ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਇਸ ਤੋਂ ਪਹਿਲਾਂ ਕਿ ਅਤਿਅੰਤ ਅਚੰਭੇ ਭਰੀ ਦੁਖਦਾਈ ਸੂਚਨਾ ਦੀਆਂ ਉਦਾਸ ਤੇ ਵੈਰਾਗੀ ਤੰਦਾਂ ਪਕੜ ਕੇ ਉਸ ਨੂੰ ਵਿਸਥਾਰ ਵਿਚ ਲਿਖਣਾ ਸ਼ੁਰੂ ਕਰਾਂ, ਮੇਰੀ ਇੱਛਾ ਹੈ ਕਿ ਹੋਣੀ ਦੇ ਇਸ ਅਜਬ ਵਰਤਾਰੇ ਦੀ ਥੋੜ੍ਹੀ-ਬਹੁਤੀ ਥਾਹ ਪਾਉਣ ਹਿਤ ਭੂਮਿਕਾ ਵਜੋਂ ਕੁਝ ਅਜਿਹੀਆਂ ਘਟਨਾਵਾਂ ਵਰਣਨ ਕਰ ਦਿਆਂ ਜੋ ਮੈਂ ਇਧਰੋਂ-ਉਧਰੋਂ ਸੁਣ ਕੇ, ਜਾਂ ਪੜ੍ਹ ਕੇ ਆਪਣੇ ਚੇਤਿਆਂ ਦੀ ਚੰਗੇਰ ਵਿਚ ਸਾਂਭੀਆਂ ਹੋਈਆਂ ਨੇ। ਉਮੀਦ ਕਰਦਾ ਹਾਂ ਕਿ ਇਨ੍ਹਾਂ ਦੇ ਲਿਖਤੀ ਬਿਰਤਾਂਤ ਵਿਚ ਲੰਘ ਕੇ, ਵਰਤ ਚੁੱਕੇ ਭਾਣੇ ਦੇ ਦਰਦ ਨੂੰ ਸਹਿਜ ਨਾਲ ਸਮਝਿਆ ਜਾ ਸਕੇਗਾ। ਅਚਾਨਕ ਅਕਾਲ ਚਲਾਣਾ ਕਰ ਗਏ ਜਿਸ ਸੂਝਵਾਨ ਸੱਜਣ ਦੇ ਅੰਤਮ ਸਮੇਂ ਦੇ ਕੁਝ ਵਾਕਿਆਤ ਲਿਖਣ ਜਾ ਰਿਹਾਂ, ਉਨ੍ਹਾਂ ਦਾ ਰਹੱਸ ਜਾਣਨ ਵਾਸਤੇ ਕੁਝ ਵੇਰਵੇ ਜ਼ਰੂਰੀ ਜਾਪਦੇ ਨੇ।
ਜਥਾ ਭਿੰਡਰਾਂ ਦੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਦੇ ਗੜਵਈ ਰਹੇ ਭਾਈ ਲਛਮਣ ਸਿੰਘ ਮਾਜਰਾ ਜੱਟਾਂ ਜਥੇ ਦੀਆਂ ਗੱਲਾਂ ਦਾ ਅਮੁਕ ਖ਼ਜ਼ਾਨਾ ਸੀ। ਉਹ ਦੱਸਿਆ ਕਰਦੇ ਸਨ ਕਿ ਜਥੇ ਵਿਚ ਤੈਅ-ਸ਼ੁਦਾ ਦਿਨਾਂ ‘ਤੇ ਅੰਮ੍ਰਿਤ ਸੰਚਾਰ ਹੁੰਦਾ ਸੀ। ਇਕ ਵਾਰ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਦੀ ਪੂਰਨ ਸਮਾਪਤੀ ਮੌਕੇ ਕੋਈ ਸੱਜਣ ਆਣ ਕੇ ਕਹਿਣ ਲੱਗਾ, “ਮੈਨੂੰ ਵੀ ਅੰਮ੍ਰਿਤ ਛਕਾਓ ਜੀ।” ਜਥੇ ਦੇ ਸਿੰਘਾਂ ਨੇ ਕਿਹਾ, “ਅੱਜ ਤਾਂ ਸਮਾਪਤੀ ਹੋ ਚੁੱਕੀ ਹੈ, ਅਗਲੀ ਵਾਰੀ ਸਹੀ।” ਉਹ ਕਹੇ, “ਨਹੀਂ, ਮੈਂ ਤਾਂ ਅੱਜ ਹੀ ਅੰਮ੍ਰਿਤਪਾਨ ਕਰਨਾ ਹੈ।” ਸਿੰਘਾਂ ਨੇ ਉਸ ਦੀ ਅਭਿਲਾਸ਼ਾ ਦੇਖ ਕੇ ਆਖਿਆ, “ਹੁਣੇ ਤਾਂ ਨਹੀਂ, ਪਰ ਸਵੇਰੇ ਅਸੀਂ ਦੁਬਾਰਾ ਅੰਮ੍ਰਿਤ ਦਾ ਬਾਟਾ ਤਿਆਰ ਕਰਾਂਗੇ, ਤੁਸੀਂ ਕੱਲ੍ਹ ਆ ਜਾਣਾ।” ਬਾਹਰੋਂ ਆਇਆ ਸੱਜਣ ਖਹਿੜੇ ਈ ਪੈ ਗਿਆ। ਅਖੇ, ਅੱਜ ਹੀ ਛਕਣਾ ਐ ਅੰਮ੍ਰਿਤ।
ਗੱਲ ਆਖਰ ਸੰਤਾਂ ਕੋਲ ਪਹੁੰਚੀ। ਉਨ੍ਹਾਂ ਉਸ ਨੂੰ ਪਿਆਰ ਸਤਿਕਾਰ ਨਾਲ ਮਨਾਇਆ, “ਭਾਈ ਸਿੱਖਾ! ਜ਼ਿਦ ਨਹੀਂ ਕਰੀਦੀ। ਤੂੰ ਰਾਤ ਸਾਡੇ ਕੋਲ ਆਰਾਮ ਕਰ, ਸਵੇਰੇ ਤੈਨੂੰ ਅੰਮ੍ਰਿਤਪਾਨ ਕਰਵਾ ਦਿਆਂਗੇ।” ਉਹ ਸੰਤਾਂ ਦਾ ਆਖਾ ਮੰਨ ਤਾਂ ਗਿਆ ਪਰ ਨਿਰਾਸ਼ ਜਿਹਾ ਹੋ ਗਿਆ। ਰਾਤ ਨੂੰ ਲੰਗਰ-ਪਾਣੀ ਛਕ ਕੇ ਉਹ ਸੌਂ ਗਿਆ। ਸੁਬ੍ਹਾ ਸਾਰੀ ਸੰਗਤ ਉਠ ਕੇ ਇਸ਼ਨਾਨ-ਪਾਨ ਕਰਨ ਲੱਗ ਪਈ, ਪਰ ਉਹ ਉਠਿਆ ਹੀ ਨਾ। ਜਦੋਂ ਰਜਾਈ ਚੁੱਕ ਕੇ ਦੇਖਿਆ, ਉਹ ਪੂਰਾ ਹੋ ਚੁੱਕਾ ਸੀ।
ਸੰਤ ਜੀ ਨੇ ਇਸ ਘਟਨਾ ਦਾ ਬਹੁਤ ਵੈਰਾਗ ਕੀਤਾ। ਉਹ ਪਛਤਾਵਾ ਕਰਦਿਆਂ ਆਪਣੇ ਸਾਥੀਆਂ ਨੂੰ ਕਹਿਣ ਲੱਗੇ, “ਸਿੰਘੋ ਦੇਖੋ! ਤੁਹਾਡੀ ਘੌਲ ਕਾਰਨ ਇਕ ਸਰੀਰ ਅੰਮ੍ਰਿਤ ਤੋਂ ਵਾਂਝਾ ਚਲਾ ਗਿਆ ਦੁਨੀਆਂ ਤੋਂ।”
ਦੂਜੀ ਕਹਾਣੀ ਮੈਂ ਕਿਸੇ ਕਿਤਾਬਚੇ ਵਿਚ ਪੜ੍ਹੀ ਹੋਈ ਹੈ। ਸੰਨ 1999 ਦੇ ਉਨ੍ਹਾਂ ਦਿਨਾਂ ਵਿਚ ਜਦੋਂ ਅਕਾਲੀ ਲੀਡਰਾਂ ਵਲੋਂ ਸਾਰੀ ਕੌਮ ਨੂੰ ਅੰਮ੍ਰਿਤਧਾਰੀ ਬਣਾਉਣ ਦੇ ਐਲਾਨ ਕੀਤੇ ਜਾ ਰਹੇ ਸਨ, ਉਸ ਮੌਕੇ ਮੇਰੇ ਹੱਥ ਲੱਗੀ ਇਸ ਕਿਤਾਬ ਵਿਚ ਇਕ ਨਿੱਕੀ ਕਹਾਣੀ ਛਪੀ ਹੋਈ ਸੀæææ ਕਹਿੰਦੇ, ਕੋਈ ਉਪਰਾ ਬੰਦਾ ਕਿਸੇ ਗ੍ਰਹਿਸਥੀ ਸਿੱਖ ਦੇ ਘਰੇ ਗਿਆ। ਕੁਝ ਛਕਣ-ਛਕਾਉਣ ਵੇਲੇ ਗੱਲਾਂ-ਬਾਤਾਂ ਕਰਦਿਆਂ ਉਸ ਸਿੱਖ ਪਰਿਵਾਰ ਦੇ ਕਾਲਜ ਜਾਂਦੇ ਗੱਭਰੂ ਮੂੰਹੋਂ ਬੜੇ ਗਿਆਨ-ਧਿਆਨ ਦੀਆਂ ਗੱਲਾਂ ਸੁਣ ਕੇ ਓਪਰਾ ਬੰਦਾ ਕਾਫੀ ਪ੍ਰਭਾਵਤ ਹੋਇਆ। ਹੈਰਾਨ ਹੁੰਦਿਆਂ ਉਸ ਨੇ ਮੁੰਡੇ ਨੂੰ ਉਸ ਦੀ ਉਮਰ ਪੁੱਛੀ। ਮੁੰਡਾ ਬੋਲਿਆ, “ਜੀ ਮੈਂ ਚਾਰ ਸਾਲਾਂ ਦਾ ਹੋਇਆ ਹਾਂ ਹਾਲੇ।” ਗੱਭਰੂ ਦੇ ਮੂੰਹੋਂ ‘ਚਾਰ ਸਾਲ’ ਵਾਲਾ ਜਵਾਬ ਸੁਣ ਕੇ, ਪੁੱਛਣ ਵਾਲੇ ਨੇ ਪਹਿਲਾਂ ਸੋਚਿਆ ਕਿ ਉਸ ਨੂੰ ਮਖੌਲ ਕੀਤਾ ਹੋਣੈ, ਪਰ ਸਾਧੂਆਂ-ਸੰਤਾਂ ਵਰਗੇ ਮੁੰਡੇ ਦਾ ਸ਼ਾਂਤ ਚਿੱਤ ਚਿਹਰਾ-ਮੋਹਰਾ ਦੱਸ ਰਿਹਾ ਸੀ ਕਿ ਮੁੰਡਾ ਯੱਕੜ ਮਾਰਨਾ ਵਾਲਾ ਨਹੀਂ।
ਸ਼ਸ਼ੋਪੰਜ ਵਿਚ ਪਏ ਬੰਦੇ ਨੂੰ ਹੋਰ ਤਾਂ ਕੁਝ ਨਾ ਸੁੱਝਾ, ਉਸ ਨੇ ਐਵੇਂ ਹੀ ਗੱਲ ਹੋਧਰੇ ਪਾਉਣ ਲਈ ਮੁੰਡੇ ਨੂੰ ਉਸ ਦੇ ਪਿਉ ਦੀ ਉਮਰ ਪੁੱਛ ਲਈ। “ਉਹ ਤਾਂ ਜੀ ਦੋ ਸਾਲ ਦੇ ਹੋਏ ਆ।” ਇਹ ਅਨੋਖਾ ਜਵਾਬ ਸੁਣ ਕੇ ਓਪਰੇ ਬੰਦੇ ਦਾ ਮੂੰਹ ਹੀ ਅੱਡਿਆ ਰਹਿ ਗਿਆ, ਪਰ ਪੈਂਦੀ ਸੱਟੇ ਉਸ ਨੇ ਮਾਂ ਦੀ ਉਮਰ ਪੁੱਛੀ। ਉਹ ਵੀ ‘ਦੋ ਸਾਲ’ ਦੀ ਹੀ ਸੁਣ ਕੇ ਬੰਦਾ ਸੋਚੀਂ ਪੈ ਗਿਆ ਕਿ ਇਹ ਕੀ ਮਾਜਰਾ ਹੋਵੇਗਾ? ਮੱਸ ਫੁੱਟ ਗੱਭਰੂ ਚਾਰ ਸਾਲ ਦਾ, ਮਾਂ-ਬਾਪ ਦੋਵੇਂ ਦੋ-ਦੋ ਸਾਲ ਦੇ?
ਇਸ ਅਜੀਬ ਗੁੰਝਲ ਨੂੰ ਖੁਦ-ਬ-ਖੁਦ ਖੋਲ੍ਹਣ ਲਈ ਕੁਝ ਪਲ ਮਨ ਦੇ ਘੋੜੇ ਦੁੜਾਉਣ ਬਾਅਦ ਓਪਰਾ ਬੰਦਾ ਮੁੰਡੇ ਦੇ ਬਾਪ ਨੂੰ ਇਸ ਬੁਝਾਰਤ ਜਿਹੀ ਦਾ ਉਤਰ ਪੁੱਛਦਾ ਹੈ। ਬਾਪ ਦੱਸਦਾ ਹੈ, “ਸਾਡਾ ਪੁੱਤਰ ਬਿਲਕੁਲ ਸੱਚ ਬੋਲ ਰਿਹਾ ਹੈ। ਸ੍ਰੀਮਾਨ ਜੀ, ਮੈਂ ਤੇ ਮੇਰੀ ਘਰਵਾਲੀ ਭਾਵੇਂ ਪੰਜਾਹ ਨੂੰ ਢੁੱਕੇ ਹੋਏ ਹਾਂ, ਪਰ ਗੁਰੂਘਰ ਵਿਚ ਜਨਮ ਲਿਆਂ ਨੂੰ, ਭਾਵ ਅੰਮ੍ਰਿਤਪਾਨ ਕਰਿਆਂ ਸਾਨੂੰ ਦੋ ਸਾਲ ਹੀ ਹੋਏ ਨੇ। ਨਿਗੁਰੇ ਰਹਿਣ ਵਾਲੇ ਸਾਲਾਂ ਨੂੰ ਅਸੀਂ ਆਪਣੀ ਉਮਰ ਵਿਚ ਨਹੀਂ ਗਿਣਦੇ। ਇੰਜ ਹੀ ਸਾਡਾ ਬੇਟਾ ਬੇਸ਼ਕ ਪੱਚੀ ਸਾਲ ਦਾ ਹੈ, ਪਰ ਅੰਮ੍ਰਿਤ ਛਕਿਆਂ ਉਸ ਨੂੰ ਸਿਰਫ ਚਾਰ ਸਾਲ ਹੀ ਹੋਏ ਨੇ। ਇਹ ਹੈ ਸਾਡੇ ਟੱਬਰ ਦੀਆਂ ਉਮਰਾਂ ਦਾ ਰਾਜ਼।”
ਹੁਣ ਅੱਗੇ ਵਧਦੇ ਹਾਂ। ਇਸ ਪਾਵਨ ਅੰਮ੍ਰਿਤ ਦਾ ਚਸ਼ਮਾ ਜਦੋਂ 1699 ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਫੁੱਟਿਆ ਸੀ, ਤਦ ਅੰਮ੍ਰਿਤ ਦਾਤੇ, ਕਲਗੀਆਂ ਵਾਲੇ ਪਾਤਸ਼ਾਹ ਨੇ ਜਾਤ ਅਭਿਮਾਨੀਆਂ ਨੂੰ ਐਲਾਨੀਆ ਕਿਹਾ ਸੀ ਕਿ ਇਨ ਗਰੀਬ ਸਿੱਖਨ ਕੋ ਦੇਉਂ ਪਾਤਸ਼ਾਹੀ। ਸਤਿਗੁਰੂ ਨੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ ਜਿਨ੍ਹਾਂ ਨੂੰ ਆਪਣੇ-ਆਪ ਨੂੰ ਉਚੀਆਂ ਜਾਤਾਂ ਕਹਾਉਣ ਵਾਲੇ ਸ਼ੂਦਰ ਕਹਿੰਦੇ ਸੀ। ਜਦ ਇਹ ਕਥਿਤ ਸ਼ੂਦਰ ਸ਼ਸਤਰਧਾਰੀ ਸਰਦਾਰ ਬਣ ਕੇ ਮੈਦਾਨ ਵਿਚ ਨਿੱਤਰੇ, ਤਾਂ ਜਾਤ ਅਭਿਮਾਨੀਆਂ ਦੇ ਝੁੰਡ ਪਹਾੜੀ ਰਾਜਿਆਂ ਨੇ ਇਨ੍ਹਾਂ ਗੁਰੂ ਦੇ ਸਿੱਖਾਂ ਨੂੰ ਟਿੱਚਰਾਂ ਕੀਤੀਆਂ,
ਉਹਨੇ ‘ਕੱਠੇ ਕੀਤੇ ਜੱਟ ਬੂਟ, ਝੀਵਰ ਤਰਖਾਣਾ।
ਉਹ ਕੀ ਜਾਣਨ ਤੇਗ ਨੂੰ ਹੱਥ ਕਿਧਰੋਂ ਪਾਉਣਾ?
ਸਮਾਂ ਆਪਣੀ ਤੋਰੇ ਤੁਰਦਾ ਗਿਆ। ਬਿਪਰ ਸ਼ਕਤੀਆਂ ਨੇ ਸਿੱਖਾਂ ਵਿਚ ਵੀ ਜਾਤਾਂ-ਗੋਤਾਂ ਦੇ ਕੁਲੱਛਣੇ ਬੀਅ ਬੀਜ ਦਿਤੇ। ਪੰਥ ਵਿਚ ਵੀ ਉਚੀਆਂ ਤੇ ਨੀਵੀਆਂ ਜਾਤਾਂ ਦੀਆਂ ਵੰਡੀਆਂ ਪਾ ਦਿੱਤੀਆਂ ਗਈਆਂ। ਇਤਿਹਾਸ ਨੇ ਉਹ ਪਲ ਵੀ ਤੱਕੇ ਜਦ ਸਿੰਘ ਸਭਾ ਲਹਿਰ ਦੇ ਜ਼ੋਰਦਾਰ ਪ੍ਰਭਾਵ ਸਦਕਾ ਕਥਿਤ ਅਛੂਤ ਸਿੱਖ ਕੜਾਹ ਪ੍ਰਸ਼ਾਦ ਦੀਆਂ ਪਰਾਤਾਂ ਸਿਰਾਂ ‘ਤੇ ਚੁੱਕ ਕੇ ਖਾਲਸਾ ਪੰਥ ਦਾ ਮੁੜ ਅੰਗ ਬਣਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਏ। ਬਿਪਰ ਦੇ ਹੱਥਠੋਕੇ ਪੁਜਾਰੀ ਉਦੋਂ ਹਰਿਮੰਦਰ ਸਾਹਿਬ ਸੁੰਨਾ ਛੱਡ ਕੇ ਦੌੜ ਗਏ ਪਰ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਅਨੁਸਾਰ ਪੰਥ ਨੇ ਜੈਕਾਰੇ ਛੱਡ ਕੇ ਆਪਣੇ ਵਿਛੜੇ ਭਰਾਵਾਂ ਦਾ ਚਾਅਵਾਂ ਤੇ ਰੀਝਾਂ ਨਾਲ ਸਵਾਗਤ ਕੀਤਾ। ਵਕਤ ਦੀ ਤਿਰਛੀ ਨਜ਼ਰ ਨੇ ਫਿਰ ਉਹ ਲਮਹੇ ਵੀ ਦੇਖੇ, ਜਦੋਂ ਵਿਦਵਤਾ ਦੇ ਵਗਦੇ ਦਰਿਆ ਤੇ ਕੌਮੀ ਚਿੰਤਕ ਡਾæ ਭੀਮ ਰਾਉ ਅੰਬੇਦਕਰ ਨੇ ਕਰੋੜਾਂ ਸਾਥੀਆਂ ਸਮੇਤ ਅੰਮ੍ਰਿਤਪਾਨ ਕਰਨ ਦੀਆਂ ਯੋਜਨਾਵਾਂ ਬਣਾਈਆਂ। ਬਿਪਰ ਆਗੂ ਮਹਾਤਮਾ ਗਾਂਧੀ ਦੇ ਢਿੱਡ ਪੀੜ ਹੋਣ ਲੱਗ ਪਈ। ਉਸ ਨੇ ਤਾਂ ਮਰਨ ਵਰਤ ਰੱਖਣ ਦਾ ਐਲਾਨ ਕਰ ਦਿਤਾ। ਇੱਧਰ ਸਿੱਖ ਆਗੂਆਂ ਵਿਚ ਕੁਝ ਅਜਿਹੇ ਸਨ ਜਿਨ੍ਹਾਂ ਨੂੰ ਕੇਸਾਧਾਰੀ ਬਿਪਰ ਹੀ ਕਿਹਾ ਜਾ ਸਕਦਾ ਹੈ। ਇਨ੍ਹਾਂ ਸਾਰਿਆਂ ਦੀਆਂ ਗੁੰਦੀਆਂ ਹੋਈਆਂ ਗੋਂਦਾਂ ਨੇ ਡਾæ ਅੰਬੇਦਕਰ ਦਾ ਸੁਪਨਾ ਚਕਨਾਚੂਰ ਕਰ ਦਿੱਤਾ। ਕਾਲ ਚੱਕਰ ਚਲਦਾ ਗਿਆ। ਬਹੁਤ ਕੁਝ ਅਜਿਹਾ ਵਾਪਰਦਾ ਰਿਹਾ ਜਿਸ ਨੇ ਸਿੱਖਾਂ ਅਤੇ ਪਛੜੇ ਵਰਗਾਂ ਵਿਚਕਾਰ ਪਾੜੇ ਪਾਏæææ ਦਿਲਾਂ ਦੀਆਂ ਦੂਰੀਆਂ ਵਧਾਈਆਂ।
ਫਿਰ ਚੜ੍ਹਿਆ 2014 ਦਾ ਮਹੀਨਾ ਜੂਨ। ਸਾਰਾ ਸਿੱਖ ਜਗਤ ਭਾਵੇਂ ਜੂਨ ਚੁਰਾਸੀ ਦੇ ਘੱਲੂਘਾਰੇ ਦੀ 30ਵੀਂ ਬਰਸੀ ਦੇ ਵੈਰਾਗਮਈ ਪ੍ਰੋਗਰਾਮਾਂ ਨੂੰ ਅੰਤਮ ਛੋਹਾਂ ਦੇ ਰਿਹਾ ਸੀ ਪਰ ਇਨ੍ਹਾਂ ਤਪਸ਼ ਭਰੇ ਦਿਨਾਂ ਵਿਚ ਠੰਢੇ ਠਾਰ ਕਰ ਦੇਣ ਵਾਲੀ ਖ਼ੁਸ਼-ਖਬਰ ਨੇ ਸਭ ਦਾ ਧਿਆਨ ਖਿੱਚਿਆ। ਬਹੁਜਨ ਸਮਾਜ ਪਾਰਟੀ ਦੇ ਬਾਨੀ ਬਾਬੂ ਕਾਸ਼ੀ ਰਾਮ ਦੇ ਸਾਥੀ ਅਤੇ ਦੋ ਵਾਰ ਲੋਕ ਸਭਾ ਦੇ ਮੈਂਬਰ ਰਹੇ ਸ੍ਰੀ ਹਰਭਜਨ ਲਾਖਾ ਦੇ ਬਿਆਨ ਅਖਬਾਰਾਂ ਵਿਚ ਛਪੇ ਕਿ ਉਹ ਆਪਣੇ ਸਾਥੀਆਂ ਸਮੇਤ ਅੰਮ੍ਰਿਤਪਾਨ ਕਰ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਉਹ ਛੇ ਜੂਨ ਵਾਲੇ ਇਤਿਹਾਸਕ ਦਿਨ ‘ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤਪਾਨ ਕਰਨ ਉਪਰੰਤ ਲਹਿਰ ਚਲਾਉਣਗੇ ਜਿਸ ਦਾ ਮਿਸ਼ਨ ਹੋਵੇਗਾ ਜਾਤਾਂ-ਪਾਤਾਂ ਦੇ ਸੰਗਲਾਂ ਨੂੰ ਤੋੜ ਕੇ, ਸਰਬੱਤ ਮਾਈ-ਭਾਈ ਨੂੰ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨੀਂ ਲਾਉਣਾ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਫਲਸਫ਼ੇ ਨੂੰ ਘਰ-ਘਰ ਪਹੁੰਚਾਉਣ ਦਾ ਉਨ੍ਹਾਂ ਤਹੱਈਆ ਕਰ ਲਿਆ। ਅਖ਼ਬਾਰਾਂ ਵਿਚ ਚੋਣਵੇਂ ਸਾਥੀਆਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਛਪੀਆਂ ਜਿਨ੍ਹਾਂ ਵਿਚ ਸ੍ਰੀ ਲਾਖਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਸਨ।
ਖ਼ਬਰ ਪੜ੍ਹ ਕੇ ਫੁੱਲ ਵਾਂਗ ਖਿੜੇ ਦਿਲ ਅਤੇ ਡੁੱਲ੍ਹ-ਡੁੱਲ੍ਹ ਪੈਂਦੀਆਂ ਖੁਸ਼ੀਆਂ ਨਾਲ ਮੈਂ ‘ਡਾæ ਅੰਬੇਦਕਰ ਸਿੱਖ ਫਾਊਂਡੇਸ਼ਨ’ ਦੇ ਸਿਆਟਲ ਵਾਲੇ ਵੀਰਾਂ ਨੂੰ ਵਧਾਈਆਂ ਦਿੱਤੀਆਂ। ਉਹ ਵੀ ਬਾਗੋ-ਬਾਗ। ਇਸ ਕ੍ਰਾਂਤੀਕਾਰੀ ਐਲਾਨ ਦੀ ਖ਼ੁਸ਼ੀ ਮਾਣਦਿਆਂ 1989 ਦਾ ਉਹ ਸਮਾਂ ਯਾਦ ਆ ਗਿਆ ਜਦੋਂ ਸ੍ਰੀ ਲਾਖਾ ਸਾਡੇ ਲੋਕ ਸਭਾ ਹਲਕਾ ਫਿਲੌਰ ਤੋਂ ਚੋਣ ਲੜ ਰਹੇ ਸਨ। ਪਿੰਡ ਦੁਪਾਲਪੁਰ ਮੇਰੇ ਗਰੀਬਖਾਨੇ ਉਨ੍ਹਾਂ ਚਾਹ-ਪਾਣੀ ਛਕਦਿਆਂ ਢੇਰ ਸਾਰੀਆਂ ਗੱਲਾਂ ਕੀਤੀਆਂ ਸਨ। ਉਦੋਂ ਹੀ ਉਨ੍ਹਾਂ ਮੈਨੂੰ ਆਪਣੀ ਏਅਰ ਫ਼ੋਰਸ ਵਾਲੀ ਪੰਦਰਾਂ ਸਾਲ ਦੀ ਸਰਵਿਸ ਬਾਰੇ ਅਤੇ ਕਾਸ਼ੀ ਰਾਮ ਨਾਲ ਸਬੰਧਤ ਕਈ ਯਾਦਾਂ ਬਾਰੇ ਦੱਸਿਆ ਸੀ। ਉਨ੍ਹਾਂ ਦਾ ਪਿੰਡ ਕਰਨਾਣਾ ਮੇਰੇ ਸ਼੍ਰੋਮਣੀ ਕਮੇਟੀ ਚੋਣ ਹਲਕੇ ਵਿਚ ਪੈਂਦਾ ਹੋਣ ਕਰ ਕੇ ਉਨ੍ਹਾਂ ਸੰਨ 1996 ਵਿਚ ਮੇਰੀ ਕਾਫੀ ਮਦਦ ਵੀ ਕੀਤੀ ਸੀ।
ਮੈਨੂੰ ਉਹ ਕੁਸੈਲੇ ਪਲ ਵੀ ਯਾਦ ਆਏ ਜਦੋਂ ਸੰਨ 1999 ਵਿਚ ਨਵਾਂ ਸ਼ਹਿਰ ਦੇ ਭਾਈ ਹਿੰਮਤ ਸਿੰਘ ਯਾਦਗਾਰੀ ਭਵਨ ਵਿਖੇ ਹੋਏ ਸਮਾਗਮ ਵਿਚ ਮੇਰਾ ਉਨ੍ਹਾਂ ਨਾਲ ਤਿੱਖਾ ਬਹਿਸ-ਮੁਬਹਿਸਾ ਵੀ ਹੋਇਆ ਸੀ। ਸਟੇਜ ‘ਤੇ ਭਾਸ਼ਨ ਦੌਰਾਨ ਉਨ੍ਹਾਂ ਅੰਮ੍ਰਿਤ ਛਕਣ ਬਾਰੇ ਕੁਝ ਅਯੋਗ ਜਿਹੇ ਲਫ਼ਜ਼ ਬੋਲੇ ਸਨ ਜਿਨ੍ਹਾਂ ਦਾ ਮੈਂ ਉਸੇ ਵੇਲੇ ਹੀ ਜਵਾਬ ਦਿੱਤਾ ਸੀ ਪਰ ਉਨ੍ਹਾਂ ਵਡੱਪਣ ਦਿਖਾਉਂਦਿਆਂ ਗੁੱਸਾ ਕਰਨ ਦੀ ਬਜਾਏ ਹੱਸਦਿਆਂ ਮੈਨੂੰ ਗਲਵਕੜੀ ‘ਚ ਲੈ ਕੇ ਛੋਟਾ ਵੀਰ ਆਖਿਆ ਸੀ।
ਖੈਰ! ਤਾਂਘ ਨਾਲ ਉਡੀਕਦਿਆਂ ਛੇ ਜੂਨ ਆਇਆ। ਇਸ ਦਿਨ ਸ਼ਾਮ ਨੂੰ ਖ਼ਬਰਾਂ ਸੁਣਦਿਆਂ ਪਤਾ ਲੱਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਡਾਂਗ-ਸੋਟਾ ਅਤੇ ਤਲਵਾਰਬਾਜ਼ੀ ਦੇ ਆਪੋ ਵਿਚੀਂ ਹੀ ਜੌਹਰ ਦਿਖਾਏ ਗਏ। ਉਤਸਕੁਤਾ ਨਾਲ ਦੂਜੇ ਦਿਨ ਸੱਤ ਜੂਨ ਦੀਆਂ ਅਖਬਾਰਾਂ ਪੜ੍ਹੀਆਂ। ਦਲਿਤਪੁਣਾ ਵਗ੍ਹਾ ਕੇ ਮਾਰਦਿਆਂ ਗੁਰੂ ਕਾ ਲਾਡਲਾ ਸਿੰਘ ਬਣਨ ਵਾਲੇ ਸ੍ਰੀ ਲਾਖਾ ਦੀ ਮਹੱਤਵਪੂਰਨ ਖਬਰ, ਪੁਜਾਰੀਆਂ ਦੇ ਹਉਮੈ ਭਰੇ ਪ੍ਰਗਟਾਵੇ ਦੇ ਭਾਰ ਥੱਲੇ ਦਬੀ ਪਈ ਸੀ। ਹਾਂ, ਕੁਝ ਅਖ਼ਬਾਰਾਂ ਵਿਚ ਛਪੀ ਫ਼ੋਟੋ ਦੱਸ ਰਹੀ ਸੀ ਕਿ ਸ੍ਰੀ ਹਰਭਜਨ ਸਿੰਘ ਲਾਖਾ ‘ਚਮਕੇ ਸਿੰਘ ਭੁਜੰਗੀਏ ਨੀਲ ਅੰਮ੍ਰਿਤਧਾਰੇ’ ਦਾ ਸਕਾਰ ਰੂਪ ਹੋਏ ਬੈਠੇ ਨੇ।
ਸ੍ਰੀ ਲਾਖਾ ਦੇ ਇਸ ਇਨਕਲਾਬੀ ਕਦਮ ਦੀਆਂ ਵਧਾਈਆਂ ਦਾ ਲੈਣ-ਦੇਣ ਅਜੇ ਚੱਲ ਹੀ ਰਿਹਾ ਸੀ ਕਿ ਚਾਰ ਦਿਨਾਂ ਬਾਅਦ ਹੀ ‘ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ’ ਦਾ ਭਾਣਾ ਵਰਤ ਗਿਆ। ‘ਮਨ ਕੀ ਮਨ ਹੀ ਮਾਹਿ ਰਹੀ’ ਅਨੁਸਾਰ ਸ੍ਰੀ ਲਾਖਾ ਦੀਆਂ ਰੀਝਾਂ ਧਰੀਆਂ ਧਰਾਈਆਂ ਰਹਿ ਗਈਆਂ। ਕੁਦਰਤ ਦੇ ਅਜੀਬ ਵਰਤਾਰਿਆਂ ਵਿਚ ਇਕ ਅਧਿਆਏ ਹੋਰ ਜੁੜ ਗਿਆ। ਫੌਲਾਦੀ ਹੌਸਲੇ ਅਤੇ ਚੱਟਾਨ ਵਰਗੇ ਮਜ਼ਬੂਤ ਇਰਾਦੇ ਵਾਲੇ ਸ੍ਰੀ ਲਾਖਾ ਦੇ ਬੇਵਕਤ ਚਲਾਣੇ ਨਾਲ ਪੈਣ ਵਾਲੇ ਕੌਮੀ ਘਾਟੇ ਬਾਰੇ ਸੋਚਦਾ ਹਾਂ। ਛੇ ਜੂਨ ਤੋਂ ਦਸ ਜੂਨ ਸਿਰਫ ਚਾਰ ਦਿਨ। ਲਾਖਾ ਸਰਦਾਰ ਉਮਰ ਲਿਖਾਈ ਦਿਨ ਚਾਰ।
ਸਦਮੇ ਵਿਚ ਡੁੱਬੇ ਦੇ ਬੁਲ੍ਹਾਂ ‘ਤੇ ਆਪ-ਮੁਹਾਰੇ ਇਹ ਸ਼ਿਅਰ ਆ ਗਿਆ,
ਉਮਰੇ ਦਰਾਜ ਮਾਂਗ ਕਰ, ਲਾਏ ਥੇ ਚਾਰ ਦਿਨ
ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ।
ਸਿੱਖ ਸਭਿਆਚਾਰ ਮੁਤਾਬਕ ਹਰਭਜਨ ਸਿੰਘ ਦੇ ਹੁਕਮ ਰਜਾਈ ਚਲੇ ਜਾਣ ‘ਤੇ ਜਿਥੇ ਅਰਦਾਸ ਕਰਨੀ ਬਣਦੀ ਹੈ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ੇ, ਉਥੇ ਉਨ੍ਹਾਂ ਦੇ ਅਰੰਭੇ ਮਿਸ਼ਨ ਨੂੰ ਅਗਾਂਹ ਤੋਰਨ ਵਾਲੇ ਕਿਸੇ ਮਰਦੇ-ਮੁਜਾਹਿਦ ਦੀ ਉਡੀਕ ਵੀ ਕਰਦੇ ਹਾਂ।
Leave a Reply