ਪਿਛਲੇ ਦੋ ਸਾਲ ਤੋਂ ਮੈਂ ‘ਪੰਜਾਬ ਟਾਈਮਜ਼’ ਦਾ ਰੈਗੂਲਰ ਆਨਲਾਈਨ ਪਾਠਕ ਹਾਂ। ਮੇਰਾ ਕੰਮ-ਕਾਰ ਸਾਫਟਵੇਅਰ ਨਾਲ ਸਬੰਧਤ ਹੈ, ਤੇ ਇਹ ਚਿੱਠੀ ਮੈਂ ਅਮਰੀਕਾ ਵਿਚ ਤੁਹਾਡੇ ਵੱਲੋਂ ਮਾਂ ਬੋਲੀ ਪੰਜਾਬੀ ਦੀ ਕੀਤੀ ਜਾ ਰਹੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਲਿਖ ਰਿਹਾ ਹਾਂ। ਤੁਹਾਡੀ ਇਸ ਮਿਹਨਤ ਅਤੇ ਲਗਨ ਲਈ ਤੁਹਾਨੂੰ ਅਤੇ ਤੁਹਾਡੀ ਸਮੁੱਚੀ ਟੀਮ ਨੂੰ ਵਧਾਈ ਦੇਣੀ ਬਣਦੀ ਹੈ। ਆਪਣੀ ਇਸ ਚਿੱਠੀ ਰਾਹੀਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਰਚੇ ਵਿਚ ਛਪਦੀਆਂ ਸੰਪਾਦਕੀਆਂ, ਮੌਜੂਦਾ ਸਿਆਸਤ ਬਾਰੇ ਜਤਿੰਦਰ ਪਨੂੰ ਦੀਆਂ ਟਿੱਪਣੀਆਂ, ਬੂਟਾ ਸਿੰਘ ਦੀਆਂ ਲਿਖਤਾਂ ਵਿਚੋਂ ਉਭਰਦੇ ਰਾਜਕੀ ਅਤਿਵਾਦ (ਸਟੇਟ ਟੈਰਰਿਜ਼ਮ), ਪ੍ਰਿੰæ ਸਰਵਣ ਸਿੰਘ ਦੇ ਖੇਡਾਂ ਨਾਲ ਸਬੰਧਤ ਲੇਖ, ਬਲਜੀਤ ਬਾਸੀ ਦਾ ਸ਼ਬਦ ਗਿਆਨ, ਜਤਿੰਦਰ ਮੌਹਰ ਦੇ ਕਲਾ ਤੇ ਸਿਨੇਮਾ ਬਾਰੇ ਖੂਬਸੂਰਤ ਲੇਖ ਅਤੇ ਦਲਜੀਤ ਅਮੀ, ਮੇਜਰ ਕੁਲਾਰ, ਤਰਲੋਚਨ ਸਿੰਘ ਦੁਪਾਲਪੁਰ, ਐਸ਼ ਅਸ਼ੋਕ ਭੌਰਾ, ਸੁਰਜੀਤ ਕੌਰ ਅਤੇ ਕਾਨਾ ਸਿੰਘ ਵਰਗੇ ਲੇਖਕਾਂ ਦੀਆਂ ਛਪਦੀਆਂ ਲਿਖਤਾਂ ਦਾ ਜ਼ਿਕਰ ਕਰਨਾ ਬਣਦਾ ਹੀ ਹੈ। ਇਸ ਤੋਂ ਇਲਾਵਾ ਕਹਾਣੀਆਂ ਅਤੇ ਲੇਖਾਂ, ਇਥੋਂ ਤੱਕ ਕਿ ਇਸ਼ਤਿਹਾਰਾਂ ਦੀ ਚੋਣ ਵੀ ਮੈਨੂੰ ਚੰਗੀ ਲਗਦੀ ਹੈ। ਹਾਲ ਹੀ ਵਿਚ ਛਪਿਆ ਸੁਖਦੇਵ ਸਿੱਧੂ ਦਾ ਲੇਖ ‘ਵਲੈਤ ਦੇ ਭੱਠੇ’ ਬਹੁਤ ਖੂਬਸੂਰਤ ਸੀ। ਪਰਚੇ ਵਿਚ ਮੈਨੂੰ ਸਿਰਫ਼ ਗੁਲਜ਼ਾਰ ਸੰਧੂ ਦੀਆਂ ਲਿਖਤਾਂ ਚੰਗੀਆਂ ਨਹੀਂ ਲਗਦੀਆਂ। ਉਨ੍ਹਾਂ ਦੀਆਂ ਬਹੁਤੀਆਂ ਲਿਖਤਾਂ ਫਜ਼ੂਲ ਅਤੇ ਲੋਕਾਂ ਦੀ ਖੁਸ਼ਾਮਦ ਕਰਨ ਵਾਲੀਆਂ ਹੁੰਦੀਆਂ ਹਨ। ਉਹ ਖੁਸ਼ਵੰਤ ਸਿੰਘ ਦੇ ਕਾਲਮ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਸ ਤੋਂ ਇਲਾਵਾ ਪਰਚੇ ਵਿਚ ਅਮਰੀਕਾ ਵਿਚ ਸਿੱਖਾਂ ਦੀ ਆਪਣੀ ਪਛਾਣ ਅਤੇ ਇਸ ਲਈ ਚੱਲ ਰਹੀ ਜੱਦੋ-ਜਹਿਦ ਬਾਰੇ ਵੱਧ ਤੋਂ ਵੱਧ ਛਪਣਾ ਚਾਹੀਦਾ ਹੈ। ਮੈਂ ਅਕਸਰ ਸੋਚਦਾ ਹਾਂ ਕਿ ਸਿੱਖਾਂ ਦੀ ਕੋਈ ਇਕਸਾਰ ਪਛਾਣ ਜਾਂ ਏਕਤਾ ਨਾ ਹੋਣ ਕਰ ਕੇ ਵੀ ਕਈ ਦਿੱਕਤਾਂ ਆਉਂਦੀਆਂ ਹਨ। ਜੇ ਅਸੀਂ ਸਾਰੇ ਰੀਤ ਮੁਤਾਬਕ ਆਪਣੇ ਨਾਂ ਨਾਲ ‘ਸਿੰਘ’ ਲਾ ਕੇ ਅਮਰੀਕੀਆਂ ਵਿਚ ਆਪਣੀ ਪਛਾਣ ਬਣਾ ਸਕੀਏ ਤਾਂ ਮਸਲਾ ਕਾਫੀ ਹੱਦ ਤੱਕ ਹੱਲ ਹੋ ਜਾਵੇਗਾ। ਦੂਜੇ, ਜੇ ਅਸੀਂ ਗੁਰਦੁਆਰਿਆਂ ਦੀ ਗਿਣਤੀ ਵਧਾਉਣ ਦੀ ਥਾਂ ਨੌਜਵਾਨਾਂ ਅਤੇ ਬੱਚਿਆਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜੀਏ ਤਾਂ ਵਧੇਰੇ ਚੰਗਾ ਹੋਵੇਗਾ। ਇਸ ਦੇ ਨਾਲ ਹੀ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਚੰਗੇ ਨਾਗਰਿਕ ਬਣੀਏ। ਗੁਰਦੁਆਰਿਆਂ ਵਿਚ ਅੰਗਰੇਜ਼ੀ ਬੋਲਦੇ ਪ੍ਰਚਾਰਕ ਵੀ ਹੋਣੇ ਚਾਹੀਦੇ ਹਨ ਤਾਂ ਕਿ ਸਾਡੇ ਬੱਚੇ ਆਮ ਪ੍ਰਚਾਰਕਾਂ ਦੀਆਂ ਕਹਾਣੀਆਂ ਦੀ ਥਾਂ, ਆਪਣੇ-ਆਪ ਨੂੰ ਨਵੇਂ ਮਾਹੌਲ ਨਾਲ ਜੋੜ ਸਕਣ। ਇਸ ਨਾਲ ਅਮਰੀਕੀ ਲੋਕਾਂ ਨਾਲ ਵੀ ਵੱਧ ਰਾਬਤਾ ਬਣੇਗਾ।
-ਰਾਜਦੀਪ ਸਿੰਘ, ਨਿਊ ਜਰਸੀ
—
ਸਿੱਖ ਪ੍ਰਬੰਧਕਾਂ ਅੱਗੇ ਬੇਨਤੀ
ਮਾੜੀ ਕਰਤੂਤ ਕੋਈ ਕਰਦਾ ਹੈ, ਸ਼ਰਮ ਕਿਸੇ ਹੋਰ ਨੂੰ ਆ ਰਹੀ ਹੁੰਦੀ ਹੈ ਜਿਸ ਨੂੰ ਇਹ ਸਮਝ ਹੁੰਦੀ ਹੈ ਕਿ ਮਾੜਾ ਕੀ ਹੈ ਤੇ ਚੰਗਾ ਕੀ! ਕਰਤੂਤ ਕਰਨ ਵਾਲੇ ਨੂੰ ਜੇ ਗਿਆਨ ਹੋਵੇ ਤਾਂ ਉਹ ਮਾੜਾ ਕਰੇ ਹੀ ਨਾ। ਧਰਮ ਦੇ ਠੇਕੇਦਾਰ ਅਖਾਉਣ ਵਾਲੇ ਅਸਲੋਂ ਅਣਜਾਣ ਹੁੰਦੇ ਹਨ। ਉਨ੍ਹਾਂ ਦਾ ਗਿਆਨ ਤਾਂ ਬੱਸ ਇਹੀ ਹੁੰਦਾ ਹੈ ਕਿ ਅਸੀਂ ਬਹੁਤ ਉਚੇ ਹਾਂ ਪਰ ਸਿੱਖੀ ਵਿਚ ਤਾਂ ਆਪਣੇ-ਆਪ ਨੂੰ ਨੀਵਾਂ ਜਾਣਨ ਵਾਲੇ ਨੂੰ ਉਚਾ ਦੱਸਿਆ ਗਿਆ ਹੈ। ਆਪਣੇ ਨਾਂ ਦੇ ਨਾਲ ਅਹੁਦੇ ਜੋੜਨ ਨਾਲ ਸਾਡੇ ਅੰਦਰ ਉਹ ਗੁਣ ਨਹੀਂ ਆ ਜਾਂਦਾ। ਅੱਜ ਪਿੰਡੋ-ਪਿੰਡ ਜਥੇਦਾਰ ਤੇ ਪ੍ਰਧਾਨ ਮਿਲਦੇ ਹਨ, ਜਥੇਦਾਰ ਕਹਾਉਣ ਵਾਲੇ ਦੀ ਆਗਿਆ ਦਾ ਪਾਲਣ ਕਰਨ ਵਾਲਾ ਭਾਵੇਂ ਕੋਈ ਨਾ ਹੋਵੇ। ਰੌਲੇ ਦਾ ਯੁਗ ਹੈ ਜੋ ਜਿੰਨਾ ਰੌਲਾ ਜ਼ਿਆਦਾ ਪਾ ਲਵੇ, ਉਹੀ ਬੜਾ ਬਣ ਜਾਂਦਾ ਹੈ।
ਸ੍ਰੀ ਅਕਾਲ ਤਖਤ ਸਾਹਿਬ ਅੰਦਰ ਜੋ ਕੁਝ ਹੋਇਆ, ਕੀ ਉਥੇ ਕੋਈ ਜਥੇਦਾਰ ਸਾਹਿਬਾਨ ਨਹੀਂ ਸਨ ਜਿਹੜੇ ਚੰਗਿਆੜੀ ਨੂੰ ਅੱਗ ਬਣਨ ਤੋਂ ਪਹਿਲਾਂ ਰੋਕ ਸਕਦੇ। ਜਥੇਦਾਰਾਂ ਦੇ ਹੁਕਮਨਾਮੇ ਮੰਨ ਕੇ ਤਨਖਾਹਾਂ ਭੁਗਤੀਆਂ ਜਾਂਦੀਆਂ ਹਨ। ਉਥੇ ਉਠ ਕੇ ਜਥੇਦਾਰ ਸਾਹਿਬ ਹੁਕਮ ਕਰ ਦੇਵੇ, ਕੋਈ ਨਹੀਂ ਹਿੱਲੇਗਾ। ਉਸ ਆਵਾਜ਼ ਅੰਦਰ ਅਗਰ ਸੱਚ ਦੀ ਤਾਕਤ ਹੁੰਦੀ, ਹਵਾ ਵੀ ਰੁਕ ਜਾਂਦੀ, ਪਰ ਕੁਝ ਨਹੀਂ ਹੋਇਆ। ਬੱਸ ਹੋਇਆ ਇਹ ਕਿ ਸਾਰਾ ਸਿੱਖ ਜਗਤ ਸ਼ਰਮਿੰਦਾ ਹੋ ਗਿਆ। ਘਰਾਂ ਵਿਚ ਬੈਠੇ ਮੇਰੇ ਵਰਗੇ ਆਪਣੇ ਬੱਚਿਆਂ ਅੱਗੇ ਆਪਣੇ-ਆਪ ਨੂੰ ਦੋਸ਼ੀ ਸਮਝਣ ਲੱਗ ਪਏ।
ਜਦ ਕੋਈ ਵਿਦੇਸ਼ੀ ਸਰਕਾਰ ਸਾਡੀ ਪੱਗ ਅਤੇ ਆਪਣੇ ਦੇਸ਼ ਦਾ ਕੋਈ ਕਾਨੂੰਨ ਲਾਗੂ ਕਰਦੀ ਹੈ, ਉਸ ਵੇਲੇ ਗੁਰਦੁਆਰਿਆਂ ਦੇ ਖਰਚ ‘ਤੇ ਵਿਦੇਸ਼ ਯਾਤਰਾਵਾਂ ਸ਼ੁਰੂ ਹੋ ਜਾਂਦੀਆਂ ਹਨæææ ਦੂਜੀ ਸਰਕਾਰ ਨੂੰ ਸਮਝਾਉਣ ਲਈ। ਜੇ ਏਅਰਪੋਰਟ ‘ਤੇ ਸਾਡੀ ਸਭ ਦੀ ਰੱਖਿਆ ਲਈ ਤਲਾਸ਼ੀ ਹੁੰਦੀ ਹੈ, ਜਾਂ ਸਾਡੀ ਪੱਗ ਨੂੰ ਹੱਥ ਲੱਗ ਜਾਵੇ, ਤਾਂ ਅਸੀਂ ਸ਼ਿਕਾਇਤ ਲੈ ਕੇ ਯੂæਐਨæ ਵੀ ਚਲੇ ਜਾਵਾਂਗੇ। ਜਦ ਪੱਗ ਵਾਲੇ ਦੇ ਸਿਰ ਉਤੇ ਪੱਗਵਾਲੇ ਕਿਸੇ ਦੂਜੇ ਦਾ ਕੜੇ ਵਾਲਾ ਹੱਥ ਵਾਰ ਕਰਦਾ ਹੈ, ਫਿਰ ਅਸੀਂ ਕਿਸ ਕੋਲ ਜਾਣਾ ਹੈ, ਕਦੀ ਸੋਚਿਆ? ਇਹ ਸੋਚਣ ਦੀ ਕਦੀ ਲੋੜ ਨਹੀਂ ਸਮਝੀ ਗਈ। ਜਿਹੜੇ ਮੂੰਹ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਹਨ, ਉਨਾਂ ਵਿਚੋਂ ਗਾਲ੍ਹਾਂ ਕਿਵੇਂ ਨਿਕਲ ਆਉਂਦੀਆਂ ਹਨ ਭਲਾ? ਸਾਫ ਹੈ ਕਿ ਅਸੀਂ ਅੰਦਰੋਂ ਖਾਲੀ ਹਾਂ। ਹੁਣ ਨਿਮਾਣੇ ਸਿੱਖ ਵਜੋਂ ਬੇਨਤੀ ਇਹ ਹੈ ਕਿ ਸਿੱਖ ਪ੍ਰਬੰਧਕਾਂ ਅੱਗੇ ਕਿ ਕੋਈ ਪ੍ਰੋਗਰਾਮ ਹੋਵੇ, ਜਿੰਨੀਆਂ ਜਥੇਬੰਦੀਆਂ ਹਨ, ਮਿਲ ਕੇ ਪ੍ਰੋਗਰਾਮ ਬਣਾਓ। ਸਾਰੇ ਉਸ ਉਤੇ ਦਸਤਖਤ ਕਰਨ। ਨਹੀਂ ਤਾਂ ਇਸ ਤਰ੍ਹਾਂ ਦੀ ਸ਼ਰਧਾਂਜਲੀ ਨਾਲੋਂ ਸ਼ਹੀਦ ਉਵੇਂ ਹੀ ਚੰਗੇ ਹਨ।
-ਕਿਰਪਾਲ ਕੌਰ
ਫੋਨ: 815-356-9535
Leave a Reply