26/11 ਕੇਸ ‘ਚ ਅਜਮਲ ਕਸਾਬ ਨੂੰ ਫਾਂਸੀ

ਮੁੰਬਈ: ਮੁੰਬਈ ਵਿਚ 2008 ਵਿਚ ਹੋਏ 26/11 ਹਮਲਿਆਂ ਦੇ ਦੋਸ਼ੀ ਅਜਮਲ ਕਸਾਬ ਨੂੰ ਬੁੱਧਵਾਰ ਨੂੰ ਸਵੇਰੇ 7æ30 ਵਜੇ ਪੁਣੇ ਦੀ ਯੇਰਵੜਾ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਆਰæਆਰæ ਪਾਟਿਲ ਨੇ ਫਾਂਸੀ ਦੀ ਪੁਸ਼ਟੀ ਕਰ ਦਿੱਤੀ ਹੈ। ਸ੍ਰੀ ਪਾਟਿਲ ਨੇ ਦੱਸਿਆ ਕਿ ਕਸਾਬ ਨੂੰ 19 ਨਵੰਬਰ ਨੂੰ ਮੁੰਬਈ ਦੀ ਆਰਥ ਰੋਡ ਜੇਲ੍ਹ ਤੋਂ ਪੁਣੇ ਦੀ ਯੇਰਵੜਾ ਜੇਲ੍ਹ ਭੇਜਿਆ ਗਿਆ ਸੀ ਅਤੇ ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਸ ਨੂੰ ਫਾਂਸੀ ਦੇ ਦਿੱਤੀ ਗਈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਸਾਬ ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ ਸੀ। ਕਸਾਬ ਨੇ ਫਾਂਸੀ ਤੋਂ ਬਚਣ ਲਈ ਰਹਿਮ ਦੀ ਇਹ ਅਪੀਲ ਰਾਸ਼ਟਰਪਤੀ ਕੋਲ ਭੇਜੀ ਸੀ। ਅਪੀਲ ਰੱਦ ਹੋਣ ਤੋਂ ਬਾਅਦ ਰਾਤੋ-ਰਾਤ ਸਾਰੀ ਕਾਰਵਾਈ ਮੁਕੰਮਲ ਕਰ ਲਈ ਗਈ ਅਤੇ ਤਮਾਮ ਦਸਤਾਵੇਜ਼ਾਂ ਉਤੇ ਦਸਤਖ਼ਤਾਂ ਤੋਂ ਬਾਅਦ ਉਸ ਨੂੰ ਫਾਂਸੀ ਦੇ ਦਿੱਤੀ ਗਈ।
ਯਾਦ ਰਹੇ ਕਿ 26 ਨਵੰਬਰ 2008 ਨੂੰ ਕਸਾਬ ਅਤੇ ਉਸ ਦੇ 10 ਸਾਥੀ ਸਮੁੰਦਰ ਰਾਹੀਂ ਮੁੰਬਈ ਵੜੇ ਸਨ ਅਤੇ ਇਨ੍ਹਾਂ ਨੇ 26 ਤੋਂ 29 ਨਵੰਬਰ ਤੱਕ ਸ਼ਿਵਾ ਜੀ ਰੇਲਵੇ ਸਟੇਸ਼ਨ, ਤਾਜ ਹੋਟਲ ਅਤੇ ਟਰਾਈਡੈਂਟ ਹੋਟਲ ਸਣੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਅੰਨ੍ਹੇਵਾਹ ਗੋਲੀਆਂ ਚਲਾ ਕੇ 166 ਲੋਕਾਂ ਨੂੰ ਮਾਰ ਦਿੱਤਾ ਸੀ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ‘ਚ ਕਸਾਬ ਦੇ 9 ਸਾਥੀ ਮਾਰੇ ਗਏ ਸਨ, ਸਿਰਫ਼ ਕਸਾਬ ਹੀ ਜਿੰਦਾ ਬਚਿਆ ਸੀ। ਉਸ ਨੂੰ ਫੜ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਕਸਾਬ ਪਾਕਿਸਤਾਨ ਦਾ ਵਸਨੀਕ ਹੈ। ਹੇਠਲੀ ਅਦਾਲਤ ਨੇ ਕਸਾਬ ਨੂੰ 6 ਮਈ 2010 ਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ ਅਤੇ 21 ਫਰਵਰੀ 2011 ਨੂੰ ਬੰਬਈ ਹਾਈ ਕੋਰਟ ਨੇ ਕਸਾਬ ਦੀ ਸਜ਼ਾ ਬਰਕਰਾਰ ਰੱਖੀ। ਸੁਪਰੀਮ ਕੋਰਟ ਨੇ ਵੀ 29 ਅਗਸਤ 2012 ਨੂੰ ਕਸਾਬ ਦੀ ਅਪੀਲ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਕਸਾਬ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕੀਤੀ, ਜੋ 8 ਨਵੰਬਰ ਨੂੰ ਖਾਰਜ ਕਰ ਦਿੱਤੀ ਗਈ ਸੀ।

Be the first to comment

Leave a Reply

Your email address will not be published.