ਗੁਰੂ ਘਰਾਂ ‘ਚ ਲੜਾਈ ਨੇ ਧਰਮ ਤੇ ਸਿਆਸਤ ਬਾਰੇ ਬਹਿਸ ਭਖਾਈ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਦਿੱਲੀ ਦੇ ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ 15 ਨਵੰਬਰ ਨੂੰ ਸਿੱਖਾਂ ਦੇ ਦੋ ਧੜਿਆਂ ਵਿਚਾਲੇ ਹੋਈ ਖੂਨੀ ਝੜਪ ਧਰਮ ਉਤੇ ਸਿਆਸਤ ਦੇ ਗਲਬੇ ਦਾ ਅਖੀਰੀ ਸਿੱਟਾ ਹੋ ਨਿਬੜੀ। ਇਸ ਘਟਨਾ ਨੇ ਜਿੱਥੇ ‘ਸ਼ਾਂਤੀ ਤੇ ਸਦਭਾਵਨਾ’ ਦਾ ਸੁਨੇਹਾ ਦੇਣ ਵਾਲੇ ਸਿੱਖ ਧਰਮ ਦੀ ਮਰਿਆਦਾ ਦਾ ਉਲੰਘਣ ਕੀਤਾ, ਉਥੇ ਸਿਆਸੀ ਧਿਰਾਂ ਦੇ ਮਾੜੇ ਇਰਾਦੇ ਵੀ ਜੱਗ ਜ਼ਾਹਿਰ ਕਰ ਦਿੱਤੇ। ਇਸ ਨੇ ਧਰਮ ਅਤੇ ਸਿਆਸਤ ਦੇ ਰਿਸ਼ਤੇ ਬਾਰੇ ਵੀ ਬਹਿਸ ਭਖਾ ਦਿੱਤੀ ਹੈ।
ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਸਥਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਚ 15 ਨਵੰਬਰ ਨੂੰ ਬੁਲਾਈ ਅੰਤ੍ਰਿੰਗ ਬੋਰਡ ਦੀ ਮੀਟਿੰਗ ਦੌਰਾਨ ਵੱਡੀ ਪੱਧਰ ‘ਤੇ ਤੋੜ-ਫੋੜ ਤੇ ਹਿੰਸਾ ਹੋਈ। ਇਸ ਘਟਨਾਕ੍ਰਮ ਵਿਚ ਜਿੱਥੇ ਅਕਾਲੀ ਦਲ (ਬਾਦਲ) ਦੇ ਸਮਰਥਕਾਂ ਵੱਲੋਂ ਗੁਰਦੁਆਰਾ ਕਮੇਟੀ ਦੇ ਦਫ਼ਤਰ ਦੇ ਸ਼ੀਸ਼ੇ ਭੰਨ ਦਿੱਤੇ ਗਏ, ਉਥੇ ਕਮੇਟੀ ਦੀ ਟਾਸਕ ਫੋਰਸ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਮਨਜੀਤ ਸਿੰਘ ਜੀæਕੇæ ਸਮੇਤ ਪੰਜ ਜਣਿਆਂ ਨੂੰ ਕਿਰਪਾਨਾਂ ਤੇ ਡਾਂਗਾਂ ਨਾਲ ਜ਼ਖ਼ਮੀ ਕਰ ਦਿੱਤਾ। ਗੁਰਦੁਆਰੇ ‘ਚ ਤਲਵਾਰਾਂ ਚੱਲੀਆਂ ਤੇ ਇਕ-ਦੂਜੇ ਨੂੰ ਗਾਲਾਂ ਕੱਢੀਆਂ ਗਈਆਂ।
ਉਧਰ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਹੈ ਕਿ ਮਨਜੀਤ ਸਿੰਘ ਜੀæਕੇæ ਵੱਲੋਂ ਜਬਰੀ ਮੀਟਿੰਗ ਵਿਚ ਵੜਨ ਦੀ ਕੋਸ਼ਿਸ਼ ਕਰਨ ਕਰ ਕੇ ਉਸ ਨੂੰ ਕੁਝ ਸੱਟ ਲੱਗ ਜਾਣਾ ਕੁਦਰਤੀ ਹੈ ਪਰ ਇਸ ਦੇ ਵਾਸਤੇ ਉਹ ਖ਼ੁਦ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਬਾਦਲ ਦਲ ਦੇ ਆਗੂਆਂ ਨੇ ਮੀਟਿੰਗ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਬੇਸ਼ੱਕ ਬਾਹਰ ਟਕਰਾਅ ਹੋਇਆ ਪਰ ਅੰਤ੍ਰਿੰਗ ਬੋਰਡ ਦੀ ਮੀਟਿੰਗ ਜਾਰੀ ਰਹੀ ਜਿਸ ਵਿਚ ਇਕ ਮਤੇ ਰਾਹੀਂ ਪ੍ਰਧਾਨ ਦੀਆਂ ਤਾਕਤਾਂ ਸੀਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਦੀਆਂ ਤਾਕਤਾਂ ਜਾਇੰਟ ਸਕੱਤਰ ਨੂੰ ਵੀ ਦੇ ਦਿੱਤੀਆਂ ਗਈਆਂ।
ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਦਾਲਤੀ ਹੁਕਮਾਂ ਅਨੁਸਾਰ ਦਸੰਬਰ ਮਹੀਨੇ ਵਿਚ ਹੋਣ ਦੀ ਉਮੀਦ ਹੈ ਪਰ ਇਸ ਦੌਰਾਨ ਹਾਕਮ ਧਿਰ ਦਿੱਲੀ ਅਕਾਲੀ ਦਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਐਕਟ ਵਿਚ ਸੋਧ ਕਰਾਉਣ ਲਈ ਯਤਨ ਕੀਤੇ ਜਾ ਰਹੇ ਹਨ ਜਿਸ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵੀ ਸਿੱਧੀ ਹੋਵੇਗੀ ਤੇ ਪ੍ਰਧਾਨ ਪੂਰੀ ਮਿਆਦ ਲਈ ਚੁਣਿਆ ਜਾਵੇਗਾ।
ਇਸ ਸੋਧ ਦਾ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਚੋਣਾਂ ਜਲਦੀ ਕਰਾਉਣ ਦੇ ਹੱਕ ਵਿਚ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਦਾਅਵਾ ਕੀਤਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵੱਲੋਂ ਭੇਜੇ ਗਏ ਲਿਖਤੀ ਸੱਦੇ ਦੇ ਆਧਾਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮੀਟਿੰਗ ਵਿਚ ਸ਼ਾਮਲ ਹੋਣ ਲਈ ਗਏ ਸਨ ਪਰ ਜਦੋਂ ਉਹ ਉਥੇ ਪੁੱਜੇ ਤਾਂ ਟਾਸਕ ਫੋਰਸ ਨੇ ਬਿਨਾਂ ਕਿਸੇ ਭੜਕਾਹਟ ਦੇ ਹਮਲਾ ਕਰ ਦਿੱਤਾ।
ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਹੋਣ ਵਾਲੀਆਂ ਚੋਣਾਂ ਵਿਚ ਆਪਣੀ ਹਾਰ ਸਪੱਸ਼ਟ ਦੇਖ ਕੇ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਹ ਦਿੱਲੀ ਦੀ ਕਾਂਗਰਸ ਸਰਕਾਰ ਦੀ ਮਿਲੀ-ਭੁਗਤ ਦਾ ਨਤੀਜਾ ਹੈ ਤੇ ਦੋਵਾਂ ਵੱਲੋਂ ਚੋਣਾਂ ਲਟਕਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਇਸੇ ਦੌਰਾਨ ਸਿੱਖ ਵਿਦਵਾਨ ਅਸ਼ੋਕ ਸਿੰਘ ਬਾਗੜੀਆ ਨੇ ਆਖਿਆ ਕਿ ਗੁਰਦੁਆਰਾ ਪ੍ਰਬੰਧ ਦੇ ਮਾਮਲੇ ਵਿਚ ਸਿਆਸਤ ਦਾ ਦਾਖਲ ਨਹੀਂ ਹੋਣਾ ਚਾਹੀਦਾ। ਧਰਮ ਨੂੰ ਸਿਆਸੀ ਤਾਕਤ ਪ੍ਰਾਪਤ ਕਰਨ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਅਜਿਹੇ ਹਿੰਸਕ ਝਗੜੇ ਸਿੱਖ ਕੌਮ ਦੀ ਦਿੱਖ ਨੂੰ ਪ੍ਰਭਾਵਿਤ ਕਰਦੇ ਹਨ ਤੇ ਸਮੁੱਚੀ ਕੌਮ ਦਾ ਮਾੜਾ ਪ੍ਰਭਾਵ ਪੈਂਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਵਰ੍ਹੇ ਦੋ ਮਾਰਚ ਨੂੰ ਗੁਰਦੁਆਰਾ ਬਾਲਾ ਸਾਹਿਬ ਵਿਖੇ ਸਿੱਖ ਆਗੂਆਂ ਵਿਚਾਲੇ ਖ਼ੂਨੀ ਝੜਪ ਹੋ ਚੁੱਕੀ ਹੈ ਤੇ ਇਹ ਮਾਮਲਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚਾਰ ਅਧੀਨ ਹੈ।
ਅਸਲ ਵਿਚ ਗੁਰਦੁਆਰਿਆਂ ਦਾ ਪ੍ਰਬੰਧ ਹੁਣ ਧਾਰਮਿਕ ਨਹੀਂ ਬਲਕਿ ਸਿਆਸੀ ਮਾਮਲਾ ਬਣ ਗਿਆ ਹੈ। ਗੁਰਦੁਆਰਿਆਂ ਦਾ ਚੜ੍ਹਾਵਾ ਸਿਆਸੀ ਜੰਗ ਲੜਨ ਲਈ ਖਰਚਿਆ ਜਾ ਰਿਹਾ ਹੈ। ਲੰਮੇ ਸਮੇਂ ਤੱਕ ਪੰਜਾਬ ਤੇ ਬਾਹਰਲਿਆਂ ਸੂਬਿਆਂ ਵਿਚ ਸਥਿਤ ਗੁਰਦੁਆਰਿਆਂ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਕਬਜ਼ਾ ਰਿਹਾ ਤੇ ਜਿਹੜੀ ਧਿਰ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਹੁੰਦੀ, ਉਹ ਹੀ ਆਪਣੇ-ਆਪ ਨੂੰ ਸਿੱਖਾਂ ਦੀ ਅਸਲ ਨੁਮਾਇੰਦਾ ਸਮਝਦੀ ਹੈ। ਪੰਥਕ ਸਰਕਾਰ ਦਾ ਭੁਲੇਖਾ ਖੜ੍ਹਾ ਕਰ ਕੇ ਗੁਰੂ ਦੀਆਂ ਗੋਲਕਾਂ ਸਿਆਸੀ ਕੰਮਾਂ ਲਈ ਵਰਤੀਆਂ ਜਾਂਦੀਆਂ ਹਨ।
ਪਿਛਲੇ ਕੁਝ ਸਮੇਂ ਤੋਂ ਦੇਸ਼ ਤੇ ਵਿਦੇਸ਼ਾਂ ‘ਚ ਵੱਖਰੀਆਂ ਗੁਰਦੁਆਰਾ ਕਮੇਟੀਆਂ ਬਣਨੀਆਂ ਸ਼ੁਰੂ ਹੋਈਆਂ ਹਨ। ਇਨ੍ਹਾਂ ਵਿਚੋਂ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੂੰ ਕਈ ਪੱਖਾਂ ਤੋਂ ਚੁਣੌਤੀ ਦਿੱਤੀ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਆਪਣੇ ਇਸੇ ਅਹੁਦੇ ਦੀ ਬਦੌਲਤ ਪੰਜਾਬ ਦੀ ਸਿਆਸਤ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ। ਉਹ ਅਕਸਰ ਸਿੱਖਾਂ ਦੇ ਮਾਮਲਿਆਂ ਬਾਰੇ ਸ਼੍ਰੋਮਣੀ ਕਮੇਟੀ ਤੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਤਕੜੀ ਚੁਣੌਤੀ ਦਿੰਦੇ ਹਨ।
ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਬਾਦਲ ਦਲ ਦੇ ਕਾਰਕੁਨਾਂ ਵੱਲੋਂ ਗੁਰਦੁਆਰੇ ਵਿਚ ਤੋੜ-ਫੋੜ ਕਰਨ ਤੇ ਕਮੇਟੀ ਦੇ ਰਿਕਾਰਡ ਨੂੰ ਸਾੜਨ ਦੀ ਕੋਸ਼ਿਸ਼ ਕਰਨ ‘ਤੇ ਸੇਵਾਦਾਰਾਂ ਨੂੰ ਮਜਬੂਰੀਵੱਸ ਸਖ਼ਤ ਰਵੱਈਆ ਅਖ਼ਤਿਆਰ ਕਰਨਾ ਪਿਆ। ਬਾਦਲ ਦਲ ਦੇ ਆਗੂਆਂ ਨੂੰ ਸੱਟਾਂ ਭਗਦੜ ਦੌਰਾਨ ਡਿੱਗ ਜਾਣ ਕਾਰਨ ਲੱਗੀਆਂ।
ਉਨ੍ਹਾਂ ਕਿਹਾ ਕਿ ਕਾਰਜਕਾਰਨੀ ਬੋਰਡ ਦੀ ਮੀਟਿੰਗ ਵਿਚ ਸਿਰਫ਼ ਕਾਰਜਕਾਰਨੀ ਮੈਂਬਰ ਹੀ ਆ ਸਕਦੇ ਹਨ ਜੇਕਰ ਕਿਸੇ ਵਿਸ਼ੇਸ਼ ਮਹਿਮਾਨ ਨੂੰ ਬੁਲਾਉਣਾ ਹੋਵੇ ਤਾਂ ਇਸ ਦਾ ਨਿਰਦੇਸ਼ ਪ੍ਰਧਾਨ ਵੱਲੋਂ ਜਨਰਲ ਸਕੱਤਰ ਨੂੰ ਦਿੱਤਾ ਜਾਂਦਾ ਹੈ ਪਰ ਇਸ ਮੀਟਿੰਗ ਲਈ ਪ੍ਰਧਾਨ ਵੱਲੋਂ ਅਜਿਹਾ ਕੋਈ ਨਿਰਦੇਸ਼ ਜਾਰੀ ਨਹੀਂ ਸੀ ਕੀਤਾ ਗਿਆ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਵੀ ਵਾਧੂ ਲੋਕਾਂ ਨੂੰ ਮੀਟਿੰਗ ਵਿਚ ਬੁਲਾਉਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ।
ਇਸ ਨੇਮ ਦੀ ਜਾਣਕਾਰੀ ਹੋਣ ਕਾਰਨ ਹੀ ਬਾਦਲ ਦਲ ਨਾਲ ਸਬੰਧਤ ਕਮੇਟੀ ਮੈਂਬਰ ਅਵਤਾਰ ਸਿੰਘ ਹਿੱਤ ਅਤੇ ਰਵਿੰਦਰ ਸਿੰਘ ਖੁਰਾਣਾ ਸੱਦਾ ਮਿਲਣ ਦੇ ਬਾਵਜੂਦ ਕਾਰਜਕਾਰਨੀ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ ਸਨ।

Be the first to comment

Leave a Reply

Your email address will not be published.