ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਕੇ ਪਰਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਦਾ ਛੇਤੀ ਹੀ ਹੱਲ ਹੋਣ ਵਾਲਾ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਹੈ ਕਿ ਜਲ ਸਰੋਤ ਮੰਤਰੀ ਉਮਾ ਭਾਰਤੀ ਤੇ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੇ ਮੁਲਾਕਾਤ ਵਿਚ ਦਰਿਆਈ ਪਾਣੀਆਂ ਨੂੰ ਸਾਫ ਕਰਨ, ਸਿੰਜਾਈ ਤੇ ਖੇਤੀ ਨਾਲ ਜੁੜੀਆਂ ਸਕੀਮਾਂ ਲਈ ਵਿਸ਼ੇਸ਼ ਪੈਕੇਜ ਲਈ ਹਾਂ ਪੱਖੀ ਹੁੰਗਾਰਾ ਦਿੱਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰ ਨੇ ਸਤਲੁਜ ਦਰਿਆ ਨੂੰ ਗੰਗਾ ਦੇ ਵਾਂਗ ਹੀ ਸਾਫ ਕਰਨ ਦਾ ਫੈਸਲਾ ਕੀਤਾ ਹੈ। ਗੰਗਾ ਨੂੰ ਕੌਮੀ ਮਿਸ਼ਨ ਅਧੀਨ ਸਾਫ ਕੀਤਾ ਜਾ ਰਿਹਾ ਹੈ।
ਘੱਗਰ ਦਰਿਆ ਵਿਚ ਹੜ੍ਹਾਂ ਦੀ ਸਮੱਸਿਆ ਬਾਰੇ ਉਮਾ ਭਾਰਤੀ ਨੇ ਕੇਂਦਰੀ ਜਲ ਕਮਿਸ਼ਨ ਦੀ ਛੇਤੀ ਮੀਟਿੰਗ ਸੱਦ ਕੇ ਕੰਮ ਨੇਪਰੇ ਚਾੜ੍ਹਨ ਦਾ ਭਰੋਸਾ ਦਿਵਾਇਆ ਤਾਂ ਜੋ ਸਬੰਧਤ ਲੋਕਾਂ ਨੂੰ ਸਮੱਸਿਆ ਤੋਂ ਨਿਜਾਤ ਦਿਵਾਈ ਜਾ ਸਕੇ। ਸ਼ ਬਾਦਲ ਨੇ ਸੂਬੇ ਦੇ 100 ਸਾਲ ਪੁਰਾਣੇ ਨਹਿਰੀ ਢਾਂਚੇ ਦੀ ਕਾਇਆ ਕਲਪ ਕਰਨ ਲਈ ਵੀ ਕੇਂਦਰੀ ਸਹਾਇਤਾ ਦੀ ਮੰਗ ਕੀਤੀ ਤੇ ਕਿਹਾ ਕਿ ਇਸ ਦੀ ਜਲ ਵਹਿਣ ਸਮਰੱਥਾ ਘਟ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਸੂਬੇ ਦੇ ਕਰਜ਼ ਮਾਰੇ ਕਿਸਾਨਾਂ ਲਈ ਤਕਰੀਬਨ 30000 ਕਰੋੜ ਰੁਪਏ ਦੇ ਰਾਹਤ ਪੈਕੇਜ, ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਦੋ ਫੀਸਦੀ ਵਿਆਜ ‘ਤੇ ਫਸਲੀ ਕਰਜ਼ ਤੇ ਲਘੂ ਸਿੰਜਾਈ ਪ੍ਰਣਾਲੀ ਵਿਚ 25-35 ਫੀਸਦੀ ਵਾਧਾ ਕਰਨ ਦੇ ਮੁੱਦੇ ਵੀ ਉਠਾਏ।
ਕੇਂਦਰੀ ਊਰਜਾ ਮੰਤਰੀ ਪਿਊਸ਼ ਗੋਇਲ ਨਾਲ ਕੀਤੀ ਮੁਲਾਕਾਤ ਦੌਰਾਨ ਸ਼ ਬਾਦਲ ਨੇ ਗੋਇੰਦਵਾਲ ਸਾਹਿਬ ਵਿਖੇ ਜੀਵੀਕੇ ਪ੍ਰਾਜੈਕਟ ਲਈ ਇਕ ਸਾਲ ਵਾਸਤੇ ਟੇਪਰਿੰਗ ਲਿੰਕੇਜ ਦੀ ਮੰਗ ਕੀਤੀ। ਗੋਇੰਦਵਾਲ ਸਾਹਿਬ ਪਲਾਂਟ ਲਈ ਝਾਰਖੰਡ ਵਿਚ ਤੋਕੀਸ਼ਦ ਤੇ ਸੇਰੇਗੜ੍ਹ ਖਦਾਣਾਂ ਤੋਂ ਕੋਇਲਾ ਸਪਲਾਈ ਕੀਤਾ ਜਾਵੇਗਾ। ਇਨ੍ਹਾਂ ਬਲਾਕਾਂ ਦੀ ਅਜੇ ਖੁਦਾਈ ਹੋਣੀ ਹੈ ਜਿਸ ਕਰਕੇ ਪੰਜਾਬ ਨੇ ਟੇਪਰਿੰਗ ਲਿੰਕੇਜ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਦੇ ਦਫਤਰ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਖੇਤੀ ਮੰਤਰੀ ਨਾਲ ਗੱਲਬਾਤ ਦੌਰਾਨ ਸ਼ ਬਾਦਲ ਨੇ ਘੱਟੋ-ਘੱਟ ਸਮਰਥਨ ਮੁੱਲ ਦਾ ਘੇਰਾ ਬਦਲਵੀਆਂ ਫਸਲਾਂ ਜਿਵੇਂ ਮੱਕੀ ਆਦਿ ਤੱਕ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਕਿ ਵਿਭਿੰਨਤਾ ਦੇ ਟੀਚੇ ਹਾਸਲ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਪੰਜਾਬ ਹਰ ਤਰ੍ਹਾਂ ਕਣਕ-ਜੀਰੀ ਦੇ ਮਾਰੂ ਗੇੜ ਵਿਚੋਂ ਨਿਕਲਣ ਲਈ ਜੂਝ ਰਿਹਾ ਹੈ, ਜਿਨ੍ਹਾਂ ਨੇ ਇਸ ਦਾ ਧਰਤੀ ਹੇਠਲਾ ਪਾਣੀ ਹੀ ਸੂਤ ਲਿਆ ਹੈ। ਉਨ੍ਹਾਂ ਕਿਹਾ ਕਿ ਡੇਅਰੀ ਧੰਦਾ, ਮੱਛੀ ਪਾਲਣ ਤੇ ਪਸ਼ੂ ਪਾਲਣ ਨੂੰ ਵੀ ਖੇਤੀ ਵਿਭਿੰਨਤਾ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਜ਼ੋਰ ਦਿੱਤਾ ਕਿ ਖੇਤੀ ਨਾਲ ਜੁੜੇ ਸਾਰੇ ਸੈਕਟਰਾਂ ਨੂੰ ਪ੍ਰਮੁੱਖ ਰੂਪ ਵਿਚ ਹੁਲਾਰਾ ਦੇਣ ਤੇ ਇਨ੍ਹਾਂ ਨੂੰ ਆਮਦਨ ਕਰ ਤੇ ਬੈਂਕ ਕਰਜ਼ਿਆਂ ਦੇ ਮੰਤਵ ਨਾਲ ਖੇਤੀ ਦੇ ਬਰਾਬਰ ਸਮਝਿਆ ਜਾਣਾ ਚਾਹੀਦਾ ਹੈ। ਸ਼ ਬਾਦਲ ਨੇ ਖਾਸ ਕਰਕੇ ਦੱਖਣੀ ਪੰਜਾਬ ਦੇ ਸੇਮ ਮਾਰੇ ਖੇਤਰ ਵਿਚ ਮੱਛੀ ਪਾਲਣ ਦੇ ਵਿਸ਼ੇਸ਼ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਤੇ ਸੂਬਾ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਦੀ 7921 ਕਰੋੜ ਰੁਪਏ ਦੀ ਪੰਜ ਸਾਲਾ ਯੋਜਨਾ ਨੂੰ ਪ੍ਰਵਾਨਗੀ ਦੇਣ ਲਈ ਕਿਹਾ। ਇਸ ਦੌਰਾਨ ਸ਼ ਬਾਦਲ ਨੇ ਉਮਾ ਭਾਰਤੀ ਨੂੰ ਮਿਲ ਕੇ ਸਤਲੁਜ ਦਰਿਆ ਲਈ ਗੰਗਾ ਦੀ ਤਰਜ਼ ‘ਤੇ ਸਫਾਈ ਪ੍ਰਾਜੈਕਟ ਸ਼ੁਰੂ ਕਰਨ ਦੀ ਅਪੀਲ ਕੀਤੀ ਤੇ ਇਸ ਬਾਰੇ ਕੇਂਦਰ ਤੋਂ ਵਿਸ਼ੇਸ਼ ਸਹਾਇਤਾ ਦੀ ਮੰਗ ਕੀਤੀ। ਬਿਆਨ ਮੁਤਾਬਕ ਉਮਾ ਭਾਰਤੀ ਨੇ ਐਲਾਨ ਕੀਤਾ ਕਿ ਕੇਂਦਰ ਸਤਲੁਜ ਨੂੰ ਇਕ ਆਦਰਸ਼ ਦਰਿਆ ਦੇ ਤੌਰ ‘ਤੇ ਮਾਨਤਾ ਦੇਵੇਗਾ ਤੇ ਇਸ ਦੀ ਗੰਗਾ ਦੀ ਤਰਜ਼ ‘ਤੇ ਹੀ ਸਫਾਈ ਕੀਤੀ ਜਾਵੇਗੀ। ਇਸ ਪਵਿੱਤਰ ਕਾਜ਼ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
_________________________________________
ਭਾਜਪਾ ਨੂੰ ਬਾਦਲ ਦੇ ਦਿੱਲੀ ਦੌਰੇ ਉਪਰ ਇਤਰਾਜ਼
ਚੰਡੀਗੜ੍ਹ: ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨੇ ਸਖ਼ਤ ਸਟੈਂਡ ਲੈਂਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਰਟੀ ਦੇ ਮੰਤਰੀਆਂ ਤੇ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਹੋਰਨਾਂ ਕੇਂਦਰੀ ਮੰਤਰੀਆਂ ਨੂੰ ਮਿਲਣ ਜਾਣ ‘ਤੇ ਸਖਤ ਇਤਰਾਜ਼ ਕੀਤਾ ਹੈ। ਸੀਨੀਅਰ ਭਾਜਪਾ ਆਗੂ ਬਲਰਾਮਜੀ ਦਾਸ ਟੰਡਨ ਨੇ ਇਹ ਮੁੱਦਾ ਉਠਾਉਂਦਿਆਂ ਕਿਹਾ “ਮੈਂ ਇਹ ਸਮਝਣ ਤੋਂ ਅਸਮਰੱਥ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਮੁੱਖ ਲੀਡਰਸ਼ਿਪ ਸੂਬੇ ਤੇ ਕੇਂਦਰ ਵਿਚ ਆਪਣੀ ਭਿਆਲ ਭਾਜਪਾ ਨੂੰ ਛੱਡ ਕੇ ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀਆਂ ਨੂੰ ਮਿਲਣ ਜਾਣ ਬਾਰੇ ਸੋਚ ਵੀ ਕਿਵੇਂ ਸਕਦੀ ਹੈ।” ਅਕਾਲੀ ਦਲ ਲੀਡਰਸ਼ਿਪ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਸੂਬਾਈ ਭਾਜਪਾ ਆਗੂਆਂ ਨੂੰ ਛੱਡ ਕੇ ਕੇਂਦਰ ਵਿਚ ਜਾਣਾ ਮੋਦੀ ਸਰਕਾਰ ਲਈ ਇਕ ਬਹੁਤ ਹੀ ਗਲਤ ਸੰਦੇਸ਼ ਦਿੰਦਾ ਹੈ।” ਭਾਜਪਾ ਦੇ ਇਕ ਹੋਰ ਸੀਨੀਅਰ ਆਗੂ ਨੇ ਕਿਹਾ ਕਿ ਸੂਬੇ ਵਿਚ ਅਕਾਲੀ-ਭਾਜਪਾ ਗੱਠਜੋੜ ਵਿਚ ਪਹਿਲਾਂ ਹੀ ਖਿਚਾਅ ਪੈਦਾ ਹੋ ਗਿਆ ਤੇ ਅਜਿਹੇ ਸਮੇਂ ਪਾਰਟੀ ਆਗੂਆਂ ਨੂੰ ਲਾਂਭੇ ਕਰਕੇ ਕੇਂਦਰ ਸਰਕਾਰ ਕੋਲ ਜਾਣਾ ਠੀਕ ਨਹੀਂ ਹੈ। ਲੋਕ ਸਭਾ ਚੋਣਾਂ ਵਿਚ ਸੱਤਾਧਾਰੀ ਗੱਠਜੋੜ ਦੀ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਭਾਜਪਾ ਦੇ ਕਈ ਆਗੂਆਂ ਨੇ ਅਕਾਲੀ ਲੀਡਰਸ਼ਿਪ ਦੇ ਰਵੱਈਏ ਤੇ ਤੌਰ-ਤਰੀਕਿਆਂ ਬਾਰੇ ਖੁੱਲ੍ਹ ਕੇ ਭੜਾਸ ਕੱਢੀ ਸੀ। ਭਾਜਪਾ ਲੀਡਰਸ਼ਿਪ ਅਕਾਲੀ ਦਲ ਨਾਲ ਆਪਣੇ ਸਬੰਧ ਨਵੇਂ ਸਿਰਿਓਂ ਤੈਅ ਕਰਨਾ ਚਾਹੁੰਦੀ ਹੈ ਤੇ ਕੰਮਕਾਜ ਦੇ ਨਵੇਂ ਨੇਮ ਤੈਅ ਕਰਨ ਦੀ ਇੱਛੁਕ ਹੈ।
___________________________________________
ਚੰਡੀਗੜ੍ਹ ਉਤੇ ਸਿਰਫ ਹਰਿਆਣੇ ਦਾ ਹੱਕ: ਹੁੱਡਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਕੋਲ ਚੰਡੀਗੜ੍ਹ ਦਾ ਮੁੱਦਾ ਉਠਾਉਣ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਚੰਡੀਗੜ੍ਹ ਸਿਰਫ਼ ਹਰਿਆਣਾ ਦੀ ਮਲਕੀਅਤ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਹੈ। ਹੁੱਡਾ ਦੇ ਬਿਆਨ ਦਾ ਇਸ਼ਾਰਾ ਸਾਫ਼ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ ਵੱਲ ਸੀ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਆਪਣਾ ਹੱਕ ਹਾਸਲ ਕਰਨ ਲਈ ਲੜਾਈ ਜਾਰੀ ਰੱਖੇਗੀ।
Leave a Reply