ਚੰਡੀਗੜ੍ਹ: ਨਰੇਂਦਰ ਮੋਦੀ ਦੀ ਅਗਵਾਈ ਵਾਲੀ ਐਨæਡੀæਏæ ਸਰਕਾਰ ਵੱਲੋਂ ਦੇਸ਼ ਦੀਆਂ ਨਦੀਆਂ ਨੂੰ ਆਪਸ ਵਿਚ ਜੋੜਨ ਦੇ ਮੁੱਦੇ ਨੂੰ ਪਿਛਲੇ ਦਿਨੀਂ ਰਾਸ਼ਟਰਪਤੀ ਦੇ ਭਾਸ਼ਣ ਵਿਚ ਉਭਾਰਨਾ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਬਣ ਗਿਆ ਹੈ। ਅਕਾਲੀ ਦਲ ਅਕਸਰ ਜਿਥੇ ਪਾਣੀ ਦੇ ਮੁੱਦਿਆਂ ‘ਤੇ ਮੋਰਚੇ ਲਾਉਂਦਾ ਰਿਹਾ ਹੈ ਉਥੇ ਇਸ ਮੁੱਦੇ ਉਪਰ ਦਹਾਕਿਆਂ ਤੋਂ ਕਾਂਗਰਸ ‘ਤੇ ਵੀ ਸਿਆਸੀ ਹਮਲੇ ਕਰਦਾ ਆ ਰਿਹਾ ਹੈ। ਇਸ ਕਾਰਨ ਇਸ ਗੱਠਜੋੜ ਵਿਚਾਲੇ ਕੌਮੀ ਤੇ ਸੂਬਾ ਪੱਧਰ ‘ਤੇ ਕੁੜੱਤਣ ਦਾ ਮਾਹੌਲ ਬਣਨ ਦੇ ਆਸਾਰ ਹਨ।
ਦਰਿਆਵਾਂ ਨੂੰ ਜੋੜਨ ਦੇ ਮੁੱਦੇ ‘ਤੇ ਭਾਵੇਂ ਸ਼ ਬਾਦਲ ਨੇ ਭਾਜਪਾ ਉਪਰ ਕੋਈ ਸਿਆਸੀ ਹਮਲਾ ਕਰਨ ਤੋਂ ਬਚਦਿਆਂ ਸਪਸ਼ਟ ਕੀਤਾ ਹੈ ਕਿ ਅਕਾਲੀ ਦਲ ਪਾਣੀ ਦੀ ਵੰਡ ਦੇ ਮਾਮਲੇ ਕੌਮੀ ਪੱਧਰ ‘ਤੇ ਪ੍ਰਵਾਨਿਤ ਰਿਪੇਰੀਅਨ ਸਿਧਾਂਤਾਂ ਮੁਤਾਬਕ ਹੀ ਨਿਪਟਾਉਣ ਦੇ ਹੱਕ ਵਿਚ ਹੈ ਪਰ ਇਸ ਮੁੱਦੇ ‘ਤੇ ਉਹ ਆਪਣੇ-ਆਪ ਨੂੰ ਫਸੇ ਮਹਿਸੂਸ ਕਰ ਰਹੇ ਹਨ। ਰਿਪੇਰੀਅਨ ਕਾਨੂੰਨ ਮੁਤਾਬਕ ਦਰਿਆਵਾਂ ਦੇ ਪਾਣੀਆਂ ‘ਤੇ ਉਸੇ ਸੂਬੇ ਦਾ ਹੱਕ ਮੰਨਿਆ ਜਾਂਦਾ ਹੈ ਜਿਸ ਵਿਚ ਸਬੰਧਤ ਦਰਿਆ ਵਗਦਾ ਹੈ। ਕੇਂਦਰ ਵਿਚ ਹੁਣ ਭਾਈਵਾਲਾਂ ਦੀ ਸਰਕਾਰ ਹੋਣ ਕਾਰਨ ਸ਼ ਬਾਦਲ ਵੱਲੋਂ ਇਸ ਮੁੱਦੇ ਉਪਰ ਕੋਈ ਸਿੱਧਾ ਸਿਆਸੀ ਹਮਲਾ ਕਰਨ ਦੀ ਥਾਂ ਤਕਨੀਕੀ ਤੱਥਾਂ ਨੂੰ ਆਧਾਰ ਬਣਾਇਆ ਜਾ ਰਿਹਾ ਹੈ। ਸ਼ ਬਾਦਲ ਤਰਕ ਦੇ ਰਹੇ ਹਨ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਮੁੱਦਾ ਹੋਰ ਸੂਬਿਆਂ ਤੋਂ ਵੱਖਰਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਦਰਿਆਵਾਂ ‘ਤੇ ਡੈਮ ਬਣੇ ਹੋਏ ਹਨ ਤੇ ਇਨ੍ਹਾਂ ਦੇ ਪਾਣੀ ਦੀ ਵੰਡ ਸਿਰਫ ਰਿਪੇਰੀਅਨ ਕਾਨੂੰਨ ਮੁਤਾਬਕ ਹੀ ਸੰਭਵ ਹੈ।
ਇਸ ਕੌਮੀ ਮੁੱਦੇ ਤੋਂ ਇਲਾਵਾ ਭਾਜਪਾ ਦੇ ਪ੍ਰਮੁੱਖ ਆਗੂਆਂ ਵੱਲੋਂ ਕੌਮੀ ਆਗੂ ਅਰੁਣ ਜੇਤਲੀ ਦੀ ਅੰਮ੍ਰਿਤਸਰ ਲੋਕ ਸਭਾ ਹਲਕੇ ਵਿਚੋਂ ਹੋਈ ਨਮੋਸ਼ੀ ਭਰੀ ਹਾਰ ਦਾ ਜ਼ਿੰਮੇਵਾਰ ਅਕਾਲੀ ਦਲ ਨੂੰ ਠਹਿਰਾਇਆ ਜਾ ਰਿਹਾ ਹੈ। ਭਾਜਪਾ ਆਗੂ ਜਿਥੇ ਪ੍ਰਾਪਰਟੀ ਟੈਕਸ ਦੇ ਫੈਸਲੇ ਨਾਲੋਂ ਆਪਣੇ-ਆਪ ਨੂੰ ਅਲੱਗ ਕਰ ਰਹੇ ਹਨ ਉਥੇ ਡਰੱਗ ਤੇ ਰੇਤ-ਬਜਰੀ ਦਾ ਮੁੱਦਾ ਅਕਾਲੀਆਂ ‘ਤੇ ਸੁੱਟ ਕੇ ਹਾਰ ਤੋਂ ਪੱਲਾ ਝਾੜ ਰਹੇ ਹਨ। ਇਸ ਮੁੱਦੇ ‘ਤੇ ਵੀ ਮਜਬੂਰ ਜਾਪ ਰਹੇ ਮੁੱਖ ਮੰਤਰੀ ਸ਼ ਬਾਦਲ ਨੂੰ ਇਹ ਕਹਿਣਾ ਪਿਆ ਹੈ ਕਿ ਰੇਤ-ਬਜਰੀ ਸਮੇਤ ਪ੍ਰਾਪਰਟੀ ਟੈਕਸ ਆਦਿ ਦੇ ਮੁੱਦਿਆਂ ਲਈ ਪੂਰਾ ਮੰਤਰੀ ਮੰਡਲ ਜ਼ਿੰਮੇਵਾਰ ਹੈ।
ਦੱਸਣਯੋਗ ਹੈ ਕਿ ਭਾਜਪਾ ਦੇ ਮੰਤਰੀ ਅਨਿਲ ਜੋਸ਼ੀ ਨੇ ਦੋਸ਼ ਲਾਇਆ ਸੀ ਕਿ ਰੇਤ-ਬਜਰੀ ਦੀ ਨਾਜਾਇਜ਼ ਖੁਦਾਈ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਧੀਨ ਆਉਂਦਾ ਗ੍ਰਹਿ ਵਿਭਾਗ ਜ਼ਿੰਮੇਵਾਰ ਹੈ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਦਾ ਜਿਹੜਾ ਧੜਾ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਦਾ ਬਿਸਤਰਾ ਗੋਲ ਕਰਵਾਉਣ ਲਈ ਅਰੁਣ ਜੇਤਲੀ ਨੂੰ ਇਥੇ ਚੋਣ ਲੜਾਉਣ ਲਿਆਇਆ ਸੀ, ਹੁਣ ਉਹ ਇਸ ਹਾਰ ਤੋਂ ਆਪਣੇ ਆਪ ਨੂੰ ਬਚਾਉਣ ਲਈ ਅਕਾਲੀਆਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾ ਰਿਹਾ ਹੈ। ਸੂਤਰਾਂ ਮੁਤਾਬਕ ਅਰੁਣ ਜੇਤਲੀ ਦੀ ਹਾਰ ਕਾਰਨ ਪੰਜਾਬ ਭਾਜਪਾ ਵਿਚ ਵੀ ਅਗਲੇ ਦਿਨੀਂ ਨਵੇਂ ਸਮੀਕਰਨ ਬਣ ਸਕਦੇ ਹਨ। ਲੁਧਿਆਣਾ ਦੇ ਦੋ ਬੈਂਸ ਭਰਾਵਾਂ ਆਤਮਨਗਰ ਤੋਂ ਸਿਮਰਜੀਤ ਸਿੰਘ ਬੈਂਸ ਤੇ ਲੁਧਿਆਣਾ ਦੱਖਣੀ ਤੋਂ ਬਲਵਿੰਦਰ ਸਿੰਘ ਬੈਂਸ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਤੋਂ ਦੂਰੀਆਂ ਬਣਾਉਣ ਕਾਰਨ ਅਕਾਲੀ ਦਲ ਦੇ ਵਿਧਾਇਕਾਂ ਦੇ ਅੰਕੜੇ ਨੂੰ ਖੋਰਾ ਲੱਗਣ ਕਰਕੇ ਵੀ ਭਾਜਪਾ ਆਗੂ ਅਕਾਲੀਆਂ ‘ਤੇ ਸਿਆਸੀ ਹਮਲੇ ਕਰ ਰਹੇ ਹਨ।
ਅਕਾਲੀ ਦਲ ਦੇ ਵਿਧਾਇਕ ਹਰੀ ਸਿੰਘ ਜ਼ੀਰਾ ਵੱਲੋਂ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਨਾ ਕਰਨ ਕਾਰਨ ਬਗਾਵਤ ਦੇ ਰਾਹ ਪੈਣ ਕਰਕੇ ਅਕਾਲੀ ਦਲ ਨਵੀਂ ਸਮੱਸਿਆ ਵਿਚ ਫਸਦਾ ਜਾ ਰਿਹਾ ਹੈ। ਸ੍ਰੀ ਜ਼ੀਰਾ ਵੱਲੋਂ ਸ਼ ਬਾਦਲ ਨੂੰ ਮਿਲਣ ਦੇ ਬਾਵਜੂਦ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਪਹਿਲਾਂ ਸੀਨੀਅਰ ਅਕਾਲੀ ਆਗੂਆਂ ਨੂੰ ਅੱਖੋਂ-ਪਰੋਖੇ ਕਰਕੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਕਰਵਾਉਣ ਕਾਰਨ ਵੀ ਕਈ ਸੀਨੀਅਰ ਅਕਾਲੀ ਆਗੂਆਂ ਨੇ ਸ਼ ਬਾਦਲ ਕੋਲ ਰੋਸ ਪ੍ਰਗਟ ਕੀਤਾ ਸੀ।
Leave a Reply