ਕਾਰਲ ਮਾਰਕਸ ਦੀ ਜੀਵਨ ਕਹਾਣੀ-5
ਜਰਮਨੀ ਵਿਚ ਜਨਮੇ ਕਾਰਲ ਮਾਰਕਸ (5 ਮਈ 1818-14 ਮਰਚ 1883) ਨੇ ਸੰਸਾਰ ਨੂੰ ‘ਦਿ ਕਮਿਊਨਿਸਟ ਮੈਨੀਫੈਸਟੋ’ ਅਤੇ ‘ਦਾਸ ਕੈਪੀਟਲ’ ਜਿਹੀਆਂ ਲਾਸਾਨੀ ਰਚਨਾਵਾਂ ਦਿੱਤੀਆਂ ਜਿਨ੍ਹਾਂ ਨੇ ਸੰਸਾਰ ਭਰ ਵਿਚ ਤਰਥਲੀ ਮਚਾ ਦਿੱਤੀ। ਇਨ੍ਹਾਂ ਰਚਨਾਵਾਂ ਦਾ ਨਿਚੋੜ ਸਰਬੱਤ ਦਾ ਭਲਾ ਹੈ। ਇਨ੍ਹਾਂ ਨੂੰ ਪੜ੍ਹ-ਗੁੜ ਕੇ ਰੂਸੀ ਲੀਡਰ ਲੈਨਿਨ ਨੇ ਸੰਸਾਰ ਦਾ ਪਹਿਲਾ ਇਨਕਲਾਬ ਲਿਆਂਦਾ ਜਿਸ ਨੇ ਸੰਸਾਰ ਭਰ ਦੇ ਨਿਤਾਣਿਆਂ ਅਤੇ ਨਿਮਾਣਿਆਂ ਲਈ ਆਸ ਦੀ ਕਿਰਨ ਜਗਾਈ। ਨਾਸਤਿਕ ਹੋਣ ਕਰ ਕੇ ਮਾਰਕਸ ਨੂੰ ਉਮਰ ਭਰ ਔਕੜਾਂ ਝਾਗਣੀਆਂ ਪਈਆਂ ਪਰ ਜਿਸ ਤਰ੍ਹਾਂ ਦਾ ਸਿਧਾਂਤ ਉਹ ਮਨੁੱਖ ਜਾਤੀ ਲਈ ਦੇ ਗਿਆ, ਉਹ ਲਾ-ਜਵਾਬ ਹੈ। ਹੁਣ ਤੱਕ ਹਜ਼ਾਰਾਂ ਗ੍ਰੰਥ ਮਾਰਕਸ ਅਤੇ ਉਸ ਦੇ ਸਿਧਾਂਤ ਬਾਰੇ ਛਪ ਚੁੱਕੇ ਹਨ। 2011 ਵਿਚ ਅਮਰੀਕੀ ਲੇਖਕਾ ਮੇਰੀ ਜਬਰੀਲ ਨੇ ਮਾਰਕਸ ਤੇ ਉਹਦੇ ਜੀਵਨ ਬਾਰੇ ਕਿਤਾਬ ਲਿਖੀ, Ḕਲਵ ਐਂਡ ਕੈਪੀਟਲ।Ḕ ਇਸ ਕਿਤਾਬ ਦੇ ਆਧਾਰ ‘ਤੇ ਪ੍ਰੋæ ਹਰਪਾਲ ਸਿੰਘ ਪੰਨੂ ਨੇ ਲੰਮਾ ਲੇਖ ਲਿਖਿਆ ਹੈ। ਇਹ ਇਸ ਲੇਖ ਦੀ ਆਖਰੀ ਅਤੇ 5ਵੀਂ ਲੜੀ ਹੈ। ਇਸ ਵਿਚ ਕਾਰਲ ਮਾਰਕਸ ਦੀ ਮੌਤ ਤੋਂ ਬਾਅਦ ਦਾ ਬਿਰਤਾਂਤ ਹੈ।
ਹਰਪਾਲ ਸਿੰਘ ਪੰਨੂ
ਫੋਨ: 91-94642-51454
ਕਾਰਲ ਮਾਰਕਸ ਦੀ ਨੌਕਰਾਣੀ ਲਿੰਚਨ ਨੇ ਉਸ ਦੀ ਧੀ ਲਾਰਾ ਨੂੰ ਦੱਸਿਆ, ਕਾਰਲ ਦੇ 500 ਪੰਨੇ ਹੱਥ ਲਿਖਤ ਲੱਭੇ ਹਨ। ਦੇਖੇ, ਪੂੰਜੀ ਦੀ ਦੂਜੀ ਸੋਧੀ ਜਿਲਦ ਸਨ। ਦੋ ਹਫਤਿਆਂ ਬਾਅਦ ਤੀਜੀ ਜਿਲਦ ਲੱਭ ਗਈ। ਏਂਗਲਜ਼ ਨੇ ਇਹ ਲਿਖਤਾਂ ਪੜਤਾਲ ਕੇ ਕਿਹਾ, ਸਮੱਗਰੀ ਮੁੱਲਵਾਨ ਹੈ ਪਰ ਸ਼ੈਲੀ ਤੇ ਬੋਲੀ ਸੰਵਾਰਨੀ ਪਏਗੀ। ਕਈ-ਕਈ ਜ਼ੁਬਾਨਾਂ ਦੇ ਵਾਕ ਹਨ। ਏਂਗਲਜ਼ ਹੌਸਲੇ ਵਿਚ ਹੋ ਗਿਆ। ਠੀਕ ਕਰ ਕੇ ਇਹਨੂੰ ਛਾਪਾਂਗਾ, ਹੁਣ ਆਪਣੀਆਂ ਲਿਖਤਾਂ ਵੱਲ ਵੀ ਧਿਆਨ ਦਿਆਂਗਾ। ਸੋਸ਼ਲਿਸਟ ਪਾਰਟੀਆਂ ਵਾਸਤੇ ਇਹ ਕਿਤਾਬਾਂ ਨਕਸ਼ੇ ਅਤੇ ਕੰਪਾਸ ਦਾ ਕੰਮ ਕਰਨਗੀਆਂ।
ਇਕ ਦਿਨ ਸਾਦੇ ਕੱਪੜਿਆਂ ਵਿਚ ਘੁੰਮਦੇ ਸਿਪਾਹੀ ਨੂੰ ਦੇਖ ਕੇ ਲਾਰਾ ਨੂੰ ਕਿਹਾ, ਪਹਿਲਾਂ ਇਹ ਕਾਰਲ ਦੁਆਲੇ ਗੇੜੇ ਕੱਢਦਾ ਸੀ, ਹੁਣ ਮੇਰੇ Ḕਤੇ ਨਿਗ੍ਹਾ ਰੱਖਦਾ ਹੈ ਕਿ ਸ਼ਾਮੀ ਕੌਣ-ਕੌਣ ਮਿਲਣ ਆਉਂਦੈ। ਇਹ ਖੋਤਾ ਸਮਝਦੈ ਕਿ ਵਿਸਫੋਟਕ ਸਮੱਗਰੀ ਤਿਆਰ ਕਰਦੇ ਹੋਵਾਂਗੇæææ।
ਮੌਤ ਵੇਲੇ ਕਾਰਲ ਕੋਲੋਂ ਢਾਈ ਸੌ ਪੌਂਡ ਮਿਲੇ ਪਰ ਹੱਥ ਲਿਖਤ ਸਮੱਗਰੀ ਬੜੀ ਸੀ। ਫੈਸਲਾ ਹੋਇਆ ਕਿ ਕਾਰਲ ਦੀ ਧੀ ਤੂਸੀ ਅਤੇ ਏਂਗਲਜ਼ ਇਸ ਸਾਹਿਤ ਦੇ ਵਾਰਿਸ ਹੋਣਗੇ। ਤੂਸੀ ਨੇ ਲਾਰਾ ਨੂੰ ਲਿਖਿਆ, ਅਣਗਿਣਤ ਪ੍ਰਾਈਵੇਟ ਚਿੱਠੀਆਂ ਮੈਂ ਇਕ ਪਾਸੇ ਕੱਢ ਲਈਆਂ ਹਨ। ਇਹ ਏਂਗਲਜ਼ ਨੂੰ ਨਹੀਂ ਦੇਣੀਆਂ। ਸਾਡੀਆਂ ਨਿੱਜੀ ਚੀਜ਼ਾਂ ਨਾਲ ਲੋਕ ਕਿਉਂ ਖੇਡਣ?
ਤੂਸੀ ਦੇ ਸੰਪਰਕ ਵਿਚ ਤੇਤੀ ਸਾਲ ਦਾ ਐਡਵਰਡ ਏਵਲਿਨ ਆਇਆ, ਖੁਦ ਨੂੰ ਜ਼ੁਆਲੋਜੀ ਦਾ ਡਾਕਟਰ ਦੱਸਦਾ ਸੀ। ਬਰਨਾਰਡ ਸ਼ਾਅ ਨੇ ਲਿਖਿਆ, ਉਸ ਤੋਂ ਵੱਡਾ ਗਪੌੜੀ ਹੋਰ ਕੋਈ ਨਹੀਂ। ਕਿਰਲੇ ਵਰਗਾ ਮੂੰਹ ਹੈ, ਸੋਹਣਾ ਤਾਂ ਕੀ ਹੋਣੈ, ਉਹਨੂੰ ਦੇਖ ਕੇ ਦਿਲ ਖਿਝਦੈ। ਜ਼ਨਾਨੀਬਾਜ਼। ਇਕ ਵਾਰ ਗੱਲ ਛੇੜ ਲਏ, ਬਸ ਫਿਰ ਔਰਤ ਉਸ ਦੇ ਜਾਲ ਵਿਚੋਂ ਨਹੀਂ ਨਿਕਲਦੀ। ਤੂਸੀ ਉਸ ਦੀ ਪਕੜ ਵਿਚ ਆ ਗਈ। ਤੂਸੀ ਨੇ ਇਸ ਗੱਲ ਦੀ ਵੀ ਪਰਵਾਹ ਨਹੀਂ ਕੀਤੀ ਕਿ ਉਹ ਵਿਆਹਿਆ ਹੋਇਆ ਹੈ। ਏਂਗਲਜ਼ ਸਾਹਮਣੇ ਬਹੁਤ ਵੱਡਾ ਪ੍ਰਾਜੈਕਟ ਸੀ। ਪਹਿਲਾਂ ਸਾਰਾ ਦਿਨ ਤੂਸੀ ਸਹਾਇਤਾ ਕਰਦੀ, ਹੁਣ ਏਵਲਿਨ ਵਿਚਕਾਰ ਆ ਗਿਆ।
ਲਾਰਾ ਦਾ ਪਤੀ ਗ੍ਰਿਫਤਾਰ ਹੋ ਗਿਆ। ਏਂਗਲਜ਼ ਨੇ ਲਾਰਾ ਨੂੰ ਕਿਹਾ, ਆ, ਤੇ ਮੇਰੀ ਮਦਦ ਕਰ; ਵੈਸੇ ਵੀ ਇਕੱਲੀ ਤਾਂ ਹੈਂ ਹੀ, ਲੰਡਨ ਆ ਜਾ। ਲਫਾਰਗ ਨੂੰ ਜੇਲ੍ਹ ਦੇ ਸਿਆਸੀ ਵਿੰਗ ਵਿਚ ਰੱਖਿਆ ਗਿਆ। ਲਾਰਾ ਨੇ ਏਂਗਲਜ਼ ਨੂੰ ਜਵਾਬ ਲਿਖਿਆ, ਜੇਲ੍ਹ ਵਿਚ ਲਫਾਰਗ ਅਤੇ ਗਿਦੇ ਦੋ ਵੱਡੇ ਬੰਦੇ ਬੰਦੀ ਹਨ। ਮੈਂ ਇਨ੍ਹਾਂ ਨੂੰ ਛੱਡ ਕੇ ਆ ਗਈ ਤਾਂ ਇਹ ਛੋਟੇ ਹੋ ਜਾਣਗੇ।
ਇਹ ਲਾਰਾ ਦਾ ਬਹਾਨਾ ਸੀ। ਉਸ ਦੀ ਤੂਸੀ ਨਾਲ ਬਣਦੀ ਨਹੀਂ ਸੀ। ਤੂਸੀ ਹੁਣ ਉਸ ਦੇ ਪਾਪਾ ਦੀ ਸਾਹਿਤਕ ਜਾਇਦਾਦ ਦੀ ਇਕੱਲੀ ਮਾਲਕ ਬਣ ਰਹੀ ਹੈ। ਇਥੇ ਮਸਲਾ ਕੇਵਲ ਪੈਸੇ ਦਾ ਨਹੀਂ, ਨਿਆਂ ਦਾ ਵੀ ਤਾਂ ਹੈ। ਤੂਸੀ ḔਕੈਪੀਟਲḔ ਦਾ ਅੰਗਰੇਜ਼ੀ ਤਰਜਮਾ ਕਰਵਾਉਣ ਵਾਲੀ ਕੌਣ ਹੁੰਦੀ ਹੈ? ਏਂਗਲਜ਼ ਨੂੰ ਗੁਸੈਲਾ ਖਤ ਲਿਖਿਆ, ਪਾਪਾ ਦੀ ਸਹਾਇਤਾ ਕਰਦਿਆਂ ਮੇਰਾ ਘਰ ਉਜੜ ਗਿਆ, ਹੁਣ ਮੇਰਾ ਨਾਮ ਕੱਟ ਦਿਤੈ। ਸਵਿਟਜ਼ਰਲੈਂਡ ਵਿਚ ਪਾਪਾ ਨੇ ਮੈਨੂੰ ਕਿਹਾ ਸੀ ਕਿ ਮੈਂ ਇੰਟਰਨੈਸ਼ਨਲ ਦਾ ਇਤਿਹਾਸ ਲਿਖਾਂ, ਤੇ ḔਕੈਪੀਟਲḔ ਦਾ ਅੰਗਰੇਜ਼ੀ ਐਡੀਸ਼ਨ ਛਪਵਾਵਾਂ। ਮੰਮੀ ਦੀ ਮੌਤ ਬਾਅਦ ਤੂਸੀ ਨੇ ਮੈਨੂੰ ਕਿਹਾ, ਮੈਂ ਨਾ ਆਇਆ ਕਰਾਂ, ਪਾਪਾ ਦੁਖੀ ਹੁੰਦੇ ਨੇ। ਤੂਸੀ ਤਾਂ ਮੰਮੀ ਦੇ ਲਿਖੇ ਖਤ ਵੀ ਨਾ ਪਹੁੰਚਣ ਦਿੰਦੀ, ਡਾਕ ਵਿਚ ਪਾਉਣ ਦੀ ਥਾਂ ਪਾੜ ਦਿੰਦੀ। ਜੇ ਵੱਡੀ ਭੈਣ ਚਿਨ ਜਿਉਂਦੀ ਰਹਿੰਦੀ, ਵੱਡੀ ਹੋਣ ਦਾ ਲਾਭ ਦੇ ਕੇ ਪਾਪਾ ਉਹਨੂੰ ਵਾਰਸ ਨਾ ਮਿਥਦੇ। ਉਹ ਗੱਲ ਗੱਲ Ḕਤੇ ਇਨਸਾਫ ਕਰਿਆ ਕਰਦੇæææ ਤੇ ਹੁਣ ਨਿੱਕੀ ਸਭ ਕਾਸੇ ਦੀ ਵਾਰਸ ਹੋ ਗਈ।
ਏਂਗਲਜ਼ ਨੇ ਜਵਾਬ ਦਿੱਤਾ, ਮੈਨੂੰ ਤਾਂ ਤੂਸੀ ਨੇ ਦੱਸਿਐ ਕਿ ਕਾਰਲ ਨੇ ਉਸ ਨੂੰ ਆਪਣੀ ਵਾਰਸ ਥਾਪਿਐ, ਲਫਾਰਗ (ਲਾਰਾ ਦਾ ਪਤੀ) ਦੀ ਹਾਜ਼ਰੀ ਵਿਚ। ਨਾਲੇ ਇੰਗਲਿਸ਼ ਕਾਨੂੰਨ ਅਨੁਸਾਰ ਵੀ ਸਭ ਤੋਂ ਛੋਟੇ ਦਾ ਸਭ ਤੋਂ ਵਧੀਕ ਹੱਕ ਹੁੰਦੈ, ਪਰ ਇਨ੍ਹਾਂ ਗੱਲਾਂ ਤੋਂ ਮੈਂ ਕੀ ਲੈਣਾ-ਦੇਣਾ? ਇਹ ਸਾਰਾ ਕੁਝ ਮੈਨੂੰ ਦੱਸਣ ਦੀ ਥਾਂ ਤੁਸੀਂ ਪਰਿਵਾਰ ਦੇ ਜੀਅ ਆਪਸ ਵਿਚ ਬੈਠ ਕੇ ਗੱਲ ਕਰੋ।
ਤੂਸੀ ਜਾਂ ਉਸ ਦੇ ਹਮ-ਉਮਰਾਂ ਨੂੰ ਤਾਂ ਕੀ ਸਮਝ ਆਉਣੀ ਸੀ, ਪੰਜਾਹ ਸਾਲ ਦੇ ਆਰਟਿਸਟ, ਕਵੀ, ਨਾਵਲਕਾਰ ਅਤੇ ਸਮਾਜ-ਸੇਵੀ ਵਿਲੀਅਮ ਮੋਰਿਸ ਨੇ ḔਕੈਪੀਟਲḔ ਨੂੰ ਫਰੈਂਚ ਵਿਚ ਕਰਨਾ ਚਾਹਿਆ ਤਾਂ ਬੁਖਲਾ ਗਿਆ। ਲਿਖਦਾ ਹੈ, ਮੈਂ ਇਕਨਾਮਿਕਸ ਵਿਚ ਡੁੱਬ ਗਿਆ। ਮੈਨੂੰ ਪਤਾ ਨਾ ਲੱਗੇ ਕਿ ਸਰਪਲੱਸ ਕੀਮਤ ਕੀ ਹੁੰਦੀ ਐ, ਵਿਗੜੇ ਸਿਸਟਮ ਵਿਚ ਇਹ ਕੋਈ ਡਾਕੇ ਵਰਗੀ ਚੀਜ਼ ਹੈ। ਪੂੰਜੀਪਤੀ ਸ਼ੈਤਾਨ ਹੈ, ਵਿਹਲੜ ਪੈਸੇ ਕਮਾ ਰਹੇ ਹਨ, ਕਾਮੇ ਗਰੀਬ ਹਨ। ਅਮੀਰ ਇਸ ਕਰ ਕੇ ਅਮੀਰ ਹਨ, ਕਿਉਂਕਿ ਗਰੀਬਾਂ ਨੂੰ ਲੁੱਟਦੇ ਹਨ।
ਤੂਸੀ ਨੇ ਮਿਊਜ਼ੀਅਮ ਨੇੜੇ ਫਲੈਟ ਲੈ ਲਿਆ। ਲਿੰਚਨ, ਏਂਗਲਜ਼ ਦੇ ਘਰ ਆ ਕੇ ਕੰਮ ਕਰਨ ਲੱਗੀ। ਛਪਣ ਤੋਂ ਸੋਲਾਂ ਸਾਲ ਬਾਅਦ ḔਕੈਪੀਟਲḔ ਦੀ ਰਾਇਲਟੀ ਮਿਲੀ। ਏਂਗਲਜ਼ ਨੇ ਲਾਰਾ, ਤੂਸੀ ਤੇ ਚਿਨ ਦੇ ਬੱਚਿਆਂ ਨੂੰ ਵੰਡ ਦਿੱਤੀ।
ਮਾਰਚ 1883æææ ਯੂਰਪ ਭਾਰੀ ਮੰਦੇ ਦਾ ਸ਼ਿਕਾਰ ਹੋਇਆ। ਦਿਹਾੜੀ ਘੱਟ, ਕੰਮ ਵੱਧ। ਮਹਿੰਗਾਈ ਜ਼ਿਆਦਾ। ਝੌਂਪੜੀਆਂ ਵਿਚ ਵਾਸਾ ਜਿਥੇ ਨਾ ਪਾਣੀ, ਨਾ ਨਿੱਘ, ਨਾ ਸੈਨੀਟੇਸ਼ਨ। ਪਰਿਵਾਰ ਜਿਵੇਂ ਭੇਡਾਂ ਦੇ ਖੁੱਡੇ ਵਿਚ ਰਹਿੰਦੇ ਹੋਣ। ਮਿੱਲ ਮਾਲਕ ਯੂਨੀਅਨਾਂ ਤੋਂ ਤ੍ਰਹਿੰਦੇ।
ਏਂਗਲਜ਼ ਨੇ ਕਾਰਲ ਦੀ ਪਹਿਲੀ ਬਰਸੀ ਉਤੇ ਇਕੱਠੇ ਹੋਣ ਦਾ ਸੱਦਾ ਦਿੱਤਾ। ਛੇ ਹਜ਼ਾਰ ਯੂਰਪੀ ਇਕੱਠੇ ਹੋ ਕੇ, ਮੀਲਾਂ ਦੂਰ ਕਬਰਸਤਾਨ ਪੈਦਲ ਪੁੱਜੇ। ਸਭ ਨੇ ਮੱਥਿਆਂ ‘ਤੇ ਲਾਲ ਰਿਬਨ ਬੰਨ੍ਹੇ। ਜਦੋਂ ਕਾਰਵਾਂ ਕਬਰਸਤਾਨ ਪੁੱਜਾ, ਹੈਰਾਨ ਰਹਿ ਗਏ ਕਿ ਵੱਡੇ ਗੇਟ ਬੰਦ ਹਨ ਤੇ ਪੰਜ ਸੌ ਘੋੜ-ਸਵਾਰ ਪਹਿਰੇ Ḕਤੇ ਹਨ। ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ। ਧੀਆਂ ਨੇ ਪੁਲਿਸ ਅੱਗੇ ਅਰਜ਼ ਕੀਤੀ, ਸਾਨੂੰ ਦੋਵਾਂ ਨੂੰ ਤਾਂ ਫੁੱਲ ਲੈ ਕੇ ਜਾਣ ਦਿਓ, ਪਰ ਨਹੀਂæææ ਨੇੜੇ ਪਾਰਕ ਵਿਚ ਇਕੱਠੇ ਹੋ ਗਏ, ਸ਼ਰਧਾਂਜਲੀਆਂ ਦਿੰਦੇ ਰਹੇ। ਅੰਗਰੇਜ਼ਾਂ ਦੀ ਗਿਣਤੀ ਸਭ ਤੋਂ ਵੱਧ ਸੀ। ਕੀ ਕਰਦੇ ਹਨ, ਕੀ ਬੋਲਦੇ ਹਨ, ਸੂਹੀਏ ਨੋਟ ਕਰਦੇ ਰਹੇ ਪਰ ਵਿਘਨ ਨਹੀਂ ਪਇਆ। ਏਵਲਿਨ ਨੇ ਇਉਂ ਭਾਸ਼ਣ ਦਿੱਤਾ ਜਿਵੇਂ ਕਾਰਲ ਦਾ ਵਾਰਸ ਉਹੀ ਹੈ ਇਕੱਲਾ। ਕਾਰਲ ਦੇ ਘਰ ਵਿਚਲੀਆਂ ਵਸਤੂਆਂ ਨਿਸ਼ਾਨੀਆਂ ਵਜੋਂ ਏਂਗਲਜ਼ ਨੇ ਉਸ ਦੇ ਦੋਸਤਾਂ ਨੂੰ ਦੇ ਦਿੱਤੀਆਂ। ਆਪ ਖਰੜੇ ਤੇ ਉਹ ਕੁਰਸੀ ਰੱਖ ਲਈ ਜਿਸ Ḕਤੇ ਬੈਠ ਕੇ ਲਿਖਦਾ ਹੁੰਦਾ ਸੀ। ਏਂਗਲਜ਼ ਦਾ ਘਰ ਮਾਰਕਸ ਦਾ ਕੇਂਦਰੀ ਦਫਤਰ ਬਣਿਆ।
ਤੂਸੀ ਏਂਗਲਜ਼ ਤੋਂ ਵਿਆਹ ਦੀ ਅਸੀਸ ਲੈਣ ਗਈ। ਕਾਨੂੰਨਨ ਵਿਆਹ ਨਹੀਂ ਹੋ ਸਕਦਾ ਸੀ, ਕਿਉਂਕਿ ਏਵਲਿਨ ਨੇ ਪਹਿਲੀ ਪਤਨੀ ਨੂੰ ਤਲਾਕ ਨਹੀਂ ਦਿੱਤਾ ਸੀ। ਤਲਾਕ ਨਾ ਦੇਣ ਦਾ ਕਾਰਨ ਪਤਨੀ ਦੀ ਵੱਡੀ ਜਾਇਦਾਦ ਉਪਰ ਵਾਰਸ ਵਜੋਂ ਕਬਜ਼ਾ ਕਰਨ ਦਾ ਸੀ। ਪੱਚੀ ਹਜ਼ਾਰ ਪੌਂਡ ਦੀ ਜਾਇਦਾਦ ਸੀ। ਉਹ ਤੇ ਏਵਲਿਨ ਬਸ ਚੁੱਪ-ਚਾਪ ਇਕੱਠੇ ਰਹਿਣ ਲੱਗ ਜਾਣਗੇ। ਕਾਰਲ ਜਿਉਂਦਾ ਹੁੰਦਾ ਤਾਂ ਉਸ ਨੇ ਹਰਗਿਜ਼ ਅਜਿਹਾ ਨਹੀਂ ਹੋਣ ਦੇਣਾ ਸੀ, ਪਰ ਏਂਗਲਜ਼ ਨੇ ਖੁਦ ਇਹੋ ਜੀਵਨ ਢੰਗ ਅਪਨਾਇਆ, ਸੋ ਠੀਕ ਹੈ। ਜਿਸ ਸਕੂਲ ਵਿਚ ਪੜ੍ਹਾਉਂਦੀ ਸੀ, ਜਵਾਬ ਮਿਲ ਗਿਆ ਕਿਉਂਕਿ ਅਣਵਿਆਹੀ ਕੁੜੀ, ਮਰਦ ਨਾਲ ਨਹੀਂ ਰਹਿ ਸਕਦੀ। ਉਦੋਂ ਕਿਸੇ ਦੇ ਘਰ ਸੱਦੇ Ḕਤੇ ਜਾਣ ਤੋਂ ਪਹਿਲਾਂ ਮੇਜ਼ਬਾਨਾਂ ਨੂੰ ਦੱਸਣਾ ਜ਼ਰੂਰੀ ਹੁੰਦਾ ਸੀ ਕਿ ਨਾਲ ਆਉਣ ਵਾਲਾ ਕੀ ਲਗਦਾ ਹੈ।
ਏਂਗਲਜ਼ ਬਦਨਾਮੀ ਤੋਂ ਜ਼ਰੂਰ ਡਰਦਾ ਸੀ, ਕੋਈ ਦੁਸ਼ਮਣ ਅਖਬਾਰਾਂ ਵਿਚ ਕਹਾਣੀਆਂ ਨਾ ਛਪਵਾਉਣ ਲੱਗ ਜਾਏ। ਏਵਲਿਨ ਬਾਰ ਵਿਚ ਸ਼ਰਾਬ ਨਾਲ ਰੱਜ ਕੇ ਬਿਨਾਂ ਪੈਸੇ ਦਿਤਿਆਂ ਭੱਜ ਜਾਂਦਾ; ਖਾਣਾ ਖਾਂਦਾ, ਬਗੈਰ ਪੇਮੈਂਟ ਚਲਾ ਜਾਂਦਾ; ਹਰ ਇਕ ਅੱਗੇ ਉਧਾਰ ਵਾਸਤੇ ਹੱਥ ਫੈਲਾ ਦਿੰਦਾ, ਵਾਪਸ ਨਾ ਕਰਦਾ। ਸੋਸ਼ਲਿਸਟ ਗੁਰਪ ਨੇ ਮੈਂਬਰਸ਼ਿਪ ਖਾਰਜ ਕਰਨੀ ਚਾਹੀ ਪਰ ਇਹ ਸੋਚ ਕੇ ਚੁਪ ਕਰ ਗਏ, ਕਾਰਲ ਦਾ ਜਵਾਈ ਹੈ।
ḔਕੈਪੀਟਲḔ ਦੀ ਚੌਥੀ ਜਿਲਦ ਵੀ ਮਿਲ ਗਈ ਪਰ ਇਸ ਨੂੰ ਸੰਵਾਰਨਾ ਬਹੁਤ ਔਖਾ ਕੰਮ ਸੀ। ਇਹ ਔਖਾ ਕੰਮ ਏਂਗਲਜ਼ ਨੂੰ ਕਰਨਾ ਪਵੇਗਾ। ਲਿਖਦਾ ਹੈ, ਜਦੋਂ ਮੈਂ ਕਾਰਲ ਦੇ ਕੰਮ ਦੀ ਸੁਧਾਈ ਕਰਦਾ ਹਾਂ, ਉਹ ਮੇਰੇ ਨਾਲ ਗੱਲਾਂ ਕਰਦਾ ਰਹਿੰਦੈ।
ਕਾਮਰੇਡ, ਏਵਲਿਨ ਤੋਂ ਇਕੱਠੇ ਕੀਤੇ ਫੰਡ ਦਾ ਹਿਸਾਬ ਮੰਗਣ ਲੱਗੇ ਪਰ ਉਹ ਖਾ-ਪੀ ਚੁੱਕਾ ਸੀ ਸਭ। ਤੂਸੀ ਨੂੰ ਉਸ ਦੇ ਸੁਭਾਅ ਅਤੇ ਆਦਤਾਂ ਦਾ ਜਿਉਂ-ਜਿਉਂ ਪਤਾ ਲਗਦਾ ਗਿਆ, ਉਦਾਸੀ ਵਿਚ ਘਿਰਦੀ ਗਈ। ਕਈ-ਕਈ ਰਾਤਾਂ ਗਾਇਬ ਰਹਿੰਦਾ। ਗ੍ਰਹਿਸਥ ਦੀ ਉਕਾ ਪ੍ਰਵਾਹ ਨਹੀਂ। ਤੂਸੀ ਆਪਣੀਆਂ ਸਹੇਲੀਆਂ ਨੂੰ ਕਿਹਾ ਕਰਦੀ, ਹਰ ਤਰ੍ਹਾਂ ਦੇ ਗੁਲਾਮ ਆਜ਼ਾਦ ਹੋ ਜਾਣਗੇ, ਔਰਤਾਂ ਦੀ ਵਾਰੀ ਸਭ ਤੋਂ ਅਖੀਰ ਵਿਚ ਆਏਗੀ। ਇਬਸਨ ਦਾ Ḕਡੌਲਜ਼ ਹਾਊਸḔ ਪੜ੍ਹ ਕੇ ਉਸ ਨੂੰ ਇਸ ਦੇ ਪਾਤਰ ਹੈਲਮਰ ਵਿਚੋਂ ਬੇਵਫਾ ਏਵਲਿਨ ਦਿਸਿਆ। ਫਲਾਬੇਅਰ ਦੇ Ḕਮਾਦਾਮ ਬਾਵੇਰੀḔ ਵਿਚਲੀ ਲਾਚਾਰ ਔਰਤ ਵਿਚੋਂ ਉਸ ਨੂੰ ਖੁਦ ਦਾ ਅਕਸ ਦਿਸਿਆ। ਘੰਟਿਆਂ ਬੱਧੀ ਬਰਨਾਰਡ ਸ਼ਾਅ ਨਾਲ ਐਬਸਰਡ ਥਿਏਟਰ ਦੀਆਂ ਗੱਲਾਂ ਕਰਦੀ। 1885 ਵਿਚ ਏਮਿਲੀ ਜ਼ੋਲਾ ਦਾ ਨਾਵਲ ḔਜਰਮੀਨਲḔ ਦੇਖਿਆ। ਇਹ ਮਿੱਲ ਮਜ਼ਦੂਰਾਂ ਅਤੇ ਖਾਣ ਵਰਕਰਾਂ ਦੀ ਦੁਰਦਸ਼ਾ ਦਾ ਦੁਖਦਾਈ ਬਿਰਤਾਂਤ ਸੀ। ਇਕ ਥਾਂ ਤੰਗ ਆ ਕੇ ਮਜ਼ਦੂਰ ਆਪਣੇ ਮਿੱਲ ਮੈਨੇਜਰ ਨੂੰ ਕਤਲ ਕਰ ਦਿੰਦੇ ਹਨ। ਫਰਾਂਸ ਦੇ ਮਜ਼ਦੂਰਾਂ ਨੇ ਇਥੋਂ ਨਕਲ ਕਰ ਕੇ ਹੂ-ਬ-ਹੂ ਆਪਣੇ ਮੈਨੇਜਰ ਨੂੰ ਚੁੱਕਿਆ, ਹੇਠਾਂ ਗਰਾਊਂਡ ਉਪਰ ਖਲੋਤੇ ਮਜ਼ਦੂਰਾਂ ਉਤੇ ਸੁੱਟ ਦਿੱਤਾ। ਹੱਥਾਂ ਵਿਚ ਗਂੈਤੀਆਂ ਫੜੀ ਖੜ੍ਹੇ ਕੋਲਾ ਮਜ਼ਦੂਰਾਂ ਨੇ ਪਲ ਵਿਚ ਟੁਕੜੇ-ਟੁਕੜੇ ਕਰ ਦਿੱਤਾ। 1886 ਦੀ ਇਸ ਘਟਨਾ ਨੇ ਯੂਰਪ ਦੀਆਂ ਸਰਕਾਰਾਂ ਹਿਲਾ ਦਿੱਤੀਆਂ।
ਏਵਲਿਨ ਤੇ ਤੂਸੀ ਅਮਰੀਕਾ ਵਿਚ ਸੋਸ਼ਲਿਜ਼ਮ ਦਾ ਪ੍ਰਚਾਰ ਕਰਨ ਗਏ। ਹਜ਼ਾਰਾਂ ਸਰੋਤੇ ਉਨ੍ਹਾਂ ਨੂੰ ਸੁਣਦੇ, ਆਦਰ ਕਰਦੇ। ਜਦੋਂ ਲੰਡਨ ਪਰਤੇ ਤਾਂ ਅਮਰੀਕਨ ਅਖਬਾਰ ਵਿਚ ਛਪੀਆਂ ਖਬਰਾਂ ਨੂੰ ਲੰਡਨ ਦੀਆਂ ਖਬਰਾਂ ਵਿਚ ਦੁਹਰਾਇਆ ਗਿਆ। ਅਮਰੀਕਨ ਕਾਮਿਆਂ ਨੇ ਦੋਸ਼ ਲਾਇਆ, ਫਰਜ਼ੀ ਬਿਲ ਦਿਖਾ ਕੇ ਏਵਲਿਨ 1600 ਡਾਲਰਾਂ ਦਾ ਫਰਾਡ ਕਰ ਗਿਆ। ਦੋ-ਦੋ ਡਾਲਰ ਦੀ ਦਿਹਾੜੀ ਕਰਨ ਵਾਲੇ ਮਜ਼ਦੂਰਾਂ ਨੇ ਕਿਹਾ, ਸੋਸ਼ਲਿਜ਼ਮ ਨਹੀਂ, ਏਵਲਿਨ ਫਰਾਡ ਕਰਨਾ ਸਿਖਾ ਗਿਐ। ਬਰਨਾਰਡ ਸ਼ਾਅ ਦੇ ਡਰਾਮੇ Ḕਦਿ ਡਾਕਟਰਜ਼ ਡਾਇਲਮਾḔ ਵਿਚਲਾ ਹੀਰੋ ਏਵਲਿਨ ਹੈ ਤੇ ਨਾਇਕਾ ਤੂਸੀ। ਹੀਰੋ ਸ਼ਰਾਬੀ ਹੈ, ਫਰਾਡ ਕਰਦਾ ਹੈ, ਜ਼ਨਾਨੀਬਾਜ਼ ਹੈ; ਤੇ ਨਾਇਕਾ ਉਸ ਨੂੰ ਸਾਰੀ ਉਮਰ ਸਮਝਣ ਤੋਂ ਅਸਮਰਥ ਹੈ।
ਤੂਸੀ ਨੇ ਖਤ ਲਿਖਿਆ, ਮੈਂ ਕੰਮ ਕਰਨ ਦੇ ਸਮਰੱਥ ਹਾਂ, ਕੰਮ ਕਰਨ ਨੂੰ ਦਿਲ ਕਰਦਾ ਹੈ, ਮੈਨੂੰ ਕੰਮ ਦੀ ਜ਼ਰੂਰਤ ਹੈ ਪਰ ਇੱਜ਼ਤਦਾਰ ਧਨੀ ਲੋਕ ਮੈਨੂੰ ਕੰਮ Ḕਤੇ ਨਹੀਂ ਲਾਉਂਦੇ।
ਜਦੋਂ ਤੋਂ ਉਸ ਦੀ ਮਾਂ ਏਂਗਲਜ਼ ਦੇ ਘਰ ਰਹਿਣ ਲੱਗੀ, ਫਰੈਡੀ ਇਸ ਘਰੇ ਆਉਣ-ਜਾਣ ਲੱਗ ਪਿਆ ਸੀ। ਉਸ ਨੇ ਇਕ ਦਿਨ ਏਂਗਲਜ਼ ਨੂੰ ਦੱਸਿਆ, ਮੈਂ ਤੁਹਾਡੀ ਅਤੇ ਕਾਰਲ ਦੀ ਤਸਵੀਰ ਕਮਰੇ ਵਿਚ ਟੰਗੀ ਹੋਈ ਐ। ਤੁਸੀਂ, ਸਾਡੇ ਗਰੀਬਾਂ ਕਾਮਿਆਂ ਦੇ ਹਮਦਰਦ ਹੋ ਨਾ? ਇਸ ਵਾਕ ਵਿਚ ਵਿਅੰਗ ਹੈ ਕਿ ਸੱਚ, ਪਤਾ ਨਹੀਂ। ਫਰੈਡੀ ਦੀ ਸ਼ਕਲ ਵਿਚੋਂ ਜੁਆਨ ਕਾਰਲ ਸਾਫ ਦਿਸਦਾ।
ਏਵਲਿਨ ਅੰਦਰਲਾ ਸ਼ੈਤਾਨ ਬਾਹਰ ਨਿਕਲ ਆਇਆ, ਉਸ ਨੇ ਤੂਸੀ ਨੂੰ ਸਾਫ ਕਹਿ ਦਿੱਤਾ, ਮੈਂ ਤੈਥੋਂ ਅਤੇ ਸੋਸ਼ਲਿਜ਼ਮ, ਦੋਵਾਂ ਤੋਂ ਅੱਕ ਗਿਆਂ। ਤੂਸੀ ਨੇ ਵਧੀਕ ਅਫੀਮ ਖਾ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ, ਪਰ ਬਚ ਗਈ। ਸਾਰੇ ਜਾਣੂ ਦੁਖੀ ਹੋਏ। ਲਾਰਾ ਨੂੰ ਖਤ ਲਿਖਦੀ ਰਹਿੰਦੀ, ਖਤਾਂ ਵਿਚ ਅਪਣੱਤ ਦਿਖਾਈ ਦਿੰਦੀ ਹੈ ਪਰ ਖੁਦ ਦਾ ਦੁਖ ਅਤੇ ਇਕੱਲਤਾ ਵੱਧ ਹੈ। ਲਾਰਾ ਨੇ ਕਿਸੇ ਖਤ ਦਾ ਜਵਾਬ ਨਹੀਂ ਦਿੱਤਾ, ਉਹ ਤੂਸੀ ਨੂੰ ਪਸੰਦ ਹੀ ਨਹੀਂ ਸੀ ਕਰਦੀ।
ਮਜ਼ਦੂਰ ਜਥੇਬੰਦੀਆਂ ਨੇ 13 ਨਵੰਬਰ 1887 ਨੂੰ ਟ੍ਰਾਫਲਗਰ ਸਕੁਏਅਰ ਇਕੱਠੇ ਹੋਣ ਦੀ ਕਾਲ ਦਿੱਤੀ। ਇਕ ਲੱਖ ਲੋਕ ਵੱਖ-ਵੱਖ ਦਿਸ਼ਾਵਾਂ ਵਲੋਂ ਤੁਰ ਪਏ। ਸਰਕਾਰ ਨੇ 2500 ਪੁਲਸੀਏ ਸਕੁਏਅਰ ਕੇਂਦਰ ਤਾਇਨਾਤ ਕਰ ਦਿੱਤੇ, 1500 ਬਾਹਰਲੀ ਫਿਰਨੀ ਉਤੇ, 500 ਫੌਜੀ ਵੀ। ਵਿਉਂਤ ਇਹ ਕਿ ਕੇਂਦਰ ਅਤੇ ਫਿਰਨੀ ਦੀਆਂ ਦੋਹਾਂ ਦਿਸ਼ਾਵਾਂ ਕਾਮਿਆਂ ਨੂੰ ਕੁਚਲਣਗੀਆਂ। ਏਵਲਿਨ ਅਤੇ ਤੂਸੀ ਵੱਖ-ਵੱਖ ਗਰੁਪਾਂ ਨਾਲ ਵੱਖ-ਵੱਖ ਪਾਸਿਆਂ ਤੋਂ ਆ ਰਹੇ ਸਨ। ਏਵਲਿਨ ਖਤਰਾ ਭਾਂਪਦਿਆਂ ਹੀ ਨੱਠ ਗਿਆ। ਤੂਸੀ ਪੁੱਜ ਗਈ। ਪੁਲਿਸ ਨੇ ਜ਼ਬਰਦਸਤ ਲਾਠੀਚਾਰਜ ਕੀਤਾ। ਇਕ ਸੋਟੀ ਬਾਂਹ Ḕਤੇ ਵੱਜੀ ਦੂਜੀ ਸਿਰ ਉਤੇ। ਕੋਟ ਅਤੇ ਹੈਟ ਫਟ ਗਏ, ਡਿੱਗ ਪਈ। ਇਕ ਹੋਰ ਜ਼ਖਮੀ ਬੰਦੇ ਨੇ ਆਪਣੇ ਉਪਰ ਸੱਟਾਂ ਝੱਲ ਕੇ ਬਚਾਈ। ਤੂਸੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਿਹਾ ਹੋ ਕੇ ਜਦੋਂ ਏਗਲਜ਼ ਕੋਲ ਪੁੱਜੀ, ਲੀਰਾਂ ਵਿਚ ਲਿਪਟੀ ਹੋਈ। ਇਸ ਦਿਨ ਜ਼ਖਮੀ ਤਾਂ ਸੈਂਕੜੇ ਹੋਏ, ਮੌਤ ਕੋਈ ਨਹੀਂ। ਗੋਲੀ ਨਹੀਂ ਚੱਲੀ।
ਅਗਲੇ ਹਫਤੇ ਐਤਵਾਰ ਫਿਰ ਕਾਲ ਦਿੱਤੀ ਗਈ। ਐਤਕੀਂ ਇਕ ਕਲਰਕ ਦੀ ਮੌਤ ਹੋਈ ਜਿਸ ਦਾ ਐਜੀਟੇਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਪਰ ਜਨਾਜ਼ੇ ਵਿਚ ਸਵਾ ਲੱਖ ਬੰਦੇ ਸ਼ਾਮਲ ਹੋਏ। ਤੂਸੀ ਖਿਲਾਫ ਬਲੈਂਕ ਵਾਰੰਟ ਜਾਰੀ ਹੋਇਆ ਜਿਸ ਦਾ ਅਰਥ ਸੀ, ਬਿਨਾਂ ਕਾਰਨ ਦੱਸੇ ਜਦੋਂ ਮਰਜ਼ੀ ਜਿਥੇ ਮਰਜ਼ੀ ਪੁਲਿਸ ਗ੍ਰਿਫਤਾਰ ਕਰ ਲਏ। ਤੂਸੀ ਨੂੰ ਮਾਣ ਪ੍ਰਤੀਤ ਹੋਇਆ। ਉਧਰ ਇਕ ਸੋਸ਼ਲਿਸਟ ਨੇ ਲਿਖਿਆ, ਅਸੀਂ ਜਦੋਂ ਮਾਰਕਸਵਾਦ ਵਿਰੁਧ ਬੋਲਦੇ ਹਾਂ, ਉਦੋਂ ਕਾਰਲ ਨਹੀਂ; ਉਸ ਦਾ ਪੈਗੰਬਰ ਏਵਲਿਨ ਸਾਡੀਆਂ ਅੱਖਾਂ ਅੱਗੇ ਹੁੰਦਾ ਹੈ।
ਇੰਗਲੈਂਡ ਵਿਚ ਪਹਿਲੀ ਮਜ਼ਬੂਤ ਮਜ਼ਦੂਰ ਯੂਨੀਅਨ ਗੈਸ ਸਟੇਸ਼ਨ ਕਾਮਿਆਂ ਦੀ ਬਣੀ ਜਿਸ ਦੇ ਇਕ ਸਾਲ ਵਿਚ ਲੱਖ ਮੈਂਬਰ ਬਣੇ। ਤੂਸੀ ਨੇ ਇਸ ਦਾ ਵਿਧਾਨ ਲਿਖਿਆ। ਤਿੰਨ ਲੀਡਰ ਸਨ, ਥਾਰਨ, ਮਾਨ ਅਤੇ ਬਰਨਜ਼। ਤਿੰਨੇ ਅਨਪੜ੍ਹ, ਤਿੰਨੇ ਬਾਅਦ ਵਿਚ ਮੈਂਬਰ ਪਾਰਲੀਮੈਂਟ ਲਈ ਚੋਣ ਜਿੱਤੇ। ਪਹਿਲੀ ਵਾਰ ਰੋਜ਼ਾਨਾ ਦਿਹਾੜੀ ਅੱਠ ਘੰਟਿਆਂ ਦੀ ਕਰਵਾਈ। ਇਨ੍ਹਾਂ ਦੀ ਅਗਵਾਈ ਵਿਚ 60 ਹਜ਼ਾਰ ਸਮੁੰਦਰੀ ਕਾਮਿਆਂ ਨੇ ਹੜਤਾਲ ਕੀਤੀ। ਦੋ ਹਫਤਿਆਂ ਦੀ ਹੜਤਾਲ ਤੋਂ ਬਾਅਦ ਭੁੱਖੇ ਕਾਮੇ ਟੁੱਟਣ ਲੱਗੇ। ਤੂਸੀ ਨੇ ਕਿਹਾ, ਲੰਡਨ ਸ਼ਹਿਰ ਦੇ ਵਿਚਕਾਰ ਜਲੂਸ ਕੱਢੋ। ਸ਼ਾਂਤਮਈ ਜਲੂਸ ਨਿਕਲਿਆ। ਦਾਨੀਆਂ ਦੀ ਰਕਮ ਮੁੱਕ ਗਈ, ਕਾਮੇ ਭੁੱਖੇ ਮਰਨ ਲੱਗੇ। ਹੜਤਾਲ ਫੇਲ੍ਹ ਹੋਣ ਲੱਗੀ ਹੀ ਸੀ ਕਿ ਆਸਟ੍ਰੇਲੀਆ ਦੇ ਦਾਨੀਆਂ ਨੇ 30 ਹਜ਼ਾਰ ਪੌਂਡ ਭੇਜ ਦਿੱਤੇ। ਇਕ ਮਹੀਨੇ ਦੀ ਹੜਤਾਲ ਦੇ ਘਾਟੇ ਨੇ ਜਹਾਜ਼ ਮਾਲਕ ਹਿਲਾ ਦਿੱਤੇ। ਹੜਤਾਲ ਕਾਮਯਾਬ ਹੋਈ, ਸਭ ਮੰਗਾਂ ਮੰਨੀਆਂ ਗਈਆਂ। ਸਾਰੀ ਦੁਨੀਆਂ ਵਿਚ ਕਾਮਿਆਂ ਨੇ ਜਸ਼ਨ ਮਨਾਏ। ਏਂਗਲਜ਼ ਨੇ ਕਿਹਾ, ਕਾਰਲ ਆਪਣੀ ਥਿਊਰੀ ਨੂੰ ਅਮਲ ਵਿਚ ਆਉਂਦੇ ਅੱਖੀਂ ਨਾ ਦੇਖ ਸਕਿਆæææ ਮੈਂ ਖੁਸ਼ਕਿਸਮਤ ਹਾਂ।
ਪੈਰਿਸ ਵਿਚ ਇਕ ਲੱਖ ਕਾਮੇ ਇਕੱਠੇ ਹੋਏ, ਲੰਡਨ ਵਿਚ ਤਿੰਨ ਲੱਖ। ਬੁਲਾਰਿਆਂ ਵਿਚੋਂ ਔਰਤ ਕੇਵਲ ਤੂਸੀ ਸੀ। ਉਸ ਦੇ ਭਾਸ਼ਣ ਦੀ ਗੂੰਜ ਅਸਰ ਕਰਦੀ ਸੀ। ਆਪਣੇ ਸੰਬੋਧਨ ਨੂੰ ਸ਼ੈਲੇ ਦੇ ਬੰਦ ਨਾਲ ਸਮਾਪਤ ਕੀਤਾ, ਸੁੱਤੇ ਸ਼ੇਰ ਵਾਂਗ ਉਠੋ। ਤੁਸੀਂ ਬਹੁਤੇ ਹੋ, ਉਹ ਥੋੜ੍ਹੇ ਨੇ। ਕਾਮਿਆਂ ਨੇ ਇਹ ਪੰਕਤੀਆਂ ਜੋਸ਼ ਨਾਲ ਦੁਹਰਾਈਆਂ। ਏਂਗਲਜ਼ ਨੇ ਭਾਸ਼ਣ ਨਹੀਂ ਦਿੱਤਾ, ਕਿਹਾ, ਅੱਜ ਮੇਰਾ ਕੱਦ ਵੱਧ ਗਿਆ ਹੈ। ਉਹ ਸੱਤਰ ਸਾਲ ਦਾ ਹੋ ਗਿਆ ਸੀæææ ḔਕੈਪੀਟਲḔ ਦੀ ਤੀਜੀ ਜਿਲਦ Ḕਤੇ ਕੰਮ ਨਹੀਂ ਮੁੱਕਾ, ਚੌਥੀ ਅਜੇ ਦੇਖਣੀ ਹੈ। ਇੰਟਰਨੈਸ਼ਨਲ ਦਾ ਇਤਿਹਾਸ ਅਤੇ ਕਾਰਲ ਦੀ ਜੀਵਨੀ ਲਿਖਣੀ ਹੈ, ਕੀ-ਕੀ ਕਰਾਂ?
70 ਸਾਲ ਦੀ ਨੌਕਰਾਣੀ ਲਿੰਚਨ ਬਿਮਾਰ ਹੋ ਗਈ। ਸਤੰਬਰ 4, 1890 ਨੂੰ ਮੌਤ ਵਕਤ ਫਰੈਡੀ ਬਿਸਤਰ ਨਜ਼ਦੀਕ ਮਾਂ ਕੋਲ ਬੈਠਾ ਸੀ। ਲਾਰਾ ਨੂੰ ਖਤ ਵਿਚ ਫਰੈਡੀ ਨੇ ਲਿਖਿਆ, ਆਖਰੀ ਸਾਹ ਲੈਣ ਤੋਂ ਪਹਿਲਾਂ ਮਾਂ ਨੇ ਇਕ ਹੱਥ ਵਿਚ ਏਂਗਲਜ਼ ਦਾ ਹੱਥ, ਦੂਜੇ ਵਿਚ ਮੇਰਾ ਹੱਥ ਫੜਿਆ ਤੇ ਕਿਹਾ, ਏਂਗਲਜ਼æææ ਫਰੈਡੀ ਨੂੰ ਇਸ ਦੇ ਪਿਤਾ ਦਾ ਨਾਮ ਦੱਸ ਦੇਈਂ।
ਏਂਗਲਜ਼ ਨੇ ਲਿਖਿਆ, ਕਾਰਲ ਦੇ ਪੁਰਾਣੇ ਸਾਥੀਆਂ ਵਿਚੋਂ ਲਿੰਚਨ ਅਤੇ ਮੈਂ ਬਚੇ ਸਾਂ ਕੇਵਲ, ਹੁਣ ਮੈਂ ਇਕੱਲਾ ਰਹਿ ਗਿਆਂ। ਕੀ ਕਰਾਂ? ਲਿੰਚਨ ਨੇ ਕਾਰਲ ਦੀ ਗਰੀਬੀ ਵਿਚ ਗਰੀਬੀ ਭੋਗੀ। ਦੁਨੀਆਂ ਨੂੰ, ਜੈਨੀ ਨੂੰ ਪਤਾ ਨਾ ਲੱਗ ਜਾਏ ਕਿ ਫਰੈਡੀ ਕਿਸ ਦਾ ਬੇਟਾ ਹੈ, ਛੁਪਾਉਂਦੀ ਰਹੀ। ਸੰਤਾਨ ਭਲਾ ਕਿਸ ਨੂੰ ਪਿਆਰੀ ਨਹੀਂ ਹੁੰਦੀ? ਇਕਲੌਤਾ ਪੁੱਤਰ ਤਿਆਗ ਦਿੱਤਾ। ਮਾਂ ਦੀ 40 ਪੌਂਡ ਬਚੀ ਰਕਮ ਫਰੈਡੀ ਨੂੰ ਦੇ ਦਿੱਤੀ।
5 ਅਗਸਤ 1895 ਨੂੰ ਏਂਗਲਜ਼ ਦੀ ਮੌਤ ਹੋਈ। ਵਸੀਅਤ ਪੜ੍ਹੀ ਗਈ। ਤੂਸੀ ਨੂੰ ਕਾਰਲ ਦੀਆਂ ਲਿਖਤਾਂ ਦੀ ਮਾਲਕੀ ਮਿਲੀ। ਜਰਮਨੀ ਦੇ ਪਾਰਟੀ ਵਰਕਰਾਂ ਨੂੰ ਇਕ ਹਜ਼ਾਰ ਪੌਂਡ ਅਤੇ ਉਸ ਦੀਆਂ ਆਪਣੀਆਂ ਲਿਖਤਾਂ, ਖਤਾਂ ਸਮੇਤ, ਉਸ ਦੀ ਜਮ੍ਹਾਂ ਪੂੰਜੀ ਵਿਚੋਂ ਤਿੰਨੇ ਭੈਣਾਂ ਨੂੰ ਪੰਜ-ਪੰਜ ਹਜ਼ਾਰ ਪੌਂਡ। ਹਰ ਕੁੜੀ ਦੇ ਪਰਿਵਾਰ ਦਾ ਸਾਲਾਨਾ ਖਰਚ ਔਸਤਨ ਡੇਢ ਸੌ ਪੌਂਡ ਸਾਲਾਨਾ ਸੀ। ਬਾਕੀ ਪੈਸੇ ਲੈਣ-ਦੇਣ ਦੇ ਬਿਲਾਂ ਦਾ ਭੁਗਤਾਨ। ਮੌਤ ਵਕਤ ਬਚੀ ਰਾਸ਼ੀ ਤੀਹ ਹਜ਼ਾਰ ਪੌਂਡ ਸੀ ਜੋ ਅੱਜ ਦੇ 48 ਲੱਖ ਡਾਲਰਾਂ ਬਰਾਬਰ ਹੈ। ਉਧਰ ਏਵਲਿਨ ਦੀ ਪਤਨੀ ਦੀ ਮੌਤ ਹੋ ਗਈ ਤੇ ਉਸ ਦੀ ਜਾਇਦਾਦ ਪਤੀ ਨੂੰ ਮਿਲੀ।
ਏਂਗਲਜ਼ ਦੀ ਮੌਤ ਬਾਅਦ ਲਾਰਾ ਅਤੇ ਤੂਸੀ ਵਿਚਕਾਰ 23 ਸਾਲ ਦੀ ਦੂਰੀ ਪਿਛੋਂ ਅਪਣੱਤ ਆਈ। ਤੂਸੀ ਨੇ ਏਂਗਲਜ਼ ਤੋਂ ਮਿਲੇ ਪੈਸਿਆਂ ਨਾਲ ਛੋਟਾ ਮਕਾਨ ਖਰੀਦਿਆ, ਪਰ ਲਾਰਾ ਤੇ ਲਫਾਰਗ ਨੇ ਪੈਰਿਸ ਤੋਂ ਵੀਹ ਮੀਲ ਦੂਰ ਵੱਡਾ ਮਕਾਨ ਖਰੀਦਿਆ ਜਿਸ ਵਿਚ 30 ਕਮਰੇ ਸਨ, ਇਨਡੋਰ ਖੇਡ ਹਾਲ, ਥਿਏਟਰ, ਵੱਡਾ ਬਾਗ, ਸੌ ਮੁਰਗੇ, ਅਨੇਕ ਖਰਗੋਸ਼ ਅਤੇ ਭੇਡਾਂ। 50 ਦੀ ਲਾਰਾ ਤੇ 53 ਸਾਲ ਦੇ ਲਫਾਰਗ ਨੂੰ ਜਿਉਂਦਿਆਂ ਵੀ ਏਂਗਲਜ਼ ਦਾ ਸਹਾਰਾ ਮਿਲਿਆ, ਮਰਨ ਪਿਛੋਂ ਵੱਧ।
ਕਾਰਲ ਦੇ ਨਜ਼ਦੀਕੀਆਂ ਨੇ ਉਹਦੀਆਂ ਜੀਵਨੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਤੂਸੀ ਫਿਕਰਵੰਦ ਸੀ, ਪਿਤਾ ਦੀਆਂ ਕਮਜ਼ੋਰੀਆਂ ਛਪ ਗਈਆਂ ਤਾਂ ਪਾਰਟੀ ਨੂੰ ਨੁਕਸਾਨ ਹੋਏਗਾ, ਇਨਕਲਾਬ ਨੂੰ ਸੱਟ ਵੱਜੇਗੀ। ਉਸ ਦੇ ਦਿਉ ਕੱਦ ਪਿਤਾ ਦਾ ਬੁੱਤ ਟੁੱਟਣਾ ਨਹੀਂ ਚਾਹੀਦਾ, ਉਸ ਵਰਗਾ ਦਾਨਸ਼ਵਰ ਰੋਜ਼-ਰੋਜ਼ ਥੋੜ੍ਹਾ ਪੈਦਾ ਹੁੰਦਾ ਹੈ, ਪਰ ਸੱਚ ਛੁਪਾਇਆ ਜਾ ਸਕਦੈ? ਕਦੀ-ਕਦੀ ਸੋਚਦੀ, ਜੇ ਮੈਂ ਖੁਦ ਸੱਚ ਦੱਸਾਂ ਤਾਂ ਵਧੀਕ ਠੀਕ ਹੋਵੇਗਾ, ਹੋਰਾਂ ਵੱਲੋਂ ਲਿਖਤ ਤੱਥ ਗਲਤ ਦ੍ਰਿਸ਼ ਦਿਖਾਣਗੇ।
ਜਰਮਨ ਸੋਸ਼ਲਿਸਟ ਕਲਾਰਾ ਲਿਖਦੀ ਹੈ, ਤੂਸੀ ਨੇ ਦੂਜੀ ਇੰਟਰਨੈਸ਼ਨਲ ਦੀ ਮੀਟਿੰਗ ਘਰ ਸੱਦੀ। ਮੀਟਿੰਗ ਪਿਛੋਂ ਮੈਨੂੰ ਕਿਹਾ, ਤੈਨੂੰ ਸਰਪ੍ਰਾਈਜ਼ ਗਿਫਟ ਦਿਆਂ? ਫਰੈਡੀ ਦੇ ਸਾਹਮਣੇ ਲਿਜਾ ਕੇ ਕਿਹਾ, ਕਲਾਰਾ, ਮਿਲ ਮੇਰੇ ਭਰਾ ਨੂੰ, ਕਾਰਲ ਅਤੇ ਲਿੰਚਨ ਦਾ ਬੇਟਾ ਫਰੈਡੀ। ਫਰੈਡੀ ਬੇਚੈਨ ਜਿਹਾ ਹੋ ਗਿਆ। ਨਿੱਜੀ ਗੱਲਾਂ ਕੀਤੀਆਂ ਹੀ ਨਾ; ਪਾਰਟੀ ਦੀਆਂ, ਸਿਆਸਤ ਦੀਆਂ ਗੱਲਾਂ ਕਰਦੇ ਰਹੇ। ਤੂਸੀ ਨੇ ਕਲਾਰਾ ਨੂੰ ਕਿਹਾ, ਮੈਂ ਦੁਖੀ ਹਾਂ, ਮੈਨੂੰ ਫਰੈਡੀ ਵਾਲੀ ਹਕੀਕਤ ਦੇਰ ਬਾਅਦ ਪਤਾ ਲੱਗੀ। ਮਾਂ ਜੈਨੀ ਨੂੰ ਉਮਰ ਭਰ ਪਤਾ ਨਾ ਲੱਗਾ। ਜੇ ਪਤਾ ਲੱਗ ਜਾਂਦਾæææ ਫਿਰ? ਕੀ ਸਦਮਾ ਬਰਦਾਸ਼ਤ ਕਰ ਲੈਂਦੀ? ਤੂਸੀ ਨੂੰ ਆਪਣੇ ਪਰਿਵਾਰ ਦੇ ਦਾਗਾਂ ਸਮੇਤ ਰਹਿਣਾ ਪਵੇਗਾ। ਮਾਂ ਨੇ ਪਿਤਾ ਦੀ ਬੇਵਫਾਈ ਝੱਲੀ, ਤੂਸੀ ਆਪਣੇ ਏਵਲਿਨ ਦੀਆਂ ਬੇਵਫਾਈਆਂ ਨਜ਼ਰ-ਅੰਦਾਜ਼ ਕਰੇਗੀ।
ਤੂਸੀ ਨੇ ਫਰੈਡੀ ਨੂੰ ਖਤ ਲਿਖੇ, ਇਕ ਵਾਕ, ਤੂੰ ਤੇ ਮੈਂ ਬੁਰੇ ਲੋਕ ਨਹੀਂ, ਤਾਂ ਵੀ ਫਰੈਡੀæææ ਆਪਾਂ ਨੂੰ ਸਜ਼ਾਵਾਂ ਮਿਲੀਆਂ।
27 ਮਾਰਚ 1897 ਨੂੰ ਤੂਸੀ ਨੂੰ ਇਕ ਖਤ ਮਿਲਿਆ ਜਿਸ ਵਿਚ ਦੱਸਿਆ ਸੀ ਕਿ ਏਵਲਿਨ ਨੇ ਅਦਾਕਾਰਾ ਈਵਾ ਨਾਲ ਵਿਆਹ ਕਰਵਾ ਲਿਐ। ਤਿੰਨ ਦਿਨ ਕੀ ਸੋਚਿਆ, ਕਿਸ-ਕਿਸ ਨੂੰ ਮਿਲੀ, ਕੁਝ ਪਤਾ ਨਹੀਂ। ਨੌਕਰਾਣੀ ਨੂੰ ਬੁਲਾ ਕੇ ਕੈਮਿਸਟ ਤੋਂ ਇਕ ਦਵਾਈ ਲਿਆਉਣ ਲਈ ਕਿਹਾ। ਆਪਣੇ ਪਤੀ ਦੇ ਪੈਡ ਵਿਚੋਂ ਕਾਗਜ਼ Ḕਤੇ ਦਵਾਈ ਲਿਖੀ ਜਿਸ Ḕਤੇ ਛਪਿਆ ਸੀ, ਡਾæ ਏਵਲਿਨ। ਦਵਾਈ ਸਾਈਨਾਈਡ ਸੀ।
ਏਵਲਿਨ ਘਰ ਸੀ ਜਦੋਂ ਤੂਸੀ ਨੇ ਨੌਕਰਾਣੀ ਦਵਾਈ ਲੈਣ ਭੇਜੀ, ਪਰ ਨੌਕਰਾਣੀ ਦੀ ਵਾਪਸੀ ਤੋਂ ਪਹਿਲਾਂ ਹੀ ਉਸ ਨੇ ਕਹਿ ਦਿੱਤਾ, ਮੈਂ ਚੱਲਿਆਂ। ਤੂਸੀ ਨੇ ਰੁਕਣ ਲਈ ਕਿਹਾ, ਨਹੀਂ ਰੁਕਿਆ ਹਾਲਾਂਕਿ ਬਿਮਾਰੀ ਕਾਰਨ ਕਮਜ਼ੋਰ ਸੀ। ਉਸ ਨੂੰ ਪਤਾ ਸੀ, ਕੀ ਹੋਣ ਜਾ ਰਿਹੈ। ਚੁਬਾਰੇ ਵਿਚ ਜਾ ਕੇ ਤੂਸੀ ਨੇ ਤਿੰਨ ਖਤ ਲਿਖੇ, ਇਕ ਵਕੀਲ ਨੂੰ, ਇਸ ਖਤ ਨਾਲ ਉਹ ਖਤ ਨੱਥੀ ਕਰ ਦਿੱਤਾ ਜਿਹੜਾ 27 ਮਾਰਚ ਨੂੰ ਮਿਲਿਆ ਸੀ। ਦੂਜਾ ਏਵਲਿਨ ਨੂੰ, ਕਿ ਛੇਤੀ ਖੇਡ ਖਤਮ ਹੋ ਜਾਏਗੀ ਪਿਆਰੇ। ਤੇਰੇ ਵਾਸਤੇ ਉਹੀ ਲਫਜ਼ ਵਰਤਾਂਗੀ ਜਿਹੜਾ ਸਾਰੀ ਉਮਰ ਵਰਤਿਆ, ਪਿਆਰ। ਤੀਜਾ ਆਪਣੇ ਭਾਣਜੇ ਜਾਨੀ ਨੂੰ। ਭਾਣਜੇ ਨੂੰ ਲਿਖਿਆ, ਪਿਆਰੇ ਜਾਨੀ, ਮੇਰੇ ਆਖਰੀ ਅੱਖਰ ਤੇਰੇ ਨਾਮ ਹਨ। ਆਪਣੇ ਨਾਨੇ ਦੇ ਸੁਫਨੇ ਅਨੁਸਾਰ ਬਣਨ ਦਾ ਯਤਨ ਕਰੀਂ। ਤੇਰੀ ਮਾਸੀ, ਤੂਸੀ।
ਨੌਕਰਾਣੀ ਰਜਿਸਟਰ ਦੇ ਕੇ ਆਈ ਤਾਂ ਦੇਖਿਆæææ ਤੂਸੀ ਲੇਟੀ ਪਈ ਹੈ, ਸਾਹ ਚੱਲ ਰਿਹੈ, ਛੱਤ ਵੱਲ ਦੇਖ ਰਹੀ ਹੈ ਪਰ ਤੱਕਣੀ ਠੀਕ ਨਹੀਂ। ਪੁੱਛਿਆ, ਕੀ ਹੋਇਐ ਤੂਸੀ? ਕੋਈ ਜਵਾਬ ਨਹੀਂ। ਗਵਾਂਢਣ ਨੂੰ ਲੈ ਕੇ ਆਉਣ ਤੱਕ ਖਤਮ। ਮਗਰੋਂ ਦੋ ਅਗਸਤ ਨੂੰ ਏਵਲਿਨ ਦੀ ਮੌਤ ਪਤਨੀ ਈਵਾ ਦੇ ਫਲੈਟ ਵਿਚ ਮੌਤ ਹੋਈ।
ਦੋ ਰੂਸੀ ਸਾਈਕਲ ਸਵਾਰ 1910 ਦੀਆਂ ਗਰਮੀਆਂ ਵਿਚ ਫਰਾਂਸ ਵਿਚ ਲਫਾਰਗ ਦੇ ਘਰ ਆਏ, ਲੈਨਿਨ ਅਤੇ ਉਸ ਦੀ ਪਤਨੀ। ਦੋਵੇਂ 1905 ਦੇ ਫੇਲ੍ਹ ਇਨਕਲਾਬ ਦੇ ਭਗੌੜੇ ਸਨ। ਦੋਵੇਂ ਪਾਰਟੀ ਦੀਆਂ ਗੱਲਾਂ ਕਰਨ ਲੱਗੇ। ਪਤਨੀ, ਲਾਰਾ ਨਾਲ ਬਗੀਚੇ ਦੀ ਸੈਰ ਕਰਨ ਲੱਗੀ। Ḕਵਾਜ ਮਾਰ ਕੇ ਕਿਹਾ, ਲੈਨਿਨ, ਆਹ ਦੇਖ ਮੈਂ ਕਾਰਲ ਮਾਰਕਸ ਦੀ ਧੀ ਨਾਲ ਖਲੋਤੀ ਹਾਂ, ਹੈ ਨਾ ਕਮਾਲ?
25 ਨਵੰਬਰ 1911 ਨੂੰ ਪਤੀ ਪਤਨੀ ਲਫਾਰਗ ਤੇ ਲਾਰਾ ਪੈਰਿਸ ਖਰੀਦੋ-ਫਰੋਖਤ ਕਰਨ ਗਏ। ਰਾਤ ਦਾ ਖਾਣਾ ਖਾਧਾ, ਫਿਲਮ ਦੇਖੀ। ਲਾਰਾ ਨੇ ਆਪਣੇ ਲਈ ਨਵਾਂ ਹੈਟ ਖਰੀਦਿਆ। ਬਾਗਬਾਨ ਨੇ ਦੱਸਿਆ ਕਿ ਵਾਪਸੀ ਵੇਲੇ ਖੁਸ਼ ਲਗਦੇ ਸਨ। ਚਾਹ ਨਾਲ ਕੇਕ ਖਾਧਾ। 26 ਨਵੰਬਰ ਨੂੰ ਸਫਾਈ ਵਾਸਤੇ ਨੌਕਰ ਨੇ ਦਰਵਾਜ਼ੇ ਖੋਲ੍ਹੇ। ਸੁੱਤੇ ਨਹੀਂ ਉਠੇ। ਦਸ ਵੱਜ ਗਏ, ਬਰੇਕਫਾਸਟ ਵਾਸਤੇ ਨਹੀਂ ਕਿਹਾ। ਇੰਨੀ ਦੇਰ ਕਿਉਂ? ਬਾਗਬਾਨ ਨੂੰ ਬੁਲਾਇਆ। ਦੋਵੇਂ ਖਤਮ। ਪੁਲਿਸ ਅਤੇ ਡਾਕਟਰ ਆ ਗਏ। ਡਾਕਟਰ ਨੇ ਦੱਸਿਆ, ਲਗਦੈ ਕਿ ਲਫਾਰਗ ਨੇ ਕੱਲ੍ਹ ਸ਼ਾਮੀਂ ਲਾਰਾ ਦੇ ਸਾਇਨਾਈਡ ਦਾ ਟੀਕਾ ਲਾਇਆ ਤੇ ਸਵੇਰ ਸਾਰ ਆਪਣੇ। ਮੇਜ਼ Ḕਤੇ ਇਕ ਟੈਲੀਗ੍ਰਾਮ ਲਿਖੀ ਪਈ ਸੀ, ਇਕ ਖੁਦਕੁਸ਼ੀ ਨੋਟ। ਟੈਲੀਗ੍ਰਾਮ ਬਾਗਬਾਨ ਵਲੋਂ ਭਾਣਜੇ ਐਡਗਰ ਲੋਂਗੇ ਨੂੰ ਜਾਣੀ ਸੀ।
ਇਸ ਵੱਡੇ ਪਰਿਵਾਰ ਵਿਚ ਹੁਣ ਜਾਨੀ ਲੋਂਗੇ ਮੁਖੀ ਸੀ, ਕਾਰਲ ਦਾ ਵੱਡਾ ਦੋਹਤਾ। ਇਸ ਵਕਤ 35 ਸਾਲ ਦਾ। ਫਰੈਡੀ ਦੀ ਕਿਸੇ ਨੂੰ ਕੀ ਪ੍ਰਵਾਹ। ਫਰੈਡੀ ਨੇ ਜਾਨੀ ਨੂੰ ਤਾਰ ਭੇਜੀ, ਮੌਤਾਂ ਦੀ ਖਬਰ ਸੁਣ ਕੇ ਸਦਮਾ ਲੱਗਾ। ਇਥੇ ਭਾਂਤ-ਭਾਂਤ ਦੀਆਂ ਗੱਲਾਂ ਹੋ ਰਹੀਆਂ ਹਨ, ਤੂੰ ਮੌਤ ਦਾ ਕਾਰਨ ਲਿਖ। ਆਖਰੀ ਵਾਰ ਭੈਣ ਲਾਰਾ ਨੂੰ ਮਿਲਿਆ, ਕਿੰਨੀ ਖੁਸ਼ ਸੀ ਉਹ।
ਫਰੈਡੀ 60 ਸਾਲ ਦਾ ਹੋ ਗਿਐ। ਇਕ ਸਾਲ ਪਹਿਲਾਂ ਬਿਮਾਰ ਹੋ ਗਿਆ। ਆਪ੍ਰੇਸ਼ਨ ਹੋਣਾ ਸੀ। ਉਸ ਨੂੰ ਲੱਗਾ ਆਪ੍ਰੇਸ਼ਨ ਪਿੱਛਂੋ ਬਚੇਗਾ ਨਹੀਂ। ਜਾਨੀ ਨੂੰ ਖਤ ਲਿਖਿਆ, ਤੈਨੂੰ, ਕੇਵਲ ਤੈਨੂੰ ਸੱਚ ਦਾ ਪਤਾ ਹੋਣਾ ਚਾਹੀਦੈ। ਬਜਾਇ ਇਸ ਦੇ ਕਿ ਹੋਰਾਂ ਤੋਂ ਜਾਣੇ, ਮੈਂ ਹੀ ਦੱਸ ਦਿਆਂ ਕਿ ਮੈਂ ਕਾਰਲ ਮਾਰਕਸ ਦਾ ਪੁੱਤਰ ਹਾਂ।
ਪੁਲਿਸ ਅਨੁਸਾਰ ਦਸ ਹਜ਼ਾਰ, ਕਾਮਰੇਡਾਂ ਅਨੁਸਾਰ ਦੋ ਲੱਖ ਬੰਦੇ ਲਾਰਾ ਜੋੜੀ ਦੇ ਜਨਾਜ਼ੇ ਵਿਚ ਸ਼ਾਮਲ ਹੋਏ। ਲਗਦਾ ਸੀ ਪੂਰਾ ਪੈਰਿਸ ਦਫਨ ਹੋਣ ਲੱਗਾ ਹੈ। ਦੋ ਬੰਦਿਆਂ ਦਾ ਨਹੀਂ, ਇਕ ਯੁੱਗ ਦਾ ਅੰਤ ਹੋਇਆæææ ਕਾਰਲ-ਏਂਗਲਜ਼ ਦਾ ਯੁੱਗ। ਨਵੀਂ ਪੀੜ੍ਹੀ ਨੇ ਸ਼ਰਧਾਂਜਲੀਆਂ ਦੇਣੀਆਂ ਹਨ।
ਕਈ ਦੇਸ਼ਾਂ ਦੇ ਨਾਗਰਿਕਾਂ ਨੇ ਸ਼ਰਧਾਂਜਲੀ ਦਿੱਤੀ। ਇਕ ਰੂਸੀ ਜੁਆਨ ਨੇ ਕਿਹਾ, ਯੁੱਧ, ਕੇਵਲ ਯੁੱਧ। ਮ੍ਰਿਤਕਾਂ ਦਾ ਸੁਫਨਾ ਪੂਰਾ ਕਰਨ ਲਈ ਜੰਗ, ਕਾਮਿਆਂ ਦੀ ਵਿਜੈ। ਪੁਲਿਸ ਦੀ ਰਿਪਰੋਟ ਵਿਚ ਲਿਖਿਆ ਹੈ, ਪਤਾ ਨਹੀਂ ਇਹ ਰੂਸੀ ਕੌਣ ਸੀæææਇਹ ਲੈਨਿਨ ਸੀ। ਇਸ ਦਿਨ ਤੋਂ ਛੇ ਸਾਲ ਬਾਅਦ ਲੈਨਿਨ ਦਾ ਸੁਫਨਾ ਸਾਕਾਰ ਹੋਇਆ। ਰੂਸ ਵਿਚ ਰਾਜ ਪਲਟ ਗਿਆ। ਕਾਰਲ ਦੀ ਸੰਤਾਨ ਵਿਚੋਂ ਕੇਵਲ ਫਰੈਡੀ ਇਨਕਲਾਬ ਆਉਂਦਾ ਦੇਖ ਸਕਿਆ। ਕਾਰਲ ਦੀ ਸੰਤਾਨ ਵਿਚੋਂ ਕੇਵਲ ਫਰੈਡੀ ਇਨਕਲਾਬ ਆਉਂਦਾ ਦੇਖ ਸਕਿਆ। ਕੀ ਰੂਸੀ ਇਨਕਲਾਬ ਉਸ ਦੇ ਪਿਤਾ ਦੀ ਥਿਊਰੀ ਅਨੁਸਾਰ ਸੀ, ਫਰੈਡੀ ਨੂੰ ਕੋਈ ਪਤਾ ਨਹੀਂ।æææ ਇੱਛਤ ਵਸਤੂ ਵਾਸਤੇ ਆਦਮੀ ਖਤਰਨਾਕ ਯੁੱਧ ਲੜਦਾ ਹੈ, ਪਰ ਹਾਰਦਾ ਹੈ। ਹਾਰਨ ਪਿੱਛਂੋ ਉਹ ਵਸਤੂ ਆਪੇ ਮਿਲ ਜਾਂਦੀ ਹੈ ਤਾਂ ਸੋਚਦਾ ਹੈ ਕਿ ਇਹ ਤਾਂ ਉਹ ਹੈ ਹੀ ਨਹੀਂ -ਵਿਲੀਅਮ ਮਾਰਿਸ।
—
ਮੈਨੂੰ ਸੋਸ਼ਲਿਜ਼ਮ ਜਾਂ ਕਮਿਊਨਿਜ਼ਮ ਤੋਂ ਕਦੀ ਕੋਈ ਪ੍ਰੇਰਨਾ ਨਹੀਂ ਮਿਲੀ। ਤੰਗੀਆਂ ਤੁਰਸ਼ੀਆਂ ਬੜੀਆਂ ਦੇਖੀਆਂ, ਕਾਮਰੇਡ ਗਰੀਬਾਂ ਦੇ ਹਮਦਰਦ ਸਨ, ਤਾਂ ਵੀ ਨਹੀਂ। ਮੇਰੇ ਦਿਲ ਦਿਮਾਗ ਵਿਚ ਸਿੱਖ ਸੰਸਕਾਰ ਇੰਨੇ ਪ੍ਰਬਲ ਸਨ ਕਿ ਹੋਰ ਕੋਈ ਵਾਦ ਪ੍ਰਵਾਨ ਨਹੀਂ ਹੋ ਸਕਦਾ ਸੀ, ਖਾਸ ਕਰ ਕੇ ਉਸ ਸੂਰਤ ਵਿਚ ਜਦੋਂ ਇਹ ਨਾਸਤਿਕ ਹੋਵੇ, ਪਰ ਮੈਂ ਕਾਰਲ ਮਾਰਕਸ ਦੇ ਜੀਵਨ ਬਾਰੇ ਜਾਣਨਾ ਚਾਹਿਆ। ਉਸ ਦਾ ਕਾਰਨ ਇਹ ਕਿ ਬੁੱਧ, ਯਸੂ ਮਸੀਹ ਅਤੇ ਹਜ਼ਰਤ ਮੁਹੰਮਦ ਤੋਂ ਬਾਅਦ ਦੁਨੀਆਂ ਜਿਸ ਤੋਂ ਪ੍ਰਭਾਵਿਤ ਹੋਈ, ਉਹ ਕਾਰਲ ਮਾਰਕਸ ਹੈ। ਧਰਮ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਪਤਾ ਹੈ ਕਿ ਈਸਾ ਤੇ ਬੁੱਧ ਤੋਂ ਲੈ ਕੇ ਸਿੱਖ ਗੁਰੂ ਸਾਹਿਬਾਨ, ਹਰ ਪੈਗੰਬਰ ਨੇ ਦੁਨਿਆਵੀ ਮਾਇਆ ਦੀ ਹੋੜ ਨੂੰ ਇਨਸਾਨੀ ਸ਼ਖਸੀਅਤ ਦੇ ਰੂਹਾਨੀ ਵਿਕਾਰ ਲਈ ਸਭ ਤੋਂ ਵੱਡਾ ਰੋੜਾ ਮੰਨਿਆ ਹੋਇਆ ਹੈ। ਬਾਈਬਲ ਅਨੁਸਾਰ ਹਾਥੀ ਸੂਈ ਦੇ ਨੱਕੇ ਵਿਚੋਂ ਤਾਂ ਭਲੇ ਲੰਘ ਜਾਵੇ, ਪਰਾਇਆ ਹੱਕ ਖਾਣ ਵਾਲੇ ਮਾਇਆਧਾਰੀ ਲਈ ਸੱਚੀ ਦਰਗਾਹ ਵਿਚ ਢੋਈ ਨਹੀਂ। ਮਾਇਆ ਦੇ ਜਾਲ ਵਿਚੋਂ ਆਦਮੀ ਕਿੰਜ ਮੁਕਤ ਹੋਵੇ, ਕਾਰਲ ਮਾਰਕਸ ਦਾ ਇਹੋ ਕੇਂਦਰੀ ਸਰੋਕਾਰ ਸੀ। ਇਨਕਲਾਬ ਤੋਂ ਬਾਅਦ ਸਭ ਸਰਕਾਰਾਂ ਨੇ ਮਜ਼ਦੂਰਾਂ ਦਾ ਭਲਾ ਕਰਨ ਲਈ ਯਤਨ ਅਰੰਭੇ; ਇਸ ਕਰ ਕੇ ਨਹੀਂ ਕਿ ਉਨ੍ਹਾਂ ਨੂੰ ਕਾਰਲ ਦੀ ਥਿਊਰੀ ਸਹੀ ਲੱਗਣ ਲੱਗੀ, ਡਰ ਪੈਦਾ ਹੋਇਆ ਕਿ ਕਾਮਿਆਂ ਦੇ ਦੁੱਖਾਂ ਕਾਰਨ ਹੋਰ ਦੇਸ਼ਾਂ ਵਿਚ ਰੂਸ ਵਰਗਾ ਭਾਣਾ ਨਾ ਵਾਪਰ ਜਾਵੇ। ਬਰਨਾਰਡ ਸ਼ਾਅ ਨੇ ਲਿਖਿਆ, ਆਦਮੀ ਜਿਹੜਾ ਸਭ ਤੋਂ ਵੱਡਾ ਕ੍ਰਿਸ਼ਮਾ ਕਰ ਸਕਦਾ ਹੈ, ਕਾਰਲ ਮਾਰਕਸ ਨੇ ਕੀਤਾ, ਉਸ ਨੇ ਜਹਾਨ ਦਾ ਦਿਲ ਬਦਲਿਆ।
ਕਾਰਲ ਜਾਣ ਗਿਆ ਕਿ ਹਰ ਚੀਜ਼ ਬਦਲੇਗੀ, ਪਰ ਜਿਥੇ ਮਜ਼ਦੂਰਾਂ ਦਾ ਰਾਜ ਕਾਇਮ ਹੋਏਗਾ, ਉਹ ਵੀ ਬਦਲ ਜਾਏਗਾ, ਇਹ ਉਸ ਨੂੰ ਪਤਾ ਨਹੀਂ ਸੀ। ਲੈਨਿਨ ਨੂੰ ਵੀ ਪਤਾ ਨਹੀਂ ਸੀ। ਫਿਰ ਵੀ ਉਨ੍ਹਾਂ ਦੀ ਕਥਨੀ ਅਤੇ ਕਰਨੀ ਅਸਰ-ਅੰਦਾਜ਼ ਰਹੇਗੀ।
ਕਾਰਲ ਮਾਰਕਸ ਰੱਬ ਦੀ ਹੋਂਦ ਤੋਂ ਮੁਨਕਿਰ ਸੀæææ ਮੈਂ ਜਿਹੜਾ ਆਸਤਕ ਹਾਂ, ਸੋਚਦਾ ਹਾਂ ਜਿਸ ਥਾਂ ਤੇ ਜਿਸ ਕਿਸਮ ਦੇ ਮਸੀਹੇ ਦੀ ਲੋੜ ਪਵੇ, ਰੱਬ ਭੇਜਦਾ ਹੈ। ਗੁਰਵਾਕ ਹੈ: ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਗੁਰੂ ਗ੍ਰੰਥ ਸਾਹਿਬ, ਪੰਨਾ 853)
ਨਿਆਸਰੇ ਕਾਮਿਆਂ, ਮਜ਼ਦੂਰਾਂ ਅਤੇ ਮਾਸੂਮ ਮਜ਼ਲੂਮਾਂ ਦੀ ਮੁਕਤੀ ਦਾ ਦੁਆਰ ਉਨ੍ਹੀਵੀਂ ਸਦੀ ਵਿਚ ਕਾਰਲ ਮਾਰਕਸ ਰਾਹੀਂ ਖੁੱਲ੍ਹੇ, ਰੱਬ ਸੱਚੇ ਦੀ ਰਜ਼ਾ ਸੀ। ਕਾਰਲ ਮਾਰਕਸ ਨੇ ਜ਼ਿੰਦਗੀ ਭਰ ਮੁਸੀਬਤਾਂ ਦੇ ਭਿਆਨਕ ਤੂਫਾਨਾਂ ਵਿਚ ਘਿਰੇ ਰਹਿਣ ਦੇ ਬਾਵਜੂਦ ਜਿਸ ਲਗਨ ਨਾਲ ਮਾਨਵ ਮੁਕਤੀ ਦੇ ਪ੍ਰੋਜੈਕਟ ਲਈ ਕੰਮ ਕੀਤਾ, ਸਤਿਕਾਰਯੋਗ ਹੈ।
(ਸਮਾਪਤ)
Leave a Reply