ਬਾਦਲਾਂ ਨੂੰ ਅਕਸ ਸੁਧਾਰਨ ਦਾ ਚੇਤਾ ਆਇਆ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਅਕਸ ਸੁਧਾਰਨ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ ਪਰ ਲੋਕ ਸਭਾ ਚੋਣਾਂ ਮਗਰੋਂ ਪੰਜਾਬ ਤੇ ਕੌਮੀ ਪੱਧਰ ‘ਤੇ ਨਵੇਂ ਬਣੇ ਸਿਆਸੀ ਸਮੀਕਰਨਾਂ ਕਰ ਕੇ ਬਾਦਲਾਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਰਿਕਾਰਡ ਜਿੱਤ ਮਗਰੋਂ ਜਿੱਥੇ ਇਕ ਪਾਸੇ ਪੰਜਾਬ ਭਾਜਪਾ ਨੇ ਅਕਾਲੀ ਦਲ ਨੂੰ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਉਥੇ ਅਕਾਲੀ ਦਲ ਲਈ ਕਈ ਸੂਬਾਈ ਮਸਲਿਆਂ ‘ਤੇ ਭਾਈਵਾਲ ਪਾਰਟੀ ਦੇ ਵੱਖਰੇ ਸਟੈਂਡ ਕਾਰਨ ਔਖੀ ਹਾਲਤ ਬਣ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰ ਕੇ ਸੂਬੇ ਦੀਆਂ ਆਰਥਿਕ ਮੰਗਾਂ ਉਠਾਈਆਂ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ 1984 ਦੇ ਸਿੱਖ ਕਤਲੇਆਮ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਤੇ ਸਿਆਸਤਦਾਨਾਂ ਤੇ ਅਧਿਕਾਰੀਆਂ ਦੀ ਭੂਮਿਕਾ ਬਾਰੇ ਪਤਾ ਲਾਉਣ ਲਈ ਜਾਂਚ ਕਮਿਸ਼ਨ ਕਾਇਮ ਕੀਤੇ ਜਾਣ ਦੀ ਮੰਗ ਕੀਤੀ ਹੈ। ਸ਼ ਬਾਦਲ ਨੇ ਸ੍ਰੀ ਮੋਦੀ ਨੂੰ ਪੰਜਾਬ ਤੇ ਸਿੱਖ ਭਾਈਚਾਰੇ ਨਾਲ ਸਬੰਧਤ ਮੰਗਾਂ ਬਾਰੇ ਪੱਤਰ ਵੀ ਸੌਂਪਿਆ। ਮੀਟਿੰਗ ਦੌਰਾਨ ਸ਼ ਬਾਦਲ ਨੇ ਹਰਿਆਣਾ ਸਰਕਾਰ ਵੱਲੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਖ਼ਤਰਨਾਕ ਕਰਾਰ ਦਿੱਤਾ। ਉਨ੍ਹਾਂ ਇਸ ਬਾਰੇ ਸੰਸਦ ਵਿਚ ਕਾਨੂੰਨ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਸਹਿਜਧਾਰੀ ਸਿੱਖਾਂ ਲਈ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵੋਟ ਦੇ ਅਧਿਕਾਰ ‘ਤੇ ਕੇਂਦਰ ਸਰਕਾਰ ਦਾ ਦਖ਼ਲ ਮੰਗਿਆ ਤੇ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਨ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਦਰਿਆਈ ਜਲ ਮੁੱਦਿਆਂ ਨੂੰ ਉਠਾਉਂਦਿਆਂ ਰਿਪੇਰੀਅਨ ਸਿਧਾਂਤ ‘ਤੇ ਅਮਲ ਉਪਰ ਜ਼ੋਰ ਦਿੱਤਾ।
ਸ਼ ਬਾਦਲ ਨੇ ਬੇਸ਼ੱਕ ਸ੍ਰੀ ਮੋਦੀ ਤੇ ਹੋਰ ਕੇਂਦਰੀ ਮੰਤਰੀਆਂ ਕੋਲ ਪੰਜਾਬ ਦੇ ਮੁੱਦੇ ਉਠਾ ਕੇ ਆਪਣੀ ਸੰਜੀਦਗੀ ਦਾ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਵਿਰੋਧੀ ਧਿਰਾਂ ਨੂੰ ਨਿਰਾ ਪਾਖੰਡ ਕਰਾਰ ਦੇ ਰਹੀਆਂ ਹਨ। ਸ਼ ਬਾਦਲ ਵੱਲੋਂ ਚੁੱਕੇ ਗਏ ਮਸਲਿਆਂ ਵਿਚੋਂ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪਾਣੀਆਂ ਦੀ ਵੰਡ, ਹਰਿਆਣਾ ਲਈ ਵੱਖਰੀ ਕਮੇਟੀ ਤੇ ਸਹਿਜਧਾਰੀਆਂ ਨੂੰ ਵੋਟ ਦਾ ਹੱਕ ਆਦਿ ‘ਤੇ ਭਾਜਪਾ ਦਾ ਨਜ਼ਰੀਆ ਵੱਖਰਾ ਹੈ। ਦਰਿਆਵਾਂ ਨੂੰ ਜੋੜਨ ਦਾ ਮੁੱਦਾ ਭਾਜਪਾ ਦੇ ਚੋਣ ਮੈਨੀਫੈਸਟੋ ਵਿਚ ਸ਼ਾਮਲ ਹੈ ਤੇ ਇਸ ਮਸਲੇ ‘ਤੇ ਅਕਾਲੀ ਦਲ ਤੇ ਭਾਈਵਾਲ ਪਾਰਟੀ ਦਾ ਸਟੈਂਡ ਵੱਖੋ-ਵੱਖ ਹੈ।
ਉਂਝ ਵੀ ਲੋਕ ਸਭਾ ਚੋਣਾਂ ਵਿਚ ਬਹੁਮਤ ਹਾਸਲ ਕਰਨ ਮਗਰੋਂ ਭਾਜਪਾ ਨੂੰ ਅਕਾਲੀ ਦਲ ਦੀ ਜ਼ਿਆਦੀ ਪਰਵਾਹ ਨਹੀਂ ਜਿਸ ਦੀ ਮਿਸਾਲ ਪੰਜਾਬ ਭਾਜਪਾ ਦੇ ਤੇਵਰਾਂ ਤੋਂ ਮਿਲਦੀ ਹੈ। ਪੰਜਾਬ ਭਾਜਪਾ ਨੇ ਪਹਿਲੀ ਵਾਰ ਵੱਡੇ ਭਾਈਵਾਲ ਅਕਾਲੀ ਦਲ ਖ਼ਿਲਾਫ਼ ਖੁੱਲ੍ਹ ਕੇ ਭੜਾਸ ਕੱਢੀ ਹੈ। ਭਾਜਪਾ ਦੇ ਲੀਡਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਦੇ ਮਾੜੇ ਅਕਸ ਕਾਰਨ ਪੰਜਾਬ ਵਿਚ ਮੋਦੀ ਦੀ ਲਹਿਰ ਨਹੀਂ ਚੱਲ ਸਕੀ। ਪੰਜਾਬ ਵਿਚ ਹਾਰ ਦੇ ਕਾਰਨ ਲੱਭਣ ਲਈ ਬਣਾਈ ਕਮੇਟੀ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਚੋਣਾਂ ਵਿਚ ਰੇਤਾ ਬੱਜਰੀ ਮਾਫੀਆ, ਡਰੱਗ ਮਾਫੀਆ, ਬੇਲੋੜੇ ਟੈਕਸ ਤੇ ਮਾੜੀ ਅਮਨ ਕਾਨੂੰਨ ਦੀ ਹਾਲਤ ਆਦਿ ਮੁੱਦੇ ਅਹਿਮ ਰਹੇ ਜਿਸ ਕਾਰਨ ਗੱਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਜਪਾ ਹੀ ਨਹੀਂ ਅਕਾਲੀ ਦਲ ਵਿਚ ਨੁੱਕਰੇ ਲੱਗੇ ਟਕਸਾਲੀ ਆਗੂਆਂ ਨੇ ਵੀ ਇਸ ਬਾਰੇ ਆਵਾਜ਼ ਬੁਲੰਦ ਕੀਤੀ ਹੈ। ਟਕਸਾਲੀ ਆਗੂਆਂ ਦਾ ਕਹਿਣਾ ਹੈ ਕਿ ਅਕਾਲੀ ਦਲ ਪੰਥਕ ਸਿਧਾਂਤਾਂ ਤੋਂ ਦੂਰ ਚਲਾ ਗਿਆ ਹੈ ਜਿਸ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਲੀਡਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ‘ਤੇ ਵੀ ਸਵਾਲ ਉਠਾਏ ਹਨ। ਪਾਰਟੀ ਅੰਦਰ ਧੁਖੀ ਅੱਗ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਬਾਦਲ ਨੇ ਹੁਣ ਖੁਦ ਕੋਸ਼ਿਸ਼ਾਂ ਵਿੱਢ ਦਿੱਤੀਆਂ ਹਨ। ਪਿਛਲੇ ਦਿਨੀਂ ਮੰਤਰੀ ਮੰਡਲ ਦਾ ਵਿਸਥਾਰ, ਨਸ਼ਿਆਂ ਖ਼ਿਲਾਫ਼ ਮੁਹਿੰਮ, ਅਫਸਰਾਂ ‘ਤੇ ਸ਼ਿਕੰਜਾ, ਪ੍ਰਧਾਨ ਮੰਤਰੀ ਤੇ ਹੋਰ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਇਸੇ ਕਵਾਇਦ ਦਾ ਹਿੱਸਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ 2017 ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਫਿਕਰਮੰਦ ਹੈ। ਇਸ ਵਾਰ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਬਰਾਬਰ ਵੋਟ ਪ੍ਰਤੀਸ਼ਤ ਹਾਸਲ ਕੀਤਾ ਹੈ। ਹਾਰ ਤੋਂ ਬਾਅਦ ਕਾਂਗਰਸ ਵੀ ਸਰਗਰਮ ਹੋ ਗਈ ਹੈ ਜਿਸ ਕਰ ਕੇ ਅਕਾਲੀ ਦਲ ਨੂੰ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ। ਇਹ ਵੀ ਸੱਚ ਹੈ ਕਿ ਭਾਜਪਾ ਦੇ ਸਾਥ ਬਿਨਾਂ ਅਕਾਲੀ ਦਲ ਇਨ੍ਹਾਂ ਚੁਣੌਤੀਆਂ ਨੂੰ ਸਰ ਨਹੀਂ ਕਰ ਸਕੇਗਾ ਤੇ ਭਾਜਪਾ ਆਪਣੀਆਂ ਗਿਣਤੀਆਂ-ਮਿਣਤੀਆਂ ਅਨੁਸਾਰ ਹੀ ਆਪਣਾ ਪੈਂਡਾ ਤੈਅ ਕਰੇਗਾ।

Be the first to comment

Leave a Reply

Your email address will not be published.