ਡਿਕਲੀਗ੍ਰਾਮਾ

ਬਲਜੀਤ ਬਾਸੀ
ਰਸ਼ਿਮ ਬੈਂਸ ਮੇਰਾ ਭਾਣਜਾ ਹੈ, ਐਸ ਵੇਲੇ ਮੇਰੀ ਉਮਰ ਤੋਂ ਵੀ ਅੱਧਾ। ਉਸ ਦਾ ਇਹ ਨਾਂ ਵੀ ਮੈਂ ਰੱਖਿਆ ਸੀ। ਉਹ ਇਸ ਵੇਲੇ ਸ਼ਿਕਾਗੋ ਵਿਚ ਡਾਕਟਰ ਹੈ ਪਰ ਡਾਕਟਰੀ ਉਸ ਨੂੰ ਭਾਉਂਦੀ ਨਹੀਂ। ਉਸ ਦਾ ਸ਼ੌਕ ਹੈ ਸ਼ਹਿਰੋ ਸ਼ਹਿਰ ਘੁੰਮਣਾ, ਸ਼ਹਿਰਾਂ ਦੀ ਇਮਾਰਤਸਾਜ਼ੀ ਤੇ ਹੋਰ ਵਿਸ਼ੇਸ਼ਤਾਈਆਂ ਦਾ ਇਤਿਹਾਸ ਜਾਨਣਾ। ਹੋਰ ਦਾਰਸ਼ਨਿਕ ਜਿਹੇ ਵਿਸ਼ਿਆਂ ਵਿਚ ਵੀ ਉਸ ਦੀ ਡੂੰਘੀ ਦਿਲਚਸਪੀ ਹੈ। ਉਹ ਅਮਰੀਕਾ ਵਿਚ ਹੀ ਜੰਮਿਆ-ਪਲਿਆ। ਮੇਰੀ ਭੈਣ ਹਰ ਦੂਜੇ ਤੀਜੇ ਸਾਲ ਆਪਣੇ ਦੋਵਾਂ ਮੁੰਡਿਆਂ ਨੂੰ ਲੈ ਕੇ ਇੰਡੀਆ ਆਉਂਦੀ ਸੀ ਤੇ ਉਹ ਸਾਡੇ ਕੋਲ ਚੰਡੀਗੜ੍ਹ ਕਾਫੀ ਵਕਤ ਗੁਜ਼ਾਰਿਆ ਕਰਦੇ ਸਨ। ਮੈਂ ਦੇਖਿਆ ਕਿ ਰਸ਼ਿਮ ਅਜੇ ਪੰਜ ਛੇ ਸਾਲ ਦਾ ਹੀ ਹੋਵੇਗਾ ਕਿ ਉਹ ਚੰਡੀਗੜ੍ਹ ਸਾਡੇ ਘਰ ਕਿਸੇ ਮੰਜੇ ਦੇ ਹੇਠਾਂ ਘੰਟਿਆਂ ਬੱਧੀ ਲਿਟਿਆ ਰਹਿੰਦਾ। ਉਸ ਦੇ ਹੱਥ ਵਿਚ ਕੋਈ ਨਾ ਕੋਈ ਕਿਤਾਬ ਹੁੰਦੀ ਜਾਂ ਉਹ ਪੈਨਸਿਲ ਨਾਲ ਕਾਪੀ ‘ਤੇ ਸਕੈਚ ਬਣਾ ਰਿਹਾ ਹੁੰਦਾ। ਉਹ ਜਦ ਨੌਂ-ਦਸ ਕੁ ਸਾਲ ਦੀ ਉਮਰ ਵਿਚ ਸਾਡੇ ਕੋਲ ਆਇਆ ਤਾਂ ਮੈਨੂੰ ਕਹਿੰਦਾ, Ḕਮੈਨੂੰ ਪੰਜਾਬੀ ਲਿਖਣੀ ਸਿਖਾਓ।Ḕ ਮੈਂ ਉਸ ਨੂੰ ਸਾਰੀ ਪੈਂਤੀ ਲਿਖ ਕੇ ਦੇ ਦਿੱਤੀ ਤੇ ਹੋਰ ਮੋਟੀਆਂ ਗੱਲਾਂ ਦੱਸੀਆਂ। ਮੈਂ ਹੈਰਾਨ ਰਹਿ ਗਿਆ ਕਿ ਉਹ ਦੋ ਦਿਨਾਂ ਵਿਚ ਹੀ ਕਾਫੀ ਠੀਕ ਤਰ੍ਹਾਂ ਪੰਜਾਬੀ ਲਿਖਣੀ ਤੇ ਪੜ੍ਹਨੀ ਸਿੱਖ ਗਿਆ। ਉਸ ਨੇ ਭ੍ਰਿਸ਼ਟਾਚਾਰ ਸ਼ਬਦ ਸਿਖਿਆ ਤੇ ਇਸ ਸ਼ਬਦ ਦਾ ਉਚਾਰਣ ਕਰਕੇ ਕਿੰਨਾ ਕਿੰਨਾ ਚਿਰ ਇਸ ਦਾ ਲੁਤਫ਼ ਮਾਣਦਾ ਰਿਹਾ। ਫਿਰ ਦੋ ਚਾਰ ਦਿਨਾਂ ਬਾਅਦ ਹੀ ਉਸ ਨੇ ਮੈਨੂੰ ਉਰਦੂ ਸਿਖਾਉਣ ਲਈ ਆਖਿਆ। ਉਸ ਦਾ ਕਹਿਣਾ ਸੀ ਕਿ ਉਸ ਨੂੰ ਉਲਟੇ ਦਾਅ ਲਿਖੇ ਜਾਂਦੇ ਉਰਦੂ ਅੱਖਰ ਬਹੁਤ ਅਲੋਕਾਰ ਅਤੇ ਦਿਲਖਿਚਵੇਂ ਲਗਦੇ ਹਨ। ਮੈਂ ਉਸ ਦੀ ਇਹ ਖਾਹਿਸ਼ ਵੀ ਪੂਰੀ ਕੀਤੀ। ਉਰਦੂ ਦੀ ਮੁਹਾਰਤ ਵੀ ਉਸ ਨੇ ਚੰਦ ਦਿਨਾਂ ਵਿਚ ਹੀ ਪੂਰੀ ਕਰ ਲਈ ਤੇ ਫਿਰ ਹਿੰਦੀ ਨੂੰ ਜਾ ਜੱਫਾ ਪਾਇਆ।
ਸਾਡੇ ਸਾਰੇ ਘਰ ਦੇ ਜੀਆਂ ਵਿਚ ਕਮਲ ਕੁੱਟਣ ਤੇ ਅਵਲ-ਟਵਲੀਆਂ ਮਾਰਨ ਦੀ ਬਹੁਤ ਆਦਤ ਹੈ। ਇਸ ਨੂੰ ਅਸੀਂ ਦਾਰਸ਼ਨਿਕ ਜਿਹੀ ਰੰਗਣ ਵੀ ਦਿੰਦੇ ਰਹਿੰਦੇ ਹਾਂ ਹਾਲਾਂ ਕਿ ਫਿਲਾਸਫੀ ਵਿਸ਼ੇਸ਼ ਸਾਡੇ ਵੱਸ ਦਾ ਰੋਗ ਨਹੀਂ। ਕੁਦਰਤੀ ਤੌਰ ‘ਤੇ ਮੇਰੇ ਇਸ ਭਾਣਜੇ ਵਿਚ ਵੀ ਅਜਿਹੇ ਜੀਨ ਵਿਦਮਾਨ ਹਨ। ਉਹ ਮੇਰੇ ਨਾਲ ਅਕਸਰ ਹੀ ਫੈਲੂਸੂਫੀਆਂ ਵੀ ਘੋਟਣ ਲੱਗ ਪਿਆ। ਅਸੀਂ ਸਾਰੇ ਰੱਬ ਦੀ ਹੋਂਦ ਤੋਂ ਮੁਨਕਿਰ ਹਾਂ। ਮਾਮੇ ਤੇ ਭਾਣਜੇ ਨੇ ਗੱਲ ਬਣਾਈ ਕਿ ਦਰਅਸਲ ਰੱਬ ਤੋਂ ਵੀ ਵੱਡੀ ਇਕ ਹੋਰ ਹਸਤੀ ਹੈ ਤੇ ਰੱਬ ਵੀ ਉਸ ਨੇ ਹੀ ਬਣਾਇਆ ਹੈ। ਇਸ ਵਡੇਰੀ ਹਸਤੀ ਨੇ ਹੀ ਅੱਗੇ ਹੋਰ ਸ੍ਰਿਸ਼ਟੀ ਸਾਜਣ ਲਈ ਰੱਬ ਦੀ ਡਿਊਟੀ ਲਾਈ। ਰੱਬ ਤੋਂ ਵੀ ਵਡੇਰੀ ਇਸ ਹਸਤੀ ਦਾ ਮੇਰੇ ਸੁਝਾਅ ‘ਤੇ ਨਾਮ ਰੱਖਿਆ ਗਿਆ ਡਿਕਲੀਗ੍ਰਾਮਾ। ਉਹ ਇਸ ਨਾਂ ‘ਤੇ ਬੜਾ ਖੁਸ਼ ਹੋਇਆ ਤੇ ਸਾਰਾ ਦਿਨ ਡਿਕਲੀਗ੍ਰਾਮਾ-ਡਿਕਲੀਗ੍ਰਾਮਾ ਕਰਦਾ ਰਹਿੰਦਾ।
ਅਸੀਂ ਅਕਸਰ ਇਸ ਡਿਕਲੀਗ੍ਰਾਮਾ ਦੇ ਨਵੇਂ-ਨਵੇਂ ਲੱਭੇ ਗੁਣਾਂ ਦੀ ਚਰਚਾ ਕਰਦੇ ਰਹਿੰਦੇ। ਜਿਵੇਂ ਅਸੀਂ ਕਹਿੰਦੇ ਕਿ ਦੁਨੀਆਂ ਵਿਚ ਜੇ ਰੱਬ ਕਈ ਗਲਤ ਕੰਮ ਕਰਦਾ ਹੈ ਤਾਂ ਡਿਕਲੀਗ੍ਰਾਮਾ ਉਸ ਦਾ ਮੁਰਗਾ ਬਣਾ ਦਿੰਦਾ ਹੈ। ਉਂਜ ਡਿਕਲੀਗ੍ਰਾਮਾ ਖੁਦ ਹਮੇਸ਼ਾ ਸਮਾਧੀ ਵਿਚ ਲੀਨ ਰਹਿੰਦਾ ਹੈ। ਉਹ ਕਿਸੇ ਦੀ ਭਗਤੀ ਨਹੀਂ ਕਰਦਾ ਕਿਉਂਕਿ ਉਸ ਤੋਂ ਵੱਡਾ ਕੋਈ ਹੈ ਹੀ ਨਹੀਂ। ਕਈ ਕਲਪਾਂ ਬਾਅਦ ਉਸ ਨੂੰ ਭੁਖ ਲਗਦੀ ਹੈ ਤਾਂ ਉਹ ਇਕ ਚੌਲ ਦਾ ਦਾਣਾ ਖਾਂਦਾ ਹੈ। ਇਸ ਤਰ੍ਹਾਂ ਦੀਆਂ ਅਸੀਂ ਬੇਸ਼ੁਮਾਰ ਗੱਲਾਂ ਡਿਕਲੀਗ੍ਰਾਮਾ ਬਾਰੇ ਬਣਾਈਆਂ ਹੋਈਆਂ ਹਨ। ਉਸ ਦੀ ਇੰਡੀਆ ਦੀ ਹਰ ਵਿਜ਼ਿਟ ਮੌਕੇ ਡਿਕਲੀਗ੍ਰਾਮਾ ‘ਤੇ ਖੂਬ ਨਵੀਂ ਤੋਂ ਨਵੀਂ ਚਰਚਾ ਹੁੰਦੀ। ਸਾਡੇ ਪਰਿਵਾਰ ਦੇ ਹੋਰ ਜੀਅ ਵੀ ਸਾਡੀ ਇਸ ਚਰਚਾ ਤੋਂ ਖੂਬ ਮਨੋਰੰਜਨ ਪ੍ਰਾਪਤ ਕਰਦੇ। ਡਿਕਲੀਗ੍ਰਾਮਾ ਸਾਡੇ ਦੋਹਾਂ ਵਿਚਕਾਰ ਅਜਿਹੀ ਸਾਂਝ ਬਣ ਗਿਆ ਹੈ ਕਿ ਹੁਣ ਤੱਕ ਵੀ ਜਦ ਅਸੀਂ ਇਕ ਦੂਜੇ ਨਾਲ ਫੋਨ ‘ਤੇ ਗੱਲ ਕਰਦੇ ਜਾਂ ਮਿਲਦੇ ਹਾਂ ਤਾਂ ਡਿਕਲੀਗ੍ਰਾਮਾ ਦੇ ਕਿਸੇ ਨਵੇਂ ਲੱਭੇ ਪਸਾਰ ਦੀ ਗੱਲ ਜ਼ਰੂਰ ਛੇੜਦੇ ਹਾਂ। ਕਈ ਵਾਰੀ ਤਾਂ ਅਸੀਂ ਇਕ ਦੂਜੇ ਨੂੰ ਹੀ ਡਿਕਲੀਗ੍ਰਾਮਾ ਕਹਿ ਕੇ ਪੁਕਾਰਦੇ ਹਾਂ, “ਡਿਕਲੀਗ੍ਰਾਮਾ, ਚਲੋ ਡਿਕਲੀਗ੍ਰਾਮਾ ਡਰਿੰਕ (ਸ਼ਿਵਾਜ਼ ਰੀਗਲ) ਪੀਵੀਏ।” ਜੇ ਮੈਂ ਡਿਕਲੀਗ੍ਰਾਮਾ ਦੀ ਸਾਡੇ ਵਲੋਂ ਕੀਤੀ ਵਿਸਤ੍ਰਿਤ ਖੋਜ ਬਾਰੇ ਲਿਖਣ ਬੈਠਾਂ ਤਾਂ ਪੂਰਾ ਗ੍ਰੰਥ ਰਚਿਆ ਜਾਵੇਗਾ। ਦਰਅਸਲ ਸਾਡੇ ਦਿਮਾਗਾਂ ‘ਤੇ ਡਿਕਲੀਗ੍ਰਾਮਾ ਦਾ ਏਨਾ ਛਾਅ ਜਾਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਅਸੀਂ ਕਿਸੇ ਵੀ ਸਰਬਸ਼ਕਤੀਮਾਨ ਹੋਂਦ ਤੋਂ ਲਗਾਤਾਰ ਇਨਕਾਰੀ ਹੋ ਰਹੇ ਹਾਂ।
ਇਹ ਡਿਕਲੀਗ੍ਰਾਮਾ ਸ਼ਬਦ ਕਿਵੇਂ ਹਥਿਆਇਆ? ਇਹ ਜਾਨਣ ਲਈ ਤੁਹਾਨੂੰ ਇਕ ਹੋਰ ਪ੍ਰਸੰਗ ਵੱਲ ਲੈ ਜਾਂਦਾ ਹਾਂ। 1986 ਵਿਚ ਰਜਿੰਦਰ ਸਿੰਘ ਬੇਦੀ ਦੇ ਨਾਵਲ ‘ਤੇ ਆਧਾਰਤ ਇਕ ਫਿਲਮ ਬਣੀ ਸੀ, Ḕਏਕ ਚਾਦਰ ਮੈਲੀ ਸੀḔ ਜਿਸ ਦੀ ਸ਼ੂਟਿੰਗ ਚੰਡੀਗੜ੍ਹ ਤੇ ਪੰਜਾਬ ਦੇ ਕਈ ਪਿੰਡਾਂ ਵਿਚ ਹੋਈ ਸੀ। ਇਸ ਦਾ ਡਾਇਰੈਕਟਰ ਸੀ ਮੇਰਾ ਪੁਰਾਣਾ ਦੋਸਤ ਸੁਖਵੰਤ ਢੱਡਾ ਤੇ ਸਹਾਇਕ ਡਾਇਰੈਕਟਰ ਮੇਰਾ ਰਹਿ ਚੁੱਕਾ ਹਮ-ਜਮਾਤੀ ਤੇ ਦੋਸਤ ਅਮਰੀਕ ਗਿੱਲ। ਇਸ ਫਿਲਮ ਵਿਚ ਗੁੱਜਰ ਕੁੜੀ ਰਾਜੀ (ਪੂਨਮ ਢਿਲੋਂ) ਦਾ ਮੌਜਾਂ ਮਸਤੀਆ ਮਾਣਦੇ ਮੰਗਲ (ਰਿਸ਼ੀ ਕਪੂਰ) ਨਾਲ ਪਿਆਰ ਪੈ ਜਾਂਦਾ ਹੈ। ਸ਼ਾਇਦ ਪਹਿਲੀ ਹੀ ਮੁਲਾਕਾਤ ਵਿਚ ਰਾਜੀ ਮੰਗਲ ਨੂੰ ਪੁਛਦੀ ਹੈ, Ḕਤੇਰਾ ਨਾਮ ਕਿਆ ਹੈ ਰੇ?Ḕ ਮੰਗਲ ਕੁਝ ਸ਼ਰਾਰਤੀ ਅੰਦਾਜ਼ ਵਿਚ ਉਸ ਨੂੰ ਜਵਾਬ ਦਿੰਦਾ ਹੈ, Ḕਮੇਰਾ ਨਾਮæææਮੇਰਾ ਨਾਮ ਡਿਕਲੀਗ੍ਰਾਮਾ!Ḕ ਹਾਲਾਂ ਕਿ ਉਸ ਦਾ ਨਾਂ ਮੰਗਲ ਹੁੰਦਾ ਹੈ। ਪਰ ਪਿਆਰ ਦੀ ਖੇਡ ਇਸ ਤਰ੍ਹਾਂ ਦੇ ਝੂਠ-ਸੱਚ ਨਾਲ ਹੀ ਮਘਦੀ ਹੈ। ਹੁਣ ਸਾਡੇ ਸੋਚਣ ਵਾਲੀ ਗੱਲ ਹੈ ਕਿ ਇਹ ਡਿਕਲੀਗ੍ਰਾਮਾ ਜਿਹਾ ਨਾਂ ਕਿਥੋਂ ਆ ਧਮਕਿਆ?
ਇਹ ਦੱਸਣ ਲਈ ਮੈਂ ਇਕ ਹੋਰ ਪ੍ਰਸੰਗ ਛੇੜਦਾ ਹਾਂ। ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਇਸ ਫਿਲਮ ਦੇ ਸਹਾਇਕ ਡਾਇਰੈਕਟਰ ਅਮਰੀਕ ਗਿੱਲ ਮੇਰੇ ਦੋਸਤ ਅਤੇ ਹਮਜਮਾਤੀ ਰਹੇ ਸਨ। ਦਰਅਸਲ ਸੰਵਾਦ ਵਿਚ ਇਹ ਨਾਂ ਅਮਰੀਕ ਗਿੱਲ ਨੇ ਅੜੋਸਿਆ ਹੈ। ਹੁਣ ਤਾਂ ਅਮਰੀਕ ਗੱਲ ਖੁਦ ਵੀ ਕੁਝ ਇਕ ਵਧੀਆ ਪੰਜਾਬੀ ਤੇ ਹਿੰਦੀ ਫਿਲਮਾਂ ਦੇ ਸੰਵਾਦ ਤੇ ਕਹਾਣੀਆਂ ਲਿਖ ਚੁੱਕਾ ਹੈ। ਸੱਤਰਵਿਆਂ ਵਿਚ ਅਮਿਤੋਜ ਨਾਂ ਦਾ ਇਕ ਬਹੁਤ ਹੀ ਸੰਵੇਦਨਸ਼ੀਲ ਅਤੇ ਨਿਵੇਕਲਾ ਕਵੀ ਪੰਜਾਬ ਯੂਨੀਵਰਸਿਟੀ-ਚੰਡੀਗੜ੍ਹ ਦੇ ਭਾਈ ਵੀਰ ਸਿੰਘ ਚੇਅਰ ਦਾ ਖੋਜਾਰਥੀ ਸੀ। ਮੈਂ ਤੇ ਅਮਰੀਕ ਗਿੱਲ ਉਦੋਂ ਉਥੇ ਐਮæਏæ ਕਰਦੇ ਸਾਂ। ਅਮਿਤੋਜ ਅਕਸਰ ਹੀ ਸਾਡੀ ਢਾਣੀ ਵਿਚ ਹੁੰਦਾ ਸੀ। ਉਸ ਨੂੰ ਸ਼ਬਦਾਂ ਦੇ ਅਲੋਕਾਰ ਪ੍ਰਯੋਗ ਕਰਨ ਦੀ ਆਦਤ ਸੀ। ਉਹ ਇਨ੍ਹਾਂ ਨੂੰ ਤੋੜਦਾ-ਮਰੋੜਦਾ ਜਾਂ ਨਵੇਂ ਹੀ ਸ਼ਬਦ ਘੜ ਲੈਂਦਾ। ਇਕ ਵਾਰੀ ਮੰਜੇ ‘ਤੇ ਲੰਮੇ ਪਏ ਨੇ ਕਾਲੀਆਂ ਐਨਕਾਂ ਲਾਹ ਕੇ ਗੋਡੇ ‘ਤੇ ਰੱਖ ਦਿੱਤੀਆਂ। ਝੱਟ ਪਿਛੋਂ ਉਸ ਨੇ ਗੋਡੇ ਵੱਲ ਦੇਖਿਆ ਤਾਂ ਉਸ ਨੂੰ ਗੋਡੇ ‘ਤੇ ਗੌਗਲਜ਼ ਦਾ ਮੇਲ ਬੜਾ ਨਿਰਾਲਾ ਲੱਗਾ ਤੇ ਉਸ ਨੇ ਕਵਿਤਾ ਲਿਖ ਮਾਰੀ Ḕਗੋਡੇ ‘ਤੇ ਗੌਗਲਜ਼।Ḕ
ਅਮਿਤੋਜ ਦੇ ਬਿੰਬ ਸੱਜਰੇ, ਨਿਵੇਕਲੇ ਤੇ ਚਕਾਚੌਂਧ ਕਰਨ ਵਾਲੇ ਹੁੰਦੇ ਜਿਨ੍ਹਾਂ ਪਿਛੇ ਡੂੰਘੀ ਮਾਨਵੀ ਵੇਦਨਾ ਸਮਾਈ ਹੁੰਦੀ। ਉਹ ਤੇ ਉਸ ਦਾ ਇਕ ਦੋਸਤ ਭੁਪਿੰਦਰ ਬਰਾੜ ਮਿਲ ਕੇ ਸਾਂਝੀਆਂ ਕਵਿਤਾਵਾਂ ਲਿਖਦੇ ਤੇ ਨਵੇਂ ਨਵੇਂ ਆਪਣੇ ਬਣਾਏ ਸ਼ਬਦ ਠੋਕਦੇ ਰਹਿੰਦੇ। ਅਮਿਤੋਜ ਜਦ ਕਵਿਤਾ ਸੁਣਾਉਂਦਾ ਤਾਂ ਅਸੀਂ ਉਸ ਦੇ ਮੂੰਹ ਵੱਲ ਹੀ ਝਾਕੀ ਜਾਂਦੇ। ਉਸ ਦੀ ਅਜਿਹੀ ਹੀ ਇਕ ਕਵਿਤਾ ਸੀ ਜਿਸ ਦਾ ਸਿਰਲੇਖ ਸੀ, Ḕਡਿਕਲੀਗ੍ਰਾਮਾ।Ḕ ਡਿਕਲੀਗ੍ਰਾਮਾ ਨਾਂ ਤਾਂ ਕੋਈ ਵਰਤਿਆ ਜਾਣ ਵਾਲਾ ਸ਼ਬਦ ਹੈ ਤੇ ਨਾਂ ਹੀ ਕਿਸੇ ਦਾ ਨਾਂ। ਇਹ ਨਿਰੋਲ ਅਮਿਤੋਜ ਦੇ ਦਿਮਾਗ ਦੀ ਕਾਢ ਹੈ।
ਮੇਰੇ ਅਤੇ ਅਮਿਤੋਜ ਦੇ ਮਿੱਤਰ ਭੁਪਿੰਦਰ ਬਰਾੜ ਜਿਸ ਦਾ ਜ਼ਿਕਰ ਉਪਰ ਹੋ ਚੁੱਕਾ ਹੈ, ਇਕ ਵਧੀਆ ਹਿੰਦੀ ਕਵੀ ਹਨ। ਉਨ੍ਹਾਂ ਹੁਣੇ ਜਿਹੇ ਇਸ ਕਵਿਤਾ ‘ਤੇ ਇਕ ਪੈਰੋਡੀ ਜਿਹੀ ਲਿਖ ਮਾਰੀ ਹੈ। ਉਹ ਵੀ ਪੇਸ਼ ਹੈ,
ਡਿਕਲੀਗ੍ਰਾਮਾ ਕੀ ਯਾਦ ਮੇਂ ਏਕ ਲੋਕਗੀਤ
ਓਸਾਮਾ
ਓਬਾਮਾ
ਹਾਇ ਮੇਰੇ ਰਾਮਾ
ਡਿਕਲੀਗ੍ਰਾਮਾ
ਪਹਨ ਕੇ ਚੋਗਾ
ਲਗੇ ਕੋਈ ਲਾਮਾ
ਡਿਕਲੀਗ੍ਰਾਮਾ
ਪਹਨ ਪਜਾਮਾ
ਲਗੇ ਤੇਰਾ ਮਾਮਾ
ਨਿਕਲ ਜੋ ਨੰਗਾ
ਹੂਆ ਕਿਉਂ ਹੰਗਾਮਾ।
ਫਰਾਇਡ ਨੇ ਕਿਤੇ ਲਿਖਿਆ ਹੈ ਕਿ ਕੋਈ ਆਦਮੀ ਅਚਨਚੇਤੀ ਕੋਈ ਨਵਾਂ ਸ਼ਬਦ ਜਾਂ ਅੰਕ ਬੋਲੇ ਤਾਂ ਬੋਲਣਹਾਰੇ ਦੇ ਮਨ ਦੀ ਡੂੰਘਾਈ ਵਿਚ ਇਸ ਦਾ ਕੋਈ ਨਾ ਕੋਈ ਪਿਛੋਕੜ ਜ਼ਰੂਰ ਹੁੰਦਾ ਹੈ। ਏਨੀਆ ਮਨੋਵਿਗਿਆਨਕ ਡੂੰਘਾਈਆਂ ਦਾ ਤਾਂ ਆਪਾਂ ਨੂੰ ਪਤਾ ਨਹੀਂ, ਹਾਂ ਏਨਾ ਜ਼ਰੂਰ ਹੈ ਕਿ ਕਵਿਤਾ ਵਿਧਾ ਹੀ ਐਸੀ ਹੈ ਕਿ ਇਸ ਵਿਚ ਕਵੀ ਦੇ ਮਨ ਆਈਆਂ ਕਰਨ ਦੀ ਢੇਰ ਸਮਰਥਾ ਹੁੰਦੀ ਹੈ। ਕਵੀ ਜਨ ਤੋਲ ਤੁਕਾਂਤ ਪੂਰਾ ਕਰਨ, ਤਾਲ ਬਿਠਾਉਣ ਜਾਂ ਆਮ ਤੋਂ ਕੁਝ ਹਟਵੇਂ, ਕਟਾਖਸ਼ਮਈ ਭਾਵ ਵਿਅਕਤ ਕਰਨ ਲਈ ਸ਼ਬਦਾਂ ਨੂੰ ਭੰਨਦੇ ਤੋੜਦੇ ਰਹਿੰਦੇ ਹਨ। ਰਾਂਝਾ, ਰੰਝੇਟਾ, ਰੰਝੇਟੜਾ ਇਸ ਦੀ ਮਿਸਾਲ ਹੈ। ਹੋਰ ਬੇਸ਼ੁਮਾਰ ਸ਼ਬਦ ਦੇਖੇ ਜਾ ਸਕਦੇ ਹਨ। ਤੂਤਕ ਤੂਤਕ ਤੁਤੀਆਂ ਵਿਚ ਤੂਤਕ ਦਾ ਕੀ ਅਰਥ ਹੈ? ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਵਿਚ ਵੀ ਇਸ ਵਰਤਾਰੇ ਦੀਆਂ ਅਨੇਕਾਂ ਮਿਸਾਲਾਂ ਮਿਲ ਜਾਦੀਆਂ ਹਨ। ਅੰਗਰੇਜ਼ੀ ਕਵੀ ਲੈਵਿਸ ਕੇਰੋਲ ਨੇ ਆਪਣੀ ਇਕ ਬੇਮਾਅਨੀ ਜਿਹੀ ਕਵਿਤਾ ਝਅਬਬeੱੋਚਕ ਿ”ਜੈਬਰਵੌਕੀ” ਵਿਚ ਚਹੋਰਟਲe ਕੌਰਟਲ ਅਤੇ ਗਅਲੁਮਪਹਨਿਗ ਗੈਲੰਫਿੰਗ ਜਿਹੇ ਨਿਰਾਰਥਕ ਸ਼ਬਦ ਵਾੜੇ ਹਨ। ਜਦ ਰੁਡਯਾਰਡ ਕਿਪਲਿੰਗ ਜਿਹੇ ਕਵੀ ਨੇ ਵੀ ਇਨ੍ਹਾਂ ਸ਼ਬਦਾਂ ਦੀ ਵਰਤੋਂ ਆਪਣੀ ਕਵਿਤਾ ਵਿਚ ਕੀਤੀ ਤਾਂ ਇਹ ਸ਼ਬਦ ਡਿਕਸ਼ਨਰੀਆਂ ਵਿਚ ਆ ਬਿਰਾਜੇ। ਅੰਗਰੇਜ਼ੀ ਨeਰਦ ਨਰਡ ਸ਼ਬਦ ਵੀ ਇਸੇ ਤਰ੍ਹਾਂ ਘੜਿਆ ਗਿਆ ਸੀ।
ਕਹਿੰਦੇ ਹਨ ਸ਼ੇਕਸਪੀਅਰ ਨੇ 1700 ਨਵੇਂ ਸ਼ਬਦ ਘੜੇ। ਯਾਹੂ ਜਿਹਾ ਸ਼ਬਦ ਅਜ ਕੱਲ ਬਹੁਤ ਪ੍ਰਚਲਤ ਹੈ। ਜੰਗਲੀ ਫਿਲਮ ਵਿਚ ਸ਼ਮੀ ਕਪੂਰ ਨੇ ਇਕ ਗਾਣੇ ਵਿਚ ਇਸ ਸ਼ਬਦ ਦਾ ਗਾਇਨ ਕੀਤਾ ਹੈ। ਇਹ ਸ਼ਬਦ ਅੰਗਰੇਜ਼ੀ ਦੇ ਮੁਢਲੇ ਨਾਵਲਕਾਰ ਜੋਨਾਥਨ ਸਵਿਫ਼ਟ ਦੀ ਮਸ਼ਹੂਰ ਫੈਂਟਸੀ Ḕਗੁਲੀਵਰ ਦੀਆਂ ਯਾਤਰਾਵਾਂḔ ਵਿਚ ਉਪਲਬਧ ਹੈ। ਇਹ ਨਿਰਾ ਲੇਖਕ ਦੇ ਦਿਮਾਗ ਦੀ ਹੀ ਕਾਢ ਹੈ। ਇਸ ਫੈਂਟਸੀ ਵਿਚ ਹੋਰ ਵੀ ਬਹੁਤ ਸਾਰੇ ਸ਼ਬਦ ਮਿਲਦੇ ਹਨ। ਖੈਰ, ਆਪਾਂ ਡਿਕਲੀਗ੍ਰਾਮਾ ਸ਼ਬਦ ਦਾ ਜ਼ਿਕਰ ਕਰ ਰਹੇ ਸੀ। ਜਦ ਅਮਿਤੋਜ ਨੇ ਇਹ ਕਵਿਤਾ ਲਿਖੀ ਤਾਂ ਚੰਡੀਗੜ੍ਹ ਦੇ ਸਾਹਿਤਕ ਹਲਕਿਆਂ ਵਿਚ ਇਸ ਨੇ ਹਲਚਲ ਮਚਾ ਦਿੱਤੀ। ਮੈਂ ਤੇ ਅਮਰੀਕ ਸਭ ਤੋਂ ਪਹਿਲੇ ਸ੍ਰੋਤੇ ਸਾਂ ਜਿਨ੍ਹਾਂ ਨੇ ਅਮਿਤੋਜ ਤੋਂ ਇਹ ਕਵਿਤਾ ਸੁਣੀ। ਸਾਡੇ ਦਿਮਾਗਾਂ ‘ਚ ਇਹ ਸ਼ਬਦ ਛਾ ਗਿਆ। ਅਮਰੀਕ ਨੇ ਮੌਕਾ ਮਿਲਦਿਆਂ ਹੀ ਇਸ ਸ਼ਬਦ ਦੀ ਵਰਤੋਂ ਫਿਲਮ ਵਿਚ ਇਕ ਪਾਤਰ ਦੇ ਫਰਜ਼ੀ ਨਾਂ ਵਜੋਂ ਕੀਤੀ ਤੇ ਮੈਂ ਇਸ ਨੂੰ ਰੱਬ ਤੋਂ ਵੀ ਉਪਰਲਾ ਦਰਜਾ ਦੇ ਦਿੱਤਾ। ਪਾਠਕ ਕਵਿਤਾ ਪੜ੍ਹਨ ਲਈ Aਤਸੁਕ ਹੋਣਗੇ, ਇਹ ਲਵੋ,
“ਡਿਕਲੀਗ੍ਰਾਮਾ”
ਜੇ ਤੈਨੂੰ ਬਹੁਤ ਹੀ
ਬੁਰਾ ਲਗਦਾ ਏ ਨਾ
ਤਾਂ ਤੂੰ ਬਈ ਜਾ।
ਮੈਨੂੰ ਤਾਂ ਚੰਗਾ ਲਗਦਾ ਏ
ਪਵਿੱਤਰ ਲੋਕਾਂ ਨੂੰ
ਹੁੱਜਤਾਂ ਕਰਨੀਆਂ
ਤੇ ਉਨ੍ਹਾਂ ਦੀਆਂ ਬੋਦੀਆਂ ਦੇ
ਪਰਛਾਵਿਆਂ ‘ਚੋਂ ਟੈਮ ਲਭਣੇ
ਜੇ ਤੂੰ ਪੰਚਮ ਤੋਂ ਪਟਾਕ ਦੇਣੀ
ਭੁੰਜੇ ਨਹੀਂ ਕਿਰ ਸਕਦੀ
ਤਾਂ ਤੂੰ ਬਈ ਜਾ।

ਮੈਨੂੰ ਤਾਂ ਚੰਗਾ ਲਗਦਾ ਏ
ਚੀਜ਼ਾਂ ਦੇ ਹੋਰ ਹੋਰ ਨਾਂ ਰਖਣੇ
ਤੇ ਫੇਰ ਨਾਂਵਾਂ ਦੇ ਕੁਨਾਂ ਪਾਉਣੇ
ਜੇ ਤੂੰ ਗੁਲਦਸਤੇ ਨੂੰ
ਗੁਲਦਸਤਾ ਹੀ ਕਹਿਣਾ ਏ
ਤਾਂ ਤੂੰ ਬਈ ਜਾ।

ਮੈਨੂੰ ਤਾਂ ਚੰਗਾ ਲਗਦਾ ਏ
ਦੋਸਤਾਂ ਦੀਆਂ ਜੇਬਾਂ ‘ਚੋਂ
ਵਿਜ਼ਿਟਿੰਗ ਕਾਰਡ ਚੁਰਾਉਣੇ
ਤੇ ਉਨ੍ਹਾਂ ਦੀ ਪਿਛਾੜੀ ਲਿਖਣਾ
Ḕਮੈਂ ਘਰ ਨਹੀਂ ਹਾਂ।Ḕ
ਜੇ ਤੂੰ ਦਹਲੀਜ਼ ‘ਤੇ
ਦੀਵਾ ਬਣੀ ਬੈਠਾ ਰਹਿਣਾ
ਤਾਂ ਤੂੰ ਬਈ ਜਾ।
ਜੇ ਤੈਨੂੰ ਬਹੁਤ ਹੀ
ਬੁਰਾ ਲਗਦਾ ਏ ਨਾ
ਤਾਂ ਤੂੰ ਬਈ ਜਾ।

Be the first to comment

Leave a Reply

Your email address will not be published.