ਗੁਰਦਿਆਲ ਸਿੰਘ ਬੱਲ
ਵੀਹਵੀਂ ਸਦੀ ਦੇ ਉੱਘੇ ਅਮਰੀਕਨ ਕਥਾਕਾਰ ਅਰਨੈਸਟ ਹੈਮਿੰਗਵੇ ਨੇ ਕਿਧਰੇ ਕਿਹਾ ਸੀ ਕਿ ਖਿਡਾਰੀ ਹੱਡ-ਮਾਸ ਦੀਆਂ ਕਵਿਤਾਵਾਂ ਹੁੰਦੇ ਹਨ।
ਇਸ ਕਥਨ ਨਾਲ ਕੋਈ ਵੀ ਉਹ ਸ਼ਖਸ ਨਿਸਚੇ ਹੀ ਸਹਿਮਤ ਹੋਵੇਗਾ ਜਿਸ ਨੇ ਕਦੀ ਭਾਰਤ ਅਤੇ ਪਾਕਿਸਤਾਨ ਦੀਆਂ ਹਾਕੀ ਟੀਮਾਂ ਵਿਚਾਲੇ ਕਲਾਤਮਿਕ ਹਾਕੀ ਮੈਚਾਂ ਦਾ ਨਜ਼ਾਰਾ ਕੀਤਾ ਹੋਵੇ, ਜਾਂ ਵਿਬੰਲਡਨ ਕੋਰਟ ਵਿਚ ਵੀਨਸ ਵਿਲੀਅਮਜ਼ ਅਤੇ ਸੇਰੇਨਾ ਵਿਲੀਅਮਜ਼ ਵਿਚੋਂ ਕਿਸੇ ਇੱਕ ਭੈਣ ਨੂੰ ਟੈਨਿਸ ਜਗਤ ਦੀ ਪਰੀ-ਚਿਹਰਾ ਹੁਸੀਨ ਖਿਡਾਰਨ ਸ਼ਾਰਾਪੋਵਾ ਨਾਲ ਖੇਡਦਿਆਂ ਤੱਕਿਆ ਹੋਵੇ; ਪਰ ਮਹਾਨ ਲੇਖਕ ਦਾ ਦਾਅਵਾ ਸਭ ਤੋਂ ਵੱਧ ਸਾਖਸ਼ਾਤ ਰੂਪ ਵਿਚ ਸਾਕਾਰ ਹੁੰਦਾ ਵਿਸ਼ਵ ਕੱਪ ਫੁੱਟਬਾਲ ਦੇ ਮੈਚਾਂ ਦੌਰਾਨ ਹੀ ਨਜ਼ਰ ਆਉਂਦਾ ਹੈ। ਕਿਸ ਨੂੰ ਭੁੱਲ ਸਕੇਗਾ ਭਲਾ ਬਰਾਜ਼ੀਲ ਵਿਚ ਖੇਡੇ ਜਾ ਰਹੇ ਵਿਸ਼ਵ ਕੱਪ ਟੂਰਨਾਮੈਂਟ ਅੰਦਰ ਦੂਜੇ ਦਿਨ ਨੀਦਰਲੈਂਡ (ਹਾਲੈਂਡ) ਦੀ ਟੀਮ ਦੀ ਹਮਲਾਵਰ ਪੰਕਤੀ ਦੇ ਦੋ ਖਿਡਾਰੀਆਂ ਆਰੀਅਨ ਰੋਬਿਨ ਅਤੇ ਰੋਬਿਨ ਫਨ ਪੇਰਸੀ ਵੱਲੋਂ ਖੜ੍ਹਾ ਕੀਤਾ ਗਿਆ ਚਮਤਕਾਰੀ ਜਲਵਾ!
ਸਪੇਨ ਦੀ ਟੀਮ ਵਿਸ਼ਵ ਚੈਂਪੀਅਨ ਹੈ ਅਤੇ ਦੋ ਵਾਰ ਲਗਾਤਾਰ ਯੂਰਪੀ ਚੈਂਪੀਅਨ ਵੀ ਰਹਿ ਚੁੱਕੀ ਹੈ। ਇਹ ਟੀਮ ਵਿਸ਼ਵ ਕੱਪ ਲਈ ਮੁੱਖ ਦਾਅਵੇਦਾਰਾਂ ਵਿਚੋਂ ਇੱਕ ਮੰਨੀ ਜਾ ਰਹੀ ਹੈ। ਚਾਰ ਵਰ੍ਹੇ ਪਹਿਲਾਂ ਵਿਸ਼ਵ ਕੱਪ ਦੇ ਫਾਈਨਲ ਵਿਚ ਕਿਸਮਤ ਅਜਮਾਈ ਇਨ੍ਹਾਂ ਦੋਵਾਂ ਟੀਮਾਂ ਨੇ ਹੀ ਕੀਤੀ ਸੀ। ਉਸ ਇਤਿਹਾਸਕ ਮੈਚ ਵਿਚ ਨੀਦਰਲੈਂਡ ਦੀ ਟੀਮ ਜਿੱਤਦੀ-ਜਿੱਤਦੀ ਸਪੇਨੀਆਂ ਦੀ ਇਸੇ ਟੀਮ ਹੱਥੋਂ ਸਿਫਰ ਦੇ ਮੁਕਾਬਲੇ ਇਕ ਗੋਲ ਨਾਲ ਹਾਰ ਗਈ ਸੀ। ਮੈਚ ਦੇ ਆਖ਼ਰੀ ਛਿਣਾਂ ਵਿਚ ਆਰੀਅਨ ਰੋਬਿਨ ਨੂੰ ਸਪੇਨੀਆਂ ਸਿਰ ਗੋਲ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਸੀ- ਪਰ ਗੋਲਕੀਪਰ ਕਪਤਾਨ ਇਕਰ ਕਾਸੀਆਸ ਸਾਹਮਣੇ ਉਹ ਲੋੜੀਂਦਾ ਤਵਾਜ਼ਨ ਰੱਖ ਨਾ ਸਕਿਆ ਅਤੇ ਡੱਚ ਟੀਮ ਵਿਸ਼ਵ ਵਿਜੇਤਾ ਦਾ ਤਾਜ ਪਹਿਨਣੋਂ ਖੁੰਝ ਗਈ। ਉਸ ਵਿਸ਼ਵ ਕੱਪ ਦੀ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਕੱਪ ਜਿੱਤਣ ਲਈ ਸਪੇਨੀ ਫੁੱਟਬਾਲ ਜਗਤ ਦੇ ਸ਼ਹਿਜਾਦਿਆਂ ਦੀ ਇਹੋ ਟੀਮ ਆਪਣੇ ਪਹਿਲੇ ਮੈਚ ਵਿਚ ਸਵਿਟਰਜ਼ਰਲੈਂਡ ਦੀ ਟੀਮ ਤੋਂ ਹਾਰ ਹੀ ਨਹੀਂ ਗਈ ਸੀ, ਬਲਕਿ ਸਵਿੱਸ ਟੀਮ ਨੇ ਉਨ੍ਹਾਂ ਦੀ ਬਾਂਅ-ਬਾਂਅ ਕਰਵਾਈ ਰੱਖੀ ਸੀ ਜਦੋਂ ਕਿ ਨੀਦਰਲੈਂਡ ਦੀ ਇਸੇ ਟੀਮ ਨੇ ਟੂਰਨਾਮੈਂਟ ਦੇ ਕਵਾਰਟਰ ਫਾਈਨਲ ਗੇੜ ਵਿਚ ਬਰਾਜ਼ੀਲ ਦੀ ਸ਼ਕਤੀਸ਼ਾਲੀ ਟੀਮ ਨੂੰ ਇੱਕ ਦੇ ਮੁਕਾਬਲੇ ਤਿੰਨ ਗੋਲਾਂ ਦੇ ਸਪਸ਼ਟ ਫਰਕ ਨਾਲ ਬਰਬਾਦ ਕਰ ਕੇ ਬੜੀ ਸ਼ਾਨ ਨਾਲ ਫਾਈਨਲ ਗੇੜ ਵਿਚ ਪ੍ਰਵੇਸ਼ ਕੀਤਾ ਸੀ।
ਫਿਰ ਇਕ ਹੋਰ ਪਹਿਲੂ ਵੀ ਦਿਲਚਸਪ ਹੈ। ਉਸ ਟੂਰਨਾਮੈਂਟ ਤੋਂ 2 ਵਰ੍ਹੇ ਬਾਅਦ ਹੋਏ ਯੂਰਪੀ ਕੱਪ ਦੌਰਾਨ ਸਪੇਨੀਆਂ ਨੇ ਲਗਾਤਾਰ ਦੂਜੀ ਵਾਰ ਟੂਰਨਾਮੈਂਟ ਜਿੱਤਿਆ ਜਦੋਂ ਕਿ ਨੀਦਰਲੈਂਡ ਦੀ ਸ਼ਾਨਦਾਰ ਟੀਮ ਨਾਲ ਭਾਣਾ ਇਹ ਵਾਪਰਿਆ ਕਿ ਉਹ ਪਹਿਲੇ ਗੇੜ ਦੇ ਦੋ ਮੈਚਾਂ ਵਿਚੋਂ ਹਾਰ ਕੇ ਦੌੜ ਵਿਚੋਂ ਬਾਹਰ ਹੋ ਗਈ। ਇਕ ਮੈਚ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਬਰਾਬਰ ਰੱਖਿਆ ਸੀ- ਜਾਨੀ ਜਿੱਤਿਆ ਇੱਕ ਵੀ ਨਹੀਂ ਸੀ।
ਐਤਕੀਂ ਮੈਦਾਨ ਅੰਦਰ ਇਕ ਦੂਜੇ ਦੇ ਸਾਹਮਣੇ ਉਤਰੀਆਂ ਟੀਮਾਂ ਦੇ ਲਗਪਗ ਸਾਰੇ ਮੈਂਬਰ ਉਹੋ ਹੀ ਸਨ ਜਿਨ੍ਹਾਂ ਨੇ 4 ਸਾਲ ਪਹਿਲਾਂ ਇਕ ਦੂਜੇ ਦੀ ਅਜਮਾਇਸ਼ ਕੀਤੀ ਸੀ। ਸਪੇਨੀ ਕੋਚ ਬਸੰਤ ਦਲ ਬੋਸਕੇ ਉਹੋ ਸੀ ਅਤੇ ਫੁੱਟਬਾਲ ਖੇਡ ਦੀ ਉਸ ਦੀ ਫਿਲਾਸਫੀ ਵੀ ਉਹੋ ਸੀ ਜਿਸ ਨੇ ਪਿਛਲੇ ਕੁਝ ਵਰ੍ਹਿਆਂ ਤੋਂ ਇਸੇ ਸਪੇਨੀ ਟੀਮ ਨੂੰ ਸਦੀ ਦੀ ਸਭ ਤੋਂ ਸ਼ਕਤੀਸ਼ਾਲੀ ਟੀਮ ਬਣਾ ਦਿਤਾ ਹੋਇਆ ਸੀ। ਮੈਚ ਦੌਰਾਨ ਪਹਿਲੇ 20-25 ਮਿੰਟ ਕਿਸੇ ਨੂੰ ਚਿੱਤ ਖਿਆਲ ਵੀ ਨਹੀਂ ਸੀ ਕਿ ਅੱਗੇ ਕਿਸ ਕਿਸਮ ਦਾ ਤੂਫਾਨ ਆਉਣ ਵਾਲਾ ਸੀ ਅਤੇ ਆਰੀਅਨ ਰੋਬਿਨ ਤੇ ਰੋਬਿਨਫਨ ਪੇਰਸੀ ਬਕੌਲੇ, ਮਿਰਜਾ ਰਾਇਸ ਕਿਸ ਕਿਸਮ ਦਾ ‘ਤਹੱਈਆ-ਓ-ਤੂਫਾਂ’ ਮਨਾਂ ਵਿਚ ਧਾਰੇ ਹੋਏ ਸਨ। ਫਿਰ 24ਵੇਂ-25ਵੇਂ ਮਿੰਟ ‘ਚ ਮੈਚ ਦਾ ਪਹਿਲਾ ਗੋਲ ਵੀ ਪੈਨਲਟੀ ਕਿੱਕ ਤੋਂ ਸਪੇਨ ਨੇ ਕੀਤਾ ਸੀ, ਪਰ ਇਸ ਤੋਂ ਬਾਅਦ ਤਾਂ ਡੱਚ ਖਿਡਾਰੀਆਂ ਦੇ ਮਨਾਂ ਵਿਚ ਪਤਾ ਨਹੀਂ ਕਿਸ ਕਿਸਮ ਦਾ ਰੋਸ ਜਾਗਿਆ; ਮਾਨੋ ਉਨ੍ਹਾਂ ਅੰਦਰ ਕਿਸੇ ਚੰਡੀ ਦੀ ਸਪਿਰਟ ਪ੍ਰਵੇਸ਼ ਕਰ ਗਈ ਹੋਵੇ। ਰੋਬਿਨਫਨ ਪੇਰਸੀ ਨੇ ਪਹਿਲਾ ਗੋਲ ਕਰ ਜਾਣ ਤੋਂ ਜਲਦੀ ਹੀ ਬਾਅਦ ਬਿਜਲੀ ਵਰਗੀ ਤੇਜ਼ੀ ਨਾਲ ਦੂਜੀ ਹੈਡਰ ਮਾਰ ਕੇ ਬਾਲ ਨੂੰ ਸਪੇਨੀ ਗੋਲਾਂ ਵਿਚ ਸੁੱਟਿਆ- ਉਨ੍ਹਾਂ ਦੇ ਇਰਾਦੇ ਸਪਸ਼ਟ ਹੋ ਗਏ।
ਨੀਦਰਲੈਂਡ ਦੇ ਮਿੱਡ ਫੀਲਡ ਵਿਚ ਡੈਲੇ ਬਲਾਂਈਡ ਟੀਮ ਦਾ ਧੁਰਾ ਬਣ ਗਿਆ। ਉਹ ਚਾਰੇ ਪਾਸੇ ਆਪਣੇ ਖਿਡਾਰੀਆਂ ਵੱਲ ਜਿਸ ਸਟੀਕ ਅੰਦਾਜ਼ ਵਿਚ ਪਾਸ ਵੰਡ ਰਿਹਾ ਸੀ- ਲੰਮੇ ਸਮੇ ਤੱਕ ਦਰਸ਼ਕਾਂ ਦੀਆਂ ਯਾਦਾਂ ਵਿਚ ਵਸਿਆ ਰਹੇਗਾ। ਇਹ ਡੈਲੇ ਬਲਾਂਈਡ ਦੀ ਬਦੌਲਤ ਹੀ ਸੀ ਕਿ ਰੋਬਿਨਫਨ ਪੇਰਸੀ ਦੇ ਗੋਲ ਪਿੱਛੋਂ ਆਰੀਅਨ ਰੋਬਿਨ ਅਤੇ ਸਨਾਈਡਰ ਨੇ ਦੋ ਹੋਰ ਗੋਲ ਕਰ ਦਿੱਤੇ, ਤੇ ਇਕ ਤਰ੍ਹਾਂ ਨਾਲ ਸਪੇਨ ਨੂੰ ਗੇਮ ਤੋਂ ਬਾਹਰ ਕਰ ਦਿੱਤਾ। 3-1 ਗੋਲਾਂ ਨਾਲ ਪਛੜ ਜਾਣ ਦੇ ਬਾਵਜੂਦ ਸਪੇਨੀਆਂ ਨੇ ਅਜੇ ਹੌਸਲਾ ਹਾਰਿਆ ਨਹੀਂ ਸੀ। ਸਪੇਨੀ ਕੋਚ ਨੇ ਡੀਗੋ ਕੋਸਟਾ ਨੂੰ ਮੈਦਾਨ ਵਿਚੋਂ ਬਾਹਰ ਕੱਢ ਕੇ ਆਪਣੀ ਟੀਮ ਦੀਆਂ ਪਿਛਲੇ ਵਰ੍ਹਿਆਂ ਦੀਆਂ ਕਈ ਜੇਤੂ ਮੁਹਿੰਮਾਂ ਦੇ ਨਾਇਕ ਤਾਜ਼ਾ ਦਮ ਟੋਰੇਸ ਨੂੰ ਮੈਦਾਨ ਵਿਚ ਲਿਆਂਦਾ, ਪਰ ਇਸ ਮੋੜ ‘ਤੇ ਪੇਰਸੀ ਅਤੇ ਆਰੀਅਨ ਰੋਬਿਨ ਅੰਦਰ ‘ਬਦਲੇ ਦੀ ਅੱਗ’ ਮਾਨੋ ਹੋਰ ਵੀ ਪ੍ਰਚੰਡ ਹੋ ਗਈ ਹੋਈ ਸੀ। ਇਸ ਦਾ ਸਬੂਤ ਪੇਰਸੀ ਅਤੇ ਆਰੀਅਨ ਰੋਬਿਨ ਵੱਲੋਂ ਆਪਣੀ ਟੀਮ ਲਈ ਬੜੇ ਹੀ ਚਮਤਕਾਰੀ ਅੰਦਾਜ਼ ਵਿਚ ਦਾਗੇ ਚੌਥਾ ਅਤੇ ਪੰਜਵਾਂ ਗੋਲ ਸਨ।
ਪੇਰਸੀ ਦੀ ਕਿੱਕ ਸਪੇਨੀ ਗੋਲਚੀ ਨੇ ਗਰਾਉਂਡ ਉਪਰ ਲੰਮੇ ਲੇਟਦਿਆਂ ਰੋਕਣ ਦੀ ਕੋਸ਼ਿਸ਼ ਕੀਤੀ। ਸਪੇਨੀ ਰੱਖਿਅਕ ਪੰਕਤੀ ਦਾ ਤਜਰਬੇਕਾਰ ‘ਜਰਨੈਲ’ ਰੋਮੋਸ ਕੋਲ ਹੀ ਖੜ੍ਹਾ ਸੀ। ਪੇਰਸੀ ਦਾ ਇਹ ਗੋਲ ਇਉਂ ਵਾਪਰਿਆ ਕਿ ਸਪੇਨੀ ਖਿਡਾਰੀ ਬੁਰੀ ਤਰ੍ਹਾਂ ਭੰਬਤਰੇ ਹੋਏ ਦੇਖਦੇ ਰਹਿ ਗਏ। ਰਹਿੰਦੀ ਕਸਰ ਆਰੀਅਨ ਰੋਬਿਨ ਵੱਲੋਂ ਇਸੇ ਅੰਦਾਜ਼ ਵਿਚ ਕੀਤੇ ਪੰਜਵੇਂ ਗੋਲ ਨੇ ਪੂਰੀ ਕਰ ਦਿੱਤੀ। ਆਰੀਅਨ ਰੋਬਿਨ ਬਾਲ ਨੂੰ ਲੈ ਕੇ ਅੱਗੇ ਵਧਿਆ ਅਤੇ ਧੁਨੰਤਰ ਸਪੇਨੀ ਕਪਤਾਨ/ਗੋਲਕੀਪਰ ਇਕਰ ਕਾਸੀਆਸ ਨੂੰ ਜਿਸ ਅੰਦਾਜ਼ ਵਿਚ ਡੌਜ ਮਾਰੀ- ਇਵੇਂ ਲਗਦਾ ਜਿਵੇਂ ਕੋਈ ਮਾਸਟਰ ਕਰਾਫਟਸਮੈਨ ਕਿਸੇ ਸਿਖਾਂਦਰੂ ਨੂੰ ਖੇਡਣ ਦੀ ਜਾਚ ਸਿਖਾ ਰਿਹਾ ਹੋਵੇ। ਰੱਖਿਅਕ ਪੰਕਤੀ ‘ਚ ਪੀਕ ਗੇਰਾਡ ਅਤੇ ਸਰਜੀਓ ਰੋਮੋਸ ਨਾਂ ਦੇ ਥੰਮ੍ਹ ਵਰਗੇ ਦੋਵੇਂ ਖਿਡਾਰੀ ਕੋਲ ਹੀ ਖੜ੍ਹੇ ਸਨ, ਤੇ ਉਨ੍ਹਾਂ ਦੇ ਚਿਹਰਿਆਂ ‘ਤੇ ਬੇਵਸੀ ਡਲਕਦੀ ਸਾਫ ਨਜ਼ਰ ਆ ਰਹੀ ਸੀ। ਲਗਦਾ ਸੀ, ਆਰੀਅਨ ਰੋਬਿਨ ਅਤੇ ਪੇਰਸੀ ਨੇ ਪਲਾਂ ਵਿਚ ਹੀ ਦੋ ਖੂਬਸੂਰਤ ‘ਕਵਿਤਾਵਾਂ’ ਨਹੀਂ, ਬਲਕਿ ਆਪਣੀ ਹੀ ਤਰ੍ਹਾਂ ਦੇ ਕਿਸੇ ਮਹਾਂ-ਕਾਵਿ ਦੀ ਸਿਰਜਣਾ ਕਰ ਦਿੱਤੀ ਹੋਵੇ।
ਬਰਨਾਰਡ ਸ਼ਾਅ ਮਹਾਨ ਚਿੰਤਕ ਸੀ। ਫੁੱਟਬਾਲ ਦੀ ਖੇਡ ਬਾਰੇ ਟਿਪਣੀ ਉਸ ਵੀ ਕੀਤੀ ਸੀ ਅਤੇ ਉਸ ਦਾ ਕਥਨ ਹੈਮਿੰਗਵੇ ਦੇ ਕਥਨ ਤੋਂ ਕਿਵੇਂ ਵਧ ਕੇ ਹੈ? ਉਸ ਨੇ ਖਿਡਾਰੀਆਂ ਅਤੇ ਖੇਡ ਕਲਾ ਦਾ ਮਖੌਲ ਉਡਾਇਆ ਸੀ; ਅਖੇ, ਉਸ ਨੂੰ ਸਮਝ ਨਹੀਂ ਆਉਂਦੀ ਕਿ ਚੰਗੇ ਭਲੇ 22 ਆਦਮੀ ਡੇਢ-ਦੋ ਘੰਟਿਆਂ ਲਈ ਚਮੜੇ ਦੀ ਗੇਂਦ ਨੂੰ ਬਿਲਾ ਵਜ੍ਹਾ ਇਧਰ-ਉਧਰ ਠੁੱਡੇ ਮਾਰਦਿਆਂ ਮੁੜਕੋ-ਮੁੜਕੀ ਹੋਏ ਪਾਗਲਾਂ ਹਾਰ ਕਿਉਂ ਭੱਜੇ ਫਿਰੀ ਜਾਂਦੇ ਹਨ। ਸਾਡੀ ਬਰਨਾਰਡ ਸ਼ਾਅ ਦੀ ਅਤਿ ਤੀਖਣ ਸ਼ੈਲੀ ਅਤੇ ਚਿੰਤਨ ਨੂੰ ਵੀ ਨਮੋ ਹੈ, ਪਰ ਫੁੱਟਬਾਲ ਦੀ ਖੇਡ ਦੀ ਸਾਰਥਿਕਤਾ ਬਾਰੇ ਉਸ ਦੇ ਕਿੰਤੂ ਨਾਲ ਕਤਈ ਸੰਮਤੀ ਨਹੀਂ ਹੈ। ਬਿਲਕੁਲ ਬਰਨਾਰਡ ਸ਼ਾਅ ਦੇ ਹਾਰ ਟਿੱਪਣੀਆਂ ਰੂਸ ਦੇ ਧੁਨੰਤਰ ਚਿੰਤਕ ਪਲੈਖਾਨੋਵ ਅਤੇ ਮਹਾਨ ਨਾਵਲਕਾਰ ਮੈਕਸਿਮ ਗੋਰਕੀ ਨੇ ਆਈਸਾਡੋਰਾ ਡੰਕਨ ਦੀ ਨਾਚ ਕਲਾ ਬਾਰੇ ਕੀਤੀਆਂ ਸਨ ਜੋ ਕਤਈ ਠੀਕ ਨਹੀਂ ਸਨ। ਇਨਸਾਨ ਨੂੰ ਰੋਟੀ ਦੀ ਵੀ ਜ਼ਰੂਰਤ ਹੈ ਅਤੇ ਕਿਸੇ ਨਾ ਕਿਸੇ ਰੂਪ ਵਿਚ ਕਿਸੇ ਨਾ ਕਿਸੇ ਨਿਤ ਨਵੇਂ ਜਲਵੇ ਦੀ ਵੀ ਨਿਰੰਤਰ ਨਿਹਤ ਇਛਾ ਹੈ। ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਲਈ ਦੁਨੀਆਂ ਦੇ ਕਰੋੜਾਂ ਲੋਕਾਂ ਦੇ ਮਨਾਂ ਵਿਚ ਅਸੀਮ ਉਮਾਹ ਜਾਂ ਰੁਮਾਂਸ ਇਨਸਾਨ ਦੀ ਕਿਸੇ ਇਸੇ ਤਰ੍ਹਾਂ ਦੀ ਚਾਹਤ ਲਈ ਗਵਾਹੀ ਮਾਤਰ ਹੀ ਤਾਂ ਹੈ।
ਨੀਦਰਲੈਂਡ ਦੀ ਸਪੇਨ ਉਪਰ ਕ੍ਰਿਸ਼ਮਈ ਜਿੱਤ ਦਾ ਨਜ਼ਾਰਾ ਲੰਮੇ ਸਮੇਂ ਤਕ ਲੋਕਾਂ ਦੀਆਂ ਯਾਦਾਂ ਅੰਦਰ ਤਾਜ਼ਾ ਬਣਿਆ ਰਹੇਗਾ। ਫੁੱਟਬਾਲ ਦੇ ਦਾਰਸ਼ਨਿਕ ਕੋਚ ਬਸੰਤੇ ਦਲ ਬੋਸਕੇ ਦੇ ਬੇਵਸੀ ਭਰੇ ਇਹ ਸ਼ਬਦ ਵੀ ਯਾਦ ਰਹਿਣਗੇ ਜੋ ਉਸ ਮੈਚ ਤੋਂ ਤੁਰੰਤ ਬਾਅਦ ਪੱਤਰਕਾਰਾਂ ਨੂੰ ਕਹੇ, “ਇਹ ਸਾਧਾਰਨ ਵਰਤਾਰਾ ਨਹੀਂ ਸੀ। ਮੈਨੂੰ ਕੱਖ ਪਤਾ ਨਹੀਂ ਲੱਗ ਰਿਹਾ ਕਿ ਮੈਂ ਤੁਹਾਨੂੰ ਕੀ ਦਸਾਂ ਕਿ ਡੱਚਾਂ ਨੇ ਕੀ ਮੰਤਰ ਫੂਕਿਆ ਸੀ- ਸਾਡੇ ਖਿਡਾਰੀਆਂ ਨੂੰ ਉਨ੍ਹਾਂ ਨੇ ਕੀਲ ਕੇ ਕਿਵੇਂ ਰੱਖ ਦਿਤਾ ਸੀ।” ਮੈਚ ਤੋਂ ਅਗਲੇ ਦਿਨ ਇੰਟਰਨੈੱਟ ਸਪੇਨ ਦੀ ਅਣਕਿਆਸੀ ਹਾਰ ਬਾਰੇ ਟਿਪਣੀਆਂ ਨਾਲ ਭਰਿਆ ਪਿਆ ਸੀ। ਸਭ ਤੋਂ ਦਿਲਚਸਪ ਟਿਪਣੀ ਉਹ ਸੀ ਜਿਸ ਵਿਚ ਨੀਦਰਲੈਂਡ ਹੱਥੋਂ ਸਪੇਨ ਦੀ ਇਸ ਹਾਰ ਨੂੰ ਸਾਧਾਰਨ ਘਟਨਾ ਨਹੀਂ ਬਲਕਿ ਵਿਸ਼ਵ ਕੱਪ ਦੌਰਾਨ ਟੁੱਟਿਆ ਆਪਣੀ ਤਰ੍ਹਾਂ ਦਾ ਹੀ ਕਹਿਰ ਦੱਸਿਆ ਹੋਇਆ ਸੀ।
ਸਾਡਾ ਵਿਸ਼ਵਾਸ ਹੈ ਕਿ ਇਹ ਕੋਈ ਕਹਿਰ ਨਹੀਂ ਸੀ ਅਤੇ ਨਾ ਸਪੇਨੀ ਕੋਚ ਦੇ ਚਿੰਤਨ ਵਿਚ ਹੀ ਕੋਈ ਗਲਤੀ ਸੀ। ਅੰਤਰ ਤਾਂ ਉਸ ਪ੍ਰੇਰਨਾ ਅਤੇ ਸ਼ਿੱਦਤ ਨੇ ਪਾ ਦਿੱਤਾ ਜਿਸ ਨਾਲ ਡੈਲੇ ਬਲਾਈਂਡ, ਆਰੀਅਨ ਰੋਬਿਨ ਅਤੇ ਰੋਬਿਨਫਨ ਪੇਰਸੀ ਸਪੇਨੀਆਂ ਤੋਂ ਪਿਛਲੇ ਵਿਸ਼ਵ ਕੱਪ ਦੇ ਫਾਈਨਲ ਵਿਚ ਹੋਈ ਆਪਣੀ ਹਾਰ ਦਾ ਹਿਸਾਬ-ਕਿਤਾਬ ਚੁਕਤਾ ਕਰਨ ਲਈ ਉਸ ਦਿਨ ਮੈਦਾਨ ਵਿਚ ਉਤਰੇ ਸਨ।
ਟੂਰਨਾਮੈਂਟ ਦਾ ਬਰਾਜ਼ੀਲ ਅਤੇ ਕਰੋਏਸ਼ੀਆ ਦੀਆਂ ਟੀਮਾਂ ਵਿਚਾਲੇ ਖੇਡਿਆ ਮੈਚ ਵੀ ਦਿਲਚਸਪ ਰਿਹਾ। ਮੈਚ ਦੌਰਾਨ ਕਰੋਏਸ਼ੀਆ ਵਿਰੁਧ ਰੈਫਰੀ ਵਲੋਂ ਦਿਤੀ ਪੈਨਲਟੀ ਨੂੰ ਲੱਖਾਂ ਦਰਸ਼ਕਾਂ ਨੇ ਗਲਤ ਦੱਸਿਆ ਪਰ ਗਲਤ ਜਾਂ ਠੀਕ ਪੈਨਲਟੀ ਨੂੰ ਜਿਸ ਖੂਬਸੂਰਤੀ ਨਾਲ ਨਾਇਮਾਰ ਨੇ ਗੋਲ ਵਿਚ ਬਦਲਿਆ ਉਹ ਵੀ ਕਮਾਲ ਸੀ।
ਇੰਗਲੈਂਡ ਅਤੇ ਇਟਲੀ ਦੀਆਂ ਟੀਮਾਂ ਵਿਚਾਲੇ ਮੈਚ ਨੂੰ ਕਰੋੜਾਂ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਇਟਲੀ ਦੀ ਟੀਮ ਭਲੇ ਹੀ 1 ਦੇ ਮੁਕਾਬਲੇ 2 ਗੋਲਾਂ ਨਾਲ ਮੈਚ ਜਿੱਤ ਗਈ ਪਰ ਇੰਗਲੈਂਡ ਦੇ ਖਿਡਾਰੀ ਰੂਨੀ ਦੀ ਖੇਡ ਬੜੀ ਹੀ ਮਨਮੋਹਕ ਸੀ। ਆਸਟਰੇਲੀਆ ਅਤੇ ਚਿੱਲੀ ਵਿਚਾਲੇ ਖੇਡਿਆ ਗਿਆ ਮੈਚ ਬੜਾ ਹੀ ਧਮਾਕੇਖੇਜ ਸੀ। ਚਿੱਲੀ ਦੀ ਟੀਮ ਭਲੇ ਹੀ ਮੈਚ 3-1 ਨਾਲ ਜਿੱਤ ਗਈ ਪਰ ਉਸ ਮੈਚ ਲਈ ਦਰਸ਼ਕਾਂ ਦਾ ਨਾਇਕ ਆਸਟਰੇਲੀਆਈ ਖਿਡਾਰੀ ਟਿਮ ਕਾਇਲ ਰਿਹਾ।
ਮੈਕਸੀਕੋ ਅਤੇ ਕੈਮਰੂਨ ਵਿਚਾਲੇ ਖੇਡਿਆ ਗਿਆ ਮੈਚ ਵਧੀਆ ਸੀ। ਆਈਵਰੀ ਕੋਸਟ ਦੀ ਟੀਮ ਨੇ ਜਪਾਨੀਆਂ ਨੂੰ ਹਰਾ ਦਿੱਤਾ। ਪਿਛਲੇ ਸਾਲ ਦੇ ਸੈਮੀ ਫਾਈਨਲਿਸਟ ਉਰੂਗੂਏ ਦੀ ਟੀਮ ਐਤਕੀਂ ਸਾਰਾ ਜ਼ੋਰ ਲਗਾ ਕੇ ਖੇਡਣ ਦੇ ਬਾਵਜੂਦ ਆਪਣੇ ਪਹਿਲੇ ਹੀ ਮੈਚ ਵਿਚ ਕੋਸਟਾਰੀਕਾ ਹੱਥੋਂ 1 ਦੇ ਮੁਕਾਬਲੇ 3 ਗੋਲਾਂ ਨਾਲ ਹਾਰ ਗਈ। ਸਵਿਟਜਰਲੈਂਡ ਦੇ ‘ਕਲਾਕਾਰਾਂ’ ਨੂੰ ਇਕਵਾਡੋਰ ਨੂੰ 1 ਦੇ ਮੁਕਾਬਲੇ 2 ਗੋਲਾਂ ਨਾਲ ਹਰਾਉਣ ਲਈ ਕਰੜੀ ਮੁਸ਼ੱਕਤ ਕਰਨੀ ਪਈ। ਪਰ ਐਤਵਾਰ ਦੇ ਦਿਨ ਸਭ ਤੋਂ ਘਾਤਕ ਮੁਕਾਬਲੇ ਦਾ ਸਾਹਮਣਾ ਅਰਜਨਟੀਈਨੀ ਬਾਜਾਂ ਦੀ ਟੀਮ ਨੂੰ ਬੋਸਨੀਆਂ ਦੀ ਟੀਮ ਨਾਲ ਕਰਨਾ ਪਿਆ। ਅਰਜਨਟਈਨਾ ਵੱਲੋਂ ਮੈਸੀ ਅਤੇ ਡੀਆਗੋ ਮਾਰਾਡੋਨਾ ਦੇ ਦਾਮਾਦ ਐਗੂਏਰ ਨਾਂ ਦੇ ਹਮਲਾਵਰ ਪੰਕਤੀ ਦੇ ਖਿਡਾਰੀਆਂ ਨੇ ਜਾਨ ਤੋੜ ਕੇ ਖੇਡਣ ਦੀ ਪੂਰੀ ਵਾਹ ਲਗਾਈ। ਮੈਸੀ ਨੇ ਇਕ ਬਹੁਤ ਹੀ ਯਾਦਗਾਰੀ ਗੋਲ ਕੀਤਾ ਪਰ ਬੋਸਨੀਆਂ ਵਾਲਿਆਂ ਨੇ ਲਗਾਤਾਰ ਅਰਜਨਟੀਨੀਆਂ ਦੀ ਅੱਬਾ-ਅੱਬਾ ਕਰਵਾਈ ਰਖੀ।
ਸੋਮਵਾਰ ਨੂੰ ਦੁਪਹਿਰੇ ਜਰਮਨੀ ਅਤੇ ਪੁਰਤਗਾਲ ਵਿਚਾਲੇ ਖੇਡਿਆ ਗਿਆ ਮੈਚ ਵੀ ਬੇਹਦ ਸਨਸਨੀਖੇਜ ਰਿਹਾ। ਰੋਨਾਲਡ ਵਰਗੇ ਮਹਾਨ ਸੁਪਰ ਸਟਾਰ ਦੀ ਹਾਜ਼ਰੀ ਵਿਚ ਪੁਰਤਗਾਲ ਆਪਣੇ ਪਹਿਲੇ ਹੀ ਮੈਚ ਵਿਚ ਸਿਫਰ ਦੇ ਮੁਕਾਬਲੇ 4 ਗੋਲਾਂ ਦੇ ਵਡੇ ਫਰਕ ਨਾਲ ਹਾਰੇਗਾ- ਕਿਸੇ ਦੇ ਤਸੱਵਰ ਵਿਚ ਵੀ ਨਹੀਂ ਸੀ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਸ ਅਹਿਮ ਮੁਕਾਬਲੇ ਨੂੰ ‘ਸੁਪਰ ਸਟਾਰ ਅਤੇ ਸੁਪਰ ਪਾਵਰ’ ਦੀ ਟੱਕਰ ਵਜੋਂ ਦਸਿਆ ਜਾ ਰਿਹਾ ਸੀ ਬਲਕਿ ਬੈਨਰ ਇਸ ਤਰ੍ਹਾਂ ਦਾ ਲਗਿਆ ਹੋਇਆ ਸੀ ਪਰ ਅਜਿਹਾ ਹੋ ਨਾ ਸਕਿਆ ਬਲਕਿ ਮੈਚ ਤੋਂ ਬਾਅਦ ਲਗਦਾ ਇਹੋ ਸੀ ਜਿਵੇਂ ਗਰਾਊਂਡ ਅੰਦਰ ‘ਸ਼ਤਰੰਜ ਦੀ ਬਿਸਾਤ’ ਹਮਲਾਵਰ ਪੰਕਤੀ ਦੇ ਜਰਮਨ ਖਿਡਾਰੀ ਟਾਮਸ ਮੁਲਰ ਦੀ ਪ੍ਰਤਿਭਾ ਨੂੰ ਆਸ਼ਕਾਰ ਕਰਨ ਲਈ ਵਿਛਾਈ ਗਈ ਹੋਵੇ। ਮੈਚ ਦੇ ਸ਼ੁਰੂਆਤੀ ਪਲਾਂ ਵਿਚ ਰੋਨਾਲਡੋ ਨੇ ਆਪਣੇ ਪੁਰਾਣੇ ਤਜਰਬਾਕਾਰ ਸਾਥੀ ਖਿਡਾਰੀ ਨੈਨੀ ਨਾਲ ਮਿਲ ਕੇ ਬਹੁਤ ਤੇਜ਼ ਸ਼ੁਰੂਆਤ ਕੀਤੀ ਅਤੇ ਜਰਮਨ ਮੱਧ ਪੰਕਤੀ ਦੇ ਜਰਨੈਲਾਂ ਕਪਤਾਨ ਫਿਲਪਲਾਹਮ ਅਤੇ ਸੈਮੀ ਖਡੀਰਾ ਨੂੰ ਕੁੱਝ ਪਲਾਂ ਲਈ ਤਾਂ ਮਾਨੋ ਹੱਥਾਂ ਪੈਰਾਂ ਦੀਆਂ ਹੀ ਪਾ ਦਿੱਤੀਆਂ ਪਰ 12 ਵੇਂ ਮਿੰਟ ‘ਚ ਹੀ ਜੇਮਾਓ ਪੈਰੇਰਾ ਪੁਰਤਗਾਲ ਪੈਨਲਟੀ ਬਾਕਸ ਦੇ ਮੂਹਰੇ ਮਾਰੀਓ ਗੋਟਜੇ ਨੂੰ ਰੋਕਣ ਦੇ ਚਕਰ ਵਿਚ ਫਾਊਲ ਕਰ ਬੈਠਿਆ ਅਤੇ ਪੈਨਲਟੀ ਮਿਲਣ ਤੇ ਮੁਲਰ ਨੇ ਬਹੁਤ ਹੀ ਆਕਰਸ਼ਕ ਅੰਦਾਜ਼ ਵਿਚ ਆਪਣੀ ਟੀਮ ਲਈ ਗੋਲਾਂ ਦਾ ਖਾਤਾ ਖੋਲ੍ਹ ਦਿਤਾ। ਬਸ ਫਿਰ ਕੀ ਸੀ- ਇਸ ਇਕੋ ਝਟਕੇ ਨਾਲ ਪਾਸਾ ਪਲਟ ਗਿਆ; ਪਰ ਪੁਰਤਗੇਜੀ ਟੀਮ ਦੇ ਕਲਾਸਿਕ ਵਕਾਰ ਦੀ ਬਰਬਾਦੀ ਦੀ ਅਸਲ ਸ਼ੁਰੂਆਤ 20-25 ਮਿੰਟ ਪਿਛੋਂ ਉਸ ਸਮੇ ਸ਼ੁਰੂ ਹੋਈ ਜਦੋਂ ਕਾਰਨਰ ਕਿੱਕ ਤੋਂ ਰਾਕਟ ਵਾਂਗੂ ਆ ਰਹੇ ਬਾਲ ਨੂੰ ਮੈਟਸ ਹਮਲਜ ਨੇ ਹੋਰ ਵੀ ਸਟੀਕ ਅੰਦਾਜ਼ ਵਿਚ ਹੈੱਡਰ ਮਾਰ ਕੇ ਗੋਲ ਲਾਈਨ ਤੋਂ ਪਾਰ ਕਰ ਦਿਤਾ। ਬਸ ਦੂਜਾ ਗੋਲ ਹੋਣ ਦੀ ਦੇਰ ਸੀ ਕਿ ਪੁਰਤਗੇਜੀ ‘ਜਰਨਲ’ ਦਿਸ਼ਾਹੀਣ ਹੋ ਗਏ। ਇਸ ਦਾ ਸਬੂਤ ਇਸ ਤੋਂ ਵੱਡਾ ਕੀ ਹੋ ਸਕਦਾ ਹੈ ਕਿ ਪੇਪੇ ਵਰਗਾ ਪੁਰਤਗੇਜੀ ਟੀਮ ਦੀ ਮੱਧ ਪੰਕਤੀ ਦੇ ਮਜ਼ਬੂਤ ਧੁਰੇ ਦੇ ਰੂਪ ਵਿਚ ਕੰਮ ਆਉਣ ਵਾਲਾ ਮਹਾਨ ਤਜਰਬੇਕਾਰ ਖਿਡਾਰੀ ਬਿਲਾ ਵਜ੍ਹਾ ਹੀ ਮੁਲਰ ਨਾਲ ਉਲਝ ਕੇ ਉਸ ਵਕਤ ਲਾਲ ਕਾਰਡ ਲੈ ਕੇ ਮੈਦਾਨ ਵਿਚੋਂ ਬਾਹਰ ਜਾ ਬੈਠਾ ਜਿਸ ਵਕਤ ਕਿ ਟੀਮ ਨੂੰ ਉਸਦੀ ਬੇਹਦ ਲੋੜ ਹੋਵੇ। ਪੇਪੇ ਦੇ ਬਾਹਰ ਹੁੰਦਿਆਂ ਹੀ ਪੁਰਤਗੇਜੀ ਚੀਤਿਆਂ ਦੀ ਟੀਮ ਬੇਰੰਗ ਬੇਨਕਸ਼ ਬੁਰੀ ਤਰ੍ਹਾਂ ਬੇਪਛਾਣ ਹੋ ਗਈ। ਮੈਚ ਦੇ ਪਹਿਲੇ ਅੱਧ ਦੀ ਸੀਟੀ ਵੱਜਣ ਹੀ ਵਾਲੀ ਸੀ ਕਿ ਮੁਲਰ ਨੇ ਪੁਰਤਗਾਲ ਵਿਰੁਧ ਤੀਜਾ ਗੋਲ ਦਾਗ ਦਿਤਾ।
ਫੁੱਟਬਾਲ ਦੇ ਮੈਦਾਨ ਅੰਦਰ ਖੇਡੇ ਜਾ ਰਹੇ ਇਸ ਅਦਭੁਤ ‘ਕਾਵਿ-ਨਾਟਕ’ ਦਾ ਸਿਖਰ ਤਾਂ ਮੈਚ ਦੇ 78 ਵੇਂ ਮਿੰਟ ‘ਤੇ ਜਾ ਕੇ ਉਸ ਸਮੇਂ ਆਇਆ ਜਦੋਂ ਉਸ ਦੇ ਸਾਥੀ ਖਿਡਾਰੀ ਆਦਰੇ ਸ਼ੁਰਲੇ ਪੁਰਤਗੇਜੀ ਗੋਲਾਂ ਵੱਲ ਜਾ ਰਹੀ ਜ਼ੋਰਦਾਰ ਕਰਾਸ ਕਿੱਕ ਨੂੰ ਉਨ੍ਹਾਂ ਦੇ ਕੀਪਰ ਰੂਈ ਪੈਟਰੀਸ਼ੀਓ ਨੇ ਰੋਕ ਤਾਂ ਲਿਆ ਪਰ ਬਾਲ ਵਾਪਸ ਗੋਲ ਪੋਸਟ ਅਗੇ ਉਮੜੀ ਦੋਵਾਂ ਟੀਮਾਂ ਦੇ ਮਹਾਨ ਖਿਡਾਰੀਆਂ ਦੀ ਭੀੜ ਵਿਚ ਆ ਡਿਗੀ। ਅਜਿਹੇ ਭੀੜ-ਭੜੱਕ ਵਿਚ ਗੋਲ ਕੋਈ ਟਾਮਸ ਮੁਲਰ ਵਰਗਾ ਕਲਾਕਾਰ ਹੀ ਬਣਾ ਸਕਦਾ ਸੀ ਅਤੇ ਉਸ ਨੇ ਬੜੇ ਸਹਿਜ਼ ਨਾਲ ਹੀ ਉਹ ਕੌਤਕ ਐਂ ਕਰ ਦਿਤਾ ਜਿਤਰਾਂ ਮਹਾਂਭਾਰਤ ਦੇ ‘ਨਾਜ਼ੁਕ ਮਲੂਕ’ ਨਾਇਕ ਅਭਮੰਨਿਊ ਨੇ ਚੱਕਰਵਿਊ ਮਾਨੋ ਅਜਿਹੇ ਸਹਿਜ ਨਾਲ ਹੀ ਅਸਤ-ਵਿਅਸਤ ਕਰ ਦਿੱਤਾ ਸੀ। ਸਾਲ 2010 ਦੇ ਵਿਸ਼ਵ ਕੱਪ ਵਿਚ ਮੁਲਰ ਦੀ ਉਮਰ ਬੜੀ ਛੋਟੀ ਸੀ ਪਰ ਉਨ ਗੋਲਡਨ ਬੂਟ ਜਿੱਤਣ ਦਾ ਮਾਣ ਹਾਸਲ ਕੀਤਾ ਸੀ। ਉਮਰ ਉਸ ਦੀ ਅਜੇ ਵੀ ਕੋਈ ਜ਼ਿਆਦਾ ਨਹੀਂ ਹੈ। ਦਿੱਖ ਉਸ ਦੀ ਬੜੀ ਹੀ ਨਾਜ਼ਕ ਜਿਹੀ ਹੈ। ਦੂਰੋਂ ਵੇਖਿਆਂ ਉਹ ਫੁੱਟਬਾਲ ਜਗਤ ਦਾ ਇਹ ਨਾਇਕ ਸ਼ਕਤੀਸ਼ਾਲੀ ਖਿਡਾਰੀ ਨਹੀਂ ਬਲਕਿ ਆਰਟਿਸਟ ਹੀ ਲੱਗਦਾ ਹੈ।
ਸੋਮਵਾਰ ਨੂੰ ਅਮਰੀਕਾ ਅਤੇ ਘਾਨਾ ਦੀਆਂ ਟੀਮਾਂ ਵਿਚਾਲੇ ਖੇਡੇ ਗਏ ਤੀਜੇ ਅਤੇ ਅੰਤਿਮ ਮੈਚ ਵਿਚ ਘਾਨਾ ਦੀ ਜ਼ਬਰਦਸਤ ਟੀਮ ਅਮਰੀਕਾ ਹੱਥੋਂ 1 ਗੋਲ ਦੇ ਮੁਕਾਬਲੇ 2 ਗੋਲਾਂ ਨਾਲ ਹਾਰ ਗਈ। ਇਹ ਨਤੀਜਾ ਕਿਧਰੋਂ ਦਾ ਵੀ ‘ਇਨਸਾਫ’ ਨਹੀਂ ਸੀ। ਘਾਨਾ ਦੀ ਹਾਰ ਕਿਸੇ ਯੂਨਾਨੀ ਤਰਾਸਦੀ ਤੋਂ ਘੱਟ ਨਹੀਂ ਸੀ। ਜ਼ਿਆਦਾ ਵਿਸਥਾਰ ਵਿਚ ਜੇਕਰ ਨਾ ਵੀ ਜਾਈਏ ਤਾਂ ਮੈਚ ਦੀ ਸਮਰੀ ਤੋਂ ਹੀ ਕਹਾਣੀ ਦੀ ਨੁਹਾਰ ਦਾ ਪਤਾ ਲਗ ਸਕਦਾ ਹੈ। ਪੂਰੇ ਮੈਚ ਦੌਰਾਨ ਘਾਨਾ ਨੇ ਅਮਰੀਕਨ ਗੋਲਾਂ ਵੱਲ ਕੁਲ 21 ਸ਼ਾਟ ਮਾਰੇ ਜਦੋਂ ਕਿ ਅਮਰੀਕਾ ਨੇ ਅਜਿਹੀਆਂ ਕੋਸ਼ਿਸ਼ਾਂ 8 ਵਾਰੀ ਹੀ ਕੀਤੀਆਂ। ਇਹ ਠੀਕ ਹੈ ਕਿ ਕਲਿੰਟ ਡੈਂਪਸੀ ਬਹੁਤ ਜ਼ੋਰਦਾਰ ਖਿਡਾਰੀ ਹੈ। ਅਮਰੀਕਾ ਦਾ ‘ਤੁਰਪ ਦਾ ਪੱਤਾ’ ਵੀ ਉਹ ਹੀ ਸੀ। ਘਾਨਾ ਦੀ ਮਾੜੀ ਕਿਸਮਤ ਹੀ ਕਹੀ ਜਾ ਸਕਦੀ ਹੈ ਕਿ ਉਹ ਮੈਚ ਸ਼ੁਰੂ ਹੁੰਦਿਆਂ ਹੀ ਆਪਣੀ ਟੀਮ ਲਈ ਪਹਿਲਾ ਗੋਲ ਮਾਰ ਗਿਆ। 8 ਮਿੰਟਾਂ ਦੀ ਅੰਨੇਵਾਹ ਜਦੋ-ਜਹਿਦ ਤੋਂ ਬਾਅਦ ਘਾਨਾ ਵਲੋਂ ਆਂਦਰੇ ਅਈਊ ਨੇ ਗੋਲ ਲਾਹ ਦਿਤਾ ਪਰ 2-4 ਮਿੰਟਾਂ ਬਾਅਦ ਹੀ ਅਮਰੀਕਨ ਖਿਡਾਰੀ ਜਾਹਨ ਬਰੁੱਕਸ (ਜੂਨੀਅਰ) ਨੇ ਮੈਚ ਦਾ ਫੈਸਲਾਕੁਨ ਗੋਲ ਦਾਗ ਕੇ ਘਾਨਾ ਦੇ ‘ਜ਼ਾਂਨਿਸਾਰਾਂ’ ਨੂੰ ਬਰਬਾਦ ਕਰ ਦਿੱਤਾ।
Leave a Reply