ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਰਕਾਰੀ ਜਾਇਦਾਦਾਂ ਵੇਚਣ ਦੇ ਰਾਹ ਵਿਚ ਆਉਂਦੇ ਸਾਰੇ ਅੜਿੱਕਿਆਂ ਨੂੰ ਦੂਰ ਕਰ ਲਿਆ ਹੈ। ਇਨ੍ਹਾਂ ਸੰਪਤੀਆਂ ਦਾ ਇੰਤਕਾਲ ਪੁੱਡਾ ਦੇ ਨਾਂ ਹੋ ਚੁੱਕਿਆ ਹੈ ਤੇ ਇਸ ਵੱਲੋਂ ਹੁਣ ਇਨ੍ਹਾਂ ਨੂੰ ਨਿਲਾਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਪੁੱਡਾ ਤੋਂ ਮਿਲੇ ਵੇਰਵਿਆਂ ਮੁਤਾਬਕ ਰੋਪੜ ਸ਼ਹਿਰ ਵਿਚ ਪੈਂਦੀ ਬੜੀ ਹਵੇਲੀ ਦੀ ਤਕਰੀਬਨ 16 ਏਕੜ ਜ਼ਮੀਨ ਵੇਚੀ ਜਾਣੀ ਹੈ ਤੇ ਇਥੋਂ ਦੇ ਪਿੰਡ ਸੁਖਰਾਮਪੁਰ ਦੀ 10æ70 ਏਕੜ ਜ਼ਮੀਨ ਦਾ ਇੰਤਕਾਲ ਵੀ ਪੁੱਡਾ ਦੇ ਨਾਂ ਹੋ ਗਿਆ ਹੈ।
ਪੰਜਾਬ ਸਰਕਾਰ ਨੇ ਰੋਪੜ ਦੇ ਡੀæਸੀæ ਨੂੰ ਪੱਤਰ ਲਿਖ ਕੇ ਇਸ ਸਾਈਟ ਦਾ ਕਬਜ਼ਾ ਪੁੱਡਾ ਨੂੰ ਦੇਣ ਲਈ ਹਦਾਇਤ ਕੀਤੀ ਹੈ। ਰੋਪੜ ਦੇ ਮੌਜੂਦਾ ਬੱਸ ਅੱਡੇ ਨੂੰ ਵੀ ਸਰਕਾਰ ਨਿਲਾਮ ਕਰੇਗੀ। ਬੱਸ ਅੱਡੇ (ਪੰਜਾਬ ਰੋਡਵੇਜ਼) ਦੀ 21 ਕਨਾਲ ਨੌਂ ਮਰਲੇ ਜ਼ਮੀਨ ਨਵਾਂ ਬੱਸ ਸਟੈਂਡ ਬਣਨ ਮਗਰੋਂ ਨਿਲਾਮ ਕੀਤੀ ਜਾਵੇਗੀ। ਇਥੇ ਨਵੀਂ ਬੱਸ ਅੱਡੇ ਦੀ ਉਸਾਰੀ ਹੋ ਰਹੀ ਹੈ। ਬਠਿੰਡਾ ਸ਼ਹਿਰ ਦੇ ਮਾਲ ਰੋਡ ‘ਤੇ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਇੰਤਕਾਲ ਵੀ ਪੁੱਡਾ ਦੇ ਨਾਂ ਹੋ ਚੁੱਕਿਆ ਹੈ। ਇਸ ਸਕੂਲ ਦੀ ਸੰਪਤੀ 1æ4 ਏਕੜ ਹੈ। ਸਕੂਲ ਲਈ ਨਵੀਂ ਇਮਾਰਤ ਉਸਾਰੀ ਅਧੀਨ ਹੈ ਜਿਸ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਨਵੀਂ ਇਮਾਰਤ ਵਿਚ ਤਬਦੀਲ ਕਰ ਦਿੱਤਾ ਜਾਵੇਗਾ ਤੇ ਇਸ ਨੂੰ ਵੇਚਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਬਠਿੰਡਾ ਦੀ ਮੌਜੂਦਾ ਕੇਂਦਰੀ ਜੇਲ੍ਹ ਦੀ 31 ਏਕੜ ਜ਼ਮੀਨ ਦਾ ਇੰਤਕਾਲ ਪਹਿਲਾਂ ਹੀ ਪੁੱਡਾ ਦੇ ਨਾਂ ਹੋ ਚੁੱਕਿਆ ਹੈ। ਫ਼ਰੀਦਕੋਟ ਦੀ ਸਹਿਕਾਰੀ ਖੰਡ ਦੀ 135 ਏਕੜ ਜ਼ਮੀਨ ਵਿਚ ਵੀ ਰਿਹਾਇਸ਼ੀ ਪਲਾਟਾਂ ਦੀ ਸਕੀਮ ਸ਼ੁਰੂ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਨਾਭਾ ਦੀ ਖੁੱਲ੍ਹੀ ਜੇਲ੍ਹ ਦੀ 100 ਏਕੜ ਜ਼ਮੀਨ ਵੀ ਸਰਕਾਰ ਵੇਚ ਰਹੀ ਹੈ ਤੇ ਇਸ ਦੀ ਪਲਾਨਿੰਗ ਦਾ ਕੰਮ ਚੱਲ ਰਿਹਾ ਹੈ। ਕਪੂਰਥਲਾ ਦੀ ਪੁਰਾਣੀ ਜੇਲ੍ਹ ਸਾਈਟ ਦੀ 11 ਏਕੜ ਪੰਜ ਕਨਾਲ ਜ਼ਮੀਨ ਵਿਚ ਵੀ ਰਿਹਾਇਸ਼ੀ ਪਲਾਟਾਂ ਦੀ ਸਕੀਮ ਲਾਂਚ ਕੀਤੀ ਜਾ ਚੁੱਕੀ ਹੈ। ਅੰਮ੍ਰਿਤਸਰ ਦੀ ਪੁਰਾਣੀ ਕੇਂਦਰੀ ਜੇਲ੍ਹ ਦੀ 76 ਏਕੜ ਜ਼ਮੀਨ ਵੀ ਸਰਕਾਰ ਵੇਚਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਵੱਲੋਂ ਆਪਣੇ ਪਹਿਲੇ ਕਾਰਜਕਾਲ ਵਿਚ ਵੇਚੀਆਂ ਗਈਆਂ ਜਾਇਦਾਦਾਂ ਵੱਖਰੀਆਂ ਹਨ। ਪੰਜਾਬ ਸਰਕਾਰ ਵੱਲੋਂ ਕਾਫ਼ੀ ਅਰਸਾ ਪਹਿਲਾਂ ਜਨਤਕ ਮਕਸਦਾਂ ਵਾਸਤੇ ਇਨ੍ਹਾਂ ਜ਼ਮੀਨਾਂ ਨੂੰ ਐਕੁਆਇਰ ਕੀਤਾ ਗਿਆ ਸੀ ਪਰ ਹੁਣ ਇਨ੍ਹਾਂ ਨੂੰ ਵੇਚਿਆ ਜਾ ਰਿਹਾ ਹੈ।
_____________________________________
ਸੁਖਬੀਰ ਦੇ ਹਲਕੇ ਦਾ ਸਰਕਾਰੀ ਹਸਪਤਾਲ ਹੋਵੇਗਾ ਨਿਲਾਮ
ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕਾ ਜਲਾਲਾਬਾਦ ਦੇ ਮੌਜੂਦਾ ਸਰਕਾਰੀ ਹਸਪਤਾਲ ਨੂੰ ਵੀ ਨਿਲਾਮ ਕੀਤਾ ਜਾਵੇਗਾ ਤੇ ਜਿਸ ਦੀ ਜਗ੍ਹਾ ਤਕਰੀਬਨ 10 ਕਨਾਲ ਹੈ। ਪੰਜਾਬ ਸਰਕਾਰ ਵੱਲੋਂ ਜਲਾਲਾਬਾਦ ਵਿਚ ਨਵਾਂ ਹਸਪਤਾਲ ਬਣਾਇਆ ਜਾ ਰਿਹਾ ਹੈ। ਜਿਸਦੇ ਬਣਨ ਮਗਰੋਂ ਮੌਜੂਦਾ ਹਸਪਤਾਲ ਵਾਲੀ ਜਗ੍ਹਾ ਵੇਚੀ ਜਾਣੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸੰਸਦੀ ਹਲਕੇ ਦੇ ਮਾਨਸਾ ਸ਼ਹਿਰ ਦੇ ਮਹਿਲਾ ਥਾਣੇ ਦੀ ਤਿੰਨ ਕਨਾਲ 13 ਮਰਲੇ ਦੀ ਜਾਇਦਾਦ ਵੇਚੀ ਜਾਣੀ ਹੈ। ਮਾਨਸਾ ਵਿਚ ਹੀ ਖ਼ੁਰਾਕ ਤੇ ਸਪਲਾਈ ਵਿਭਾਗ ਦੀ ਪੰਜ ਕਨਾਲ ਅੱਠ ਮਰਲੇ ਜਗ੍ਹਾ ਵੀ ਨਿਲਾਮ ਹੋਵੇਗੀ। ਇਸ ਸਾਈਟ ਦੀ ਪਲਾਨਿੰਗ ਕੀਤੀ ਜਾ ਰਹੀ ਹੈ। ਪਲਾਨਿੰਗ ਮਗਰੋਂ ਸਮਰੱਥ ਅਧਿਕਾਰੀ ਤੋਂ ਇਸ ਸਾਈਟ ਦੀ ਰਾਖਵੀਂ ਕੀਮਤ ਤੈਅ ਕਰਵਾ ਕੇ ਇਸ ਨੂੰ ਵੇਚਿਆ ਜਾਵੇਗਾ। ਮਾਨਸਾ ਵਿਚ ਪੀæਐਸ਼ਆਈæਈæਸੀæ ਦੀ 52 ਏਕੜ ਜ਼ਮੀਨ ਵੀ ਸਰਕਾਰ ਵੇਚੇਗੀ। ਇਸ ਜਗ੍ਹਾ ਵਿਚ ਸਰਕਾਰ ਨੇ ਕਲੋਨੀ ਕੱਟ ਦਿੱਤੀ ਹੈ।
Leave a Reply