ਬੈਂਕ ਡਕੈਤੀ ਕੇਸ ‘ਚ ਭਾਈ ਬਿੱਟੂ ਸਮੇਤ 12 ਨੂੰ 10-10 ਸਾਲ ਕੈਦ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੁਧਿਆਣਾ ਵਿਚ ਮਿਲਰ ਗੰਜ ‘ਚ ਪੰਜਾਬ ਨੈਸ਼ਨਲ ਬੈਂਕ ਦੀ ਮੁੱਖ ਸ਼ਾਖਾ ਵਿਚ 12 ਫਰਵਰੀ, 1987 ਨੂੰ ਹੋਈ ਪੰਜ ਕਰੋੜ 70 ਲੱਖ ਦੀ ਡਕੈਤੀ ਦੇ ਮੁਕੱਦਮੇ ਦਾ 26 ਸਾਲ ਬਾਅਦ ਨਿਬੇੜਾ ਕਰਦਿਆਂ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਾਬਕਾ ਪ੍ਰਧਾਨ ਅਤੇ ਹੁਣ ਸਰਪ੍ਰਸਤ ਭਾਈ ਦਲਜੀਤ ਸਿੰਘ ਬਿੱਟੂ ਸਮੇਤ 12 ਜਣਿਆਂ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਕੇਸ ਦੀ ਸੁਣਵਾਈ ਦੌਰਾਨ ਕੁੱਲ 400 ਗਵਾਹ ਭੁਗਤੇ ਜਿਨ੍ਹਾਂ ਵਿਚ ਅਖੀਰ ਤੱਕ 200 ਦੇ ਕਰੀਬ ਗਵਾਹ ਰਹਿ ਗਏ। ਇਨ੍ਹਾਂ ਸਾਰਿਆਂ ਨੂੰ 120-ਬੀ ਟਾਡਾ ਅਧੀਨ 10 ਸਾਲ ਦੀ ਸਜ਼ਾ, ਧਾਰਾ 395 ਅਧੀਨ 5 ਸਾਲ, ਧਾਰਾ 397 ਅਧੀਨ 7 ਸਾਲ, ਟਾਡਾ 3 ਅਧੀਨ 4 ਸਾਲ, ਟਾਡਾ 412 ਅਧੀਨ 10 ਸਾਲ ਦੀ ਸਜ਼ਾ ਹੋਈ ਹੈ।
ਅਦਾਲਤ ਦੇ ਇਸ ਫ਼ੈਸਲੇ ਤੋਂ ਤੁਰੰਤ ਬਾਅਦ ਭਾਈ ਬਿੱਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਅਦਾਲਤ ਦੇ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਜਾਵੇਗੀ। ਫ਼ੈਸਲੇ ‘ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਦੇਰੀ ਨਾਲ ਹੋਇਆ, ਗਲਤ ਫ਼ੈਸਲਾ ਕਰਾਰ ਦਿੱਤਾ ਹੈ। ਫੈਸਲੇ ਬਾਰੇ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਸ਼ਾਇਦ ਅਕਾਲ ਪੁਰਖ ਨੂੰ ਇਹੋ ਮਨਜ਼ੂਰ ਹੋਵੇਗਾ। ਉਹ ਇਸ ਫੈਸਲੇ ਵਿਰੁਧ ਉਪਰਲੀਆਂ ਅਦਾਲਤਾਂ ਵਿਚ ਜਾਣਗੇ।
ਵਧੀਕ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ ਨੇ ਜਦੋਂ ਦੇਸ਼ ਦੀ ਸਭ ਤੋਂ ਵੱਡੀ ਡਕੈਤੀ ਦੇ ਮੁਕੱਦਮੇ ਦਾ ਫੈਸਲਾ ਸੁਣਾਇਆ ਤਾਂ ਉਸ ਵੇਲੇ ਸਾਰੇ ਮੁਲਜ਼ਮ ਆਪਣੇ ਵਕੀਲਾਂ ਨਾਲ ਅਦਾਲਤ ਵਿਚ ਹਾਜ਼ਰ ਸਨ। ਅਦਾਲਤ ਨੇ ਇਸ ਕੇਸ ‘ਚ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਗੁਰਸ਼ਰਨ ਸਿੰਘ ਗਾਮਾ, ਹਰਜਿੰਦਰ ਸਿੰਘ ਕਾਲੀ, ਬਲਵਿੰਦਰ ਸਿੰਘ, ਮੋਹਣ ਸਿੰਘ ਮੋਹਣੀ, ਸਰੂਪ ਸਿੰਘ, ਗੁਰਜੰਟ ਸਿੰਘ, ਅਵਤਾਰ ਸਿੰਘ, ਹਰਭਜਨ ਸਿੰਘ, ਡਾæ ਆਸਾ ਸਿੰਘ ਤੇ ਜਥੇਦਾਰ ਮਾਨ ਸਿੰਘ ਢੋਲੇਵਾਲ ਨੂੰ ਸਜ਼ਾ ਸੁਣਾਈ। ਜ਼ਿਕਰਯੋਗ ਹੈ ਕਿ ਸੀæਬੀæਆਈæ ਵੱਲੋਂ ਇਸ ਕੇਸ ‘ਚ ਅਦਾਲਤ ਵਿਚ 13 ਜਣਿਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ ਜਿਨ੍ਹਾਂ ਵਿਚੋਂ ਗੁਰਦਿਆਲ ਸਿੰਘ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ। ਪੁਲਿਸ ਵੱਲੋਂ ਇਨ੍ਹਾਂ ਖ਼ਿਲਾਫ਼ ਟਾਡਾ ਡਕੈਤੀ, ਅਸਲਾ ਐਕਟ ਤੇ ਸਾਜ਼ਿਸ਼ ਰਚਣ ਦੀ ਧਾਰਾ 395/ 393/ 120/ ਬੀ/ 25/ 54/ 59 ਤੇ 3 (2), 3 (3), 4 (2) ਤਹਿਤ ਥਾਣਾ ਪੁਲਿਸ ਡਵੀਜ਼ਨ ਨੰਬਰ 6 ਵਿਚ ਕੇਸ ਦਰਜ ਕੀਤਾ ਗਿਆ ਸੀ। ਪਿਛਲੇ 26 ਸਾਲ ਤੋਂ ਇਸ ਕੇਸ ਦੀ ਸੁਣਵਾਈ ਹੋ ਰਹੀ ਸੀ। ਪੁਲਿਸ ਵੱਲੋਂ ਭਾਵੇਂ ਇਸ ਮਾਮਲੇ ਵਿਚ ਮੁਢਲੀ ਜਾਂਚ ਦੌਰਾਨ 45 ਦੇ ਕਰੀਬ ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਪਰ ਸੀæਬੀæਆਈæ ਵੱਲੋਂ 13 ਖਿਲਾਫ ਹੀ ਚਲਾਨ ਅਦਾਲਤ ‘ਚ ਪੇਸ਼ ਕੀਤਾ ਗਿਆ। ਇਨ੍ਹਾਂ ‘ਚੋਂ ਆਸਾ ਸਿੰਘ ਦੀ ਉਮਰ 93 ਸਾਲ ਦੇ ਕਰੀਬ ਹੈ। ਪੁਲਿਸ ਵੱਲੋਂ ਇਨ੍ਹਾਂ ਦੋਸ਼ੀਆਂ ਦੇ ਕਬਜ਼ੇ ਵਿਚੋਂ ਵੱਖ-ਵੱਖ ਸਮੇਂ ਦੌਰਾਨ ਲੁੱਟੀ ਗਈ 5 ਕਰੋੜ 70 ਲੱਖ ਦੀ ਰਕਮ ਵਿਚੋਂ ਸਿਰਫ 60 ਲੱਖ ਰੁਪਏ ਹੀ ਬਰਾਮਦ ਕੀਤੇ ਗਏ ਸਨ।
ਘਟਨਾ ਵਾਲੇ ਦਿਨ ਦੁਪਹਿਰ ਸਮੇਂ ਦੋਸ਼ੀਆਂ ਵੱਲੋਂ ਪੰਜਾਬ ਨੈਸ਼ਨਲ ਬੈਂਕ ਵਿਚ ਬੈਂਕ ਮੁਲਾਜ਼ਮਾਂ ਤੇ ਗਾਹਕਾਂ ਨੂੰ ਬੰਦੀ ਬਣਾ ਕੇ ਪੰਜ ਕਰੋੜ 70 ਲੱਖ ਦੀ ਨਕਦੀ ਲੁੱਟੇ ਗਏ ਸਨ। ਪਹਿਲਾਂ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਵੱਲੋਂ ਕੀਤੀ ਜਾ ਰਹੀ ਸੀ ਪਰ ਬਾਅਦ ਵਿਚ ਇਸ ਮਾਮਲੇ ਦੀ ਜਾਂਚ ਦਾ ਕੰਮ ਸੀæਬੀæਆਈæ ਨੂੰ ਸੌਂਪ ਦਿੱਤਾ ਗਿਆ ਸੀ। ਪੁਲਿਸ ਵੱਲੋਂ ਦੋਸ਼ੀ ਹਰਜਿੰਦਰ ਸਿੰਘ ਕਾਲੀ ਪਾਸੋਂ ਪਿਸਤੌਲ ਵੀ ਬਰਾਮਦ ਕੀਤਾ ਗਿਆ ਸੀ। ਜੱਜ ਵੱਲੋਂ ਇਨ੍ਹਾਂ ਸਾਰਿਆਂ ਨੂੰ ਟਾਡਾ ਐਕਟ ਅਧੀਨ 10-10 ਸਾਲ, ਜਦਕਿ ਧਾਰਾ 395 ਅਧੀਨ ਪੰਜ ਸਾਲ ਤੇ 397 ਅਧੀਨ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਸਾਰੀਆਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ। ਇਸ ਮਾਮਲੇ ਵਿਚ ਭਾਈ ਬਿੱਟੂ ਪਹਿਲਾਂ ਹੀ 11 ਸਾਲ ਅੱਠ ਮਹੀਨੇ ਤੇ ਭਾਈ ਗਾਮਾ ਨੌਂ ਸਾਲ ਚਾਰ ਮਹੀਨੇ ਜੇਲ੍ਹ ਵਿਚ ਰਹਿ ਚੁੱਕੇ ਹਨ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਜ਼ਮਾਨਤਾਂ ਦੇ ਦਿੱਤੀਆਂ ਗਈਆਂ ਹਨ। ਜਿਉਂ ਹੀ ਜੱਜ ਨੇ ਸਜ਼ਾ ਸੁਣਾਈ ਤਾਂ ਉਥੇ ਮੌਜੂਦ ਅਮਲੇ ਨੇ ਉਕਤ ਸਾਰਿਆਂ ਨੂੰ ਹਿਰਾਸਤ ਵਿਚ ਲੈ ਲਿਆ। ਸਜ਼ਾ ਸੁਣਾਏ ਜਾਣ ਸਮੇਂ ਅਦਾਲਤ ਵਿਚ ਭਾਈ ਦਲਜੀਤ ਸਿੰਘ ਬਿੱਟੂ ਦੇ ਮਾਤਾ-ਪਿਤਾ ਤੇ ਉਨ੍ਹਾਂ ਦੀ ਪਤਨੀ ਅੰਮ੍ਰਿਤ ਕੌਰ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਪੂਰਨ ਸਿੰਘ ਹੁੰਦਲ ਸਮੇਤ ਕੁਝ ਸਮਰਥਕ ਵੀ ਹਾਜ਼ਰ ਸਨ।

Be the first to comment

Leave a Reply

Your email address will not be published.