-ਪ੍ਰਿੰ ਸ਼ਮਸ਼ੇਰ ਸਿੰਘ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਸੰਸਾਰ ਦੀ ਧਰਮ ਚੇਤਨਾ ਵਿਚ ਇਕ ਅਲੌਕਿਕ ਕ੍ਰਿਸ਼ਮਾ ਪੈਦਾ ਹੋਇਆ। ਉਨ੍ਹਾਂ ਦਾ ਜੀਵਨ ਮਿਸ਼ਨ ਸਮੁਚੀ ਮਾਨਵਤਾ ਨੂੰ ਇਕ ਪਧਰ ਉਤੇ ਇਕਸਾਰਤਾ ਅਤੇ ਇਕਸੁਰਤਾ ਵਿਚ ਪਰੋਣਾ ਸੀ। ਆਖਣ ਵਿਚ ਇਹ ਸ਼ਬਦ ਇਕਸਾਰਤਾ ਅਤੇ ਇਕਸੁਰਤਾ ਬਹੁਤ ਸੌਖੇ ਅਤੇ ਸੰਖੇਪ ਜਾਪਦੇ ਹਨ, ਪ੍ਰੰਤੂ ਇਨ੍ਹਾਂ ਨੂੰ ਧਾਰਨ ਕਰਨ ਅਤੇ ਕਰਵਾਉਣ ਲਈ ਪਹਾੜ ਜਿਡੇ ਜਿਗਰੇ ਤੇ ਉਤਸ਼ਾਹ ਦੀ ਲੋੜ ਹੁੰਦੀ ਹੈ, ਫਿਰ ਅਜਿਹੇ ਸਮੇਂ ਜਦੋਂ ਸੰਸਾਰ ਵਿਚ ਹਰ ਪਾਸੇ ਪਾਪ ਅਤੇ ਜ਼ੁਲਮ ਦਾ ਬੋਲਬਾਲਾ ਹੋਵੇ। ਸਮਕਾਲੀ ਸਮਾਜ ਵਿਚ ਮਨੁਖ ਦੀਆਂ ਇਖਲਾਕੀ ਕਦਰਾਂ ਕੀਮਤਾਂ ਇਤਨੀਆਂ ਗਿਰ ਚੁਕੀਆਂ ਹੋਣ ਕਿ ਉਨ੍ਹਾਂ ਵਿਚੋਂ ਸ਼ਾਇਦ ਚੰਗਿਆਈ ਦੇ ਤਤ ਖਤਮ ਹੀ ਹੋ ਗਏ ਹੋਣ। ਪਾਪ ਕਰਨ ਵਾਲੇ ਜ਼ਾਲਮਾਂ ਦੀ ਜ਼ਮੀਰ ਇਤਨੀ ਮਰ ਚੁਕੀ ਸੀ ਕਿ ਉਨ੍ਹਾਂ ਨੂੰ ਅਪਰਾਧ ਕਰਨਾ ਬੁਰਾ ਨਹੀਂ ਸੀ ਲਗਦਾ, ਸਗੋਂ ਚੰਗਾ ਲਗਦਾ ਸੀ। ਬੁਰਾਈ ਤੋਂ ਘਿਰਣਾ ਹੋਣ ਦੀ ਥਾਂ ਉਹ ਬੁਰੇ ਕਰਮ ਦੀ ਚਾਹਤ ਰਖਣ ਵਾਲੇ ਬਣ ਗਏ ਸਨ। ਗੁਰਬਾਣੀ ਵਿਚ ਗੁਰੂ ਪਾਤਸ਼ਾਹ ਨੇ ਮਾਨਵ ਦੀ ਇਸ ਬਿਰਤੀ ਦਾ ਬਹੁਤ ਥਾਈਂ ਜ਼ਿਕਰ ਕੀਤਾ ਹੈ,
ਪਾਪੁ ਬੁਰਾ ਪਾਪੀ ਕਉ ਪਿਆਰਾ॥
ਪਾਪਿ ਲਦੇ ਪਾਪੇ ਪਾਸਾਰਾ॥
ਧਰਮ ਨਾਂ ਕਰਕੇ ਤਾਂ ਸੀ, ਪ੍ਰੰਤੂ ਧਰਮ ਦੀ ਸੂਝ ਤੋਂ ਮਾਨਵਤਾ ਸਖਣੀ ਹੋ ਚੁਕੀ ਸੀ। ਧਰਮ ਦੇ ਆਗੂਆਂ ਵਿਚ ਧਰਮ ਦੀ ਪ੍ਰਤੀਤੀ ਨਹੀਂ ਸੀ, ਇਸ ਲਈ ਪੂਜਾ ਵਿਅਰਥ ਸੀ। ਸੱਚ ਨਹੀਂ ਤਾਂ ਸੰਜਮ ਕਾਹਦਾ? ਜਤ ਨਹੀਂ ਤਾਂ ਜਨੇਊ ਦੇ ਕੀ ਅਰਥ? ਬਾਹਰਲੇ ਕਰਮ ਕਾਂਡਾਂ ਨਾਲ ਸੁਚ ਨਹੀਂ ਹੋ ਸਕਦੀ। ਅਜਿਹੀਆਂ ਫੋਕਟ ਪੂਜਾ ਵਿਧੀਆਂ ਦੀ ਉਨ੍ਹਾਂ ਨਿਰਭੈ ਹੋ ਕੇ ਵਿਰੋਧਤਾ ਕੀਤੀ। ਗੁਰੂ ਜੀ ਨੇ ਸਮੇਂ ਦੇ ਧਾਰਮਿਕ ਆਗੂਆਂ ਦੀ ਉਨ੍ਹਾਂ ਦੀਆਂ ਕਰਤੂਤਾਂ ਕਰਕੇ ਸਖਤ ਨਿਖੇਧੀ ਕੀਤੀ ਅਤੇ ਉਨ੍ਹਾਂ ਨੂੰ ਧਰਮ ਦੀ ਬਰਬਾਦੀ ਕਰਨ ਵਾਲੇ ਉਜਾੜੂ ਦਸਿਆ। ਗੁਰਦੇਵ ਜੀ ਦੇ ਸਮੇਂ ਬ੍ਰਾਹਮਣ, ਕਾਜ਼ੀ ਅਤੇ ਜੋਗੀ ਆਪਣੇ ਆਪਣੇ ਧਾਰਮਿਕ ਮਤਾਂ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਦਾ ਕਿਰਦਾਰ ਇਤਨਾ ਘਟੀਆ ਅਤੇ ਨਿੰਦਣਯੋਗ ਬਣ ਚੁਕਾ ਸੀ ਕਿ ਉਹ ਕਿਸੇ ਤਰ੍ਹਾਂ ਵੀ ਆਪਣੇ ਧਾਰਮਿਕ ਫਿਰਕਿਆਂ ਦੀ ਅਗਵਾਈ ਦੇ ਯੋਗ ਨਹੀਂ ਸਨ। ਹਜ਼ੂਰ ਦੇ ਆਪਣੇ ਸ਼ਬਦਾਂ ਵਿਚ ਉਨ੍ਹਾਂ ਦਾ ਇਖਲਾਕ ਇਉਂ ਬਿਆਨ ਹੈ,
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੂ॥
ਤੀਨੇ ਓਜਾੜੇ ਕਾ ਬੰਧੁ॥
ਕਾਜ਼ੀ ਇਸਲਾਮ ਧਰਮ ਵਿਚ ਨਿਆਂ ਕਰਨ ਵਾਲਾ ਅਧਿਕਾਰੀ ਹੁੰਦਾ ਸੀ। ਕਿਸੇ ਰਾਜਨੀਤਕ ਵਿਵਸਥਾ ਵਿਚ ਨਿਆਂ ਪ੍ਰਣਾਲੀ ਉਸ ਰਾਜ ਦਾ ਇਕ ਬਹੁਤ ਮਹਤਵਪੂਰਨ ਅੰਗ ਹੈ। ਨਿਆਂ ਦੀ ਪ੍ਰਾਪਤੀ ਨਾਲ ਲੋਕਾਈ ਵਿਚ ਰਾਜ ਦੇ ਮੁਖੀ ਪ੍ਰਤੀ ਵਿਸ਼ਵਾਸ ਦੀ ਭਾਵਨਾ ਉਪਜਦੀ ਹੈ, ਪ੍ਰੰਤੂ ਜਦੋਂ ਨਿਆਂ ਕਰਨ ਵਾਲੇ ਅਧਿਕਾਰੀ ਰਿਸ਼ਵਤੀ, ਦੰਭੀ ਅਤੇ ਝੂਠੇ ਬਣ ਕੇ ਨਿਆਂ ਦੀਆਂ ਧਜੀਆਂ ਉਡਾਉਂਦੇ ਹੋਣ ਤਾਂ ਪਰਜਾ ਦੀ ਮਾਨਸਿਕਤਾ ਨੂੰ ਸਮਝਣਾ ਕੋਈ ਕਠਿਨ ਨਹੀਂ ਹੁੰਦਾ।
ਹਿੰਦੂ ਵਰਣ ਵੰਡ ਵਿਚ ਬ੍ਰਾਹਮਣ ਨੇ ਸਭ ਤੋਂ ਉਚੀ ਪਦਵੀ ਉਪਰ ਆਪਣਾ ਅਧਿਕਾਰ ਰਖਿਆ ਹੋਇਆ ਸੀ। ਸਾਰੀਆਂ ਧਾਰਮਿਕ ਕਿਰਿਆਵਾਂ ਦਾ ਉਹ ਮੁਖੀਆ ਹੁੰਦਾ ਸੀ। ਵਿਦਿਆ ਪੜ੍ਹਾਉਣ ਦੀ ਜ਼ਿੰਮੇਵਾਰੀ ਵੀ ਉਸ ਦੀ ਸੀ। ਵਿਦਿਆ ਪ੍ਰਾਪਤੀ ਨੂੰ ਉਸ ਨੇ ਦੋ ਵਰਣਾਂ ਤਕ ਸੀਮਤ ਕੀਤਾ ਹੋਇਆ ਸੀ। ਵਿਦਿਆ ਦੇ ਪ੍ਰਕਾਸ਼ ਨਾਲ ਅਗਿਆਨਤਾ ਦੂਰ ਹੁੰਦੀ ਹੈ ਤੇ ਮਾਨਵ ਨੂੰ ਆਪਣੇ ਕਰਤਵਾਂ ਅਤੇ ਫਰਜ਼ਾਂ ਪ੍ਰਤੀ ਚੇਤਨਾ ਹਾਸਿਲ ਹੁੰਦੀ ਹੈ ਪਰ ਪੂਜਾ ਦਾ ਧਾਨ ਖਾਣ ਵਾਲੇ ਇਨ੍ਹਾਂ ਕਪਟੀਆਂ ਨੇ ਲੋਕਾਈ ਨੂੰ ਅਗਿਆਨ ਦੀ ਜ਼ਹਾਲਤ ਵਿਚ ਡੱਕੀ ਰੱਖਿਆ ਤੇ ਕਈ ਪੱਖਾਂ ਤੋਂ ਮਾਨਵ ਦੀ ਬੌਧਿਕ ਉਸਾਰੀ ਦੇ ਕਾਤਲ ਬਣੇ।
ਜੋਗੀ ਪਰਮਾਤਮਾ ਨਾਲ ਮਿਲਾਪ ਲਈ ਇਕਾਂਤਵਾਸ ਦਾ ਸਹਾਰਾ ਲੈਣ ਲਈ ਜੰਗਲਾਂ ਵਿਚ ਨਿਵਾਸ ਕਰਨ ਲਗੇ। ਉਨ੍ਹਾਂ ਲਈ ਸੰਸਾਰ ਦਾ ਤਿਆਗ ਪਹਿਲਾ ਪੜ੍ਹਾਅ ਸੀ। ਗੁਰੂ ਜੀ ਨੇ ਜੋਗੀਆਂ ਨੂੰ ਸਪਸ਼ਟ ਕੀਤਾ ਕਿ ਜੁਗਤੀ ਤੋਂ ਬਿਨਾਂ ਪ੍ਰਭੂ ਮਿਲਾਪ ਲਈ ਟੱਕਰਾਂ ਮਾਰਨੀਆਂ ਕੇਵਲ ਅਗਿਆਨ ਹੀ ਨਹੀਂ, ਸਗੋਂ ਮੂਰਖਤਾ ਵੀ ਹੈ। ਜਿਸ ਸਮਾਜ ਵਿਚ ਤੁਸੀਂ ਪੈਦਾ ਹੋਏ ਹੋ, ਉਸ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੋ ਸਕੇਗਾ। ਉਨ੍ਹਾਂ ਉਸ ਸਮੇਂ ਦੇ ਧਾਰਮਿਕ ਮੁਖੀਆਂ ਦੇ ਕਿਰਦਾਰ ਨੂੰ ਨੰਗਿਆਂ ਕਰਦਿਆਂ ਸਪਸ਼ਟ ਕੀਤਾ ਕਿ ਉਹ ਆਗੂ ਹੀ ਪਰਜਾ ਨੂੰ ਬਰਬਾਦ ਕਰ ਰਹੇ ਹਨ,
ਕੂੜੁ ਬੋਲਿ ਮੁਰਦਾਰੁ ਖਾਇ॥
ਅਵਰੀ ਨੇ ਸਮਝਾਵਣਿ ਜਾਇ॥
ਮੁਠਾ ਆਪਿ ਮੁਹਾਏ ਸਾਥੈ॥
ਨਾਨਕ ਐਸਾ ਆਗੂ ਜਾਪੇ॥
ਅਜਿਹੀ ਗਿਰਾਵਟ ਕੇਵਲ ਧਾਰਮਿਕ ਮਸਲਿਆਂ ਵਿਚ ਹੀ ਨਹੀਂ ਸੀ ਆਈ, ਸਗੋਂ ਰਾਜਨੀਤਕ, ਸਮਾਜਿਕ ਅਤੇ ਸਭਿਆਚਾਰਕ ਵਿਵਸਥਾ ਵੀ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁਕੀ ਸੀ। ਰਾਜਿਆਂ ਨੇ ਕਸਾਈਆਂ ਦਾ ਰੂਪ ਧਾਰਨ ਕਰ ਲਿਆ ਸੀ। ਉਹ ਸ਼ੀਹਾਂ ਦੀ ਤਰ੍ਹਾਂ ਪਰਜਾ ਦਾ ਘਾਤ ਕਰ ਰਹੇ ਸਨ। ਉਨ੍ਹਾਂ ਦੇ ਅਹਿਲਕਾਰਾਂ ਨੇ ਕੁਤਿਆਂ ਦੇ ਸੁਭਾਅ ਅਖਤਿਆਰ ਕਰ ਲਏ ਸਨ। ਇਸ ਤਰ੍ਹਾਂ ਰਾਜ ਦੇ ਮੁਖੀ ਆਪਣੀਆਂ ਦਰਬਾਰੀ ਜੁੰਡਲੀਆਂ ਸਮੇਤ ਲੋਕਾਂ ਦਾ ਲਹੂ ਪੀ ਰਹੇ ਸਨ। ਅਜਿਹੇ ਜਾਬਰਾਂ, ਲਹੂ ਪੀਣਿਆਂ ਦੇ ਮੂੰਹ ਉਤੇ ਗੁਰੂ ਬਾਬੇ ਨੇ ਨਿਡਰਤਾ ਨਾਲ ਆਖਿਆ,
ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥
ਰਤੁ ਪਿਤੁ ਕਿਤਹੋ ਚਟਿ ਜਾਹੁ॥
ਜਦੋਂ ਬਾਬਰ ਨੇ ਹਿੰਦ ਉਪਰ ਹਮਲਾ ਕੀਤਾ ਤਾਂ ਇਥੋਂ ਦੇ ਡਰਪੋਕ ਰਾਜਿਆਂ ਤੇ ਦਰਬਾਰੀਆਂ ਨੇ ਉਸ ਦਾ ਢੁਕਵਾਂ ਉਤਰ ਨਹੀਂ ਦਿਤਾ। ਹਿੰਦੂ ਜਾਤੀ ਦੀ ਵਰਣ ਵੰਡ ਦੇ ਸਿਟੇ ਵਜੋਂ ਦੇਸ਼ ਦੀ ਰਖਿਆ ਦੀ ਜ਼ਿੰਮੇਵਾਰੀ ਕੇਵਲ ਖਤਰੀਆਂ ਉਪਰ ਸੀ। ਜਦੋਂ ਕਿਸੇ ਸਮਾਜ, ਰਾਜ ਜਾਂ ਦੇਸ਼ ਦੀ ਸਮੁਚਤਾ ਵਿਚੋਂ ਕੇਵਲ ਇਕ ਵਰਗ ਨੇ ਟਾਕਰਾ ਕਰਨਾ ਹੋਵੇ ਤਾਂ ਜਿਤ ਦੀ ਆਸ ਕਰਨੀ ਮੂਰਖਤਾ ਹੈ। ਬਾਕੀ ਦੇ ਦੋ ਹਿੱਸੇ ਤਾਂ ਕਿਸੇ ਗਿਣਤੀ ਵਿਚ ਨਹੀਂ ਸਨ ਅਤੇ ਬ੍ਰਾਹਮਣਾਂ ਨੇ ਪੂਜਾ ਪਾਠ ਤੇ ਮਾਨਸਿਕ ਭੁਖ ਤੋਂ ਉਪਰ ਕਦੇ ਸੋਚਿਆ ਹੀ ਨਹੀਂ ਸੀ। ਇਸ ਲਈ ਬਾਬਰ ਦੀਆਂ ਫੌਜਾਂ ਨੇ ਰਤਨ ਵਰਗੇ ਖੂਬਸੂਰਤ ਦੇਸ਼ ਨੂੰ ਉਜਾੜ ਕੇ ਰਖ ਦਿਤਾ, ਪਰ ਇਨ੍ਹਾਂ ਕੁੱਤਿਆਂ ਦੀ ਗੈਰਤ ਅਤੇ ਅਣਖ ਮਾਨੋ ਮਰ ਹੀ ਚੁਕੀ ਸੀ। ਇਸ ਸ਼ਰਮਨਾਕ ਅਵਸਥਾ ਵਿਚ ਜੀਵਨ ਬਸਰ ਕਰਨਾ ਗੁਰੂ ਜੀ ਨੂੰ ਪ੍ਰਵਾਨ ਨਹੀਂ ਸੀ, ਇਸੇ ਲਈ ਉਨ੍ਹਾਂ ਅਜਿਹੇ ਸਮਾਜ ਦਾ ਨਿਰਮਾਣ ਕਰਨ ਦਾ ਬੀੜਾ ਚੁਕਿਆ, ਜਿਥੇ ਅਣਖ ਜਿੰਦਾ ਹੋਵੇ, ਗੈਰਤ ਦੇ ਕੁਝ ਅਰਥ ਹੋਣ, ਨਿਰਭੈਤਾ ਅਤੇ ਨਿਰਵੈਰਤਾ ਜਿਥੇ ਇਕਸੁਰ ਹੋਣ, ਜਿਥੇ ਕੋਈ ਮੁਖੀਆ ਦੂਸਰਿਆਂ ਦਾ ਸ਼ੋਸ਼ਣ ਨਾ ਕਰੇ। ਜੇ ਅਜਿਹਾ ਨਹੀਂ ਹੈ ਤਾਂ ਜੀਵਨ ਦਾ ਕੋਈ ਮਕਸਦ ਨਹੀਂ, ਉਦੇਸ਼ ਨਹੀਂ,
ਜੇ ਜੀਵੈ ਪਤਿ ਲਥੀ ਜਾਇ॥
ਸਭ ਹਰਾਮੁ ਜੇਤਾ ਕਿਛੁ ਖਾਇ॥
ਸਮਾਜਿਕ ਪਧਰ ਉਤੇ ਵੀ ਉਸ ਸਮੇਂ ਬਹੁਤ ਲ਼ੁਟ ਖਸੁਟ ਸੀ, ਸ਼ਕਤੀਸ਼ਾਲੀ ਵਿਅਕਤੀ ਕਮਜ਼ੋਰਾਂ ਲਈ ਹਊਆ ਬਣਿਆ ਰਹਿੰਦਾ। ਜਰਵਾਣਾ ਸਦਾ ਹੀ ਕਮਜ਼ੋਰ ਨੂੰ ਆਪਣੀ ਖੇਤੀ ਸਮਝਦਾ ਆਇਆ ਹੈ। ਮਾੜੇ ਦੇ ਹੱਕ ਨੂੰ ਦਬਾਉਣਾ ਉਸ ਦੀ ਸ਼ਾਨ ਦਾ ਇਕ ਹਿੱਸਾ ਬਣ ਗਿਆ ਸੀ। ਗੁਰੂ ਜੀ ਨੇ ਜਰਵਾਣੇ ਦੀ ਇਸ ਕੁਬੁਧ ਬਿਰਤੀ ਨੂੰ ਠੱਲ ਪਾਉਣ ਲਈ ਸਪਸ਼ਟ ਕੀਤਾ,
ਹਕੁ ਪਰਾਇਆ ਨਾਨਕਾ
ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ
ਜਾ ਮੁਰਦਾਰੁ ਨਾ ਖਾਇ॥
ਸਮਾਜ ਨੂੰ ਜਾਤੀ ਵੰੰਡ ਨੇ ਸਾਹ ਸਤ ਹੀਣ ਕੀਤਾ ਹੋਇਆ ਸੀ। ਅਖੌਤੀ ਉਚੀਆਂ ਜਾਤਾਂ ਵਾਲੇ ਨੀਵੀਆਂ ਜਾਤਾਂ ਵਾਲੇ ਪ੍ਰਾਣੀਆਂ ਨੂੰ ਘਟੀਆ ਹੀ ਨਹੀਂ ਸਨ ਸਮਝਦੇ, ਸਗੋਂ ਘਿਰਣਾ ਅਤੇ ਨਫਰਤ ਵੀ ਕਰਦੇ ਸਨ। ਉਨ੍ਹਾਂ ਨੂੰ ਧਾਰਮਿਕ ਪੁਸਤਕਾਂ ਪੜ੍ਹਨ ਦਾ ਅਧਿਕਾਰ ਨਹੀਂ ਸੀ। ਉਹ ਮੰਦਰਾਂ ਵਿਚ ਪੂਜਾ ਨਹੀਂ ਸਨ ਕਰ ਸਕਦੇ। ਅਖੌਤੀ ਉਚ ਜਾਤੀਆਂ ਦੇ ਖੂਹਾਂ ਤੋਂ ਪਾਣੀ ਨਹੀਂ ਸਨ ਭਰ ਸਕਦੇ। ਗੁਰੂ ਜੀ ਨੇ ਅਜਿਹੀ ਵਰਗ ਵੰਡ ਨੂੰ ਮੂਲੋਂ ਹੀ ਰਦ ਕਰ ਦਿਤਾ ਅਤੇ ਜਾਤੀ ਅਭਿਮਾਨ ਨੂੰ ਫਜ਼ੂਲ ਦੀ ਬਕਵਾਸ ਦਾ ਨਾਂ ਦਿਤਾ। ਉਨ੍ਹਾਂ ਅਨੁਸਾਰ ਸਭ ਪ੍ਰਾਣੀ ਮਾਤਰ ਇਕ ਅਕਾਲ ਪੁਰਖ ਦੀ ਰਚਨਾ ਹਨ ਤੇ ਉਨ੍ਹਾਂ ਦੇ ਅਧਿਕਾਰ ਬਰਾਬਰ ਹਨ। ਉਨ੍ਹਾਂ ‘ਫਕੜ ਜਾਤੀ ਫਕੜੂ ਨਾਉ॥ ਸਭਨਾ ਜੀਆ ਇਕਾ ਛਾਉ॥’ ਆਖ ਕੇ ਜਾਤੀ ਅਭਿਮਾਨ ਦੇ ਖੋਖਲੇ ਭਰਮ ਗੜ੍ਹ ਨੂੰ ਤੋੜ ਦਿਤਾ। ਉਨ੍ਹਾਂ ਆਪਣੇ ਆਪ ਨੂੰ ਉਨ੍ਹਾਂ ਨੀਚ ਕਹੇ ਜਾਣ ਵਾਲਿਆਂ ਵਿਚ ਸ਼ਾਮਲ ਕਰਕੇ ਉਨ੍ਹਾਂ ਦੀ ਸਕਤੀ ਸੰਭਾਵਨਾ ਨੂੰ ਉਜਾਗਰ ਕੀਤਾ ਅਤੇ ਸਪਸ਼ਟ ਕੀਤਾ ਕਿ ਜਿਥੇ ਨੀਵਿਆਂ ਦੀ ਸੰਭਾਲ ਹੁੰਦੀ ਹੈ ਉਥੇ ਪ੍ਰਭੂ ਦੀ ਮੇਹਰ ਦੀ ਨਜ਼ਰ ਹੁੰਦੀ ਹੈ,
ਨੀਚਾ ਅੰੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ
ਤਿਥੈ ਨਦਰਿ ਤੇਰੀ ਬਖਸੀਸ॥
ਸਮਾਜਿਕ ਜੀਵਨ ਦੀ ਨੀਂਹ, ਗ੍ਰਹਿਸਥੀ ਜੀਵਨ ਵਿਚ ਪਤੀ-ਪਤਨੀ ਦਾ ਪਿਆਰ ਜੋ ਬੇਲਾਗ ਤੇ ਨਿਸਚੇਮਈ ਹੁੰਦਾ ਹੈ ਤੇ ਜੋ ਸਮਾਜ ਦੀ ਮੁਢਲੀ ਇਕਾਈ ਪਰਿਵਾਰ ਨੂੰ ਸਦਾ ਪ੍ਰਭਾਵਿਤ ਕਰਦਾ ਹੈ, ਵਿਚ ਵੀ ਇਖਲਾਕੀ ਕਦਰਾਂ ਕੀਮਤਾਂ ਵਿਚ ਅਣਕਿਆਸੀ ਗਿਰਾਵਟ ਆ ਚੁਕੀ ਸੀ। ਇਸ ਭਾਵਨਾਤਮਕ ਰਿਸ਼ਤੇ ਵਿਚ ਵੀ ਖੱਟੀ ਕਮਾਈ ਨੂੰ ਪਹਿਲ ਪ੍ਰਾਪਤ ਹੋ ਚੁਕੀ ਸੀ, ਜੇ ਖੱਟੀ ਨਹੀਂ ਤਾਂ ਭਾਵੇਂ ਕਿਥੇ ਕੋਈ ਪਿਆ ਜਾਵੇ, ਆਵੇ, ਕੋਈ ਪੁਛਦਾ ਨਹੀਂ ਸੀ,
ਇਸਤਰੀ ਪੁਰਖੈ ਖਟਿਐ ਭਾਉ॥
ਭਾਵੈ ਆਵਉ ਭਾਵੈ ਜਾਉ॥
ਇਸ ਪਹੁੰਚ ਨੂੰ ਖਤਮ ਕਰਨ ਲਈ ਗੁਰਦੇਵ ਨੇ ਪਤੀ-ਪਤਨੀ ਦੇ ਪ੍ਰੇਮ ਨੂੰ ਪ੍ਰਭੂ ਪਰਾਇਣ ਕਰਦਿਆਂ ਸਪਸ਼ਟ ਕੀਤਾ ਕਿ ਜੇ ਇਸਤਰੀ ਵਿਚ ਪਤੀ ਦਾ ਬਹੁਤ ਪ੍ਰੇਮ ਹੋਵੇ ਤਾਂ ਦਿਆਲੂ ਪਤੀ ਖੁਸ਼ ਹੋ ਕੇ ਪਿਆਰ ਦਿੰਦਾ ਹੈ। ਫਿਰ ਪ੍ਰਭੂ ਪਤੀ ਆਪ ਕਿਰਪਾ ਕਰਦਾ ਹੈ ਤੇ ਇਸਤਰੀ ਦਾ ਪਤੀ ਨਾਲ ਮੇਲ ਹੁੰਦਾ ਹੈ। ਪਤੀ ਨਾਲ ਮਿਲ ਕੇ ਸੇਜ ਸੋਹਣੀ ਲਗਦੀ ਹੈ ਤੇ ਇਸਤਰੀ ਦੇ ਸੱਤੇ ਸ੍ਰੋਤ ਅੰਮ੍ਰਿਤ ਨਾਲ ਭਰ ਜਾਂਦੇ ਹਨ,
ਧਨ ਪਿਰ ਨੇਹੁ ਘਣਾ ਰਸਿ
ਪ੍ਰੀਤਿ ਦਇਆਲਾ ਰਾਮ॥
ਧਨ ਪਿਰਹਿ ਮੇਲਾ ਹੋਇ ਸੁਆਮੀ
ਆਪਿ ਪ੍ਰਭੂ ਕਿਰਪਾ ਕਰੇ॥
ਸੇਜਾ ਸੁਹਾਵੀ ਸੰਗਿ ਪਿਰ ਕੈ
ਸਾਤ ਸਰ ਅੰਮ੍ਰਿਤ ਭਰੇ॥
ਗੁਰੂ ਨਾਨਕ ਦੇਵ ਜੀ ਦੇ ਸਮੇਂ ਸਭਿਆਚਾਰ ਦੀ ਅਧੋਗਤੀ ਸਿਖਰਾਂ ਛੁਹ ਰਹੀ ਸੀ। ਧਰਮ ਪ੍ਰਤੀ ਉਨ੍ਹਾਂ ਦਾ ਵਿਸ਼ਵਾਸ ਅਤੇ ਦ੍ਰਿੜ੍ਹਤਾ ਜਿਥੇ ਡਾਵਾਂਡੋਲ ਸਥਿਤੀ ਵਿਚ ਸੀ, ਉਥੇ ਲਿਬਾਸ ਅਤੇ ਖੁਰਾਕ ਵੀ ਉਨ੍ਹਾਂ ਦੀ ਆਪਣੀ ਨਹੀਂ ਸੀ। ਮਲੇਛਾਂ ਦਾ ਧਾਨ ਖਾਣ ਲਈ ਕਈ ਤਰ੍ਹਾਂ ਦੇ ਪਾਪੜ ਵੇਲੇ ਜਾਂਦੇ ਸਨ। ਹਾਲਤ ਇਹ ਸੀ ਲੋਕ ਅੰੰਦਰੀਂ ਲੁਕ ਛਿਪ ਕੇ ਪੂਜਾ ਕਰਦੇ ਸਨ, ਪ੍ਰੰਤੂ ਡਰਦੇ ਮਾਰੇ ਦਿਖਾਵਾ ਮੁਸਲਮਾਨੀ ਪੁਸਤਕਾਂ ਪੜ੍ਹਨ ਦਾ ਕਰਦੇ ਸਨ ਤੇ ਰਹਿਣੀ ਬਹਿਣੀ ਵੀ ਉਨ੍ਹਾਂ ਵਾਲੀ ਹੀ ਰਖਣ ਦੇ ਆਦੀ ਹੋ ਗਏ ਸਨ,
ਅੰੰਤਰਿ ਪੂਜਾ ਪੜ੍ਹਹਿ ਕਤੇਬਾ
ਸੰਜਮੁ ਤੁਰਕਾ ਭਾਈ॥
ਇਥੇ ਹੀ ਬਸ ਨਹੀਂ, ਸਭਿਆਚਾਰ ਦਾ ਮਹਤਵਪੂਰਨ ਤਤ ਮਾਂ ਬੋਲੀ ਨੂੰ ਤਿਆਗ ਕੇ ਇਨ੍ਹਾਂ ਅਖੌਤੀ ਆਗੂਆਂ ਨੇ ਸਭ ਤੋਂ ਵਡੀ ਅਵਗਿਆ ਕੀਤੀ ਅਤੇ ਆਪਣੇ ਦਿਵਾਲੀਏਪਨ ਦਾ ਸਬੂਤ ਦਿਤਾ। ਛਤਰੀ ਲੋਕਾਂ ਦਾ ਫਰਜ਼ ਸੀ ਕਿ ਆਪਣੇ ਦੇਸ਼ ਦੇ ਧਰਮ-ਕਰਮ ਅਤੇ ਬੋਲੀ ਨੂੰ ਬਚਾ ਕੇ ਰਖਦੇ, ਪ੍ਰੰਤੂ ਅਜਿਹਾ ਕਰਨ ਦੀ ਥਾਂ ਉਨ੍ਹਾਂ ਗੁਲਾਮੀ ਵਾਲੀ ਬਿਰਤੀ ਨੂੰ ਪਹਿਲ ਦਿਤੀ,
(A) ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ।
(ਅ) ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਲਗਾਤਾਰ ਵਿਸ਼ਵ ਦਾ ਭਰਮਣ ਯਾਨਿ ਉਦਾਸੀਆਂ ਕਰਕੇ ਥਾਂ ਪਰ ਥਾਂ ਸੰਗਤਾਂ ਦੀ ਸਥਾਪਨਾ ਕੀਤੀ। ਆਮ ਜਨ ਸਾਧਾਰਨ ਨੂੰ ਨਾਮ ਦਾਨ ਇਸ਼ਨਾਨ ਦ੍ਰਿੜ੍ਹ ਕਰਵਾ ਕੇ ‘ਘਾਲਿ ਖਾਇ ਕਿਛੁ ਹਥਹੁ ਦੇਇ’ ਦਾ ਉਪਦੇਸ਼ ਦਿਤਾ। ਜ਼ਬਰ ਦਾ ਟਾਕਰਾ ਸਬਰ ਨਾਲ ਕਰਨ ਦੇ ਨਾਲ ਨਾਲ ਹਲੇਮੀ ਰਾਜ ਦੇ ਆਦਰਸ਼ ਦੀ ਸਥਾਪਤੀ ਲਈ ਚੇਤੰਨ ਕੀਤਾ ਤੇ ‘ਰਾਜੇ ਸੀਹ ਮੁਕਦਮ ਕੁਤੇ’ ਦੇ ਅਤਿਆਚਾਰਾਂ ਦਾ ਅੰੰਤ ਕਰਨ ਲਈ ਲੋਕਾਈ ਨੂੰ ਜਥੇਬੰਦ ਕਰਕੇ ਇਕ ਕੌਮ ਵਜੋਂ ਉਭਾਰਿਆ। ਡਾæ ਮੁਹੰਮਦ ਇਕਬਾਲ ਦੇ ‘ਬਾਂਗਿ ਦਰਾ’ ਵਿਚ ਲਿਖੇ ਇਹ ਬੋਲ ਇਸ ਪ੍ਰਸੰਗ ਵਿਚ ਸਹੀ ਹਨ,
ਫਿਰ ਉਠੀ ਆਖਰਿ ਸਦਾ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦੇ ਕਾਮਿਲ ਨੇ ਜਗਾਯਾ ਖਾਬ ਸੇ।
ਇਹ ਅਟਲ ਸੱਚਾਈ ਹੈ ਕਿ ਇਤਿਹਾਸ ਦੇ ਉਸ ਸੰਕਟ ਕਾਲ ਵਿਚ ਗੁਰੂ ਜੀ ਨੇ ਸੋਚ ਤੇ ਸੰਵੇਦਨਾ, ਸੱਚ ਤੇ ਸਚਿਆਰ, ਹਕ ਤੇ ਇਨਸਾਫ, ਪਤਿ ਤੇ ਪੂਜਾ ਅਤੇ ਸੱਚ ਤੇ ਸੁਹਜ ਦਾ ਵਿਲਖਣ ਜੀਵਨ ਲਕਸ਼ ਪੇਸ਼ ਕਰਕੇ ਜਗਤ ਜਲੰਦੇ ਨੂੰ ਠਾਰਿਆ।
ਅਫਸੋਸ ਇਸ ਗੱਲ ਦਾ ਹੈ ਕਿ ਅੱਜ ਸਿੱਖ ਕੌਮ ਭੁੱਲੜ ਹੋਈ ਪਈ ਹੈ। ਜਿਹੜੀਆਂ ਗੱਲਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਸੀ, ਅਸੀਂ ਉਹੀ ਸਭ ਕੁਝ ਕਰ ਰਹੇ ਹਾਂ। ਗੁਰਦੁਆਰੇ ਹਉਮੈ ਨੂੰ ਖਤਮ ਕਰਨ ਦੀ ਥਾਂ ਹੋਣ ਦੀ ਥਾਂ ਹਉਮੈ ਨੂੰ ਪੱਠੇ ਪਾਉਣ ਵਾਲੀ ਥਾਂ ਬਣ ਗਏ ਹਨ। ਇਸੇ ਕਰਕੇ ਗੁਰੂ ਘਰਾਂ ਵਿਚ ਲੜਾਈਆਂ ਹੁੰਦੀਆਂ ਹਨ, ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਸਿੱਖ ਇਕ ਦੂਜੇ ਨਾਲ ਹੱਥੋਪਾਈ ਹੁੰਦੇ ਹਨ ਅਤੇ ਗਾਲੀ-ਗਲੋਚ ‘ਤੇ ਉਤਰਦੇ ਹਨ। ਸਿੱਖ ਪੰਥ ਗੁਰੂ ਨਾਨਕ ਦੇਵ ਜੀ ਦਾ 543ਵਾਂ ਜਨਮ ਦਿਹਾੜਾ ਮਨਾ ਰਿਹਾ ਹੈ। ਗੁਰੂ ਸਾਹਿਬ ਦੇ ਦੱਸੇ ਮਾਰਗ ਉਤੇ ਚੱਲਣਾ ਹੀ ਉਨ੍ਹਾਂ ਪ੍ਰਤੀ ਸਹੀ ਸ਼ਰਧਾ ਹੋਵੇਗੀ।
Leave a Reply