ਭਾਰਤੀ ਫੁੱਟਬਾਲ ਦਾ ਸ਼ਹਿਨਸ਼ਾਹ-ਅਰਜਨ ਐਵਾਰਡੀ ਇੰਦਰ ਸਿੰਘ

-ਇਕਬਾਲ ਸਿੰਘ ਜੱਬੋਵਾਲੀਆ
ਫੋਨ: 917-375-6395
ਫੁੱਟਬਾਲ ਖੇਡ ਜਗਤ ਵਿਚ ਇੰਦਰੇ ਦੇ ਨਾਂ ਵਜੋਂ ਜਾਣੇ ਜਾਂਦੇ ਇੰਦਰ ਸਿੰਘ ਨੇ ਪੂਰੇ ਭਾਰਤ ਵਿਚ ਆਪਣੇ ਨਾਂ ਦੀ ਛਾਪ ਛੱਡੀ। 1960 ਵਿਚ ਲੀਡਰ ਕਲੱਬ ਜਲੰਧਰ ਵਲੋਂ ਫੁੱਟਬਾਲ ਦੀ ਸ਼ੁਰੂਆਤ ਕਰਕੇ ਇੰਦਰ ਨੇ 1974 ਵਿਚ ਜਲੰਧਰ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਖੇਡੀ ਗਈ ਸੰਤੋਸ਼ ਟਰਾਫੀ ਵਿਚ ਪੰਜਾਬ ਦੀ ਤਰਫੋਂ ਖੇਡਦਿਆਂ ਸਭ ਤੋਂ ਵੱਧ ਗੋਲ ਕਰਕੇ ਇਤਿਹਾਸ ਰਚਿਆ। ਪੰਜਾਬ ਦੀ ਟੀਮ ਨੇ ਕੁਲ 46 ਗੋਲ ਕੀਤੇ ਜਿਨ੍ਹਾਂ ‘ਚੋਂ 23 ਗੋਲ ‘ਕੱਲੇ ਇੰਦਰ ਨੇ ਕੀਤੇ। ਇਹ ਰਿਕਾਰਡ ਹਾਲੇ ਤੱਕ ਕੋਈ ਨਹੀਂ ਤੋੜ ਸਕਿਆ। ਇੰਡੀਆ ਲੀਗ ਦੇ ਮੈਚ ਵੀ ਇਥੇ ਖੇਡੇ ਜਾਂਦੇ ਸਨ। ਪੰਜਾਬ-ਗੋਆ ਦੇ ਫਾਈਨਲ ਵਿਚ 6 ਗੋਲਾਂ ‘ਚੋਂ 3 ਗੋਲ ਇਕੱਲੇ ਇੰਦਰ ਸਿੰਘ ਨੇ ਕੀਤੇ ਸਨ। ਪੰਜਾਬ-ਬੰਗਾਲ ਮੈਚ ਵਿਚ 6-0 ਨਾਲ ਪੰਜਾਬ ਨੇ ਵੱਡੀ ਜਿੱਤ ਪ੍ਰਾਪਤ ਕੀਤੀ। ਇੰਦਰ ਸਿੰਘ ਸਾਰੇ ਮੈਚ ਵਿਚ ਛਾਇਆ ਰਿਹਾ। ਡਿਫ਼ੈਂਡਰਾਂ ‘ਤੇ ਹਮੇਸ਼ਾ ਭਾਰੂ ਰਹਿੰਦਾ। ਦੇਸ਼ ਦੀ ਵੰਡ ਹੋਈ, ਸਰਕਾਰਾਂ ਬਦਲਦੀਆਂ ਗਈਆਂ ਪਰ ਹਾਲੇ ਤੱਕ ਭਾਰਤ ਨੂੰ ਇੰਦਰ ਸਿੰਘ ਵਰਗਾ ਖਿਡਾਰੀ ਨਹੀਂ ਮਿਲਿਆ।
ਸੰਨ 1963 ‘ਚ ਉਹ ਭਾਰਤੀ ਟੀਮ ਦਾ ਪਲੇਇੰਗ ਮੈਂਬਰ ਬਣਿਆ। 1964 ਦੀਆਂ ਇਜ਼ਰਾਈਲ ਏਸ਼ੀਆਂ ਖੇਡਾਂ ਵਿਚ ਉਸ ਨੂੰ ‘ਬੈਸਟ ਰਾਈਟ ਆਊਟ’ ਘੋਸ਼ਿਤ ਕੀਤਾ ਗਿਆ। ਇਨ੍ਹਾਂ ਖੇਡਾਂ ਵਿਚ ਭਾਰਤੀ ਫੁੱਟਬਾਲ ਟੀਮ ਨੇ ਸਿਲਵਰ ਮੈਡਲ ਜਿੱਤਿਆ। ਉਸ ਪਿਛੋਂ ਭਾਰਤੀ ਟੀਮ ਨੂੰ ਕਦੇ ਏਸ਼ੀਆ ਕੱਪ ਜਿੱਤਣ ਦਾ ਮੌਕਾ ਨਹੀਂ ਮਿਲਿਆ।
ਇੰਦਰ ਸਿੰਘ ਨੇ 1969 ਵਿਚ ਭਾਰਤੀ ਟੀਮ ਦੀ ਕਪਤਾਨੀ ਕੀਤੀ। ਉਦੋਂ ਹੀ ਭਾਰਤ ਸਰਕਾਰ ਨੇ ‘ਅਰਜਨ ਐਵਾਰਡ’ ਨਾਲ ਨਿਵਾਜਿਆ। ਸਾਲ 1967 ਵਿਚ ਰੂਸ ਦੀ ਟੀਮ ਭਾਰਤੀ ਦੌਰੇ ‘ਤੇ ਮੈਚ ਖੇਡਣ ਆਈ। ਰੂਸ ਦੀ ਟੀਮ ਨੇ 6 ਮੈਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਖੇਡੇ। ਛੇਆਂ ਵਿਚੋਂ ਇਕ ਮੈਚ ਪੰਜਾਬ ਵਿਚ ਖੇਡਿਆ। ਲੀਡਰ ਕਲੱਬ ਜਲੰਧਰ ਵਲੋਂ ਖੇਡਦਿਆਂ ਇੰਦਰ ਸਿੰਘ ਨੇ ਉਨ੍ਹਾਂ ਦੀ ਇਕ ਨਾ ਚੱਲਣ ਦਿਤੀ। ਰੂਸ ਦੀ ਜ਼ੋਰਾਵਰ ਟੀਮ ਨੇ ਲੀਡਰ ਕਲੱਬ ਸਿਰ 6 ਗੋਲ ਕੀਤੇ। ਇਸ ਮੁਕਾਬਲੇ ਵਿਚ ਇੰਦਰ ਸਿੰਘ ਨੇ ਬੜੀ ਫੁਰਤੀ ਨਾਲ ਝਕਾਨੀ ਦੇ ਕੇ ਇਕ ਯਾਦਗਾਰੀ ਗੋਲ ਕੀਤਾ। ਇਸ ਗੋਲ ਦੀ ਸਭ ਪਾਸੇ ਸ਼ਲਾਘਾ ਹੋਈ।
1967 ਵਿਚ ਹੀ ਉਹ ਮਲੇਸ਼ੀਆ ਖੇਡਣ ਗਏ। ਕਮਾਲ ਦੀ ਖੇਡ ਵੇਖ ਉਥੋਂ ਦੇ ਪ੍ਰਧਾਨ ਮੰਤਰੀ ਟੀਕੂ ਅਬਦੁਲ ਰਹਿਮਾਨ ਐਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਇੰਦਰ ਸਿੰਘ ਨੂੰ ਪੰਜ ਸਾਲਾਂ ਦਾ ਕੰਟਰੈਕਟ ਅਤੇ 23 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਉਹਨੇ ਆਪਣੇ ਦੇਸ਼ ਲਈ ਖੇਡਣ ਨੂੰ ਹੀ ਪਹਿਲ ਦਿਤੀ। ਸਾਲ 1970 ਵਿਚ ‘ਖਾਲਸਾ ਸਪੋਰਟਿੰਗ ਕਲੱਬ ਵੈਨਕੂਵਰ’ ਨੇ ਵੀ ਆਫ਼ਰ ਕੀਤੀ ਸੀ ਤੇ ਹਰ ਤਰ੍ਹਾਂ ਦੀ ਸੁਖ-ਸਹੂਲਤ ਦੇਣ ਦੀ ਪੇਸ਼ਕਸ਼ ਕੀਤੀ। ਉਹਨੇ ਪੇਸ਼ਕਸ਼ ਕਰਨ ਲਈ ਕਲੱਬ ਵਾਲਿਆਂ ਦਾ ਧੰਨਵਾਦ ਕੀਤਾ, ਪਰ ਭਾਰਤ ਲਈ ਹੀ ਖੇਡਣ ਦੀ ਖਾਹਿਸ਼ ਰੱਖੀ। ਇਸੇ ਤਰ੍ਹਾਂ ਮੋਹਣ ਬਗਾਨ ਤੇ ਈਸਟ ਬੰਗਾਲ ਵਾਲੇ ਵੀ ਖੇਡਣ ਲਈ ਕਹਿੰਦੇ ਰਹੇ। ਉਸ ਦੀ ਖੇਡ ਦੇ ਲੱਖਾਂ ਦੀਵਾਨੇ ਸਨ। ਖੇਡ ਸਦਕਾ ਜਿਧਰ ਵੀ ਜਾਂਦਾ, ਸਾਰੇ ਅੱਖਾਂ ਵਿਛਾਈ ਬੈਠੇ ਹੁੰਦੇ। ਇੰਦਰ ਸਿੰਘ ਸੈਂਕੜੇ ਖਿਡਾਰੀਆਂ ਨਾਲ ਖੇਡਿਆ ਤੇ ਉਹਦੇ ਮਾਰਗ ‘ਤੇ ਚਲਦਿਆਂ ਕਈ ਮੁੰਡੇ ਤਕੜੇ ਖਿਡਾਰੀ ਬਣੇ। ਬੇਟਾ ਜੱਗਾ 2 ਸਾਲ ਭਾਰਤੀ ਟੀਮ ਵਿਚ ਖੇਡਿਆ। 12 ਸਾਲ ਜੇ ਸੀ ਟੀ ਮਿਲ ਫਗਵਾੜਾ ਦਾ ਖਿਡਾਰੀ ਰਿਹਾ। ਫਿਰ ਜੇæ ਸੀæ ਟੀæ ਵਿਚ ਹੀ ਸੁਖੀ ਤੇ ਪਰਮਿੰਦਰ ਨਾਲ ਅਸਿਸਟੈਂਟ ਕੋਚ ਵੀ ਰਿਹਾ।
ਇਕ ਵਾਰ ਇੰਦਰ ਸਿੰਘ ਨਾਲ ‘ਭਾਰਤੀ ਫੁੱਟਬਾਲ ਦੇ ਜਰਨੈਲ’ ਸ਼ ਜਰਨੈਲ ਸਿੰਘ ਪਨਾਮ ਬਾਰੇ ਗੱਲ ਚੱਲ ਰਹੀ ਸੀ। ਉਹਨੂੰ ਯਾਦ ਕਰਕੇ ਉਹ ਭਾਵੁਕ ਹੋ ਗਿਆ ਤੇ ਕਹਿਣ ਲੱਗਾ ਕਿ ਜਰਨੈਲ ਸਿੰਘ ਵਰਗੇ ਵਾਰ ਵਾਰ ਨਹੀਂ ਜੰਮਣੇ। 1963 ਤੋਂ 1967 ਤੱਕ ਉਹ ਇਕੱਠੇ ਖੇਡੇ। 1963 ਦੀ ਪ੍ਰੀ-ਉਲੰਪਿਕ ਤਹਿਰਾਨ ਅਤੇ 1964 ਵਿਚ ਮਾਡੇਕਾ ਫੁੱਟਬਾਲ ਟੂਰਨਾਮੈਂਟ ਕੋਆਲਾਲੰਪੁਰ (ਮਲੇਸ਼ੀਆ) ਇਕੱਠੇ ਖੇਡੇ। ਕੋਆਲਾਲੰਪੁਰ ਵਿਚੋਂ ਦੂਜਾ ਸਥਾਨ ਆਇਆ ਸੀ। 1964 ਦੇ ਇਜ਼ਰਾਇਲੀ ਏਸ਼ੀਆ-ਕੱਪ ਵਿਚੋਂ ਵੀ ਦੂਜਾ ਸਥਾਨ ਪ੍ਰਾਪਤ ਕੀਤਾ। ਉਹ ਤੇ ਜਰਨੈਲ ਸਿੰਘ ਇਕ ਕਮਰੇ ਵਿਚ ਇਕੱਠੇ ਵੀ ਰਹਿੰਦੇ ਰਹੇ।
1960 ਤੋਂ 1974 ਤੱਕ ਲੀਡਰ ਕਲੱਬ ਵਿਚ ਖੇਡਿਆ। ਲੀਡਰ ਦੀ ਉਸ ਵੇਲੇ ਟਾਪ ਦੀ ਟੀਮ ਹੁੰਦੀ ਸੀ। ਲੀਡਰ ਕਲੱਬ ਤੋਂ ਬਾਅਦ ਜੇæ ਸੀæ ਟੀæ ਦੀ ਟੀਮ ਬਣੀ। ਫਿਰ 1974 ਤੋਂ 1985 ਤੱਕ ਉਹ ਜੇæ ਸੀæ ਟੀæ ਵਿਚ ਖੇਡਿਆ। 1962 ਤੋਂ 1978 ਤੱਕ ਪੰਜਾਬ ਸਟੇਟ ਅਤੇ 1963 ਤੋਂ 1975 ਤੱਕ ਭਾਰਤੀ ਟੀਮ ਦਾ ਤਕੜਾ ਖਿਡਾਰੀ ਰਿਹਾ। 1969, 1973 ਅਤੇ 1975-ਤਿੰਨ ਸਾਲ ਭਾਰਤੀ ਟੀਮ ਦਾ ਕਪਤਾਨ ਰਿਹਾ। 1967-68 ਵਿਚ ਆਲ ਏਸ਼ੀਆ ਆਲ ਖੇਡਿਆ। ਜੇæ ਸੀæ ਟੀæ ਵਿਚ 1985 ਵਿਚ ਖੇਡਣਾ ਛੱਡ ਦਿਤਾ ਤੇ 2001 ਤੱਕ ਉਥੇ ਮੈਨੇਜਰ ਰਿਹਾ। 2001 ਤੋਂ 2011 ਪੰਜਾਬ ਫੁੱਟਬਾਲ ਐਸੋਸੀਏਸ਼ਨ ਦਾ ਜਨਰਲ ਸਕੱਤਰ ਰਿਹਾ।
1969 ਵਿਚ ਕੋਆਲਾਲੰਪੁਰ ਦੇ ਮਾਡਰੇਕਾ ਫੁੱਟਬਾਲ ਟੂਰਨਾਮੈਂਟ ਵਿਚ ਤਾਇਵਾਨ ਨਾਲ ਚਲਦੇ ਮੈਚ ਦੌਰਾਨ ਗੋਡੇ ‘ਤੇ ਸੱਟ ਲੱਗ ਗਈ ਸੀ। ਉਹ ਬੜੀ ਤੇਜ਼ੀ ਨਾਲ ਫੁੱਟਬਾਲ ਦੇ ਬਰਾਬਰ ਭੱਜਿਆ ਜਾ ਰਿਹਾ ਸੀ ਤੇ ਡਿਫ਼ੈਂਡਰਾਂ ਨੂੰ ਕੱਟਦਾ ਜਾ ਰਿਹਾ ਸੀ। ਇਕ ਕੱਟਿਆ, ਜਦੋਂ ਦੂਜੇ ਨੂੰ ਕੱਟ ਕੇ ਅੱਗੇ ਲੰਘਿਆ ਤਾਂ ਵਿਰੋਧੀ ਖਿਡਾਰੀ ਅਚਾਨਕ ਉਹਦੇ ਗੋਡੇ ‘ਤੇ ਡਿੱਗ ਪਿਆ। ਦੇਖਦੇ ਹੀ ਦੇਖਦੇ ਗੋਡਾ ਸੁੱਜਣ ਲੱਗ ਪਿਆ। ਅੰਮ੍ਰਿਤਸਰ ਦੇ ਡਾæ ਕਰਮ ਸਿੰਘ ਨੇ ਗੋਡੇ ਦਾ ਅਪਰੇਸ਼ਨ ਕੀਤਾ। ਦੋ ਸਾਲ ਗੋਡੇ ਦਾ ਇਲਾਜ ਚਲਦਾ ਰਿਹਾ। ਢਾਈ ਸਾਲ ਪਿਛੋਂ ਦੁਬਾਰਾ ਖੇਡਣ ਲੱਗਾ। ਇਸੇ ਤਰ੍ਹਾਂ ਸਾਲ 1975 ਵਿਚ ਇੰਡੋਨੇਸ਼ੀਆ ਟੂਰਨਾਮੈਂਟ ਵਿਚ ਸਾਊਥ ਕੋਰੀਆ ਨਾਲ ਮੈਚ ਖੇਡਦਿਆਂ ਬਾਂਹ ‘ਤੇ ਸੱਟ ਲੱਗ ਗਈ ਸੀ। ਇੰਦਰ ਸਿੰਘ ਦੇ ਦੱਸਣ ਅਨੁਸਾਰ ਸਾਊਥ ਕੋਰੀਆ ਦੇ ਖਿਡਾਰੀ ਜ਼ਹਿਰੀਲੇ ਬਹੁਤ ਸਨ। ਉਨ੍ਹਾਂ ਦੇ ਇਕ ਖਿਡਾਰੀ ਨੇ ਖੁੰਧਕ ਵਿਚ ਆ ਕੇ ਬੂਟ ਦੀ ਸਿੱਧੀ ਟੋਅ ਮਾਰ ਕੇ ਸੁੱਟ ਦਿਤਾ।
ਇੰਦਰ ਸਿੰਘ ਪਹਿਲਵਾਨੀ ਅਤੇ ਕਬੱਡੀ ਵੇਖਣ ਦਾ ਵੀ ਸ਼ੌਕੀਨ ਸੀ। ਉਸ ਦੇ ਦੱਸਣ ਅਨੁਸਾਰ ਇਕ ਵਾਰ ਪਹਿਲਵਾਨ ਮੇਹਰਦੀਨ ਉਹਨੂੰ ਮਿਲਣ ਆਇਆ। ਬੜਾ ਲੰਮਾ-ਝੰਮਾ ਲੱਠ ਵਰਗਾ ਗੁੰਦਿਆ ਦਰਸ਼ਨੀ ਸਰੀਰ ਵੇਖ ਦਿਲ ਖੁਸ਼ ਹੁੰਦਾ ਸੀ। ਸਰਬਣ ਬੱਲ ਤੇ ਪ੍ਰੀਤੇ ਦੇ ਕਬੱਡੀ ਮੈਚ ਵੀ ਵੇਖੇ। ਬੱਲ ਦੀ ਖੇਡ ਨੂੰ ਬੜਾ ਪਸੰਦ ਕੀਤਾ।
ਮਾਤਾ ਤੇਜ਼ ਕੌਰ ਅਤੇ ਪਿਤਾ ਭਗਤ ਸਿੰਘ ਦੇ ਘਰ 1943 ‘ਚ ਜਨਮੇ ਇੰਦਰ ਸਿੰਘ ਨੇ ਦੇਸ਼-ਵਿਦੇਸ਼ ਦੀ ਧਰਤੀ ‘ਤੇ ਸੈਂਕੜੇ ਮੈਚ ਖੇਡੇ। ਉਹ ਦੋ ਭਰਾ ਹਨ। ਵੱਡਾ ਭਰਾ ਗੁਰਮੁੱਖ ਸਿੰਘ ਬਿਜਲੀ ਬੋਰਡ ਦਾ ਸੇਵਾ-ਮੁਕਤ ਮੁਲਾਜ਼ਮ ਹੈ। ਦੋ ਬੱਚੇ-ਬੇਟਾ ਹਰਜਿੰਦਰ ਸਿੰਘ ਜੱਗਾ ਤੇ ਬੇਟੀ ਬਲਵਿੰਦਰ ਕੌਰ ਜੋ ਪੱਲੀਆਂ ਵਾਲੇ ਜਸਵੰਤ ਸਿੰਘ ਜੱਸਾ ਨਾਲ ਵਿਆਹੀ ਹੋਈ ਹੈ ਤੇ ਸੈਕਰਾਮੈਂਟੋ (ਕੈਲੀਫੋਰਨੀਆ) ਵੱਸਦੀ ਹੈ।
ਇੰਦਰ ਸਿੰਘ ਦੀ ਖੇਡ ਦੇ ਹਜ਼ਾਰਾਂ ਦੀਵਾਨੇ ਤੇ ਪ੍ਰਸ਼ੰਸਕ ਦੇਸ਼-ਵਿਦੇਸ਼ ਵਿਚ ਹਾਲੇ ਵੀ ਮੌਜੂਦ ਹਨ। ਇੰਦਰ ਸਿੰਘ ਮੁਤਾਬਕ, ਜਦੋਂ ਪਿਛਲੇ ਸਾਲ ਸੈਕਰਾਮੈਂਟੋ ਪਹੁੰਚੇ ਤਾਂ ਉਸ ਦੀ ਤਬੀਅਤ ਠੀਕ ਨਾ ਹੋਣ ਕਰਕੇ ਹਸਪਤਾਲ ਜਾਣਾ ਪਿਆ। ਉਥੇ ਦੋ ਸਾਊਥ ਇੰਡੀਅਨ ਡਾਕਟਰ ਸਨ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਤਾਂ ਪ੍ਰਸਿਧ ਫੁਟਬਾਲ ਖਿਡਾਰੀ ਇੰਦਰ ਸਿੰਘ ਹੈ ਤਾਂ ਉਨ੍ਹਾਂ ਜਾ ਕੇ ਦੋ ਹੋਰ ਪੰਜਾਬੀ ਡਾਕਟਰਾਂ ਨੂੰ ਵੀ ਦੱਸ ਦਿਤਾ। ਉਥੇ ਡਾਕਟਰਾਂ ਦੀ ਟੀਮ ‘ਕੱਠੀ ਹੋ ਗਈ ਤੇ ਉਨ੍ਹਾਂ ਉਹਦਾ ਚੰਗੀ ਤਰ੍ਹਾਂ ਚੈਕ-ਅੱਪ ਕੀਤਾ।
ਜ਼ਿੰਦਗੀ ‘ਚ ਅਨੇਕਾਂ ਮਾਣ-ਸਨਮਾਨ ਪ੍ਰਾਪਤ ਕੀਤੇ। ਕੈਨੇਡਾ, ਅਮਰੀਕਾ ਅਤੇ ਕਈ ਹੋਰ ਮੁਲਕਾਂ ਵਿਚ ਉਚੇਚੇ ਤੌਰ ‘ਤੇ ਸੱਦ ਕੇ ਵਾਹਵਾ ਮਾਣ ਬਖਸ਼ਿਆ। ਪਿਛਲੇ ਸਾਲ ਕਪੂਰਥਲਾ ਸਪੋਰਟਸ ਕਲੱਬ ਵਾਲਿਆਂ ਨੇ ਇੰਦਰ ਸਿੰਘ ਤੇ ਕਬੱਡੀ ਦੇ ਬਾਬਾ ਬੋਹੜ ਸਰਬਣ ਸਿੰਘ ਬੱਲ ਨੂੰ ਉਚੇਚੇ ਤੌਰ ‘ਤੇ ਸੱਦ ਕੇ ਵਾਹਵਾ ਮਾਣ-ਤਾਣ ਕੀਤਾ। ਇੰਦਰ ਸਿੰਘ ਦਾ ਅੱਜ ਦੇ ਖਿਡਾਰੀਆਂ ਲਈ ਸੁਨੇਹਾ ਹੈ ਕਿ ਖੇਡਦੇ ਸਮੇਂ ਉਹ ਕੋਈ ਵੀ ਨਸ਼ਾ ਨਾ ਕਰਨ। ਆਪਣੇ ਸਰੀਰ, ਆਪਣੀ ਜ਼ਿੰਦਗੀ ਨੂੰ ਬਚਾਓ। ਖੇਡ ਭਾਵਨਾ ਨਾਲ ਖੇਡੋ, ਮਿਹਨਤ ਕਰੋ ਤੇ ਆਪਣਾ ਤੇ ਆਪਣੇ ਮਾਂ-ਬਾਪ, ਇਲਾਕੇ, ਦੇਸ਼ ਦਾ ਨਾਂ ਉਚਾ ਕਰੋ।

Be the first to comment

Leave a Reply

Your email address will not be published.