ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਨੇ ਪੰਜਾਬੀ ਸਾਹਿਤ ਨੂੰ ਮਿਸਾਲੀ ਕਹਾਣੀਆਂ ਦਿੱਤੀਆਂ ਹਨ। ਉਨ੍ਹਾਂ ਦੀਆਂ ਕਹਾਣੀਆਂ ਵਿਚਲੀ ਸੂਖਮਤਾ ਤੇ ਸਹਿਜਤਾ ਪਾਠਕ-ਮਨ ਦੀ ਉਤਸੁਕਤਾ ਨੂੰ ਲਗਾਤਾਰ ਜ਼ਰਬ ਦਿੰਦੀ ਹੈ ਅਤੇ ਮਨ ਦੀਆਂ ਪਰਤਾਂ ਫਰੋਲਣੀਆਂ ਸ਼ੁਰੂ ਕਰ ਦਿੰਦੀ ਹੈ। ਉਨ੍ਹਾਂ ਦੀ ਵਾਰਤਕ ਦਾ ਰੰਗ ਇਸ ਤੋਂ ਰਤਾ ਕੁ ਵੱਖਰਾ ਹੈ। ਇਸ ਵਿਚ ਤਿੱਖੇ ਵਿਅੰਗ-ਬਾਣ ਚੱਲਦੇ ਹਨ ਅਤੇ ਗੁੱਝੀਆਂ ਚੋਭਾਂ ਵੀ ਖੂਬ ਲਗਦੀਆਂ ਹਨ। ਐਤਕੀਂ ‘ਰੋਟੀ-ਸ਼ਾਸਤਰ ਤੇ ਰੋਟੀ-ਸ਼ਸਤਰ’ ਨਾਂ ਦੇ ਇਸ ਲੇਖ ਵਿਚ ਵਿਅੰਗ ਦਾ ਬਾਣ ਕੁਝ ਜ਼ਿਆਦਾ ਹੀ ਚੋਭ ਵਾਲਾ ਹੈ। ਇਸ ਦੇ ਨਾਲ ਹੀ ਲੇਖ ਵਿਚ ਗੱਲਾਂ ਅਗਾਂਹ ਤੋਂ ਅਗਾਂਹ ਗਲੋਟੇ ਵਾਂਗ ਉਧੜਦੀਆਂ ਚਲੀਆਂ ਜਾਂਦੀਆਂ ਹਨ। -ਸੰਪਾਦਕ
ਗੁਰਬਚਨ ਸਿੰਘ ਭੁੱਲਰ
ਰੋਟੀ ਦੀ ਲੀਲ੍ਹਾ ਨਿਆਰੀ ਰੇ ਭਈਆ! ਰੋਟੀ ਸ਼ਾਸਤਰ ਵੀ ਹੈ ਤੇ ਰੋਟੀ ਸ਼ਸਤਰ ਵੀ ਹੈ। ਇਹ ਦੇਖਣ ਵਿਚ ਛੋਟੀ ਹੈ, ਪਰ ਸ਼ਾਸਤਰ ਵਜੋਂ ਇਹਦੇ ਉਪਦੇਸ਼ ਵੀ ਵੱਡੇ ਗ੍ਰੰਥਾਂ ਵਾਲੇ ਨੇ ਤੇ ਸ਼ਸਤਰ ਵਜੋਂ ਇਹਦੀ ਮਾਰ ਵੀ ਵੱਡੇ ਸ਼ਸਤਰਾਂ ਵਾਲੀ ਹੈ। ਵੈਸੇ ਇਹਦਾ ਸ਼ਾਸਤਰ ਤੇ ਸ਼ਸਤਰ ਇਕ ਦੂਜੇ ਵਿਚ ਤਾਣੇ-ਪੇਟੇ ਵਾਂਗ ਬੁਣੇ ਹੋਏ ਹਨ।
ਉਸ ਆਦਮੀ ਦੀ ਕਲਪਨਾ ਕਰੋ ਜਿਸ ਨੇ ਪਹਿਲੀ ਵਾਰ ਪੱਥਰ ਉਤੇ ਪੱਥਰ ਨਾਲ ਦਾਣੇ ਦਰੜ ਕੇ, ਨਦੀ ਦੇ ਪਾਣੀ ਵਿਚ ਮੱਧ ਕੇ ਤੇ ਅੱਗ ਉਤੇ ਠੀਕਰਾ ਰੱਖ ਕੇ ਉਸ ਚੀਜ਼ ਨੂੰ ਪਕਾਉਣ ਦੀ ਕਲਪਨਾ ਕੀਤੀ ਹੋਵੇਗੀ ਜਿਸ ਦਾ ਨਾਂ ਵੀ ਅਜੇ ਉਹਨੇ ਆਟਾ ਨਹੀਂ ਰੱਖਿਆ ਹੋਵੇਗਾ। ਰੋਟੀ ਨਾਂ ਤਾਂ ਕਿਤੇ ਬਹੁਤ ਮਗਰੋਂ ਜਾ ਕੇ ਪਿਆ ਹੋਵੇਗਾ। ਹੋ ਸਕਦਾ ਹੈæææ ਹੋ ਸਕਦਾ ਕੀ, ਹੋਇਆ ਹੀ ਇਉਂ ਹੋਵੇਗਾ ਕਿ ਉਹਨੇ ਪਹਿਲਾਂ ਟਿੱਕੀ ਜਿਹੀ ਜਾਂ ਖਿੱਦੋ ਜਿਹੀ ਬਣਾ ਕੇ ਠੀਕਰੇ ਉਤੇ ਰਾੜ੍ਹਨੀ ਚਾਹੀ ਹੋਵੇਗੀ। ਉਸ ਨੂੰ ਵਿਚੋਂ ਕੱਚੀ ਰਹਿ ਗਈ ਦੇਖ ਕੇ ਉਹਨੇ ਅਨੁਭਵ ਦੇ ਆਧਾਰ ਉਤੇ ਉਸ ਨੂੰ ਹਥੇਲੀਆਂ ਵਿਚਕਾਰ ਥੱਪਣਾ ਸੋਚਿਆ ਹੋਵੇਗਾ। ਮੁਕਦੀ ਗੱਲ, ਜੋ ਰੋਟੀ ਅਸੀਂ ਅੱਜ ਸਾਧਾਰਨ ਚੀਜ਼ ਸਮਝ ਕੇ ਦੋ-ਤਿੰਨ ਵੇਲੇ ਬੇਧਿਆਨੇ ਛਕ ਜਾਂਦੇ ਹਾਂ, ਉਹਦੀ ਕਾਢ ਕੱਢਣ ਵਿਚ ਕਈ ਪੀੜ੍ਹੀਆਂ ਦੇ Ḕਰੋਟੀ-ਵਿਗਿਆਨੀਆਂḔ ਦੀ ਸਮਝ-ਖੋਜ ਲੱਗੀ ਹੋਵੇਗੀ। ਉਹ ਯਕੀਨਨ ਸਾਡੇ ਸਮਕਾਲੀ ਉਨ੍ਹਾਂ ਵਿਗਿਆਨੀਆਂ ਤੋਂ ਘੱਟ ਨਹੀਂ ਸਨ, ਜਿਨ੍ਹਾਂ ਨੇ ਰਾਕਟ ਬਣਾਏ ਹਨ।
ਇਕ ਵਾਰ ਰੋਟੀ ਬਣ ਗਈ, ਬੱਸ ਫੇਰ ਕੀ ਸੀ, ਦੁਨੀਆਂ ਦਾ ਧੁਰਾ ਬਣ ਗਈ ਅਤੇ ਰਾਜ ਕਰਨ ਲੱਗੀ। ਇਹਨੇ ਆਪਣਾ ਸ਼ਾਸਤਰ ਵੀ ਵਿਕਸਤ ਕਰ ਲਿਆ ਅਤੇ ਸ਼ਸਤਰ ਵਾਲਾ ਅਵਤਾਰ ਵੀ ਧਾਰ ਲਿਆ। ਰੋਟੀ ਦੇ ਪਹੀਏ ਉਤੇ ਸਵਾਰ ਹੋ ਕੇ ਮਨੁੱਖੀ ਸਮਾਜ ਜੰਗਲ ਤੋਂ ਸਭਿਅਤਾ ਤੱਕ ਪਹੁੰਚ ਗਿਆ। ਹਰ ਮਨੁੱਖ ਰੋਟੀ ਦੇ ਪਹੀਏ ਉਤੇ ਸਵਾਰ ਹੋ ਕੇ ਹੀ ਬਾਲਪਨ ਤੋਂ ਬਜ਼ੁਰਗੀ ਤੱਕ ਦਾ ਸਫਰ ਤੈਅ ਕਰਦਾ ਹੈ। ਜੇ ਮਨੁੱਖ ਭੁੱਖਾ ਹੋਵੇ, ਚੰਦ ਵੀ ਰੋਟੀ ਦਿਸਦਾ ਹੈ! ਇਕ ਮਨਮੌਜੀ ਗੀਤ ਦੇ ਬੋਲ ਹਨ-ਏਕ ਬਗਲ ਮੇਂ ਚਾਂਦ ਹੋਗਾ, ਏਕ ਬਗਲ ਮੇਂ ਰੋਟੀਆਂ! ਉਹ ਸੰਤੁਸ਼ਟੀ ਜ਼ਾਹਿਰ ਕਰਦਾ ਹੈ, ਜੀਵਨ ਦੇ ਸਫਰ ਸਮੇਂ ਇਕ ਹੱਥ ਵਿਚ ਚੰਦ, ਅਰਥਾਤ ਸਭੇ ਨਿਆਮਤਾਂ ਤੇ ਖੂਬਸੂਰਤੀਆਂ ਹੋਣਗੀਆਂ ਤੇ ਦੂਜੇ ਹੱਥ ਵਿਚ ਜੀਵਨਦਾਤੀਆਂ ਰੋਟੀਆਂ ਹੋਣਗੀਆਂ। ਇਉਂ ਉਹ ਪ੍ਰਾਪਤੀਆਂ ਦੇ ਪੱਲੜੇ ਵਿਚ ਰੋਟੀ ਨੂੰ ਸੰਸਾਰ ਦੀਆਂ ਸਾਰੀਆਂ ਨਿਆਮਤਾਂ ਤੇ ਖੂਬਸੂਰਤੀਆਂ ਦੇ ਬਰਾਬਰ ਰੱਖ ਦਿੰਦਾ ਹੈ।
ਇਸੇ ਕਰਕੇ ਸਭ ਲੋਕ ਰੋਟੀ ਦਾ ਹੀ ਤਾਲ ਪੂਰਦੇ ਹਨ। ਬਾਬਾ ਨਾਨਕ ਕਹਿੰਦੇ ਹਨ, ਰੋਟੀਆ ਕਾਰਣਿ ਪੂਰਹਿ ਤਾਲ! ਬਾਬਾ ਬੁੱਲ੍ਹੇ ਸ਼ਾਹ ਦੀ ਆਪਣੇ ਇਸ਼ਟ, ਆਪਣੇ ਮਹਿਬੂਬ ਨੂੰ ਕਹੀ ਗੱਲ ਵੀ ਰੋਟੀ ਉਤੇ ਹੂ-ਬ-ਹੂ ਢੁਕਦੀ ਹੈ, ਹੇ ਰੋਟੀ, ਤੇਰੇ ਇਸ਼ਕ ਨਚਾਇਆ ਕਰ ਕੇ ਥਈਆ ਥਈਆ! ਮਹਾਨ ਚਿੰਤਕ ਕਾਰਲ ਮਾਰਕਸ ਨੇ ਲੁਟਦਿਆਂ ਤੇ ਲੁੱਟੀਂਦਿਆਂ ਨੂੰ ਬੁਰਜੁਆ ਤੇ ਪ੍ਰੋਲਤਾਰੀ ਦਾ ਨਾਂ ਦੇ ਕੇ ਨਿਖੇੜਾ ਕੀਤਾ। ਸਾਡੇ ਸਮਕਾਲੀ ਵੱਡੇ ਕਵੀ ਮੋਹਨ ਸਿੰਘ ਨੇ ਸਰਲ ਸ਼ਬਦਾਂ ਵਿਚ ਇਹੋ ਗੱਲ ਇਉਂ ਕਹੀ: ਦੋ ਟੋਟਿਆਂ ਵਿਚ ਭੋਂ ਟੁੱਟੀ, ਇਕ ਮਹਿਲਾਂ ਦਾ ਇਕ ਢੋਕਾਂ ਦਾ! ਦੋ ਧੜਿਆਂ ਵਿਚ ਖ਼ਲਕਤ ਵੰਡੀ, ਇਕ ਲੋਕਾਂ ਦਾ ਇਕ ਜੋਕਾਂ ਦਾ! ਮਾਰਕਸ ਤੇ ਮੋਹਨ ਸਿੰਘ ਦੀ ਕੀਤੀ ਇਸ ਵੰਡ ਦਾ ਆਧਾਰ ਵੀ ਰੋਟੀ ਹੀ ਸੀ। ਇਨ੍ਹਾਂ ਤੋਂ ਬਹੁਤ ਪਹਿਲਾਂ ਇਸ ਵੰਡ ਦੀ ਨਾਇਨਸਾਫੀ ਦੇਖਦਿਆਂ ਮਹਾਂਕਵੀ ਭਗਤ ਕਬੀਰ ਨੇ ਇਕ ਹੱਥ ਵਿਚ ਰੋਟੀ ਦਾ ਸ਼ਾਸਤਰ ਤੇ ਦੂਜੇ ਵਿਚ ਰੋਟੀ ਦਾ ਸ਼ਸਤਰ ਚੁੱਕਿਆ ਸੀ। ਅਲਾਹਾਬਾਦ ਤੋਂ ਹਿੰਦੀ ਵਿਚ ਇਕ ਸੈਂਚੀ ਵਿਚ ਪ੍ਰਕਾਸ਼ਿਤ ਉਨ੍ਹਾਂ ਦੀ ਸਮੁੱਚੀ ਬਾਣੀ ਦਾ ਪਾਠ ਕਰਦਿਆਂ ਮੈਨੂੰ ਇਹ ਅਨਮੋਲ ਤੁਕ ਪ੍ਰਾਪਤ ਹੋਈ ਜਿਸ ਵਿਚ ਉਹ ਲਲਕਾਰਦੇ ਹਨ, ਹਮ ਕਉ ਚਾਬਨੁ ਉਨ ਕਉ ਰੋਟੀ! ਸੁਣ ਉਇ ਵੱਡਿਆ ਰੱਬਾ, ਸਾਨੂੰ ਭੁੱਜੇ ਹੋਏ ਛੋਲੇ ਤੇ ਉਨ੍ਹਾਂ ਨੂੰ ਤੋਰੀ-ਫੁਲਕਾ! ਲੋਕ-ਸਿਆਣਪ ਨੇ ਤਾਂ ਗੱਲ ਹੀ ਨਿਬੇੜ ਦਿੱਤੀ ਹੈ, ਢਿੱਡ ਨਾ ਪਈਆਂ ਰੋਟੀਆਂ, ਸਭੇ ਗੱਲਾਂ ਖੋਟੀਆਂ! ਢਿੱਡ ਵਿਚ ਰੋਟੀ ਨਾ ਪਵੇ ਤਾਂ ਭਗਤ ਆਪਣੇ ਇਸ਼ਟ ਨੂੰ ਬੇਦਾਅਵਾ ਦਿੰਦਿਆਂ ਵੀ ਝਿਜਕਦਾ ਨਹੀਂ, ਸਾਥੋਂ ਭੁੱਖਿਆਂ ਤੋਂ ਭਗਤੀ ਨਾ ਹੋਵੇ, ਅਹਿ ਲੈ ਚੱਕ ਮਾਲਾ ਆਬਦੀ!
ਲਾਜਵਾਬ ਕਵੀ ਸ਼ੈਲੇਂਦਰ ਨੇ ਰਾਜਕਪੂਰ ਤੇ ਨਰਗਿਸ ਦੀ 1949 ਦੀ ਫਿਲਮ ਬਰਸਾਤ ਵਿਚ ਸਾਡੀ ਪੀੜ੍ਹੀ ਦੀ ਜਾਨਲੇਵਾ ਨ੍ਰਿਤਕੀ ਕੁੱਕੂ ਦੇ ਨਾਚ ਵਾਸਤੇ ਗੀਤ ਲਿਖ ਕੇ ਨਾਰੀ-ਸੁੰਦਰਤਾ ਦਾ ਮਿਆਰ ਮਿਥ ਦਿੱਤਾ ਸੀ, ਪਤਲੀ ਕਮਰ ਹੈ, ਤਿਰਛੀ ਨਜ਼ਰ ਹੈ, ਕੋਈ ਬਤਾ ਦੇ ਕਹਾਂ ਕਸਰ ਹੈ! ਅੱਠ ਸਾਲ ਮਗਰੋਂ 1957 ਵਿਚ ਪ੍ਰਸਿੱਧ ਕਵੀ ਖ਼ੁਮਾਰ ਬਾਰਾਬੰਕਵੀ ਨੇ ਰੋਟੀ ਦਾ ਮਿਆਰ ਨਾਰੀ-ਸੁੰਦਰਤਾ ਦੇ ਇਸ ਮਿਆਰ ਤੋਂ ਉਚਾ ਮਿਥ ਦਿੱਤਾ। ਬਲਰਾਜ ਸਾਹਨੀ ਤੇ (ਹੁਣ ਕਿਤੇ ਪੰਚਕੂਲਾ ਰਹਿੰਦੀ) ਨਿਪੁੰਨ ਅਦਾਕਾਰਾ ਨਿਰੂਪਾ ਰਾਇ ਦੀ ਫਿਲਮ ‘ਦੋ ਰੋਟੀ’ ਵਾਸਤੇ ਉਹਨੇ ਇਕ ਤਰ੍ਹਾਂ ਨਾਲ ਜਵਾਬੀ ਗੀਤ ਲਿਖਿਆ, ਸੁਨ ਲੋ ਜੀ ਸੁਨ ਲੋ ਪਤੇ ਕੀ ਬਾਤ! ਰੋਟੀ ਬਿਨਾਂ ਜੀਵਨ ਹੈ ਕਾਲੀ ਰਾਤ! ਰੋਟੀ ਬਿਨ ਤਿਰਛੀ ਨਜ਼ਰ ਪਤਲੀ ਕਮਰ ਨਹੀਂ ਭਾਏ! ਰੋਟੀ ਬਿਨ ਪੀ ਕੀ ਲਗਨ ਦਿਲ ਕਾ ਮਿਲਨ ਟੂਟ ਜਾਏ! ਮਨੁੱਖੀ ਪੀੜ੍ਹੀਆਂ ਦੀ ਉਤਪਤੀ ਦਾ ਆਧਾਰ ਕਾਮ ਹੈ ਜੋ ਰੋਟੀ ਦਾ ਸਕਾ ਭਰਾ ਹੈ। ਸਾਊ-ਸਭਿਅਕ ਪੇਂਡੂ ਬੋਲੀ ਵਿਚ ਕਾਮ ਨੂੰ ਰੋਟੀ ਹੀ ਕਿਹਾ ਜਾਂਦਾ ਹੈ। ਦੋਵਾਂ ਧਿਰਾਂ ਦੀ ਜੁੜੀ ਪੰਚਾਇਤ ਵਿਚ ਕੁੜੀ ਵਾਲੇ ਆਖਦੇ ਹਨ, “ਜੇ ਤੁਹਾਡੇ ਮੁੰਡੇ ਨੇ ਸਾਡੀ ਕੁੜੀ ਨੂੰ ਰੋਟੀ ਹੀ ਨਹੀਂ ਦੇਣੀ, ਇਹਨੇ ਇਥੇ ਰਹਿ ਕੇ ਕੀ ਕਰਨਾ ਹੈ!” ਮੇਰੇ ਮਿੱਤਰ, ਸੂਖਮ ਕਹਾਣੀਕਾਰ ਗੁਰਦੇਵ ਸਿੰਘ ਰੁਪਾਣਾ ਦੀ ਕਹਾਣੀ ‘ਰੋਟੀ’ ਕਾਮ ਬਨਾਮ ਰੋਟੀ ਦੀ ਬੇਹੱਦ ਖੂਬਸੂਰਤ ਪੇਸ਼ਕਾਰੀ ਹੈ। ਮੇਰੀ ਕਹਾਣੀ ‘ਪੁੜੀਆਂ ਤੇ ਪੋਥੀਆਂ’ ਵੀ ਇਨ੍ਹਾਂ ਜੜੁੱਤ ਮਨੁੱਖੀ ਲੋੜਾਂ ਦੀ ਹੀ ਗੱਲ ਕਰਦੀ ਹੈ।
ਜੇ ਰੋਟੀ ਦਾ ਇਹ ਸ਼ਾਸਤਰ ਅਨੇਕਾਂ-ਅਨੇਕ ਗ੍ਰੰਥਾਂ ਨੂੰ ਮਾਤ ਪਾਉਂਦਾ ਹੈ ਤਾਂ ਸ਼ਸਤਰ ਵੀ ਤੀਰ-ਬਰਛੇ ਤੋਂ ਦੋ ਰੱਤੀਆਂ ਉਤੇ ਹੀ ਹੈ। ਚੋਣਾਂ ਤੋਂ ਪਹਿਲਾਂ ਫਰੀਦਕੋਟ ਦੀ ਭਰੀ ਸਭਾ ਵਿਚ ਮਚਾਕੀ ਖੁਰਦ ਦੇ ਇਕ ਬੇਨਾਂਵੇਂ ਗਰੀਬ ਕਿਸਾਨ ਨੇ ਜਦੋਂ ਉਚੇ ਨਾਂ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਸੇਧ ਕੇ ਰੋਟੀ ਦਾ ਸ਼ਸਤਰ ਵਾਹਿਆ, ਅਨੇਕ ਘਨਘੋਰ ਸਿਆਸੀ ਜੰਗਾਂ ਦਾ ਬਜ਼ੁਰਗ ਵਿਜੈਤਾ ਚਿੱਤ ਹੋ ਗਿਆ। ਬਾਦਲ ਸਾਹਿਬ ਦੀ ਇਕ ਰੁਪਏ ਕਿਲੋ ਦਿੱਤੀ ਕਣਕ ਦੀਆਂ ਮੁਸ਼ਕ-ਮਾਰਦੀਆਂ ਰੋਟੀਆਂ ਜਦੋਂ ਗਰੀਬ ਦੇ ਉਚੇ ਚੁੱਕੇ ਹੋਏ ਦੋਵਾਂ ਹੱਥਾਂ ਵਿਚ ਕ੍ਰਿਸ਼ਨ ਦੇ ਸੁਦਰਸ਼ਨ ਚੱਕਰ ਵਾਂਗ ਘੁਕੀਆਂ, ਬਾਦਲ ਸਾਹਿਬ ਦੀ ਬੇਚੈਨੀ ਸਿਰਫ ਮਹਾਂਭਾਰਤ ਵਿਚ ਤੀਰਾਂ ਦੀਆਂ ਨੋਕਾਂ ਦੇ ਬਿਸਤਰ ਉਤੇ ਪਏ ਭੀਸ਼ਮ ਪਿਤਾਮਾ ਦੀ ਬੇਚੈਨੀ ਨਾਲ ਹੀ ਮੇਲੀ ਜਾ ਸਕਦੀ ਹੈ! ਜਦੋਂ ਬਾਦਲ ਜੀ ਦੇ ਕਿਹਾ, ਅਧਿਕਾਰੀ ਸਰਕਾਰੀ ਗੋਦਾਮਾਂ ਵਿਚੋਂ ਕਣਕ ਦੇ ਨਮੂਨੇ ਲੈਣ ਗਏ, ਖੁੱਲ੍ਹੇ ਅੰਬਰ ਹੇਠ ਭਿੱਜ-ਭਿੱਜ ਸੁਕਦੀ ਰਹੀ ਕਣਕ ਨੂੰ ਉਲੀ ਲੱਗੀ ਹੋਈ ਸੀ, ਉਸ ਵਿਚੋਂ ਮੁਸ਼ਕ ਮਾਰ ਰਿਹਾ ਸੀ ਤੇ ਉਸ ਵਿਚ ਸੁੰਡੀਆਂ ਮੌਜ ਨਾਲ ਕਲੋਲਾਂ ਕਰ ਰਹੀਆਂ ਬਾਦਲ ਜੀ ਦੇ ਗੁਣ-ਗੀਤ ਗਾ ਰਹੀਆਂ ਸਨ। ਪ੍ਰਯੋਗਸ਼ਾਲਾ ਨੇ ਪਰਖ ਕਰ ਕੇ ਕਿਹਾ, ਇਹ ਮਨੁੱਖਾਂ ਦੇ ਖਾਣ ਵਾਲੀ ਨਹੀਂ। ਅਸਲ ਵਿਚ ਇਹ ਉਹੋ ਜਿਹੀ ਕਣਕ ਸੀ ਜਿਸ ਬਾਰੇ ਸੁਪਰੀਮ ਕੋਰਟ ਸਪੱਸ਼ਟ ਕਰ ਚੁੱਕੀ ਹੈ ਕਿ ਇਹ ਮਨੁੱਖਾਂ ਦੇ ਤਾਂ ਕੀ, ਪਸੂਆਂ ਦੇ ਖਾਣ ਵਾਲੀ ਵੀ ਨਹੀਂ ਜਿਸ ਕਰਕੇ ਨਸ਼ਟ ਕਰ ਦੇਣੀ ਚਾਹੀਦੀ ਹੈ।
ਇਸ ਸੱਚ ਦਾ ਸਾਹਮਣਾ ਮੈਨੂੰ ਮਚਾਕੀ ਵਾਲੇ ਕਿਸਾਨ ਤੋਂ ਬਹੁਤ ਪਹਿਲਾਂ ਹੋ ਗਿਆ ਸੀ। ਕਈ ਮਹੀਨੇ ਹੋਏ, ਇਕ ਰਿਸ਼ਤੇਦਾਰੀ ਵਾਲੇ ਪਿੰਡ ਬਾਜ਼ਾਰੋਂ ਲੰਘ ਰਹੇ ਸੀ ਕਿ ਇਕ ਥਾਂ ਬਾਦਲ ਸਾਹਿਬ ਦੀ ਆਟਾ-ਦਾਲ ਵੰਡੀ ਜਾ ਰਹੀ ਸੀ। ਮੇਰੇ ਕਹਿਆਂ ਰਿਸ਼ਤੇਦਾਰ ਇਕ ਪੈਕਟ ਛੋਲਿਆਂ ਦੀ ਦਾਲ ਲਿਆਇਆ ਤਾਂ ਨਾਲ ਹੀ ਦੁਕਾਨਦਾਰ ਦੀ ਛੇਤੀ ਬਣਾ ਲੈਣ ਦੀ ਸਲਾਹ ਵੀ ਲੈ ਕੇ ਆਇਆ। ਦਿੱਲੀ ਆ ਕੇ ਹਫ਼ਤੇ ਮਗਰੋਂ ਅਸੀਂ ਰਿੰਨ੍ਹਣ ਲਈ ਬੰਦ ਪੈਕਟ ਕੱਢਿਆ ਤਾਂ ਉਸ ਵਿਚ ਦਾਲ ਹਰੀ ਹਰੀ ਉਲੀ ਨਾਲ ਭਰੀ ਪਈ ਸੀ। ਜਿੰਨੀ ਦਾਲ, ਉਸ ਤੋਂ ਵੱਧ ਉਲੀ! ਸ਼ਾਇਦ ਸਾਡੀਆਂ ਸਰਕਾਰਾਂ ਇਹ ਦਾਣੇ ਪਸੂਆਂ ਨੂੰ ਇਸ ਕਰਕੇ ਨਹੀਂ ਪਾਉਂਦੀਆਂ ਕਿਉਂਕਿ ਪਸੂ ਇਹੋ ਜਿਹੀ ਚੀਜ਼ ਖੁਰਲੀ ਵਿਚ ਪਾਈ ਦੇਖ ਕੇ ਪਾਉਣ ਵਾਲੇ ਦੇ ਜਾਂ ਤਾਂ ਢਿੱਡ ਵਿਚ ਸਿੰਗ ਮਾਰ ਸਕਦੇ ਹਨ ਜਾਂ ਹਿੱਕ ਵਿਚ ਛੜ ਠੋਕ ਸਕਦੇ ਹਨ। ਪਰ ਸਰਕਾਰ ਨੇ ਗਰੀਬਾਂ ਨੂੰ ਭੁੱਖੇ ਰੱਖ ਰੱਖ ਕੇ ਉਨ੍ਹਾਂ ਦੇ ਸਿੰਗ ਵੀ ਭੋਰ ਛੱਡੇ ਹਨ ਤੇ ਛੜਾਂ ਵੀ ਭੰਨ ਛੱਡੀਆਂ ਹਨ। ਇਸੇ ਕਰਕੇ ਗਰੀਬ, ਜਿਨ੍ਹਾਂ ਨੂੰ ਸਾਡੇ ਸਰਕਾਰੀ ਕਾਗਜ਼ਾਂ ਵਿਚ ਬੰਦਿਆਂ ਵਿਚ ਨਹੀਂ ਗਿਣਿਆ ਜਾਂਦਾ, ਆਮ ਕਰਕੇ ਭੁੱਖ ਦੇ ਕੇੜਿਆਂ ਦੇ ਮਾਰੇ ਜੋ ਹੱਥ ਆਵੇ, ਖਾ ਲੈਂਦੇ ਹਨ। ਪਰ ਕੋਈ ਕੋਈ ਵਿਰਲਾ-ਟਾਂਵਾਂ ਗਰੀਬ ਬੰਦਾ ਮਚਾਕੀ ਵਾਲੇ ਕਿਸਾਨ ਵਾਂਗ ਸਰਕਾਰੀ ਰੱਸਾ ਤੁੜਾ ਕੇ ਤੇ ਸਰਕਾਰੀ ਲਕੀਰ ਲੰਘ ਕੇ ਡੰਗਰਾਂ ਵਾਲੇ ਪਾਸਿਉਂ ਬੰਦਿਆਂ ਵਾਲੇ ਪਾਸੇ ਵੀ ਆ ਜਾਂਦਾ ਹੈ। ਉਹ ਆਪਣੇ ਅੰਦਰ ਭਗਤ ਕਬੀਰ ਜੀ ਦੀ ਰੂਹ ਦਾ ਪਰਵੇਸ਼ ਮਹਿਸੂਸ ਕਰਦਿਆਂ ਲਲਕਾਰਦਾ ਹੈ, “ਮੁੱਖ ਮੰਤਰੀ ਜੀ ਮਹਾਰਾਜ, ਹਮ ਕਉ ਮੁਸ਼ਕੀ ਰੋਟੀ, ਤੁਮ ਕਉ ਮੀਟ-ਪਰੌਂਠੇ?”
ਮਚਾਕੀ ਵਾਲੇ ਕਿਸਾਨ ਨੇ ਅੱਧੀ ਸਦੀ ਤੋਂ ਵੱਧ ਸਮਾਂ ਪਹਿਲਾਂ ‘ਪ੍ਰੀਤਲੜੀ’ ਵਿਚ ਛਪ ਕੇ ਚਰਚਿਤ ਹੋਈ ਅਤੇ ਮਗਰੋਂ ਮੇਰੇ ਪਹਿਲੇ ਕਹਾਣੀ-ਸੰਗ੍ਰਿਹ ‘ਓਪਰਾ ਮਰਦ’ ਵਿਚ ਸ਼ਾਮਲ ਹੋਈ ਕਹਾਣੀ ‘ਰੇਸ਼ਮ ਦੀ ਛੋਹ ਤੇ ਬੋਰੇ ਦਾ ਘਾਸਾ’ ਚੇਤੇ ਕਰਵਾ ਦਿੱਤੀ। ਉਸ ਵਿਚ ਵੀ ਸੰਗੂ ਨਾਂ ਦਾ ਸੀਰੀ ਰੋਟੀ ਦਾ ਸ਼ਾਸਤਰ ਪੜ੍ਹਾਉਂਦਾ ਹੈ ਤੇ ਉਸ ਨੂੰ ਸ਼ਸਤਰ ਬਣਾ ਕੇ ਸੁਦਰਸ਼ਨ ਚੱਕਰ ਵਾਹੁੰਦਾ ਹੈ। ਘਰ ਦੀ ਮਾਲਕਣ ਖੇਤ ਰੋਟੀ ਦੇ ਕੇ ਮੁੜ ਜਾਂਦੀ ਹੈ। ਸੀਰੀ ਸੰਗੂ ਦੀਆਂ ਰੋਟੀਆਂ ਅਜੇ ਉਹਦੇ ਹੱਥਾਂ ਉਤੇ ਹਨ। ਮਾਲਕ ਕਰਨੈਲ ਭੁੱਖ ਨਾ ਹੋਣ ਕਰਕੇ ਰੋਟੀਆਂ ਵਾਲਾ ਪੋਣਾ ਬੇਰੀ ਦੀ ਡਾਹਣੀ ਨਾਲ ਬੰਨ੍ਹਦਾ ਹੈ ਅਤੇ ਚਾਰਾ ਲੈਣ ਦੂਜੇ ਖੇਤ ਚਲਿਆ ਜਾਂਦਾ ਹੈ। ਸੰਗੂ ਦੀਆਂ ਠੀਕਰਿਆਂ ਵਰਗੀਆਂ ਸੁੱਕੀਆਂ ਮੋਟੀਆਂ ਰੋਟੀਆਂ ਉਤੇ ਲੂਣ-ਮਿਰਚਾਂ ਘਸਾਈਆਂ ਹੋਈਆਂ ਹਨ। ਉਹ ਪੋਣਾ ਖੋਲ੍ਹ ਕੇ ਦੇਖਦਾ ਹੈ ਤਾਂ ਕਰਨੈਲ ਦੇ ਕਣਕ ਦੇ ਫੁਲਕਿਆਂ ਵਿਚਕਾਰ ਆਲੂ-ਗੋਭੀ ਦੀ ਭੁੰਨਵੀਂ ਸਬਜ਼ੀ ਰੱਖੀ ਹੋਈ ਹੈ। ਵਹੀ ਉਤੇ ਬਰਾਬਰ ਦੀ ਰੋਟੀ ਦੀ ਲਿਖਤ ਦੇ ਬਾਵਜੂਦ ਇਹ ਵਿਤਕਰਾ! ਉਹ ਆਪਣੀਆਂ ਰੋਟੀਆਂ ਇਕ ਬਲ੍ਹਦ ਦੇ ਸਿੰਗ ਨਾਲ ਬੰਨ੍ਹਦਾ ਹੈ ਤੇ ਕਰਨੈਲ ਦੀਆਂ ਰੋਟੀਆਂ ਦੂਜੇ ਬਲ੍ਹਦ ਦੇ ਸਿੰਗ ਨਾਲ ਅਤੇ ਪਿੰਡ ਦੀ ਸੱਥ ਵਿਚ ਪਹੁੰਚ ਜਾਂਦਾ ਹੈ। ਰੋਜ਼ ਵਾਂਗ ਕਰਨੈਲ ਦਾ ਖੜਪੈਂਚ ਪਿਤਾ ਬਾਬਾ ਮੋਦਨ ਸਿੰਘ ਸੱਥ ਵਿਚ ਤਾਸ਼ ਖੇਡ ਰਿਹਾ ਹੈ ਅਤੇ ਹੋਰ ਲੋਕ ਤਾਸ਼ ਖੇਡਦੀ ਚੌਂਕੜੀ ਨੂੰ ਦੇਖ ਰਹੇ ਹਨ। ਐਨ ਇਸ ਘੜੀ ਮਹਾਂਸੰਤ ਤੇ ਜੁਝਾਰੂ ਮਹਾਂਕਵੀ ਕਬੀਰ ਦੀ ਰੂਹ ਸੰਗੂ ਵਿਚ ਪਰਵੇਸ਼ ਕਰਦੀ ਹੈ ਅਤੇ ਉਹ ਲਲਕਾਰਦਾ ਹੈ, “ਸੁਣ ਓਇ ਬਾਬਾ ਮੋਦਨ ਸਿਆਂ, ਹਮ ਕਉ ਲੂਣ-ਬਾਜਰਾ, ਤੁਮ ਕਉ ਫੁਲਕੇ-ਗੋਭੀ?”
ਮੇਰੀ ਕਹਾਣੀ ਵਾਲਾ ਬਾਬਾ ਮੋਦਨ ਸਿੰਘ ਪਿੰਡ ਦਾ ਚਿਟ-ਕਪੜੀਆ ਖੜਪੈਂਚ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹਨ, ਪੰਜਾਬ ਦੇ ਸਭ ਤੋਂ ਬਜ਼ੁਰਗ ਤੇ ਆਦਰਜੋਗ ਸਿਆਸਤਦਾਨ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਹਨ। ਇਨ੍ਹਾਂ ਸਭ ਗੱਲਾਂ ਤੋਂ ਵੱਡੀ ਤੇ ਮਹੱਤਵਪੂਰਨ ਗੱਲ, ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪਿਤਾ ਹਨ ਜੋ ਉਪ ਮੁੱਖ-ਮੰਤਰੀ, ਅਕਾਲੀ ਦਲ ਦੇ ਪ੍ਰਧਾਨ ਤੇ ਸੰਸਾਰ ਭਰ ਦੇ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹਨ ਅਤੇ ਯੂਥ ਅਕਾਲੀ ਦਲ ਦੇ ਸਾਊ-ਸਨਿਮਰ, ਮਿੱਠਬੋਲੜੇ ਤੇ ਹਲੀਮ ਪ੍ਰਧਾਨ, ਮਾਲ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਭਣੋਈਏ ਹਨ। (ਜਿਨ੍ਹਾਂ ਪਾਠਕਾਂ ਨੂੰ ‘ਯੂਥ’ ਦੇ ਪੰਜਾਬੀ ਅਰਥ ਨਹੀਂ ਆਉਂਦੇ, ਉਨ੍ਹਾਂ ਨੂੰ ਕੱਚੇ ਹੋਣ ਦੀ ਲੋੜ ਨਹੀਂ ਕਿਉਂਕਿ ਸਾਨੂੰ ਭਾਰੀ ਕੁਰਬਾਨੀਆਂ ਨਾਲ ਪੰਜਾਬੀ ਸੂਬਾ ਲੈ ਕੇ ਦੇਣ ਦੀ ਦਾਅਵੇਦਾਰ ਪਾਰਟੀ ਨੂੰ ਵੀ ‘ਯੂਥ’ ਸ਼ਬਦ ਦੀ ਪੰਜਾਬੀ ਦਾ ਪਤਾ ਨਹੀਂ! ਮੈਂ ਸਭਨਾਂ ਦੀ ਗਿਆਤਾ ਲਈ ਦੱਸ ਦੇਵਾਂ, ਯੂਥ ਅੰਗਰੇਜ਼ੀ ਵਿਚ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ‘ਗੁਰਮੁਖੀ’ ਵਿਚ ਨੌਜਵਾਨ ਆਖਦੇ ਹਨ!)
ਕੁਦਰਤੀ ਸੀ, ਮੇਰੀ ਕਹਾਣੀ ਦੇ ਬਾਬਾ ਮੋਦਨ ਸਿੰਘ ਦੀ ਹਾਲਤ ਉਹ ਹੋ ਜਾਂਦੀ ਜੋ ਮਚਾਕੀ ਵਾਲੇ ਕਿਸਾਨ ਨੇ ਮੁੱਖ ਮੰਤਰੀ ਜੀ ਦੀ ਕਰ ਦਿੱਤੀ। ਉਸ ਗਰੀਬ ਕਿਸਾਨ ਨੇ ਵੋਟਰਾਂ ਨੂੰ ਰੋਟੀ-ਸ਼ਾਸਤਰ ਵੀ ਦ੍ਰਿੜ੍ਹ ਕਰਵਾਇਆ ਅਤੇ ਰੋਟੀ-ਸ਼ਸਤਰ ਵੀ ਮੁੱਖ ਮੰਤਰੀ ਵੱਲ ਵਾਹ ਦਿੱਤਾ। ਕਮਾਲ ਇਹ ਹੋਈ ਕਿ ਵੋਟਰਾਂ ਨੇ ਰੋਟੀ-ਸ਼ਾਸਤਰ ਵੀ ਸੁਣਿਆ ਤੇ ਰੋਟੀ-ਸ਼ਸਤਰ ਵੀ ਮਾਰ ਕਰਦਾ ਦੇਖਿਆ। ਨਤੀਜੇ ਨਿੱਕਲੇ ਤਾਂ ਹਾਕਮ ਪਾਰਟੀ ਰੱਬ ਰੱਬ ਕਰ ਕੇ ਮਸਾਂ ਚਾਰ ਸੀਟਾਂ ਹੀ ਬਚਾ ਸਕੀ, ਬਾਕੀ ਸਭ ਥਾਂ ਚਿੱਤ ਹੋਈ ਤੇ ਰੋਟੀ ਦੀ ਜੈ-ਜੈ-ਕਾਰ ਤੇ ਜਿੱਤ ਹੋਈ! ਸਾਰੀ ਸੰਗਤ ਗੱਜ ਕੇ ਬੋਲੋ, ਜੀਵਨਦਾਤੀ ਰੋਟੀ-ਜ਼ਿੰਦਾਬਾਦ!
Leave a Reply