ਮੈਡੀਕਲ ਸਟੋਰ ਵੀ ਬਣੇ ਪਏ ਨੇ ਨਸ਼ਿਆਂ ਦੇ ਅੱਡੇ

ਚੰਡੀਗੜ੍ਹ: ਪੰਜਾਬ ਦੇ ਵੱਡੀ ਗਿਣਤੀ ਨੌਜਵਾਨ ਮੈਡੀਕਲ ਨਸ਼ਿਆਂ ਦੇ ਆਦੀ ਹੋ ਰਹੇ ਹਨ। ਸਸਤੇ ਤੇ ਸੌਖ ਨਾਲ ਮਿਲਣ ਵਾਲੇ ਇਹ ਨਸ਼ੇ ਪੰਜਾਬ ਦੀ ਜਵਾਨੀ ਨੂੰ ਤਬਾਹੀ ਵੱਲ ਲਿਜਾਣ ਵਿਚ ਸਭ ਤੋਂ ਵੱਡਾ ਯੋਗਦਾਨ ਪਾ ਰਹੇ ਹਨ। ਇਹ ਖੁਲਾਸਾ ਪੰਜਾਬ ਪੁਲਿਸ ਵੱਲੋਂ ਕਰੋੜਾਂ ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ ਕਰਨ ਤੋਂ ਹੋਇਆ ਹੈ। ਪੰਜਾਬ ਪੁਲਿਸ ਤੋਂ ਮਿਲੇ ਅੰਕੜਿਆਂ ਮੁਤਾਬਕ ਪਿਛਲੇ ਵਰ੍ਹੇ ਸੂਬੇ ਵਿਚੋਂ 3,06,52,590 ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ ਕੀਤੀਆਂ ਹਨ। ਇਕ ਅੰਦਾਜ਼ੇ ਮੁਤਾਬਕ ਪੁਲਿਸ ਰੋਜ਼ਾਨਾ ਔਸਤਨ 84 ਹਜ਼ਾਰ ਤੇ ਹਰੇਕ ਮਹੀਨੇ ਤਕਰੀਬਨ 26 ਲੱਖ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕਰਦੀ ਆ ਰਹੀ ਹੈ।
ਇਸ ਤੋਂ ਇਲਾਵਾ ਨਸ਼ਿਆਂ ਵਿਚ ਧਸੇ ਨਸ਼ੇੜੀ ਹੁਣ ਆਪਣੇ ਜਿਸਮਾਂ ਵਿਚ ਹਜ਼ਾਰਾਂ ਨਸ਼ੀਲੇ ਟੀਕੇ ਵੀ ਚੋਭ ਰਹੇ ਹਨ। ਮਿਲੇ ਅੰਕੜਿਆਂ ਮੁਤਾਬਕ ਪੰਜਾਬ ਪੁਲਿਸ ਨੇ ਪਿਛਲੇ ਵਰ੍ਹੇ 3,23,056 ਨਸ਼ੀਲੇ ਟੀਕੇ ਬਰਾਮਦ ਕੀਤੇ ਸਨ। ਹਰੇਕ ਵਰ੍ਹੇ ਨਸ਼ੀਲੇ ਟੀਕੇ, ਕੈਪਸੂਲ ਤੇ ਗੋਲੀਆਂ ਬਰਾਮਦ ਕਰਨ ਦੀ ਗਿਣਤੀ ਕਈ ਗੁਣਾ ਵਧਦੀ ਜਾ ਰਹੀ ਹੈ। ਪੰਜਾਬ ਪੁਲਿਸ ਨੇ ਸਾਲ 2011 ਵਿਚ 30,574 ਤੇ ਸਾਲ 2012 ਵਿਚ 55145 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ। ਇਸ ਤਰ੍ਹਾਂ ਪੁਲਿਸ ਨੇ ਸਾਲ 2013 ਦੌਰਾਨ ਸਾਲ 2012 ਤੋਂ 486 ਫੀਸਦੀ ਵਧ ਟੀਕੇ ਬਰਾਮਦ ਕੀਤੇ ਹਨ।
ਦੂਜੇ ਪਾਸੇ ਪੁਲਿਸ ਨੇ ਸਾਲ 2011 ਦੌਰਾਨ 61,39,029 ਤੇ ਸਾਲ 2012 ਦੌਰਾਨ 1,14,61,241 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਸਨ। ਪੁਲਿਸ ਨੇ ਸਾਲ 2013 ਦੌਰਾਨ ਸਾਲ 2011 ਤੋਂ 399 ਫੀਸਦੀ ਵੱਧ ਨਸ਼ੀਲੇ ਕੈਪਸੂਲਾਂ ਤੇ ਗੋਲੀਆਂ ਦੀ ਬਰਾਮਦਗੀ ਕੀਤੀ ਹੈ। ਨਸ਼ਾ ਵਿਰੋਧੀ ਏਜੰਸੀਆਂ ਦੇ ਵੇਰਵੇ ਮੁਤਾਬਕ ਕਿਸੇ ਵੀ ਸੂਬੇ ਵਿਚ ਨਸ਼ਿਆਂ ਦੀ ਬਰਾਮਦਗੀ ਕੁੱਲ ਖਪਤ ਦਾ ਸਿਰਫ 10-15 ਫੀਸਦੀ ਹੀ ਹੁੰਦੀ ਹੈ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਵਿਚ ਇਕੱਲੇ ਨਸ਼ਿਆਂ ਦੇ ਟੀਕਿਆਂ, ਕੈਪਸੂਲਾਂ ਤੇ ਗੋਲੀਆਂ ਦੀ ਖਪਤ ਕਰੋੜਾਂ ਵਿਚ ਹੋ ਰਹੀ ਹੈ। ਜੇਕਰ ਮੰਨ ਲਿਆ ਜਾਵੇ ਕਿ ਡਰੱਗ ਦੀ ਬਰਾਮਦਗੀ ਖਪਤ ਦਾ ਸਿਰਫ 10-15 ਫੀਸਦੀ ਹੀ ਹੁੰਦੀ ਹੈ ਤਾਂ ਸੂਬੇ ਵਿਚ ਸਾਲਾਨਾ ਤਕਰੀਬਨ 27 ਕਰੋੜ ਨਸ਼ੀਲੇ ਕੈਪਸੂਲਾਂ ਤੇ ਗੋਲੀਆਂ ਦੀ ਖਪਤ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ।
ਪੰਜਾਬ ਪੁਲਿਸ ਮੁਤਾਬਕ ਇਹ ਵੱਡੇ ਪੱਧਰ ‘ਤੇ ਡਰੱਗ ਦੀ ਬਰਾਮਦਗੀ ਸੂਬੇ ਭਰ ਵਿਚ ਵਿਆਪਕ ਪੱਧਰ ‘ਤੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦਾ ਸਿੱਟਾ ਹੈ। ਪੰਜਾਬ ਵਿਚ ਮਹਿੰਗੇ ਨਸ਼ੇ ਹੈਰੋਇਨ ਦੀ ਬਰਾਮਦਗੀ ਵਿਚ ਵੀ ਵੱਡੇ ਪੱਧਰ ‘ਤੇ ਵਾਧਾ ਹੋਇਆ ਹੈ। ਪੰਜਾਬ ਪੁਲਿਸ ਦੇ ਅੰਕੜਿਆਂ ਅਨੁਸਾਰ ਸਾਲ 2011 ਵਿਚ 101 ਕਿੱਲੋ ਤੇ ਸਾਲ 2012 ਦੌਰਾਨ 279 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਸੀ, ਜਦਕਿ ਪਿਛਲੇ ਵਰ੍ਹੇ ਤਕਰੀਬਨ 421 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਪੁਲਿਸ ਵੱਲੋਂ ਇਸ ਵਰ੍ਹੇ ਹੁਣ ਤੱਕ 302 ਕਿਲੋ ਹੈਰੋਇਨ ਬਰਾਮਦ ਕਰਕੇ ਨਵਾਂ ਰਿਕਾਰਡ ਬਣਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਵਿਚ ਵਿਆਪਕ ਪੱਧਰ ‘ਤੇ ਆਈਸ ਡਰੱਗ ਬਣਾਉਣ ਦਾ ਖੁਲਾਸਾ ਹੋਇਆ ਹੈ, ਜੋ ਸੂਬੇ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ਪੁਲਿਸ ਮੁਤਾਬਕ ਭਾਵੇਂ ਆਈਸ ਡਰੱਗ ਵਿਆਪਕ ਪੱਧਰ ‘ਤੇ ਦੇਸ਼ ਵਿਚ ਹੀ ਬਣਦੀ ਹੈ ਪਰ ਇਸ ਦੀ ਸਪਲਾਈ ਕੈਨੇਡਾ ਤੇ ਹਾਲੈਂਡ ਦੀਆਂ ਕੌਮਾਂਤਰੀ ਮੰਡੀਆਂ ਵਿਚ ਹੁੰਦੀ ਹੈ।
ਪੰਜਾਬ ਪੁਲਿਸ ਦੇ ਆਈæਜੀæ ਕਾਊਂਟਰ ਇੰਟੈਲੀਜੈਂਸ ਗੌਰਵ ਯਾਦਵ ਮੁਤਾਬਕ ਸੂਬੇ ਵਿਚ ਆਮ ਨਸ਼ੇੜੀ ਮੈਡੀਕਲ ਸਟੋਰਾਂ ਤੋਂ ਮਿਲਦੀਆਂ ਨਸ਼ੀਲੀਆਂ ਗੋਲੀਆਂ, ਕੈਪਸੂਲ, ਟੀਕੇ ਤੇ ਭੁੱਕੀ ਦਾ ਇਸਤੇਮਾਲ ਕਰਦੇ ਹਨ। ਜਿਸ ਕਾਰਨ ਪੁਲਿਸ ਨੇ ਹੈਰੋਇਨ ਤੇ ਆਈਸ ਦੀ ਸਪਲਾਈ ਦੇ ਨੈੱਟਵਰਕ ਨੂੰ ਤੋੜਨ ਦੀ ਚਲਾਈ ਮੁਹਿੰਮ ਦੇ ਨਾਲ ਮੈਡੀਕਲ ਸਟੋਰਾਂ ਉਪਰ ਮਿਲਦੇ ਨਸ਼ਿਆਂ ‘ਤੇ ਵੀ ਸ਼ਿਕੰਜਾ ਕੱਸਣ ਦੀ ਰਣਨੀਤੀ ਬਣਾਈ ਹੈ। ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰਾਂ ਨਾਲ ਮਿਲ ਕੇ ਇਸ ਲਈ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।
__________________________________________
ਜੇਲ੍ਹਾਂ ਵਿਚਲੇ ਨਸ਼ਾ ਛੁਡਾਊ ਕੇਂਦਰਾਂ ਦਾ ਮੰਦੜਾ ਹਾਲ
ਚੰਡੀਗੜ੍ਹ: ਕੈਦੀਆਂ ਨੂੰ ਨਸ਼ੇ ਦੀ ਲਤ ਤੋਂ ਨਿਜਾਤ ਦਿਵਾਉਣ ਲਈ ਜੇਲ੍ਹਾਂ ਅੰਦਰ ਬਣੇ ਨਸ਼ਾ ਛੁਡਾਊ ਕੇਂਦਰ ਬਸ ਖਾਨਾਪੂਰਤੀ ਤੱਕ ਹੀ ਸੀਮਤ ਰਹੇ ਗਏ ਹਨ। ਮੈਡੀਕਲ ਅਮਲੇ ਤੇ ਦਵਾਈਆਂ ਦੀ ਘਾਟ ਕਾਰਨ ਨਸ਼ਾ ਛੱਡਣ ਵਾਲੇ ਕੈਦੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜੀ ਆਪਣੀ ਰਿਪੋਰਟ ਵਿਚ ਫ਼ਰੀਦਕੋਟ ਦੇ ਐਸ਼ਡੀæਐਮ ਨੇ ਕਿਹਾ ਹੈ ਕਿ ਨਸ਼ਾ ਛੱਡ ਰਹੇ ਕੈਦੀਆਂ ਦੀ ਸਾਂਭ-ਸੰਭਾਲ ਦਾ ਕੋਈ ਪੁਖਤਾ ਇੰਤਜ਼ਾਮ ਨਹੀਂ। ਜੇਲ੍ਹਾਂ ਵਿਚ ਨਸ਼ਾ ਛੁਡਾਊ ਕੇਂਦਰ ਤਾਂ ਹਨ ਪਰ ਇਥੇ ਮੈਡੀਕਲ ਅਮਲੇ ਦੀ ਘਾਟ ਹੈ। ਜੇਲ੍ਹ ਦੇ ਹਸਪਤਾਲ ਵਿਚੋਂ ਕੈਦੀਆਂ ਲਈ ਢੁਕਵੀਆਂ ਦਵਾਈਆਂ ਨਾ ਮਿਲਣ ਕਰਕੇ ਕੈਦੀਆਂ ਤੇ ਡਾਕਟਰਾਂ ਤੇ ਸਟਾਫ ਦਰਮਿਆਨ ਰੋਜ਼ ਹੀ ਝੜਪ ਹੁੰਦੀ ਰਹਿੰਦੀ ਹੈ। ਉਥੇ ਕੈਦੀਆਂ ਲਈ ਦਰਦ ਦੇ ਟੀਕੇ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਦਾ। ਫਰੀਦਕੋਟ ਜੇਲ੍ਹ ਵਿਚ ਡਰੱਗ ਕਰਕੇ ਸ਼ੱਕੀ ਮੌਤਾਂ ਦੇ ਕਈ ਕੇਸ ਹੋਏ ਹਨ। ਚਾਰ ਖੁਦਕੁਸ਼ੀ ਤੇ ਕਈ ਖੁਦਕੁਸ਼ੀ ਦੀ ਕੋਸ਼ਿਸ਼ ਦੇ ਕੇਸਾਂ ਤੋਂ ਇਲਾਵਾ ਫਰੀਦਕੋਟ ਜੇਲ੍ਹ ਵਿਚ 14 ਤੋਂ ਵੱਧ ਮੌਤਾਂ ਹੋਈਆਂ ਹਨ ਜਿਨ੍ਹਾਂ ਵਿਚੋਂ ਬਹੁਤੀਆਂ ਡਰੱਗ ਨਾਲ ਸਬੰਧਤ ਮੌਤਾਂ ਦੇ ਮਾਮਲੇ ਸਮਝੇ ਜਾਂਦੇ ਹਨ। ਇਸ ਤੋਂ ਪਹਿਲਾਂ ਐਸ਼ਡੀæਐਮæ ਕੋਟਕਪੂਰਾ ਵੱਲੋਂ ਆਪਣੀ ਜਾਂਚ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਫਰੀਦਕੋਟ ਜੇਲ੍ਹ ਵਿਚ ਨਸ਼ਿਆਂ ਦੀ ਅਲਾਮਤ ਬਹੁਤ ਜ਼ਿਆਦਾ ਹੈ ਤੇ ਜੇਲ੍ਹ ਦੇ ਕੁੱਲ 1784 ਵਿਚੋਂ 80 ਫੀਸਦੀ ਤੋਂ ਵੱਧ ਕੈਦੀ ਕੋਈ ਨਾ ਕੋਈ ਨਸ਼ਾ ਕਰਦੇ ਹਨ।

Be the first to comment

Leave a Reply

Your email address will not be published.