ਗੁਰ ਪ੍ਰਸਾਦਿ

ਪ੍ਰੋæ ਹਰਪਾਲ ਸਿੰਘ ਦੇ ਲੇਖ ‘ਗੁਰ ਪ੍ਰਸਾਦਿ’ ਵਿਚ ਮਨੁੱਖ ਦੇ ਮੂਲ ਬਾਰੇ ਗੱਲ ਕੀਤੀ ਗਈ ਹੈ। ਇਸ ਲੇਖ ਵਿਚ ਪ੍ਰਵਚਨ ਵਰਗੀ ਲੈਅ ਹੈ। ਪਤਾਸਿਆਂ ਵਰਗੇ ਨਿੱਕੇ-ਨਿੱਕੇ ਵਾਕਾਂ ਵਿਚ ਜ਼ਿੰਦਗੀ ਦਾ ਨਿਰਵੈਰ ਤੇ ਨਿਰਭੈ ਸੁਨੇਹਾ ਤੇ ਸੱਚ ਗੁੰਦਿਆ ਹੋਇਆ ਹੈ। ਇਸ ਸੁਨੇਹੇ ਵਿਚ ਕੋਈ ਜ਼ੋਰ-ਜ਼ਬਰਦਸਤੀ ਨਹੀਂ, ਨਿਰਾ ਸਹਿਜ ਹੈ। ਸਹਿਜ ਹੋਇਆ ਬੰਦਾ ਅੰਬਰਾਂ ਵਿਚ ਕਿਤੇ ਉਚੀ ਉਡਾਰੀ ਭਰ ਸਕਦਾ ਹੈ। -ਸੰਪਾਦਕ

ਪ੍ਰੋæ ਹਰਪਾਲ ਸਿੰਘ
ਫੋਨ: 916-236-8830
ਕਿਉਂ ਚਾਹੀਦੀ ਹੈ ਗੁਰੂ ਦੀ ਕ੍ਰਿਪਾ? ਕੀ ਮਨੁੱਖ ਦੀ ਆਪਣੀ ਮਿਹਨਤ ਹੀ ਕਾਫੀ ਨਹੀਂ? ਜੇ ਪਰਮਾਤਮਾ ਦਾ ਵਰਤਾਰਾ ਹਰ ਪਾਸੇ ਹੈ, ਤਾਂ ਮੈਂ ਸਿੱਧਾ ਉਸ ਨੂੰ ਕਿਉਂ ਨਹੀਂ ਪਾ ਸਕਦਾ? ਗੁਰੂ ਨੂੰ ਵਿਚਕਾਰ ਲਿਆਉਣ ਦੀ ਕੀ ਲੋੜ ਹੈ? ਕ੍ਰਿਸ਼ਨਾਮੂਰਤੀ ਦਾ ਵਿਚਾਰ ਹੈ ਕਿ ਗੁਰੂ ਦੀ ਕੋਈ ਲੋੜ ਨਹੀਂ; ਮੈਂ ਵੀ ਉਸ ਦੀ ਕ੍ਰਿਤ ਹਾਂ, ਗੁਰੂ ਵੀ ਉਸ ਤੋਂ ਪੈਦਾ ਹੋਇਆ ਹੈ; ਫਿਰ ਗੁਰੂ ਨੂੰ ਵਿਚਕਾਰ ਕਿਉਂ ਖੜ੍ਹਾ ਕੀਤਾ ਜਾਵੇ? ਤੁਹਾਡੀ ਬੁੱਧੀ ਨੂੰ ਇਹ ਗੱਲ ਠੀਕ ਲਗਦੀ ਹੈ। ਤੁਹਾਡਾ ਤਰਕ, ਤੁਹਾਡੀ ਦਲੀਲ ਤੇ ਨੁਕਤਾ-ਨਿਗ੍ਹਾ ਸਭ ਤੋਂ ਵੱਡੀ ਉਲਝਣ ਹੈ। ਤੁਹਾਡਾ ਤਰਕ ਤੁਹਾਡੇ ਹੰਕਾਰ ਦਾ ਅਰੰਭ ਹੈ। ਹਾਂ, ਗੁਰੂ ਦੀ ਕੋਈ ਲੋੜ ਨਹੀਂ ਜੇ ਤੁਸੀਂ ਆਪਣਾ ਹੰਕਾਰ ਮਿਟਾਉਣ ਵਿਚ ਆਪ ਹੀ ਸਮਰੱਥ ਹੋ ਜਾਓ; ਪਰ ਹੋਵੋਗੇ ਕਿਵੇਂ? ਆਪਣਾ ਹੰਕਾਰ ਮਿਟਾਉਣਾ ਉਨਾ ਹੀ ਔਖਾ ਹੈ ਜਿੰਨਾ ਪਾਣੀ ਵਿਚੋਂ ਮੱਖਣ ਦੀ ਆਸ ਕਰਨੀ। ਜਿਵੇਂ ਕੁੱਤਾ ਆਪਣੀ ਪੂਛ ਆਪ ਫੜਨ ਦਾ ਯਤਨ ਕਰੇ। ਆਪਣਾ ਹੰਕਾਰ ਮਿਟਾਉਣ ਲਈ ਗੁਰੂ ਕੋਲ ਤਾਂ ਜਾਣਾ ਹੀ ਪਵੇਗਾ।
ਇਕ ਹੋਰ ਉਲਝਣ ਵੀ ਹੈ। ਜੇ ਤੁਸੀਂ ਆਪਣਾ ਹੰਕਾਰ ਮਿਟਾਉਣ ਵਿਚ ਸਫਲ ਵੀ ਹੋ ਜਾਓ ਤਾਂ ਇਕ ਹੋਰ ਨਵਾਂ ਹੰਕਾਰ ਪੈਦਾ ਹੋ ਜਾਵੇਗਾæææਮੈਂ ਹੰਕਾਰ ਨੂੰ ਮਾਰ ਦਿੱਤਾ। ਸੋ, ਹੰਕਾਰ ਅਜੇ ਵੀ ਹੈ ਕਿ ‘ਮੈਂ’ ਹੰਕਾਰ ਨੂੰ ਮਾਰ ਦਿੱਤਾ ਹੈ। ਇਹ ‘ਮੈਂ’ ਹੀ ਆਦਿ ਹੈ, ਪਰ ਇਸ ਦਾ ਅੰਤ ਕਿਧਰੇ ਵੀ ਨਹੀਂ। ਕੱਲ੍ਹ ਤੁਸੀਂ ਕਹਿ ਰਹੇ ਸੀ, ਮੇਰੇ ਵਰਗਾ ਬਲਵਾਨ ਕੋਈ ਨਹੀਂ; ਅੱਜ ਤੁਸੀਂ ਕਹਿ ਰਹੇ ਹੋ, ਮੇਰੇ ਵਰਗਾ ਨਿਰਬਲ ਕੋਈ ਨਹੀਂ। ਇਸ ਲਈ ਹੰਕਾਰ ਤਾਂ ਦੋਹਾਂ ਗੱਲਾਂ ਵਿਚ ਹੈ। ਰੱਸੀ ਸੜ ਗਈ, ਪਰ ਵੱਟ ਨਾ ਗਿਆ। ਤੁਹਾਡੀ ਆਕੜ ਹੀ ਤੁਹਾਡਾ ਵਿਘਨ ਹੈ। ਤੁਹਾਡੀਆਂ ਅੱਖਾਂ ਵਿਚ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਕੰਕਰ ਪਏ ਹੋਏ ਹਨ। ਮਾਇਆ ਦਾ ਜਾਲ ਹੈ। ਤੁਸੀਂ ਮੱਕੜੀ ਵਾਂਗ ਉਸ ਵਿਚ ਫਸੇ ਹੋਏ ਹੋ।
ਕਰਮੁ ਨਾ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ॥
ਤੁਸੀਂ ਕੁਝ ਵੀ ਕਰੋ, ਅੰਦਰ ਹੰਕਾਰ ਦੀ ਸੂਈ ਚਲਦੀ ਰਹਿੰਦੀ ਹੈ-ਮੈਂ ਗਿਆਨੀ ਹਾਂ, ਮੈਂ ਸੰਤ ਹਾਂ, ਦਾਤਾ ਹਾਂ। ਮੈਂ ਧਿਆਨ ਕੀਤਾ, ਪੂਜਾ ਕੀਤੀ, ਮਾਲਾ ਫੇਰੀ। ਮੈਂ ਤੀਰਥਾਂ ਦਾ ਰਟਨ ਕੀਤਾ। ਇਉਂ ਤੁਹਾਡੀ ‘ਮੈਂ’ ਤੁਹਾਨੂੰ ਹਰ ਪਾਸਿਉਂ ਘੇਰੀ ਰੱਖਦੀ ਹੈ। ਛੁਟਕਾਰਾ ਕਿਵੇਂ ਪਾਉਗੇ ਆਪਣੀ ‘ਮੈਂ’ ਤੋਂ? ਜਾਤੀ ਹੰਕਾਰ, ਕਰਮ ਕਾਂਡਾਂ ਦੀ ਵਿਸ਼ੈਲੀ ਜਕੜ ਤੋਂ ਤੁਸੀਂ ਛੁਟਕਾਰਾ ਨਹੀਂ ਪਾ ਸਕਦੇ। ਈਰਖਾ, ਦੁਸ਼ਮਣੀ ਦੀ ਮਲੀਨ ਭਾਵਨਾ ਤੁਹਾਡੇ ਅੰਦਰ ਘਰ ਕਰ ਗਈ ਹੈ। ‘ਮੇਰਾ’ ਪਰਮਾਤਮਾ ਸ੍ਰੇਸ਼ਟ ਹੈ, ਦੂਜੇ ਦਾ ਹੀਣਾ। ਨਾਨਕ ਬਾਣੀ ਤੋਂ ਮੂੰਹ ਮੋੜੀ ਬੈਠੇ ਹੋ।
ਏਕ ਦਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ॥
ਨਫਰਤ ਧਾਰਮਿਕ ਹੋਵੇ ਜਾਂ ਸਮਾਜੀ, ਸ਼ਹਿਨਸ਼ੀਲਤਾ ਦੀ ਦੁਸ਼ਮਣ ਹੈ। ਸਦਾਚਾਰੀ ਮਨੁੱਖ ਉਹ ਨਹੀਂ ਜਿਸ ਨੂੰ ਸਦਾਚਾਰ ਦੀ ਜਾਣਕਾਰੀ ਹੈ; ਸਦਾਚਾਰੀ ਉਹ ਹੁੰਦਾ ਹੈ ਜੋ ਨਿਰਵੈਰ ਹੈ, ਨਿਰਭੈਅ ਹੈ, ਅਕਾਲ ਮੂਰਿਤ ਹੈ।
ਤੁਹਾਨੂੰ ਜੋ ਕੁਝ ਮਿਲ ਰਿਹਾ ਹੈ, ਮੁਫਤ ਮਿਲ ਰਿਹਾ ਹੈ। ਹਵਾ, ਪਾਣੀ, ਧਰਤ ਤੇ ਆਕਾਸ਼। ਤੁਹਾਨੂੰ ਪਰਮਾਤਮਾ ਵੀ ਮੁਫਤ ਮਿਲ ਰਿਹਾ ਹੈ। ਤੁਹਾਡੀ ਕੋਈ ਆਪਣੀ ਕੋਸ਼ਿਸ਼ ਨਹੀਂ, ਤੁਹਾਡਾ ਆਪਣਾ ਕੋਈ ਤਰੱਦਦ ਨਹੀਂ; ਇਸ ਲਈ ਤੁਹਾਨੂੰ ਉਸ ਦੀ ਕੋਈ ਚਿੰਤਾ ਵੀ ਨਹੀਂ। ਤੁਹਾਡਾ ਪਰਮਾਤਮਾ ਮਹਾਨ ਹੈ। ਉਸ ਨੂੰ ਪਾਉਣਾ ਹੈ ਤਾਂ ਫੁੱਲ ਚੜ੍ਹਾ ਦਿਓ, ਦੀਵੇ ਜਗਾ ਦਿਓ, ਜੋਤਾਂ ਜਗਾ ਦਿਓ, ਮੱਥੇ ਟੇਕ ਲਵੋ; ਪਰ ਤੁਸੀਂ ਤਾਂ ਜਿਹੋ ਜਿਹੇ ਸੀ, ਉਹੋ ਜਿਹੇ ਹੀ ਹੋ। ਕੀ ਫਰਕ ਪਿਆ? ਤੁਸੀਂ ਹਨੇਰੇ ਦੀ ਓਟ ਲਈ ਬੈਠੇ ਹੋ। ਚਾਨਣ ਤੁਹਾਥੋਂ ਕੋਹਾਂ ਦੂਰ ਹੈ। ਤੁਹਾਡੀ ਪੂਜਾ ਵੀ ਝੂਠੀ, ਅਰਚਨਾ ਵੀ ਝੂਠੀ।
ਅਸੀਂ ਭਗਤ ਹਾਂ ਤੁਹਾਡੇ। ਤੁਹਾਡੀ ਪੂਜਾ ਕਰਾਂਗੇ। ਤੁਹਾਨੂੰ ਭਗਵਾਨ ਕਹਾਂਗੇ, ਸੰਤ ਕਹਾਂਗੇ, ਸਿੱਧ ਪੁਰਖ ਕਹਾਂਗੇ, ਪਰ ਤੁਸੀਂ ਸਾਨੂੰ ‘ਅਸੀਂ’ ਰਹਿਣ ਦਿਓ। ਤੁਹਾਡਾ ਵਾਸਾ ਮੰਦਰ ਵਿਚ ਹੈ, ਚਰਚ ਵਿਚ ਹੈ, ਗੁਰਦੁਆਰੇ ਜਾਂ ਮਸਜਿਦ ਵਿਚ ਹੈ, ਬੱਸ ਇਥੇ ਹੀ ਰਹੋ। ਜਦ ਕਦੀ ਲੋੜ ਪਈ, ਤੁਹਾਡੇ ਦਰ ‘ਤੇ ਮੰਗਤੇ ਬਣ ਕੇ ਆ ਜਾਵਾਂਗੇ, ਪਰ ਅਸੀਂ ਤੁਹਾਡੇ ਕਾਰਨ ਬਦਲਾਂਗੇ ਨਹੀਂ। ਨਾਨਕ, ਈਸਾ, ਬੁੱਧ ਉਸ ਜਗਤ ਦੀ ਖਬਰ ਲਿਆਏ ਪਰ ਅਸੀਂ ਉਨ੍ਹਾਂ ਨੂੰ ਪੂਜਨੀਕ ਬਣਾ ਲਿਆ। ਉਨ੍ਹਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਵਿਚਾਰਾਂ ਨੂੰ ਭੁੱਲ-ਭੁਲਾ ਬੈਠੇ। ਅਸੀਂ ਭਗਤ ਹਾਂ, ਤੁਸੀਂ ਭਗਵਾਨ ਹੋ, ਬੱਸ ਹੋ ਗਿਆ ਨਿਬੇੜਾ। ਗੁਰੂ ਦੀ ਵਿਚਾਰਧਾਰਾ ਨੂੰ ਖਤਮ ਕਰਨਾ ਹੈ, ਤਾਂ ਉਸ ਦੀ ਪੂਜਾ ਕਰਨੀ ਸ਼ੁਰੂ ਕਰ ਦੇਵੋ। ਕੁਝ ਚਿਰ ਬਾਅਦ ਅਸੀਂ ਆਪੇ ਹੀ ਭੁੱਲ-ਭੁਲਾ ਜਾਵਾਂਗੇ ਕਿ ਗੁਰੂ ਨੇ ਕੀ ਕਿਹਾ ਸੀ! ਜਦ ਤੁਸੀਂ ਕਿਸੇ ਧਾਰਮਿਕ ਸਥਾਨ ਉਤੇ ਜਾਂਦੇ ਹੋ, ਤਦ ਤੁਸੀਂ ਹੋਰ ਤਰ੍ਹਾਂ ਦੇ ਆਦਮੀ ਹੁੰਦੇ ਹੋ। ਅੱਖਾਂ ਵਿਚ ਅੱਥਰੂ ਹਨ, ਨਿਮਰਤਾ ਸੇਵਾ ਡੁੱਲ੍ਹ-ਡੁੱਲ੍ਹ ਪੈਂਦੀ ਹੈ, ਰੱਬ ਦੇ ਆਦਮੀ ਲਗਦੇ ਹੋ। ਬਾਹਰ ਆਏ ਤਾਂ ਰੂਪ ਹੀ ਬਦਲ ਗਿਆ, ਭਾਵ ਹੀ ਬਦਲ ਗਿਆ।
ਨਾ ਬੋਲਣ ਵਿਚ ਸ਼ਕਤੀ ਹੈ, ਨਾ ਮੌਨ ਵਿਚ ਸ਼ਕਤੀ ਹੈ। ਚੁੱਪ ਹੋ ਗਏ, ਬਾਬਾ ਚੁੱਪ ਦਾਸ ਬਣ ਗਏ। ਸਭ ਠੀਕ ਹੋ ਗਿਆ। ਚੁੱਪ ਵਿਚ ਵੀ ਤੁਸੀਂ ਤਾਂ ਰਹੋਗੇ, ਮੈਂ ਚੁੱਪ ਹੋ ਗਿਆ। ਇਕ ਆਕੜ ਬੋਲਣ ਵਿਚ ਸੀ, ਇਕ ਆਕੜ ਚੁੱਪ ਰਹਿਣ ਵਿਚ ਹੈ। ਨਾ ਜੀਵਨ ਵਿਚ ਸ਼ਕਤੀ ਹੈ, ਨਾ ਮਰਨ ਵਿਚ ਸ਼ਕਤੀ ਹੈ। ਸੰਸਾਰ ਵਿਚ ਸੰਸਾਰ ਤੋਂ ਛੁਟਕਾਰਾ ਪਾਉਣ ਦੀ ਜੁਗਤ ਹੀ ਸ਼ਕਤੀ ਹੈ।
ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗ ਕਮਾਈਐ॥
ਨਾ ਮੰਗਣ ਵਿਚ ਸ਼ਕਤੀ ਹੈ, ਨਾ ਦਾਨ ਵਿਚ ਸ਼ਕਤੀ ਹੈ। ਇਕ ਮੰਗ ਰਿਹਾ ਹੈ, ਦੂਜਾ ਦੇ ਰਿਹਾ ਹੈ। ਤੁਹਾਡੇ ਕੋਲ ਹੈ ਕੀ? ਕੰਕਰ, ਪੱਥਰ, ਚਾਂਦੀ ਸੋਨਾ, ਸਿੱਕੇ, ਕਾਗਜ਼ ਦੇ ਨੋਟ? ਸੱਖਣੇ ਹੋ ਗੁਰੂ ਦੀ ਮਿਹਰ ਤੋਂæææਸੱਚ ਦੇ ਵਿਪਰੀਤ ਖੜ੍ਹੇ ਹੋ। ਤੁਸੀਂ ਝੂਠ ਦੀ ਬੁਨਿਆਦ ਹੋ। ਤੁਹਾਡੀ ਮੰਦੀ ਸੋਚ ਝੂਠ ਨਾਲ ਪਰਛਾਵੇਂ ਵਾਂਗ ਚਲਦੀ ਹੈ। ਤੁਹਾਡੀ ਆਕੜ, ਤੁਹਾਡੀ ਹਉਮੈ, ਝੂਠ ਦੀਆਂ ਉਹ ਕੰਧਾਂ ਹਨ ਜਿਨ੍ਹਾਂ ਉਪਰ ਸਮੇਂ ਨੇ ਕਾਲਖ ਮਲ ਦਿੱਤੀ ਹੈ। ਝੂਠ ਦੀਆਂ ਕਾਲੀਆਂ ਕੰਧਾਂ ਦੇ ਪਰਛਾਵੇਂ ਹੇਠ ਬੈਠੋ ਹੋ ਤੁਸੀਂ। ਤੁਹਾਡੇ ਨਾਲ ਗੱਲ ਕਰਨੀ ਕੰਧ ਨਾਲ ਗੱਲ ਕਰਨੀ ਹੈ। ਜਿਵੇਂ-ਜਿਵੇਂ ਝੂਠ ਬੋਲਣ ਦੀ ਆਦਤ ਵਧਦੀ ਹੈ, ਤਿਵੇਂ-ਤਿਵੇਂ ਝੂਠ ਸੁਣਨ ਦੀ ਇੱਛਾ ਵੀ ਵਧ ਜਾਂਦੀ ਹੈ। ਜਿੰਨਾ ਕੋਈ ਧਾਰਮਿਕ ਹੁੰਦਾ ਹੈ, ਉਨਾ ਹੀ ਉਹ ਪਖੰਡੀ ਹੋ ਜਾਂਦਾ ਹੈ। ਤੁਹਾਨੂੰ ਨਾਸਤਿਕ ਬਣਾਉਣ ਵਿਚ ਜਿੰਨਾ ਤੁਹਾਡਾ ਅਸਤਿਗੁਰੂ ਸਹਿਯੋਗੀ ਹੈ, ਉਨਾ ਕੋਈ ਹੋਰ ਨਹੀਂ। ਤੁਸੀਂ ਧੋਖੇ ਵਿਚ ਪੈਣ ਲਈ ਤਿਆਰ ਹੋ। ਧੋਖਾ ਤੁਹਾਡੀਆਂ ਵਾਸਨਾਵਾਂ ਨੂੰ ਰਿਝਾਉਂਦਾ ਹੈ। ਉਹ ਤੁਹਾਨੂੰ ਉਕਸਾਉਂਦਾ ਹੈ ਕਿ ਤੁਸੀਂ ਧੋਖੇ ਵਿਚ ਰਹੋ।
ਘਰ-ਬਾਰ ਛੱਡ ਕੇ ਤਿਆਗੀ ਹੋ ਜਾਓ, ਸੰਨਿਆਸੀ ਹੋ ਜਾਓ। ਪਹਾੜਾਂ ਵਿਚ ਕਿਧਰੇ ਗੁੰਮ ਹੋ ਜਾਓ, ਤੀਰਥੀਂ ਚਲੇ ਜਾਓ। ਕੁਝ ਫਰਕ ਨਹੀਂ ਪੈਂਦਾ। ਕਰਤਾ ਤਾਂ ਤੁਸੀਂ ਹੋ। ਜਿਥੇ ਤੁਸੀਂ ਹੋ, ਉਥੇ ਹੰਕਾਰ ਹੈ। ਜਿਥੇ ਹੰਕਾਰ ਹੈ, ਉਥੇ ਪਰਮਾਤਮਾ ਨਹੀਂ। ਪਰਮਾਤਮਾ ਕੋਈ ਮਨੁੱਖ ਨਹੀਂ। ਕਿਧਰੇ ਅੰਬਰੀਂ ਬੈਠਾ ਹੋਇਆ ਨਹੀਂ। ਤੁਹਾਡਾ ਹੋਣਾ ਹੀ ਉਸ ਦੀ ਖਬਰ ਹੈ। ਤੁਸੀਂ ਮਿਟ ਗਏ, ਉਹ ਪ੍ਰਗਟ ਹੋ ਗਿਆ। ਜਦ ਤੱਕ ਤੁਸੀਂ ਮਰ ਨਹੀਂ ਜਾਂਦੇ, ਡੁੱਬ ਨਹੀਂ ਜਾਂਦੇ; ਉਸ ਨਾਲ ਮੇਲ ਅਜਾਈਂ ਹੈ। ਇਸ ਸਭ ਕਿਵੇਂ ਹੋਵੇਗਾ? ਬੱਸ, ਗੁਰੂ ਦੀ ਕ੍ਰਿਪਾ ਨਾਲ, ਗੁਰੂ ਦੀ ਮਿਹਰ ਨਾਲ, ਗੁਰ ਪ੍ਰਸਾਦਿ ਨਾਲ।
ਅੰਨੀ ਸ਼ਰਧਾ ਉਸ ਡੂੰਘੀ ਖਾਈ ਵਾਂਗ ਹੁੰਦੀ ਹੈ ਜਿਸ ਵਿਚ ਸੁੱਟੀ ਇੱਟ ਕਦੀ ਸੁੱਕੀ ਨਹੀਂ ਨਿਕਲਦੀ। ਹਨੇਰੇ ਵਿਚ ਹੱਥ ਮਾਰਿਆਂ ਚਾਨਣ ਨਹੀਂ ਹੋ ਜਾਂਦਾ, ਸਗੋਂ ਹਨੇਰਾ ਹੋਰ ਸੰਘਣਾ ਹੋ ਜਾਂਦਾ ਹੈ। ਪਖੰਡੀ ਦੁਨਿਆਵੀ ਗੁਰੂ ਕੋਲ ਤੁਹਾਨੂੰ ਦੇਣ ਲਈ ਕੁਝ ਨਹੀਂ। ਜੋ ਆਪ ਭਟਕ ਰਿਹਾ ਹੈ, ਉਹ ਤੁਹਾਨੂੰ ਕੀ ਰਾਹ ਦਿਖਾਏਗਾ? ਤੁਸੀਂ ਚਿੱਟੇ ਚੋਲਿਆਂ ਦੀਆਂ ਕੰਨੀਆਂ ਫੜ ਕੇ ਭਵ-ਸਾਗਰ ਪਾਰ ਕਰਨਾ ਚਾਹੁੰਦੇ ਹੋ, ਭਵ-ਸਾਗਰ ਪਾਰ ਕਰਨ ਦੀ ਤਮੰਨਾ ਰੱਖਣ ਵਾਲਿਓ ਤੁਹਾਨੂੰ ਚਿੱਟੇ ਚੋਲਿਆਂ ਵਿਚ ਲੱਗੀਆਂ ਹਉਮੈ ਤੇ ਲਾਲਚ ਦੀਆਂ ਟਾਕੀਆਂ ਨਜ਼ਰ ਕਿਉਂ ਨਹੀਂ ਆਉਂਦੀਆਂ?
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ॥
ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ॥
ਹਿੰਦੂ ਮਤ ਨੇ ਯੁੱਗ ਨੂੰ ਚਾਰ ਭਾਗਾਂ ਵਿਚ ਵੰਡਿਆ ਹੈ। ਸਤਯੁੱਗ, ਸੁਚੇਤ ਯੁੱਗ। ਜਦੋਂ ਸਤਯੁੱਗ ਸੀ, ਉਦੋਂ ਗੁਰੂ ਦੀ ਇੰਨੀ ਲੋੜ ਨਹੀਂ ਸੀ। ਲੋਕ ਸੁਚੇਤ ਸਨ, ਮਨ ਸੁਚੇਤ ਸੀ। ਬੱਚਾ ਸਤਯੁੱਗੀ ਹੈ। ਉਸ ਦਾ ਮਨ ਸੁਚੇਤ ਹੈ, ਮਨ ਦੀ ਸਲੇਟ ‘ਤੇ ਕੂੜ ਦੇ ਅੱਖਰ ਨਹੀਂ ਲਿਖੇ ਹੋਏ। ਬੁੱਧ, ਨਾਨਕ, ਈਸਾ ਸਭ ਸੁਚੇਤ ਸਨ। ਸੂਰਜ ਅਤੇ ਰੋਸ਼ਨੀ ਦੇ ਸੰਗਮ।
ਕਲਯੁੱਗ, ਕਲੇਸ਼ ਦਾ ਯੁੱਗ। ਮੈਂ ਦਾ ਯੁੱਗ। ਬੇਹੋਸ਼ੀ ਦਾ ਯੁੱਗ। ਅਚੇਤਨ ਮਨ ਦਾ ਯੁੱਗ। ਸੁੱਤੇ ਲੋਕਾਂ ਦਾ ਯੁੱਗ। ਬੁੱਢਾ ਕਲਯੁੱਗੀ ਹੈ, ਬੇਚੈਨੀ ਵਿਚ ਜਿਉਂਦਾ ਰਿਹਾ ਹੈ। ਬੁੱਢੇ ਆਦਮੀ ਤੋਂ ਛੁਟਕਾਰਾ ਪਾਉਣਾ ਤਾਂ ਬਹੁਤ ਕਠਿਨ ਹੈ। ਸ਼ਕਤੀ ਮੁੱਕ ਰਹੀ ਹੈ ਪਰ ਹੰਕਾਰ ਨਹੀਂ ਮੁੱਕਿਆæææਮੈਨੂੰ ਸਭ ਪਤਾ ਹੈ, ਅਨੁਭਵ ਹੈ। ਜ਼ਿੰਦਗੀ ਭਰ ਸੰਘਰਸ਼ ਕੀਤਾ ਹੈ, ਠੋਕਰਾਂ ਖਾਧੀਆਂ ਹਨ। ਜ਼ਿੰਦਗੀ ਬੁੱਢੀ ਹੋ ਗਈ, ਪਰ ਹੰਕਾਰ ਨਹੀਂ ਗਿਆ। ਤੁਸੀਂ ਤਾਂ ਜਵਾਨੀ ਵਿਚ ਹੀ ਬੁੱਢੇ ਹੋ ਗਏ ਹੋ। ਤੁਹਾਡੀ ਨੀਂਦ ਗੂੜ੍ਹੀ ਹੈ। ਜੇ ਸੁੱਤੇ ਹੋ ਤਾਂ ਤੁਸੀਂ ਆਪਣੇ-ਆਪ ਕਿਸ ਤਰ੍ਹਾਂ ਜਾਗੋਗੇ? ਕੋਈ ਤੁਹਾਨੂੰ ਹਿਲਾਏਗਾ, ਤਾਂ ਹੀ ਤੁਸੀਂ ਜਾਗ ਪਾਉਗੇ।
ਸਮਾਂ ਮਨੁੱਖ ਦੀ ਸਮਝ ਦੀ ਉਪਜ ਹੈ। ਮਨੁੱਖ ਨੇ ਸਮੇਂ ਨੂੰ ਆਦਿ ਅੰਤ ਦੇ ਚੱਕਰਵਿਊ ਵਿਚ ਬੰਨ੍ਹ ਲਿਆ ਹੈ। ਸਤਯੁੱਗ, ਦੁਆਪਰ, ਤ੍ਰੇਤਾ ਤੇ ਕਲਯੁੱਗ ਸਭ ਦਾ ਆਪਣਾ ਅੰਤ ਹੈ। ਜੇ ਕੋਈ ਚੀਜ਼ ਸਮੇਂ ਤੋਂ ਬਾਹਰ ਹੈ, ਉਹ ਪ੍ਰਭੂ ਹੈ, ਉਹ ਗੁਰੂ ਹੈ। ਜਿਸ ਦਾ ਨਾ ਆਦਿ ਹੈ, ਨਾ ਅੰਤ ਹੈ। ਜੋ ਯੁੱਗਾਂ ਦੇ ਬੰਨ੍ਹਾਂ ਵਿਚ ਬੰਨ੍ਹਿਆ ਹੋਇਆ ਨਹੀਂ।
ਏਹੁ ਅੰਤੁ ਨ ਜਾਣੈ ਕੋਇ॥
ਬਹੁਤਾ ਕਹੀਐ ਬਹੁਤਾ ਹੋਇ॥
ਮਨੁੱਖ ਨੇ ਕੂੜ ਨੂੰ ਛੱਡਣਾ ਹੈ, ਗੁਰੂ ਦੇ ਲੜ ਲੱਗਣਾ ਹੈ। ਜੋ ਗੁਰੂ ਹੈ, ਉਹ ਕਵੀ ਹੈ, ਉਹ ਸ਼ਾਇਰ ਹੈ, ਉਹ ਸੰਗੀਤਕਾਰ ਹੈ, ਉਹ ਦਾਰਸ਼ਨਿਕ ਹੈ, ਉਹ ਵਿਗਿਆਨੀ ਹੈ, ਉਹ ਸਿਰਜਣਹਾਰ ਹੈ। ਉਹ ਭੂਤਕਾਲ ਵਿਚ ਵਿਚਰਦਾ, ਵਰਤਮਾਨ ਦਾ ਪੱਲਾ ਫੜਾਉਣ ਵਾਲੇ ਸੱਚ ਦੀ ਸਿਰਜਣਾ ਕਰਦਾ ਹੈ। ਉਹ ਸੱਚ ਦੀ ਖੋਜ ਕਰਦਾ ਹੈ। ਉਹ ਨਿੱਜਵਾਦੀ ਨਹੀਂ, ਸੁਹਜਵਾਦੀ ਹੈ। ਉਹ ਸਮੁੱਚੇ ਬ੍ਰਹਿਮੰਡ ਨੂੰ ਆਪਣੀ ਸਿਰਜਣਾ ਵਿਚ ਸਿਰਜਦਾ ਹੈ। ਉਸ ਦੇ ਬੋਲ ਹਵਾ ਵਿਚ ਬਿਖਰੇ ਹੋਏ ਨਹੀਂ, ਨਾ ਹੀ ਕੰਧਾਂ ‘ਤੇ ਮਾਰੀਆਂ ਹੋਈਆਂ ਲੀਕਾਂ ਨੇ। ਉਸ ਦੇ ਬੋਲ ਸੱਚ ਨੇ। ਸੱਚ ਨਾ ਕਦੇ ਬੁੱਢਾ ਹੁੰਦਾ ਹੈ, ਤੇ ਨਾ ਹੀ ਕਦੀ ਮਰਦਾ ਹੈ। ਸੱਚ ਤਾਂ ਬੱਸ ਸੱਚ ਹੈ-ਰਿਸ਼ੀਆਂ ਵਰਗਾ, ਸੰਤਾਂ ਵਰਗਾ, ਨਾਨਕ ਵਰਗਾ, ਬੁੱਧ ਤੇ ਈਸਾ ਵਰਗਾ। ਤੁਹਾਡੇ ਤੇ ਮੇਰੇ ਵਰਗਾ। ਅਸੀਂ ਸੱਚ ਤੋਂ ਹੀ ਜਨਮੇ ਹਾਂ। ਸਾਡੀ ਹੋਂਦ ਉਸ ਸੱਚ ਦੀ ਖਬਰ ਦਿੰਦੀ ਹੈ ਜੋ ਆਦਿ, ਅਨੀਲ, ਅਨਾਹਤ ਹੈ। ਜੋ ਅੱਜ ਵੀ ਹੈ, ਜੋ ਕੱਲ੍ਹ ਵੀ ਰਹੇਗਾ।
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥
ਸੱਚ ਨੂੰ ਸੁਣਨਾ, ਸੱਚ ਨੂੰ ਜਾਣਨਾ ਤੇ ਸੱਚ ਉਤੇ ਚੱਲਣਾ ਉਨਾ ਹੀ ਕਠਿਨ ਹੈ, ਜਿੰਨੀ ਗੁਰ-ਦੀਖਸ਼ਾ। ਜੀਵਨ ਦੀ ਵਿਧੀ ਨੂੰ ਬਦਲਣ ਦਾ ਨਾਂ ਹੀ ੴ ਹੈ। ੴ ਤੋਂ ਦੂਰ ਹੋ ਜਾਣਾ, ਸੱਚ ਤੋਂ ਦੂਰ ਹੋ ਜਾਣਾ ਹੈ, ਗੁਰੂ ਤੋਂ ਦੂਰ ਹੋ ਜਾਣਾ ਹੈ। ਗੁਰੂ ਨੂੰ ਪਾ ਲੈਣਾ ਮੋਕਸ਼ ਹੈ, ਮੁਕਤੀ ਹੈ, ਸੱਚਖੰਡ ਹੈ। ਸੱਚਖੰਡ ਦੀ ਪ੍ਰਾਪਤੀ ਦਾ ਰਾਹ ਗੁਰੂ ਰਾਹੀਂ ਹੀ ਜਾਂਦਾ ਹੈ। ਜੋ ਸਦੀਵੀ ਹੈ, ਜੋ ਅਨੰਤ ਹੈ, ਜੋ ਆਦਿ-ਅੰਤ ਅੰਤ ਹੈ। ਜੋ ਰਾਖਨਹਾਰ ਹੈ, ਉਸ ਗੁਰੂ ਨੂੰ ਨਿਮਨ ਕਰੋ।
ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ॥
ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ॥
ਬੁੱਧ ਗੁਰੂ ਦੇ ਅੰਤਿਮ ਸਮੇਂ ਅਨੰਦ ਬਹੁਤ ਸਾਰੇ ਅਨੁਯਾਈਆਂ ਨਾਲ ਗੁਰੂ ਦੇ ਦਰਸ਼ਨਾਂ ਨੂੰ ਆਇਆ। ਬੇਨਤੀ ਕੀਤੀ, “ਗੁਰੂ ਜੀ, ਦੁੱਖ ਹੀ ਦੁੱਖ ਹਨ, ਛੁਟਕਾਰਾ ਕਿਵੇਂ ਮਿਲੇਗਾ?” ਮਹਾਤਮਾ ਨੇ ਕਿਹਾ, “ਅਨੰਦ, ਆਪਣੇ ਹੱਥ ਨੂੰ ਮੁੱਠੀ ਬਣਾ ਕੇ ਘੁੱਟ ਲੈ।” ਇੰਜ ਹੀ ਕੀਤਾ ਅਨੰਦ ਨੇ। “ਇਸ ਨੂੰ ਖੁੱਲ੍ਹਾ ਛੱਡ ਦੇ।” ਪ੍ਰਵਚਨ ਹੋਇਆ। ਇੰਜ ਹੀ ਕੀਤਾ ਅਨੰਦ ਨੇ।æææਤੇ ਅਨੰਦ ਚਰਨੀਂ ਢਹਿ ਪਿਆ, “ਮਹਾਤਮਾ! ਸਮਝ ਆ ਗਈ।” ਇਕੱਠਾ ਕਰਨਾ ਦੁੱਖ ਹੀ ਦੁੱਖ ਹੈ। ਛੱਡ ਦੇਣਾ ਸੁੱਖ ਹੀ ਸੁੱਖ ਹੈ। ਸਾਡੇ ਦੁੱਖ ਸਾਡੀਆਂ ਵਾਸਨਾਵਾਂ ਹਨ। ਗੁਰ ਕ੍ਰਿਪਾ ਨਾਲ ਹੀ ਇਨ੍ਹਾਂ ਤੋਂ ਮੁਕਤੀ ਮਿਲੇਗੀ।
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ॥

ਗੁਰ ਮੂਰਤਿ ਗੁਰ ਸਬਦ ਹੈ
ਸਾਧ ਸੰਗਤਿ ਵਿਚ ਪਰਗਟੀ ਆਇਆ॥
ਪੈਰੀ ਪਾਇ ਸਭ ਜਗਤੁ ਤਰਾਇਆ॥

ਜਿਉ ਮੰਦਰ ਕਉ ਥਾਮੈ ਥੰਮਨੁ॥
ਤਿਉ ਗੁਰ ਕਾ ਸਬਦੁ ਮਨਿਹ ਅਸਥੰਮਨੁ॥

Be the first to comment

Leave a Reply

Your email address will not be published.