ਨਾਨਕੁ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ

ਡਾæ ਗੁਰਨਾਮ ਕੌਰ, ਕੈਨੇਡਾ
ਇਸ ਸਲੋਕ ਵਿਚ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ ਕਿ ਦੁੱਖ ਅਤੇ ਸੁੱਖ ਦੋਵੇਂ ਹੀ ਮਾਨਵ ਜੀਵਨ ਦਾ ਹਿੱਸਾ ਹਨ ਅਤੇ ਮਨੁੱਖ ਦੀ ਜ਼ਿੰਦਗੀ ਵਿਚ ਇਹ ਨਾਲ ਨਾਲ ਚੱਲਦੇ ਹਨ। ਗੁਰੂ ਨਾਨਕ ਸਾਹਿਬ ਨੇ ਜਪੁਜੀ ਵਿਚ ਵੀ ਕਿਹਾ ਹੈ,
ਕੇਤਿਆ ਦੂਖ ਭੂਖ ਸਦ ਮਾਰ॥
ਏਹਿ ਭਿ ਦਾਤਿ ਤੇਰੀ ਦਾਤਾਰ॥
ਦੁਖ ਅਤੇ ਸੁਖ ਦੋਵੇਂ ਰੱਬ ਦੀ ਦੇਣ ਹਨ, ਇਸ ਲਈ ਦੋਹਾਂ ਵਿਚ ਹੀ ਮਨੁੱਖ ਨੂੰ ਸੰਤੁਲਨ ਕਾਇਮ ਰੱਖਣਾ ਚਾਹੀਦਾ ਹੈ ਅਤੇ ਉਸ ਦੀ ਦਾਤ ਸਮਝ ਕੇ ਸਵੀਕਾਰ ਕਰ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ ਇਸ ਸਲੋਕ ਵਿਚ ਇਹ ਵੀ ਦੱਸਿਆ ਹੈ ਕਿ ਜਿਹੜੇ ਲੋਕ ਦੁੱਖ ਨੂੰ ਛੱਡ ਕੇ ਸੁੱਖ ਮੰਗਦੇ ਹਨ, ਅਜਿਹਾ ਬੋਲਣਾ ਅਰਥਾਤ ਆਪਣੀ ਜ਼ੁਬਾਨ ਤੋਂ ਅਜਿਹਾ ਮੰਗਣਾ ਖਾਹ-ਮਖਾਹ ਦਾ ਬੋਲਣਾ ਹੈ। ਸੁੱਖ ਅਤੇ ਦੁੱਖ-ਦੋਵੇਂ ਹੀ ਰੱਬ ਦੀ ਦੇਣ ਹਨ, ਰੱਬ ਦੇ ਦਰਵਾਜ਼ੇ ਤੋਂ ਮਿਲੇ ਹੋਏ ਕਪੜੇ ਹਨ ਜਿਨ੍ਹਾਂ ਨੂੰ ਮਨੁੱਖ ਇਸ ਜੀਵਨ ਵਿਚ ਪਹਿਨਦਾ ਹੈ, ਇਸ ਜਨਮ ਵਿਚ ਹੰਢਾਉਂਦਾ ਹੈ। ਭਾਵ ਦੁੱਖ ਅਤੇ ਸੁੱਖ ਹਰ ਮਨੁੱਖ ਦੀ ਜ਼ਿੰਦਗੀ ਵਿਚ ਆਉਂਦੇ ਹਨ। ਇਸ ਲਈ ਇਨ੍ਹਾਂ ਨੂੰ ਰੱਬ ਦਾ ਭਾਣਾ ਮੰਨ ਕੇ ਸਵੀਕਾਰ ਕਰਨਾ ਚਾਹੀਦਾ ਹੈ। ਇਤਰਾਜ਼ ਕਰਨ ਜਾਂ ਗਿਲਾ ਸ਼ਿਕਵਾ ਕਰਨ ਦਾ ਕੋਈ ਲਾਭ ਨਹੀਂ ਹੈ। ਜਿੱਥੇ ਬੋਲਣ ਨਾਲ ਵੀ ਹਾਰ ਦਾ ਹੀ ਸਾਹਮਣਾ ਕਰਨਾ ਪੈਣਾ ਹੈ, ਉਥੇ ਚੁੱਪ ਰਹਿਣਾ ਹੀ ਚੰਗਾ ਹੈ,
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ॥
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁੱਖ॥
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ॥੨॥ (ਪੰਨਾ ੧੪੯)
ਅੱਗੇ ਪਉੜੀ ਵਿਚ ਗੁਰੂ ਨਾਨਕ ਸਾਹਿਬ ਮਨੁੱਖ ਨੂੰ ਬਾਹਰ ਦੀ ਭਟਕਣ ਛੱਡ ਕੇ ਆਪਣੇ ਹਿਰਦੇ ਅੰਦਰ ਨਿਵਾਸ ਕਰ ਰਹੇ ਉਸ ਰੱਬ ਨੂੰ ਲੱਭਣ ਦੀ ਹਦਾਇਤ ਕਰਦੇ ਹਨ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜਿਹੜਾ ਮਨੁੱਖ ਚਾਰੇ ਕੁੰਡਾਂ ਦੇਖਣ ਅਰਥਾਤ ਬਾਹਰ ਥਾਂਵੀਂ (ਜਿਵੇਂ ਜੰਗਲ ਵਿਚ ਇਕਾਂਤ-ਵਾਸ ਜਾਂ ਤੀਰਥ-ਇਸ਼ਨਾਨ ਆਦਿ) ਝੱਖ ਮਾਰਨ ਦੀ ਥਾਂ ਆਪਣੇ ਅੰਦਰ ਰੱਬ ਦੀ ਖੋਜ ਕਰਦਾ ਹੈ, ਉਹ ਉਸ ਨੂੰ ਪਾ ਲੈਂਦਾ ਹੈ। ਉਸ ਸਿਰਜਣਹਾਰ ਵਾਹਿਗੁਰੂ ਨੇ, ਜੋ ਆਪ ਅਦ੍ਰਿਸ਼ਟ ਹੈ, ਇਸ ਸੰਸਾਰ ਦੀ ਰਚਨਾ ਕੀਤੀ ਹੈ ਅਤੇ ਉਹ ਆਪ ਹੀ ਇਸ ਦੀ ਸੰਭਾਲ ਕਰ ਰਿਹਾ ਹੈ। ਆਪਣੇ ਅਸਲੀ ਸੱਚੇ ਰਸਤੇ ਤੋਂ ਭੁੱਲੇ ਹੋਏ ਮਨੁੱਖ ਨੁੰ ਗੁਰੂ ਨੇ ਰਸਤਾ ਦਿਖਾਇਆ ਹੈ ਜਿਸ ਦੀ ਬਰਕਤ ਨਾਲ ਮਨੁੱਖ ਉਸ ਅਕਾਲ ਪੁਰਖ ਦਾ ਸਿਮਰਨ ਕਰਦਾ ਹੈ। ਉਸ ਸੱਚੇ ਸਤਿਗੁਰੂ ਦੀ ਵਾਹ ਵਾਹ ਹੈ ਜਿਸ ਦੀ ਕਿਰਪਾ ਨਾਲ ਉਸ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ। ਸਤਿਗੁਰੂ ਦੇ ਦਿੱਤੇ ਹੋਏ ਗਿਆਨ ਦਾ ਸਦਕਾ ਅੰਦਰ ਗਿਆਨ ਦਾ ਦੀਵਾ ਜਗ ਪਿਆ ਹੈ ਜਿਸ ਕਾਰਨ ਅਕਾਲ ਪੁਰਖ ਰੂਪੀ ਰਤਨ-ਪਦਾਰਥ ਆਪਣੇ ਅੰਦਰ ਹਿਰਦੇ ਵਿਚੋਂ ਹੀ ਲੱਭ ਪਿਆ ਹੈ। ਭਾਵ ਗੁਰੂ ਦੇ ਦਿੱਤੇ ਗਿਆਨ ਸਦਕਾ ਮਨੁੱਖ ਨੂੰ ਇਹ ਸੋਝੀ ਮਿਲਦੀ ਹੈ ਕਿ ਉਹ ਅਕਾਲ ਪੁਰਖ ਆਪਣੇ ਅੰਦਰ ਹੀ ਹੈ ਅਤੇ ਗੁਰੂ ਦੇ ਦੱਸੇ ਮਾਰਗ ‘ਤੇ ਚੱਲ ਕੇ ਉਸ ਨਾਲ ਆਪਣੇ ਅੰਦਰ ਹੀ ਮਿਲਾਪ ਹੋ ਜਾਂਦਾ ਹੈ। ਗੁਰੂ ਦੇ ਸੱਚੇ ਸ਼ਬਦ ਰਾਹੀਂ ਗਿਆਨ ਪ੍ਰਾਪਤ ਕਰ ਕੇ ਮਨੁੱਖ ਅਕਾਲ ਪੁਰਖ ਦੀ ਸਿਫਤ-ਸਾਲਾਹ ਕਰਦੇ ਹਨ ਜਿਸ ਨਾਲ ਸੁਖ ਪ੍ਰਾਪਤ ਹੁੰਦਾ ਹੈ, ਉਹ ਸੁਖੀ ਹੋ ਕੇ ਮਾਲਕ ਵਾਲੇ ਬਣ ਜਾਂਦੇ ਹਨ। ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰ ਅਕਾਲ ਪੁਰਖ ਦਾ ਡਰ ਨਹੀਂ ਰੱਖਿਆ ਉਹ ਹੋਰ ਦੁਨਿਆਵੀ ਡਰਾਂ ਤੋਂ ਭੈਭੀਤ ਹੋ ਜਾਂਦੇ ਹਨ ਅਤੇ ਹਉਮੈ ਵਿਚ ਪਏ ਸੜਦੇ ਰਹਿੰਦੇ ਹਨ। ਅਕਾਲ ਪੁਰਖ ਦੇ ਨਾਮ ਤੋਂ ਭੁੱਲਿਆ ਸੰਸਾਰ ਏਧਰ-ਉਧਰ ਭਟਕਦਾ ਫਿਰਦਾ ਹੈ,
ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ॥
ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ॥æææ
ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ॥
ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ॥੨੪॥ (ਪੰਨਾ ੧੪੯)
ਅਗਲਾ ਸਲੋਕ ਤੀਸਰੀ ਨਾਨਕ ਜੋਤਿ ਗੁਰੂ ਅਮਰਦਾਸ ਜੀ ਦਾ ਹੈ ਜਿਸ ਵਿਚ ਉਹ ਮਨੁੱਖ ਦੇ ਸੰਸਾਰਕ ਭੈ ਦੀ ਗੱਲ ਕਰਦੇ ਹਨ। ਗੁਰਮਤਿ ਸਿਧਾਂਤ ਅਨੁਸਾਰ ਜੋ ਮਨੁੱਖ ਅਕਾਲ ਪੁਰਖ ਦੇ ਭੈ ਵਿਚ ਜੀਵਨ ਬਸਰ ਕਰਦਾ ਹੈ, ਉਸ ਦੇ ਮਨ ਵਿਚੋਂ ਹੋਰ ਸਾਰੇ ਸੰਸਾਰਕ ਭੈ ਮੁੱਕ ਜਾਂਦੇ ਹਨ। ਇਥੇ ਵੀ ਗੁਰੂ ਅਮਰਦਾਸ ਇਹੀ ਬਿਆਨ ਕਰ ਰਹੇ ਹਨ ਕਿ ਆਮ ਤੌਰ ‘ਤੇ ਮਨੁੱਖ ਸੰਸਾਰਕ ਡਰ ਵਿਚ ਹੀ ਪੈਦਾ ਹੁੰਦਾ ਹੈ ਅਤੇ ਭੈ ਵਿਚ ਹੀ ਇਸ ਸੰਸਾਰ ਤੋਂ ਤੁਰ ਜਾਂਦਾ ਹੈ। ਇਹ ਭੈ ਸਦੀਵ ਹੀ ਉਸ ਦੇ ਮਨ ਵਿਚ ਟਿਕਿਆ ਰਹਿੰਦਾ ਹੈ।
ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਜਿਹੜਾ ਮਨੁੱਖ ਅਕਾਲ ਪੁਰਖ ਦੇ ਭੈ ਵਿਚ ਵਿਚਰਦਾ ਅਤੇ ਉਸ ਦੇ ਭੈ ਵਿਚ ਆਪਾ-ਭਾਵ ਨੂੰ ਮਾਰ ਲੈਂਦਾ ਹੈ, ਉਸ ਦਾ ਇਸ ਸੰਸਾਰ ‘ਤੇ ਜਨਮ ਲੈਣਾ ਮੁਬਾਰਕ ਹੈ ਕਿਉਂਕਿ ਅਕਾਲ ਪੁਰਖ ਦੇ ਭੈ ਵਿਚ ਆਪਾ-ਭਾਵ ਦੂਰ ਕਰਨ ਨਾਲ ਹੋਰ ਸਾਰੇ ਭੈ ਖਤਮ ਹੋ ਜਾਂਦੇ ਹਨ,
ਭੈ ਵਿਚਿ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਇ॥
ਨਾਨਕ ਭੈ ਵਿਚਿ ਜੇ ਮਰੈ ਸਹਿਲਾ ਆਇਆ ਸੋਇ॥੧॥ (ਪੰਨਾ ੧੪੯)
ਅਗਲਾ ਸਲੋਕ ਵੀ ਗੁਰੂ ਅਮਰਦਾਸ ਜੀ ਦਾ ਹੀ ਹੈ ਜਿਸ ਵਿਚ ਉਨ੍ਹਾਂ ਨੇ ਪਰਮਾਤਮਾ ਦੇ ਭੈ ਤੋਂ ਵਗੈਰ ਜਿਉਣ ਵਾਲੇ ਮਨੁੱਖ ਲਈ ਕਿਹਾ ਹੈ ਕਿ ਜੇ ਕੋਈ ਮਨੁੱਖ ਰੱਬ ਦੇ ਡਰ ਤੋਂ ਬਿਨਾ ਜੀਵਨ ਜਿਉਂਦਾ ਹੈ, ਉਹ ਭਾਵੇਂ ਜੀਵਨ ਵਿਚ ਬੇਹੱਦ ਖੁਸ਼ੀਆਂ ਹੰਢਾ ਕੇ ਅਤੇ ਲੰਬੀ ਉਮਰ ਗੁਜ਼ਾਰ ਕੇ ਜਾਂਦਾ ਹੈ। ਫਿਰ ਵੀ ਜਦੋਂ ਉਹ ਰੱਬ ਦੇ ਡਰ ਤੋਂ ਬਿਨਾ ਇਸ ਸੰਸਾਰ ਤੋਂ ਜਾਂਦਾ ਹੈ ਤਾਂ ਇਥੋਂ ਮੁੱਖ ‘ਤੇ ਕਾਲਖ ਮਲ ਕੇ ਹੀ ਜਾਂਦਾ ਹੈ,
ਭੈ ਵਿਣੁ ਜੀਵੈ ਬਹੁਤੁ ਬਹੁਤੁ ਖੁਸੀਆ ਖੁਸੀ ਕਮਾਇ॥
ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ॥੨॥ (ਪੰਨਾ ੧੪੯)
ਇਸ ਤੋਂ ਅੱਗੇ ਪਉੜੀ ਵਿਚ ਗੁਰੂ ਨਾਨਕ ਸਾਹਿਬ ਸਤਿਗੁਰੂ ਦੀ ਮਹਿਮਾ ਦੱਸਦੇ ਹਨ ਕਿ ਜਿਸ ਉਤੇ ਸਤਿਗੁਰੂ ਦੀ ਕਿਰਪਾ ਹੋ ਜਾਵੇ, ਉਸ ਨੂੰ ਅਕਾਲ ਪੁਰਖ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਅਤੇ ਅਕਾਲ ਪੁਰਖ ਵਿਚ ਪੂਰਨ ਭਰੋਸਾ ਕਾਇਮ ਹੋ ਜਾਂਦਾ ਹੈ। ਆਪਣੀ ਪੂਰਨ ਸ਼ਰਧਾ ਦੇ ਕਾਰਨ ਉਹ ਕਦੇ ਵੀ ਕਿਸੇ ਥੁੜ ਜਾਂ ਮੁਸੀਬਤ ਵਿਚ ਝੂਰਦਾ ਨਹੀਂ ਅਤੇ ਨਾ ਹੀ ਕੋਈ ਸ਼ਿਕਵਾ ਕਰਦਾ ਹੈ। ਸਤਿਗੁਰੂ ਦੀ ਕਿਰਪਾ ਨੂੰ ਪ੍ਰਾਪਤ ਮਨੁੱਖ ਦੁੱਖ ਨੂੰ ਦੁੱਖ ਕਰਕੇ ਨਹੀਂ ਜਾਣਦਾ (ਉਸ ਨੂੰ ਅਕਾਲ ਪੁਰਖ ਦੇ ਭਾਣੇ ਵਿਚ ਚੱਲਣ ਦੀ ਜਾਚ ਆ ਜਾਂਦੀ ਹੈ) ਅਤੇ ਉਹ ਅਕਾਲ ਪੁਰਖ ਨਾਲ ਮਿਲਾਪ ਦਾ ਅਨੰਦ ਮਾਣਦਾ ਹੈ। ਜਿਸ ਮਨੁੱਖ ਉਤੇ ਸਤਿਗੁਰੁ ਦੀ ਕਿਰਪਾ ਹੁੰਦੀ ਹੈ, ਉਸ ਦੇ ਮਨ ਵਿਚੋਂ ਮੌਤ ਜਾਂ ਜਮ ਦਾ ਭੈ ਸਦਾ ਸਦਾ ਲਈ ਖ਼ਤਮ ਹੋ ਜਾਂਦਾ ਹੈ, ਇਸ ਲਈ ਉਸ ਦੇ ਸਰੀਰ ਨੂੰ ਸਦਾ ਸੁਖ ਰਹਿੰਦਾ ਹੈ। ਜਿਸ ਮਨੁੱਖ ਉਤੇ ਗੁਰੂ ਦਇਆਲ ਹੋ ਜਾਵੇ, ਉਸ ਨੂੰ ਨੌਂ ਨਿਧੀਆਂ ਪ੍ਰਾਪਤ ਹੋ ਗਈਆਂ ਅਰਥਾਤ ਉਸ ਨੂੰ ਸਮਝੋ ਨੌਂ ਖਜ਼ਾਨੇ ਪ੍ਰਾਪਤ ਹੋ ਗਏ ਕਿਉਂਕਿ ਉਸ ਦਾ ਮਨ ਸੱਚੇ ਕਰਤਾ ਪੁਰਖ ਵਿਚ ਜੁੜਿਆ ਰਹਿੰਦਾ ਹੈ ਜੋ ਸਭ ਕੁਝ ਦਾ ਮਾਲਕ ਹੈ,
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ॥
ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ॥æææ
ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ॥
ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ॥੨੫॥ (ਪੰਨਾ ੧੪੯)
ਇਸ ਪਉੜੀ ਤੋਂ ਅੱਗੇ ਗੁਰੂ ਨਾਨਕ ਸਾਹਿਬ ਦਾ ਜੈਨੀ ਸਾਧੂਆਂ ਦੇ ਸਬੰਧ ਵਿਚ ਸਲੋਕ ਹੈ ਜਿਸ ਵਿਚ ਉਨ੍ਹਾਂ ਦੀ ਰਹਿਣੀ ਦੇ ਸਬੰਧ ਵਿਚ ਦੱਸਿਆ ਹੈ ਕਿ ਇਸ ਤਰ੍ਹਾਂ ਦੀ ਰਹਿਣੀ ਮੁਕਤੀ ਪ੍ਰਾਪਤੀ ਦਾ ਰਸਤਾ ਕਦਾਚਿਤ ਨਹੀਂ ਹੈ। ਦਰਅਸਲ ਜੈਨੀਆਂ ਦੇ ਪਰਮੁੱਖ ḔਸਰੇਵੜੇḔ ਅਹਿੰਸਾਵਾਦੀ ਹਨ ਜਿਸ ਕਰਕੇ ਉਹ ਤਾਜ਼ਾ ਪਾਣੀ ਤੱਕ ਨਹੀਂ ਪੀਂਦੇ ਕਿ ਜੀਵ ਹੱਤਿਆ ਹੋ ਜਾਵੇਗੀ। ਜੀਵ-ਹੱਤਿਆ ਦੇ ਡਰੋਂ ਮੂੰਹ ‘ਤੇ ਕੱਪੜਾ ਬੰਨ੍ਹ ਕੇ ਰੱਖਦੇ ਹਨ ਅਤੇ ਜ਼ਮੀਨ ‘ਤੇ ਨੰਗੇ ਪੈਰ ਚੱਲਦੇ ਹਨ। ਹਰ ਕੋਈ ਆਪਣੇ ਹੱਥ ਵਿਚ ਚਉਰੀ ਰੱਖਦਾ ਹੈ ਤਾਂ ਕਿ ਰਸਤੇ ਵਿਚ ਆਏ ਕੀੜੇ ਨੂੰ ਪਰੇ ਹਟਾ ਦੇਵੇ। ਅਹਿੰਸਾ ਉਨ੍ਹਾਂ ਲਈ ਇੱਕ ਤਰ੍ਹਾਂ ਦਾ ਵਹਿਮ ਬਣ ਗਈ ਹੈ, ਜਿਸ ਕਰਕੇ ਉਹ ਜੀਵ-ਹੱਤਿਆ ਦੇ ਡਰੋਂ ਨਹਾਉਂਦੇ ਤੱਕ ਨਹੀਂ ਅਤੇ ਬੇਹੱਦ ਗੰਦੇ ਰਹਿੰਦੇ ਹਨ।
ਸਲੋਕ ਵਿਚ ਦੱਸਿਆ ਹੈ ਕਿ ਇਹ ਸਰੇਵੜੇ ਸਿਰ ‘ਤੇ ਵਾਲ ਤੱਕ ਨਹੀਂ ਰੱਖਦੇ ਅਤੇ ਪੁੱਟ ਪੁੱਟ ਕੇ ਸਿਰ ਗੰਜਾ ਕਰ ਲੈਂਦੇ ਹਨ, ਮੈਲਾ ਪਾਣੀ ਪੀਂਦੇ ਹਨ ਅਤੇ ਜੂਠੀ ਰੋਟੀ ਮੰਗ ਮੰਗ ਕੇ ਖਾਂਦੇ ਹਨ। ਪਾਣੀ ਤੋਂ ਇਸ ਤਰ੍ਹਾਂ ਦੂਰ ਭੱਜਦੇ ਹਨ ਜਿਵੇਂ ਉਨ੍ਹਾਂ ਨੂੰ ਸੰਗ ਲੱਗਦੀ ਹੋਵੇ। ਉਹ ਭੇਡਾਂ ਦੀ ਤਰ੍ਹਾਂ ਸਿਰ ਦੇ ਵਾਲ ਪੁਟਾਉਂਦੇ ਹਨ ਅਤੇ ਵਾਲ ਪੁੱਟਣ ਵਾਲਿਆਂ ਦੇ ਹੱਥ ਸੁਆਹ ਨਾਲ ਭਰੇ ਜਾਂਦੇ ਹਨ। ਉਹ ਮਾਂ-ਬਾਪ ਵਾਲਾ ਫਰਜ਼ ਛੱਡ ਬੈਠਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਪਿੱਛੋਂ ਰੋਂਦੇ ਰਹਿੰਦੇ ਹਨ। ਇਹ ਨਾ ਸਿਰਫ ਇਸ ਲੋਕ ਨੂੰ ਹੀ ਗਵਾ ਬੈਠਦੇ ਹਨ ਬਲਕਿ ਇਨ੍ਹਾਂ ਦਾ ਅਗਲਾ ਲੋਕ ਵੀ ਖਰਾਬ ਹੋ ਜਾਂਦਾ ਹੈ ਕਿਉਂਕਿ ਇਹ ਹਿੰਦੂ ਮੱਤ ਅਨੁਸਾਰ ਮਰਨ ਪਿੱਛੋਂ ਪਿੰਡ ਪੱਤਲ ਆਦਿ ਭਰਾਉਣ ਦਾ ਕੰਮ ਜਾਂ ਕਿਰਿਆ ਦੀਵਾ ਆਦਿ ਦੀ ਰਸਮ ਨਹੀਂ ਕਰਦੇ, ਮਰ ਕੇ ਪਤਾ ਨਹੀਂ ਕਿੱਥੇ ਜਾਂਦੇ ਹਨ। ਭਾਵ ਪਰਲੋਕ ਸਵਾਰਨ ਦਾ ਵੀ ਕੋਈ ਕਰਮ ਨਹੀਂ ਕਰਦੇ।
ਇਨ੍ਹਾਂ ਨੂੰ ਅਠਾਹਠ ਤੀਰਥਾਂ ‘ਤੇ ਵੀ ਕੋਈ ਢੋਈ ਨਹੀਂ ਮਿਲਦੀ ਭਾਵ ਇਹ ਹਿੰਦੂਆਂ ਦੀ ਤਰ੍ਹਾਂ ਤੀਰਥ ਇਸ਼ਨਾਨ ਕਰਨ ਵੀ ਨਹੀਂ ਜਾਂਦੇ ਅਤੇ ਬ੍ਰਾਹਮਣ ਵੀ ਇਨ੍ਹਾਂ ਦੇ ਘਰ ਦਾ ਅੰਨ ਨਹੀਂ ਖਾਂਦੇ। ਇਸ਼ਨਾਨ ਕਰਕੇ ਮੱਥੇ ‘ਤੇ ਕੋਈ ਤਿਲਕ ਵੀ ਨਹੀਂ ਲਾਉਂਦੇ। ਅਰਥਾਤ ਸਾਫ-ਸੁਥਰੇ ਨਹੀਂ ਰਹਿੰਦੇ। ਸਦਾ ਹੀ ਇਸ ਤਰ੍ਹਾਂ ਧੌਣ ਸੁੱਟ ਕੇ ਬੈਠਦੇ ਹਨ ਜਿਵੇਂ ਸੋਗ ਮਨਾ ਰਹੇ ਹੋਣ। ਕਦੇ ਕਿਸੇ ਸਤਿਸੰਗਤਿ ਵਿਚ ਵੀ ਚੱਲ ਕੇ ਨਹੀਂ ਜਾਂਦੇ। ਭਾਵ ਉਨ੍ਹਾਂ ਵਿਚ ਕਿਸੇ ਕਿਸਮ ਦਾ ਕੋਈ ਆਤਮਕ ਉਤਸ਼ਾਹ ਨਹੀਂ ਹੈ। ਉਨ੍ਹਾਂ ਦੇ ਲੱਕ ਨਾਲ ਪਿਆਲੇ ਬੰਨ੍ਹੇ ਹੋਏ ਹਨ ਅਤੇ ਹੱਥਾਂ ਵਿਚ ਚਉਰੀਆਂ ਫੜੀਆਂ ਹੋਈਆਂ ਹਨ ਅਤੇ ਇੱਕ ਕਤਾਰ ਵਿਚ ਤੁਰਦੇ ਹਨ ਤਾਂ ਕਿ ਉਨ੍ਹਾਂ ਕੋਲੋਂ ਕੋਈ ਜੀਵ ਹੱਤਿਆ ਨਾ ਹੋ ਜਾਵੇ। ਇਨ੍ਹਾਂ ਕੋਲ ਨਾ ਹੀ ਕੋਈ ਜੋਗੀਆਂ ਵਾਲੀ ਰਹਿਣੀ ਦੀ ਜੁਗਤਿ ਹੈ ਅਤੇ ਨਾ ਹੀ ਜੰਗਮਾਂ ਵਾਲੀ, ਨਾ ਹੀ ਕਾਜ਼ੀ ਮੌਲਵੀਆਂ ਵਾਲੀ। ਇਹ ਰੱਬ ਵਾਲੇ ਪਾਸੇ ਤੋਂ ਵੀ ਖੁੰਝੇ ਹੋਏ ਭਟਕ ਰਹੇ ਹਨ ਕਿਉਂਕਿ ਇਹ ਕੋਈ ਬੰਦਗੀ ਨਹੀਂ ਕਰਦੇ। ਇਨ੍ਹਾਂ ਸਾਰਿਆਂ ਦਾ ਆਵਾ ਹੀ ਊਤਿਆ ਹੋਇਆ ਹੈ।
ਇਹ ਲੋਕ ਅਹਿੰਸਾ ਵਿਚ ਵਿਸ਼ਵਾਸ਼ ਕਰਦੇ ਹਨ, ਪਾਣੀ ਹਵਾ ਸਭ ਕੁਝ ਤੋਂ ਪਰਹੇਜ਼ ਕਰਦੇ ਹਨ ਤਾਂ ਕਿ ਇਨ੍ਹਾਂ ਕੋਲੋਂ ਕੋਈ ਜੀਵ-ਹੱਤਿਆ ਨਾ ਹੋ ਜਾਵੇ। ਇਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਲਗਦੀ ਕਿ ਜੀਵਾਂ ਨੂੰ ਪੈਦਾ ਕਰਨ ਵਾਲਾ, ਰੱਖਣ ਵਾਲਾ ਅਤੇ ਮਾਰਨ ਵਾਲਾ ਉਹ ਇੱਕ ਅਕਾਲ ਪੁਰਖ ਹੈ। ਜੀਵਾਂ ਦਾ ਜੀਵਨ-ਮੌਤ ਸਭ ਕੁਝ ਉਸ ਅਕਾਲ ਪੁਰਖ ਦੇ ਹੱਥ ਵਿਚ ਹੈ, ਉਸ ਤੋਂ ਬਿਨਾ ਕੋਈ ਹੋਰ ਜੀਵਾਂ ਨੂੰ ਜਿੰਦਾ ਨਹੀਂ ਰੱਖ ਸਕਦਾ। ਅਜਿਹੇ ਅਹਿੰਸਾ ਦੇ ਚੱਕਰ ਵਿਚ ਪੈ ਕੇ ਇਹ ਇੱਕ ਪਾਸੇ ਕਿਰਤ-ਕਮਾਈ ਛੱਡ ਬੈਠਦੇ ਹਨ ਅਤੇ ਦੂਸਰੇ ਪਾਸੇ ਨਾਮ, ਦਾਨ ਅਤੇ ਇਸ਼ਨਾਨ ਤੋਂ ਖੁੰਝੇ ਹੋਏ ਹਨ, ਅਜਿਹੇ ਸਿਰ-ਖੁਥਿਆਂ ਦੇ ਸਿਰ ਵਿਚ ਸੁਆਹ ਪਈ। ਇਨ੍ਹਾਂ ਨੂੰ ਪਾਣੀ ਦੇ ਮਹੱਤਵ ਦਾ ਪਤਾ ਨਹੀਂ ਹੈ ਕਿ ਪਾਣੀ ਵਿਚੋਂ ਹੀ ਦੇਵਤਿਆਂ ਨੇ ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ ਸਾਗਰ ਰਿੜਕ ਕੇ ਰਤਨ ਕੱਢੇ ਸਨ। ਭਾਵ ਪਾਣੀ ਵਿਚੋਂ ਬਹੁਤ ਕੀਮਤੀ ਪਦਾਰਥ ਨਿਕਲਦੇ ਹਨ ਜੋ ਮਨੁੱਖ ਦੇ ਕੰਮ ਆਉਂਦੇ ਹਨ। ਪਾਣੀ ਦੀ ਹੀ ਬਰਕਤ ਹੈ ਕਿ ਦੇਵਤਿਆਂ ਲਈ ਅਠਾਹਠ ਤੀਰਥ ਬਣਾਏ ਗਏ ਹਨ ਜਿਥੇ ਪੁਰਬ ਲੱਗਦੇ ਹਨ, ਕਥਾ-ਵਾਰਤਾ ਹੁੰਦੀ ਹੈ। ਨਹਾ ਕੇ ਹੀ ਨਮਾਜ਼ ਪੜੀ ਜਾਂਦੀ ਹੈ ਅਤੇ ਨਹਾ ਕੇ ਹੀ ਪੂਜਾ ਕੀਤੀ ਜਾਂਦੀ ਹੈ। ਸਿਆਣੇ ਬੰਦੇ ਹਰ ਰੋਜ਼ ਇਸ਼ਨਾਨ ਕਰਦੇ ਹਨ ਜਿਸ ਨਾਲ ਸਾਰੀ ਉਮਰ ਮਨੁੱਖ ਸਾਫ ਹਾਲਤ ਵਿਚ ਵਿਚਰਦਾ ਹੈ ਜੇ ਉਹ ਇਸ਼ਨਾਨ ਕਰਦਾ ਹੈ ਤਾਂ।
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਹ ਸਿਰ-ਖੁੱਥੇ ਉਲਟ ਦਿਸ਼ਾ ਵੱਲ ਜਾ ਰਹੇ ਹਨ ਕਿ ਇਨ੍ਹਾਂ ਨੂੰ ਇਸ਼ਨਾਨ ਕਰਨਾ ਚੰਗਾ ਨਹੀਂ ਲੱਗਦਾ। ਪਾਣੀ ਦਾ ਬਹੁਤ ਮਹੱਤਵ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਜੀਵ ਖੁਸ਼ ਹੁੰਦੇ ਹਨ। ਜੀਵਾਂ ਦਾ ਜੀਵਨ ਪਾਣੀ ਸਦਕਾ ਹੀ ਟਿਕਿਆ ਹੋਇਆ ਹੈ। ਮੀਂਹ ਪੈਣ ਨਾਲ ਜੀਵਾਂ ਦੇ ਖਾਣ ਲਈ ਅੰਨ ਪੈਦਾ ਹੁੰਦਾ ਹੈ, ਹੋਰ ਫਸਲਾਂ ਜਿਵੇਂ ਕਮਾਦ ਪੈਦਾ ਹੁੰਦਾ ਹੈ, ਕਪਾਹ ਪੈਦਾ ਹੁੰਦੀ ਹੈ ਜੋ ਸਭ ਦੇ ਤਨ ਢਕਣ ਦੇ ਕੰਮ ਆਉਂਦੀ ਹੈ। ਘਾਹ ਉਗਦਾ ਹੈ ਜਿਸ ਨੂੰ ਗਊਆਂ ਚੁਗਦੀਆਂ ਹਨ ਜਿਨ੍ਹਾਂ ਤੋਂ ਦੁੱਧ ਮਿਲਦਾ ਹੈ, ਦਹੀਂ ਬਣਦਾ ਹੈ ਜਿਸ ਨੂੰ ਰਿੜਕ ਕੇ ਜ਼ਨਾਨੀਆਂ ਮੱਖਣ ਬਣਾ ਕੇ ਘਿਉ ਬਣਾਉਂਦੀਆਂ ਹਨ ਜੋ ਹੋਮ-ਜੱਗ ਅਤੇ ਪੂਜਾ ਦੇ ਕੰਮਾਂ ਵਿਚ ਵਰਤਿਆ ਜਾਂਦਾ ਹੈ।। ਇੱਕ ਹੋਰ ਇਸ਼ਨਾਨ ਆਤਮਕ ਇਸ਼ਨਾਨ ਵੀ ਹੈ। ਉਹ ਇਹ ਹੈ ਕਿ ਸਤਿਗੁਰੂ ਸਮੁੰਦਰ ਹੈ ਅਤੇ ਉਸ ਦੀ ਸਿੱਖਿਆ ਨਦੀਆਂ ਹਨ, ਸਤਿਗੁਰੂ ਦੀ ਇਸ ਸਿੱਖਿਆ ਦੀਆਂ ਨਦੀਆਂ ਵਿਚ ਇਸ਼ਨਾਨ ਕਰਨ ਨਾਲ ਵਡਿਆਈ ਮਿਲਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜੇ ਇਹ ਸਿਰ-ਖੁੱਥੇ ਅਕਾਲ ਪੁਰਖ ਦੇ ਨਾਮ ਰੂਪੀ ਜਲ ਵਿਚ ਇਸ਼ਨਾਨ ਨਹੀਂ ਕਰਦੇ ਤਾਂ ਇਹ ਕਾਲਖ ਖੱਟ ਕੇ ਇਸ ਸੰਸਾਰ ਤੋਂ ਜਾਂਦੇ ਹਨ,
ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ॥
ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ॥
ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ॥
ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ॥ (ਪੰਨਾ ੧੪੯-੧੫੦)

Be the first to comment

Leave a Reply

Your email address will not be published.