‘ਪੰਜਾਬ ਟਾਈਮਜ਼’ ਦੇ ਪਾਠਕ ਕਾਨਾ ਸਿੰਘ ਦੇ ਨਾਂ ਤੋਂ ਚੰਗੀ ਤਰ੍ਹਾਂ ਵਾਕਫ ਹਨ। ਪਿਛਲੇ ਸਮੇਂ ਦੌਰਾਨ ਉਨ੍ਹਾਂ ਦੀਆਂ ਲਿਖਤਾਂ ਪਰਚੇ ਵਿਚ ਛਪਦੀਆਂ ਰਹੀਆਂ ਹਨ। ਉਨ੍ਹਾਂ ਦੀਆਂ ਲਿਖਤਾਂ ਵਿਚ ਸਹਿਜ ਭਾਅ ਪਰੋਈਆਂ ਗੱਲਾਂ-ਗਲੋਕੜੀਆਂ ਮੱਲੋ-ਜ਼ੋਰੀ ਧਿਆਨ ਖਿੱਚਦੀਆਂ ਹਨ। ਪਾਠਕਾਂ ਨੇ ਇਨ੍ਹਾਂ ਲਿਖਤਾਂ ਨੂੰ ਭਰਵਾਂ ਹੁੰਗਾਰਾ ਭਰਿਆ ਹੈ। ਇਸ ਵਾਰ ਦੇ ਲੇਖ ‘ਵਾਹ ਭਾਅ ਜੀ’ ਵਿਚ ਕਾਨਾ ਸਿੰਘ ਨੇ ਪੰਜਾਬੀ ਰੰਗਮੰਚ ਬਾਰੇ ਕੁਝ ਘਟਨਾਵਾਂ ਬਿਆਨ ਕੀਤੀਆਂ ਹਨ। ਨਾਲ ਹੀ ਪ੍ਰਸਿੱਧ ਰੰਗਕਰਮੀ ਗੁਰਸ਼ਰਨ ਸਿੰਘ ਦੇ ਨਾਟਕਾਂ ਦੀ ਸਾਦਗੀ ਅਤੇ ਨਾਲ ਹੀ ਇਨ੍ਹਾਂ ਨਾਟਕਾਂ ਦੀ ਸਾਰਥਿਕਤਾ ਬਾਰੇ ਗੱਲ ਕੀਤੀ ਹੈ। ਇਸ ਨਿੱਕੀ ਜਿਹੀ, ਪਰ ਭਰਪੂਰ ਲਿਖਤ ਵਿਚੋਂ ਸੋਚ ਅਤੇ ਸੰਜੀਦਗੀ ਡੁੱਲ੍ਹ-ਡੁੱਲ੍ਹ ਪੈਂਦੀ ਹੈ।-ਸੰਪਾਦਕ
ਕਾਨਾ ਸਿੰਘ
ਫੋਨ: 91-95019-44944
ਦਿੱਲੀ ਯੂਨੀਵਰਸਿਟੀ ਤੋਂ ਪੰਜਾਬੀ ਐਮæਏæ ਦੀ ਪੜ੍ਹਾਈ ਦੌਰਾਨ ਬੇਸ਼ੱਕ ਪੰਜਾਬੀ ਨਾਟਕ ਦੇ ਇਤਿਹਾਸ ਤੋਂ ਮੈਂ ਵਾਕਫ਼ ਹੋ ਚੁੱਕੀ ਸਾਂ, ਪਰ ਪੰਜਾਬੀ ਤਾਂ ਕੀ, ਕਿਸੇ ਹਿੰਦੀ ਨਾਟਕ ਨੂੰ ਵੀ ਹਾਲਾਂ ਤੱਕ ਰੰਗਮੰਚ ਉਪਰ ਨਹੀਂ ਸੀ ਵੇਖਿਆ। ਮੁੰਬਈ ਵਿਚ ਸ਼ਸ਼ੀ ਕਪੂਰ ਤੇ ਜੈਨੀਫਰ ਵਲੋਂ ਪ੍ਰਿਥਵੀ ਥੀਏਟਰ ਦੀ ਮੁੜ ਸੁਰਜੀਤੀ ਦੇ ਨਾਲ ਹੀ ਮੈਂ ਨਾਟਕ ਸੰਸਾਰ ਨਾਲ ਜੁੜੀ।
ਉਨੀ ਸੌ ਅੱਸੀ ਤੋਂ ਬਾਅਦ ਪ੍ਰਿਥਵੀ ਥਿਏਟਰ ਮੇਰੇ ਲਈ ਕਾਬ੍ਹਾ ਹੀ ਬਣ ਗਿਆ ਸੀ।
ਨਾਟਕ ਵੇਖਣ ਦੀ ਲਾਲਸਾ ਇੰਨੀ ਵਧ ਗਈ ਕਿ ਹਰ ਬੁੱਧਵਾਰ ਅਤੇ ਐਤਵਾਰ ਦੀ ਸ਼ਾਮ ਨੂੰ ਮੈਂ ਆਪਣਾ ਬਿਊਟੀ ਪਾਰਲਰ ਬੰਦ ਰੱਖਣ ਦਾ ਐਲਾਨ ਕਰ ਦਿੱਤਾ। ਇਹ ਦੋਵੇਂ ਸ਼ਾਮਾਂ ਮੈਂ ਪ੍ਰਿਥਵੀ ਥੀਏਟਰ ਜਾ ਪੁੱਜਦੀ।
ਨਿੱਕੇ ਜਿਹੇ ਨਾਟਕ ਘਰ ਵਿਚ ਸੀਮਿਤ ਹੀ ਸੀਟਾਂ ਹੁੰਦੀਆਂ ਸਨ ਤੇ ਮੂਹਰੇ ਪਹਿਲੀ ਕਤਾਰ ਵਿਚ ਹੀ ਬਹਿਣਾ, ਮੇਰੀ ਲੋੜ। ਉਥੇ ਇਕ ਵੀ ਟਿਕਟ ਕਾਂਪਲੀਮੈਂਟਰੀ ਨਹੀਂ ਸੀ ਹੁੰਦੀ। ਅਭਿਨੇਤਾਵਾਂ ਦੇ ਸਕਿਆਂ ਨੂੰ ਵੀ ਟਿਕਟ ਖਰੀਦਣੀ ਪੈਂਦੀ। ਸ਼ਬਾਨਾ ਆਜ਼ਮੀ (ਸਫ਼ੇਦ ਕੁੰਡਲੀ), ਅਮਰੀਸ਼ ਪੁਰੀ (ਆਧੇ-ਅਧੂਰੇ) ਅਤੇ ਹੋਰ ਵੀ ਬਹੁਤੇ ਫ਼ਿਲਮ ਐਕਟਰਾਂ ਨੂੰ ਮੰਚ ਉਤੇ ਵੇਖ ਵੇਖ ਮੈਂ ਨਿਹਾਲ ਹੁੰਦੀ।
ਪਤੀ ਮੇਰੇ ਫਿਲਮ ਇੰਡਸਟਰੀ ਦੇ ਚਹੇਤੇ ਡਾਕਟਰਾਂ ਵਿਚੋਂ ਸਨ, ਤੇ ਦਿਨੇਸ਼ ਠਾਕੁਰ ਦੇ ਅੰਕ ਪ੍ਰੋਡਕਸ਼ਨਜ਼ ਦੇ ਮੈਂਬਰਾਂ ਦੇ ਖਾਸ ਮਿੱਤਰ।
ਹਿੰਦੀ ਤੇ ਮਰਾਠੀ, ਗੁਜਰਾਤੀ ਅਤੇ ਅੰਗਰੇਜ਼ੀ ਦੇ ਰੂਪਾਂਤਰਿਤ ਸ੍ਰੇਸ਼ਠ ਨਾਟਕ ਵੇਖਣ ਨੂੰ ਮਿਲਦੇ। ਨਾਲ ਹੀ ਗੁਲਜ਼ਾਰ ਵਰਗੇ ਫਿਲਮ ਡਾਇਰੈਕਟਰਾਂ ਅਤੇ ਚੋਟੀ ਦੇ ਐਕਟਰਾਂ ਨੂੰ ਵੀ ਨੇੜਿਓਂ ਤੱਕਣ/ਮਿਲਣ ਦਾ ਮੌਕਾ ਮਿਲਦਾ। ਨਵੀਂ ਪੀੜ੍ਹੀ ਦੇ ਕਲਾਕਾਰ, ਰਾਕੇਸ਼ ਬੇਦੀ, ਰਾਜੇਸ਼ ਪੁਰੀ, ਨਰੇਸ਼ ਸੂਰੀ ਅਤੇ ਲਿੱਲੀਪੁਤ ਤਾਂ ਜਿਵੇਂ ਪਰਿਵਾਰ ਦੇ ਮੈਂਬਰ ਹੀ ਹੋਣ।
ਨਾਟਕਕਾਰਾਂ ਨਾਲ ਨਾਟਕ ਦੀਆਂ ਭਿੰਨ-ਭਿੰਨ ਵਿਧੀਆਂ, ਕਲਾਵਾਂ, ਵੇਸ਼ਭੂਸ਼ਾ, ਮੇਕਅੱਪ, ਰੰਗਮੰਚ ਦੀਆਂ ਲੋੜਾਂ ਉਤੇ ਅਕਸਰ ਗੱਲਾਂ ਹੁੰਦੀਆਂ।
ਸੰਨ ਅੱਸੀ-ਪੱਚਾਸੀ ਦੇ ਸਾਰੇ ਵਕਫੇ ਦੌਰਾਨ ਮੈਨੂੰ ਪੰਜਾਬੀ ਦਾ ਇਕ, ਤੇ ਕੇਵਲ ਇਕੋ-ਇਕ ਨਾਟਕ ਹੀ ਪ੍ਰਿਥਵੀ ਥਿਏਟਰ ਦੀ ਸਟੇਜ ‘ਤੇ ਵੇਖਣ ਨੂੰ ਮਿਲਿਆ। ਨਿਰਮਾਤਾ ਜਾਂ ਨਿਰਦੇਸ਼ਕ ਦਾ ਨਾਂ ਯਾਦ ਨਹੀਂ, ਪਰ ਜੇ ਮੈਂ ਭੁੱਲਦੀ ਨਹੀਂ, ਤਾਂ ਨਾਟਕ ਦਾ ਨਾਂ ਸੀ Ḕਬੰਬਈ ਦੀ ਹਵਾ ਕਰ ਗਈ ਤਬਾਹ।’
ਨਾਟਕ ਵਿਚ ਕਾਫੀ ਲੱਚਰਪੁਣਾ ਸੀ, ਦੂਹਰੇ ਅਰਥਾਂ ਵਾਲੇ ਡਾਇਲਾਗ ਸਨ। ਇਹ ਨਾਟਕ ਪ੍ਰਿਥਵੀ ਥਿਏਟਰ ਦੀ ਪੱਧਰ ‘ਤੋਂ ਬਹੁਤ ਨੀਵਾਂ ਸੀ।
ਮੇਰੇ ਪਤੀ ਮੇਰੇ ਨਾਲ ਬੈਠੇ ਸਨ। ਉਹ ਤਾਂ ਉਂਜ ਵੀ ਪੰਜਾਬੀ ਸਾਹਿਤ ਨੂੰ ਲੱਚਰ ਸਾਹਿਤ ਅਤੇ ਪੰਜਾਬੀ ਬੋਲੀ ਨੂੰ ਗੰਵਾਰਾਂ ਦੀ ਬੋਲੀ ਆਖ-ਆਖ ਮੇਰਾ ਕਲੇਜਾ ਵਿੰਨ੍ਹਦੇ ਸਨ। ਉਨ੍ਹਾਂ ਨੂੰ ਆਪਣਾ ਪੱਖ ਪੂਰਨ ਅਤੇ ਮੈਨੂੰ ਦਬਾਉਣ ਦਾ ਇਕ ਹੋਰ ਮੌਕਾ ਮਿਲ ਗਿਆ। ਮੈਂ ਸ਼ਰਮ ਨਾਲ ਪਾਣੀ-ਪਾਣੀ ਹੋ ਰਹੀ ਸਾਂ। ਅਸੀਂ ਅੱਧ ਵਿਚਕਾਰੋਂ ਹੀ ਘਰ ਪਰਤ ਆਏ।
ਸਾਡਾ ਨਾਟਕ ਇਨਾ ਪਿੱਛੇ ਹੈ, ਮਨ ਨੂੰ ਧੱਕਾ ਜਿਹਾ ਲੱਗਾ। ਕੀ ਕਾਰਨ ਹੋ ਸਕਦਾ ਹੈ? ਆਪੇ ਸੋਚਦੀ ਤੇ ਆਪੇ ਨਿਰਣਾ ਕੱਢਦੀ ਕਿ ਇਸ ਦਾ ਕਾਰਨ ਸ਼ਾਇਦ ਪੰਜਾਬੀ ਸਾਹਿਤ ਅਤੇ ਸਭਿਆਚਾਰ ਉਪਰ ਗੁਰਮਤਿ ਅਨੁਸਾਰ ਮੂਰਤੀਵਾਦ ਦਾ ਵਿਰੋਧ ਹੋਣਾ ਹੈ, ਜੋ ਮਹਾਨ ਪੁਰਸ਼ਾਂ ਦੇ ਜੀਵਨਾਂ ਦੇ ਨਾਟਕੀਕਰਨ ਦੀ ਇਜਾਜ਼ਤ ਨਹੀਂ ਦਿੰਦਾ। ਇਸੇ ਲਈ ਇਥੇ ਨਾਟਕ ਨਹੀਂ ਪੁੰਗਰਿਆ ਹੋਣਾ।
ਮੇਰੇ ਜੇਠੇ ਅਤੇ ਕਿਸ਼ੋਰ ਪੁੱਤਰ ਸੰਨੀ ਉਪਰ ਪੂਰਬੀ ਸਾਂਤਾਕਰੂਜ਼ ਵਿਚ ਅਖੌਤੀ ਸ਼ਿਵ ਸੈਨਿਕਾਂ ਵਲੋਂ ਹਮਲਾ ਹੋਣ ਕਾਰਨ ਅਤੇ ਸ਼ਿਵਾਜੀ ਨਗਰ ਵਰਗੀ ਬਸਤੀ ਵਿਚ ਸਾਡੇ ਸਮੇਤ ਕੇਵਲ ਇਕ-ਦੋ ਹੀ ਹੋਰ ਸਿੱਖ ਪਰਿਵਾਰ ਰਹਿੰਦੇ ਹੋਣ ਕਾਰਨ ਅਸੀਂ ਆਤੰਕ ਦੇ ਸਾਏ ਹੇਠਾਂ ਜੀਅ ਰਹੇ ਸਾਂ। ਸਾਡੇ ਫਲੈਟਾਂ ਦੀਆਂ ਕੰਧਾਂ ਉਪਰ ਸਿੱਖ-ਨਿਸ਼ਾਨਦੇਹੀ ਦੇ ਪੋਸਟਰ ਲੱਗ ਗਏ ਸਨ। ਕਦੇ ਵੀ, ਕੁਝ ਵੀ ਤੇ ਕਿਵੇਂ ਵੀ ਹੋਣ ਦੇ ਸੰਸੇ ਨਾਲ ਸਾਹ ਲੈ ਰਹੇ ਸਾਂ।
ਸੰਨ ਪਚਾਸੀ ਵਿਚ ਨਿੱਕੇ ਪੁੱਤਰ ਦੀਪੀ ਦੇ ਬਾਰ੍ਹਵੀਂ ਦੇ ਇਮਤਿਹਾਨ ਤੋਂ ਫਾਰਗ ਹੁੰਦਿਆਂ ਹੀ ਅਸਾਂ ਪੰਜਾਬ ਦੇ ਦੌਰੇ ਦਾ ਮਨ ਬਣਾ ਲਿਆ। ਕਿਵੇਂ ਜੀਵਾਂਗੀ ਪਰਦੇਸ ਵਿਚ? (ਇੱਧਰਲਾ ਪੰਜਾਬ ਮੇਰੇ ਲਈ ਪਰਦੇਸ ਹੀ ਸੀ। ਨਾ ਮੈਂ ਇੱਥੇ ਜੰਮੀ, ਨਾ ਪਲੀ)। ਮੁੰਬਈ ਵਿਚਲਾ ਬਿਊਟੀ ਪਾਰਲਰ ਸਮੇਟ ਆਈ ਸਾਂ, ਤੇ ਇਥੇ ਖੋਲ੍ਹਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਇੱਥੇ ਤਾਂ ਚਲ ਰਹੇ ਪਾਰਲਰਾਂ ਨੂੰ ਵੀ ਦਿਨ-ਬ-ਦਿਨ ਧਮਕੀਆਂ ਮਿਲ ਰਹੀਆਂ ਸਨ। ਕਿਵੇਂ ਕਮਾਵਾਂਗੀ ਰੋਜ਼ੀ ਰੋਟੀ? ਕੀਕੂੰ ਟਿਕਾਂਗੀ ਆਤੰਕ ਦੇ ਸਾਏ ਹੇਠ ਘਰੋਂ ਬੇਘਰ, ਟੁੱਟੀ-ਵੰਡੀ ਗ੍ਰਹਿਸਥੀ ਨਾਲ?
ਧੋ-ਦਲਿੱਕੀਆਂ ਵਿਚ ਗੀਟੇ ਗਾਲਦੀ, ਕਦੇ ਕੋਈ ਮਕਾਨ ਵੇਖਦੀ, ਤੇ ਕਦੇ ਕੋਈ ਰੱਦ ਕਰਦੀ, ਕੁਝ ਦਿਨ ਭੈਣ ਕੋਲ ਆ ਟਿਕੀ ਸਾਂ-ਪਟਿਆਲੇ।
“ਚੱਲ ਮਾਸੀ ਅੱਜ ਤੈਨੂੰ ਆਪਣੀ ਯੂਨੀਵਰਸਿਟੀ ਵਿਖਾ ਲਿਆਈਏ। ਨਾਲੇ ਉਥੇ ਨਾਟਕ ਵੀ ਹੋਣੇ ਨੇ।” ਭਣੇਵੀਆਂ ਨੇ ਜ਼ੋਰ ਪਾਇਆ। ਉਹ ਪੰਜਾਬੀ ਯੂਨੀਵਰਸਿਟੀ ਵਿਚ ਐਮæਏæ ਕਰ ਰਹੀਆਂ ਸਨ।
“ਨਾਟਕ? ਪੰਜਾਬੀ ਨਾਟਕ? ਉਹ ਕੀ ਹੋਣਾ ਹੈ?” ਅਧਮੰਨੀ ਜਿਹੀ ਮੈਂ ਉਨ੍ਹਾਂ ਨਾਲ ਤੁਰ ਪਈ, ਸਣੇ ਬੇਟੇ ਦੇ। ਜੇ ਇਥੇ ਰਹਿਣਾ ਹੈ, ਤਾਂ ਉਸ ਨੂੰ ਇਥੋਂ ਦੀ ਯੂਨੀਵਰਸਿਟੀ ਦੇ ਮਾਹੌਲ ਤੋਂ ਵੀ ਵਾਕਫ਼ ਹੋਣਾ ਚਾਹੀਦਾ ਹੈ।
ਇੰਨੀ ਵਿਸ਼ਾਲ ਪੰਜਾਬੀ ਯੂਨੀਵਰਸਿਟੀ, ਇੰਨੀ ਅਦਭੁਤ ਤੇ ਇੰਨਾ ਵਧੀਆ ਆਡੀਟੋਰੀਅਮ। ਦੰਗ ਰਹਿ ਗਈ। ਹਮ-ਉਮਰ ਨੱਢਿਆਂ-ਨੱਢੀਆਂ ਨੂੰ ਗੁਟਕਦਿਆਂ ਵੇਖ ਕੇ ਦੀਪੀ ਵੀ ਗਦਗਦ।
ਨਾਟਕ ਵੇਖੇ, ਪਹਿਲਾਂ Ḕਬਾਬਾ ਬੋਲਦਾ ਹੈ’ ਤੇ ਫਿਰ Ḕਟੋਆ’।
ਪਤਾ ਲੱਗਾ ਕਿ ਜੋਸ਼ੀਲੀ ਆਵਾਜ਼ ਤੇ ਖੜਕਦੇ ਅੰਦਾਜ਼ ਵਾਲੇ ਸਨ, ਸ਼ ਗੁਰਸ਼ਰਨ ਸਿੰਘ ਜੀ ਉਰਫ ਭਾਅ ਜੀ ਉਰਫ ਭਾਈ ਮੰਨਾ ਸਿੰਘ। ਨਾ ਕੋਈ ਸਟੇਜ ਸੈਟਿੰਗ, ਨਾ ਕਾਸਟਿਊਮ, ਨਾ ਮੇਕ-ਅੱਪ। ਬਸ ਮੋਢੇ ਉਤੇ ਝੋਲਾ ਅਤੇ ਸਾਹਮਣੇ ਕਲਪਿਤ ਟੋਆ, ਪਰ ਬਿਲਕੁਲ ਸਾਕਾਰ। ਇੰਨਾ ਸਰਲ ਤੇ ਸਿੱਧਾ ਸੰਚਾਰ ਤੇ ਦਰਸ਼ਕ ਕੀਲੇ ਹੋਏ।
ਇੱਦਾਂ ਵੀ ਨਾਟਕ ਹੋ ਸਕਦਾ ਹੈ ਤੇ ਧੁਰ ਤੱਕ ਹਲੂਣ ਸਕਦਾ ਹੈ, ਇਹ ਮੈਨੂੰ ਪਹਿਲੀ ਵਾਰ ਪਤਾ ਲੱਗਾ। ਦੀਪੀ ਆਪਣੇ ਸਕੂਲ-ਸਟੇਜ ਉਤੇ ਕਾਫੀ ਭਾਗ ਲੈ ਚੁੱਕਾ ਸੀ, ਤੇ Ḕਮਿਸਟਰ ਸੇਂਟ ਐਂਥਨੀਜ਼’ (ਸਕੂਲ ਦੇ ਨਾਂ ‘ਤੇ) ਦੀ ਉਪਾਧੀ ਵੀ ਲੈ ਚੁੱਕਾ ਸੀ। ਕਹਿੰਦਾ, “ਮਾਮਾ, ਅਸੀਂ ਇੱਥੇ ਰਹਿ ਪਾਂḔਗੇ ਪੰਜਾਬ। ਛੇਤੀ ਚਲੋ ਮੁੰਬਈ ਫਲੈਟ ਵੇਚਣ।”
ਕਿੰਨੇ ਦਿਨਾਂ ਤੋਂ ਮੁੰਬਈ ਦੇ ਜੁਹੂ ਤੱਟ, ਮੱਡ ਟਾਪੂ, ਕਨਹੇਰੀ ਗੁਫਾਵਾਂ, ਐਲੀਫੇਂਟਾ ਕੇਵਜ਼, ਚੌਪਾਟੀ ਤੇ ਨੈਰੀਮਨ ਪੁਆਇੰਟ, ਉਰਨ ਟਾਪੂਆਂ ਤੇ ਖੰਡਾਲਾ ਔਰ ਲੋਨਾਵਲਾ ਦੀਆਂ ਸੁਹਾਵਣੀਆਂ ਯਾਦਾਂ ਨੂੰ ਦੁਹਰਾਉਂਦਾ ਅਤੇ Ḕਮਾਮਾ ਕੀ ਅਸੀਂ ਮੁੰਬਈ ਛੱਡ ਦਿਆਂਗੇ ਸਦਾ ਲਈ?’ ਪੁੱਛਦਾ ਦੀਪੀ ਅੱਜ ਆਪ-ਮੁਹਾਰੇ ਬੋਲ ਉਠਿਆ ਸੀ।
ਮੈਨੂੰ ਜਿਵੇਂ ਸਾਹ ਆ ਗਿਆ, ਸੁੱਖ ਦਾ ਸਾਹ! ਮੈਨੂੰ ਆਪਣੇ ਸਾਰੇ ਡਰ ਸ਼ੰਕੇ ਤੌਖਲੇ ਨਿਰਜੀਵ ਲੱਗੇ। ਹੁਣ ਲਗਭਗ ਪੰਝੀ ਸਾਲ ਹੋ ਗਏ ਹਨ ਪੰਜਾਬ ਰਹਿੰਦਿਆਂ। ਮੁੰਬਈ ਵਿਚ ਮੈਂ ਭਾਵੇਂ ਮੁੜ ਇਕ ਨਿੱਕਾ ਜਿਹਾ ਫਲੈਟ ਲੈ ਰੱਖਿਆ ਹੈ, ਪਰ ਉਹ ਦਸ ਪੰਦਰਾਂ ਸਾਲਾਂ ਤੋਂ ਬੰਦ ਹੀ ਪਿਆ ਹੈ, ਸਾਨੂੰ ਉਡੀਕਦਾ। ਪੰਜਾਬ ਦਾ ਸਾਹਿਤ ਜਗਤ ਤੇ ਨਾਟਕਕਾਰਾਂ ਦੇ ਨਾਟਕਕਾਰ ਭਾਅ ਜੀ ਦਾ ਮੋਹ ਹੁਣ ਪ੍ਰਿਥਵੀ ਥਿਏਟਰ ਦੀ ਧੂਮ ਉਤੇ ਹਾਵੀ ਹੋ ਗਿਆ।
ਵਕਤ ਪਾ ਕੇ ਗੁਰਸ਼ਰਨ ਭਾਅ ਜੀ ਮੈਨੂੰ ਵੀ ਜਾਣ ਜਾਣਗੇ, ਮੇਰੀ ਕਹਾਣੀ Ḕਝੂੰਗਾ’ ਨੂੰ ਮੰਚੀਕਰਣ ਲਈ ਮੰਗਣਗੇ, ਮੇਰੀ ਪੁਸਤਕ Ḕਰੂਹ ਦਾ ਅਨੁਵਾਦ’ ਰਿਲੀਜ਼ ਕਰਨ ਲਈ ਆਪ ਅੱਗੇ ਵਧ ਕੇ ਸਮਾਗਮ ਰਚਣਗੇ, ਤੇ ਮੇਰੀ ਕਹਾਣੀ Ḕਖੁਸ਼ਬੂ’ ਦੀ ਫਿਲਮ ਨੂੰ ਸਾਹਿਤ ਚਿੰਤਨ ਦੇ ਮੰਚ ਤੋਂ ਲੋਕ-ਅਰਪਣ ਕਰਨਗੇ, ਆਪਣੇ ਹਰ ਨਾਟਕ ਲਈ ਆਪਣੇ ਹੱਥੀਂ ਕਾਰਡ ਲਿਖ ਕੇ, ਮੈਨੂੰ ਸੱਦਾ ਦੇਣਗੇæææ?æææਮੈਂ ਆਪਣੀ ਬਾਂਹ ‘ਤੇ ਚੂੰਢੀ ਮਾਰਦੀ, Ḕਇਹ ਸੱਚ ਹੈ ਕਿ ਸੁਪਨਾæææ?’ ਮੈਨੂੰ ਆਪਣਾ ਕੱਦ ਬੜਾ ਉਚਾ ਲੱਗਣ ਲੱਗ ਪੈਂਦਾ, ਸਰੂ ਤੋਂ ਵੀ ਉਚੇਰਾ, ਤੇ ਆਪ-ਮੁਹਾਰੇ ਹੀ ਮੇਰੇ ਹੋਠ ਫਰਕ ਉਠਦੇ, Ḕਵਾਹ ਭਾਅ ਜੀ, ਸੁਬਹਾਨ ਅੱਲਾਹ।Ḕ
Leave a Reply