12 ਵਰ੍ਹੀਂ ਆਖ਼ਿਰ ਰੂੜੀ ਦੀ ਵੀ ਸੁਣੀ ਗਈ

‘ਪੰਜਾਬੀ ਟ੍ਰਿਬਿਊਨ’ ਨਾਲ ਜੁੜੀਆਂ ਯਾਦਾਂ ਦੀ ਲੜੀ
ਅਮੋਲਕ ਸਿੰਘ ਜੰਮੂ
ਪਿਛਲੇ ਲੇਖ ਵਿਚ ਜ਼ਿਕਰ ਆਇਆ ਸੀ ਕਿ ਜਗਤਾਰ ਸਿੰਘ ਸਿੱਧੂ ਅਤੇ ਦਲਜੀਤ ਸਿੰਘ ਸਰਾਂ ਵਿਚਾਲੇ ਸਟਾਫ ਰਿਪੋਰਟਰੀ ਲਈ ਦੌੜ ‘ਪੰਜਾਬੀ ਟ੍ਰਿਬਿਊਨ’ ਦੇ ਸਟਾਫ ਦਰਮਿਆਨ ਦੂਰੀ ਹੋਰ ਵੀ ਵਧਾਉਣ ਦਾ ਕਾਰਨ ਕਿਵੇਂ ਬਣੀ। ਇਸ ਦੌੜ ਵਿਚ ਬੇਸ਼ਕ ਜਗਤਾਰ ਸਿੱਧੂ ਜੇਤੂ ਰਿਹਾ ਪਰ ਇਸ ਕਸ਼ਮਕਸ਼ ਵਿਚ ਟ੍ਰਿਬਿਊਨ ਦੀ ਮੁਲਾਜ਼ਮ ਯੂਨੀਅਨ ਦਾ ਹੀਜ਼-ਪਿਆਜ਼ ਵੀ ਨੰਗਾ ਹੋ ਗਿਆ ਜਿਸ ਨੇ ਨੰਗੇ-ਚਿੱਟੇ ਹੋ ਕੇ ਜਗਤਾਰ ਸਿੱਧੂ ਦਾ ਪੱਖ ਪੂਰਿਆ। ਅਦਾਰੇ ਵਿਚ ਬੇਸਵਾਦੀ ਵਧੀ ਪਰ ‘ਟ੍ਰਿਬਿਊਨ ਮੁਲਾਜ਼ਮ ਯੂਨੀਅਨ’ ਦੀ ਤਾਕਤ ਦਾ ਡੰਕਾ ਵੱਜ ਗਿਆ ਸੀ। ਸਾਡੀ ਧਿਰ ਦਲਜੀਤ ਸਿੰਘ ਸਰਾਂ ਦੇ ਹੱਕ ਵਿਚ ਸੀ।
ਜਗਤਾਰ ਸਿੰਘ ਸਿੱਧੂ ਬਾਅਦ ਵਿਚ ਆਪ ਵੀ ਮੁਲਾਜ਼ਮ ਯੂਨੀਅਨ ਦਾ ਪ੍ਰਧਾਨ ਰਿਹਾ। ਇਸ ਸਮੇਂ ਦੌਰਾਨ ਯੂਨੀਅਨ, ਅਦਾਰੇ ਦੀ ਮੈਨੇਜਮੈਂਟ ਉਤੇ ਇੰਨੀ ਜ਼ਿਆਦਾ ਭਾਰੂ ਹੋ ਗਈ ਕਿ ਬਹੁਤ ਕੁਝ ਉਲਟਾ-ਪੁਲਟਾ ਹੋ ਗਿਆ। ਮੁਲਾਜ਼ਮਾਂ ਦੇ ਹਿਤਾਂ ਦੀ ਥਾਂ ਪਹਿਲ ਆਗੂਆਂ ਦੀ ਚਤੁਰਾਈ ਨੇ ਲੈ ਲਈ। ਯੂਨੀਅਨ ਆਗੂਆਂ ਨੇ ਹੱਥ ਆਈਆਂ ਤਾਕਤਾਂ ਰੱਜ ਕੇ ਵਰਤੀਆਂ। ਬਾਅਦ ਦੇ ਸਾਲਾਂ ਦੌਰਾਨ ਆਈ ਨਵੀਂ ਮੈਨੇਜਮੈਂਟ ਅਤੇ ਇਸ ਵੱਲੋਂ ਅਖਤਿਆਰ ਕੀਤੀਆਂ ਨਵੀਆਂ ਨੀਤੀਆਂ ਅੱਗੇ ਇਨ੍ਹਾਂ ‘ਕਹਿੰਦੇ-ਕਹਾਉਂਦੇ’ ਯੂਨੀਅਨ ਆਗੂਆਂ ਦੀ ਇਕ ਨਾ ਚੱਲੀ। ਯੂਨੀਅਨ ਦੀ ਤਾਂ ਪਿੱਠ ਲੱਗੀ ਹੀ, ਆਖਰਕਾਰ ਜਗਤਾਰ ਸਿੰਘ ਸਿੱਧੂ ਕੋਲੋਂ ਸਟਾਫ ਰਿਪੋਰਟਰੀ ਵੀ ਖੋਹ ਲਈ ਗਈ। ਇਸ ਤਰ੍ਹਾਂ ਦੇ ਕਈ ਉਤਰਾਅ-ਚੜ੍ਹਾਅ ਵੇਖਣ ਪਿੱਛੋਂ ਜਗਤਾਰ ਸਿੰਘ ਸਿੱਧੂ ਅੱਜਕੱਲ੍ਹ ‘ਪੰਜਾਬੀ ਟ੍ਰਿਬਿਊਨ’ ਵਿਚ ਮੈਗਜ਼ੀਨ ਦੇ ਇਕ ਸੈਕਸ਼ਨ ਦਾ ਇੰਚਾਰਜ ਹੈ ਅਤੇ ਅਗਲੇ ਮਹੀਨੇ ਰਿਟਾਇਰ ਹੋ ਰਿਹਾ ਹੈ। ਦਲਜੀਤ ਸਿੰਘ ਸਰਾਂ ਇੰਮੀਗ੍ਰੇਸ਼ਨ ‘ਤੇ ਅਮਰੀਕਾ ਆਉਣ ਅਤੇ ‘ਪੰਜਾਬੀ ਟ੍ਰਿਬਿਊਨ’ ਤੋਂ ਅਸਤੀਫਾ ਦੇਣ ਪਿੱਛੋਂ ਅਖਬਾਰ ‘ਅੰਮ੍ਰਿਤਸਰ ਟਾਈਮਜ਼’ ਦਾ ਸੰਪਾਦਕ ਰਿਹਾ ਹੈ।
1985-86 ਦੇ ਇਸ ਦੌਰ ਵਿਚ ਜਦੋਂ ‘ਪੰਜਾਬੀ ਟ੍ਰਿਬਿਊਨ’ ਵਿਚ ਇਹ ਕਸ਼ਮਕਸ਼ ਚੱਲ ਰਹੀ ਸੀ ਤਾਂ ਉਸੇ ਸਮੇਂ ਪੰਜਾਬ ਦੇ ਲੋਕ ਭਿਆਨਕ ਹੋਣੀਆਂ ਦਾ ਸਾਹਮਣਾ ਕਰ ਰਹੇ ਸਨ। ਉਸੇ ਦੌਰ ਵਿਚ ਬਲਿਊ ਸਟਾਰ ਅਪਰੇਸ਼ਨ ਤੋਂ ਬਾਅਦ ਖਾੜਕੂਆਂ ਅਤੇ ਨਰਮਦਲੀ ਅਕਾਲੀਆਂ ਵੱਲੋਂ ਆਪੋ-ਆਪਣੇ ‘ਸਰਬੱਤ ਖਾਲਸਾ’ ਸਮਾਗਮ ਕਰਵਾਏ ਗਏ। ਪੰਜ ਮੈਂਬਰੀ ਕਮੇਟੀਆਂ ਅਤੇ ਭਾਂਤ-ਭਾਂਤ ਦੀਆਂ ਸਿੱਖ ਸਟੂਡੈਂਟਸ ਫੈਡਰੇਸ਼ਨਾਂ ਬਣੀਆਂ। ਖਾੜਕੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰੋਂ ਖਾਲਿਸਤਾਨ ਦਾ ਐਲਾਨ ਕੀਤਾ। ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਫਰਵਰੀ 1986 ‘ਚ ਅਨੰਦਪੁਰ ਸਾਹਿਬ ਵਿਖੇ ਹੋਏ ‘ਸਰਬੱਤ ਖਾਲਸਾ’ ਸਮਾਗਮ ਦੇ ਗੁਰਮਤੇ ਅਨੁਸਾਰ ਦਰਬਾਰ ਸਾਹਿਬ ਕੰਪਲੈਕਸ ਨੂੰ ਖਾੜਕੂਆਂ ਤੋਂ ਖਾਲੀ ਕਰਵਾਉਣ ਲਈ ਪੁਲਿਸ ਭੇਜੀ ਜਿਸ ਨੂੰ ‘ਅਪਰੇਸ਼ਨ ਬਲੈਕ ਥੰਡਰ’ ਦਾ ਨਾਂ ਦਿਤਾ ਗਿਆ। ਇਹ ਉਹ ਦੌਰ ਸੀ ਜਦੋਂ ਦਰਬਾਰ ਸਾਹਿਬ ਕੰਪਲੈਕਸ ਹਰ ਤਰ੍ਹਾਂ ਦੇ ਚੋਰ-ਉਚੱਕਿਆਂ ਅਤੇ ਲੁਟੇਰਿਆਂ ਦਾ ਗੜ੍ਹ ਬਣਿਆ ਹੋਇਆ ਸੀ। ਅਪਰੇਸ਼ਨ ‘ਬਲੈਕ ਥੰਡਰ’ ਦੇ ਵਿਰੋਧ ਦੇ ਪੱਜ ਹੇਠ ਸ਼ ਪ੍ਰਕਾਸ਼ ਸਿੰਘ ਬਾਦਲ ਨੇ 20-22 ਮੈਂਬਰਾਂ ਨੂੰ ਨਾਲ ਲਾ ਕੇ ਬਰਨਾਲਾ ਸਰਕਾਰ ਨੂੰ ਤੋੜਨ ਦੀ ਚਾਲ ਚੱਲੀ। ਪੁਲਿਸ ਮੁਖੀ ਵਜੋਂ ਜੇæਐਫ਼ ਰਿਬੇਰੋ ਦੀ ਤਾਇਨਾਤੀ ਹੋਈ। ਪ੍ਰੋæ ਦਰਸ਼ਨ ਸਿੰਘ ਅਕਾਲ ਤਖਤ ਦੇ ਜਥੇਦਾਰ ਬਣੇ ਅਤੇ ਉਨ੍ਹਾਂ ਵੱਖ-ਵੱਖ ਅਕਾਲੀ ਦਲ ਇਕੱਠੇ ਕਰਨ ਲਈ ਹੱਥ ਪੈਰ ਮਾਰੇ। ਕੇਂਦਰ ਸਰਕਾਰ ਨੇ ਹਰਿਆਣੇ ਵਿਚ ਅਸੈਂਬਲੀ ਚੋਣਾਂ ਜਿੱਤਣ ਲਈ ਬਰਨਾਲਾ ਸਰਕਾਰ ਤੋੜ ਕੇ ਪੰਜਾਬ ਦੀ ਸੂਬੇਦਾਰੀ ਸਿਧਾਰਥ ਸ਼ੰਕਰ ਰੇਅ ਦੇ ਹੱਥਾਂ ਵਿਚ ਸੌਂਪ ਦਿੱਤੀ।
ਬਰਨਾਲਾ ਸਰਕਾਰ ਵਿਰੁਧ ਬਗਾਵਤ ਕਰਨ ਤੋਂ ਤੁਰੰਤ ਬਾਅਦ ਸ਼ ਪ੍ਰਕਾਸ਼ ਸਿੰਘ ਬਾਦਲ ਨਾਲ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਸ਼ ਗੁਲਜ਼ਾਰ ਸਿੰਘ ਸੰਧੂ ਵੱਲੋਂ ਅਖਬਾਰ ਲਈ ਇੰਟਰਵਿਊ ਕੀਤੀ ਗਈ। ਬਾਦਲ ਦਾ ਹਰ ਜਵਾਬ ਰਾਜਨੀਤੀ ਵਿਚ ਦੋਹਰੇ ਮਾਪਦੰਡਾਂ ਦਾ ਨੰਗਾ ਚਿੱਟਾ ਪ੍ਰਮਾਣ ਜਾਪਦਾ ਸੀ। ਇਸ ਬਾਰੇ ਬੜਾ ਕੁਝ ਲਿਖਿਆ ਜਾ ਸਕਦਾ ਹੈ ਪਰ ਇਹ ਮੇਰੀ ਇਸ ਲੇਖ ਲੜੀ ਦੇ ਵਿਸ਼ੇ ਤੋਂ ਬਾਹਰ ਦੀ ਗੱਲ ਹੋਵੇਗੀ।
ਇਸ ਅਰਸੇ ਦੌਰਾਨ ਮੈਂ ਟ੍ਰਿਬਿਊਨ ਦੀ ਨੌਕਰੀ ਕਰਦਿਆਂ ਹੀ ਪਹਿਲਾਂ ਐਮ ਫਿਲ ਅਤੇ ਫਿਰ ਲਾਅ ਡਿਗਰੀ ਕਰ ਚੁਕਾ ਸਾਂ। ਟਰਾਂਸਲੇਸ਼ਨ ਦਾ ਡਿਪਲੋਮਾ ਜੇਬ ਵਿਚ ਪਾਉਣ ਉਪਰੰਤ ਪੰਜਾਬ ਯੂਨੀਵਰਸਿਟੀ ਤੋਂ ਮਾਸ ਕਮਿਊਨੀਕੇਸ਼ਨ ਦੀ ਬੈਚੁਲਰ ਡਿਗਰੀ ਵੀ ਲੈ ਚੁਕਾ ਸਾਂ। ਪੜ੍ਹਾਈ ਦਾ ਇਹ ਸਿਲਸਿਲਾ ਪਰੂਫ ਰੀਡਰੀ ਦੀ ਬੋਰੀਅਤ ਤੋਂ ਬਚਣ ਦਾ ਇਕ ਬਹਾਨਾ ਬਹੁਤਾ ਸੀ। ਕਈ ਵਾਰ ਨਿਊਜ਼ ਰੂਮ ਵਿਚ ਜੇ ਸਟਾਫ ਦੀ ਕਮੀ ਹੋਣੀ ਤਾਂ ਮੈਨੂੰ ਕੰਮ ਵਿਚ ਮਦਦ ਲਈ ਬੁਲਾ ਲਿਆ ਜਾਂਦਾ ਪਰ ਮੇਰੇ ਵਿਰੋਧੀਆਂ ਨੂੰ ਇਹ ਗੱਲ ਬਿਲਕੁਲ ਨਾ ਪਚਦੀ ਅਤੇ ਉਹ ਯੂਨੀਅਨ ਰਾਹੀਂ ਐਡੀਟਰ ਤਕ ਦਬਾਅ ਪਾਉਂਦੇ।
ਸਾਲ 1987 ਵਿਚ ‘ਪੰਜਾਬੀ ਟ੍ਰਿਬਿਊਨ’ ਲਈ ਸਬ ਐਡੀਟਰ ਦੀ ਪੋਸਟ ਨਿਕਲੀ। ਲੰਮੀ ਉਡੀਕ ਪਿਛੋਂ ਨਵੇਂ ਸਿਰਿਓਂ ਕਿਸਮਤ ਅਜ਼ਮਾਈ ਲਈ ਮੇਰੇ ਵਾਸਤੇ ਇਕ ਹੋਰ ਮੌਕਾ ਸੀ ਪਰ ਇਸ ਵਾਰ ਮੇਰਾ ਸਿੱਧਾ ਮੁਕਾਬਲਾ ਆਪਣੇ ਸਾਥੀ ਪਰੂਫ ਰੀਡਰ ਅਤੇ ‘ਟ੍ਰਿਬਿਊਨ ਮੁਲਾਜ਼ਮ ਯੂਨੀਅਨ’ ਦੇ ‘ਬੱਬਰ ਸ਼ੇਰ’ ਸੁਰਿੰਦਰ ਸਿੰਘ ਨਾਲ ਸੀ। ਸੁਰਿੰਦਰ ਦੇ ਪੱਖ ਵਿਚ ਯੂਨੀਅਨ ਸੀ, ਜਗਤਾਰ ਤੇ ਦਲਬੀਰ ਵੀ ਸਨ ਅਤੇ ਸਥਿਤੀ ਦਾ ਵਿਅੰਗ ਇਹ ਸੀ ਕਿ ਹਰਭਜਨ ਹਲਵਾਰਵੀ ਵਰਗਾ ‘ਅਸੂਲਪ੍ਰਸਤ’ ਆਦਮੀ ਵੀ ਉਸੇ ਪਾਸੇ ਖੜ੍ਹ ਗਿਆ ਸੀ। ਮੇਰੇ ਹੱਕ ਵਿਚ ਭਾਅ ਜੀ ਕਰਮਜੀਤ ਸਿੰਘ ਅਤੇ ਦਲਜੀਤ ਸਰਾਂ ਸਨ ਪਰ ਮੁਹਿੰਮ ਦਾ ਜ਼ਿਆਦਾ ਦਾਰੋਮਦਾਰ ਇਸ ਵਾਰ ਵੀ ਗੁਰਦਿਆਲ ਬੱਲ ਉਪਰ ਹੀ ਸੀ।
ਜਨਰਲ ਮੈਨੇਜਰ ਐਸ਼ ਡੀæ ਭਾਂਬਰੀ ਉਪਰ ਟ੍ਰਿਬਿਊਨ ਮੁਲਾਜ਼ਮ ਯੂਨੀਅਨ ਨੇ ਇਕ ਤਰ੍ਹਾਂ ਕਾਠੀ ਹੀ ਪਾਈ ਹੋਈ ਸੀ ਅਤੇ ਦੋਵੇਂ ਧਿਰਾਂ ਘਿਓ-ਖਿਚੜੀ ਸਨ। ਸੁਣਿਆ ਹੋਇਆ ਸੀ ਕਿ ਉਂਜ ਭਾਂਬਰੀ ਸਾਹਿਬ ਬੜੇ ਨੇਕ ਦਿਲ ਇਨਸਾਨ ਹਨ। ਉਨ੍ਹਾਂ ਦੇ ਆਫਿਸ ਦੇ ਕਮਰੇ ਵਿਚ ਕਿਤਾਬਾਂ ਦੇ ਕਈ ਰੈਕ ਪਏ ਸਨ ਜਿਨ੍ਹਾਂ ਵਿਚ ਪਲੈਟੋ, ਅਰਸਤੂ, ਰੂਸੋ ਤੋਂ ਲੈ ਕੇ ਸਵਾਮੀ ਵਿਵੇਕਾਨੰਦ ਅਤੇ ਅਰਵਿੰਦੋ ਵਰਗੇ ਚਿੰਤਕਾਂ ਦੀਆਂ ਕਿਤਾਬਾਂ ਚਿਣੀਆਂ ਹੋਈਆਂ ਸਨ। ਬੱਲ ਨੂੰ ਲੱਗਦਾ ਸੀ ਕਿ ਭਾਂਬਰੀ ਵਰਗੇ ਨੇਕ ਆਦਮੀ ਨੂੰ ਇਹ ਗੱਲ ਜ਼ਰਾ ਕੁ ਹਿੰਮਤ ਕਰਕੇ ਜਚਾਈ ਜਾ ਸਕਦੀ ਹੈ ਕਿ ਸੁਰਿੰਦਰ ਦੇ ਮੁਕਾਬਲੇ ਅਮੋਲਕ ਦਾ ਇਸ ਪੋਸਟ ਉਤੇ ਹੱਕ ਕਿਤੇ ਵੱਧ ਬਣਦਾ ਹੈ। ਇਹ ਹਿੰਮਤ ਉਸ ਨੇ ਕਰ ਹੀ ਲਈ ਤੇ ਜਨਰਲ ਮੈਨੇਜਰ ਨਾਲ ਮੁਲਾਕਾਤ ਦਾ ਸਮਾਂ ਲੈ ਲਿਆ। ਇਸ ਮੁਲਾਕਾਤ ਦੌਰਾਨ ਦੁਨੀਆਂ ਜਹਾਨ ਦੀਆਂ ਗੱਲਾਂ ਹੋਈਆਂ। ਜਨਰਲ ਮੈਨੇਜਰ ਉਸ ਦੀਆਂ ਗੱਲਾਂ ਤੋਂ ਪ੍ਰਭਾਵਿਤ ਵੀ ਹੋਇਆ। ਮੇਰੇ ਹੱਕ ਵਿਚ ਜਾਂਦੇ ਸਾਰੇ ਨੁਕਤੇ ਬੱਲ ਦੇ ਜ਼ਿਹਨ ਉਤੇ ਸ਼ਿਲਾਲੇਖਾਂ ਉਪਰ ਅੰਕਿਤ ਕਿਸੇ ਇਬਾਰਤ ਵਾਂਗੂੰ ਉਕਰੇ ਹੋਏ ਸਨ। ਜਨਰਲ ਮੈਨੇਜਰ ਨੇ ਇਥੇ ਵੀ ਸਹਿਮਤੀ ਪ੍ਰਗਟਾਈ ਪਰ ਹਮਾਇਤ ਦਾ ਕੋਈ ਹੁੰਗਾਰਾ ਨਾ ਭਰਿਆ।
ਜਨਰਲ ਮੈਨੇਜਰ ਨਾਲ ਇਸ ਮੁਲਾਕਾਤ ਤੋਂ ਬਾਅਦ ਘਰ ਆ ਕੇ ਹੀ ਬੱਲ ਬਾਬੇ ਨੇ ਮੈਨੂੰ ਚਾਹ ਪੀਂਦਿਆਂ ਆਪਣੇ ਮਨਭਾਉਂਦੇ ਨਾਵਲਕਾਰ ਫਰਾਂਜ਼ ਕਾਫਕਾ ਦੇ ਨਾਵਲ ‘ਦਾ ਟਰਾਇਲ’ ਦੇ ਨਾਇਕ ਮਿਸਟਰ ਕੇæ ਦੀ ਤ੍ਰਾਸਦੀ ਦੀ ਕਹਾਣੀ ਸੁਣਾਈ। ਇਹ ਕਹਾਣੀ ਬੱਲ ਦੇ ਸੰਪਰਕ ਵਿਚ ਆਉਣ ਵਾਲੇ ਸ਼ਾਇਦ ਹਰ ਸ਼ਖਸ ਨੂੰ ਯਾਦ ਹੋਵੇ ਕਿਉਂਕਿ ਮੈਨੂੰ ਪਤਾ ਹੈ ਕਿ ਇਹ ਕਥਾ ਉਸ ਨੇ ਹਰ ਕਿਸੇ ਨੂੰ ਅਤੇ ਵਾਰ ਵਾਰ ਸੁਣਾਈ ਹੋਈ ਹੈ। ਮੇਰਾ ਖਿਆਲ ਹੈ ਕਿ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨਾਲ ਵੀ ਉਹ ਡਰਾਉਣੀ ਅਤੇ ਭੇਤ ਭਰੀ ਕਥਾ ਸਾਂਝੀ ਕਰ ਹੀ ਲਈ ਜਾਣੀ ਚਾਹੀਦੀ ਹੈ।
ਨਾਵਲ ਦੀ ਕਹਾਣੀ ਇਕ ਦਿਨ ਸਵੇਰੇ ਅਚਾਨਕ ਬਿਨਾ ਕਿਸੇ ਦੋਸ਼ ਤੋਂ ਨਾਵਲ ਦੇ ਨਾਇਕ ਮਿਸਟਰ ਕੇæ ਦੀ ਗ੍ਰਿਫਤਾਰੀ ਨਾਲ ਸ਼ੁਰੂ ਹੁੰਦੀ ਹੈ। ਨਾਇਕ ਦੀ ਮਾਂ ਉਸ ਦੇ ਬਾਰਸੂਖ ਚਾਚੇ ਨੂੰ ਅਚਾਨਕ ਆ ਪਈ ਇਸ ਬਿਪਤਾ ਦੀ ਸੂਚਨਾ ਭੇਜ ਦਿੰਦੀ ਹੈ। ਸ਼ਹਿਰ ਵਿਚ ਹੀ ਵੱਡੇ ਵਕੀਲ ਅਤੇ ਹੋਰ ਕਈ ਮੋਹਤਬਰ ਸੱਜਣ ਚਾਚੇ ਦੇ ਯਾਰ-ਦੋਸਤ ਰਹੇ ਹੋਏ ਹਨ। ਸੂਚਨਾ ਮਿਲਦਿਆਂ ਹੀ ਉਹ ਕੇæ ਦੀ ਬੰਦਖਲਾਸੀ ਲਈ ਭੱਜ-ਦੌੜ ਸ਼ੁਰੂ ਕਰ ਦਿੰਦਾ ਹੈ, ਪਰ ਕੇਸ ਹੈ ਕਿ ਦਿਨੋ-ਦਿਨ ਉਲਝਦਾ ਹੀ ਜਾਂਦਾ ਹੈ। ਕਹਾਣੀ ਵਿਚ ਸਭ ਤੋਂ ਦਿਲਚਸਪ ਮੋੜ ਉਸ ਸਮੇਂ ਆਉਂਦਾ ਹੈ ਜਦੋਂ ਇਕ ਦਿਨ ਨਾਇਕ ਦੇ ਸਬਰ ਦੀ ਅਖੀਰ ਹੋ ਜਾਂਦੀ ਹੈ। ਉਹ ਗੁੱਸੇ ਭਰੀ ਝੁੰਜਲਾਹਟ ਵਿਚ ਮੈਜਿਸਟਰੇਟ ਦੀ ਚੇਅਰ ਅੱਗੇ ਖੜ੍ਹਾ ਹੋ ਕੇ ਹਾਜ਼ਰ ਜਿਊਰੀ ਅਤੇ ਹੋਰ ਦਰਸ਼ਕਾਂ ਨੂੰ ਉਚੀ-ਉਚੀ ਆਪਣੇ ਨਾਲ ਹੋਈ ਵਧੀਕੀ ਬਾਰੇ ਦੱਸਣਾ ਸ਼ੁਰੂ ਕਰ ਦਿੰਦਾ ਹੈ। ਉਸ ਦੇ ਹਰ ਨੁਕਤੇ ‘ਤੇ ਤਾੜੀਆਂ ਦੀ ਗੜਗੜਾਹਟ ਪੈਂਦੀ ਹੈ। ਨਾਇਕ ਹੋਰ ਵਧੇਰੇ ਉਚੀ ਸੁਰ ਵਿਚ ਉਤਸ਼ਾਹਤ ਹੋ ਕੇ ਬੋਲੀ ਜਾਂਦਾ ਹੈ। ਇਸ ਮੁਕਾਮ ‘ਤੇ ਅਚਾਨਕ ਨਾਇਕ ਨੂੰ ਪਤਾ ਲੱਗਦਾ ਹੈ ਕਿ ਉਹ ਦਰਸ਼ਕ ਤਾਂ ਸਾਰੇ ਰਾਈਟ ਅਤੇ ਲੈਫਟ ਸਾਰਜੈਂਟ ਹਨ। ਉਨ੍ਹਾਂ ਦੇ ਡੌਲਿਆਂ ‘ਤੇ ਲਾਲ ਅਤੇ ਕਾਲੀਆਂ ਫੀਤੀਆਂ ਲੱਗੀਆਂ ਹੋਈਆਂ ਹਨ। ਤਾੜੀਆਂ ਉਨ੍ਹਾਂ ਵੱਲੋਂ ਨਾਇਕ ਨੂੰ ਚੰਗੀ ਤਰ੍ਹਾਂ ਫੰਧੇ ਵਿਚ ਫਸਾ ਲੈਣ ਲਈ ਬੱਸ ਜੁਗਤ ਵਜੋਂ ਹੀ ਮਾਰੀਆਂ ਜਾ ਰਹੀਆਂ ਹਨ। ਕਿਸੇ ਵੀ ਕਿਸਮੇ ਦੇ ਮਾਨਵੀ ਜਜ਼ਬੇ ਤੋਂ ਸੱਖਣਾ ਮੈਜਿਸਟਰੇਟ ਬੜੇ ਸ਼ਾਂਤ ਅੰਦਾਜ਼ ਵਿਚ ਮਿਸਟਰ ਕੇæ ਨੂੰ ਦੱਸਦਾ ਹੈ ਕਿ ਚੰਗਾ ਹੋਇਆ ਉਸ ਨੇ ਆਪਣਾ ਸਾਰਾ ਹੀਜ਼-ਪਿਆਜ਼ ਖੁਦ ਹੀ ਕਚਹਿਰੀ ਅੱਗੇ ਨੰਗਾ ਕਰ ਲਿਆ ਹੈ; ਯਾਨਿ ਉੁਸ ਨੇ ਆਪਣੇ ਪੈਰੀਂ ਆਪ ਹੀ ਕੁਹਾੜੀ ਮਾਰ ਲਈ ਹੈ।
ਇਹ ਨਾਵਲ ਬਾਬਾ ਬੱਲ ਦੇ ਜ਼ੋਰ ਦੇਣ ‘ਤੇ ਮੈਂ ਇਕ ਤੋਂ ਵੱਧ ਵਾਰ ਪੜ੍ਹਿਆ ਸੀ। ਸ਼ਾਇਦ ਮਿਸਟਰ ਕੇæ ਦਾ ਕਿਰਦਾਰ ਸਾਡੇ ਸਮਿਆਂ ਵਿਚ ਕਿਸੇ ਵੀ ਬੇਵਸ ਇਨਸਾਨ ਦੀ ਹੋਣੀ ਦਾ ਪ੍ਰਤੀਕ ਸੀ। ਕਾਫਕਾ ਨੇ ਇਹ ਨਾਵਲ 25 ਵਰ੍ਹਿਆਂ ਦੀ ਉਮਰ ਵਿਚ ਸਾਲ 1915-16 ‘ਚ ਪੂਰਾ ਕੀਤਾ ਸੀ। ਉਸ ਸਮੇਂ ਨਾ ਰੂਸੀ ਇਨਕਲਾਬ ਹੋਇਆ ਸੀ ਅਤੇ ਨਾ ਦੁਨੀਆਂ ਨੇ ਅਜੇ ਹਿਟਲਰ ਦੇ ਨਾਜੀ ਇਨਕਲਾਬ ਦੀਆਂ ਕਰਤੂਤਾਂ ਹੀ ਦੇਖੀਆਂ ਸਨ ਪਰ ਕਾਫਕਾ ਨੇ ਇਹ ਕਥਾ ਉਦੋਂ ਹੀ ਲਿਖ ਕੇ ਸਟਾਲਿਨੀ ਅਤੇ ਹਿਟਲਰੀ ਸ਼ਕਤੀਆਂ ਦੇ ਦੌਰ ਵਿਚ ਆਦਮੀ ਨਾਲ ਵਾਪਰਨ ਵਾਲੇ ਭਾਣਿਆਂ ਦੀ ਪੇਸ਼ੀਨਗੋਈ ਕਰ ਦਿੱਤੀ ਸੀ।
ਨਾਵਲ ਦੀ ਕਹਾਣੀ ਮੈਂ ਇਸ ਲਈ ਸੁਣਾ ਰਿਹਾ ਹਾਂ ਕਿ ਬੱਲ ਨੂੰ ਉਸ ਦਿਨ ਜਨਰਲ ਮੈਨੇਜਰ ਅੱਗੇ ਮੇਰੇ ਹੱਕ ਲਈ ਲਾਈ ਗੁਹਾਰ ਤੇ ਉਸ ਦਾ ਪ੍ਰਤੀਕਰਮ ਮਿਸਟਰ ਕੇæ ਵਿਰੁਧ ਮੁਕੱਦਮੇ ਦੀ ਸੁਣਵਾਈ ਕਰ ਰਹੇ ਮੈਜਿਸਟਰੇਟ ਵਰਗਾ ਹੀ ਲੱਗਿਆ ਸੀ। (ਦਿਲਚਸਪ ਗੱਲ ਇਹ ਹੈ ਕਿ ਕਈ ਸਾਲ ਮਗਰੋਂ ਯੂਨੀਅਨ ਦੀ ਤਾਕਤ ਜਦੋਂ ਦਲਜੀਤ ਸਰਾਂ ਦੇ ਹੱਥ ਆਈ ਤਾਂ ਭਾਂਬਰੀ ਸਾਹਿਬ ਨੇ ਉਸ ਨੂੰ ਉਚੇਚੇ ਤੌਰ ‘ਤੇ ਪੁੱਛਿਆ ਸੀ ਕਿ ਉਨ੍ਹਾਂ ਦਾ ਉਹ ਸਾਥੀ (ਬੱਲ) ਅੱਜਕਲ ਕਿਥੇ ਹੈ? ਬੱਲ ਉਦੋਂ ਤੱਕ ‘ਪੰਜਾਬੀ ਟ੍ਰਿਬਿਊਨ’ ਛੱਡ ਕੇ ਪੰਜਾਬੀ ਯੂਨੀਵਰਸਿਟੀ, ਪਟਿਆਲੇ ਜਾ ਚੁੱਕਾ ਸੀ। ਲੱਗਦਾ ਹੈ, ਬੱਲ ਦੀ ਉਹ ਮੁਲਾਕਾਤ ਜਨਰਲ ਮੈਨੇਜਰ ਦੇ ਅੰਤਹਿਕਰਨ ਦੇ ਕਿਸੇ ਖੂੰਜੇ ਵਿਚ ਜ਼ਰੂਰ ਜਾ ਟਿਕੀ ਹੋਵੇਗੀ।)
ਭਾਂਬਰੀ ਸਾਹਿਬ ਨਾਲ ਮੁਲਾਕਾਤ ਪਿਛੋਂ ਬੱਲ ਹੌਂਸਲਾ ਹਾਰ ਗਿਆ ਪਰ ਮੈਂ ਪੂਰੇ ਆਤਮ ਵਿਸ਼ਵਾਸ ਨਾਲ ਸੁਰਿੰਦਰ ਦਾ ਟਾਕਰਾ ਕੀਤਾ। ਸਵੇਰੇ ਟੈਸਟ ਹੋਇਆ ਤਾਂ ਦਲਬੀਰ ਸਿੰਘ ਅਤੇ ਹਰਭਜਨ ਹਲਵਾਰਵੀ ਜੋ ਉਨ੍ਹੀਂ ਦਿਨੀਂ ਅਸਿਸਟੈਂਟ ਐਡੀਟਰ ਸਨ, ਨੇ ਇਕ ਤਰ੍ਹਾਂ ਕੋਲ ਖੜ੍ਹੇ ਹੋ ਕੇ ਸੁਰਿੰਦਰ ਸਿੰਘ ਨੂੰ ਇਹ ਟੈਸਟ ਹੱਲ ਕਰਵਾਇਆ। ਮੇਰੇ ਲਈ ਬੇਇਨਸਾਫੀ ਦੀ ਇਹ ਹੱਦ ਸੀ, ਪਰ ਬੇਵਸ ਸਾਂ।
ਟੈਸਟ ਤੋਂ ਬਾਅਦ ਅਚਾਨਕ ਸੰਪਾਦਕ ਸੰਧੂ ਸਾਹਿਬ ਮੈਨੂੰ ਦਫਤਰ ਦੇ ਗੇਟ ਦੇ ਬਾਹਰ ਮਿਲ ਪਏ। ਕਹਿਣ ਲੱਗੇ, ‘ਤੇਰਾ ਟੈਸਟ ਬਹੁਤ ਵਧੀਆ ਸੀ ਬਈ।’ ਸ਼ਾਮ ਨੂੰ ਜਦੋਂ ਟਰੱਸਟੀਆਂ ਸਾਹਮਣੇ ਇੰਟਰਵਿਊ ਹੋਈ ਤਾਂ ਯੂਨੀਅਨ ਦੇ ਦਬਾਅ ਹੇਠ ਜਨਰਲ ਮੈਨੇਜਰ ਭਾਂਬਰੀ ਮੇਰੇ ਖਿਲਾਫ਼ ਇਸ਼ਤਿਹਾਰ ਅਨੁਵਾਦਕ ਹੁੰਦੇ ਸਮੇਂ ਦੀ ਤਕਨੀਕੀ ਗਲਤੀ ਕੱਢ ਕੇ ਬੈਠ ਗਏ। ਇਹ ਵੀ ਕਿਹਾ ਗਿਆ ਕਿ ਅਮੋਲਕ ਖਾਲਿਸਤਾਨੀ ਹੈ ਅਤੇ ਉਸ ਦੇ ਖਾੜਕੂਆਂ ਨਾਲ ਸਬੰਧ ਹਨ। ਸੰਪਾਦਕ ਸੰਧੂ ਸਾਹਿਬ ਮੇਰੇ ਹੱਕ ਵਿਚ ਬੋਲੇ ਤਾਂ ਜ਼ਰੂਰ ਪਰ ਫੈਸਲਾ ਸੁਰਿੰਦਰ ਸਿੰਘ ਦੇ ਹੱਕ ਵਿਚ ਹੋਇਆ। ਇਸ ਤਰ੍ਹਾਂ ਯੂਨੀਅਨ ਨੇ ਪਰੂਫ ਰੀਡਰਾਂ ਵਾਲੇ ਪਿੰਜਰੇ ਵਿਚੋਂ ਬਾਹਰ ਨਿਕਲਣ ਦੀ ਮੇਰੀ ਹਸਰਤ ਉਤੇ ਇਕ ਵਾਰ ਮੁੜ ਪਾਣੀ ਫੇਰ ਦਿੱਤਾ।
ਸੰਪਾਦਕ ਸੰਧੂ ਸਾਹਿਬ ਟ੍ਰਿਬਿਊਨ ਵਿਚ ਤਿੰਨ ਸਾਲ ਪੂਰੇ ਕਰਨ ਉਪਰੰਤ ਜਾ ਚੁਕੇ ਸਨ ਅਤੇ ਹਰਭਜਨ ਹਲਵਾਰਵੀ ਸੰਪਾਦਕ ਬਣ ਚੁਕਾ ਸੀ। ਮੈਨੂੰ ਆਸ ਦੀ ਕਿਰਨ ਜਾਗੀ ਕਿ ਸ਼ਾਇਦ ਹਲਵਾਰਵੀ ਸਾਹਿਬ ਹਮਜਮਾਤੀ ਹੋਣ ਕਰਕੇ ਜਾਂ ਆਪਣੀ ਖੱਬੇਪੱਖੀ ਸੋਚ ਕਰਕੇ ਮੇਰੇ ਹੱਕ ਵਿਚ ਖੜ੍ਹਨਗੇ। ਉਂਜ ਯੂਨੀਅਨ ਦਾ ਦਬਦਬਾ ਪਹਿਲਾਂ ਨਾਲੋਂ ਵੀ ਵੱਧ ਚੁਕਾ ਸੀ ਅਤੇ ਇਹ ਮੇਰੇ ਪੂਰੀ ਤਰ੍ਹਾਂ ਖਿਲਾਫ਼ ਸੀ ਕਿਉਂਕਿ ਮੈਂ ਇਕ ਨਵੀਂ ਬਣੀ ਮੁਲਾਜ਼ਮ ਯੂਨੀਅਨ ਨੂੰ ਖੜਾ ਕਰਨ ਅਤੇ ਦਲਜੀਤ ਸਿੰਘ ਸਰਾਂ ਨੂੰ ਇਸ ਦਾ ਪ੍ਰਧਾਨ ਬਣਾਉਣ ਵਿਚ ਮੋਹਰੀ ਭੂਮਿਕਾ ਨਿਭਾਈ ਸੀ।
1988 ਵਿਚ ਸਬ ਐਡੀਟਰਾਂ ਦੀਆਂ ਇਕੱਠੀਆਂ ਦੋ ਪੋਸਟਾਂ ਨਿਕਲ ਆਈਆਂ। ਇਸ ਵਾਰ ਮੈਨੂੰ ਪੱਕੀ ਆਸ ਸੀ। ਬੱਲ ਨੇ ਬੜੇ ਜ਼ੋਰ ਨਾਲ ਮੈਨੂੰ ਕਿਹਾ ਕਿ ਮੈਂ ਸ਼ਾਮ ਸਿੰਘ ਦੀ ਸ਼ਰਨ ਵਿਚ ਚਲਾ ਜਾਵਾਂ ਤੇ ਉਸ ਨੂੰ ਆਪਣੀ ਮੱਦਦ ਲਈ ਆਖਾਂ। ਸ਼ਾਮ ਸਿੰਘ ਬਾਰੇ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਕਿਵੇਂ ਪਹਿਲੀ ਲਿਫਟ ਮਿਲ ਜਾਣ ‘ਤੇ ਹੀ ਉਹ ਅਦਾਰੇ ਵਿਚ ਕਿੰਗ ਮੇਕਰ ਅਤੇ ਯੂਨੀਅਨ ਦਾ ਇਕ ਤਰ੍ਹਾਂ ਸਲਾਹਕਾਰ ਬਣ ਗਿਆ ਸੀ। ਵਾਰ ਵਾਰ ਸੋਚਣ-ਵਿਚਾਰਨ ਪਿਛੋਂ ਵੀ ਮੈਂ ਹਿੰਮਤ ਨਾ ਕਰ ਸਕਿਆ ਪਰ ਇੰਟਰਵਿਊ ਤੋਂ ਸਿਰਫ ਇਕ ਦਿਨ ਪਹਿਲਾਂ ਮੈਂ ਅਖੀਰ ਮਨ ਮਾਰ ਕੇ ਸ਼ਾਮ ਸਿੰਘ ਨੂੰ ਮਿਲਿਆ। ‘ਪੰਜਾਬੀ ਟ੍ਰਿਬਿਊਨ’ ਵਿਚ ਆਉਣ ਦੇ ਸ਼ੁਰੂਆਤੀ ਦਿਨਾਂ ਵਿਚ ਮੈਂ ਅਤੇ ਸ਼ਾਮ ਸਿੰਘ 32 ਸੈਕਟਰ ਵਿਚ ਕੁਝ ਸਮਾਂ ਇਕੱਠੇ ਰਹੇ ਸਾਂ। ਸ਼ਾਮ ਸਿੰਘ ਨੇ ਮੇਰੀ ਗੱਲ ਸੁਣੀ ਪਰ ਜਵਾਬ ਸੀ, ‘ਅਮੋਲਕ, ਤੂੰ ਬੜੀ ਦੇਰ ਕਰ ਦਿੱਤੀ। ਜੇ ਤੂੰ ਕੁਝ ਦਿਨ ਪਹਿਲਾਂ ਆਇਆ ਹੁੰਦਾ ਤਾਂ ਆਪਾਂ ਗੱਲ ਬਣਾ ਲੈਣੀ ਸੀ, ਹੁਣ ਅਗਲੀ ਵਾਰ ਸਹੀ।’
ਮੇਰੇ ਮੁਕਾਬਲੇ ‘ਤੇ ‘ਨਵਾਂ ਜ਼ਮਾਨਾ’ ਤੋਂ ਬਲਬੀਰ ਜੰਡੂ ਅਤੇ ਜਰਨਲਿਜ਼ਮ ਦੀ ਨਵੀਂ-ਨਵੀਂ ਡਿਗਰੀ ਕਰਕੇ ਆਈ ਅਰਵਿੰਦਰ ਕੌਰ ਉਮੀਦਵਾਰ ਸਨ। ਲਿਖਤੀ ਟੈਸਟ ਮੇਰੇ ਸਾਹਮਣੇ ਫਿਰ ਅਸਿਸਟੈਂਟ ਐਡੀਟਰ ਦਲਬੀਰ ਨੇ ਬਲਬੀਰ ਜੰਡੂ ਨੂੰ ਕੋਲ ਖਲੋ ਕੇ ਹੱਲ ਕਰਵਾਇਆ। ਇੰਟਰਵਿਊ ਸਮੇਂ ਮੁਲਾਜ਼ਮ ਯੂਨੀਅਨ ਨੂੰ ਖੁਸ਼ ਕਰਨ ਲਈ ਹਰਭਜਨ ਹਲਵਾਰਵੀ ਨੇ ਇਕ ਵਾਰ ਫਿਰ ਪੁੱਜ ਕੇ ਮੇਰਾ ਵਿਰੋਧ ਕੀਤਾ। ਇਹ ਸਾਰੀਆਂ ਧਿਰਾਂ ਬਲਬੀਰ ਜੰਡੂ ਅਤੇ ਅਰਵਿੰਦਰ ਕੌਰ ਦੇ ਹੱਕ ਵਿਚ ਭੁਗਤੀਆਂ। ਜਗਤਾਰ ਸਿੱਧੂ ਅਤੇ ਉਸ ਦੀ ਯੂਨੀਅਨ ਕਿਸੇ ਵੀ ਕੀਮਤ ‘ਤੇ ਮੈਨੂੰ ਰਾਹਤ ਦੇਣ ਲਈ ਤਿਆਰ ਨਹੀਂ ਸਨ। ਅਰਵਿੰਦਰ ਕੌਰ ਦੀ ਕਿਸਮਤ ਦੀ ਪੁੜੀ ਕਿੰਜ ਖੁੱਲ੍ਹੀ, ਮੈਨੂੰ ਪਤਾ ਨਹੀਂ। ਇੰਨੀ ਗੱਲ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਅਰਵਿੰਦਰ ਦੇ ਚੁਣੇ ਜਾਣ ‘ਤੇ ਮੈਨੂੰ ਕਦੇ ਦੁਖ ਨਾ ਹੋਇਆ। ਉਂਜ ਵੀ ‘ਪੰਜਾਬੀ ਟ੍ਰਿਬਿਊਨ’ ਡੈਸਕ ਉਪਰ ਲੜਕੀਆਂ ਦੀ ਘਾਟ ਖਟਕਦੀ ਸੀ; ਸ਼ਾਇਦ ਇਹ ਗੱਲ ਵੀ ਅਰਵਿੰਦਰ ਦੇ ਹੱਕ ਵਿਚ ਗਈ।
ਪਰੂਫ ਰੀਡਿੰਗ ਸੈਕਸ਼ਨ ਵਿਚ ਪ੍ਰੇਮ ਗੋਰਖੀ ਨਾਲ ਮੇਰਾ ਟਕਰਾਓ ਉਸੇ ਤਰ੍ਹਾਂ ਜਾਰੀ ਸੀ। ਇਕ ਦਿਨ ਉਸ ਨੇ ਕਿਸੇ ਛੋਟੀ ਜਿਹੀ ਗੱਲ ਤੋਂ ਮੈਨੂੰ ਕੁਝ ਜ਼ਿਆਦਾ ਹੀ ਜਲੀਲ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਪੂਰੇ ਹਰਖ ਨਾਲ ਸੰਪਾਦਕ ਹਰਭਜਨ ਹਲਵਾਰਵੀ ਕੋਲ ਚਲਾ ਗਿਆ ਤੇ ਕਿਹਾ, “ਜੇ ਤੁਸੀਂ ਮੈਨੂੰ ਇਸ ਸ਼ਖਸ ਤੋਂ ਇਸੇ ਤਰ੍ਹਾਂ ਜਲੀਲ ਕਰਾਉਣਾ ਹੈ ਤਾਂ ਮੈਂ ਨੌਕਰੀ ਛੱਡ ਕੇ ਕਿਧਰੇ ਹੋਰ ਚਲਾ ਜਾਂਦਾ ਹਾਂ।” ਹਲਵਾਰਵੀ ਨੂੰ ਸ਼ਾਇਦ ਉਸ ਦਿਨ ਮੇਰਾ ਦੁੱਖ ਦਿਲੋਂ ਮਹਿਸੂਸ ਹੋਇਆ। ਉਸ ਪਿਆਰ ਨਾਲ ਬਿਠਾ ਕੇ ਚਾਹ ਪਿਆਈ ਅਤੇ ਫਿਰ ਆਪ ਹੀ ਮੰਨਿਆ ਕਿ ਉਸ ਕੋਲੋਂ ਪਿਛਲੀ ਵਾਰ ਗਲਤੀ ਹੋਈ ਸੀ ਪਰ ਅਗਲੀ ਵਾਰ ਮੇਰਾ ਹੱਕ ਮੈਨੂੰ ਮਿਲ ਕੇ ਰਹੇਗਾ।
ਅਖੀਰ 1990 ਵਿਚ ਮੁੜ ਸਬ ਐਡੀਟਰ ਦੀ ਪੋਸਟ ਨਿਕਲੀ। ਉਦੋਂ ਤਕ ਅੰਗ-ਸੰਗ ਕਾਲਮ ਕਰਕੇ ਮਸ਼ਹੂਰ ਹੋਇਆ ਚੀਫ ਸਬ ਐਡੀਟਰ ਸ਼ਾਮ ਸਿੰਘ ਅਤੇ ਇਕ ਹੱਦ ਤਕ ਦਲਬੀਰ ਸਿੰਘ ਵੀ ਮੇਰੇ ਹੱਕ ਵਿਚ ਹੋ ਚੁੱਕੇ ਸਨ। ਇਸ ਸਮੇਂ ਤੱਕ ਯੂਨੀਅਨ ਦੀ ਦਾਦਾਗਿਰੀ ਥੋੜ੍ਹੀ ਘਟਣ ਵੀ ਲੱਗ ਪਈ ਸੀ। ਸ਼ਾਇਦ ਦਲਬੀਰ ਦਾ ਯੂਨੀਅਨ ਤੋਂ ਮੋਹ ਵੀ ਥੋੜ੍ਹਾ ਥੋੜ੍ਹਾ ਭੰਗ ਹੋ ਗਿਆ ਸੀ। ਬਲਬੀਰ ਜੰਡੂ ਅਦਾਰੇ ਵਿਚ ਆਉਣ ਤੋਂ ਛੇਤੀ ਪਿਛੋਂ ਹੀ ਜਗਤਾਰ ਦੀ ਛਤਰੀ ‘ਤੇ ਬਹਿਣ ਲੱਗ ਪਿਆ ਸੀ।
ਇਸ ਵਾਰ ਕਹਾਣੀਕਾਰ ਨਰਿੰਦਰ ਭੁੱਲਰ ਵੀ ਕੁਝ ਹੋਰਨਾਂ ਦੇ ਨਾਲ ਮੇਰੇ ਮੁਕਾਬਲੇ ਉਮੀਦਵਾਰ ਸੀ ਪਰ ਫੈਸਲਾ ਮੇਰੇ ਹੱਕ ਵਿਚ ਹੋਇਆ। ਇਹ ਗੱਲ ਸ਼ਾਇਦ ਜਨਵਰੀ ਮਹੀਨੇ ਦੀ ਹੈ।

ਪਹਿਲੀ ਅਪਰੈਲ ਨੂੰ ਅਪਰੈਲ ਫੂਲ ਵਜੋਂ ਦਫਤਰ ਦੇ ਨੋਟਿਸ ਬੋਰਡਾਂ ਉਤੇ ‘ਪੰਜਾਬੀ ਟ੍ਰਿਬਿਊਨ’ ਦੇ ਸਟਾਫ ਮੈਂਬਰਾਂ ਬਾਰੇ ਟਿੱਪਣੀਆਂ ਦਾ ਪਰਚਾ ਲੱਗਾ ਹੋਇਆ ਸੀ। ਮੇਰੇ ਬਾਰੇ ਟਿੱਪਣੀ ਸੀ-‘ਆਖਿਰ 12 ਵਰ੍ਹਿਆਂ ਬਾਅਦ ਰੂੜੀ ਦੀ ਵੀ ਸੁਣੀ ਗਈ।’ ਉਂਜ, ਇਕ ਤਰ੍ਹਾਂ ਨਾਲ ਇਹ ਸਾਡੀ ਜਿੱਤ ਨਹੀਂ ਬਲਕਿ ਇਖਲਾਕੀ ਹਾਰ ਸੀ। ਮੈਨੂੰ ‘ਮੁਕਤੀ’ ਤਾਂ ਮਿਲ ਗਈ ਪ੍ਰੰਤੂ ਆਤਮਾ ਦੇ ਪੱਧਰ ‘ਤੇ ਇਸ ਮੁਹਿੰਮ ਵਿਚ ਸਾਡਾ ਬੜਾ ਕੁਝ ਕੀਮਤੀ ਸਰਮਾਇਆ ਦਾਅ ‘ਤੇ ਲੱਗ ਗਿਆ ਸੀ।
ਪਿਛੋਂ ਪਤਾ ਲੱਗਾ ਕਿ ਫਸਟ ਅਪਰੈਲ ਵਾਲੀਆਂ ਇਹ ਟਿੱਪਣੀਆਂ ਦਲਬੀਰ ਦੀਆਂ ਲਿਖੀਆਂ ਹੋਈਆਂ ਸਨ। ਇਹ ਉਹੀ ਦਲਬੀਰ ਸੀ ਜਿਸ ਨੂੰ ਪਾਠਕ ਉਸ ਦੇ ਕਾਲਮ ‘ਜਗਤ ਤਮਾਸ਼ਾ’ ਕਰਕੇ ਜਾਣਦੇ ਹਨ। ਇਹ ਕਾਲਮ ‘ਪੰਜਾਬ ਟਾਈਮਜ਼’ ਵਿਚ ਵੀ ਛਪਦਾ ਰਿਹਾ ਹੈ। ਮੇਰਾ ਉਦੋਂ ਵੀ ਵਿਸ਼ਵਾਸ ਸੀ ਕਿ ਉਹ ਪੰਜਾਬੀ ਦੇ ਚੋਟੀ ਦੇ ਪੇਸ਼ੇਵਰ ਪੱਤਰਕਾਰਾਂ ਵਿਚੋਂ ਇਕ ਸੀ ਅਤੇ ਅੱਜ ਤੱਕ ਵੀ ਹੈ ਕਿ ਉਸ ਜਿਹੇ ਕਾਬਲ ਪੱਤਰਕਾਰ ਅੱਜ ਵੀ ਇਕ ਦੋ ਹੀ ਹੋਰ ਹਨ। ਉਹੋ ਸ਼ਾਮ ਸਿੰਘ ਅਤੇ ਦਲਬੀਰ ਜੋ ਮੇਰਾ ਸਖਤ ਵਿਰੋਧ ਕਰਦੇ ਆਏ ਸਨ, ਮੇਰੇ ਕੰਮ ਕਰਕੇ ਪਿਛੋਂ ਮੇਰੇ ਪ੍ਰਸ਼ੰਸਕ ਵੀ ਬਣ ਗਏ। ਸਾਲ ਕੁ ਬਾਅਦ ਨਰਿੰਦਰ ਭੁੱਲਰ ‘ਪੰਜਾਬੀ ਟ੍ਰਿਬਿਊਨ’ ਵਿਚ ਆ ਗਿਆ ਅਤੇ ਮੇਰਾ ਬਹੁਤ ਕਰੀਬੀ ਦੋਸਤ ਵੀ ਬਣਿਆ। 2007 ਵਿਚ ਉਹ ਇੱਥੇ ਸ਼ਿਕਾਗੋ ਮੇਰੇ ਪਾਸ ਆਇਆ, ਮੇਰੇ ਕੋਲ ਤਿੰਨ ਮਹੀਨੇ ਰਿਹਾ ਅਤੇ ਇਥੋਂ ਵਾਪਸ ਜਾਂਦਿਆਂ ਚੌਥੇ ਦਿਨ ਹੀ ਇਕ ਸੜਕ ਹਾਦਸੇ ਵਿਚ ਇਸ ਜਹਾਨੋਂ ਤੁਰਦਾ ਹੋਇਆ। ਉਸ ਨਾਲ ਦੋਸਤੀ ਦੀ ਬਾਤ ਕਦੀ ਫਿਰ।

Be the first to comment

Leave a Reply

Your email address will not be published.