-ਜਤਿੰਦਰ ਪਨੂੰ
ਭਾਰਤ ਦੀ ਕਮਾਨ ਭਾਰਤੀ ਜਨਤਾ ਪਾਰਟੀ ਦੇ ਆਗੂ ਨਰਿੰਦਰ ਮੋਦੀ ਦੇ ਹੱਥ ਆਈ ਨੂੰ ਜਦੋਂ ਪੌਣਾ ਮਹੀਨਾ ਵੀ ਨਹੀਂ ਹੋਇਆ, ਇਸ ਸਰਕਾਰ ਨੂੰ ਆਪਣੇ ਰਾਹ ਵਿਚ ਆਣ ਖੜੋਤੇ ਕਈ ਗੰਭੀਰ ਮੁੱਦਿਆਂ ਅਤੇ ਮੁਸ਼ਕਲਾਂ ਨਾਲ ਅੱਖ ਵਿਚ ਅੱਖ ਪਾ ਕੇ ਵੇਖਣਾ ਪੈ ਗਿਆ ਹੈ। ਸਾਡੇ ਮੀਡੀਏ ਵੱਲ ਵੇਖ ਕੇ ਗੱਲ ਕਰਨੀ ਹੋਵੇ ਤਾਂ ਉਸ ਲਈ ਹੋਰ ਸਭਨਾਂ ਤੋਂ ਵੱਡਾ ਮੁੱਦਾ ਇਹ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਮਾਤਾ ਨੂੰ ਮਿਲੀ ਸ਼ਾਲ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਮਾਤਾ ਨੂੰ ਮਿਲੀ ਸਾੜ੍ਹੀ ਵਾਸਤੇ ਹਾਲੇ ਅਸੀਸਾਂ ਦੀ ਲੜੀ ਨਹੀਂ ਮੁੱਕੀ ਕਿ ਸਰਹੱਦਾਂ ਉਤੇ ਗੋਲਾਬੰਦੀ ਦੀ ਉਲੰਘਣਾ ਦੀ ਖਬਰ ਆ ਗਈ ਹੈ। ਅਸੀਂ ਇਸ ਨੂੰ ਹਾਲੇ ਵੱਡੀ ਗੱਲ ਨਹੀਂ ਕਹਿ ਰਹੇ। ਇਸ ਹਫਤੇ ਦੇ ਸ਼ੁਰੂ ਵਾਲੇ ਦੋ ਦਿਨ ਕਰਾਚੀ ਏਅਰਪੋਰਟ ਉਤੇ ਜਿਨ੍ਹਾਂ ਦਹਿਸ਼ਤਗਰਦਾਂ ਨੇ ਹਮਲੇ ਕੀਤੇ ਸਨ, ਉਨ੍ਹਾਂ ਦੇ ਜੋੜੀਦਾਰ ਉਥੇ ਫੌਜ ਤੇ ਖੁਫੀਆ ਏਜੰਸੀਆਂ ਵਿਚ ਬਹੁਤ ਹਨ, ਉਨ੍ਹਾਂ ਵਿਚੋਂ ਕੋਈ ਬੰਦਾ ਜਾਣ-ਬੁੱਝ ਕੇ ਇਹ ਰੱਫੜ ਪਾ ਸਕਦਾ ਹੈ ਤੇ ਇਹ ਰੱਫੜ ਅਚਾਨਕ ਚੱਲੀ ਗੋਲੀ ਕਾਰਨ ਵੀ ਪੈ ਸਕਦਾ ਹੈ। ਕਈ ਵਾਰੀ ਰਾਤ ਦੇ ਉਨੀਂਦਰੇ ਵਿਚ ਇੱਕ ਪਾਸੇ ਦੇ ਕਿਸੇ ਫੌਜੀ ਤੋਂ ਅਚਾਨਕ ਚੱਲ ਗਈ ਗੋਲੀ ਵੀ ਸਰਹੱਦਾਂ ਉਤੇ ਘੰਟਿਆਂ ਬੱਧੀ ਗੋਲੀਆਂ ਚੱਲਣ ਦਾ ਕਾਰਨ ਬਣ ਜਾਂਦੀ ਹੁੰਦੀ ਹੈ। ਇਸੇ ਕਾਰਨ ਦੋਵਾਂ ਦੇਸ਼ਾਂ ਦੇ ਫੌਜੀ ਅਪਰੇਸ਼ਨਾਂ ਦੇ ਮੁਖੀਆਂ ਵਿਚਾਲੇ ਹਾਟ-ਲਾਈਨ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਉਨ੍ਹਾਂ ਦੀ ਜ਼ਿਮੇਵਾਰੀ ਬਣਦੀ ਹੈ ਕਿ ਏਦਾਂ ਦੀਆਂ ਝੜਪਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਯਤਨ ਕਰਨ। ਦੋਵਾਂ ਦੇਸ਼ਾਂ ਦੇ ਵਿਚ ਇੱਕ ਨਵਾਂ ‘ਕਾਰਗਿਲ’, ਜਿਵੇਂ ਇਸ ਨੂੰ ਦੋਵੇਂ ਪਾਸਿਆਂ ਦਾ ਮੀਡੀਆ ਕਹਿ ਰਿਹਾ ਹੈ, ਬਣਨ ਦੀ ਕੋਈ ਸੰਭਾਵਨਾ ਹਾਲ ਦੀ ਘੜੀ ਸਾਨੂੰ ਨਹੀਂ ਜਾਪਦੀ, ਅਤੇ ਅਸੀਂ ਸੁੱਖ ਮੰਗਾਂਗੇ ਕਿ ਉਹੋ ਜਿਹੀ ਸਥਿਤੀ ਕਦੀ ਪੈਦਾ ਵੀ ਨਾ ਹੋਵੇ।
ਸਰਹੱਦਾਂ ਦਾ ਮਾਮਲਾ ਫੌਰੀ ਨਹੀਂ, ਭਾਵੇਂ ਧਿਆਨ ਤੋਂ ਲਾਂਭੇ ਕਰਨ ਵਾਲਾ ਵੀ ਨਹੀਂ, ਇਸ ਦੀ ਥਾਂ ਕੇਂਦਰ ਦੀ ਸਰਕਾਰ ਦੇ ਸਾਹਮਣੇ ਕਈ ਹੋਰ ਵੱਡੇ ਮੁੱਦੇ ਸਿਰ ਚੁੱਕ ਖੜੋਤੇ ਹਨ, ਜਿਨ੍ਹਾਂ ਦਾ ਸਾਹਮਣਾ ਕਰਨ ਵੇਲੇ ਪ੍ਰਧਾਨ ਮੰਤਰੀ ਦਾ ਰੁਖ ਉਸ ਬਾਰੇ ਲੋਕਾਂ ਵਿਚ ਕੋਈ ਧਾਰਨਾ ਬਣਾਉਣ ਵਾਲਾ ਸਾਬਤ ਹੋ ਸਕਦਾ ਹੈ। ਆਮ ਲੋਕਾਂ ਲਈ ਸਭ ਤੋਂ ਵੱਡਾ ਮੁੱਦਾ ਇੱਕ ਵਾਰ ਫਿਰ ਮਹਿੰਗਾਈ ਦਾ ਹੈ। ਸਬਜ਼ੀਆਂ ਦੇ ਭਾਅ ਇੱਕ-ਦਮ ਚੜ੍ਹ ਗਏ ਹਨ। ਕੋਈ ਸਬਜ਼ੀ ਇੱਕੋ ਹਫਤੇ ਵਿਚ ਡਿਓਢੇ ਅਤੇ ਕੋਈ ਦੁੱਗਣੇ ਤੱਕ ਚਲੀ ਗਈ ਹੈ। ਪਿਆਜ਼ ਦਾ ਭਾਅ ਸਾਰੇ ਭਾਰਤ ਵਿਚ ਚੜ੍ਹ ਗਿਆ ਹੈ ਤੇ ਇਸ ਵਿਚ ਕੀਮਤਾਂ ਵੀ ਕਿਤੇ ਪੰਝੀ ਰੁਪਏ ਤੇ ਕਿਤੇ ਪੰਝੱਤਰ ਰੁਪਏ ਤੱਕ ਦੇ ਫਰਕ ਵਾਲੀਆਂ ਹੋਣ ਕਾਰਨ ਲੋਕਾਂ ਵਿਚ ਚਰਚਾ ਚੱਲ ਪਈ ਹੈ ਕਿ ਚੋਣਾਂ ਵਿਚ ਚੰਦੇ ਦੇਣ ਵਾਲੇ ਕੁਝ ਖਾਸ ਵਪਾਰੀ ਵਰਗਾਂ ਨੂੰ ਚੋਣ-ਚੰਦੇ ਪੂਰੇ ਕਰਨ ਲਈ ਵੇਲੇ ਸਿਰ ਖੁੱਲ੍ਹ ਦੇ ਦਿੱਤੀ ਗਈ ਹੈ। ਯਕੀਨੀ ਭਾਵੇਂ ਨਾ ਹੋਵੇ, ਪਰ ਇਹ ਗੱਲ ਠੀਕ ਵੀ ਹੋ ਸਕਦੀ ਹੈ।
ਕੇਂਦਰ ਸਰਕਾਰ ਦਾ ਇੱਕ ਮੰਤਰੀ ਗੋਪੀ ਨਾਥ ਮੁੰਡੇ ਦਿੱਲੀ ਵਿਚ ਸੜਕੀ ਹਾਦਸੇ ਵਿਚ ਮਾਰਿਆ ਗਿਆ। ਜਦੋਂ ਅੰਤਮ ਸੰਸਕਾਰ ਹੋਣਾ ਸੀ, ਉਥੇ ਲੋਕਾਂ ਨੇ ਇਸ ਮੰਗ ਲਈ ਇੱਟ-ਵੱਟਾ ਚਲਾ ਦਿੱਤਾ ਕਿ ਇਹ ਮੌਤ ਸ਼ੱਕੀ ਜਾਪਦੀ ਹੈ, ਇਸ ਲਈ ਸੀ ਬੀ ਆਈ ਜਾਂਚ ਕਰਵਾਈ ਜਾਵੇ। ਅਗਲੇ ਦਿਨੀਂ ਇਹ ਚਰਚਾ ਹੋਰ ਵੀ ਵਧ ਗਈ। ਮਹਾਰਾਸ਼ਟਰ ਵਿਚ ਵਿਧਾਨ ਸਭਾ ਨਾਲ ਦੂਸਰਾ ਹਾਊਸ ਵਿਧਾਨ ਪ੍ਰੀਸ਼ਦ ਵੀ ਹੈ, ਜਿਹੜੀ ਪੰਜਾਬ ਵਿਚ ਵੀ ਪਹਿਲਾਂ ਹੁੰਦੀ ਸੀ ਤੇ ਫਿਰ ਬੰਦ ਕਰ ਦਿੱਤੀ ਗਈ ਸੀ। ਉਥੋਂ ਦੀ ਵਿਧਾਨ ਪ੍ਰੀਸ਼ਦ ਵਿਚ ਵਿਰੋਧੀ ਧਿਰ ਦਾ ਆਗੂ ਭਾਜਪਾ ਦਾ ਪਾਂਡੂਰੰਗ ਫੁੰਡਕਰ ਹੈ ਤੇ ਉਸ ਨੇ ਇਹ ਕਹਿ ਕੇ ਸਨਸਨੀ ਮਚਾ ਦਿੱਤੀ ਹੈ ਕਿ ਮਰਹੂਮ ਆਗੂ ਗੋਪੀ ਨਾਥ ਮੁੰਡੇ ਨੂੰ ਭਾਜਪਾ ਵਿਚ ਏਨਾ ਜ਼ਲੀਲ ਕੀਤਾ ਜਾਂਦਾ ਰਿਹਾ ਸੀ ਤੇ ਉਹ ਇੱਕ ਵਾਰੀ ਭਾਜਪਾ ਛੱਡ ਕੇ ਕਾਂਗਰਸ ਵਿਚ ਹੀ ਚਲਾ ਚੱਲਿਆ ਸੀ। ਇਸ ਦਾ ਅਸਰ ਇਹ ਹੋਇਆ ਕਿ ਗੋਪੀ ਨਾਥ ਮੁੰਡੇ ਦੀ ਮੌਤ ਵਾਲੇ ਹਾਦਸੇ ਬਾਰੇ ਸ਼ੱਕ ਦੀ ਗੁੰਜਾਇਸ਼ ਹੋਰ ਵਧ ਗਈ ਤੇ ਫਿਰ ਇਸ ਹਾਦਸੇ ਦੀ ਜਾਂਚ ਸੀ ਬੀ ਆਈ ਨੂੰ ਸੌਂਪਣ ਦਾ ਫੈਸਲਾ ਕਰਨਾ ਪੈ ਗਿਆ, ਤਾਂ ਕਿ ਦੇਸ਼ ਦੀ ਅਗਵਾਈ ਕਰਦੀ ਪਾਰਟੀ ਦੇ ਆਪਣੇ ਅੰਦਰ ਇੱਕ ਸੀਨੀਅਰ ਆਗੂ ਦੀ ਮੌਤ ਬਾਰੇ ਪੈਦਾ ਹੋਏ ਭਰਮ ਖਤਮ ਕੀਤੇ ਜਾ ਸਕਣ।
ਕੀ ਹੁਣ ਸੀ ਬੀ ਆਈ ਜਾਂਚ ਨਾਲ ਸਾਰੇ ਭਰਮ ਖਤਮ ਹੋ ਜਾਣਗੇ? ਪਹਿਲਾਂ ਤਾਂ ਭਾਜਪਾ ਇਹ ਦੋਸ਼ ਲਾਇਆ ਕਰਦੀ ਸੀ ਕਿ ਕਾਂਗਰਸ ਸੀ ਬੀ ਆਈ ਦੀ ਦੁਰਵਰਤੋਂ ਕਰਦੀ ਹੈ, ਹੁਣ ਇਸ ਦੇ ਆਪਣੇ ਉਪਰ ਇਹੋ ਦੋਸ਼ ਲੱਗ ਗਿਆ ਹੈ। ਪੱਛਮੀ ਬੰਗਾਲ ਦੇ ਇੱਕ ਘੋਟਾਲੇ ਦੀ ਜਾਂਚ ਸੀ ਬੀ ਆਈ ਕਰ ਰਹੀ ਹੈ ਤੇ ਉਥੋਂ ਦੀ ਸਰਕਾਰ ਨੂੰ ਭਾਜਪਾ ਆਪਣੇ ਪੱਖ ਵਿਚ ਕਰਨਾ ਚਾਹੁੰਦੀ ਹੈ। ਚਿੱਟ-ਫੰਡ ਘੋਟਾਲੇ ਦੀ ਜਾਂਚ ਠੀਕ ਹੋ ਰਹੀ ਹੈ ਜਾਂ ਗਲਤ, ਇਹ ਗੱਲ ਪਤਾ ਨਹੀਂ, ਪਰ ਉਥੇ ਰਾਜ ਕਰਦੀ ਤ੍ਰਿਣਮੂਲ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਤੇ ਪਾਰਟੀ ਬੁਲਾਰੇ ਡੈਰੇਕ ਓ ਬਰਾਇਨ ਨੇ ਦੋਸ਼ ਲਾ ਦਿੱਤਾ ਹੈ ਕਿ ਭਾਜਪਾ ਇਸ ਕੇਸ ਵਿਚ ਸੀ ਬੀ ਆਈ ਦੀ ਦੁਰਵਰਤੋਂ ਕਰ ਰਹੀ ਹੈ। ਜੇ ਕੱਲ੍ਹ ਨੂੰ ਗੋਪੀ ਨਾਥ ਮੁੰਡੇ ਦੇ ਕੇਸ ਦੀ ਜਾਂਚ ਦੇ ਸਿੱਟਿਆਂ ਤੋਂ ਸਬੰਧਤ ਪਰਿਵਾਰ ਤੇ ਮੁੰਡੇ ਸਮੱਰਥਕਾਂ ਦੀ ਤਸੱਲੀ ਨਾ ਹੋਈ ਤਾਂ ਜਿਹੜਾ ਦੋਸ਼ ਅੱਜ ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਨੇ ਲਾਇਆ ਹੈ, ਉਹ ਭਾਜਪਾ ਦੇ ਆਪਣੇ ਅੰਦਰੋਂ ਵੀ ਲਾਇਆ ਜਾ ਸਕਦਾ ਹੈ।
ਭਾਜਪਾ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਇੱਕ ਮਾਮਲਾ ਹੋਰ ਵੀ ਪੂਰੀ ਗੰਭੀਰਤਾ ਨਾਲ ਪੇਸ਼ ਹੋਇਆ ਹੈ। ਉਸ ਨੇ ਪਾਰਲੀਮੈਂਟ ਵਿਚ ਰਾਸ਼ਟਰਪਤੀ ਦੇ ਭਾਸ਼ਣ ਉਤੇ ਧੰਨਵਾਦ ਦੇ ਮਤੇ ਉਤੇ ਬਹਿਸ ਨੂੰ ਸਮੇਟਦੇ ਹੋਏ ਕਿਹਾ ਸੀ ਕਿ ਇਸ ਪਾਰਲੀਮੈਂਟ ਵਿਚ ਬਹੁਤ ਸਾਰੇ ਮੈਂਬਰਾਂ ਉਤੇ ਅਪਰਾਧਕ ਕੇਸ ਹਨ, ਅਸੀਂ ਇਨ੍ਹਾਂ ਕੇਸਾਂ ਦਾ ਫੈਸਲਾ ਇੱਕੋ ਸਾਲ ਵਿਚ ਕਰਵਾ ਦਿਆਂਗੇ ਤੇ ਅਗਲੇ ਸਾਲ ਤੱਕ ਕੋਈ ਦਾਗੀ ਪਾਰਲੀਮੈਂਟ ਵਿਚ ਨਹੀਂ ਹੋਵੇਗਾ। ਕਹਿਣ ਤੋਂ ਭਾਵ ਇਹ ਸੀ ਕਿ ਜਿਹੜੇ ਦੋਸ਼ੀ ਸਾਬਤ ਹੋ ਗਏ, ਉਹ ਜੇਲ੍ਹ ਵਿਚ ਜਾਣਗੇ ਤੇ ਜਿਹੜੇ ਬੇਗੁਨਾਹ ਸਾਬਤ ਹੋ ਗਏ, ਉਹ ਪਾਰਲੀਮੈਂਟ ਵਿਚ ਬੈਠਿਆ ਕਰਨਗੇ। ਸਿਰਫ ਇੱਕ ਦਿਨ ਬਾਅਦ ਇੱਕ ਮਾਮਲਾ ਰਾਜਸਥਾਨ ਤੋਂ ਆ ਗਿਆ। ਉਥੋਂ ਦੇ ਸਾਰੇ ਪੰਝੀ ਹਲਕਿਆਂ ਤੋਂ ਭਾਜਪਾ ਦੇ ਐਮ ਪੀ ਜਿੱਤੇ ਸਨ ਅਤੇ ਮੰਤਰੀ ਸਿਰਫ ਇੱਕੋ ਬਣਿਆ ਸੀ, ਉਹ ਵੀ ਪੂਰਾ ਨਹੀਂ, ਰਾਜ ਮੰਤਰੀ ਬਣਾਇਆ ਗਿਆ ਸੀ। ਭਾਜਪਾ ਨੂੰ ਇੱਕ ਪਾਰਟੀ ਤਾਂ ਕਿਹਾ ਜਾ ਸਕਦਾ ਹੈ, ਇੱਕ-ਮੁੱਠ ਪਾਰਟੀ ਨਹੀਂ ਕਿਹਾ ਜਾ ਸਕਦਾ। ਇਸ ਇੱਕੋ ਪਾਰਟੀ ਵਿਚ ਕਈ ਧੜੇ ਤੇ ਧਿਰਾਂ ਅਤੇ ਕਈ ਤਰ੍ਹਾਂ ਦੇ ਵਿਰੋਧ ਹਨ। ਰਾਜਸਥਾਨ ਤੋਂ ਸਿਰਫ ਇੱਕ ਮੰਤਰੀ ਬਣਾਇਆ ਜਾਣ ਕਰ ਕੇ ਉਥੋਂ ਦੀ ਮੁੱਖ ਮੰਤਰੀ ਬੀਬੀ ਵਸੁੰਧਰਾ ਰਾਜੇ ਹੁਣ ਪ੍ਰਧਾਨ ਮੰਤਰੀ ਮੋਦੀ ਨਾਲ ਮੂੰਹ ਵਿੰਗਾ ਕਰੀ ਬੈਠੀ ਹੈ। ਉਥੋਂ ਬਣਾਏ ਗਏ ਇਕਲੌਤੇ ਕੇਂਦਰੀ ਮੰਤਰੀ ਨਿਹਾਲ ਸਿੰਘ ਉਤੇ ਬਲਾਤਕਾਰ ਦਾ ਦੋਸ਼ ਲੱਗਾ ਹੈ ਤੇ ਅਦਾਲਤ ਤੋਂ ਉਸ ਦੇ ਸੰਮਨ ਜਾਰੀ ਹੋ ਗਏ ਹਨ। ਦੂਸਰਿਆਂ ਨੂੰ ਕਟਹਿਰੇ ਵਿਚ ਖੜਾ ਕਰ ਕੇ ਅਸਤੀਫਾ ਮੰਗਣ ਵਾਲੇ ਭਾਜਪਾ ਆਗੂ ਨਿਹਾਲ ਸਿੰਘ ਬਾਰੇ ਕਹਿ ਰਹੇ ਹਨ ਕਿ ਉਸ ਨੂੰ ਅਸਤੀਫਾ ਦੇਣ ਦੀ ਲੋੜ ਨਹੀਂ। ਭਾਜਪਾ ਦੇ ਬਹੁਤ ਸਾਰੇ ਆਗੂ ਇਸ ਮੰਤਰੀ ਉਤੇ ਬਣੇ ਕੇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਉਸ ਧੜੇਬੰਦਕ ਖਿੱਚੋਤਾਣ ਨੂੰ ਵੇਖ ਰਹੇ ਹਨ, ਜਿਸ ਵਿਚ ਭਾਜਪਾ ਤੋਂ ਬਾਗੀ ਹੋ ਕੇ ਚੋਣ ਲੜ ਚੁੱਕੇ ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਦੀਆਂ ਨਰਿੰਦਰ ਮੋਦੀ ਨਾਲ ਹੋਈਆਂ ਮੀਟਿੰਗਾਂ ਵੀ ਸ਼ਾਮਲ ਹਨ।
ਇਸ ਦੌਰਾਨ ਇੱਕ ਹੋਰ ਮੁੱਦਾ ਅਚਾਨਕ ਉਭਰਿਆ ਤੇ ਫਿਰ ਉਸ ਨੂੰ ਦੱਬਣ ਲਈ ਗੋਆ ਦੇ ਮੁੱਖ ਮੰਤਰੀ ਨੂੰ ਆਪਣਾ ਫੈਸਲਾ ਬਦਲਣਾ ਪਿਆ ਹੈ। ਗੋਆ ਦੇ ਕੁਝ ਮੰਤਰੀ ਇੱਕ ਸਟੱਡੀ ਟੂਰ ਬਣਾ ਕੇ ਸੰਸਾਰ ਫੁੱਟਬਾਲ ਕੱਪ ਵੇਖਣ ਲਈ ਬਰਾਜ਼ੀਲ ਨੂੰ ਤੁਰ ਪਏ ਸਨ। ਰੌਲਾ ਪਿਆ ਤਾਂ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਉਹ ਵੱਡੇ ਟੂਰਨਾਮੈਂਟ ਕਰਾਉਣ ਦੀ ਜਾਣਕਾਰੀ ਹਾਸਲ ਕਰਨ ਲਈ ਭੇਜੇ ਜਾ ਰਹੇ ਹਨ। ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਇਹ ਕਿਹਾ ਸੀ ਕਿ ਜਿੱਥੇ ਕਿਤੇ ਸਾਇੰਸ ਕਾਨਫਰੰਸ ਹੋਵੇ, ਸਾਇੰਸਦਾਨ ਹੀ ਭੇਜੇ ਜਾਣਗੇ, ਉਨ੍ਹਾਂ ਨਾਲ ਮੰਤਰੀ ਤੇ ਪਾਰਲੀਮੈਂਟ ਮੈਂਬਰ ਭੇਜਣ ਦੀ ਰੀਤ ਖਤਮ ਕਰਨੀ ਹੈ। ਉਸ ਫੈਸਲੇ ਨਾਲ ਗੋਆ ਦੇ ਮੰਤਰੀਆਂ ਦਾ ਦੌਰਾ ਵੀ ਜੁੜ ਗਿਆ। ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਮੇਰੇ ਮੰਤਰੀ ਆਪਣੇ ਪੱਲਿਓਂ ਖਰਚ ਕਰ ਲੈਣਗੇ। ਆਖਰ ਉਹ ਵੀ ਰੱਦ ਕਰਨਾ ਪੈ ਗਿਆ। ਇਸ ਨੂੰ ਭਾਜਪਾ ਦੇ ਮੀਡੀਆ ਮੈਨੇਜਰ ਪ੍ਰਧਾਨ ਮੰਤਰੀ ਵੱਲੋਂ ਅਸੂਲ ਉਤੇ ਪਹਿਰਾ ਦੇਣਾ ਆਖ ਰਹੇ ਹਨ।
ਹੁਣ ਅਸੂਲ ਉਤੇ ਪਹਿਰਾ ਦੇਣ ਦਾ ਇੱਕ ਸਵਾਲ ਵੀ ਖੜਾ ਹੋ ਗਿਆ ਹੈ। ਕੇਂਦਰੀ ਜਾਂਚ ਏਜੰਸੀ ਨੇ ਇੱਕ ਕੇਸ ਦਰਜ ਕੀਤਾ ਹੈ, ਜਿਸ ਦੇ ਮੁਤਾਬਕ ਕੁਝ ਪਾਰਲੀਮੈਂਟ ਮੈਂਬਰ ਗਲਤ ਭੱਤੇ ਵਸੂਲਦੇ ਰਹੇ ਹਨ। ਉਹ ਟਰੈਵਲ ਏਜੰਸੀ ਨਾਲ ਮਿਲ ਕੇ ਪਹਿਲਾਂ ਹਵਾਈ ਟਿਕਟਾਂ ਬਣਵਾ ਕੇ ਉਨ੍ਹਾਂ ਦਾ ਬੋਰਡਿੰਗ ਪਾਸ ਬਣਵਾਉਂਦੇ ਤੇ ਫਿਰ ਟਿਕਟ ਰੱਦ ਕਰ ਕੇ ਬਿਨਾਂ ਸਫਰ ਕੀਤੇ ਤੋਂ ਉਹੋ ਬੋਰਡਿੰਗ ਪਾਸ ਵਿਖਾ ਕੇ ਉਸ ਦੇ ਪੈਸੇ ਸਰਕਾਰ ਤੋਂ ਲੈ ਲੈਂਦੇ ਸਨ। ਸਫਰ ਕੀਤੇ ਬਿਨਾਂ ਸਰਕਾਰ ਤੋਂ ਝੂਠੇ ਬਿੱਲ ਵਸੂਲਦੇ ਰਹੇ ਇਨ੍ਹਾਂ ਛੇ ਪਾਰਲੀਮੈਂਟ ਮੈਂਬਰਾਂ ਵਿਚੋਂ ਇੱਕ ਭਾਜਪਾ ਦਾ ਮੈਂਬਰ ਵੀ ਹੈ, ਜਿਸ ਨੇ ਸਿਰਫ ਸਾਢੇ ਛੇ ਹਜ਼ਾਰ ਦਾ ਰਿਫੰਡ ਦਾ ਖਰਚਾ ਦੇ ਕੇ ਇੱਕ ਲੱਖ ਉਨਾਸੀ ਹਜ਼ਾਰ ਰੁਪਏ ਸਰਕਾਰ ਕੋਲੋਂ ਵਸੂਲੇ ਹੋਏ ਹਨ। ਬਿਨਾਂ ਸ਼ੱਕ ਇੱਕ ਮੈਂਬਰ ਬੀਜੂ ਜਨਤਾ ਦਲ ਦਾ, ਇੱਕ ਤ੍ਰਿਣਮੂਲ ਕਾਂਗਰਸ ਦਾ, ਇੱਕ ਲਾਲੂ ਪ੍ਰਸਾਦ ਦੀ ਪਾਰਟੀ ਦਾ ਤੇ ਇੱਕ ਬੀਬੀ ਮਾਇਆਵਤੀ ਦੀ ਪਾਰਟੀ ਦਾ ਹੈ, ਪਰ ਸਭ ਤੋਂ ਵੱਡਾ ਸਵਾਲ ਪ੍ਰਧਾਨ ਮੰਤਰੀ ਦੇ ਆਪਣੀ ਪਾਰਟੀ ਦੇ ਮੈਂਬਰ ਵੱਲ ਵਤੀਰੇ ਦਾ ਹੈ। ਜਦੋਂ ਅਟਲ ਬਿਹਾਰੀ ਵਾਜਪਾਈ ਸਰਕਾਰ ਹੁੰਦੀ ਸੀ, ਉਦੋਂ ਵੀ ਇੱਕ ਵਾਰੀ ਸਕੈਂਡਲ ਸਾਹਮਣੇ ਆਇਆ ਸੀ, ਪਰ ਉਹ ਹਵਾਈ ਟਿਕਟਾਂ ਦੀ ਥਾਂ ਰੇਲਵੇ ਦਾ ਸੀ। ਕੁਝ ਮੈਂਬਰਾਂ ਨੇ ਰੇਲਵੇ ਤੋਂ ਮਿਲਦੇ ਫਸਟ ਕਲਾਸ ਏਅਰ ਕੰਡੀਸ਼ਨਡ ਸਫਰ ਦੇ ਮੁਫਤ ਵਾਉਚਰਾਂ ਨਾਲ ਇੱਕੋ ਦਿਨ ਕਈ ਸ਼ਹਿਰਾਂ ਨੂੰ ਸਫਰ ਕੀਤਾ ਹੋਇਆ ਸੀ। ਇੱਕ ਭਾਜਪਾ ਐਮ ਪੀ ਨੇ ਉਸੇ ਦਿਨ ਦੋ ਫਸਟ ਕਲਾਸ ਏ ਸੀ ਸੀਟਾਂ ਬੁੱਕ ਕਰਵਾ ਕੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਦਿੱਲੀ ਨੂੰ ਅਤੇ ਉਸੇ ਦਿਨ ਉਸੇ ਸਮੇਂ ਦੋ ਫਸਟ ਕਲਾਸ ਏ ਸੀ ਸੀਟਾਂ ਬੁੱਕ ਕਰ ਕੇ ਉਸੇ ਸ਼ਹਿਰ ਭੋਪਾਲ ਤੋਂ ਮੁੰਬਈ ਨੂੰ ਸਫਰ ਕੀਤਾ ਹੋਇਆ ਸੀ। ਅਸਲ ਖੇਡ ਇਹ ਸੀ ਕਿ ਟਿਕਟਾਂ ਬੁੱਕ ਐਮ ਪੀ ਦੇ ਨਾਂ ਉਤੇ ਹੁੰਦੀਆਂ ਸਨ, ਸਫਰ ਕੁਝ ਹੋਰ ਲੋਕ ਕਰਦੇ ਸਨ ਅਤੇ ਉਨ੍ਹਾਂ ਨੂੰ ਟਿਕਟ ਦੇ ਅਸਲ ਕਿਰਾਏ ਦਾ ਅੱਧੋ-ਅੱਧਾ ਦੇ ਹਿਸਾਬ ਨਾਲ ਛੋਟ ਦੇ ਕੇ ਬਾਕੀ ਪੈਸੇ ਵਸੂਲਣ ਤੋਂ ਲੱਖਾਂ ਰੁਪਏ ਦਾ ਹੇਰ-ਫੇਰ ਹੋਈ ਜਾ ਰਿਹਾ ਸੀ। ਜਿਹੜੇ ਐਮ ਪੀ ਫੜੇ ਗਏ, ਉਹ ਸਾਰੇ ਭਾਜਪਾ ਦੇ ਨਹੀਂ ਸਨ, ਪਰ ਵਾਜਪਾਈ ਸਰਕਾਰ ਹੋਣ ਕਾਰਨ ਮੁੱਖ ਰੌਲਾ ਪ੍ਰਧਾਨ ਮੰਤਰੀ ਵਾਜਪਾਈ ਦੀ ਭਾਜਪਾ ਵਾਲੇ ਮੈਂਬਰਾਂ ਦਾ ਪਿਆ ਸੀ ਤੇ ਲੋਕ ਉਨ੍ਹਾਂ ਵਿਰੁਧ ਕਾਰਵਾਈ ਦੀ ਸ਼ੁਰੂਆਤ ਭਾਜਪਾ ਤੋਂ ਕਰਨ ਦੀ ਮੰਗ ਕਰਦੇ ਸਨ।
ਹੁਣ ਵੀ ਜਿਨ੍ਹਾਂ ਛੇ ਸੰਸਦ ਮੈਂਬਰਾਂ ਦਾ ਕਿਰਦਾਰ ਸਾਹਮਣੇ ਆਇਆ ਹੈ, ਉਹ ਛੇ ਵੱਖੋ-ਵੱਖ ਪਾਰਟੀਆਂ ਨਾਲ ਸਬੰਧਤ ਹਨ, ਪਰ ਵੱਧ ਚਰਚਾ ਉਸ ਪ੍ਰਧਾਨ ਮੰਤਰੀ ਦੀ ਪਾਰਟੀ ਵਾਲੇ ਮੈਂਬਰ ਦੀ ਹੋਣੀ ਹੈ, ਜਿਸ ਦਾ ਨਾਹਰਾ ਹੈ ਕਿ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਹੈ। ਅੰਗਰੇਜ਼ੀ ਮੁਹਾਵਰਾ ਹੈ ਕਿ ‘ਚੈਰਿਟੀ ਬਿਗਿਨਜ਼ ਐਟ ਹੋਮ’, ਅਰਥਾਤ ਨੇਕੀ ਦੇ ਕੰਮ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ। ਨਰਿੰਦਰ ਮੋਦੀ ਨੂੰ ਭ੍ਰਿਸ਼ਟਾਚਾਰ ਦਾ ਗੰਦ ਹੂੰਝਣ ਦਾ ਕੰਮ ਆਪਣੀ ਪਾਰਟੀ ਵਾਲਿਆਂ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਉਸ ਬਾਰੇ ਭਰੋਸਾ ਹੋ ਸਕੇ। ਅਸੀਂ ਇਹ ਕੁਝ ਮੁੱਦੇ ਇਸ ਵੇਲੇ ਚਰਚਾ ਵਿਚ ਲਿਆਂਦੇ ਹਨ, ਪਰ ਗੱਲ ਇਥੋਂ ਤੱਕ ਸੀਮਤ ਨਹੀਂ। ਚਰਚਾ ਪ੍ਰਧਾਨ ਮੰਤਰੀ ਵੱਲੋਂ ਸਰਕਾਰ ਦੀ ਵਾਗ ਸੰਭਾਲਣ ਦੇ ਬਾਅਦ ਕੀਤੀ ਗਈ ਸਭ ਤੋਂ ਪਹਿਲੀ ਨਿਯੁਕਤੀ ਬਾਰੇ ਵੀ ਕਈ ਤਰ੍ਹਾਂ ਦੀ ਸੁਣੀ ਗਈ ਹੈ, ਪਰ ਉਸ ਨਿਯੁਕਤੀ ਵਾਲੇ ਅਧਿਕਾਰੀ ਦੇ ਨਾਲ ਰਹੇ ਅਫਸਰ ਦੱਬੀ ਜ਼ੁਬਾਨ ਵਿਚ ਗੱਲਾਂ ਕਰਦੇ ਹਨ ਤੇ ਜਨਤਕ ਤੌਰ ਉਤੇ ਆਪਣੇ ਮੂੰਹ ਉਤੇ ਲੱਗੀ ਟੇਪ ਲਾਹੁਣ ਨੂੰ ਤਿਆਰ ਨਹੀਂ। ਉਹ ਆਪਣੀ ਚੁੱਪ ਕਦੇ ਤੋੜਨਗੇ ਜਾਂ ‘ਇੱਕ ਚੁੱਪ ਤੇ ਸੌ ਸੁੱਖ’ ਠੀਕ ਸਮਝਣਗੇ, ਇਸ ਦੀ ਉਡੀਕ ਕਰਨੀ ਪਵੇਗੀ।
Leave a Reply