ਜਹਾਦੀ ਇਰਾਕ ਸਰਕਾਰ ‘ਤੇ ਭਾਰੂ ਪਏ

ਬਗ਼ਦਾਦ: ਇਕ ਪਾਸੇ ਜਿਥੇ ਸੁੰਨੀ ਜਹਾਦੀਆਂ ਨੇ ਇਰਾਕ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ, ਉਥੇ ਦੂਜੇ ਪਾਸੇ ਕੁਰਦ ਹਥਿਆਰਬੰਦ ਦਸਤੇ ਵੀ ਆਪਣੇ ਹੱਕ ਖ਼ਾਤਰ ਖੜ੍ਹੇ ਹੋ ਗਏ ਹਨ। ਇਸੇ ਦੌਰਾਨ ਇਰਾਕ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਦੀ ਫੌਜ ਨੇ ਰਾਜਧਾਨੀ ਬਗ਼ਦਾਦ ਨੂੰ ਜਹਾਦੀਆਂ ਤੋਂ ਬਚਾਉਣ ਲਈ ਨਵੀਂ ਰਣਨੀਤੀ ਬਣਾਈ ਹੈ। ਸੁੰਨੀ ਮੁਸਲਿਮ ਇਸਲਾਮਿਕ ਸਟੇਟ ਆਫ ਇਰਾਕ ਐਂਡ ਲੇਵਾਂਤ (ਆਈæਐਸ਼ਆਈæਐਲ) ਦੇ ਲੜਾਕੇ ਉੱਤਰੀ ਸੂਬੇ ਨਿਨੇਵੀਰ ਤੇ ਕਿਰਕੁਕ ਅਹਿਮ ਖੇਤਰਾਂ, ਦੱਖਣ-ਪੂਰਬ ਤੇ ਦੱਖਣ ਵਿਚ ਪੈਂਦੇ ਸਲਾਹਦੀਨ ਖੇਤਰਾਂ ‘ਤੇ ਕਾਬਜ਼ ਹੋ ਚੁੱਕੇ ਹਨ। ਆਈæਐਸ਼ਆਈæਐਲ਼ ਦੇ ਬੁਲਾਰੇ ਅਬੂ ਮੁਹੰਮਦ ਅਲ-ਅਦਨਾਨੀ ਨੇ ਦਾਅਵਾ ਕੀਤਾ ਕਿ ਗਰੁੱਪ ਬਗ਼ਦਾਦ ਤੇ ਕਰਬਲਾ ਪਹੁੰਚ ਕੇ ਹੀ ਦਮ ਲਵੇਗਾ। ਕਰਬਲਾ ਕੌਮੀ ਰਾਜਧਾਨੀ ਤੋਂ ਦੱਖਣ-ਪੱਛਮ ਵੱਲ ਪੈਂਦਾ ਸ਼ਹਿਰ ਹੈ ਜੋ ਸ਼ੀਆ ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਸਥਾਨ ਹੈ। ਉਸਦਾ ਇਹ ਬਿਆਨ ਜਹਾਦੀਆਂ ਦੀ ਵੈੱਬਸਾਈਟ ‘ਤੇ ਜਾਰੀ ਕੀਤਾ ਗਿਆ ਹੈ। ਉਧਰ ਅਮਰੀਕਾ ਵੀ ਇਸ ਤੋਂ ਫ਼ਿਕਰਮੰਦ ਹੋ ਗਿਆ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਇਰਾਕ ਦੀਆਂ ਸੁਰੱਖਿਆ ਫੌਜਾਂ ਨੂੰ ਹਥਿਆਰ ਸੁੱਟਣ ਦੇਣ ਤੋਂ ਰੋਕਣ ਲਈ ਹਰ ਕਦਮ ਚੁੱਕਿਆ ਜਾਵੇਗਾ। ਅਮਰੀਕਾ ਦੀਆਂ ਕੰਪਨੀਆਂ ਆਪਣੇ ਸੈਂਕੜਿਆਂ ਦੀ ਗਿਣਤੀ ਵਿਚਲੇ ਸਟਾਫ ਨੂੰ ਉੱਤਰੀ ਬਗ਼ਦਾਦ ਦੇ ਵੱਡੇ ਹਵਾਈ ਅੱਡੇ ਰਾਹੀਂ ਬਾਹਰ ਕੱਢ ਰਹੀਆਂ ਹਨ।
ਉਧਰ, ਅਮਰੀਕਾ ਨੇ ਖਾੜੀ ਵਿਚ ਇਕ ਜੰਗੀ ਬੇੜਾ ਤਾਇਨਾਤ ਕਰ ਦਿੱਤਾ ਹੈ ਜਦਕਿ ਇਰਾਨ ਨੇ ਆਪਣੇ ਗੁਆਂਢੀ ਮੁਲਕ ਵਿਚ ਵਿਦੇਸ਼ੀ ਫੌਜੀ ਦਖ਼ਲਅੰਦਾਜ਼ੀ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਇਰਾਕੀ ਕਮਾਂਡਰਾਂ ਦਾ ਦਾਅਵਾ ਹੈ ਕਿ ਸੁਰੱਖਿਆ ਦਸਤਿਆਂ ਨੇ ਜਹਾਦੀਆਂ ਨੂੰ ਪਿਛਾਂਹ ਧੱਕਣਾ ਸ਼ੁਰੂ ਕਰ ਦਿੱਤਾ ਹੈ ਤੇ ਸੁਰੱਖਿਆ ਦਸਤਿਆਂ ਨੇ ਬਗ਼ਦਾਦ ਤੋਂ ਉੱਤਰ ਵੱਲ ਪੈਂਦੇ ਦੋ ਕਸਬਿਆਂ ‘ਤੇ ਮੁੜ ਕਬਜ਼ਾ ਜਮਾ ਲਿਆ ਹੈ। ਸ਼ੀਆ ਮੌਲਵੀ ਆਇਤੁੱਲਾ ਅਲੀ ਅਲ-ਸਿਸਤਾਨੀ ਦੀ ਅਪੀਲ ‘ਤੇ ਬਹੁਤ ਸਾਰੇ ਵਲੰਟੀਅਰ ਸੁਰੱਖਿਆ ਦਸਤਿਆਂ ਦੀ ਮਦਦ ‘ਤੇ ਆ ਗਏ ਹਨ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਹ ਜਹਾਦੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਸਾਰੀਆਂ ਚਾਰਾਜੋਈਆਂ ਬਾਰੇ ਸੋਚ ਵਿਚਾਰ ਕਰ ਰਹੇ ਹਨ ਪਰ ਉਨ੍ਹਾਂ ਇਰਾਕ ਵਿਚ ਅਮਰੀਕੀ ਫ਼ੌਜ ਦੀ ਵਾਪਸੀ ਦੀ ਸੰਭਾਵਨਾ ਮੁੱਢੋਂ ਖਾਰਜ ਕਰ ਦਿੱਤੀ ਸੀ।
ਪੈਂਟਾਗਨ ਦੇ ਤਰਜਮਾਨ ਰੀਅਰ ਐਡਮਿਰਲ ਜੌਨ੍ਹ ਕਿਰਬੀ ਨੇ ਦੱਸਿਆ ਕਿ ਰੱਖਿਆ ਮੰਤਰੀ ਚੱਕ ਹੇਜਲ ਨੇ ਸੰਕਟ ਦਾ ਟਾਕਰਾ ਕਰਨ ਲਈ ਜੰਗੀ ਬੇੜੇ ਯੂæਐਸ਼ਐਸ਼ ਜਾਰਜ ਐਚ ਡਬਲਿਊ ਬੁਸ਼ ਨੂੰ ਖਾੜੀ ਵਿਚ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ। ਇਰਾਕੀ ਸੁਰੱਖਿਆ ਦਸਤਿਆਂ ਵੱਲੋਂ ਜਹਾਦੀਆਂ ਅੱਗੇ ਆਤਮ-ਸਮਰਪਣ ਕਰਨ ਦੇ ਮੱਦੇਨਜ਼ਰ ਰਿਪਬਲਿਕਨਾਂ ਵੱਲੋਂ ਰਾਸ਼ਟਰਪਤੀ ਓਬਾਮਾ ‘ਤੇ ਭਾਰੀ ਦਬਾਅ ਪਾਇਆ ਜਾ ਰਿਹਾ ਹੈ । ਅਮਰੀਕਾ ਨੇ 2001 ਵਿਚ ਉਥੋਂ ਆਪਣੀ ਫੌਜ ਵਾਪਸ ਬੁਲਾ ਲਈ ਸੀ ਪਰ ਇਰਾਕੀ ਸੁਰੱਖਿਆ ਦਸਤਿਆਂ ਨੂੰ ਸਿਖਲਾਈ ਦੇਣ ਤੇ ਹਥਿਆਰਾਂ ਤੇ ਸਾਜ਼ੋ-ਸਾਮਾਨ ਨਾਲ ਲੈਸ ਕਰਨ ਲਈ ਅਰਬਾਂ ਡਾਲਰ ਖਰਚ ਕੀਤੇ ਸਨ। ਬਗ਼ਦਾਦ ਦਾ ਕੰਟਰੋਲ ਪੇਤਲਾ ਪੈਣ ਦਾ ਅਮਲ ਇਸ ਸਾਲ ਦੇ ਸ਼ੁਰੂ ਵਿਚ ਉਦੋਂ ਹੋਇਆ ਸੀ ਜਦੋਂ ਜਹਾਦੀਆਂ ਨੇ ਫਾਲੂਜਾ ਸ਼ਹਿਰ ‘ਤੇ ਕਬਜ਼ਾ ਕਰ ਲਿਆ ਸੀ। ਇਹ ਪੱਛਮੀ ਸਰਕਾਰਾਂ ਲਈ ਵੀ ਵੱਡਾ ਝਟਕਾ ਸੀ ਜੋ 2003 ਤੋਂ ਲੈ ਕੇ ਹੁਣ ਤੱਕ ਭਾਰੀ ਸਰਮਾਇਆ ਤੇ ਫ਼ੌਜੀ ਸ਼ਕਤੀ ਉਥੇ ਝੋਕ ਚੁੱਕੀਆਂ ਹਨ। ਅਮਰੀਕਾ ਨੇ 2003 ਵਿਚ ਇਰਾਕ ‘ਤੇ ਧਾਵਾ ਬੋਲਿਆ ਸੀ ਤੇ ਸੱਦਾਮ ਹੁਸੈਨ ਦਾ ਤਖ਼ਤਾ ਉਲਟਾ ਕੇ ਆਪਣੀ ਕਠਪੁਤਲੀ ਸਰਕਾਰ ਕਾਇਮ ਕੀਤੀ ਸੀ।
ਵਿਦੇਸ਼ ਵਿਭਾਗ ਦੀ ਤਰਜਮਾਨ ਜੇਨ ਸੇਕੀ ਨੇ ਕਿਹਾ ਕਿ ਅਮਰੀਕਾ ਇਰਾਕੀ ਸਰਕਾਰ ਤੇ ਇਰਾਕ ਦੇ ਵੱਖ-ਵੱਖ ਆਗੂਆਂ ਨਾਲ ਮਿਲ ਕੇ ਆਈæਐਸ਼ਆਈæਐਲ਼ ਦੇ ਹਮਲੇ ਨਾਲ ਸਾਂਝੇ ਰੂਪ ਵਿਚ ਨਜਿੱਠਣ ਲਈ ਵਚਨਬੱਧ ਹੈ ਪਰ ਫਿਲਹਾਲ ਇਰਾਕ ਵਿਚ ਮੁੜ ਅਮਰੀਕੀ ਫੌਜ ਭੇਜਣ ਦੀ ਕੋਈ ਯੋਜਨਾ ਨਹੀਂ ਹੈ। ਅੱਠ ਸਾਲਾਂ ਦੇ ਅਰਸੇ ਦੌਰਾਨ ਇਰਾਕ ਵਿਚ ਤਕਰੀਬਨ 4500 ਅਮਰੀਕੀ ਫੌਜੀ ਮਾਰੇ ਗਏ ਸਨ। ਬਰਤਾਨਵੀ ਵਿਦੇਸ਼ ਮੰਤਰੀ ਵਿਲੀਅਮ ਹੇਗ ਨੇ ਇਰਾਕ ਵਿਚ ਮੁੜ ਫੌਜ ਭੇਜਣ ਦੀ ਸੰਭਾਵਨਾ ਰੱਦ ਕਰ ਦਿੱਤੀ ਹੈ।

Be the first to comment

Leave a Reply

Your email address will not be published.