‘ਫਿਰਾਕ’ ਵਾਲੀ ਨੰਦਿਤਾ ਦਾਸ ਦਾ ਫਿਕਰ

ਪਹਿਲਾਂ ਆਪਣੀ ਦਮਦਾਰ ਅਦਾਕਾਰੀ ਅਤੇ ਫਿਰ 2008 ਵਿਚ ਬਤੌਰ ਨਿਰਦੇਸ਼ਕ ਆਪਣੀ ਪਲੇਠੀ ਫਿਲਮ ḔਫਿਰਾਕḔ ਨਾਲ ਸਭ ਦਾ ਧਿਆਨ ਖਿੱਚਣ ਵਾਲੀ ਨੰਦਿਤਾ ਦਾਸ ਨੂੰ ਕੱਟੜਪੰਥੀ ਲਗਾਤਾਰ ਧਮਕੀਆਂ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹ ਆਪਣੇ ਮੁੰਡੇ ਨਾਲ ਪਾਕਿਸਤਾਨ ਚਲੀ ਜਾਵੇ। ਉਸ ਦਾ ḔਕਸੂਰḔ ਸਿਰਫ ਇੰਨਾ ਹੈ ਕਿ ਉਸ ਨੇ ਹਿੰਦੂ ਕੱਟੜਪੰਥੀਆਂ ਦੀ ਹਿੰਸਾ ਖਿਲਾਫ ਡੱਟ ਕੇ ਪੈਂਤੜਾ ਮੱਲਿਆ ਹੈ। ਨੰਦਿਤਾ ਦੀ ਫਿਲਮ ḔਫਿਰਾਕḔ ਦਾ ਦਰਦ ਇਹ ਹਿੰਸਾ ਹੀ ਹੈ। ਆਪਣੀ ਇਸ ਫਿਲਮ ਵਿਚ ਉਸ ਨੇ ਹਿੰਸਾ ਦੀ ਕਰੂਰਤਾ ਨੂੰ ਜਿਸ ਢੰਗ ਨਾਲ ਪੇਸ਼ ਕੀਤਾ ਹੈ, ਉਸ ਨਾਲ ਉਸ ਨੂੰ ਬਹੁਤ ਸ਼ਾਬਾਸ਼ ਮਿਲੀ। ਇਹ ਫਿਲਮ 2002 ਵਿਚ ਗੁਜਰਾਤ ਵਿਚ ਹੋਏ ਕਤਲੇਆਮ ਤੋਂ ਇੱਕ ਮਹੀਨਾ ਬਾਅਦ ਦੇ ਦਿਨਾਂ ਦੀ ਕਹਾਣੀ ਹੈ। ਫਿਲਮ ਵਿਚ ਪੇਸ਼ ਪਾਤਰ ਜਿਸ ਤਰ੍ਹਾਂ ਦੇ ਮਾਹੌਲ ਅਤੇ ਭੈਅ ਵਿਚੋਂ ਲੰਘ ਰਹੇ ਹਨ, ਉਹ ਇਸ ਫਿਲਮ ਦਾ ਹਾਸਲ ਹੈ। ਚੇਤੇ ਰਹੇ ਕਿ ਇਸ ਫਿਲਮ ਲਈ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਇਨਾਮਾਂ ਦੀ ਝੜੀ ਲੱਗ ਗਈ ਸੀ।
ਨੰਦਿਤਾ ਦਾਸ ਕੱਟੜ ਪਹੁੰਚ ਕਾਰਨ ਨਰੇਂਦਰ ਮੋਦੀ ਉਤੇ ਸਦਾ ਸਵਾਲਾਂ ਦੀ ਵਾਛੜ ਕਰਦੀ ਰਹੀ ਹੈ। ਹੁਣ ਮੋਦੀ ਸਰਕਾਰ ਬਣਨ Ḕਤੇ ਨੰਦਿਤਾ ਦਾਸ ਸਿੱਧਾ ਸਵਾਲ ਕਰਦੀ ਹੈ: ਇਹ ਲੋਕ ਹੁਣ ਸਾਰਿਆਂ ਨੂੰ ਗੁਜਰਾਤ ਕਤਲੇਆਮ ਤੋਂ ਅਗਾਂਹ ਤੁਰਨ ਦੀਆਂ ਸਲਾਹਾਂ ਦੇ ਰਹੇ ਹਨ, ਜਦ ਕਿ ਇਹ ਖੁਦ 1947 ਦੀ ਵੰਡ ਅਤੇ ਬਾਬਰ ਦੇ ਸਮੇਂ ਨੂੰ ਵਾਰ-ਵਾਰ ਚਿਤਾਰਦੇ ਹਨ ਅਤੇ ਇਨ੍ਹਾਂ ਮਸਲਿਆਂ ਉਤੇ ਸਿਆਸਤ ਕਰਕੇ ਲੋਕਾਂ ਵਿਚ ਨਫ਼ਰਤ ਪੈਦਾ ਕਰਦੇ ਹਨ। ਨੰਦਿਤਾ ਮੁਤਾਬਕ ਜਮਹੂਰੀਅਤ ਹੁਣ ਤੱਕ ਇਸੇ ਕਰ ਕੇ ਚੱਲ ਰਹੀ ਹੈ, ਕਿਉਂਕਿ ਇਸ ਵਿਚ ਦੂਜਿਆਂ ਨੂੰ ਆਪਣਾ ਪੱਖ ਅਤੇ ਵਿਚਾਰ ਰੱਖਣ ਦਾ ਹੱਕ ਹੁੰਦਾ ਹੈ, ਪਰ ਭਾਜਪਾ ਅਤੇ ਇਸ ਨਾਲ ਸਬੰਧਤ ਹੋਰ ਕੱਟੜ ਜਥੇਬੰਦੀਆਂ ਵਿਰੋਧੀ ਵਿਚਾਰਾਂ ਦਾ ਜਵਾਬ ਸਦਾ ਹਿੰਸਾ ਵਿਚ ਦਿੰਦੀਆਂ ਹਨ। ਫਿਲਮ ḔਫਿਰਾਕḔ ਵਿਚ ਭਾਵੇਂ ਗੁਜਰਾਤ ਕਤਲੇਆਮ ਲਈ ਕਿਸੇ ਉਤੇ ਸਿੱਧੀ ਉਂਗਲ ਨਹੀਂ ਸੀ ਧਰੀ ਗਈ, ਸਿਰਫ਼ ਹਿੰਸਾ ਦੀ ਮੁਖਾਲਫਤ ਕੀਤੀ ਗਈ ਸੀ, ਪਰ ਇਨ੍ਹਾਂ ਲੋਕਾਂ ਨੇ ਇਸ ਫਿਲਮ ਕਰ ਕੇ ਮੈਨੂੰ ਹਰ ਵਾਰ ਅਤੇ ਹਰ ਥਾਂ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ। ਇਸ ਸਬੰਧੀ ਉਹ ਐਨæਡੀæਏæ ਦੇ ਪਹਿਲੇ 6 ਸਾਲਾਂ ਦੇ ਰਾਜ ਦਾ ਹਵਾਲਾ ਵੀ ਦਿੰਦੀ ਹੈ ਜਦੋਂ ਇਨ੍ਹਾਂ ḔਸਿਆਣਿਆਂḔ ਨੇ ਸਕੂਲਾਂ ਦੇ ਪਾਠਕ੍ਰਮਾਂ ਅਤੇ ਹੋਰ ਥਾਈਂ ਆਪਣੀ ਨਫ਼ਰਤ ਵਾਲੀ ਵਿਚਾਰਧਾਰਾ ਵਾੜ ਦਿੱਤੀ ਸੀ।
ਭਾਜਪਾ ਦੀ ਕੱਟੜ ਸੋਚ ਖ਼ਿਲਾਫ਼ ਆਪਣੇ ਵਿਚਾਰ ਪ੍ਰਗਟ ਕਰਨ ਕਰ ਕੇ ਨੰਦਿਤਾ ਦਾਸ ਦੇ ਚਿੱਤਰਕਾਰ ਪਿਤਾ ਜਤਿਨ ਦਾਸ ਨੂੰ ਵੀ ਇਨ੍ਹਾਂ ਲੋਕਾਂ ਦੀ ਹੁੱਲੜਬਾਜ਼ੀ ਦਾ ਸ਼ਿਕਾਰ ਹੋਣਾ ਪਿਆ। ਉਨ੍ਹਾਂ ਦੀ ਇਕ ਨੁਮਾਇਸ਼ ਦੌਰਾਨ ਤਾਂ ਉਨ੍ਹਾਂ ਦੇ ਚਿੱਤਰ ਵੀ ਖ਼ਰਾਬ ਕਰ ਦਿੱਤੇ ਗਏ ਸਨ। ਨੰਦਿਤਾ ਨੂੰ ਗਿਲਾ ਹੈ ਕਿ ਮੀਡੀਆ ਵੀ ਅਜਿਹੇ ਲੋਕਾਂ ਦੇ ਹੱਕ ਵਿਚ ਭੁਗਤ ਰਿਹਾ ਹੈ। ਉਹ ਆਖਦੀ ਹੈ: ਪੈਸੇ ਖ਼ਾਤਿਰ ਲੋਕ ਇਸ ਤਰ੍ਹਾਂ ਆਪਣਾ ਜ਼ਮੀਰ ਵੇਚ ਦੇਣਗੇ, ਆਸ ਨਹੀਂ ਸੀ। ਫਿਰ ਵੀ ਤਸੱਲੀ ਹੈ ਕਿ ਕੁਝ ਲੋਕ ਅਜਿਹੇ ਹਨ ਜੋ ਹਰ ਹਾਲ ਅਜਿਹੇ ਬੁਰਛਾਗਰਦਾਂ ਅੱਗੇ ਕਦੇ ਨਹੀਂ ਲਿਫਦੇ।

Be the first to comment

Leave a Reply

Your email address will not be published.