ਐਸ਼ ਅਸ਼ੋਕ ਭੌਰਾ
ਜੇ ਕਿਸੇ ਨੂੰ ਗਾਉਣ ਦੇ ਨਾਲ-ਨਾਲ ਨੱਚਣਾ ਵੀ ਆਉਂਦਾ ਹੋਵੇ ਤਾਂ ਹਾਲਾਤ ਇਹ ਬਣਦੇ ਹਨ ਜਿਵੇਂ ਦੁੱਧ ਚਿੱਟੇ ਕੱਪੜਿਆਂ ਵਿਚ ਹੀਰਿਆਂ ‘ਚ ਜੜੇ ਗਹਿਣੇ ਪਹਿਨ ਧਮਾਲ ਪਾਉਣ ਲਈ ਪਰੀਆਂ ਅਰਸੋਂ ਉਤਰ ਆਈਆਂ ਹੋਣ। ਮੈਨੂੰ ਗਾਉਣਾ ਤੇ ਨੱਚਣਾ, ਦੋਵੇਂ ਕੰਮ ਨਹੀਂ ਆਉਂਦੇ। ਹਾਂ, ਇਹ ਮਾਣ ਨਾਲ ਕਹਾਂਗਾ ਕਿ ਮੈਨੂੰ ਲਿਖਣਾ ਵੀ ਆਉਂਦਾ ਹੈ, ਤੇ ਬੋਲਣਾ ਵੀ; ਜਿਵੇਂ ਕਈ ਵਾਰ ਬੋਤਲ ਵੀ ਕਮਾਲ ਦੀ ਹੁੰਦੀ ਹੈ ਤੇ ਵਿਚ ਦਾਰੂ ਵੀ। ਲਿਖਣ ਮੈਂ ਅੱਠਵੀਂ ‘ਚ ਪੜ੍ਹਦਾ 1977 ਵਿਚ ਲੱਗ ਪਿਆ, ਤੇ ਬੋਲਣ ਲਈ ਮੰਚ 1982 ਵਿਚ ਮਿਲਿਆ। ਉਦੋਂ ਇਤਫ਼ਾਕ ਇਹ ਹੋਇਆ ਕਿ ਕਿਸੇ ਵੇਲੇ ਮੇਰੇ ਪਿੰਡ ਭੌਰੇ ਵਿਚ ਕਬੱਡੀ ਤੇ ਫੁੱਟਬਾਲ ਦਾ ਟੂਰਨਾਮੈਂਟ ਬੜਾ ਕਮਾਲ ਦਾ ਹੁੰਦਾ ਸੀ ਤੇ ਮੇਰੇ ਤੋਂ ਕਾਫ਼ੀ ਵੱਡਾ ਮੇਰਾ ਪੇਂਡੂ ਨਰਿੰਦਰ ਸਿੰਘ ਅਟਵਾਲ ਇਸ ਖੇਡ ਮੇਲੇ ਦੇ ਇਨਾਮ ਵੰਡ ਸਮਾਗਮ ਦੀ ਸਟੇਜ ਬੜੀ ਆਲ੍ਹਾ ਚਲਾਉਂਦਾ ਸੀ। ਉਹਦੇ ਬੋਲਣ ਦੇ ਅੰਦਾਜ਼ ਤੋਂ ਹਰ ਕੋਈ ਪ੍ਰਭਾਵਿਤ ਸੀ ਤੇ ਦਿਲਬਾਗ ਸਿੰਘ ਨਵਾਂ ਸ਼ਹਿਰ ਵੀ ਉਹਦੀ ਬੜੀ ਸਿਫ਼ਤ ਕਰਿਆ ਕਰਦੇ ਸਨ, ਪਰ ਸਮੱਸਿਆ ਇਹ ਸੀ ਕਿ ਉਹ ਬੋਲ ਅਧੀਆ ਪੀ ਕੇ ਹੀ ਸਕਦਾ ਸੀ। ਉਹ ਬਿਮਾਰ ਹੋ ਗਿਆ, ਤਾਂ ਉਹੀ ਸਟੇਜ ਮੈਨੂੰ ਮਿਲ ਗਈæææਫਿਰ ਚੱਲ ਸੋ ਚੱਲ। ਮੈਂ ਸਿਰਫ਼ ਬੋਲਣ ਤੇ ਲਿਖਣ ਦੇ ਸਹਾਰੇ ਦੁਨੀਆਂ ਦਾ ਬੜਾ ਕੀਮਤੀ ਹਿੱਸਾ ਦੇਖ ਲਿਆ ਹੈ। ਲੰਡਨ ਸਮੇਤ ਬੜੇ ਰੇਡੀਓ ਸਟੇਸ਼ਨਾਂ ‘ਤੇ ਕੰਮ ਕਰ ਲਿਆ ਹੈ। ਬੀæਬੀæਸੀæ ਤੋਂ ਬੋਲ ਲਿਆ ਹੈ ਤੇ ਇਹ ਸਤਰਾਂ ਲਿਖਣ ਵੇਲੇ ਤੱਕ ਵੀ ਮੈਂ ਕੈਲੀਫ਼ੋਰਨੀਆ ਦੇ Ḕਚੜ੍ਹਦੀ ਕਲਾḔ ਰੇਡੀਓ ਦਾ ਕਾਰਜ ਭਾਗ ਦੇਖ ਰਿਹਾ ਹਾਂ। ਉਂਜ, ਬੋਲਣ ਦਾ ਜੇ ਪ੍ਰਮਾਣਿਤ ਰੁਤਬਾ ਮੇਰੇ ਨਸੀਬੀਂ ਹੋਇਆ ਹੈ, ਤਾਂ ਕੁਝ ਆਲ ਇੰਡੀਆ ਰੇਡੀਓ ਕਰ ਕੇ, ਤੇ ਬਹੁਤਾ ਜਲੰਧਰ ਦੂਰਦਰਸ਼ਨ ਕਰ ਕੇ ਹੈ। ਜ਼ਿੰਦਗੀ ਜਿਉਣ ਲਈ ਜੋ ਕੁੱਝ ਮੈਨੂੰ ਸਕੂਲ ਤੇ ਇੰਜੀਨੀਅਰਿੰਗ ਕਾਲਜ ਨੇ ਵਿਦਿਆ ਦੇ ਰੂਪ ਵਿਚ ਦਿੱਤਾ ਹੈ, ਉਸ ਤੋਂ ਕਈ ਗੁਣਾ ਵੱਡਾ ਯੋਗਦਾਨ ਦੂਰਦਰਸ਼ਨ ਦਾ ਹੈ। ਇਸੇ ਲਈ Ḕਰੂਪ ਬਸੰਤḔ ਦੇ ਕਿੱਸੇ ਵਾਂਗ ਇਸ ਕੇਂਦਰ ਦੀ ਲੰਬੀ ਬਾਤ ਪਾਉਣ ਲੱਗਾ ਹਾਂ, ਪਰ ਮੈਂਂ ਉਨ੍ਹਾਂ ਪਾਠਕਾਂ ਤੋਂ ਖਿਮਾ ਚਾਹਾਂਗਾ ਜੋ ਇਸ ਨੂੰ ਸ਼ਾਇਦ ਨਿੱਜ ਦੀ ਗੱਲ ਸਮਝਣ। ਊਂ ਉਹ ਚੇਤੰਨ ਲੋਕ ਸਮਝ ਜਾਣਗੇ ਕਿ ਜੇ ਚਿੱਤਰਕਾਰ ਸੋਭਾ ਸਿੰਘ ਤੇ ਪਾਬਲੋ ਪਿਕਾਸੋ ਵਾਂਗ ਵਾਹਿਗੁਰੂ ਦੀ ਦਿੱਤੀ ਕਲਾ ਅੰਗੂਰਾਂ ਦੀ ਵੇਲ ਵਾਂਗ ਅੰਦਰੋਂ ਫੁੱਟ ਪਵੇ ਤਾਂ ਕਿਸ ਨੂੰ ਸੁਆਲ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਕਿ ਤੁਹਾਡੀ ਵਿਦਿਅਕ ਜਾਂ ਦਸਤਕਾਰੀ ਦੀ ਯੋਗਤਾ ਕੀ ਹੈ; ਕਿਉਂਕਿ ਦੁਨੀਆਂ ਦੇ ਬਹੁਤੇ ਸਾਰੇ ਮਹਾਨ ਲੋਕਾਂ ਨੇ ਰੋਟੀ ਹੀ ਕਲਾ ਸਿਰੋਂ ਨਹੀਂ ਖਾਧੀ, ਬਲਕਿ ਸਤਿਕਾਰ ਨਾਲ ਵੀ ਬੁੱਕ ਭਰੇ ਹਨ।
ਮੇਰੀ ਲੇਖਣੀ ‘ਤੇ ਗਿਆਨੀ ਸੋਹਣ ਸਿੰਘ ਸੀਤਲ ਦਾ ਵੀ ਅਸਰ ਹੈ, ਬੇਕਨ ਦਾ ਵੀ ਤੇ ਕਿਤੇ-ਕਿਤੇ ਬੂਟਾ ਸਿੰਘ ਸ਼ਾਦ ਤੇ ਸੰਤ ਸਿੰਘ ਸੇਖੋਂ ਦਾ ਵੀ। ਵਰਤਮਾਨ ਸਮੇਂ ਦੇ ਫਿਲਾਸਫ਼ਰ ਨਰਿੰਦਰ ਸਿੰਘ ਕਪੂਰ ਦੇ ਪ੍ਰਭਾਵ ਤੋਂ ਵੀ ਨਹੀਂ ਬਚਿਆ ਹੋਇਆ। ਦਸਵੀਂ ਜਮਾਤ ਵਿਚ ਮੈਂ ਸਲੇਬਸ ‘ਚ ਸੋਹਣ ਸਿੰਘ ਸੀਤਲ ਦਾ ਨਾਵਲ ਪੜ੍ਹਿਆ ਸੀ। ਉਦੋਂ ਮੈਨੂੰ ਹਰਗਿਜ ਨਹੀਂ ਸੀ ਪਤਾ ਕਿ ਉਹ ਢਾਡੀ ਵੀ ਹੈ, ਤੇ ਉਂਜ ਵੀ ਇਹ ਧਾਰਨਾ ਹੁਣ ਤੱਕ ਬਣੀ ਰਹੀ ਹੈ ਕਿ ਜਿਹੜੇ ਸੀਤਲ ਸਾਹਿਬ ਨੂੰ ਨਾਵਲਕਾਰ ਵੱਲੋਂ ਜਾਣਦੇ ਹਨ, ਉਹ ਮੰਨਦੇ ਹੀ ਨਹੀਂ ਕਿ ਉਹ ਢਾਡੀ ਵੀ ਹੋ ਸਕਦਾ ਹੈ; ਤੇ ਜਿਨ੍ਹਾਂ ਨੇ ਉਹਦੇ ਢਾਡੀ ਜੱਥੇ ਨੂੰ ਸੁਣਿਆ ਹੈ, ਉਹ ਮੁਨਕਰ ਹੁੰਦੇ ਰਹੇ ਹਨ ਕਿ ਕੋਈ ਢਾਡੀ ਇਨਾ ਵਧੀਆ ਨਾਵਲਕਾਰ ਨਹੀਂ ਹੋ ਸਕਦਾ। ਲੈਕਚਰ ਕਰਨ ਵਿਚ ਗਿਆਨੀ ਸੋਹਣ ਸਿੰਘ ਸੀਤਲ ਅਤੇ ਦਇਆ ਸਿੰਘ ਦਿਲਬਰ ਦਾ ਮੇਰੇ ‘ਤੇ ਸਿੱਧਾ ਅਸਰ ਸੀ। ਇਸੇ ਲਈ ਮੈਂ ਢਾਡੀ ਕਲਾ ਤੇ ਢਾਡੀਆਂ ਬਾਰੇ ਲਿਖਣ ਵੱਲ ਖਿੱਚਿਆ ਗਿਆ। ਉਮਰ ਦੇ ਵਕਫ਼ੇ ਕਰ ਕੇ ਮੈਂ ਕਰਨੈਲ ਸਿੰਘ ਪਾਰਸ ਨੂੰ ਬਹੁਤਾ ਸੁਣ ਨਹੀਂ ਸਕਿਆ, ਪਰ ਇਹ ਜ਼ਰੂਰ ਜਾਣਦਾ ਹਾਂ ਕਿ ਬੋਲਣ ਦੀ ਕਲਾ ਕਰ ਕੇ ਬਲਵੰਤ ਸਿੰਘ ਰਾਮੂਵਾਲੀਏ ਵਾਂਗ ਚੋਪੜੀਆਂ ਵੀ ਖਾਧੀਆਂ ਜਾ ਸਕਦੀਆਂ ਹਨ, ਤੇ ਰਾਜਨੀਤੀ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੱਕ ਸਫ਼ਲਤਾ ਨਾਲ ਕੀਤੀ ਜਾ ਸਕਦੀ ਹੈ। ਲਿਖਣ ਵਿਚ ਤੇ ਅਖ਼ਬਾਰੀ ਦੁਨੀਆਂ ਵਿਚ ਪੈਰ ਟਿਕਾਉਣ ਲਈ ਮੈਨੂੰ ਬਰਜਿੰਦਰ ਸਿੰਘ ਹਮਦਰਦ ਨੇ ਪਿਉ ਵਰਗਾ ਪਿਆਰ ਤੇ ਬੁੱਕਲ ਦਾ ਮੋਹ ਦਿੱਤਾ ਹੈ, ਤੇ ਦੂਰਦਰਸ਼ਨ ਦਾ ਬੂਹਾ ਮੇਰੇ ਲਈ ਸ਼ਾਇਰ ਡਾæ ਲਖਵਿੰਦਰ ਜੌਹਲ ਨੇ ਸਭ ਤੋਂ ਪਹਿਲਾਂ ਖੋਲ੍ਹਿਆ ਸੀ। ਬਾਅਦ ਵਿਚ ਗਲਵਕੜੀਆਂ ਹੋਰ ਵੀ ਨਿਰਮਾਤਾਵਾਂ ਨੇ ਘੁੱਟ ਕੇ ਪਾਈਆਂ। ਸੱਚ ਇਹ ਵੀ ਹੈ ਕਿ ਦੂਰਦਰਸ਼ਨ ਦੀ ਸਤਿਕਾਰਯੋਗ ਸ਼ਖ਼ਸੀਅਤ ਹਰਜੀਤ ਸਿੰਘ ਵੀ ਮੈਥੋਂ ਨਿਆਣੀ ਉਮਰੇ ਨਵੇਂ ਸਾਲ ਦੇ ਕਈ ਪ੍ਰੋਗਰਾਮਾਂ ਵਿਚ ਸਲਾਹ ਲੈ ਲੈਂਦਾ ਸੀ। ਤੁਹਾਨੂੰ ਲਗਦਾ ਨਹੀਂ, ਕਈ ਵਾਰ ਬੰਦੇ ਨੂੰ ਪੈਂਟ ਹੀ ਕੀਮਤੀ ਨਹੀਂ ਪਾਈ ਹੁੰਦੀ, ਹੇਠਾਂ ਨਿੱਕਰ ਵੀ ਧਿਆਨ ਖਿੱਚ ਲੈਂਦੀ ਹੈ। ਤੇ ਜਦੋਂ ਚਰਖੇ ਦੀ ਹੱਥੀ ਚੂੜੇਵਾਲੀ ਬਾਂਹ ਨਾਲ ਫਿਰੇ, ਤਾਂ ਤੰਦ ਸੂਤ ਦਾ ਵੀ ਰੇਸ਼ਮੀ ਲੱਗਣ ਲੱਗ ਪੈਂਦਾ ਹੈ।
ਭਾਵੇਂ ਅੱਜ ਦੇ ਚੈਨਲਾਂ ਵਾਲੇ ਘੜਮੱਸ ਦੌਰ ਵਿਚ ਨਵੀਂ ਪੀੜ੍ਹੀØ ਇਸ ਗੱਲ ਨੂੰ ਕੋਈ ਖਾਸ ਮਹੱਤਵ ਨਾ ਵੀ ਦੇਵੇ, ਪਰ ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਸਿਰਫ਼ ਦੂਰਦਸ਼ਨ ਦੀ ਸਰਦਾਰੀ ਸੀ, ਤੇ ਜਿਹੜਾ ਰਾਤ ਨੂੰ ਟੀæਵੀæ ‘ਤੇ ਪੇਸ਼ ਹੋ ਕੇ ਗਿਆ ਹੋਵੇ, ਉਹਨੂੰ ਲੋਕ ਸਵੇਰੇ ਸੜਕਾਂ, ਗਲੀਆਂ ਤੇ ਬਾਜ਼ਾਰਾਂ ਵਿਚ ਰੋਕ ਕੇ ਪੁੱਛਦੇ ਸਨ-ਤੁਸੀਂ ਰਾਤੀਂ ਟੈਲੀਵਿਜ਼ਨ ‘ਤੇ ਨ੍ਹੀਂ ਆਏ ਸੀ? ਉਦੋਂ ਲਾਹੌਰ ਜੇ ਕਦੇ ਫਿੱਕਾ-ਫਿੱਕਾ ਵੀ ਚੱਲ ਪੈਣਾ ਤਾਂ ਲੋਕ ਰੋਟੀ ਖਾਂਦੇ-ਖਾਂਦੇ ਮੰਜੇ ਤੋਂ ਛਾਲ ਮਾਰ ਕੇ ਰੌਲੀ ਪਾਉਣ ਲਗਦੇ ਸਨ-‘ਭੱਜ ਕੇ, ਭੱਜ ਕੇ ਚੱਲ ਪਿਆ ਲਾਹੌਰ’। ਤੇ ਹੁਣ ਤੱਕ ਜੇ ਸਟਾਰਡਮ ਦੀ ਸਭ ਤੋਂ ਵੱਡੀ ਖਿੱਚ ਬਣੀ ਹੋਈ ਹੈ ਗੁਰਦਾਸ ਮਾਨ ਦੀ, ਤਾਂ ਮੰਨਣਾ ਪਵੇਗਾ ਕਿ ਇਹ ਸਾਰੇ ਦਾ ਸਾਰਾ ਸੂਤ ਜਲੰਧਰ ਦੂਰਦਰਸ਼ਨ ਨੇ ਕੱਤਿਆ ਹੈ, ਤੇ ਮੈਂ ਇਨ੍ਹਾਂ ਦਿਨਾਂ ਵਿਚ ਸੈਂਕੜੇ ਪ੍ਰੋਗਰਾਮ ਪੇਸ਼ ਕਰਨ ਵਿਚ ਸਫਲ ਹੀ ਨਹੀਂ ਹੋ ਸਕਿਆ ਸਾਂ ਬਲਕਿ ਹੋਰ ਅਨੇਕਾਂ ਲੋਕਾਂ ਨੂੰ ਬਾਂਹ ਫੜ ਕੇ ਅੰਦਰ ਵੀ ਲੰਘਾਇਆ। ਅੰਕੜੇ ਵਰਗੀ ਇਕ ਹੋਰ ਗੱਲ ਵੀ ਇਥੇ ਸਾਂਝੀ ਕਰ ਦਿਆਂ ਕਿ ਬਹੁਤੇ ਲੋਕ ਉਦੋਂ ਮਾਣ ਵਿਚ ਗੇਟ ਪਾਸ ਵੀ ਸੰਭਾਲ ਕੇ ਰੱਖਦੇ ਸਨ ਤੇ ਰਿਕਾਰਡਿੰਗ ਵਾਲੇ ਪੀਲੇ ਕਾਰਡ ਤੇ ਪੈਮੇਂਟ ਵਾਲੇ ਕੰਟਰੈਕਟ ਫਾਰਮਾਂ ਨਾਲ ਕਈਆਂ ਨੇ ਅੰਬੈਸੀਆਂ ਬੁਧੂ ਬਣਾ ਕੇ ਆਪ ਵੀਜ਼ੇ ਹੀ ਨਹੀਂ ਲਗਵਾਏ, ਸਗੋਂ ਨਾਲ ਕਬੂਤਰ ਵੀ ਬਹੁਤ ਉਡਾਏ। ਪਹਿਲੀ ਵਾਰ ਜਦੋਂ ਮੈਂ ਪ੍ਰੋਗਰਾਮ ਪੇਸ਼ ਕੀਤਾ ਤਾਂ ਮੇਕਅਪ ਵਾਲਾ ਮੂੰਹ ਘਰ ਆ ਕੇ ਤਾਂ ਧੋਤਾ ਸੀ ਤਾਕਿ ਦੱਸ ਸਕਾਂ ਜੰਗ ਜਿੱਤ ਕੇ ਆਇਆ ਹਾਂ, ਹਾਲਾਂਕਿ ਬੁੱਲ੍ਹਾਂ ‘ਤੇ ਲੱਗੀ ਗੁਲਾਲੀ ਵੇਖ ਕੇ ਬੱਸ ‘ਚ ਬੈਠੀਆਂ ਔਰਤਾਂ ਸਵਾਰੀਆਂ ਵੀ ਮੇਰੇ ਵੱਲ ਦੇਖ ਕੇ ਬੁੱਲ੍ਹਾਂ ਵਿਚ ਹੱਸਦੀਆਂ ਰਹੀਆਂ।
ਭਾਜੀ ਬਰਜਿੰਦਰ ਸਿੰਘ ਜਦੋਂ ਸਾਧੂ ਸਿੰਘ ਹਮਦਰਦ ਦੀ ਮੌਤ ਤੋਂ ਬਾਅਦ ‘ਅਜੀਤ’ ਆ ਗਏ ਤਾਂ ਇਸ ਵੇਲੇ ਦੇ ਮੈਗਜ਼ੀਨ ਐਡੀਟਰ ਤੋਂ ਪਹਿਲਾਂ ਡਾæ ਲਖਵਿੰਦਰ ਜੌਹਲ ਸਨ। ਗਾਇਕਾਂ ਢਾਡੀਆਂ ਬਾਰੇ ਮੇਰਾ ਮੈਟਰ ਉਸ ਦੇ ਹੱਥਾਂ ਵਿਚੋਂ ਨਿਕਲਦਾ ਸੀ। ਬੱਸ, ਨੇੜਤਾ ਹੁੰਦੀ ਗਈ। ਦੋ ਕੁ ਸਾਲ ਬਾਅਦ ਉਸ ਨੂੰ ਸਹਾਇਕ ਨਿਰਮਾਤਾ ਦੀ ਨੌਕਰੀ ਜਲੰਧਰ ਦੂਰਦਰਸ਼ਨ ‘ਤੇ ਮਿਲ ਗਈ। ਮੈਨੂੰ ਚਾਅ ਚੜ੍ਹ ਗਿਆ ਕਿ ਹੁਣ ਆਊ ਵਿਆਹ-ਮੁਕਲਾਵਾ ‘ਕੱਠਾ। ਮੈਂ ਖੁੱਲ੍ਹ ਕੇ ਤਾਂ ਕਦੇ ਨਹੀਂ ਦੱਸਿਆ ਸੀ ਪਰ ਅੰਦਰਲੇ ਕਲਾਕਾਰ ਦੇ ਹੁੱਝਾਂ ਮਾਰਨ ਕਰ ਕੇ ਜੌਹਲ ਨੂੰ ਉਪਰੋਥਲੀ ਮਿਲਣ ਜਾਂਦਾ ਰਿਹਾ। ਸੱਚ ਇਹ ਵੀ ਹੈ ਕਿ ਸੰਨ ਸੰਤਾਲੀ ਤੱਕ ਬਹੁਤੇ ਗਾਇਕਾਂ ਦੀ ਦੂਰਦਰਸ਼ਨ ਤੱਕ ਪਹੁੰਚ ਨਹੀਂ ਸੀ ਜਿਨ੍ਹਾਂ ਵਿਚ ਉਸ ਵੇਲੇ ਐਨ ਸ਼ਿਖਰ ‘ਤੇ ਬੈਠਾ ਕੁਲਦੀਪ ਮਾਣਕ ਵੀ ਸ਼ਾਮਲ ਸੀ। ਆਪਣੀ ਮਾਣਕ ਨਾਲ ਸਾਂਝ ਤੇ ਯਾਰੀ ਦੀ ਗੱਲ ਜਦੋਂ ਮੈਂ ਜੌਹਲ ਨਾਲ ਕੀਤੀ, ਤਾਂ ਉਹਦਾ ਸੁਆਲ ਸੀ, ‘ਮਾਣਕ ਰੇਡੀਓ ਤੋਂ ਅਪਰੂਵ ਹੈ, ਜੇ ਹੈ ਤਾਂ ਕਿਹੜੇ ਗ੍ਰੇਡ ਵਿਚ।’ ਉਦੋਂ ਅੱਜ ਵਾਂਗ ਇਹ ਨਹੀਂ ਸੀ ਕਿ ਜਿਹੜਾ ਉਠਿਆ, ਆ ਕੇ ਗਾਉਣ ਲੱਗ ਪਵੇ। ਆਲ ਇੰਡੀਆ ਰੇਡੀਓ ਤੋਂ ਬਲਵੀਰ ਸਿੰਘ ਕਲਸੀ ਵਰਗੇ ਸੰਗੀਤਕਾਰ ਕੋਲ ਇਮਤਿਹਾਨ ਦੇਣਾ ਪੈਂਦਾ ਸੀ ਤੇ ਕਈ ਗਵੱਈਏ ਸਟੇਜਾਂ ‘ਤੇ ਕਿਹਾ ਕਰਦੇ ਸਨ, ‘ਮੈਨੂੰ ਕਲਸੀ ਸਾਹਿਬ ਨੇ ਪਾਸ ਕੀਤਾ ਹੈ।’
ਖੈਰ! ਜੌਹਲ ਨੂੰ ਮੈਂ ਕਿਹਾ, ‘ਮਾਣਕ ਘੌਲੀ ਬੰਦੈ, ਉਹਨੇ ਇਹ ਕੰਮ ਕਿਥੇ ਕੀਤਾ ਹੋਣਾ।’ ਕਮਾਲ ਦੇਖੋ ਕਿ ਮਾਣਕ ਨੂੰ ਸਵੀਕਾਰ ਤਾਂ ਕਰ ਲਿਆ, ਪਰ ਦੂਰਦਰਸ਼ਨ ਦੇ ਸੰਗੀਤ ਵਾਲੇ ‘ਏ’ ਸ਼੍ਰੇਣੀ ਦੇ ਪ੍ਰੋਗਰਾਮ ਵਿਚ ਨਹੀਂ, ਉਨ੍ਹਾਂ ਦਿਨਾਂ ਵਿਚ ਚੱਲਦੇ ‘ਮਹਿਕ ਵਤਨ ਦੀ’ ਪ੍ਰੋਗਰਾਮ ਲਈ ਸੱਦਾ ਮਿਲ ਗਿਆ। ਯਕੀਨ ਕਰਿਓ, ਮਾਣਕ ਇਹ ਗੱਲ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਅਸ਼ੋਕ ਇਹ ਕੰਮ ਵੀ ਕਰ ਸਕਦਾ! ਤੇ ਅੰਤ ਜਦੋਂ ‘ਪੰਜ ਵਜੇ ਬੰਦ ਹੋ ਗਈਆਂ ਕਚਿਹਰੀਆਂ’, ‘ਜਵਾਨੀ ਜੜ੍ਹਾਂ ਪੁੱਟਣ ਨੂੰ ਕਾਹਲੀ ਜ਼ਾਲਮ ਸਰਕਾਰ ਦੀਆਂ’, ‘ਇਨਕਲਾਬ ਜ਼ਿੰਦਾਬਾਦ’ ਵਾਲੇ ਗੀਤ ਗਾਏ ਤਾਂ ਇਸ ਫਿੱਕੇ ਪ੍ਰੋਗਰਾਮ ਨੂੰ ਨਵਾਂ ਰੰਗ ਚੜ੍ਹ ਗਿਆ। ਜਦੋਂ ਸਟੂਡੀਓ ਵਿਚ ਕੈਮਰੇ ਚੱਲੇ ਤਾਂ ਮੇਰੇ ਹੌਲ ਪਵੇ ਕਿ ਮੇਰੀ ਫੋਟੋ ਤਾਂ ਰਹਿ ਗਈ ਪਰ ਜੌਹਲ ਕਹਿਣ ਲੱਗਾ, ‘ਤੂੰ ਵੀ ਨਾਲ ਹੀ ਬਹਿ ਜਾ ਖੰਜਾਰੀ ਫੜ ਕੇ।’ ਲਕੋ ਨਹੀਂ ਰੱਖਾਂਗਾ, ਜਦੋਂ ਪ੍ਰੋਗਰਾਮ ਚੱਲਿਆ ਤਾਂ ਆਂਢ-ਗੁਆਂਢ ਤੇ ਸਾਰਾ ਟੱਬਰ ਟੀæਵੀæ ਅੱਗੇ ਬੈਠਾ ਰਿਹਾ। ਮਾਂ ਤਾਂ ਖ਼ੁਸ਼ ਹੋ ਗਈ, ਪਰ ਵੱਡਾ ਭਰਾ ਕਹਿਣ ਲੱਗਾ, ‘ਮੈਂ ਤਾਂ ਕਿਹਾ ਪ੍ਰੋਗਰਾਮ ਪੇਸ਼ ਕਰੇਂਗਾ। ਹਾਅ ਖੁਸਰਿਆਂ ਵਾਂਗ ਖੰਜਰੀ ਖੜਕਾਉਣ ਗਿਆ ਸੀ? ਸਵੇਰ ਨੂੰ ਸਕੂਲ ਵਿਚ ਨਿਆਣੇ ਕਹਿਣਗੇ, ਮਾਸਟਰ ਸਾਡਾ ਆਹ ਕੀ ਕਰਦੈ?’ ਚਾਅ ਤਾਂ ਚਲੋ ਮੇਰਾ ‘ਮੱਠਾ ਹੋ ਹੀ ਗਿਆ ਪਰ ਦੁਰਦਸ਼ਾ ਮੇਰੀ ਇਹ ਸੀ ਜਿਵੇਂ ਵਿਆਹ ਵਾਲੇ ਦਿਨ ਕਿਸੇ ਦਾ ਵਿਚੋਲਾ ਰੁੱਸ ਗਿਆ ਹੋਵੇ। ਸੱਚੀਂ ਮੈਂ ਅਗਲੇ ਦਿਨ ਸ਼ਰਮਿੰਦਾ ਹੋ ਗਿਆ ਸਾਂ।
ਫਿਰ ਮੈਂ ਤਿੰਨ ਮਹੀਨੇ ਚੁੱਪ ਰਿਹਾ। ਉਨ੍ਹੀਂ ਦਿਨੀਂ ਜਲੰਧਰ ਦੂਰਦਰਸ਼ਨ ਦਾ ਸਭ ਤੋਂ ਵੱਧ ਹਿੱਟ ਪ੍ਰੋਗਰਾਮ ਸੀ ‘ਕੱਚ ਦੀਆਂ ਮੁੰਦਰਾਂ’। ਲੋਕ ਇਸ ਪ੍ਰੋਗਰਾਮ ਨੂੰ ਬੇਸਬਰੀ ਨਾਲ ਉਡੀਕਦੇ ਸਨ ਤੇ ਇਸ ਨੂੰ ਪੇਸ਼ ਕਰਨ ਵਾਲੇ ਸੀ ਮਰਹੂਮ ਅਮਿਤੋਜ।æææਤੇ ਉਹਦੇ ਵਰਗਾ ਟੀæਵੀæ ਹੋਸਟ ਸ਼ਾਇਦ ਹੀ ਕੋਈ ਬਣ ਸਕੇ। ਇਕ ਰਾਤ ਜਦੋਂ ਉਹਨੇ ਕਮਲਜੀਤ ਨੀਲੋਂ ਨੂੰ ‘ਸੌਂ ਜਾ ਬਬੂਆ ਮਾਣੋ ਬਿੱਲੀ ਆਈ ਆ’ ਨਾਲ ਪੇਸ਼ ਕੀਤਾ ਤਾਂ ਵੇਖ ਕੇ ਮੈਨੂੰ ਸਾਰੀ ਰਾਤ ਨੀਂਦ ਇਸ ਕਰ ਕੇ ਨਹੀਂ ਸੀ ਆਈ ਕਿ ਮੇਰਾ ਆਦਰਸ਼ ਅਮਿਤੋਜ ਬਣ ਗਿਆ ਸੀ। ਉਹਦੀ ਖਾਸੀਅਤ ਇਹ ਵੀ ਸੀ ਕਿ ਉਹਨੇ ਕਦੇ ਵੀ ਸਕਰਿਪਟ ਨਹੀਂ ਸੀ ਲਿਖੀ, ਬਹੁਤੀ ਵਾਰ ਉਹ ਪ੍ਰੋਗਰਾਮ ਵੀ ਦੋ-ਤਿੰਨ ਪੈੱਗ ਲਾ ਕੇ ਕਰਦਾ ਸੀ।
ਇਕ ਪ੍ਰੋਗਰਾਮ ਦਾ ਨਿਰਮਾਣ ਹਰਜੀਤ ਸਿੰਘ ਕੋਲ ਸੀ। ਮੈਨੂੰ ਇਉਂ ਲੱਗ ਰਿਹਾ ਸੀ ਕਿ ਜੌਹਲ ਤੋਂ ਤਾਂ ਖੈਰ ਨਹੀਂ ਪੈਣੀ, ਹਰਜੀਤ ਕੋਲ ਚੱਲਦੇ ਹਾਂ। ਅਗਲੇ ਦਿਨ ਸਕੂਲੋਂ ਛੁੱਟੀ ਕਰ ਕੇ ਸਿੱਧਾ ਜਲੰਧਰ। ਅੰਦਰ ਵੜਦਿਆਂ ਪਹਿਲਾਂ ਹੀ ਪੌੜੀਆਂ ‘ਚ ਜੌਹਲ ਮਿਲ ਗਿਆ। ਆਖਣ ਲੱਗਾ, ‘ਯਾਰ ਕਈ ਦਿਨਾਂ ਦਾ ਤੈਨੂੰ ਲੱਭਦਾ ਸੀ, ਚੰਗਾ ਹੋ ਗਿਆ ਮਿਲ ਗਿਆ ਤੂੰ।’ ਮੇਰੇ ਮੂੰਹ ਵਿਚ ਜਿਵੇਂ ਸਾਬਤਾ ਲੱਡੂ ਫੁੱਟ ਗਿਆ ਹੋਵੇ। ਝੱਟ ਦੇਣੀ ਪੁੱਛਿਆ, ‘ਹੁਕਮ ਸਰ।’ ਕੰਨੀ ਦਾ ਕਿਆਰਾ ਫਿਰ ਸੁੱਕਾ ਰਹਿ ਗਿਆæææਕਹਿਣ ਲੱਗਾ, ਢਾਡੀ ਦੀਦਾਰ ਸਿੰਘ ਰਟੈਂਡੇ ‘ਤੇ ਡਾਕੂਮੈਂਟਰੀ ਬਣਾਉਣੀ ਆਂ। ਇਕ ਤਾਂ ਉਹਦੇ ਪੱਥਰ ਵਾਲੇ ਤਵੇ ਲਿਆ ਤੇ ਇਕ ਲਿਖ ਸਕਰਿਪਟ। ਪੇਸ਼ ਕਰ ਰਿਹੈ ਪ੍ਰੋæ ਅਤੈ ਸਿੰਘ।’ ਸੋਚਿਆ ਚਲੋ ਸਕਰੀਨ ‘ਤੇ ਨਾਂ ਤਾਂ ਆਵੇਗਾ! ਗੜ੍ਹਸ਼ੰਕਰ ਦੁਆਬੇ ਮਿਊਜਿਕ ਵਾਲੇ ਰਾਜ ਹੋਰਾਂ ਤੋਂ ਜਿਹੜੇ ਮੈਂ ਪੱਥਰ ਦੇ ਚੌਦਾਂ ਤਵੇ ਲਿਜਾ ਕੇ ਦਿੱਤੇ ਸੀ, ਉਹ ਮੁੜ ਕੇ ਮੈਨੂੰ ਮਿਲੇ ਹੀ ਨਹੀਂ, ਤੇ ਦੂਰਦਰਸ਼ਨ ਦੀ ਪ੍ਰਾਪਰਟੀ ਬਣ ਗਏ। ਪ੍ਰੋਗਰਾਮ ਚੱਲਿਆ ਤਾਂ ਜਦੋਂ ਘਰ ਦੇ ਬਲੈਕ ਐਂਡ ਵਾਈਟ ਟੀæਵੀæ ਦੀ ਸਕਰੀਨ ‘ਤੇ ਲਿਖਿਆ ਆਇਆ ‘ਆਲੇਖ ਐਸ਼ ਅਸ਼ੋਕ ਭੌਰਾ’ ਤਾਂ ਰੱਬ ਦੀ ਸੁਹੰ! ਜੌਹਲ ਨੇ ਸਾਰੇ ਉਲਾਂਭੇ ਲਾਹ ਦਿੱਤੇ ਸਨ। ਇਸ ਕਰ ਕੇ ਵੀ ਕਿ ਮੈਂ ਖੰਜਰੀ ਵਜਾਉਣ ਤੋਂ ਬਾਅਦ ਬੁੱਧੀਜੀਵੀ ਲੇਖਕ ਬਣ ਗਿਆ ਸਾਂ। ਦੂਜੀ ਵੱਡੀ ਗੱਲ ਇਹ ਕਿ ਜਦੋਂ ਕੁੱਝ ਦਿਨਾਂ ਬਾਅਦ ਦੋ ਚੈਕ ਉਪਰੋਥਲੀ 2500 ਤੇ 2200 ਦੇ ਆਏ ਤਾਂ ਲੱਗਾ ਕਿ ਕੰਮ ਬਾਹਲਾ ਸੂਤ ਹੈ, ਕਿਉਂਕਿ ਮੇਰੀ ਸਰਕਾਰੀ ਅਧਿਆਪਕ ਵਾਲੀ ਤਨਖ਼ਾਹ ਉਨ੍ਹਾਂ ਸਮਿਆਂ ‘ਚ 1860 ਰੁਪਏ ਸੀ। ਅਸਲ ਵਿਚ ਮਾਣਕ ਦੇ ਪ੍ਰੋਗਰਾਮ ਵਾਲਾ ਚੈੱਕ ਮੇਰੇ ਖਾਤੇ ਵਿਚ ਹੀ ਪਾ ਦਿੱਤਾ ਗਿਆ ਸੀ।
ਫ਼ਿਲਮਾਂ ਵਿਚ ਤਾਂ ਦੋ ਘੋੜਿਆਂ ਵਾਲੇ ਰੱਥ ਦੌੜਦੇ ਦੇਖੇ ਸਨ, ਪਰ ਮੈਂ ਬਿਨਾਂ ਘੋੜਿਆਂ ਤੋਂ ਰੱਥ ਭਜਾਇਆ ਸੀ। ਅਖ਼ਬਾਰਾਂ ਵਿਚ ਵੀ ਤੇ ਟੈਲੀਵਿਜ਼ਨ ‘ਤੇ ਵੀ। ਫਿਰ ਸਾਲ ਭਰ ਜਿਵੇਂ ਚੁੱਪ ਹੀ ਹੋ ਗਿਆ ਹੋਵੇ ਦੂਰਦਰਸ਼ਨ।
ਸਕੂਲ ਦੂਰ ਹੋਣ ਕਰ ਕੇ ਮੈਂ ਚਾਰ-ਪੰਜ ਦਿਨ ਬਾਅਦ ਘਰ ਆਉਂਦਾ ਸਾਂ। ਥੱਬਾ ਡਾਕ ਵਿਚੋਂ ਫਿਰ ਜੌਹਲ ਦੀ ਚਿੱਠੀ ਨਿਕਲ ਆਈ। ਲਿਖਿਆ ਸੀ, ‘ਤੂੰ ਢਾਡੀ ਅਮਰ ਸਿੰਘ ਬਾਰੇ ਲਿਖਿਆ ਵੀ ਬਹੁਤ ਹੈ ਤੇ ਜਾਣਦਾ ਵੀ ਆਂ ਤੇ ਤੂੰ ਉਹਦਾ ਗੁਆਂਢੀ ਵੀ ਏਂ। ਅਸੀਂ ਸ਼ੂਟਿੰਗ ਕਾਫ਼ੀ ਕਰ ਲਈ ਹੈ, ਫਲਾਣੇ ਦਿਨ ਸਕਰਿਪਟ ਲਿਖ ਕੇ ਦੂਰਦਰਸ਼ਨ ਦੇ ਗੇਟ ‘ਤੇ ਸੱਤ ਵਜੇ ਪਹੁੰਚ ਜਾਵੀਂ, ਕਿਤੇ ਬਾਹਰ ਜਾਣਾ ਹੈ। ਜਲੰਧਰੋਂ ਸਰਕਾਰੀ ਗੱਡੀ ਵਿਚ ਚੱਲ ਪਵਾਂਗੇ। ਇਸ ਵਾਰ ਸ਼ੌਂਕੀ ਵਾਲੀ ਡਾਕੂਮੈਂਟਰੀ ਵੀ ਤੂੰ ਹੀ ਪੇਸ਼ ਕਰੇਂਗਾ।’ ਖ਼ੁਸ਼ੀ ਮੇਰੇ ਗੋਡਿਆਂ ‘ਚ ਵੱਜਣ ਲੱਗ ਪਈ ਸੀ। ਉਦੋਂ ਅਹਿਸਾਸ ਹੋਇਆ ਸੀ, ਮੁਮਤਾਜ ਵਾਂਗ ਸੁਪਨਿਆਂ ਦੀ ਦੁਨੀਆਂ ਤਾਜ ਮਹੱਲ ਵਰਗੀ ਹੀ ਹੋਣੀ ਚਾਹੀਦੀ ਹੈ।æææਤੇ ਦੂਰਦਰਸ਼ਨ ਦਾ ਮੇਰਾ ਇਹ ਪਹਿਲਾ ਪ੍ਰੋਗਰਾਮ ਕਹਾਣੀਕਾਰ ਕਰਨੈਲ ਸਿੰਘ ਨਿੱਝਰ ਦੇ ਪਿੰਡ ਕਾਲਾ ਸੰਘਿਆ ਲਾਗੇ ਨਿੱਝਰਾਂ ‘ਚ ਉਹਦੇ ਖੇਤਾਂ ਵਿਚ ਫਿਲਮਾਇਆ ਗਿਆ ਸੀ।
ਕਹਿੰਦੇ ਨੇ ਜੇ ਪੌੜੀਆਂ ਨਾ ਹੁੰਦੀਆਂ ਤਾਂ ਚੁਬਾਰੇ ਬਣਾਉਣ ਦਾ ਰਿਵਾਜ ਨਹੀਂ ਚੱਲਣਾ ਸੀ। ਕਈਆਂ ਕੋਲ ਖੰਭ ਤਾਂ ਹੁੰਦੇ ਹਨ ਪਰ ਉਡਾਣ ਇਸ ਕਰ ਕੇ ਨਹੀਂ ਭਰ ਹੁੰਦੀ, ਕਿਉਕਿ ਹਿੰਮਤ ਹਨੇਰਿਆਂ ਦੇ ਵੱਸ ਪੈ ਗਈ ਹੁੰਦੀ ਹੈ। ਵੇਖਿਆ ਜਾਵੇ ਤਾਂ ਇਹ ਰਾਮ ਕਹਾਣੀਆਂ ਤਾਂ ਚਲਦੀਆਂ ਹਨ ਜਦੋਂ ਕਮਾ ਕੇ ਖਾਣ ਤੋਂ ਸਿਵਾ ਬੰਦੇ ਦੇ ਰੁਝੇਵੇਂ ਸੁਆਦਲੇ ਹੋ ਗਏ।
ਹਾਲਤ ਮੇਰੀ ਹੀ ਨਹੀਂ, ਦੂਰਦਰਸ਼ਨ ਨਾਲ ਜੁੜੇ ਹੋਰ ਮੇਰੇ ਵਰਗਿਆਂ ਦੀ ਇਹ ਹੋ ਗਈ ਜਿਵੇਂ ਹੜ੍ਹਾਂ ਤੋਂ ਪਿੱਛੋਂ ਮਾੜੀ ਜ਼ਮੀਨ ਸਮੇਂ ਦੀ ਲਪੇਟ ਵਿਚ ਆ ਜਾਂਦੀ ਹੈ। ਕਈ ਸਾਲ ਗੇੜੇ ਮਾਰਨ ‘ਤੇ ਵੀ ਅੱਗੇ ਪ੍ਰੋਗਰਾਮ ਕੋਈ ਨਾ ਮਿਲਿਆ। ਵਿਚਲੀ ਸਮੱਸਿਆ ਇਹ ਸੀ ਕਿ ਸਰਕਾਰੀ ਫੈਸਲਾ ਇਹ ਹੋ ਚੁੱਕਾ ਸੀ ਕਿ ਜਾਂ ਤਾਂ ਉਨ੍ਹਾਂ ਨੂੰ ਪ੍ਰੋਗਰਾਮ ਪੇਸ਼ ਕਰਨ ਲਈ ਬੁਲਾਇਆ ਜਾਵੇ ਜਿਹੜੇ ਅਪਰੂਵਡ ਹਨ, ਜਾਂ ਰੌਣਕੀ ਰਾਮ ਵਾਂਗ ਰੇਡੀਓ ਜਾਂ ਦੂਰਦਰਸ਼ਨ ਦੇ ਮੁਲਾਜ਼ਮਾਂ ਨਾਲ ਸਾਰਿਆ ਜਾਵੇ। ਫਿਰ 1993 ਵਿਚ ਨਵੇਂ ਹੋਸਟ ਰੱਖਣ ਲਈ ਅਰਜ਼ੀਆਂ ਮੰਗੀਆਂ ਗਈਆਂ। ਹਾਲਾਂਕਿ ਸਭ ਕੁੱਝ ਆਰਜ਼ੀ ਸੀ, ਫਿਰ ਵੀ ਜਿਸ ਦਿਨ ਆਡੀਸ਼ਨ ਹੋਇਆ, ਉਦਣ ਪਤਾ ਲੱਗਾ ਕਿ ਇਸ ਸਿਹਤਮੰਦ ਮੁਕਾਬਲੇ ਵਿਚ ਪੰਜ ਸੌ ਤੋਂ ਵੱਧ ਲੋਕ ਕਤਾਰ ਵਿਚ ਲੱਗੇ ਹੋਏ ਹਨæææਰੱਖਣਾ ਛੇ ਜਣਿਆਂ ਨੂੰ ਸੀ। ਉਦੋਂ ਕਈਆਂ ਨੇ ਮਨਿੰਦਰਜੀਤ ਸਿੰਘ ਬਿੱਟੇ ਰਾਹੀਂ ਪ੍ਰਧਾਨ ਮੰਤਰੀ ਪੀæਵੀæ ਨਰਸਿਮ੍ਹਾ ਰਾਓ ਦੀ ਸਿਫ਼ਾਰਸ਼ ਵੀ ਪੁਆ ਲਈ ਸੀ। ਖੈਰ! ਆਡੀਸ਼ਨ ਦੋ ਦਿਨ ਚਲਦਾ ਰਿਹਾ, ਪਰ ਨੌਕਰੀ ਲੈਣ ਤੋਂ ਵੀ ਤਕੜੇ ਇਸ ਮੁਕਾਬਲੇ ਵਿਚੋਂ ਮੇਰਾ ਨਾਂ ਉਨ੍ਹਾਂ ਛੇਆਂ ਵਿਚ ਆ ਗਿਆ। ਮੈਂ ਅਤੇ ਸ਼ਮਸ਼ੇਰ ਸੰਧੂ ਇਕੋ ਵੇਲੇ ਅਪਰੂਵਡ ਹੋਏ ਸਾਂ।
ਅਗਾਂਹ ਤਾਂ ਫਿਰ ਇੱਦਾਂ ਦੀ ਸਥਿਤੀ ਬਣ ਗਈ ਜਿਵੇਂ ਬੂਰ ਘੱਟ ਪਿਆ ਹੋਵੇ, ਫਲ ਵਧੇਰੇ ਲੱਗਣ ਲੱਗ ਪਏ ਹੋਣ। ਮਰਹੂਮ ਦੁਰਗਾ ਦੱਤ ਸਵਿਤੋਜ ਨਾਲ ‘ਕਾਵਿ-ਸ਼ਾਰ’ ਵਿਚ ਬੜੇ ਪ੍ਰੋਗਰਾਮ ਕੀਤੇ। ਇਹਦੇ ‘ਚ ਹੀ ਮੈਂ ਬਲਕਾਰ ਸਿੱਧੂ ਤੇ ਧਰਮਪ੍ਰੀਤ ਨੂੰ ਗਾਉਣ ਦਾ ਮੌਕਾ ਦਿੱਤਾ। ਮਦਨ ਪ੍ਰਾਸ਼ਰ ਤੇ ਬਲਕਾਰ ਸਿੱਧੂ ਨਾਲ ਅਖਾੜਾ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿਚ ਕੰਵਲਜੀਤ ਮਾਨਾਂਵਾਲਾ ਚਮਕਿਆ ਸੀ। ਸੁਦੇਸ਼ ਕਲਿਆਣ ਤੇ ਲਖਵਿੰਦਰ ਜੌਹਲ ਨਾਲ ‘ਵਿਰਾਸਤ’ ਅਮਰਜੀਤ ਕੁਕੂ, ਪਰਮਜੀਤ ਕੁਮਾਰ, ਏæ ਗੁਰਦੀਸ਼ ਸਿੰਘ ਤੇ ਹੋਰ ਅਨੇਕਾਂ ਪ੍ਰੋਡਿਊਸਰਾਂ ਨਾਲ ਵੱਖ-ਵੱਖ ਪ੍ਰੋਗਰਾਮਾਂ ਵਿਚ ਹਿੱਸਾ ਲਿਆ ਤੇ ਪੇਸ਼ਕਾਰੀ ਵੀ ਕੀਤੀ।
ਜਲੰਧਰ ਦੂਰਦਰਸ਼ਨ ਦਾ ‘ਲਿਸ਼ਕਾਰਾ’ ਪ੍ਰੋਗਰਾਮ ਅਜੇ ਤੱਕ ਵੀ ਹਿੱਟ ਹੈ। ਉਦੋਂ ਇਸ ਦੀ ਸ਼ੂਟਿੰਗ ਵੇਖਣ ਲਈ ਜਦੋਂ ਲੋਕ ਆਉਂਦੇ ਸਨ, ਪਿੰਡਾਂ ਸ਼ਹਿਰਾਂ ਤੋਂ ਬੜੇ ਔਖੇ ਸਿਫ਼ਾਰਸ਼ੀ ਪਾਸ ਮਿਲਦੇ ਸਨ। ਇਸ ਪ੍ਰੋਗਰਾਮ ਦੀ ਆਮ ਲੋਕਾਂ ਵਿਚ ਇਨੀ ਪਕੜ ਸੀ ਕਿ ਇਸ ਪ੍ਰੋਗਰਾਮ ਨੇ ਗਾਇਕ ਬੜੇ ਹਿੱਟ ਕੀਤੇ ਤੇ ਸੰਚਾਲਕ ਵੀ। ਮਨੋਹਰ ਭਾਰਜ ਕੋਲ ਜਦੋਂ ਇਹ ਪ੍ਰੋਗਰਾਮ ਆਇਆ, ਤਾਂ ਆਪਣੇ ਮਨ ਦੀ ਉਬਾਲੇ ਖਾਂਦੀ ਰੀਝ ਪੂਰੀ ਕਰਨ ਲਈ ਪਹੁੰਚ ਤਾਂ ਮੈਂ ਵੀ ਕੀਤੀ ਪਰ ਗੱਲ ਬਣ ਨਹੀਂ ਸਕੀ। ਭਾਰਜ ਨੇ ਆਪਣੇ ਸ਼ੁਗਲੀ ਅਤੇ ਦੋ-ਟੁੱਕ ਜੁਆਬ ਵਿਚ ਕਹਿ ਦਿੱਤਾ, “ਯਾਰ ਭੌਰੇ! ਤੂੰ ਲਿਖਦੈਂ, ਲਿਖਿਆ ਕਰ। ਛੱਡ ਪਰ੍ਹੇ ਲਿਸ਼ਕਾਰਿਆਂ-ਲੁਸ਼ਕੂਰਿਆਂ ਨੂੰ।” ਫਿਰ ਉਹਨੇ ਗੁਰਦੇਵ ਢਿੱਲੋਂ ਤੇ ਹਰਵਿੰਦਰ ਰਿਆੜ ਨੂੰ ਰੱਖ ਲਿਆ। ਢਿੱਲੋਂ ਭਜਨੇ ਅਮਲੀ ਦੇ ਰੂਪ ਵਿਚ ਉਦੋਂ ਹੀ ਪ੍ਰਵਾਨ ਚੜ੍ਹਿਆ ਅਤੇ ਰਿਆੜ ਵੀ ਹੁਣ ਵਾਲਾ ਰਿਆੜ ਬਣਾ ਕੇ ਉਸੇ ਪ੍ਰੋਗਰਾਮ ਨੇ ਅੱਗੇ ਤੋਰਿਆ।
ਫਿਰ ਗੱਲ ਪਤਾ ਨਹੀਂ ਕੀ ਹੋਈ ਕਿ ਭਾਰਜ ਨੇ ਮੈਨੂੰ ਕਿਹਾ, “ਤੂੰ ‘ਲਿਸ਼ਕਾਰੇ’ ਵਿਚ ਕਿਸੇ ਨਾਲ ਮੁਲਾਕਾਤ ਕਰਿਆ ਕਰ।” ਮੈਂ ਸ਼ਮਸ਼ੇਰ ਸੰਧੂ ਨੂੰ ਲੈ ਗਿਆ। ਸ਼ੂਟਿੰਗ ਤਾਂ ਹੋ ਗਈ, ਪਰ ਚੱਲੀ ਨਹੀਂ। ਤੇ ਜਿਸ ਦਿਨ ਚੱਲੀ ਤਾਂ ਅਗਲੇ ਦਿਨ ਭਾਰਜ ਦਾ ਫੋਨ ਖੜਕ ਪਿਆ, “ਯਾਰ ਭੌਰੇ! ਤੂੰ ਪ੍ਰੋਗਰਾਮ ਪੇਸ਼ ਕਰ ਵੀ ਲਵੇਂਗਾ?” ਮੈਂ ‘ਹਾਂ’ ਕਹੀ ਤਾਂ ਕਹਿਣ ਲੱਗਾ, “ਚੱਲ ਅਗਲੇ ਹਫ਼ਤੇ ਆ ਜਾਵੀਂ।” ਇਸ ਪ੍ਰੋਗਰਾਮ ਦੀ ਰਿਕਾਡਿੰਗ ਹੁਣ ਤੱਕ ਵੀ ਸ਼ਨਿਚਰਵਾਰ ਨੂੰ ਹੁੰਦੀ ਹੈ। ਬੁੱਲ੍ਹੇ ਸ਼ਾਹ, ਮਰਹੂਮ ਹਰਭਜਨ ਜੱਬਲ, ਗੁਰਪ੍ਰੀਤ ਘੁੱਗੀ ਇਸੇ ਪ੍ਰੋਗਰਾਮ ਦੀ ਦੇਣ ਹਨ।
ਰਿਆੜ ਤੇ ਭਜਨਾ ਅਮਲੀ ਹਟਾ ਦਿਤੇ ਗਏ, ਜਾਂ ਹਟ ਗਏ, ਇਸ ਗੱਲ ਦਾ ਤਾਂ ਮੈਨੂੰ ਬਹੁਤਾ ਗਿਆਨ ਨਹੀਂ ਪਰ ਜਿਸ ਦਿਨ ਮੈਂ ਬੁਲਾਵੇ ‘ਤੇ ਗਿਆ ਤਾਂ ਭਾਰਜ ਬੋਲਿਆ, “ਯਾਰ ਭੌਰੇ! ਕਰਾ ਮੇਕਅਪ। ਸੁਣ ਲੈ ਗਾਇਕਾਂ ਤੋਂ ਗਾਣਿਆਂ ਦੇ ਬੋਲ, ਤੇ ਚੜ੍ਹ ਜਾ ਸੈਟ ‘ਤੇ।” ਤੇ ਫਿਰ ਕਰੀਬ ਨੌਂ ਮਹੀਨੇ ਇਕ ਹਫ਼ਤੇ ਮੈਂ ਅਤੇ ਇਕ ਹਫ਼ਤੇ ਨਿਰਮਲ ਜੌੜਾ ਇਸ ਪ੍ਰੋਗਰਾਮ ਨੂੰ ਪੇਸ਼ ਕਰਦੇ ਰਹੇ।
ਹੁਣ ਭਾਵੇਂ ਪ੍ਰਸਾਰ ਭਾਰਤੀ ਨੇ ਇਸ ਨੂੰ ਕਮਾਊ ਪ੍ਰੋਗਰਾਮ ਬਣਾ ਲਿਆ ਹੈ ਕਿ ਪੈਸੇ ਦਿਉ ਤੇ ਗਾਉ, ਕਿਉਂਕਿ ਜਾਣਨ ਵਾਲੇ ਜਾਣਦੇ ਹਨ ਕਿ ਬਹੁਤ ਕੁੱਝ ਪੈਸੇ ਦੇ ਉਪਰ-ਥੱਲੇ ਕਰ ਕੇ ਦਿੱਲੀ ਵੀ ਜਾਣ ਗਈ ਸੀ ਕਿ ਪੈਸਾ ਲੀਗਲ ਲੈ ਕੇ ਰੈਵਨਿਊ ‘ਕੱਠਾ ਕਰੋ। ਇਸੇ ਕਰ ਕੇ ਪ੍ਰੋਡਿਊਸਰਾਂ ਦੀ ਅਦਲਾ-ਬਦਲੀ ਹੁੰਦੀ ਰਹਿੰਦੀ ਸੀ। ਮਨੋਹਰ ਭਾਰਜ ਤੋਂ ਇਹ ਪ੍ਰੋਗਰਾਮ ਫਿਰ ਡਾæ ਲਖਵਿੰਦਰ ਜੌਹਲ ਕੋਲ ਜਾਣ ਨਾਲ ਮੇਰੀ ਆਸ ਤਾਂ ਪੱਕੀ ਸੀ ਕਿ ਪੁਰਾਣਾ ਆੜੀ ਮੈਨੂੰ ਤਾਂ ਹਟਾਏਗਾ ਨਹੀਂ, ਜੌੜੇ ਬਾਰੇ ਪਤਾ ਨਹੀਂ ਪਰ ਪੰਜੇਬਾਂ ਦੋਹਾਂ ਦੀਆਂ ਲਹਿ ਗਈਆਂ।
ਦਫਤਰ ਗਿਆ ਤਾਂ ਜੌਹਲ ਨੇ ਦੱਸਿਆ ਕਿ ਬਟਾਲੇ ਇਕ ਕਾਲਜ ‘ਚ ਕੁੜੀ ਨੂੰ ਯੂਥ ਫੈਸਟੀਵਲ ਦੀ ਸਟੇਜ ਚਲਾਉਂਦਿਆਂ ਵੇਖਿਆ, ਕਿਆ ਬਾਤ ਹੈ ਕੁੜੀ ‘ਚ। ਮੈਨੂੰ ਕਹਿਣ ਲੱਗਾ, “ਛੱਡ ਤੂੰ ਹੁਣ ਵਰਾਇਟੀ ਪ੍ਰੋਗਰਾਮ ਨੂੰ, ਦਾੜੀ ‘ਚ ਚਿੱਟੇ ਬਹੁਤੇ ਆ ਗਏ ਨੇ। ਅਗਲੇ ਹਫ਼ਤੇ ਆ ਜੀਂ ਦੇਖ ਲਾਂ’ਗੇ।” ਪਹਿਲੀ ਮੁਲਾਕਾਤ ਲਈ ਮੈਂ ਗੀਤਕਾਰ ਚਰਨ ਸਿੰਘ ਸਫ਼ਰੀ ਨੂੰ ਲੈ ਗਿਆ। ਮੇਕਅਪ ‘ਚ ਗਏ ਤਾਂ ਖੂਬਸੂਰਤ ਕੁੜੀ ਇਧਰ-ਉਧਰ ਤੁਰਦੀ ਬੋਲਣ ਦਾ ਅਭਿਆਸ ਕਰੇ। ਸੋਚਿਆ, ਇਹੋ ਹੋਵੇਗੀ ਜੌਹਲ ਦੀ ਖੋਜ। ਫਿਰ ਚਰਨ ਸਿੰਘ ਸਫ਼ਰੀ, ਚੰਨ ਗੁਰਾਇਆ ਵਾਲਾ, ਦੇਵ ਥਰੀਕੇ ਵਾਲਾ, ਪ੍ਰੀਤ ਮਹਿੰਦਰ ਤਿਵਾੜੀ ਤੇ ਬਾਬੂ ਸਿੰਘ ਮਾਨæææਅਨੇਕਾਂ ਨਾਲ ਮੈਂ ਫਿਰ ਲਿਸ਼ਕਾਰੇ ‘ਚ ਮੁਲਾਕਾਤਾਂ ਕਰਦਾ ਰਿਹਾ ਤੇ ਜਿਹੜੀ ਕੁੜੀ ਸਾਥੋਂ ਪਿੱਛੋਂ ਇਸ ਹਰਮਨ ਪਿਆਰੇ ਪ੍ਰੋਗਰਾਮ ਦੀ ਸੰਚਾਲਕਾ ਬਣੀ, ਉਹ ਸੀ ਜੋ ਬਾਦਲਾਂ Ḕਤੇ ਕਬੱਡੀ ਦੇ ਸੋਹਲੇ ਗਾ ਰਹੀ ਸੀæææਸਤਿੰਦਰ ਸੱਤੀ।
ਗੱਲ ਬਣੀ ਕਿ ਨਹੀਂ
ਦਰਖ਼ਤਾਂ ਨਾਲ ਲਾਸ਼ਾਂ
ਬੀਜ ਲਈਆਂ ਜਦ ਕਿੱਕਰਾਂ ਵੱਢ ਕੇ ਬਾਗ ਨੇ ਅੰਬਾਂ ਦੇ,
ਡਾਰਾਂ ਬੰਨ੍ਹ ਕੇ ਦੱਸੋ ਫਿਰ ਕਿੰਝ ਕੂੰਜਾਂ ਆਉਣਗੀਆਂ।
ਭੰਨ’ਤੇ ਚਰਖੇ ਜਿੱਦਾਂ ਉਜੜੇ ਪਏ ਤ੍ਰਿੰਝਣ ਨੇ,
ਦੱਸੋ ਕਿੱਦਾਂ ਫਿਰ ਗੁਜਾਂ ਦੀਆਂ ਗੂੰਜਾਂ ਆਉਣਗੀਆਂ।
ਅੱਕਿਆ ਪਿਆ ਏ ਡਾਢਾ ਬੰਦੇ ਦੀਆਂ ਕਰਤੂਤਾਂ ਤੋਂ,
ਤਪਦੀ ਧਰਤੀ ਦੇਵੇ ਫਿਰ ਕਿੰਝ ‘ਵਾ ਦੇ ਬੁੱਲੇ ਜੀ।
ਮਾਂ ਵੀ ਰੋਵੇ ਧੀ ਵੀ ਰੋਵੇ ਹਾਉਕੇ ਬੀਵੀ ਭਰੇ ਜਦੋਂ,
ਬਲਦੇ ਕਿੱਦਾਂ ਰਹਿ ਸਕਦੇ ਨੇ ਚਾਅ ਦੇ ਚੁੱਲ੍ਹੇ ਜੀ।
ਬੜੀ ਦੇਰ ਤੋਂ ਕੰਜਕਾਂ ਕਹਿ ਕੇ ਲੋਕੀ ਪੂਜਦੇ ਰਹੇ,
ਅੱਜ ਕੱਲ੍ਹ ਲਾਸ਼ਾਂ ਬਣ ਕੇ ਨਾਲ ਦਰਖ਼ਤਾਂ ਲਟਕਦੀਆਂ।
ਰਿਹਾ ਨਹੀਂ ਰਣਜੀਤ ਤੇ ਨਾ ਨਗਾਰਾ ਉਹ ਵੱਜਣਾ,
ਕਿੱਦਾਂ ਸਾਂਭ ਲਵਾਂਗੇ ਚੜ੍ਹੀਆਂ ਲਹਿਰਾਂ ਕਟਕ ਦੀਆਂ।
ਜਿਸਮ ਦੀ ਮੰਡੀ ਬਣ ਚੱਲਿਆ ਮੁਲਕ ਮੇਰਾ ਲੋਕੋ,
ਸ਼ਰਮ ਦੀ ਲੋਈ ਲਾਹ ਕੇ ਹੁਣ ਤਾਂ ਕਿੱਲੀ ਟੰਗੀ ਏ।
ਹਾਕਮ ਬੋਲ਼ੇ ਹੋਏ ਸੁਣਦਾ ਚੀਕ-ਚਿਹਾੜਾ ਨਹੀਂ,
ਕੀ ਵਾਹੂਗੀ ‘ਭੌਰੇ’ ਹੁਣ ਗੰਜੀ ਹੱਥ ਕੰਘੀ ਏ।
– ਐਸ਼ ਅਸ਼ੋਕ ਭੌਰਾ
Leave a Reply