ਵੱਖਰੀ ਗੁਰਦੁਆਰਾ ਕਮੇਟੀ ਬਾਰੇ ਫਿਰ ਛਿੜੀ ਚਰਚਾ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਵਿਚ ਵੱਡਾ ਝਟਕਾ ਲੱਗਣ ਮਗਰੋਂ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਇਕ ਵਾਰ ਮੁੜ ਸਿੱਖ ਵੋਟਰਾਂ ਨੂੰ ਲਭਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਦੇ ਸਿੱਖ ਕਾਫੀ ਸਮੇਂ ਤੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰ ਰਹੇ ਹਨ ਪਰ ਲੰਮੀ ਜੱਦੋ-ਜਹਿਦ ਮਗਰੋਂ ਵੀ ਉਨ੍ਹਾਂ ਦੀ ਇਹ ਮੰਗ ਪੂਰੀ ਨਹੀਂ ਹੋਈ। ਹਰਿਆਣਾ ਦੀ ਹੁੱਡਾ ਸਰਕਾਰ ਨੇ ਇਕ ਵਾਰ ਪਹਿਲਾਂ ਵੀ ਸਿੱਖਾਂ ਦੀ ਇਹ ਮੰਗ ਪੂਰੀ ਕਰਨ ਲਈ ਤਿਆਰੀ ਖਿੱਚੀ ਸੀ ਪਰ ਐਨ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਕੋਲ ਪਹੁੰਚ ਕਰ ਕੇ ਹਰਿਆਣਾ ਸਰਕਾਰ ਦੀ ਇਹ ਕਾਰਵਾਈ ਨੂੰ ਬਰੇਕਾਂ ਲਵਾ ਦਿੱਤੀਆਂ ਸਨ।
ਹਰਿਆਣਾ ਕਾਂਗਰਸ ਨੇ 2005 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਚੋਣ ਮੈਨੀਫੈਸਟੋ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ, ਪਰ ਸਰਕਾਰ ਬਣਨ ‘ਤੇ ਕਾਂਗਰਸ ਨੇ ਇਸ ਮਸਲੇ ਨੂੰ ਲਟਕਾ ਦਿੱਤਾ। ਉਸ ਵੇਲੇ ਮੁੱਖ ਮੰਤਰੀ ਹੁੱਡਾ ਨੇ ਸਿੱਖਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਦੀ ਥਾਂ 22 ਅਗਸਤ, 2005 ਨੂੰ ਕਮੇਟੀ ਦਾ ਗਠਨ ਕਰ ਦਿੱਤਾ। ਇਸ ਕਮੇਟੀ ਦਾ ਚੇਅਰਮੈਨ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੂੰ ਲਾਇਆ ਗਿਆ ਪਰ ਇਸ ਕਮੇਟੀ ਨੇ ਸਾਢੇ ਅੱਠ ਸਾਲਾਂ ਬਾਅਦ ਵੀ ਆਪਣੀ ਕੋਈ ਰਿਪੋਰਟ ਪੇਸ਼ ਨਹੀਂ ਕੀਤੀ।
ਇਸ ਮਗਰੋਂ 2010 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਮੁੜ ਕਾਂਗਰਸ ਨੇ ਸਿੱਖ ਨੂੰ ਇਹ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਸ੍ਰੀ ਹੁੱਡਾ ਮੁੜ ਮੁੱਖ ਮੰਤਰੀ ਬਣਨ ਵਿਚ ਸਫਲ ਰਹੇ ਅਤੇ ਸਿੱਖਾਂ ਨਾਲ ਕੀਤੇ ਵਾਅਦੇ ਮੁਤਾਬਕ ਵੱਖਰੀ ਕਮੇਟੀ ਬਣਾਉਣ ਲਈ ਸਰਗਰਮੀ ਵਿਖਾਈ, ਪਰ ਹਾਈਕਮਾਨ ਦੇ ਦਾਬੇ ਕਰ ਕੇ ਇਕ ਵਾਰ ਫਿਰ ਉਹ ਸਫਲ ਨਾ ਹੋ ਸਕੇ। ਇਸ ਵਾਅਦਾ-ਖਿਲਾਫੀ ਕਰ ਕੇ ਸਿੱਖ ਵੋਟਰ ਹੁੱਡਾ ਸਰਕਾਰ ਤੋਂ ਨਰਾਜ਼ ਹੋ ਗਏ। ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਵਿਚ ਕਾਂਗਰਸ ਖਾਤਾ ਵੀ ਨਾ ਖੋਲ੍ਹ ਸਕੀ। ਹੁਣ ਅਗਲੇ ਸਾਲ ਸੂਬੇ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਜਿਸ ਕਰ ਕੇ ਹੁੱਡਾ ਸਰਕਾਰ ਇਕ ਵਾਰ ਮੁੜ ਸਿੱਖਾਂ ਨੂੰ ਲਭਾਉਣ ਦੇ ਕਾਰਜ ਵਿਚ ਜੁੱਟ ਗਈ ਹੈ।
ਰਿਪੋਰਟਾਂ ਅਨੁਸਾਰ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਸੂਬੇ ਦੇ ਸਿੱਖ ਆਗੂਆਂ ਵਿਚਾਲੇ ਗੁਪਤ ਮੀਟਿੰਗ ਹੋਈ ਜਿਸ ਵਿਚ ਸ੍ਰੀ ਹੁੱਡਾ ਨੇ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਭਰੋਸਾ ਦਿਵਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬਾਰੇ ਰਸਮੀ ਐਲਾਨ 6 ਜੁਲਾਈ ਨੂੰ ਕੈਥਲ ਵਿਚ ਹੋਣ ਵਾਲੇ ਸਿੱਖ ਮਹਾਂਸੰਮੇਲਨ ਮੌਕੇ ਕੀਤਾ ਜਾਵੇਗਾ। ਸ੍ਰੀ ਹੁੱਡਾ ਸਿੱਖਾਂ ਦੀ ਵੋਟ ਖਿੱਚਣ ਦੀ ਤਾਕ ਵਿਚ ਹਨ ਅਤੇ ਇਸ ਲਈ ਉਨ੍ਹਾਂ ਨੇ ਵੱਖਰੀ ਕਮੇਟੀ ਲਈ ਸੰਘਰਸ਼ਸ਼ੀਲ ਸਿੱਖ ਲੀਡਰਾਂ ਦੀਦਾਰ ਸਿੰਘ ਨਲਵੀ ਅਤੇ ਜਗਦੀਸ਼ ਸਿੰਘ ਝੀਂਡਾ ਵਿਚਾਲੇ ਸੁਲ੍ਹਾ ਕਰਾਉਣ ਦਾ ਵੀ ਯਤਨ ਕੀਤਾ। ਅਸਲ ਵਿਚ ਹਰਿਆਣਾ ਦੇ ਕੁੱਲ 90 ਵਿਧਾਨ ਸਭਾ ਹਲਕਿਆਂ ਵਿਚੋਂ 36 ‘ਤੇ ਸਿੱਖ ਵੋਟਰਾਂ ਦਾ ਚੰਗਾ ਪ੍ਰਭਾਵ ਹੈ ਜਦਕਿ ਚਾਰ ਲੋਕ ਸਭਾ ਸੀਟਾਂ ‘ਤੇ ਜਿੱਤ ਹਾਰ ਦਾ ਫੈਸਲਾ ਸਿੱਖ ਵੋਟਰਾਂ ਦੇ ਹੱਥ ਹੈ। ਇਸ ਗੱਲ ਦੀ ਸਮਝ ਕਾਂਗਰਸ ਨੂੰ ਚੰਗੀ ਤਰ੍ਹਾਂ ਆ ਗਈ ਹੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਹੁੱਡਾ ਸਰਕਾਰ ਦੀਆਂ ਸਰਗਰਮੀਆਂ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਹੈ ਕਿ ਕਾਂਗਰਸ ਸਿੱਖਾਂ ਨੂੰ ਪਾੜ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਕਾਂਗਰਸ ਆਪਣੇ ਮੰਤਵ ਲਈ ਵੱਖਰੀ ਗੁਰਦੁਆਰਾ ਕਮੇਟੀ ਦੇ ਨਾਂ ‘ਤੇ ਸਿੱਖਾਂ ਨੂੰ ਵੰਡਣ ਦਾ ਯਤਨ ਕਰ ਰਹੀ ਹੈ। ਜਥੇਦਾਰ ਮੱਕੜ ਨੇ ਵੱਖਰੀ ਕਮੇਟੀ ਦੇ ਮਾਮਲੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ‘ਤੇ ਦੋਸ਼ ਲਾਇਆ ਕਿ ਉਹ ਕਾਂਗਰਸ ਦੇ ਮੰਤਵ ਨੂੰ ਪੂਰਾ ਕਰਨ ਲਈ ਹਰਿਆਣਾ ਦੇ ਸਿੱਖਾਂ ਨੂੰ ਵੰਡਣ ਦਾ ਯਤਨ ਕਰ ਰਹੇ ਹਨ ਪਰ ਸਮੁੱਚਾ ਪੰਥ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕ ਵਾਰ ਮੁੜ ਕੇਂਦਰ ਸਰਕਾਰ ਦਾ ਸਹਾਰਾ ਲੈ ਕੇ ਇਸ ਮਸਲੇ ਵਿਚ ਅੜਿੱਕਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਵਾਰ ਸਮੀਕਰਨ ਥੋੜ੍ਹੇ ਵੱਖਰੇ ਹਨ। ਹੁਣ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਜਿਸ ਦੀ ਭਾਈਵਾਲੀ ਸ਼੍ਰੋਮਣੀ ਅਕਾਲੀ ਦਲ ਨਾਲ ਹੈ। ਭਾਜਪਾ ਨੇ ਇਸ ਵਾਰ ਹਰਿਆਣਾ ਵਿਚ ਲੋਕ ਸਭਾ ਚੋਣਾਂ ਦੌਰਾਨ 10 ਵਿਚੋਂ ਅੱਠ ਸੀਟਾਂ ਜਿੱਤੀ ਲਈਆਂ ਹਨ ਤੇ ਹੁਣ ਅਗਲੇ ਸਾਲ ਸੂਬੇ ਦੀਆਂ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਕਮਰ ਕੱਸੀ ਹੋਈ ਹੈ। ਇਸ ਲਈ ਹੁਣ ਭਾਜਪਾ ਵੀ ਸਿੱਖ ਵੋਟਰਾਂ ਨੂੰ ਨਰਾਜ਼ ਨਹੀਂ ਕਰਨਾ ਚਾਹੇਗੀ। ਇਸ ਲਈ, ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਦੇ ਮਾਮਲੇ ਨੇ ਦਿਲਚਸਪ ਮੋੜ ਲੈ ਲਿਆ ਹੈ। ਉਂਝ ਵੀ ਕੇਂਦਰ ਵਿਚ ਆਪਣੇ ਬਲਬੂਤੇ ‘ਤੇ ਸਰਕਾਰ ਬਣਨ ਮਗਰੋਂ ਭਾਜਪਾ ਦੇ ਅਕਾਲੀ ਦਲ ਪ੍ਰਤੀ ਤੇਵਰ ਬਦਲੇ ਨਜ਼ਰ ਆ ਰਹੇ ਹਨ। ਅਜਿਹੇ ਹਾਲਾਤ ਵਿਚ ਹਰਿਆਣਾ ਦੇ ਸਿੱਖਾਂ ਨੂੰ ਫਾਇਦਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਸਿੱਖਾਂ ਵੱਲੋਂ ਪੰਜਾਬ ਰਾਜ ਪੁਨਰਗਠਨ ਐਕਟ 1966 ਦੀ ਧਾਰਾ 72 ਦੇ ਸੈਕਸ਼ਨ 3 ਤਹਿਤ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕੀਤੀ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੀਆਂ ਚੋਣਾਂ ਵਿਚ 11 ਵਿਚੋਂ ਸੱਤ ਮੈਂਬਰ ਵੱਖਰੀ ਕਮੇਟੀ ਪੱਖੀ ਜਿੱਤ ਗਏ ਸਨ ਅਤੇ ਇਸ ਮੰਗ ਨੇ ਜ਼ੋਰ ਫੜ ਲਿਆ ਸੀ ਪਰ ਅਗਲੀਆਂ ਚੋਣਾਂ ਵਿਚ ਖ਼ਾਤਾ ਵੀ ਨਹੀਂ ਖੁੱਲ੍ਹ ਸਕਿਆ। ਇਸ ਵਾਰ ਦੀਆਂ ਗੁਰਦੁਆਰਾ ਚੋਣਾਂ ਦੋਵਾਂ ਧੜਿਆਂ ਨੇ ਅੱਡ-ਅੱਡ ਹੋ ਕੇ ਲੜੀਆਂ ਸਨ। ਉਂਝ ਦੋਵਾਂ ਧੜਿਆਂ ਦੇ ਉਮੀਦਵਾਰਾਂ ਦੀਆਂ ਵੋਟਾਂ ਮਿਲਾ ਕੇ ਜੇਤੂ ਉਮੀਦਵਾਰ ਨਾਲੋਂ ਵਧੇਰੇ ਬਣਦੀਆਂ ਹਨ।
ਅਕਾਲੀ ਦਲ ਭਾਵੇਂ ਇਸ ਦਾ ਵਿਰੋਧ ਕਰ ਰਿਹਾ ਹੈ ਪਰ ਮਹਾਰਾਸ਼ਟਰ, ਬਿਹਾਰ, ਦਿੱਲੀ ਤੇ ਉਤਰਾਖੰਡ ਵਿਚ ਪਹਿਲਾਂ ਹੀ ਵੱਖਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਨ। ਹਰਿਆਣਾ ਵਿਚ 72 ਗੁਰਦੁਆਰੇ ਹਨ ਜਿਨ੍ਹਾਂ ਦੀ ਸਾਲਾਨਾ ਆਮਦਨ 180 ਕਰੋੜ ਰੁਪਏ ਹੈ।

Be the first to comment

Leave a Reply

Your email address will not be published.