ਟ੍ਰੈਜਡੀ ਕਿੰਗ ਦਿਲੀਪ ਕੁਮਾਰ ਦੀ ਕਹਾਣੀ

ਟ੍ਰੈਜਡੀ ਕਿੰਗ ਦਿਲੀਪ ਕੁਮਾਰ ਦੀ ਸਵੈ-ਜੀਵਨੀ Ḕਦਿ ਸਬਸਟਾਂਸ ਐਂਡ ਦਿ ਸ਼ੈਡੋḔ ਦੇ ਰਿਲੀਜ਼ ਸਮਾਗਮ ਮੌਕੇ ਫਿਲਮੀ ਕਲਾਕਾਰਾਂ ਦਾ ਮੇਲਾ ਹੀ ਲੱਗ ਗਿਆ। ਇਹ ਕਿਤਾਬ ਭਾਵੇਂ ਉਦੈ ਤਾਰਾ ਨਈਅਰ ਨੇ ਲਿਖੀ ਹੈ ਪਰ ਇਸ ਦਾ ਸਾਰਾ ਬਿਰਤਾਂਤ ḔਮੈਂḔ ਦੇ ਰੂਪ ਵਿਚ ਦਿਲੀਪ ਕੁਮਾਰ ਵੱਲੋਂ ਕੀਤਾ ਗਿਆ ਹੈ। ਇਸ ਵਿਚ ਦਿਲੀਪ ਕੁਮਾਰ ਦੇ ਜੀਵਨ ਸੰਘਰਸ਼ ਅਤੇ ਉਸ ਦੇ ਫਿਲਮੀ ਸਫ਼ਰ ਦੀਆਂ ਬਾਤਾਂ ਹਨ। ਇਹ ਕਿਤਾਬ ਧਰਮਿੰਦਰ, ਅਮਿਤਾਭ ਬਚਨ ਅਤੇ ਆਮਿਰ ਖਾਨ ਨੇ ਰਿਲੀਜ਼ ਕੀਤੀ।
ਦਿਲੀਪ ਕੁਮਾਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਹੈ ਅਤੇ ਉਸ ਨੂੰ ਹੁਣ ਬਹੁਤੀਆਂ ਗੱਲਾਂ ਦਾ ਚੇਤਾ ਵੀ ਨਹੀਂ ਆਉਂਦਾ। ਇਸ ਸਮਾਗਮ ਵਿਚ ਵੀ ਉਹ ਗੁਆਚਿਆ-ਗੁਆਚਿਆ ਜਿਹਾ ਲਗਦਾ ਸੀ, ਪਰ ਉਸ ਦੇ ਸਾਥੀ ਕਲਾਕਾਰ ਮਿੱਤਰਾਂ ਨੇ ਉਸ ਨਾਲ ਇੰਨੇ ਤਿਹੁ-ਮੋਹ ਨਾਲ ਗੱਲਾਂ ਕੀਤੀਆਂ, ਕਿ ਉਸ ਨੇ ਇਨ੍ਹਾਂ ਗੱਲਾਂ ਨੂੰ ਕਿਤੇ-ਕਿਤੇ ਆਪਣੇ ਚੇਤਿਆਂ ਨਾਲ ਜੋੜ ਲਿਆ। ਅੱਜ ਕੱਲ੍ਹ ਉਸ ਦਾ ਸਾਇਆ ਬਣ ਕੇ ਵਿਚਰ ਰਹੀ ਉਸ ਦੀ ਬੀਵੀ ਸਾਇਰਾ ਬਾਨੋ ਇਸ ਸਮਾਗਮ ਤੋਂ ਬਹੁਤ ਖੁਸ਼ ਹੋਈ। ਉਸ ਦਾ ਕਹਿਣਾ ਸੀ ਕਿ ਇਸ ਸਮਾਗਮ ਨੇ ਦਲੀਪ ਕੁਮਾਰ ਦੇ ਜੀਵਨ ਵਿਚ ਨਵਾਂ ਰੰਗ ਭਰਿਆ ਹੈ।
ਦਿਲੀਪ ਕੁਮਾਰ (ਜਨਮ 11 ਦਸੰਬਰ 1922) ਜਿਸ ਦਾ ਅਸਲ ਨਾਮ ਮੁਹੰਮਦ ਯੂਸਫ਼ ਖਾਨ ਸੀ, ਨੇ ਆਪਣਾ ਫਿਲਮੀ ਸਫ਼ਰ 1944 ਵਿਚ ਫਿਲਮ Ḕਜਵਾਰ ਭਾਟਾḔ ਨਾਲ ਸ਼ੁਰੂ ਕੀਤਾ ਸੀ। ਉਸ ਦਾ ਪਰਿਵਾਰ ਪਿਸ਼ਾਵਰ ਵਸਦਾ ਸੀ। ਉਸ ਦਾ ਪਿਤਾ ਗੁਲਾਮ ਸਰਵਰ ਫਲਾਂ ਦਾ ਵਪਾਰੀ ਸੀ ਅਤੇ ਉਸ ਦੇ ਪਿਸ਼ਾਵਰ ਅਤੇ ਦਿਓਲਾਲੀ (ਮਹਾਰਾਸ਼ਟਰ) ਵਿਚ ਬਾਗ ਸਨ। 1930ਵਿਆਂ ਵਿਚ ਪਰਿਵਾਰ ਦੇ ਕਈ ਜੀਅ ਮੁੰਬਈ ਪਹੁੰਚ ਗਏ ਅਤੇ 1940 ਦੇ ਨੇੜੇ-ਤੇੜੇ ਦਿਲੀਪ ਕੁਮਾਰ ਨੇ ਪੁਣੇ ਵਿਚ ਕੰਟੀਨ ਮਾਲਕ ਤੇ ਸੁੱਕੇ ਮੇਵਿਆਂ ਦੇ ਸਪਲਾਇਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। 1943 ਵਿਚ ਇਕ ਦਿਨ ਪੁਣੇ ਦੀ ਫੌਜੀ ਕੰਟੀਨ ਵਿਚ ਅਦਾਕਾਰਾ ਦੇਵਿਕਾ ਰਾਣੀ ਦੀ ਨਿਗ੍ਹਾ ਦਲੀਪ ਕੁਮਾਰ ਉਤੇ ਪਈ। ਦੇਵਿਕਾ ਉਨ੍ਹਾਂ ਦਿਨਾਂ ਵਿਚ ਬੰਬਈ ਟਾਕੀਜ਼ ਫਿਲਮ ਕੰਪਨੀ ਦੀ ਮਾਲਕ ਸੀ। ਉਸ ਨੇ ਦਲੀਪ ਕੁਮਾਰ ਨੂੰ ਫਿਲਮ Ḕਜਵਾਰ ਭਾਟਾḔ ਵਿਚ ਲੀਡ ਰੋਲ ਲਈ ਮਨਾ ਲਿਆ। ਇਸ ਤੋਂ ਬਾਅਦ ਉਸ ਨੇ ਛੇ ਦਹਾਕਿਆਂ ਦੌਰਾਨ 60 ਫਿਲਮਾਂ ਵਿਚ ਅਦਾਕਾਰੀ ਦੇ ਜੌਹਰ ਦਿਖਾ ਕੇ ਫਿਲਮੀ ਦੁਨੀਆਂ ਵਿਚ ਆਪਣਾ ਨਾਮ ਅਮਰ ਕਰ ਲਿਆ।
ਦਿਲੀਪ ਕੁਮਾਰ ਵੱਲੋਂ ਆਪਣਾ ਨਾਮ ਬਦਲਣ ਦੀ ਕਹਾਣੀ ਵੀ ਬੜੀ ਮਾਰਮਿਕ ਹੈ। ਉਨ੍ਹਾਂ ਦਿਨਾਂ ਵਿਚ ਫਿਰਕੂ ਤਣਾਅ ਸਿਖ਼ਰਾਂ ਉਤੇ ਸੀ ਅਤੇ ਦੇਵਿਕਾ ਰਾਣੀ ਤੇ ਕੰਪਨੀ ਦੇ ਹੋਰ ਕਰਿੰਦਿਆਂ ਨੂੰ ਵੀ ਲੱਗਿਆ ਕਿ ਹਿੰਦੂਆਂ ਦੀ ਬਹੁਮਤ ਕਾਰਨ ਮੁਹੰਮਦ ਯੂਸਫ਼ ਖਾਨ ਦਾ ਨਾਂ ਕੋਈ ਹੋਰ ਰੱਖ ਲਿਆ ਜਾਵੇ। ਇਉਂ ਪਿਸ਼ਾਵਰ ਵਿਚ ਜਨਮਿਆ ਪਠਾਣ ਮੁੰਡਾ ਮੁਹੰਮਦ ਯੂਸਫ਼ ਖਾਨ ਮੁੰਬਈ ਦੀ ਫਿਲਮੀ ਨਗਰੀ ਵਿਚ ਦਿਲੀਪ ਕੁਮਾਰ ਬਣ ਗਿਆ।

Be the first to comment

Leave a Reply

Your email address will not be published.