲੀ ਨੇ ਛੜੱਪਾ ਮਾਰਿਆ। ਮੇਰੀ ਚੀਕ ਨਿਕਲ ਗਈ।æææ ਚੀਕ ਖੌਫ਼ ਅਤੇ ਕ੍ਰਹਿਤ ਭਰੀ ਸੀ।
‘ਕਿਉਂ ਨਫ਼ਰਤ ਕਰਦੇ ਹੋ ਉਸ ਨੂੰ? ਕੀ ਦੋਸ਼ ਹੈ ਉਸ ਦਾ ਜੇ ਉਹ ਕੋਹੜ ਕਿਰਲੀ ਹੈ ਤਾਂ? ਉਸ ਨੇ ਤੁਹਾਡਾ ਕੀ ਵਿਗਾੜਿਆ ਹੈ?’ ਦੀਪੀ ਗਰਜਿਆ।
ਮੈਂ ਸ਼ਰਮਿੰਦੀ ਸਾਂ।
‘ਇਹਦੀ ਪੂਛ ਕਟ ਗਈ ਹੈ। ਜਦ ਤੱਕ ਪੂਛ ਮੁੜ ਨਾ ਉਗੇ, ਇਹ ਚਲ ਨਹੀਂ ਸਕੇਗੀ ਸ਼ਾਇਦ। ਮਰ ਜਾਏਗੀ ਵਿਚਾਰੀ, ਭੁੱਖੀ-ਭਾਣੀæææ।’ ਆਖਦਿਆਂ ਦੀਪੀ ਨੇ ਕਿਰਲੀ ਨੂੰ ਤੀਲੀ ਨਾਲ ਕੰਧ ਕੋਲ ਸਰਕਾ ਦਿੱਤਾ ਤਾਂ ਜੁ ਉਹ ਰਾਤੀਂ ਕਿਸੇ ਕੀੜੇ-ਮਕੌੜੇ ਦਾ ਸ਼ਿਕਾਰ ਕਰ ਸਕੇ। ਮੇਰੇ ਸੌਣ-ਸੁੱਫ਼ੇ ਵਿਚ ਵੜ ਕੇ ਉਸ ਨੇ ਬੂਹੇ ਦੀ ਅੰਦਰਲੀ ਚਿਟਕਣੀ ਲਗਾ ਦਿੱਤੀ ਅਤੇ ਰਾਤੀਂ ਗੁਸਲਖ਼ਾਨੇ ਵਿਚ ਆਣ-ਜਾਣ ਲਈ ਮੈਨੂੰ ਆਪਣੇ ਕਮਰੇ ਦਾ ਲਾਂਘਾ ਇਸਤੇਮਾਲ ਕਰਨ ਲਈ ਪੱਕਿਆਂ ਕੀਤਾ।
ਹਨੇਰੇ ਵਿਚ ਤੁਰਦਿਆਂ ਕਿਧਰੇ ਕਿਰਲੀ ਨੂੰ ਮੈਂ ਆਪਣੇ ਪੈਰਾਂ ਨਾਲ ਮਧੋਲ-ਮਾਰ ਨਾ ਸੁੱਟਾਂ, ਇਹ ਦੀਪੀ ਦਾ ਤੌਖ਼ਲਾ ਸੀ।
ਸਵੇਰੇ ਉਠਦੇ ਸਾਰ ਦੀਪੀ ਨੇ ਮੇਰੇ ਸੁੱਫ਼ੇ ਦਾ ਬੂਹਾ ਖੋਲ੍ਹਦਿਆਂ ਬਾਹਰ ਵੇਖਿਆ। ਛਿਪਕਲੀ ਗਾਇਬ ਸੀ।
‘ਬਚ ਗਈ ਬਚ ਗਈ, ਦੁਮ ਕੱਟੀ ਬਚ ਗਈ।’ ਦੀਪੀ ਖੁਸ਼ੀ ਨਾਲ ਉਛਲ ਪਿਆ।
ਆਉਂਦੇ ਕੁਝ ਦਿਨਾਂ ਲਈ ਉਹ ਸਾਡੀ ਲਾਡਲੀ ‘ਦੁਮ ਕੱਟੀ’ ਸੀ, ਘਰ ਦਾ ਜੀਅ।
ਸ਼ੁਕਰ ਹੈ ਗਲਹਿਰੀ ਨਹੀਂ ਮੋਈ। ਜਿਉਂਦੀ ਹੈ ਉਹæææ।
ਤਾਲ ਕਟੋਰੇ ਦੀ ਗਲਹਿਰੀ! ਸਾਡੇ ਚੇਤੇ ਦੀ ਗਲਹਿਰੀ!!æææ ਮੈਂ ਸੁਖ ਦਾ ਸਾਹ ਲਿਆ।

ਸ਼ਾਮ ਦਾ ਵੇਲਾ।
‘ਅੱਧੇ ਘੰਟੇ ਤੱਕ ਆ ਰਿਹਾਂ।’ ਦੀਪੀ ਦਾ ਫੋਨ ਸੀ।
ਇਕ ਦੋ ਤਿੰਨ।æææ ਚਾਰ ਘੰਟੇ ਵੀ ਲੰਘ ਗਏ।æææ ਦੀਪੀ ਨਹੀਂ ਆਇਆ।æææ ਫ਼ਿਕਰ ਲੱਗਾ।æææ ਮੈਂ ਫੋਨ ਕੀਤਾ।
‘ਮੁਹਾਲੀ ਘਰੇ ਪੁੱਜਣ ਹੀ ਵਾਲਾ ਸਾਂ ਕਿ ਰਾਹ ਵਿਚ ਕਿਸੇ ਗੱਡੀ ਥੱਲੇ ਆ ਕੇ ਫੱਟੜ ਹੋਇਆ ਚਿਚਲਾਂਦਾ ਕਤੂਰਾ ਵੇਖਿਆ। ਉਹਨੂੰ ਚੁੱਕ ਕੇ ਉਨ੍ਹੀਂ ਪੈਰੀਂ ਵਾਪਸ ਚੰਡੀਗੜ੍ਹ ਗੱਡੀ ਮੋੜ ਲਈ। ਸਲੋਤਰੀ ਕੋਲੋਂ ਮਰਹਮ-ਪੱਟੀ ਕਰਾਈ, ਤੇ ਉਸ ਨੂੰ ਆਪਣੇ ਘਰ ਲੈ ਆਇਆ। ਦੇਰ ਹੋ ਗਈ। ਨਹੀਂ ਆ ਸਕਿਆ ਤੁਹਾਨੂੰ ਮਿਲਣ।’
ਕਤੂਰੇ ਦੀ ਤੀਮਾਰਦਾਰੀ ਵਿਚ ਇੰਨਾ ਮਸ਼ਗੂਲ ਹੋ ਗਿਆ ਸੀ ਦੀਪੀ ਪੁੱਤਰ, ਕਿ ਉਸ ਨੂੰ ਇਕੱਲੀ ਰਹਿੰਦੀ ਮਾਂ ਦੀ ਚਿੰਤਾ ਵੀ ਵਿਸਰ ਗਈ।
ਜੁਗ ਜੁਗ ਜੀਵੇ ਗਲਹਿਰੀ!æææਮਨ ਨੂੰ ਸਕੂਨ ਮਿਲਿਆ।

ਗਲਹਿਰੀ ਦਾ ਆਲ੍ਹਣਾ ਮੈਥੋਂ ਨਸ਼ਟ ਹੋ ਗਿਆ। ਭੋਲੇ-ਭਾਅ ਹੀ। ਮੈਂ ਉਦਾਸ ਹਾਂ। ਉਖੜੀ-ਉਖੜੀ। ਆਪਣੀ ਦੋਸ਼ੀ ਭਾਵਨਾ ਦੀਪੀ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ ਪਰ ਕੀਕੂੰ ਕਰਾਂ? ਹੁਣ ਉਸ ਦਾ ਆਪਣਾ ਨਿਵੇਕਲਾ ਘਰ ਹੈ। ਉਹ ਆਪਣੇ ਕੰਮ-ਕਾਜ ਅਤੇ ਬਾਗ-ਪਰਿਵਾਰ ਵਿਚ ਵਾਲੋ-ਵਾਲ ਖੁਭਿਆ ਹੋਇਆ ਹੈ। ਕਦੇ-ਕਦੇ ਹੀ ਮੇਲ ਹੁੰਦਾ ਹੈ। ਉਸ ਨਾਲ ਰੋਜ਼ਾਨਾ ਜ਼ਿੰਦਗੀ ਦੀ ਆਮ ਗੱਲਬਾਤ ਨਹੀਂ ਹੁੰਦੀ।æææਗਲਹਿਰੀ ਦੀ ਕੀ ਗੱਲ ਕਰਾਂ?æææਜੇ ਮੈਂ ਗਲਹਿਰੀ ਦਾ ਜ਼ਿਕਰ ਵੀ ਕਰਾਂ, ਤਾਂ ਕੀ ਉਹ ਸੁਣੇਗਾ? ਸੁਣਦਾ ਹੋਇਆ ਵੀ ਉਹ ਅਣਸੁਣਦਾ ਹੋਵੇਗਾ।
ਦੀਪੀ ਦੀ ਪੀੜ ਤੇ ਬੇਚੈਨੀ ਮੈਂ ਹਮੇਸ਼ਾਂ ਭਾਂਪ ਲੈਂਦੀ ਸੀ, ਤੇ ਹੁਣ ਵੀ ਭਾਂਪ ਲੈਂਦੀ ਹਾਂ, ਅਣਦੱਸੀ ਹੀ; ਪਰ ਮੇਰੀ ਕੌਣ ਭਾਂਪੇ?æææ ਦੀਪੀ ਦੀ ਮਾਂ ਜਿਉਂਦੀ ਹੈ, ਮੇਰੀ ਨਹੀਂ।

ਅੱਜ ਸ਼ਾਮੀਂ ਦੀਪੀ ਆ ਨਿਕਲਿਆ। ਨਾਲ ਜ਼ਾਵੀਆ ਵੀ ਸੀ, ਮੇਰੀ ਪੋਤੀ।
ਗੱਡੀਓਂ ਉਤਰ ਕੇ ਉਹ ਘਰ ਦੇ ਪਿਛਲੇ ਵਿਹੜੇ ਵਿਚ ਵੜੇ ਹੀ ਸਨ ਕਿ ਚੰਪਾ ਦੇ ਰੁੱਖ ਤੋਂ ਟੁੱਪ-ਟੁੱਪ ਕਰਦੀ ਗੁਲੋ ਗਾਲੜ੍ਹ ਆਣ ਲੱਥੀ। ਉਹ ਗੌਰੀ ਦੀ ਬਾਟੀ ਵਿਚੋਂ ਦੁੱਧ ਪੀਣ ਲੱਗੀ। ਘੁੱਟੋ-ਘੁੱਟ।
ਗੌਰੀ ਗਾਲ੍ਹੜ ਨੂੰ ਜੀਭ ਨਾਲ ਕੁਤ-ਕੁਤਾੜਨ ਲੱਗੀ।
ਗਾਲ੍ਹੜ ਛੜੱਪ ਜਾ ਡਿੱਗੀ ਬਾਟੀ ਵਿਚ, ਤੇ ਫਿਰ ਦੁੱਧ-ਭਿੱਜੀ ਟੁੱਪ-ਟੁੱਪ ਚੜ੍ਹ ਗਈ ਨਿੰਬੂ ਦੇ ਰੁੱਖ ਉਤੇ।
‘ਪਾਪਾ ਵੇਖੋ, ਦਾਦੀ ਵੇਖੋ।’ ਤਿੰਨਾਂ ਸਾਲਾਂ ਦੀ ਜ਼ਾਵੀਆ ਨੇ ਕਿਲਕਾਰੀ ਮਾਰੀ।
ਦੀਪੀ ਨਾਲ ਮੇਰੀ ਨਜ਼ਰ ਮਿਲੀ। ਅਸੀਂ ਮੁਸਕੁਰਾਏ।
‘ਜੁਗ ਜੁਗ ਜੀਵੇ ਗਲਹਿਰੀ, ਬੋਲ ਜ਼ਾਵੀਆ ਬੋਲ।’ ਮੈਂ ਆਖਿਆ।
‘ਜੁਗ ਜੁਗ ਜੀਵੇ ਗਲਹਿਰੀ।’ ਜ਼ਾਵੀਆ ਤਾੜੀਆਂ ਮਾਰ ਮਾਰ ਗਾਉਣ ਲੱਗੀ।
‘ਜੁਗ ਜੁਗ ਜੀਵੇ ਗਲਹਿਰੀ।’ ਦੀਪੀ ਨੇ ਵੀ ਜ਼ਾਵੀਆ ਨਾਲ ਸੁਰ ਮਿਲਾਈ।
ਜੁਗ ਜੁਗ ਜੀਣ ਜੀਵ ਜੰਤæææ
ਸਾਰੇ ਦੇ ਸਾਰੇ ਜੀਵ ਜੰਤæææ
ਮੇਰੇ ਮਗਰ ਜ਼ਾਵੀਆ ਤੇ ਜ਼ਾਵੀਆ ਮਗਰ ਦੀਪੀ ਤਾੜੀਆਂ ਮਾਰਦੇ ਲੰਮੀ ਹੇਕ ਨਾਲ ਗਾਉਣ ਲੱਗੇæææ। ਗਾਉਂਦੇ ਗਏæææ ਗਾਉਂਦੇ ਗਏæææ ਗਾਉਂਦੇ ਗਏ।

Be the first to comment

Leave a Reply

Your email address will not be published.