ਅੰਮ੍ਰਿਤਸਰ: ਪੰਜ ਸਿੰਘ ਸਾਹਿਬਾਨ ਨੇ ਕੰਟੇਨਰਾਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿਦੇਸ਼ ਭੇਜਣ ਦੇ ਮਾਮਲੇ ‘ਤੇ ਨਜ਼ਰਸਾਨੀ ਕਰਦਿਆਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ, ਸਭਾ ਸੁਸਾਇਟੀਆਂ ਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਲਿਖਤੀ ਰੂਪ ਵਿਚ ਇਸ ਬਾਰੇ ਆਪਣੇ ਸੁਝਾਅ ਭੇਜਣ। ਇਥੇ ਹੋਈ ਇਕੱਤਰਤਾ ਵਿਚ ਬੰਗਲੌਰ ਦੇ ਇਕ ਗੁਰਦੁਆਰੇ ਵਿਚ ਬੱਜਰ ਕੁਰਹਿਤ ਕਰਨ ਦੇ ਦੋਸ਼ ਹੇਠ ਹਰਮਿੰਦਰ ਸਿੰਘ ‘ਖਾਲਸਾ ਬੁਲੇਟਿਨ’ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਜਦੋਂਕਿ ਆਲ ਇੰਡੀਆ ਸਿੱਖ ਕਾਨਫਰੰਸ ਜਥੇਬੰਦੀ ਦੇ ਆਗੂ ਗੁਰਚਰਨ ਸਿੰਘ ਬੱਬਰ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਖਿਲਾਫ਼ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਹੇਠ ਅਕਾਲ ਤਖਤ ‘ਤੇ ਹਾਜ਼ਰ ਹੋ ਕੇ ਸਪੱਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਗਈ।
ਇਕੱਤਰਤਾ ਦੇ ਵੇਰਵੇ ਜਾਰੀ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਕੱਤਰਤਾ ਵਿਚ ਪਾਵਨ ਸਰੂਪ ਵਿਦੇਸ਼ ਭੇਜਣ ਬਾਰੇ ਸਿੱਖ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਮਾਮਲੇ ਬਾਰੇ ਸਰਬ ਸਾਂਝੀ ਰਾਏ ਕਾਇਮ ਕੀਤੀ ਜਾਵੇ। ਪਿਛਲੇ ਦਿਨੀਂ ਦਿੱਲੀ ਵਿਚ ਇਸ ਬਾਰੇ ਇਕ ਕੰਨਟੇਨਰ ਉਸ ਵੇਲੇ ਕਾਬੂ ਕੀਤਾ ਗਿਆ ਸੀ, ਜਦੋਂ ਉਸ ਵਿਚ ਪਾਵਨ ਸਰੂਪ ਲੱਦ ਕੇ ਵਿਦੇਸ਼ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਕਈ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਆਪਣਾ ਅਸਤੀਫ਼ਾ ਦੇਣ।ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜ ਸਿੰਘ ਸਾਹਿਬਾਨ ਵੱਲੋਂ ਵਿਸ਼ੇਸ਼ ਕੰਟੇਨਰ, ਜਿਸ ਵਿਚ ਪਾਵਨ ਸਰੂਪਾਂ ਨੂੰ ਅਦਬ ਸਤਿਕਾਰ ਨਾਲ ਰੱਖਣ ਦਾ ਪ੍ਰਬੰਧ ਹੋਵੇ, ਰਾਹੀਂ ਪਾਵਨ ਸਰੂਪ ਵਿਦੇਸ਼ ਭੇਜਣ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਹੁਣ ਇਸ ਮਾਮਲੇ ‘ਤੇ ਮੁੜ ਨਜ਼ਰਸਾਨੀ ਕੀਤੀ ਗਈ ਹੈ ਤੇ ਨਵੇਂ ਸਿਰੇ ਤੋਂ ਪਾਵਨ ਸਰੂਪ ਵਿਦੇਸ਼ ਭੇਜਣ ਦਾ ਮਾਮਲਾ ਵਿਚਾਰਿਆ ਜਾ ਰਿਹਾ ਹੈ।
ਇਕੱਤਰਤਾ ਵਿਚ ਬੰਗਲੌਰ ਤੋਂ ਹਰਮਿੰਦਰ ਸਿੰਘ ‘ਖਾਲਸਾ ਬੁਲੇਟਿਨ’ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ ਤੇ ਉਸ ਨੂੰ ਹਦਾਇਤ ਕੀਤੀ ਹੈ ਕਿ ਉਹ ਪੰਜ ਸਿੰਘ ਸਾਹਿਬਾਨ ਦੀ ਅਗਲੀ ਇਕੱਤਰਤਾ ਵਿਚ ਪੇਸ਼ ਹੋ ਕੇ ਤਨਖ਼ਾਹ ਲਗਵਾਏ। ਜੇਕਰ ਉਹ ਨਹੀਂ ਆਉਂਦਾ ਤਾਂ ਉਸ ਖਿਲਾਫ਼ ਪੰਥਕ ਮਰਿਆਦਾ ਮੁਤਾਬਕ ਅਗਲੀ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਬੰਗਲੌਰ ਦੀਆਂ ਸਿੱਖ ਸੰਗਤਾਂ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਇਸ ਵਿਅਕਤੀ ਨੇ ਉਥੋਂ ਦੇ ਗੁਰਦੁਆਰੇ ਵਿਚ ਬਜਰ ਕੁਰਹਿਤ ਕੀਤੀ ਹੈ। ਇਸ ਬਾਰੇ ਪੱਤਰ ਭੇਜ ਕੇ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ ਸੀ ਪਰ ਉਸ ਨੇ ਉਲਟ ਹਊਮੈ ਭਰੇ ਪੱਤਰ ਲਿਖ ਕੇ ਜੁਆਬ ਦਿੱਤਾ ਹੈ। ਇਸ ਤੋਂ ਇਲਾਵਾ ਦਿੱਲੀ ਦੀ ਸਿੱਖ ਜਥੇਬੰਦੀ ਆਲ ਇੰਡੀਆ ਸਿੱਖ ਕਾਨਫਰੰਸ ਦੇ ਮੁਖੀ ਗੁਰਚਰਨ ਸਿੰਘ ਬੱਬਰ ਨੂੰ ਵੀ ਅਗਲੀ ਇਕੱਤਰਤਾ ਵਿਚ ਆਪਣਾ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਹੈ।
ਇਕੱਤਰਤਾ ਵਿਚ ਛੇ ਜੂਨ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਵਾਪਰੀ ਹਿੰਸਕ ਘਟਨਾ ‘ਤੇ ਵੀ ਵਿਚਾਰ ਕੀਤਾ ਗਿਆ ਹੈ ਤੇ ਪੰਜ ਸਿੰਘ ਸਾਹਿਬਾਨ ਨੇ ਇਸ ਨੂੰ ਮੰਦਭਾਗੀ ਘਟਨਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਸ ਘਟਨਾ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਬਣਾਈ ਗਈ ਹੈ, ਜਿਸ ਦੀ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਾਂਚ ਕਮੇਟੀ ਵੱਲੋਂ ਜੋ ਸਿਫਾਰਸ਼ਾਂ ਕੀਤੀਆਂ ਜਾਣਗੀਆਂ, ਉਸ ਬਾਰੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿਚ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ। ਉਨ੍ਹਾਂ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਨਾਅਰੇਬਾਜ਼ੀ ਕਰਨ ਤੋਂ ਰੋਕਣ ਆਦਿ ਬਾਰੇ ਵੀ ਰਿਪੋਰਟ ਆਉਣ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ ਤੇ ਇਸ ਘਟਨਾ ਬਾਰੇ ਪਸ਼ਚਾਤਾਪ ਵੀ ਕੀਤਾ ਜਾਵੇਗਾ।
________________________________________
ਮਾਨ ਨੂੰ ਕਲੀਨ ਚਿੱਟ ਨਹੀਂ ਦਿੱਤੀ: ਸਿੰਘ ਸਾਹਿਬ
ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਸ਼ ਸਿਮਰਨਜੀਤ ਸਿੰਘ ਮਾਨ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ, ਸਗੋਂ ਉਨ੍ਹਾਂ ਉਸ ਨੂੰ ਖੁਦ ਨਾਅਰੇ ਲਾਉਣ ਤੋਂ ਰੋਕਿਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਘੱਲੂਘਾਰਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਹੀ ਸੰਦੇਸ਼ ਜਾਰੀ ਕੀਤਾ ਜਾਂਦਾ ਹੈ, ਹੋਰ ਕਿਸੇ ਨੂੰ ਸਮਾਗਮ ਦੌਰਾਨ ਸੰਬੋਧਨ ਕਰਨ ਦੀ ਪ੍ਰਵਾਨਗੀ ਨਹੀਂ ਹੈ। ਇਸੇ ਲਈ ਹੀ ਸ੍ਰੀ ਮਾਨ ਨੂੰ ਮਾਇਕ ਦੇਣ ਤੋਂ ਮਨ੍ਹਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦਾ 350ਵਾਂ ਸਥਾਪਨਾ ਦਿਵਸ 19 ਜੂਨ 2015 ਨੂੰ ਆ ਰਿਹਾ ਹੈ, ਜਿਸ ਬਾਰੇ ਕਈ ਪ੍ਰੋਗਰਾਮ ਉਲੀਕੇ ਗਏ ਹਨ। ਇਹ ਪ੍ਰੋਗਰਾਮ 19 ਜੂਨ ਤੋਂ ਸ਼ੁਰੂ ਹੋਣਗੇ, ਜੋ ਸਾਲ ਭਰ ਚੱਲਣਗੇ। ਇਸ ਤਹਿਤ ਧਾਰਮਿਕ ਸਮਾਗਮ ਹੋਣਗੇ ਤੇ ਨਗਰ ਕੀਰਤਨ ਸਜਾਏ ਜਾਣਗੇ।

Leave a Reply