ਕੈਲੰਡਰ ਵਿਵਾਦ ‘ਤੇ ਸਰਬੱਤ ਖਾਲਸਾ ਸੱਦਣ ਦਾ ਐਲਾਨ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਪੀਲਾਂ ਦੇ ਬਾਵਜੂਦ ਪਾਕਿਸਤਾਨ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਇਆ ਗਿਆ। ਇਸ ਮੌਕੇ ਐਲਾਨ ਕੀਤਾ ਗਿਆ ਕਿ ਜੇਕਰ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਛੇਤੀ ਹੱਲ ਨਾ ਕੀਤਾ ਗਿਆ ਤਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੰਬਰ ਮਹੀਨੇ ਵਿਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਸਰਬੱਤ ਖਾਲਸਾ ਸੱਦ ਕੇ ਇਸ ਮੁੱਦੇ ‘ਤੇ ਵਿਚਾਰ ਕੀਤਾ ਜਾਵੇਗਾ।
ਇਸ ਮੌਕੇ ਮੂਲ ਨਾਨਾਕਸ਼ਾਹੀ ਕੈਲੰਡਰ ਦਾ ਮਸਲਾ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਹੱਲ ਕਰਨ ਦੀ ਮੰਗ ਕੀਤੀ ਤੇ ਇਹ ਫੈਸਲਾ ਲਿਆ ਗਿਆ ਕਿ ਜਦ ਤੱਕ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਪਾਕਿਸਤਾਨ ਵਿਚ ਸਾਰੇ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਏ ਜਾਣਗੇ। ਇਹ ਸਰਬੱਤ ਖਾਲਸਾ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਹੋਵੇਗਾ ਤੇ ਦੇਸ਼-ਵਿਦੇਸ਼ ਤੋਂ ਸਿੱਖ ਸੰਗਤ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇਗਾ, ਜਿਸ ਵਿਚ ਸਰਬਸੰਮਤੀ ਨਾਲ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਬਾਰੇ ਵਿਚਾਰ ਚਰਚਾ ਹੋਵੇਗੀ। ਪੀæਜੀæਪੀæਸੀæ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਆਪਣੇ ਪਾਕਿਸਤਾਨ ਦੌਰੇ ਦੌਰਾਨ ਕੈਲੰਡਰ ਮੁੱਦੇ ‘ਤੇ ਪਾਕਿਸਤਾਨੀ ਸਿੱਖਾਂ ਨੂੰ ਵੰਡਣ ਦਾ ਯਤਨ ਕੀਤਾ ਹੈ। ਉਨ੍ਹਾਂ ਛੇ ਜੂਨ ਨੂੰ ਅਕਾਲ ਤਖ਼ਤ ਵਿਖੇ ਵਾਪਰੀ ਹਿੰਸਕ ਘਟਨਾ ਦਾ ਜ਼ਿਕਰ ਕਰਦਿਆਂ ਆਖਿਆ ਕਿ ਇਸ ਘਟਨਾ ਨਾਲ ਸਿੱਖ ਕੌਮ ਨੂੰ ਦੁਨੀਆਂ ਭਰ ਵਿਚ ਸ਼ਰਮਸਾਰ ਹੋਣਾ ਪਿਆ ਹੈ। ਕੈਲੰਡਰ ਮਾਮਲੇ ਵਿਚ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ।
ਵਿਧਾਨ ਸਭਾ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਆਖਿਆ ਕਿ ਨਵਾਜ਼ ਸ਼ਰੀਫ ਸਰਕਾਰ ਇਸ ਮਸਲਿਆਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਕੈਲੰਡਰ ਮਾਮਲਾ ਸਿੱਖਾਂ ਦਾ ਅੰਦਰੂਨੀ ਮਾਮਲਾ ਹੈ ਤੇ ਇਸ ਨੂੰ ਛੇਤੀ ਹੀ ਹੱਲ ਕਰ ਲਿਆ ਜਾਵੇਗਾ। ਸਾਬਕਾ ਪ੍ਰਧਾਨ ਬਾਬਾ ਸ਼ਾਮ ਸਿੰਘ ਨੇ ਵੀ ਆਸ ਪ੍ਰਗਟਾਈ ਕਿ ਕੈਲੰਡਰ ਮਾਮਲਾ ਛੇਤੀ ਹੱਲ ਹੋ ਜਾਵੇਗਾ। ਇਸ ਦੌਰਾਨ ਗੁਰਦੁਆਰਾ ਡੇਹਰਾ ਸਾਹਿਬ ਦੇ ਆਲੇ ਦੁਆਲੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਖਾਲੜਾ ਮਿਸ਼ਨ ਕਮੇਟੀ ਦੇ ਪਾਰਟੀ ਆਗੂ ਹਰਦੇਵ ਸਿੰਘ ਗਾਂਧੀ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਾਕਿਸਤਾਨ ਔਕਾਫ਼ ਬੋਰਡ ਵੱਲੋਂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਕਾਰ ਸੇਵਾ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਸੌਂਪੀ ਗਈ ਹੈ ਤੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸਰਾਂ ਬਣਾਉਣ ਲਈ ਜ਼ਮੀਨ ਦੇਣ ਦਾ ਐਲਾਨ ਵੀ ਕੀਤਾ ਗਿਆ।
_____________________________________
ਕੈਲੰਡਰ ਸੋਧਣ ਵਿਚ ਕਾਹਲੀ ਕੀਤੀ: ਸਰਨਾ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਨੂੰ ਲੰਬੀ ਸੋਚ ਤੇ ਵਿਚਾਰ ਤੋਂ ਬਾਅਦ ਬਣਾਇਆ ਗਿਆ ਸੀ ਜੋ ਸਿੱਖ ਕੌਮ ਦੀ ਅੱਡਰੀ ਪਛਾਣ ਦਾ ਪ੍ਰਤੀਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਇਸ ਨੂੰ ਕਾਹਲੀ ਵਿਚ ਸੋਧ ਕੇ ਇਸ ਦੀ ਆਤਮਾ ਨੂੰ ਹੀ ਮਾਰ ਦਿੱਤਾ ਗਿਆ ਹੈ। ਪਾਕਿਸਤਾਨ ਓਕਾਫ ਬੋਰਡ ਦੇ ਚੇਅਰਮੈਨ ਖਾਲਿਦ ਅਲੀ ਨੇ ਆਖਿਆ ਕਿ ਕੈਲੰਡਰ ਵਿਵਾਦ ਸਿੱਖ ਕੌਮ ਦਾ ਅੰਦਰੂਨੀ ਮਾਮਲਾ ਹੈ ਤੇ ਪਾਕਿਸਤਾਨੀ ਹਕੂਮਤ ਇਸ ਵਿਚ ਕੋਈ ਦਖਲਅੰਦਾਜ਼ੀ ਨਹੀਂ ਕਰੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਗੁਰਦੁਆਰਿਆਂ ਦੀਆਂ ਜਾਇਦਾਦਾਂ ‘ਤੇ ਨਜਾਇਜ਼ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ। ਸਾਬਕਾ ਕਮੇਟੀ ਪ੍ਰਧਾਨ ਸ਼ਾਮ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਨਾਨਕਸ਼ਾਹੀ ਕੈਲੰਡਰ ਦਾ ਹੱਲ ਕਰਨ। ਮੁੱਖ ਮਹਿਮਾਨ ਸਕੱਤਰ ਉਕਾਫ ਬੋਰਡ ਖਾਲਿਦ ਸਾਹਿਬ ਨੇ ਕਿਹਾ ਕਿ ਗੁਰਦੁਆਰਾ ਡੇਹਰਾ ਸਾਹਿਬ ਵਿਚ ਯਾਤਰੂ ਸਰਾਵਾਂ ਦੀ ਘਾਟ ਹੈ ਉਹ ਛੇਤੀ ਹੀ ਨਵੀਆਂ ਸਰਾਵਾਂ ਬਣਾ ਕੇ ਪੂਰੀ ਕਰ ਦਿੱਤੀ ਜਾਵੇਗੀ।

Be the first to comment

Leave a Reply

Your email address will not be published.